ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 86 ਮਃ ੩ ॥ ਸਤਿਗੁਰੁ ਸੇਵਿ ਸੁਖੁ ਪਾਇਆ ਸਚੁ ਨਾਮੁ ਗੁਣਤਾਸੁ ॥ ਗੁਰਮਤੀ ਆਪੁ ਪਛਾਣਿਆ ਰਾਮ ਨਾਮ ਪਰਗਾਸੁ ॥ ਸਚੋ ਸਚੁ ਕਮਾਵਣਾ ਵਡਿਆਈ ਵਡੇ ਪਾਸਿ ॥ ਜੀਉ ਪਿੰਡੁ ਸਭੁ ਤਿਸ ਕਾ ਸਿਫਤਿ ਕਰੇ ਅਰਦਾਸਿ ॥ ਸਚੈ ਸਬਦਿ ਸਾਲਾਹਣਾ ਸੁਖੇ ਸੁਖਿ ਨਿਵਾਸੁ ॥ ਜਪੁ ਤਪੁ ਸੰਜਮੁ ਮਨੈ ਮਾਹਿ ਬਿਨੁ ਨਾਵੈ ਧ੍ਰਿਗੁ ਜੀਵਾਸੁ ॥ ਗੁਰਮਤੀ ਨਾਉ ਪਾਈਐ ਮਨਮੁਖ ਮੋਹਿ ਵਿਣਾਸੁ ॥ ਜਿਉ ਭਾਵੈ ਤਿਉ ਰਾਖੁ ਤੂੰ ਨਾਨਕੁ ਤੇਰਾ ਦਾਸੁ ॥੨॥ {ਪੰਨਾ 86} ਪਦ ਅਰਥ: ਸੇਵਿ = ਸੇਵਾ ਕਰ ਕੇ, ਹੁਕਮ ਮੰਨ ਕੇ। ਗੁਣਤਾਸੁ = ਗੁਣਾਂ ਦਾ ਖ਼ਜ਼ਾਨਾ। ਆਪੁ = ਆਪਣੇ ਆਪ ਨੂੰ। ਸਬਦਿ = ਸ਼ਬਦ ਦੀ ਰਾਹੀਂ। ਸੰਜਮੁ = ਇੰਦ੍ਰੀਆਂ ਨੂੰ ਰੋਕਣ ਦਾ ਉੱਦਮ। ਧ੍ਰਿਗੁ = ਫਿਟਕਾਰ-ਜੋਗ। ਮੋਹਿ = ਮੋਹ ਵਿਚ (ਫਸ ਕੇ) । ਅਰਥ: (ਜਿਸ ਨੇ) ਸਤਿਗੁਰੂ ਦੀ ਦੱਸੀ ਸੇਵਾ ਕੀਤੀ ਹੈ (ਉਸ ਨੂੰ) ਗੁਣਾਂ ਦਾ ਖ਼ਜ਼ਾਨਾ ਸੱਚਾ ਨਾਮ (ਰੂਪੀ) ਸੁਖ ਪ੍ਰਾਪਤ ਹੁੰਦਾ ਹੈ। ਗੁਰੂ ਦੀ ਮਤਿ ਲੈ ਕੇ (ਉਹ) ਆਪੇ ਦੀ ਪਛਾਣ ਕਰਦਾ ਹੈ, ਤੇ ਹਰੀ ਦੇ ਨਾਮ ਦਾ (ਉਸ ਦੇ ਅੰਦਰ) ਚਾਨਣ ਹੁੰਦਾ ਹੈ। ਉਹ ਨਿਰੋਲ ਸਦਾ-ਥਿਰ ਨਾਮ ਸਿਮਰਨ ਦੀ ਕਮਾਈ ਕਰਦਾ ਹੈ, (ਇਸ ਕਰਕੇ) ਪ੍ਰਭੂ ਦੀ ਦਰਗਾਹ ਵਿਚ (ਉਸ ਨੂੰ) ਆਦਰ ਮਿਲਦਾ ਹੈ। ਜਿੰਦ ਤੇ ਸਰੀਰ ਸਭ ਕੁਝ ਪ੍ਰਭੂ ਦਾ (ਜਾਣ ਕੇ ਉਹ ਪ੍ਰਭੂ ਅੱਗੇ) ਬੇਨਤੀ ਤੇ ਸਿਫ਼ਤਿ-ਸਾਲਾਹ ਕਰਦਾ ਹੈ। ਸ਼ਬਦ ਦੀ ਰਾਹੀਂ ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤਿ ਕਰਦਾ ਹੈ, ਤੇ ਹਰ ਵੇਲੇ ਆਤਮਕ ਆਨੰਦ ਵਿਚ ਲੀਨ ਰਹਿੰਦਾ ਹੈ। ਪ੍ਰਭੂ ਦੀ ਸਿਫ਼ਤਿ-ਸਾਲਾਹ ਮਨ ਵਿਚ ਵਸਾਣੀ = ਇਹੀ ਉਸ ਲਈ ਜਪ ਤਪ ਤੇ ਸੰਜਮ ਹੈ ਤੇ ਨਾਮ ਤੋਂ ਸੱਖਣਾ ਜੀਵਨ (ਉਸ ਨੂੰ) ਫਿਟਕਾਰ-ਜੋਗ (ਪ੍ਰਤੀਤ ਹੁੰਦਾ ਹੈ) । (ਇਹੀ) ਨਾਮ ਗੁਰੂ ਦੀ ਮਤਿ ਤੇ ਚੱਲਿਆਂ ਮਿਲਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮੋਹ ਵਿਚ (ਫਸ ਕੇ) ਨਸ਼ਟ ਹੁੰਦਾ ਹੈ (ਭਾਵ, ਮਨੁੱਖਾ ਜਨਮ ਵਿਅਰਥ ਗਵਾ ਲੈਂਦਾ ਹੈ) । (ਹੇ ਪ੍ਰਭੂ!) ਜਿਵੇਂ ਤੈਨੂੰ ਚੰਗਾ ਲੱਗੇ, ਤਿਵੇਂ ਸਹੈਤਾ ਕਰ (ਤੇ ਨਾਮ ਦੀ ਦਾਤਿ ਦੇਹ) ਨਾਨਕ ਤੇਰਾ ਸੇਵਕ ਹੈ।2। ਪਉੜੀ ॥ ਸਭੁ ਕੋ ਤੇਰਾ ਤੂੰ ਸਭਸੁ ਦਾ ਤੂੰ ਸਭਨਾ ਰਾਸਿ ॥ ਸਭਿ ਤੁਧੈ ਪਾਸਹੁ ਮੰਗਦੇ ਨਿਤ ਕਰਿ ਅਰਦਾਸਿ ॥ ਜਿਸੁ ਤੂੰ ਦੇਹਿ ਤਿਸੁ ਸਭੁ ਕਿਛੁ ਮਿਲੈ ਇਕਨਾ ਦੂਰਿ ਹੈ ਪਾਸਿ ॥ ਤੁਧੁ ਬਾਝਹੁ ਥਾਉ ਕੋ ਨਾਹੀ ਜਿਸੁ ਪਾਸਹੁ ਮੰਗੀਐ ਮਨਿ ਵੇਖਹੁ ਕੋ ਨਿਰਜਾਸਿ ॥ ਸਭਿ ਤੁਧੈ ਨੋ ਸਾਲਾਹਦੇ ਦਰਿ ਗੁਰਮੁਖਾ ਨੋ ਪਰਗਾਸਿ ॥੯॥ {ਪੰਨਾ 86} ਪਦ ਅਰਥ: ਸਭੁ ਕੋ = ਹਰੇਕ ਜੀਵ। ਰਾਸਿ = ਪੂੰਜੀ। ਅਰਦਾਸਿ = ਤਰਲਾ, ਅਰਜ਼ੋਈ। ਕਰਿ = ਕਰ ਕੇ। ਪਾਸਿ = ਨੇੜੇ (ਹੁੰਦਾ ਹੋਇਆ ਭੀ) । ਨਿਰਜਾਸਿ = ਨਿਰਣਾ ਕਰ ਕੇ। ਕੋ = ਕੋਈ ਭੀ। ਦਰਿ = ਦਰ ਤੇ, ਹਜ਼ੂਰੀ ਵਿਚ। ਅਰਥ: (ਹੇ ਹਰੀ!) ਹਰੇਕ ਜੀਵ ਤੇਰਾ (ਬਣਾਇਆ ਹੋਇਆ ਹੈ) ਤੂੰ ਸਭ ਦਾ (ਮਾਲਕ ਹੈਂ ਅਤੇ) ਸਭਨਾਂ ਦਾ ਖ਼ਜ਼ਾਨਾ ਹੈਂ (ਭਾਵ, ਰਾਜ਼ਕ ਹੈਂ) ਇਸੇ ਕਰ ਕੇ ਸਦਾ ਜੋਦੜੀਆਂ ਕਰਕੇ ਸਾਰੇ ਜੀਵ ਤੇਰੇ ਪਾਸੋਂ ਹੀ ਦਾਨ ਮੰਗਦੇ ਹਨ। ਜਿਸ ਨੂੰ ਤੂੰ ਦਾਤਿ ਦੇਂਦਾ ਹੈਂ, ਉਸ ਨੂੰ ਸਭ ਕੁਝ ਮਿਲ ਜਾਂਦਾ ਹੈ (ਭਾਵ, ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ) । (ਪਰ ਜੋ ਹੋਰ ਦਰ ਢੂੰਡਦੇ ਹਨ, ਉਹਨਾਂ ਦੇ) ਤੂੰ ਨਿਕਟ-ਵਰਤੀ ਹੁੰਦਾ ਹੋਇਆ ਭੀ (ਉਹਨਾਂ ਨੂੰ) ਦੂਰਿ ਪ੍ਰਤੀਤ ਹੋ ਰਿਹਾ ਹੈਂ। ਕੋਈ ਧਿਰ ਭੀ ਮਨ ਵਿਚ ਨਿਰਨਾ ਕਰ ਕੇ ਵੇਖ ਲਏ (ਹੇ ਹਰੀ!) ਤੇਥੋਂ ਬਿਨਾ ਹੋਰ ਕੋਈ ਟਿਕਾਣਾ ਨਹੀਂ, ਜਿਥੋਂ ਕੁਝ ਮੰਗ ਸਕੀਏ। (ਉਂਞ ਤਾਂ) ਸਾਰੇ ਜੀਵ ਤੇਰੀ ਹੀ ਵਡਿਆਈ ਕਰ ਰਹੇ ਹਨ, (ਪਰ) (ਜੋ ਜੀਵ) ਗੁਰੂ ਦੇ ਸਨਮੁਖ ਰਹਿੰਦੇ ਹਨ (ਉਹਨਾਂ ਨੂੰ) (ਤੂੰ ਆਪਣੀ ਦਰਗਾਹ ਵਿਚ ਪਰਗਟ ਕਰਦਾ ਹੈਂ (ਭਾਵ, ਆਦਰ ਬਖ਼ਸ਼ਦਾ ਹੈਂ) ।9। ਸਲੋਕ ਮਃ ੩ ॥ ਪੰਡਿਤੁ ਪੜਿ ਪੜਿ ਉਚਾ ਕੂਕਦਾ ਮਾਇਆ ਮੋਹਿ ਪਿਆਰੁ ॥ ਅੰਤਰਿ ਬ੍ਰਹਮੁ ਨ ਚੀਨਈ ਮਨਿ ਮੂਰਖੁ ਗਾਵਾਰੁ ॥ ਦੂਜੈ ਭਾਇ ਜਗਤੁ ਪਰਬੋਧਦਾ ਨਾ ਬੂਝੈ ਬੀਚਾਰੁ ॥ ਬਿਰਥਾ ਜਨਮੁ ਗਵਾਇਆ ਮਰਿ ਜੰਮੈ ਵਾਰੋ ਵਾਰ ॥੧॥ {ਪੰਨਾ 86} ਪਦ ਅਰਥ: ਅੰਤਰਿ = ਆਪਣੇ ਅੰਦਰ। ਨ ਚੀਨਈ = ਨਹੀਂ ਪਛਾਣਦਾ। ਮਨਿ = ਮਨ ਵਿਚ। ਦੂਜੈ ਭਾਇ = ਰੱਬ ਤੋਂ ਬਿਨਾ ਹੋਰ ਪਿਆਰ ਵਿਚ। ਪਰਬੋਧਦਾ = ਜਗਾਂਦਾ ਹੈ, ਮੱਤਾਂ ਦੇਂਦਾ ਹੈ। ਅਰਥ: ਪੜ੍ਹ ਪੜ੍ਹ ਕੇ ਪੰਡਿਤ (ਜੀਭ ਨਾਲ ਵੇਦ ਆਦਿਕ ਦਾ) ਉੱਚੀ ਸੁਰ ਨਾਲ ਉਚਾਰਣ ਕਰਦਾ ਹੈ, (ਪਰ) ਮਾਇਆ ਦਾ ਮੋਹ ਪਿਆਰ (ਉਸ ਨੂੰ ਵਿਆਪ ਰਿਹਾ ਹੈ) । (ਉਹ) ਹਿਰਦੇ ਵਿਚ ਰੱਬ ਦੀ ਭਾਲ ਨਹੀਂ ਕਰਦਾ, (ਇਸ ਕਰਕੇ) ਮਨੋਂ ਮੂਰਖ ਤੇ ਅਨਪੜ੍ਹ (ਹੀ ਹੈ) ਮਾਇਆ ਦੇ ਪਿਆਰ ਵਿਚ (ਉਸ ਨੂੰ ਆਪ ਨੂੰ ਤਾਂ) ਸਮਝ ਨਹੀਂ ਆਉਂਦੀ, (ਤੇ) ਸੰਸਾਰ ਨੂੰ ਮੱਤਾਂ ਦੇਂਦਾ ਹੈ। (ਇਹੋ ਜਿਹਾ ਪੰਡਿਤ) ਮਨੁੱਖਾ ਜਨਮ ਵਿਅਰਥ ਗਵਾਉਂਦਾ ਹੈ, ਤੇ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ।1। ਮਃ ੩ ॥ ਜਿਨੀ ਸਤਿਗੁਰੁ ਸੇਵਿਆ ਤਿਨੀ ਨਾਉ ਪਾਇਆ ਬੂਝਹੁ ਕਰਿ ਬੀਚਾਰੁ ॥ ਸਦਾ ਸਾਂਤਿ ਸੁਖੁ ਮਨਿ ਵਸੈ ਚੂਕੈ ਕੂਕ ਪੁਕਾਰ ॥ ਆਪੈ ਨੋ ਆਪੁ ਖਾਇ ਮਨੁ ਨਿਰਮਲੁ ਹੋਵੈ ਗੁਰ ਸਬਦੀ ਵੀਚਾਰੁ ॥ ਨਾਨਕ ਸਬਦਿ ਰਤੇ ਸੇ ਮੁਕਤੁ ਹੈ ਹਰਿ ਜੀਉ ਹੇਤਿ ਪਿਆਰੁ ॥੨॥ {ਪੰਨਾ 86} ਪਦ ਅਰਥ: ਚੂਕੈ = ਮੁੱਕ ਜਾਂਦੀ ਹੈ। ਕੂਕ ਪੁਕਾਰ = ਕਲਪਣਾ। ਆਪੈ ਨੋ ਆਪੁ = ਨਿਰੋਲ ਆਪਣੇ ਆਪ ਨੂੰ, ਚੰਗੀ ਤਰ੍ਹਾਂ ਆਪਾ-ਭਾਵ ਨੂੰ। ਮੁਕਤੁ = ਵਿਕਾਰਾਂ ਤੋਂ ਆਜ਼ਾਦ। ਅਰਥ: ਵਿਚਾਰ ਕਰ ਕੇ ਸਮਝ ਲਵੋ (ਭਾਵ, ਵੇਖ ਲਵੋ) , ਜਿਨ੍ਹਾਂ ਨੇ ਸਤਿਗੁਰੂ ਦੀ ਦੱਸੀ ਹੋਈ ਕਾਰ ਕੀਤੀ ਹੈ ਉਨ੍ਹਾਂ ਨੂੰ ਹੀ ਨਾਮ ਦੀ ਪ੍ਰਾਪਤੀ ਹੋਈ ਹੈ। ਉਹਨਾਂ ਦੇ ਹੀ ਹਿਰਦੇ ਵਿਚ ਸਦਾ ਸ਼ਾਂਤੀ ਤੇ ਸੁਖ ਵੱਸਦਾ ਹੈ ਤੇ ਕਲਪਣਾ ਮੁੱਕ ਜਾਂਦੀ ਹੈ। 'ਆਪਣੇ ਆਪ ਨੂੰ ਖਾ ਜਾਏ (ਭਾਵ, ਆਪਾ-ਭਾਵ ਨਿਵਾਰੇ) ਤਾਂ ਮਨ ਸਾਫ਼ ਹੁੰਦਾ ਹੈ' = ਇਹ ਵਿਚਾਰ (ਭੀ) ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹੀ (ਉਪਜਦੀ ਹੈ) । ਹੇ ਨਾਨਕ! ਜੋ ਮਨੁੱਖ ਸਤਿਗੁਰੂ ਦੇ ਸ਼ਬਦ ਵਿਚ ਰੱਤੇ ਹੋਏ ਹਨ, ਉਹ ਮੁਕਤ ਹਨ, (ਕਿਉਂਕਿ) ਪ੍ਰਭੂ ਜੀ ਦੇ ਪਿਆਰ ਵਿਚ ਉਹਨਾਂ ਦੀ ਬਿਰਤੀ ਜੁੜੀ ਰਹਿੰਦੀ ਹੈ।2। ਪਉੜੀ ॥ ਹਰਿ ਕੀ ਸੇਵਾ ਸਫਲ ਹੈ ਗੁਰਮੁਖਿ ਪਾਵੈ ਥਾਇ ॥ ਜਿਸੁ ਹਰਿ ਭਾਵੈ ਤਿਸੁ ਗੁਰੁ ਮਿਲੈ ਸੋ ਹਰਿ ਨਾਮੁ ਧਿਆਇ ॥ ਗੁਰ ਸਬਦੀ ਹਰਿ ਪਾਈਐ ਹਰਿ ਪਾਰਿ ਲਘਾਇ ॥ ਮਨਹਠਿ ਕਿਨੈ ਨ ਪਾਇਓ ਪੁਛਹੁ ਵੇਦਾ ਜਾਇ ॥ ਨਾਨਕ ਹਰਿ ਕੀ ਸੇਵਾ ਸੋ ਕਰੇ ਜਿਸੁ ਲਏ ਹਰਿ ਲਾਇ ॥੧੦॥ {ਪੰਨਾ 86} ਪਦ ਅਰਥ: ਗੁਰਮੁਖਿ = ਉਹ ਮਨੁੱਖ ਜੋ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ। ਗੁਰਮੁਖਿ ਪਾਵੈ ਥਾਇ = ਗੁਰਮੁਖ ਦੀ ਬੰਦਗੀ ਪਰਮਾਤਮਾ ਕਬੂਲ ਕਰਦਾ ਹੈ। ਮਨ ਹਠਿ = ਮਨ ਦੇ ਹਠ ਨਾਲ। ਅਰਥ: ਪ੍ਰਭੂ ਦੀ ਬੰਦਗੀ (ਉਂਞ ਤਾਂ ਹਰ ਇਕ ਲਈ ਹੀ) ਸਫਲ ਹੈ (ਭਾਵ, ਮਨੁੱਖਾ ਜਨਮ ਨੂੰ ਸਫਲਾ ਕਰਨ ਵਾਲੀ ਹੈ, ਪਰ) ਕਬੂਲ ਉਸ ਦੀ ਹੁੰਦੀ ਹੈ (ਭਾਵ, ਪੂਰਨ ਸਫਲਤਾ ਉਸ ਨੂੰ ਹੁੰਦੀ ਹੈ) ਜੋ ਸਤਿਗੁਰੂ ਦੇ ਸਨਮੁਖ ਰਹਿੰਦਾ ਹੈ। ਉਸੇ ਮਨੁੱਖ ਨੂੰ (ਹੀ) ਸਤਿਗੁਰੂ ਮਿਲਦਾ ਹੈ, ਜਿਸ ਉਤੇ ਪ੍ਰਭੂ ਤਰੁੱਠਦਾ ਹੈ ਅਤੇ ਉਹੋ ਹੀ ਹਰਿ-ਨਾਮ ਦਾ ਸਿਮਰਨ ਕਰਦਾ ਹੈ। (ਜੀਵਾਂ ਨੂੰ ਸੰਸਾਰ-ਸਾਗਰ ਤੋਂ ਜੋ ਪ੍ਰਭੂ) ਪਾਰ ਲੰਘਾਂਦਾ ਹੈ, ਉਹ ਮਿਲਦਾ ਹੀ ਸਤਿਗੁਰੂ ਦੇ ਸ਼ਬਦ ਦੁਆਰਾ ਹੈ। ਵੇਦ (ਆਦਿਕ ਧਾਰਮਕ ਪੁਸਤਕਾਂ) ਨੂੰ ਭੀ ਜਾ ਕੇ ਪੁੱਛ ਵੇਖੋ (ਭਾਵ, ਪੁਰਾਤਨ ਧਰਮ-ਪੁਸਤਕ ਭੀ ਇਹੀ ਗੱਲ ਦੱਸਦੇ ਹਨ) ਕਿ ਆਪਣੇ ਮਨ ਦੇ ਹਠ ਨਾਲ ਕਿਸੇ ਨੇ ਰੱਬ ਨਹੀਂ ਲੱਭਾ (ਗੁਰੂ ਦੀ ਰਾਹੀਂ ਹੀ ਮਿਲਦਾ ਹੈ) । ਹੇ ਨਾਨਕ! ਹਰੀ ਦੀ ਸੇਵਾ ਉਹੀ ਜੀਵ ਕਰਦਾ ਹੈ ਜਿਸ ਨੂੰ (ਗੁਰੂ ਮਿਲਾ ਕੇ) ਹਰੀ ਆਪਿ ਸੇਵਾ ਵਿਚ ਲਾਏ।10। ਸਲੋਕ ਮਃ ੩ ॥ ਨਾਨਕ ਸੋ ਸੂਰਾ ਵਰੀਆਮੁ ਜਿਨਿ ਵਿਚਹੁ ਦੁਸਟੁ ਅਹੰਕਰਣੁ ਮਾਰਿਆ ॥ ਗੁਰਮੁਖਿ ਨਾਮੁ ਸਾਲਾਹਿ ਜਨਮੁ ਸਵਾਰਿਆ ॥ ਆਪਿ ਹੋਆ ਸਦਾ ਮੁਕਤੁ ਸਭੁ ਕੁਲੁ ਨਿਸਤਾਰਿਆ ॥ ਸੋਹਨਿ ਸਚਿ ਦੁਆਰਿ ਨਾਮੁ ਪਿਆਰਿਆ ॥ ਮਨਮੁਖ ਮਰਹਿ ਅਹੰਕਾਰਿ ਮਰਣੁ ਵਿਗਾੜਿਆ ॥ ਸਭੋ ਵਰਤੈ ਹੁਕਮੁ ਕਿਆ ਕਰਹਿ ਵਿਚਾਰਿਆ ॥ ਆਪਹੁ ਦੂਜੈ ਲਗਿ ਖਸਮੁ ਵਿਸਾਰਿਆ ॥ ਨਾਨਕ ਬਿਨੁ ਨਾਵੈ ਸਭੁ ਦੁਖੁ ਸੁਖੁ ਵਿਸਾਰਿਆ ॥੧॥ {ਪੰਨਾ 86} ਪਦ ਅਰਥ: ਅਹੰਕਰਣੁ = ਅਹੰਕਾਰ। ਵਰੀਆਮੁ = ਸੂਰਮਾ। ਮਰਣੁ = ਮੌਤ, ਅੰਤ ਵੇਲਾ। ਅਰਥ: ਹੇ ਨਾਨਕ! ਉਹ ਮਨੁੱਖ ਬਹਾਦੁਰ ਸੂਰਮਾ ਹੈ ਜਿਸ ਨੇ (ਮਨ) ਵਿਚੋਂ ਦੁਸ਼ਟ ਅਹੰਕਾਰ ਨੂੰ ਦੂਰ ਕੀਤਾ ਹੈ ਤੇ ਗੁਰੂ ਦੇ ਸਨਮੁਖ ਹੋ ਕੇ (ਪ੍ਰਭੂ ਦੇ) ਨਾਮ ਦੀ ਸਿਫ਼ਤਿ-ਸਾਲਾਹ ਕਰ ਕੇ ਜਨਮ ਸਫਲਾ ਕੀਤਾ ਹੈ। ਉਹ (ਸੂਰਮਾ) ਆਪ ਸਦਾ ਲਈ (ਵਿਕਾਰਾਂ ਤੋਂ) ਛੁੱਟ ਜਾਂਦਾ ਹੈ, ਤੇ (ਨਾਲ) ਸਾਰੀ ਕੁਲ ਨੂੰ ਤਾਰ ਲੈਂਦਾ ਹੈ। 'ਨਾਮ' ਨਾਲ ਪਿਆਰ ਕਰਨ ਵਾਲੇ ਬੰਦੇ ਸੱਚੇ ਹਰੀ ਦੇ ਦਰਗਾਹ ਵਿਚ ਸੋਭਾ ਪਾਉਂਦੇ ਹਨ। ਪਰ, ਮਨਮੁਖ ਅਹੰਕਾਰ ਵਿਚ ਸੜਦੇ ਹਨ ਤੇ ਦੁਖੀ ਹੋ ਕੇ ਮਰਦੇ ਹਨ। ਇਹਨਾਂ ਵਿਚਾਰਿਆਂ ਦੇ ਵੱਸ ਭੀ ਕੀਹ ਹੈ? ਸਭ (ਪ੍ਰਭੂ ਦਾ) ਭਾਣਾ ਵਰਤ ਰਿਹਾ ਹੈ। (ਮਨਮੁਖ ਆਪਣੇ ਆਪ ਦੀ ਖੋਜ ਛੱਡ ਕੇ ਮਾਇਆ ਵਿਚ ਚਿੱਤ ਜੋੜਦੇ ਹਨ, ਤੇ ਪ੍ਰਭੂ-ਪਤੀ ਨੂੰ ਵਿਸਾਰਦੇ ਹਨ। ਹੇ ਨਾਨਕ! ਨਾਮ ਤੋਂ ਹੀਣ ਹੋਣ ਕਰਕੇ ਉਹਨਾਂ ਨੂੰ ਸਦਾ ਦੁੱਖ ਮਿਲਦਾ ਹੈ, ਸੁਖ ਉਹਨਾਂ ਨੂੰ ਵਿਸਰ ਹੀ ਜਾਂਦਾ ਹੈ (ਭਾਵ, ਸੁਖ ਦਾ ਕਦੀ ਮੂੰਹ ਨਹੀਂ ਵੇਖਦੇ) ।1। ਮਃ ੩ ॥ ਗੁਰਿ ਪੂਰੈ ਹਰਿ ਨਾਮੁ ਦਿੜਾਇਆ ਤਿਨਿ ਵਿਚਹੁ ਭਰਮੁ ਚੁਕਾਇਆ ॥ ਰਾਮ ਨਾਮੁ ਹਰਿ ਕੀਰਤਿ ਗਾਈ ਕਰਿ ਚਾਨਣੁ ਮਗੁ ਦਿਖਾਇਆ ॥ ਹਉਮੈ ਮਾਰਿ ਏਕ ਲਿਵ ਲਾਗੀ ਅੰਤਰਿ ਨਾਮੁ ਵਸਾਇਆ ॥ ਗੁਰਮਤੀ ਜਮੁ ਜੋਹਿ ਨ ਸਾਕੈ ਸਾਚੈ ਨਾਮਿ ਸਮਾਇਆ ॥ ਸਭੁ ਆਪੇ ਆਪਿ ਵਰਤੈ ਕਰਤਾ ਜੋ ਭਾਵੈ ਸੋ ਨਾਇ ਲਾਇਆ ॥ ਜਨ ਨਾਨਕੁ ਨਾਮੁ ਲਏ ਤਾ ਜੀਵੈ ਬਿਨੁ ਨਾਵੈ ਖਿਨੁ ਮਰਿ ਜਾਇਆ ॥੨॥ {ਪੰਨਾ 86-87} ਪਦ ਅਰਥ: ਗੁਰਿ = ਗੁਰੂ ਨੇ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ। ਭਰਮੁ = ਭਟਕਣਾ। ਕੀਮਤਿ = ਸਿਫ਼ਤਿ। ਮਗੁ = ਰਸਤਾ। ਨਾਮਿ = ਨਾਮ ਵਿਚ। ਸਭੁ = ਹਰ ਥਾਂ। ਨਾਇ = ਨਾਮ ਵਿਚ। ਖਿਨੁ = ਪਲਕ, ਪਲ ਭਰ। ਅਰਥ: ਜਿਨ੍ਹਾਂ ਨੂੰ ਪੂਰੇ ਸਤਿਗੁਰੂ ਨੇ ਹਿਰਦੇ ਵਿਚ ਹਰਿ-ਨਾਮ ਦ੍ਰਿੜ੍ਹ ਕਰ ਦਿੱਤਾ ਹੈ, ਉਹਨਾਂ ਨੇ ਅੰਦਰੋਂ ਭਟਕਣਾ ਦੂਰ ਕਰ ਲਈ ਹੈ। ਉਹ ਹਰੀ-ਨਾਮ ਦੀ ਉਪਮਾ ਕਰਦੇ ਹਨ, ਤੇ (ਇਸ ਸਿਫ਼ਤਿ-ਸਾਲਾਹ ਨੂੰ) ਚਾਨਣ ਬਣਾ ਕੇ (ਸਿੱਧਾ) ਰਸਤਾ ਉਹਨਾਂ ਨੂੰ ਦਿੱਸ ਪੈਂਦਾ ਹੈ। ਉਹ ਅਹੰਕਾਰ ਦੂਰ ਕਰ ਕੇ ਇੱਕ ਨਾਲ ਨਿਹੁੰ ਲਾਂਦੇ ਹਨ, ਅਤੇ ਹਿਰਦੇ ਵਿਚ ਨਾਮ ਵਸਾਂਦੇ ਹਨ। ਗੁਰੂ ਦੀ ਮਤਿ ਤੇ ਤੁਰਨ ਦੇ ਕਾਰਨ ਜਮ ਉਹਨਾਂ ਨੂੰ ਘੂਰ ਨਹੀਂ ਸਕਦਾ, (ਕਿਉਂਕਿ) ਸੱਚੇ ਨਾਮ ਵਿਚ ਉਹਨਾਂ ਦੀ ਬਿਰਤੀ ਜੁੜੀ ਹੁੰਦੀ ਹੈ। (ਪਰ) ਇਹ ਸਭ ਪ੍ਰਭੂ ਦਾ ਆਪਣਾ ਕੌਤਕ ਹੈ, ਜਿਸ ਤੇ ਪ੍ਰਸੰਨ ਹੁੰਦਾ ਹੈ ਉਸ ਨੂੰ ਨਾਮ ਵਿਚ ਜੋੜਦਾ ਹੈ। (ਇਹ) ਦਾਸ ਨਾਨਕ (ਭੀ) 'ਨਾਮ' ਦੇ ਆਸਰੇ ਹੈ, ਇਕ ਪਲਕ ਭਰ ਭੀ 'ਨਾਮ' ਤੋਂ ਸੱਖਣਾ ਰਹੇ ਤਾਂ ਮਰਨ ਲਗਦਾ ਹੈ।2। |
Sri Guru Granth Darpan, by Professor Sahib Singh |