ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 87

ਪਉੜੀ ॥ ਜੋ ਮਿਲਿਆ ਹਰਿ ਦੀਬਾਣ ਸਿਉ ਸੋ ਸਭਨੀ ਦੀਬਾਣੀ ਮਿਲਿਆ ॥ ਜਿਥੈ ਓਹੁ ਜਾਇ ਤਿਥੈ ਓਹੁ ਸੁਰਖਰੂ ਉਸ ਕੈ ਮੁਹਿ ਡਿਠੈ ਸਭ ਪਾਪੀ ਤਰਿਆ ॥ ਓਸੁ ਅੰਤਰਿ ਨਾਮੁ ਨਿਧਾਨੁ ਹੈ ਨਾਮੋ ਪਰਵਰਿਆ ॥ ਨਾਉ ਪੂਜੀਐ ਨਾਉ ਮੰਨੀਐ ਨਾਇ ਕਿਲਵਿਖ ਸਭ ਹਿਰਿਆ ॥ ਜਿਨੀ ਨਾਮੁ ਧਿਆਇਆ ਇਕ ਮਨਿ ਇਕ ਚਿਤਿ ਸੇ ਅਸਥਿਰੁ ਜਗਿ ਰਹਿਆ ॥੧੧॥ {ਪੰਨਾ 87}

ਪਦ ਅਰਥ: ਦੀਬਾਣ = ਦਰਬਾਰ। ਸੁਰਖਰੂ = ਖਿੜੇ ਮੱਥੇ ਵਾਲਾ। ਨਾਮੋ = ਨਾਮ ਹੀ। ਪਰਵਰਿਆ = ਪਰਵਾਰ, ਰੌਸ਼ਨੀ ਦਾ ਚੱਕਰ (ਜਿਵੇਂ 'ਚੰਦ' ਪਰਵਾਰਿਆ ਜਾਂਦਾ ਹੈ) । ਨਾਇ = ਨਾਮ ਦੀ ਰਾਹੀਂ। ਕਿਲਵਿਖ = ਪਾਪ। ਹਿਰਿਆ = ਨਾਸ ਹੋ ਜਾਂਦੇ ਹਨ। ਇਕ ਮਨਿ = ਇਕ-ਮਨ ਹੋ ਕੇ। ਅਸਥਿਰੁ = ਅਟੱਲ।

ਅਰਥ: ਜੋ ਮਨੁੱਖ ਹਰੀ ਦੇ ਦਰਬਾਰ ਵਿਚ ਮਿਲਿਆ (ਆਦਰ ਪਾਉਣ-ਯੋਗ ਹੋਇਆ) ਹੈ, ਉਸ ਨੂੰ (ਸੰਸਾਰ ਦੇ) ਸਭ ਦਰਬਾਰਾਂ ਵਿਚ ਆਦਰ ਮਿਲਦਾ ਹੈ। ਜਿਥੇ ਉਹ ਜਾਂਦਾ ਹੈ, ਉਥੇ ਹੀ ਉਸ ਦਾ ਮੱਥਾ ਖਿੜਿਆ ਰਹਿੰਦਾ ਹੈ, ਉਸ ਦਾ ਮੂੰਹ ਵੇਖ ਕੇ (ਭਾਵ, ਉਸ ਦਾ ਦਰਸ਼ਨ ਕਰ ਕੇ) ਸਭ ਪਾਪੀ ਤਰ ਜਾਂਦੇ ਹਨ (ਕਿਉਂਕਿ) ਉਸ ਦੇ ਹਿਰਦੇ ਵਿਚ ਨਾਮ ਦਾ ਖ਼ਜ਼ਾਨਾ ਹੈ, ਤੇ ਨਾਮ ਹੀ ਉਸ ਦਾ ਪਰਵਾਰ ਹੈ (ਭਾਵ, ਨਾਮ ਹੀ ਉਸ ਦੇ ਸਿਰ ਦੇ ਦੁਆਲੇ ਰੌਸ਼ਨੀ ਦਾ ਚੱਕ੍ਰ ਹੈ) । (ਹੇ ਭਾਈ!) ਨਾਮ ਸਿਮਰਨਾ ਚਾਹੀਦਾ ਹੈ, ਤੇ ਨਾਮ ਦਾ ਹੀ ਧਿਆਨ ਧਰਨਾ ਚਾਹੀਦਾ ਹੈ, ਨਾਮ (ਜਪਣ) ਕਰ ਕੇ ਸਭ ਪਾਪ ਦੂਰ ਹੋ ਜਾਂਦੇ ਹਨ। ਜਿਨ੍ਹਾਂ ਨੇ ਏਕਾਗਰ ਚਿੱਤ ਹੋ ਕੇ ਨਾਮ ਜਪਿਆ ਹੈ, ਉਹ ਸੰਸਾਰ ਵਿਚ ਅਟੱਲ ਹੋ ਗਏ ਹਨ (ਭਾਵ, ਸੰਸਾਰ ਵਿਚ ਸਦਾ ਲਈ ਉਹਨਾਂ ਦੀ ਸੋਭਾ ਤੇ ਪ੍ਰਤਿਸ਼ਟਾ ਕਾਇਮ ਹੋ ਗਈ ਹੈ) ।11।

ਸਲੋਕ ਮਃ ੩ ॥ ਆਤਮਾ ਦੇਉ ਪੂਜੀਐ ਗੁਰ ਕੈ ਸਹਜਿ ਸੁਭਾਇ ॥ ਆਤਮੇ ਨੋ ਆਤਮੇ ਦੀ ਪ੍ਰਤੀਤਿ ਹੋਇ ਤਾ ਘਰ ਹੀ ਪਰਚਾ ਪਾਇ ॥ ਆਤਮਾ ਅਡੋਲੁ ਨ ਡੋਲਈ ਗੁਰ ਕੈ ਭਾਇ ਸੁਭਾਇ ॥ ਗੁਰ ਵਿਣੁ ਸਹਜੁ ਨ ਆਵਈ ਲੋਭੁ ਮੈਲੁ ਨ ਵਿਚਹੁ ਜਾਇ ॥ ਖਿਨੁ ਪਲੁ ਹਰਿ ਨਾਮੁ ਮਨਿ ਵਸੈ ਸਭ ਅਠਸਠਿ ਤੀਰਥ ਨਾਇ ॥ ਸਚੇ ਮੈਲੁ ਨ ਲਗਈ ਮਲੁ ਲਾਗੈ ਦੂਜੈ ਭਾਇ ॥ ਧੋਤੀ ਮੂਲਿ ਨ ਉਤਰੈ ਜੇ ਅਠਸਠਿ ਤੀਰਥ ਨਾਇ ॥ ਮਨਮੁਖ ਕਰਮ ਕਰੇ ਅਹੰਕਾਰੀ ਸਭੁ ਦੁਖੋ ਦੁਖੁ ਕਮਾਇ ॥ ਨਾਨਕ ਮੈਲਾ ਊਜਲੁ ਤਾ ਥੀਐ ਜਾ ਸਤਿਗੁਰ ਮਾਹਿ ਸਮਾਇ ॥੧॥ {ਪੰਨਾ 87}

ਪਦ ਅਰਥ: ਆਤਮਾ ਦੇਉ = ਪਰਮਾਤਮਾ। ਸਹਜਿ = ਸਹਜ ਵਿਚ, ਗਿਆਨ ਅਵਸਥਾ ਵਿਚ। ਸੁਭਾਇ = ਸੁਭਾਵ ਵਿਚ (ਲੀਨ ਹੋ ਕੇ) । ਪ੍ਰਤੀਤਿ = ਯਕੀਨ। ਪਰਚਾ = ਵਾਕਫ਼ੀ, ਪਿਆਰ। ਨਾਇ = ਨ੍ਹਾਇ, ਨ੍ਹਾ ਲੈਂਦਾ ਹੈ।

