ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 85 ਮਃ ੧ ॥ ਗਲੀ ਅਸੀ ਚੰਗੀਆ ਆਚਾਰੀ ਬੁਰੀਆਹ ॥ ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ ॥ ਰੀਸਾ ਕਰਿਹ ਤਿਨਾੜੀਆ ਜੋ ਸੇਵਹਿ ਦਰੁ ਖੜੀਆਹ ॥ ਨਾਲਿ ਖਸਮੈ ਰਤੀਆ ਮਾਣਹਿ ਸੁਖਿ ਰਲੀਆਹ ॥ ਹੋਦੈ ਤਾਣਿ ਨਿਤਾਣੀਆ ਰਹਹਿ ਨਿਮਾਨਣੀਆਹ ॥ ਨਾਨਕ ਜਨਮੁ ਸਕਾਰਥਾ ਜੇ ਤਿਨ ਕੈ ਸੰਗਿ ਮਿਲਾਹ ॥੨॥ {ਪੰਨਾ 85} ਪਦ ਅਰਥ: ਆਚਾਰੀ = ਚਾਲ-ਚਲਣ ਵਿਚ। ਮਨਹੁ = ਮਨ ਤੋਂ। ਕੁਸੁਧਾ = ਖੋਟੀਆਂ। ਤਨਾੜੀਆ = ਉਹਨਾਂ ਦੀਆਂ। ਸੇਵਹਿ ਦਰੁ = ਬੂਹਾ ਮੱਲੀ ਬੈਠੀਆਂ ਹਨ। ਸਕਾਰਥਾ = ਸਫਲ। ਅਰਥ: ਅਸੀਂ ਗੱਲਾਂ ਵਿਚ ਸੁਚੱਜੀਆਂ (ਹਾਂ, ਪਰ) ਆਚਰਨ ਦੀਆਂ ਮਾੜੀਆਂ ਹਾਂ, ਮਨੋਂ ਖੋਟੀਆਂ ਤੇ ਕਾਲੀਆਂ (ਹਾਂ, ਪਰ) ਬਾਹਰੋਂ ਸਾਫ਼ ਸੁਥਰੀਆਂ। (ਫਿਰ ਭੀ) ਅਸੀਂ ਰੀਸਾਂ ਉਹਨਾਂ ਦੀਆਂ ਕਰਦੀਆਂ ਹਾਂ ਜੋ ਸਾਵਧਾਨ ਹੋ ਕੇ ਖਸਮ ਦੇ ਪਿਆਰ ਵਿਚ ਭਿੱਜੀਆਂ ਹੋਈਆਂ ਹਨ ਤੇ ਆਨੰਦ ਵਿਚ ਰਲੀਆਂ ਮਾਣਦੀਆਂ ਹਨ, ਜੋ ਤਾਣ ਹੁੰਦਿਆਂ ਭੀ ਨਿਰਮਾਣ ਰਹਿੰਦੀਆਂ ਹਨ। ਹੇ ਨਾਨਕ! (ਸਾਡਾ) ਜਨਮ ਸਫਲ (ਤਾਂ ਹੀ ਹੋ ਸਕਦਾ ਹੈ) ਜੇ ਉਹਨਾਂ ਦੀ ਸੰਗਤਿ ਵਿਚ ਰਹੀਏ।2। ਪਉੜੀ ॥ ਤੂੰ ਆਪੇ ਜਲੁ ਮੀਨਾ ਹੈ ਆਪੇ ਆਪੇ ਹੀ ਆਪਿ ਜਾਲੁ ॥ ਤੂੰ ਆਪੇ ਜਾਲੁ ਵਤਾਇਦਾ ਆਪੇ ਵਿਚਿ ਸੇਬਾਲੁ ॥ ਤੂੰ ਆਪੇ ਕਮਲੁ ਅਲਿਪਤੁ ਹੈ ਸੈ ਹਥਾ ਵਿਚਿ ਗੁਲਾਲੁ ॥ ਤੂੰ ਆਪੇ ਮੁਕਤਿ ਕਰਾਇਦਾ ਇਕ ਨਿਮਖ ਘੜੀ ਕਰਿ ਖਿਆਲੁ ॥ ਹਰਿ ਤੁਧਹੁ ਬਾਹਰਿ ਕਿਛੁ ਨਹੀ ਗੁਰ ਸਬਦੀ ਵੇਖਿ ਨਿਹਾਲੁ ॥੭॥ {ਪੰਨਾ 85} ਪਦ ਅਰਥ: ਮੀਨਾ = ਮੱਛੀ। ਵਤਾਇਦਾ = ਵਿਛਾਂਦਾ। ਸੇਬਾਲੁ = (ਸੰ: ਸ਼ੇਵਾਲ) ਪਾਣੀ ਵਿਚ ਹਰੇ ਰੰਗ ਦਾ ਜਾਲਾ (ਭਾਵ, ਦੁਨੀਆ ਦੇ ਪਦਾਰਥ) । ਅਲਿਪਤੁ = ਨਿਰਾਲਾ। ਸੈ ਹਥਾ ਵਿਚਿ = ਸੈਂਕੜੇ ਹੱਥ ਡੂੰਘੇ (ਪਾਣੀ) ਵਿਚ। ਗੁਲਾਲੁ = ਸੋਹਣਾ, ਸੁੰਦਰ। ਨਿਮਖ = ਅੱਖ ਝਮਕਣ ਜਿਤਨਾ ਸਮਾ। ਨਿਹਾਲੁ = ਪ੍ਰਸੰਨ, ਚੜ੍ਹਦੀ ਕਲਾ ਵਿਚ, ਖਿੜਿਆ ਹੋਇਆ। ਅਰਥ: (ਹੇ ਪ੍ਰਭੂ!) ਤੂੰ ਆਪ ਹੀ (ਮੱਛੀ ਦਾ ਜੀਵਨ-ਰੂਪ) ਜਲ ਹੈਂ, ਆਪ ਹੀ (ਜਲ ਵਿਚ) ਮੱਛੀ ਹੈਂ, ਤੇ ਆਪ ਹੀ ਜਾਲ ਹੈਂ। ਤੂੰ ਆਪ ਹੀ ਜਾਲ ਵਿਛਾਂਦਾ ਹੈਂ ਅਤੇ ਆਪ ਹੀ ਜਲ ਵਿਚ ਜਾਲਾ ਹੈਂ, ਤੂੰ ਆਪ ਹੀ ਡੂੰਘੇ ਜਲ ਵਿਚ ਸੁੰਦਰ ਨਿਰਲੇਪ ਕੰਵਲ ਹੈਂ। (ਹੇ ਹਰੀ!) ਜੋ (ਜੀਵ) ਇਕ ਪਲਕ ਮਾਤ੍ਰ (ਤੇਰਾ) ਧਿਆਨ ਧਰੇ, (ਉਸ ਨੂੰ) ਤੂੰ ਆਪ ਹੀ (ਇਸ ਜਾਲ ਵਿਚੋਂ) ਛੁਡਾਉਂਦਾ ਹੈਂ। ਹੇ ਹਰੀ! ਤੈਥੋਂ ਪਰੇ ਹੋਰ ਕੁਝ ਨਹੀਂ ਹੈ, ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਤੈਨੂੰ ਹਰ ਥਾਂ) ਵੇਖ ਕੇ (ਕਉਲ ਫੁੱਲ ਵਾਂਗ) ਚੜ੍ਹਦੀ ਕਲਾ ਵਿਚ ਰਹਿ ਸਕੀਦਾ ਹੈ।7। ਸਲੋਕ ਮਃ ੩ ॥ ਹੁਕਮੁ ਨ ਜਾਣੈ ਬਹੁਤਾ ਰੋਵੈ ॥ ਅੰਦਰਿ ਧੋਖਾ ਨੀਦ ਨ ਸੋਵੈ ॥ ਜੇ ਧਨ ਖਸਮੈ ਚਲੈ ਰਜਾਈ ॥ ਦਰਿ ਘਰਿ ਸੋਭਾ ਮਹਲਿ ਬੁਲਾਈ ॥ ਨਾਨਕ ਕਰਮੀ ਇਹ ਮਤਿ ਪਾਈ ॥ ਗੁਰ ਪਰਸਾਦੀ ਸਚਿ ਸਮਾਈ ॥੧॥ {ਪੰਨਾ 85} ਪਦ ਅਰਥ: ਰੋਵੈ = ਕਲਪਦਾ ਹੈ। ਧੋਖਾ = ਚਿੰਤਾ। ਧਨ = ਜੀਵ-ਇਸਤ੍ਰੀ। ਦਰਿ = (ਪ੍ਰਭੂ ਦੇ) ਦਰ ਤੇ। ਮਹਿਲ = ਪ੍ਰਭੂ ਦੇ ਮਹਲ ਵਿਚ, ਹਜ਼ੂਰੀ ਵਿਚ। ਕਰਮੀ = ਮਿਹਰ ਨਾਲ। ਅਰਥ: (ਜਿਸ ਮਨੁੱਖ ਨੂੰ ਪ੍ਰਭੂ ਦੇ) ਭਾਣੇ ਦੀ ਸਮਝ ਨਹੀਂ ਪੈਂਦੀ, ਉਸ ਨੂੰ ਬਹੁਤ ਕਲਪਣਾ ਲੱਗੀ ਰਹਿੰਦੀ ਹੈ; ਉਸ ਦੇ ਮਨ ਵਿਚ ਚਿੰਤਾ ਹੁੰਦੀ ਹੈ, (ਇਸ ਕਰਕੇ ਸੁਖ ਦੀ) ਨੀਂਦ ਨਹੀਂ ਸੌਂ ਸਕਦਾ (ਭਾਵ, ਕਦੇ ਸ਼ਾਂਤੀ ਨਹੀਂ ਹੁੰਦੀ) । ਜੇ (ਜੀਵ-) ਇਸਤ੍ਰੀ (ਪ੍ਰਭੂ) ਖਸਮ ਦੇ ਭਾਣੇ ਵਿਚ ਤੁਰੇ, ਤਾਂ ਦਰਗਾਹ ਵਿਚ ਤੇ ਇਸ ਸੰਸਾਰ ਵਿਚ ਉਸ ਦੀ ਸੋਭਾ ਹੁੰਦੀ ਹੈ ਅਤੇ (ਪ੍ਰਭੂ ਦੀ) ਹਜ਼ੂਰੀ ਵਿਚ ਉਸ ਨੂੰ ਆਦਰ ਮਿਲਦਾ ਹੈ। (ਪਰ, ਹੇ ਨਾਨਕ!) ਪ੍ਰਭੂ ਮਿਹਰ ਕਰੇ ਤਾਂ (ਭਾਣਾ ਮੰਨਣ ਵਾਲੀ ਇਹ) ਸਮਝ ਮਿਲਦੀ ਹੈ, ਤੇ ਗੁਰੂ ਦੀ ਕਿਰਪਾ ਦੀ ਰਾਹੀਂ (ਭਾਣੇ ਦੇ ਮਾਲਕ) ਸਦਾ-ਥਿਰ ਸਾਂਈ ਵਿਚ ਜੀਵ ਲੀਨ ਹੋ ਜਾਂਦਾ ਹੈ।1। ਮਃ ੩ ॥ ਮਨਮੁਖ ਨਾਮ ਵਿਹੂਣਿਆ ਰੰਗੁ ਕਸੁੰਭਾ ਦੇਖਿ ਨ ਭੁਲੁ ॥ ਇਸ ਕਾ ਰੰਗੁ ਦਿਨ ਥੋੜਿਆ ਛੋਛਾ ਇਸ ਦਾ ਮੁਲੁ ॥ ਦੂਜੈ ਲਗੇ ਪਚਿ ਮੁਏ ਮੂਰਖ ਅੰਧ ਗਵਾਰ ॥ ਬਿਸਟਾ ਅੰਦਰਿ ਕੀਟ ਸੇ ਪਇ ਪਚਹਿ ਵਾਰੋ ਵਾਰ ॥ ਨਾਨਕ ਨਾਮ ਰਤੇ ਸੇ ਰੰਗੁਲੇ ਗੁਰ ਕੈ ਸਹਜਿ ਸੁਭਾਇ ॥ ਭਗਤੀ ਰੰਗੁ ਨ ਉਤਰੈ ਸਹਜੇ ਰਹੈ ਸਮਾਇ ॥੨॥ {ਪੰਨਾ 85} ਪਦ ਅਰਥ: ਛੋਛਾ = ਤੁੱਛ। ਪਚਿ ਮੁਏ = ਖ਼ੁਆਰ ਹੁੰਦੇ ਹਨ। ਕੀਟ = ਕੀੜੇ। ਪਇ = ਪੈ ਕੇ। ਵਾਰੋ ਵਾਰ = ਮੁੜ ਮੁੜ। ਰੰਗੁਲੇ = ਸੋਹਣੇ। ਸਹਜਿ = ਸਹਜ ਅਵਸਥਾ ਵਿਚ, ਅਡੋਲਤਾ ਵਿਚ। ਸਹਜੇ = 'ਸਹਜ' ਵਿਚ। ਅਰਥ: ਹੇ ਨਾਮ ਤੋਂ ਸੱਖਣੇ ਮਨਮੁਖ! ਕਸੁੰਭੇ ਦਾ (ਮਾਇਆ ਦਾ) ਰੰਗ ਵੇਖ ਕੇ ਮੁਹਿਤ ਨਾਹ ਹੋ ਜਾ, ਇਸ ਦਾ ਰੰਗ (ਆਨੰਦ) ਥੋੜੇ ਦਿਨ ਹੀ ਰਹਿੰਦਾ ਹੈ, ਤੇ ਇਸ ਦਾ ਮੁੱਲ ਭੀ ਤੁੱਛ ਜਿਹਾ ਹੁੰਦਾ ਹੈ। ਜਿਵੇਂ ਬਿਸ਼ਟੇ ਵਿਚ ਪਏ ਹੋਏ ਕੀੜੇ ਵਿਲੂੰ ਵਿਲੂੰ ਕਰਦੇ ਹਨ, ਤਿਵੇਂ ਮੂਰਖ (ਅਕਲੋਂ) ਅੰਨ੍ਹੇ ਤੇ ਮਤਿ-ਹੀਣ ਜੀਵ ਮਾਇਆ ਦੇ ਮੋਹ ਵਿਚ ਫਸ ਕੇ ਮੁੜ ਮੁੜ ਦੁਖੀ ਹੁੰਦੇ ਹਨ। ਹੇ ਨਾਨਕ! ਜੋ ਜੀਵ ਗੁਰੂ ਦੇ ਗਿਆਨ ਤੇ ਸੁਭਾਉ ਵਿਚ (ਆਪਣੀ ਮਤਿ ਤੇ ਸੁਭਾਉ ਲੀਨ ਕਰ ਦੇਂਦੇ ਹਨ) , ਉਹ ਨਾਮ ਵਿਚ ਭਿੱਜੇ ਹੋਏ ਤੇ ਸੁੰਦਰ ਹਨ, ਸਹਜ ਅਵਸਥਾ ਵਿਚ ਲੀਨ ਰਹਿਣ ਕਰਕੇ ਉਹਨਾਂ ਦਾ ਭਗਤੀ ਦਾ ਰੰਗ ਕਦੇ ਨਹੀਂ ਉਤਰਦਾ।2। ਪਉੜੀ ॥ ਸਿਸਟਿ ਉਪਾਈ ਸਭ ਤੁਧੁ ਆਪੇ ਰਿਜਕੁ ਸੰਬਾਹਿਆ ॥ ਇਕਿ ਵਲੁ ਛਲੁ ਕਰਿ ਕੈ ਖਾਵਦੇ ਮੁਹਹੁ ਕੂੜੁ ਕੁਸਤੁ ਤਿਨੀ ਢਾਹਿਆ ॥ ਤੁਧੁ ਆਪੇ ਭਾਵੈ ਸੋ ਕਰਹਿ ਤੁਧੁ ਓਤੈ ਕੰਮਿ ਓਇ ਲਾਇਆ ॥ ਇਕਨਾ ਸਚੁ ਬੁਝਾਇਓਨੁ ਤਿਨਾ ਅਤੁਟ ਭੰਡਾਰ ਦੇਵਾਇਆ ॥ ਹਰਿ ਚੇਤਿ ਖਾਹਿ ਤਿਨਾ ਸਫਲੁ ਹੈ ਅਚੇਤਾ ਹਥ ਤਡਾਇਆ ॥੮॥ {ਪੰਨਾ 85} ਪਦ ਅਰਥ: ਸੰਬਾਹਿਆ = ਅਪੜਾਇਆ। ਇਕਿ = ਕਈ ਜੀਵ। ਮੁਹਹੁ = ਮੂੰਹੋਂ। ਢਾਹਿਆ = ਬੋਲਿਆ। ਓਇ = ਉਹ ਸਾਰੇ ਜੀਵ। ਬੁਝਾਇਓਨੁ = ਬੁਝਾਇਆ ਉਸ (ਹਰੀ) ਨੇ। ਚੇਤਿ = ਚੇਤ ਕੇ, ਸਿਮਰ ਕੇ। ਅਰਥ: (ਹੇ ਹਰੀ!) ਤੂੰ ਆਪੇ (ਸਾਰਾ) ਸੰਸਾਰ ਰਚਿਆ ਹੈ, ਅਤੇ (ਸਭ ਨੂੰ) ਰਿਜ਼ਕ ਅਪੜਾ ਰਿਹਾ ਹੈਂ। (ਫਿਰ ਭੀ) ਕਈ ਜੀਵ (ਤੈਨੂੰ ਰਾਜ਼ਕ ਨਾਹ ਸਮਝਦੇ ਹੋਏ) ਵਲ-ਛਲ ਕਰ ਕੇ ਢਿੱਡ ਭਰਦੇ ਹਨ, ਤੇ ਮੂੰਹੋਂ ਕੂੜ ਕੁਸੱਤ ਬੋਲਦੇ ਹਨ। (ਹੇ ਹਰੀ!) ਜੋ ਤੇਰੀ ਰਜ਼ਾ ਹੈ ਸੋਈ ਉਹ ਕਰਦੇ ਹਨ, ਤੂੰ ਉਹਨਾਂ ਨੂੰ ਉਹੋ ਜਿਹੇ ਕੰਮ (ਵਲ-ਛਲ) ਵਿਚ ਹੀ ਲਾ ਰੱਖਿਆ ਹੈ। ਜਿਨ੍ਹਾਂ ਨੂੰ ਹਰੀ ਨੇ ਆਪਣੇ ਸੱਚੇ ਨਾਮ ਦੀ ਸੂਝ ਬਖ਼ਸ਼ੀ ਹੈ, ਉਹਨਾਂ ਨੂੰ ਇਤਨੇ ਖ਼ਜ਼ਾਨੇ (ਸੰਤੋਖ ਦੇ) ਉਸ ਨੇ ਦਿੱਤੇ ਹਨ ਕਿ ਤੋਟ ਹੀ ਨਹੀਂ ਆਉਂਦੀ। (ਅਸਲੀ ਗੱਲ ਇਹ ਹੈ ਕਿ) ਜੋ ਜੀਵ ਪ੍ਰਭੂ ਨੂੰ ਯਾਦ ਕਰ ਕੇ ਮਾਇਆ ਵਰਤਦੇ ਹਨ, ਉਹਨਾਂ ਨੂੰ ਫਲਦੀ ਹੈ (ਭਾਵ, ਉਹ ਤ੍ਰਿਸ਼ਨਾਤੁਰ ਨਹੀਂ ਹੁੰਦੇ) ਤੇ ਰੱਬ ਦੀ ਯਾਦ ਤੋਂ ਸੱਖਣਿਆਂ ਦੇ ਹੱਥ (ਸਦਾ) ਅੱਡੇ ਰਹਿੰਦੇ ਹਨ (ਭਾਵ, ਉਹਨਾਂ ਦੀ ਤ੍ਰਿਸ਼ਨਾ ਨਹੀਂ ਮਿਟਦੀ) ।8। ਸਲੋਕ ਮਃ ੩ ॥ ਪੜਿ ਪੜਿ ਪੰਡਿਤ ਬੇਦ ਵਖਾਣਹਿ ਮਾਇਆ ਮੋਹ ਸੁਆਇ ॥ ਦੂਜੈ ਭਾਇ ਹਰਿ ਨਾਮੁ ਵਿਸਾਰਿਆ ਮਨ ਮੂਰਖ ਮਿਲੈ ਸਜਾਇ ॥ ਜਿਨਿ ਜੀਉ ਪਿੰਡੁ ਦਿਤਾ ਤਿਸੁ ਕਬਹੂੰ ਨ ਚੇਤੈ ਜੋ ਦੇਂਦਾ ਰਿਜਕੁ ਸੰਬਾਹਿ ॥ ਜਮ ਕਾ ਫਾਹਾ ਗਲਹੁ ਨ ਕਟੀਐ ਫਿਰਿ ਫਿਰਿ ਆਵੈ ਜਾਇ ॥ ਮਨਮੁਖਿ ਕਿਛੂ ਨ ਸੂਝੈ ਅੰਧੁਲੇ ਪੂਰਬਿ ਲਿਖਿਆ ਕਮਾਇ ॥ ਪੂਰੈ ਭਾਗਿ ਸਤਿਗੁਰੁ ਮਿਲੈ ਸੁਖਦਾਤਾ ਨਾਮੁ ਵਸੈ ਮਨਿ ਆਇ ॥ ਸੁਖੁ ਮਾਣਹਿ ਸੁਖੁ ਪੈਨਣਾ ਸੁਖੇ ਸੁਖਿ ਵਿਹਾਇ ॥ ਨਾਨਕ ਸੋ ਨਾਉ ਮਨਹੁ ਨ ਵਿਸਾਰੀਐ ਜਿਤੁ ਦਰਿ ਸਚੈ ਸੋਭਾ ਪਾਇ ॥੧॥ ਪਦ ਅਰਥ: ਵਖਾਣਹਿ = ਵਿਆਖਿਆ ਕਰਦੇ ਹਨ। ਸੁਆਇ = ਸੁਆਦ ਵਿਚ। ਜਿਨਿ = ਜਿਸ ਹਰੀ ਨੇ। ਜੀਉ = ਜਿੰਦ। ਸੰਬਾਹਿ ਦੇਂਦਾ = ਅਪੜਾਂਦਾ ਹੈ। ਮਨਿ = ਮਨ ਵਿਚ। ਮਾਣਹਿ = (ਨਾਮ ਜਪਣ ਵਾਲੇ) ਮਾਣਦੇ ਹਨ। ਸੁਖਿ = ਸੁਖ ਵਿਚ। ਸੁਖੇ ਸੁਖਿ = ਸੁਖ ਹੀ ਸੁਖ ਵਿਚ। ਜਿਤੁ = ਜਿਸ ਦੀ ਰਾਹੀਂ। ਅਰਥ: (ਜੀਭ ਨਾਲ) ਪੜ੍ਹ ਪੜ੍ਹ ਕੇ (ਪਰ) ਮਾਇਆ ਦੇ ਮੋਹ ਦੇ ਸੁਆਦ ਵਿਚ ਪੰਡਤ ਲੋਕ ਵੇਦਾਂ ਦੀ ਵਿਆਖਿਆ ਕਰਦੇ ਹਨ। (ਵੇਦ-ਪਾਠੀ ਹੁੰਦਿਆਂ ਭੀ) ਜੋ ਮਨੁੱਖ ਮਾਇਆ ਦੇ ਪਿਆਰ ਵਿਚ ਹਰੀ ਦਾ ਨਾਮ ਵਿਸਾਰਦਾ ਹੈ, ਉਸ ਮਨ ਦੇ ਮੂਰਖ ਨੂੰ ਦੰਡ ਮਿਲਦਾ ਹੈ, (ਕਿਉਂਕਿ) ਜਿਸ ਹਰੀ ਨੇ ਜਿੰਦ ਤੇ ਸਰੀਰ (ਭਾਵ, ਮਨੁੱਖਾ ਜਨਮ) ਬਖ਼ਸ਼ਿਆ ਹੈ ਤੇ ਜੋ ਰਿਜ਼ਕ ਪੁਚਾਉਂਦਾ ਹੈ ਉਸ ਨੂੰ ਉਹ ਕਦੇ ਯਾਦ ਭੀ ਨਹੀਂ ਕਰਦਾ, ਜਮ ਦੀ ਫਾਹੀ ਉਸ ਦੇ ਗਲੋਂ ਕਦੇ ਕੱਟੀ ਨਹੀਂ ਜਾਂਦੀ ਤੇ ਮੁੜ ਮੁੜ ਉਹ ਜੰਮਦਾ ਮਰਦਾ ਹੈ। ਅੰਨ੍ਹੇ ਮਨਮੁਖ ਨੂੰ ਕੁਝ ਸਮਝ ਨਹੀਂ ਆਉਂਦੀ, ਤੇ (ਪਹਿਲੇ ਕੀਤੇ ਕੰਮਾਂ ਦੇ ਅਨੁਸਾਰ ਜੋ ਸੰਸਕਾਰ ਆਪਣੇ ਹਿਰਦੇ ਤੇ) ਲਿਖਦਾ ਰਿਹਾ ਹੈ, (ਉਹਨਾਂ ਦੇ ਅਨੁਸਾਰ ਹੀ ਹੁਣ ਭੀ) ਵੈਸੇ ਕੰਮ ਕਰੀ ਜਾਂਦਾ ਹੈ। (ਜਿਸ ਮਨੁੱਖ ਨੂੰ) ਪੂਰੇ ਭਾਗਾਂ ਨਾਲ ਸੁਖ-ਦਾਤਾ ਸਤਿਗੁਰੂ ਮਿਲ ਪੈਂਦਾ ਹੈ, ਨਾਮ ਉਸ ਦੇ ਮਨ ਵਿਚ ਆ ਵੱਸਦਾ ਹੈ। (ਗੁਰੂ ਦੀ ਸਰਨ ਪੈਣ ਵਾਲੇ ਮਨੁੱਖ) ਆਤਮਕ ਆਨੰਦ ਮਾਣਦੇ ਹਨ (ਦੁਨੀਆ ਦਾ ਖਾਣ) ਹੰਢਾਣ (ਉਹਨਾਂ ਵਾਸਤੇ) ਆਤਮਕ ਆਨੰਦ ਹੀ ਹੈ, ਤੇ (ਉਹਨਾਂ ਦੀ ਉਮਰ) ਨਿਰੋਲ ਸੁਖ ਵਿਚ ਹੀ ਬੀਤਦੀ ਹੈ। ਹੇ ਨਾਨਕ! ਇਹੋ ਜਿਹਾ (ਸੁਖਦਾਈ) ਨਾਮ ਮਨੋਂ ਵਿਸਾਰਨਾ ਚੰਗਾ ਨਹੀਂ, ਜਿਸ ਦੀ ਰਾਹੀਂ ਸੱਚੀ ਦਰਗਾਹ ਵਿਚ ਸੋਭਾ ਮਿਲਦੀ ਹੈ।1। |
Sri Guru Granth Darpan, by Professor Sahib Singh |