ਅਰਥ: ਗੁਰੂ ਦੀ ਮਤਿ ਲੈ ਕੇ ਤੇ ਗੁਰੂ ਦੇ ਸੁਭਾਉ ਵਿਚ (ਆਪਣਾ ਸੁਭਾਉ ਲੀਨ ਕਰ ਕੇ) ਜੀਵ-ਆਤਮਾ ਦਾ ਪ੍ਰਕਾਸ਼ ਕਰਨ ਵਾਲੇ (ਹਰੀ) ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ। (ਇਸ ਤਰ੍ਹਾਂ) ਜਦੋਂ ਜੀਵ ਨੂੰ ਪ੍ਰਭੂ (ਦੀ ਹੋਂਦ ਤੇ) ਸਿਦਕ ਬੱਝ ਜਾਵੇ, ਤਾਂ ਹਿਰਦੇ ਵਿਚ ਹੀ (ਪ੍ਰਭੂ ਨਾਲ) ਪਿਆਰ ਬਣ ਜਾਂਦਾ ਹੈ (ਤੇ ਤੀਰਥ ਆਦਿਕਾਂ ਤੇ ਜਾਣ ਦੀ ਲੋੜ ਨਹੀਂ ਰਹਿੰਦੀ) , ਕਿਉਂਕਿ ਸਤਿਗੁਰੂ ਦੇ ਪਿਆਰ ਵਿਚ ਤੇ ਸੁਭਾਉ ਵਿਚ (ਵਰਤਿਆਂ) ਜੀਵਾਤਮਾ (ਮਾਇਆਂ ਵਲੋਂ) ਅਹਿੱਲ ਹੋ ਕੇ ਡੋਲਣੋਂ ਹਟ ਜਾਂਦਾ ਹੈ। ਸਤਿਗੁਰੂ ਤੋਂ ਬਿਨਾ ਅਡੋਲ ਅਵਸਥਾ ਨਹੀਂ ਆਉਂਦੀ, ਤੇ ਨਾਹ ਹੀ ਮਨ ਵਿਚੋਂ ਲੋਭ-ਮੈਲ ਦੂਰ ਹੁੰਦੀ ਹੈ। ਜੇ ਇਕ ਪਲਕ ਭਰ ਭੀ ਪ੍ਰਭੂ ਦਾ ਨਾਮ ਮਨ ਵਿਚ ਵੱਸ ਜਾਏ (ਭਾਵ, ਜੇ ਜੀਵ ਇਕ ਮਨ ਇਕ ਪਲਕ ਭਰ ਭੀ ਨਾਮ ਜਪ ਸਕੇ) ਤਾਂ, ਮਾਨੋ, ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਲੈਂਦਾ ਹੈ, (ਕਿਉਂਕਿ) ਸੱਚੇ ਵਿਚ ਜੁੜੇ ਹੋਏ ਨੂੰ ਮੈਲ ਨਹੀਂ ਲਗਦੀ, ਮੈਲ਼ (ਸਦਾ) ਮਾਇਆ ਦੇ ਪਿਆਰ ਵਿਚ ਲੱਗਦੀ ਹੈ, ਤੇ ਉਹ ਮੈਲ ਕਦੇ ਭੀ ਧੋਤਿਆਂ ਨਹੀਂ ਉਤਰਦੀ, ਭਾਵੇਂ ਅਠਾਹਠ ਤੀਰਥਾਂ ਦੇ ਇਸ਼ਨਾਨ ਪਏ ਕਰੀਏ। (ਕਾਰਨ ਇਹ ਹੁੰਦਾ ਹੈ ਕਿ) ਮਨੁੱਖ (ਗੁਰੂ ਵਲੋਂ) ਮਨਮੁਖ (ਹੋ ਕੇ) ਅਹੰਕਾਰ ਦੇ ਆਸਰੇ (ਤੀਰਥ-ਇਸ਼ਨਾਨ ਆਦਿਕ) ਕਰਮ ਕਰਦਾ ਹੈ, ਤੇ ਦੁੱਖ ਹੀ ਦੁੱਖ ਸਹੇੜਦਾ ਹੈ। ਹੇ ਨਾਨਕ! ਮੈਲਾ (ਮਨ) ਤਦੋਂ ਹੀ ਪਵਿਤ੍ਰ ਹੁੰਦਾ ਹੈ, ਜੇ (ਜੀਵ) ਸਤਿਗੁਰੂ ਵਿਚ ਲੀਨ ਹੋ ਜਾਵੇ (ਭਾਵ, ਆਪਾ-ਭਾਵ ਮਿਟਾ ਦੇਵੇ) ।1।

ਮਃ ੩ ॥ ਮਨਮੁਖੁ ਲੋਕੁ ਸਮਝਾਈਐ ਕਦਹੁ ਸਮਝਾਇਆ ਜਾਇ ॥ ਮਨਮੁਖੁ ਰਲਾਇਆ ਨਾ ਰਲੈ ਪਇਐ ਕਿਰਤਿ ਫਿਰਾਇ ॥ ਲਿਵ ਧਾਤੁ ਦੁਇ ਰਾਹ ਹੈ ਹੁਕਮੀ ਕਾਰ ਕਮਾਇ ॥ ਗੁਰਮੁਖਿ ਆਪਣਾ ਮਨੁ ਮਾਰਿਆ ਸਬਦਿ ਕਸਵਟੀ ਲਾਇ ॥ ਮਨ ਹੀ ਨਾਲਿ ਝਗੜਾ ਮਨ ਹੀ ਨਾਲਿ ਸਥ ਮਨ ਹੀ ਮੰਝਿ ਸਮਾਇ ॥ ਮਨੁ ਜੋ ਇਛੇ ਸੋ ਲਹੈ ਸਚੈ ਸਬਦਿ ਸੁਭਾਇ ॥ ਅੰਮ੍ਰਿਤ ਨਾਮੁ ਸਦ ਭੁੰਚੀਐ ਗੁਰਮੁਖਿ ਕਾਰ ਕਮਾਇ ॥ ਵਿਣੁ ਮਨੈ ਜਿ ਹੋਰੀ ਨਾਲਿ ਲੁਝਣਾ ਜਾਸੀ ਜਨਮੁ ਗਵਾਇ ॥ ਮਨਮੁਖੀ ਮਨਹਠਿ ਹਾਰਿਆ ਕੂੜੁ ਕੁਸਤੁ ਕਮਾਇ ॥ ਗੁਰ ਪਰਸਾਦੀ ਮਨੁ ਜਿਣੈ ਹਰਿ ਸੇਤੀ ਲਿਵ ਲਾਇ ॥ ਨਾਨਕ ਗੁਰਮੁਖਿ ਸਚੁ ਕਮਾਵੈ ਮਨਮੁਖਿ ਆਵੈ ਜਾਇ ॥੨॥ {ਪੰਨਾ 87}

ਪਦ ਅਰਥ: ਮਨਮੁਖੁ = ਉਹ ਜਿਸ ਦਾ ਮੂੰਹ ਆਪਣੇ ਮਨ ਵਲ ਹੈ, ਮਨ ਦਾ ਮੁਰੀਦ, ਆਪ-ਹੁਦਰਾ। ਕਿਰਤੁ = ਕੀਤਾ ਹੋਇਆ ਕੰਮ। ਕਿਰਤਿ = ਕੀਤੇ ਕੰਮ ਦੇ ਅਨੁਸਾਰ। ਪਇਐ ਕਿਰਤਿ = ਉਹਨਾਂ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਜੋ ਪਿੱਛੇ ਇਕੱਠੇ ਹੋ ਚੁਕੇ ਹਨ। ਧਾਤੁ = ਮਾਇਆ। ਸਥ = ਝਗੜਾ ਨਿਬੇੜਨ ਲਈ ਪੰਚੈਤ ਇਕੱਠੀ ਕਰਨੀ। ਭੁੰਚੀਐ = ਛਕੀਏ। ਲੁਝਣਾ = ਝਗੜਨਾ। ਜਿਣੈ = ਜਿੱਤ ਲਏ।

ਅਰਥ: ਜੋ ਮਨੁੱਖ ਸਤਿਗੁਰੂ ਵਲੋਂ ਮੁਖ ਮੋੜੀ ਬੈਠਾ ਹੈ, ਉਹ ਸਮਝਾਇਆਂ ਭੀ ਕਦੇ ਨਹੀਂ ਸਮਝਦਾ, ਜੇ ਉਸ ਨੂੰ (ਗੁਰਮੁਖਾਂ ਦੇ ਵਿਚ) ਰਲਾ ਭੀ ਦੇਵੀਏ, ਤਾਂ ਭੀ (ਸੁਭਾਵ ਕਰਕੇ) ਉਹਨਾਂ ਨਾਲ ਨਹੀਂ ਰਲਦਾ ਤੇ (ਪਿਛਲੇ ਕੀਤੇ) ਸਿਰ ਪਏ ਕਰਮਾਂ ਅਨੁਸਾਰ ਭਟਕਦਾ ਫਿਰਦਾ ਹੈ। (ਉਸ ਵਿਚਾਰੇ ਉਤੇ ਭੀ ਕੀਹ ਰੋਸ? (ਸੰਸਾਰ ਵਿਚ) ਰਸਤੇ ਹੀ ਦੋ ਹਨ (ਹਰੀ ਨਾਲ) ਪਿਆਰ ਤੇ (ਮਾਇਆ ਨਾਲ) ਪਿਆਰ; (ਤੇ ਮਨਮੁਖ) ਪ੍ਰਭੂ ਦੇ ਹੁਕਮ ਵਿਚ (ਹੀ) (ਮਾਇਆ ਵਾਲੀ) ਕਾਰ ਪਿਆ ਕਰਦਾ ਹੈ। (ਦੂਜੇ ਪਾਸੇ, ਹੁਕਮ ਵਿਚ ਹੀ) ਗੁਰਮੁਖ ਮਨੁੱਖ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਕਸਵੱਟੀ ਲਾ ਕੇ (ਭਾਵ, ਪਰਖ ਕਰ ਕੇ) ਆਪਣੇ ਮਨ ਨੂੰ ਮਾਰ ਲੈਂਦਾ ਹੈ (ਭਾਵ, ਮਾਇਆ ਦੇ ਪਿਆਰ ਵਲੋਂ ਰੋਕ ਲੈਂਦਾ ਹੈ) । ਉਹ ਸਦਾ ਮਨ (ਦੀ ਵਿਕਾਰ-ਬਿਰਤੀ) ਨਾਲ ਝਗੜਾ ਕਰਦਾ ਹੈ, ਤੇ ਸੱਥ ਕਰਦਾ ਹੈ (ਭਾਵ, ਉਸ ਨੂੰ ਸਮਝਾਉਂਦਾ ਹੈ, ਤੇ ਅੰਤ ਇਸ ਵਿਕਾਰ-ਬਿਰਤੀ ਨੂੰ) ਮਨ (ਦੀ ਸ਼ੁਭ-ਬਿਰਤੀ) ਵਿਚ ਲੀਨ ਕਰ ਦੇਂਦਾ ਹੈ। (ਇਸ ਤਰ੍ਹਾਂ ਸਤਿਗੁਰੂ ਦੇ) ਸੁਭਾਉ ਵਿਚ (ਆਪਾ ਲੀਨ ਕਰਨ ਵਾਲਾ) ਮਨ ਜੋ ਇੱਛਾ ਕਰਦਾ ਹੈ ਸੋ ਲੈਂਦਾ ਹੈ। (ਹੇ ਭਾਈ!) ਗੁਰਮੁਖਾਂ ਵਾਲੀ ਕਾਰ ਕਰ ਕੇ ਸਦਾ ਨਾਮ-ਅੰਮ੍ਰਿਤ ਪੀਵੀਏ। ਮਨ ਨੂੰ ਛੱਡ ਕੇ ਜੋ ਜੀਵ (ਸਰੀਰ ਆਦਿਕ) ਹੋਰ ਨਾਲ ਝਗੜਾ ਪਾਂਦਾ ਹੈ, ਉਹ ਜਨਮ ਬਿਰਥਾ ਗਵਾਂਦਾ ਹੈ। ਮਨਮੁਖ ਮਨ ਦੇ ਹਠ ਵਿਚ (ਬਾਜ਼ੀ) ਹਾਰ ਜਾਂਦਾ ਹੈ, ਤੇ ਕੂੜ-ਕੁਸੱਤ (ਦੀ ਕਮਾਈ) ਕਰਦਾ ਹੈ। ਹੇ ਨਾਨਕ! ਗੁਰਮੁਖ ਸਤਿਗੁਰੂ ਦੀ ਕਿਰਪਾ ਨਾਲ ਮਨ ਨੂੰ ਜਿੱਤਦਾ ਹੈ, ਪ੍ਰਭੂ ਨਾਲ ਪਿਆਰ ਜੋੜਦਾ ਹੈ ਤੇ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦਾ ਹੈ। (ਪਰ,) ਮਨਮੁਖ ਭਟਕਦਾ ਫਿਰਦਾ ਹੈ।2।

ਪਉੜੀ ॥ ਹਰਿ ਕੇ ਸੰਤ ਸੁਣਹੁ ਜਨ ਭਾਈ ਹਰਿ ਸਤਿਗੁਰ ਕੀ ਇਕ ਸਾਖੀ ॥ ਜਿਸੁ ਧੁਰਿ ਭਾਗੁ ਹੋਵੈ ਮੁਖਿ ਮਸਤਕਿ ਤਿਨਿ ਜਨਿ ਲੈ ਹਿਰਦੈ ਰਾਖੀ ॥ ਹਰਿ ਅੰਮ੍ਰਿਤ ਕਥਾ ਸਰੇਸਟ ਊਤਮ ਗੁਰ ਬਚਨੀ ਸਹਜੇ ਚਾਖੀ ॥ ਤਹ ਭਇਆ ਪ੍ਰਗਾਸੁ ਮਿਟਿਆ ਅੰਧਿਆਰਾ ਜਿਉ ਸੂਰਜ ਰੈਣਿ ਕਿਰਾਖੀ ॥ ਅਦਿਸਟੁ ਅਗੋਚਰੁ ਅਲਖੁ ਨਿਰੰਜਨੁ ਸੋ ਦੇਖਿਆ ਗੁਰਮੁਖਿ ਆਖੀ ॥੧੨॥ {ਪੰਨਾ 87}

ਪਦ ਅਰਥ: ਸਾਖੀ = ਸਿੱਖਿਆ। ਮੁਖਿ = ਮੂੰਹ ਤੇ। ਮਸਤਕਿ = ਮੱਥੇ ਤੇ। ਤਿਨਿ = ਉਸ ਨੇ। ਤਿਨਿ ਜਨਿ = ਉਸ ਜਨ ਨੇ। ਸਹਜੇ = ਅਡੋਲ ਅਵਸਥਾ ਵਿਚ (ਅੱਪੜ ਕੇ) । ਤਹ = ਉਸ ਅਵਸਥਾ ਵਿਚ। ਰੈਣਿ = ਰਾਤ। ਕਿਰਾਖੀ = ਖਿੱਚ ਲੈਂਦਾ ਹੈ। ਅਗੋਚਰੁ = ਅ+ਗੋ+ਚਰੁ। ਗੋ-ਇੰਦ੍ਰੇ। ਚਰੁ = ਚਲਣਾ, ਅੱਪੜਨਾ। ਅਗੋਚਰੁ = ਜਿਸ ਤਕ ਗਿਆਨ-ਇੰਦ੍ਰੇ ਪਹੁੰਚ ਨਹੀਂ ਸਕਦੇ।

ਅਰਥ: ਹੇ ਹਰੀ ਦੇ ਸੰਤ ਜਨ ਪਿਆਰਿਓ! ਆਪਣੇ ਸਤਿਗੁਰੂ ਦੀ ਸਿੱਖਿਆ ਸੁਣੋ (ਭਾਵ, ਸਿੱਖਿਆ ਤੇ ਤੁਰੋ) । ਇਸ ਸਿੱਖਿਆ ਨੂੰ ਮਨੁੱਖ ਨੇ ਹਿਰਦੇ ਵਿਚ ਪਰੋ ਰੱਖਿਆ ਹੈ, ਜਿਸ ਦੇ ਮੱਥੇ ਉਤੇ ਧੁਰੋਂ ਹੀ ਭਾਗ ਹੋਵੇ। ਸਤਿਗੁਰੂ ਦੀ ਸਿੱਖਿਆ ਦੁਆਰਾ ਹੀ ਅਡੋਲ ਅਵਸਥਾ ਵਿਚ ਪਹੁੰਚ ਕੇ ਪ੍ਰਭੂ ਦੀ ਉੱਤਮ ਪਵਿਤਰ ਤੇ ਜੀਵਨ-ਕਣੀ ਬਖ਼ਸ਼ਣ ਵਾਲੀ ਸਿਫ਼ਤਿ-ਸਾਲਾਹ ਦਾ ਆਨੰਦ ਲਿਆ ਜਾ ਸਕਦਾ ਹੈ। (ਸਤਿਗੁਰੂ ਦੀ ਸਿੱਖਿਆ ਨੂੰ ਜੇਹੜਾ ਹਿਰਦਾ ਇਕ ਵਾਰੀ ਧਾਰਨ ਕਰਦਾ ਹੈ) ਉਸ ਵਿਚ (ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ ਤੇ (ਮਾਇਆ ਦਾ) ਹਨੇਰਾ ਇਉਂ ਦੂਰ ਹੁੰਦਾ ਹੈ ਜਿਵੇਂ ਸੂਰਜ ਰਾਤ (ਦੇ ਹਨੇਰੇ) ਨੂੰ ਖਿੱਚ ਲੈਂਦਾ ਹੈ। ਜੋ ਪ੍ਰਭੂ (ਇਹਨਾਂ ਅੱਖਾਂ ਨਾਲ) ਨਹੀਂ ਦਿੱਸਦਾ, ਇੰਦ੍ਰਿਆਂ ਦੇ ਵਿਸ਼ੇ ਤੋਂ ਪਰੇ ਹੈ ਤੇ ਅਲੱਖ ਹੈ ਉਹ ਸਤਿਗੁਰੂ ਦੇ ਸਨਮੁਖ ਹੋਣ ਕਰਕੇ ਅੱਖੀਂ ਦਿੱਸ ਪੈਂਦਾ ਹੈ।12।

TOP OF PAGE

Sri Guru Granth Darpan, by Professor Sahib Singh