ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 88 ਸਲੋਕੁ ਮਃ ੩ ॥ ਸਤਿਗੁਰੁ ਸੇਵੇ ਆਪਣਾ ਸੋ ਸਿਰੁ ਲੇਖੈ ਲਾਇ ॥ ਵਿਚਹੁ ਆਪੁ ਗਵਾਇ ਕੈ ਰਹਨਿ ਸਚਿ ਲਿਵ ਲਾਇ ॥ ਸਤਿਗੁਰੁ ਜਿਨੀ ਨ ਸੇਵਿਓ ਤਿਨਾ ਬਿਰਥਾ ਜਨਮੁ ਗਵਾਇ ॥ ਨਾਨਕ ਜੋ ਤਿਸੁ ਭਾਵੈ ਸੋ ਕਰੇ ਕਹਣਾ ਕਿਛੂ ਨ ਜਾਇ ॥੧॥ {ਪੰਨਾ 88} ਪਦ ਅਰਥ: ਲੇਖੈ ਲਾਇ = ਸਫਲਾ ਕਰ ਲੈਂਦਾ ਹੈ। ਆਪੁ = ਆਪਾ-ਭਾਵ, ਅਹੰਕਾਰ। ਅਰਥ: ਜਿਹੜਾ ਮਨੁੱਖ ਆਪਣੇ ਸਤਿਗੁਰੂ ਦੀ ਦੱਸੀ ਸੇਵਾ ਕਰਦਾ ਹੈ, ਉਹ ਮਨੁੱਖ ਆਪਣਾ ਸਿਰ (ਭਾਵ, ਮਨੁੱਖਾ ਜਨਮ) ਸਫਲਾ ਕਰ ਲੈਂਦਾ ਹੈ। ਅਜੇਹੇ ਮਨੁੱਖ ਹਿਰਦੇ ਵਿਚੋਂ ਅਹੰਕਾਰ ਦੂਰ ਕਰ ਕੇ ਸੱਚੇ ਨਾਮ ਵਿਚ ਬਿਰਤੀ ਜੋੜੀ ਰੱਖਦੇ ਹਨ। ਜਿਨ੍ਹਾਂ ਸਤਿਗੁਰੂ ਦੀ ਦੱਸੀ ਸੇਵਾ ਨਹੀਂ ਕੀਤੀ, ਉਹਨਾਂ ਮਨੁੱਖਾ ਜੀਵਨ ਵਿਅਰਥ ਗਵਾ ਲਿਆ ਹੈ। (ਪਰ) ਹੇ ਨਾਨਕ! (ਕਿਸੇ ਨੂੰ) ਕੁਝ (ਚੰਗਾ ਮੰਦਾ) ਆਖਿਆ ਨਹੀਂ ਜਾ ਸਕਦਾ (ਕਿਉਂੁਕਿ) ਜੋ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ, ਆਪ ਕਰਦਾ ਹੈ।1। ਮਃ ੩ ॥ ਮਨੁ ਵੇਕਾਰੀ ਵੇੜਿਆ ਵੇਕਾਰਾ ਕਰਮ ਕਮਾਇ ॥ ਦੂਜੈ ਭਾਇ ਅਗਿਆਨੀ ਪੂਜਦੇ ਦਰਗਹ ਮਿਲੈ ਸਜਾਇ ॥ ਆਤਮ ਦੇਉ ਪੂਜੀਐ ਬਿਨੁ ਸਤਿਗੁਰ ਬੂਝ ਨ ਪਾਇ ॥ ਜਪੁ ਤਪੁ ਸੰਜਮੁ ਭਾਣਾ ਸਤਿਗੁਰੂ ਕਾ ਕਰਮੀ ਪਲੈ ਪਾਇ ॥ ਨਾਨਕ ਸੇਵਾ ਸੁਰਤਿ ਕਮਾਵਣੀ ਜੋ ਹਰਿ ਭਾਵੈ ਸੋ ਥਾਇ ਪਾਇ ॥੨॥ {ਪੰਨਾ 88} ਪਦ ਅਰਥ: ਵੇੜਿਆ = ਘਿਰਿਆ ਹੋਇਆ। ਬੂਝ = ਸਮਝ। ਕਰਮੀ = ਮਿਹਰ ਨਾਲ। ਪਲੇ ਪਾਇ = ਮਿਲਦਾ ਹੈ। ਥਾਇ ਪਾਇ = ਕਬੂਲ ਕਰਦਾ ਹੈ। ਅਰਥ: (ਇਹ ਕੁਦਰਤਿ ਦਾ ਤਰੀਕਾ ਹੈ ਕਿ) ਵਿਕਾਰਾਂ ਵਿਚ ਫਸਿਆ ਹੋਇਆ ਮਨ ਵਿਕਾਰਾਂ ਵਾਲੇ ਕਰਮ (ਹੀ) ਕਰਦਾ ਹੈ। (ਇਸ ਵਾਸਤੇ) ਮਾਇਆ ਦੇ ਪਿਆਰ ਵਿਚ (ਫਸੇ ਰਹਿ ਕੇ) ਜੋ ਮਨੁੱਖ ਪੂਜਾ ਕਰਦੇ ਹਨ, (ਇਸ ਪੂਜਾ ਦਾ ਉਹਨਾਂ ਨੂੰ ਕੁਝ ਲਾਭ ਨਹੀਂ ਹੁੰਦਾ) ਦਰਗਾਹ ਵਿਚ ਸਜ਼ਾ (ਹੀ) ਮਿਲਦੀ ਹੈ। ਆਤਮਾ ਨੂੰ ਚਾਨਣ ਬਖ਼ਸ਼ਣ ਵਾਲੇ ਪ੍ਰਭੂ ਦੀ ਹੀ ਪੂਜਾ ਕਰਨੀ ਚਾਹੀਦੀ ਹੈ, (ਪਰ) ਸਤਿਗੁਰੂ ਤੋਂ ਬਿਨਾ ਸਮਝ ਨਹੀਂ ਪੈਂਦੀ। ਸਤਿਗੁਰੂ ਦਾ ਭਾਣਾ (ਮੰਨਣਾ) = ਇਹੀ ਜਪੁ ਤਪੁ ਤੇ ਸੰਜਮ ਹੈ, ਪ੍ਰਭੂ ਮਿਹਰ ਕਰੇ ਤਾਂ ਇਹ (ਭਾਣਾ ਮੰਨਣ ਦੀ ਸਮਰੱਥਾ) ਪ੍ਰਾਪਤ ਹੁੰਦੀ ਹੈ। ਹੇ ਨਾਨਕ! (ਉਂਞ ਤਾਂ) ਜੋ ਸੇਵਾ ਹਰੀ ਨੂੰ ਚੰਗੀ ਲੱਗੇ ਉਹੀ ਪਰਵਾਨ ਹੁੰਦੀ ਹੈ, (ਪਰ) ਸੇਵਾ ਭੀ ਸੁਰਤਿ ਦੁਆਰਾ ਹੀ (ਭਾਵ, ਸੁਰਤਿ ਨੂੰ ਸਤਿਗੁਰੂ ਦੇ ਭਾਣੇ ਵਿਚ ਟਿਕਾ ਕੇ ਹੀ) ਕੀਤੀ ਜਾ ਸਕਦੀ ਹੈ। ਪਉੜੀ ॥ ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਸਦਾ ਸੁਖੁ ਹੋਵੈ ਦਿਨੁ ਰਾਤੀ ॥ ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਸਿਮਰਤ ਸਭਿ ਕਿਲਵਿਖ ਪਾਪ ਲਹਾਤੀ ॥ ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਦਾਲਦੁ ਦੁਖ ਭੁਖ ਸਭ ਲਹਿ ਜਾਤੀ ॥ ਹਰਿ ਹਰਿ ਨਾਮੁ ਜਪਹੁ ਮਨ ਮੇਰੇ ਮੁਖਿ ਗੁਰਮੁਖਿ ਪ੍ਰੀਤਿ ਲਗਾਤੀ ॥ ਜਿਤੁ ਮੁਖਿ ਭਾਗੁ ਲਿਖਿਆ ਧੁਰਿ ਸਾਚੈ ਹਰਿ ਤਿਤੁ ਮੁਖਿ ਨਾਮੁ ਜਪਾਤੀ ॥੧੩॥ {ਪੰਨਾ 88} ਪਦ ਅਰਥ: ਕਿਲਵਿਖ = ਪਾਪ। ਜਿਤੁ ਮੁਖਿ = ਜਿਸ ਮੂੰਹ ਤੇ। ਤਿਤੁ ਮੁਖਿ = ਉਸ ਮੂੰਹ ਨਾਲ। ਅਰਥ: ਹੇ ਮਰੇ ਮਨ! ਹਰੀ-ਨਾਮ ਦਾ ਸਿਮਰਨ ਕਰ, ਜਿਸ ਤੋਂ ਰਾਤ ਦਿਨ ਸਦਾ ਦੁਖ ਹੋਵੇ। ਹੇ ਮੇਰੇ ਮਨ! ਹਰੀ ਨਾਮ ਦਾ ਸਿਮਰਨ ਕਰਕੇ ਸਭ ਪਾਪ ਦੂਰ ਹੋ ਜਾਂਦੇ ਹਨ। ਹੇ ਮੇਰੇ ਮਨ! ਹਰੀ ਨਾਮ ਦਾ ਸਿਮਰਨ ਕਰ, ਜਿਸ ਨਾਲ ਸਭ ਦਰਿਦ੍ਰ ਦੁੱਖ ਤੇ ਭੁੱਖਾਂ ਲਹਿ ਜਾਣ। ਹੇ ਮੇਰੇ ਮਨ! ਹਰੀ ਨਾਮ ਦਾ ਸਿਮਰਨ ਕਰ, (ਜਿਸ ਕਰਕੇ) ਸਤਿਗੁਰੂ ਦੇ ਸਨਮੁਖ ਰਹਿ ਕੇ (ਤੇਰੇ ਅੰਦਰ) ਉੱਤਮ ਪ੍ਰੀਤਿ (ਭਾਵ, ਹਰੀ ਨਾਮ ਦੀ ਪ੍ਰੀਤਿ) ਬਣ ਜਾਏ। ਧੁਰ ਸੱਚੀ ਦਰਗਾਹ ਤੋਂ ਜਿਸ ਮੂੰਹ ਤੇ ਭਾਗ ਲਿਖਿਆ ਹੋਵੇ, ਪ੍ਰਭੂ ਉਸ ਮੂੰਹ ਤੋਂ (ਹੀ) ਆਪਣੇ ਨਾਮ ਦਾ ਸਿਮਰਨ ਕਰਾਉਂਦਾ ਹੈ।13। ਸਲੋਕ ਮਃ ੩ ॥ ਸਤਿਗੁਰੁ ਜਿਨੀ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥ ਅੰਤਰਿ ਗਿਆਨੁ ਨ ਆਇਓ ਮਿਰਤਕੁ ਹੈ ਸੰਸਾਰਿ ॥ ਲਖ ਚਉਰਾਸੀਹ ਫੇਰੁ ਪਇਆ ਮਰਿ ਜੰਮੈ ਹੋਇ ਖੁਆਰੁ ॥ ਸਤਿਗੁਰ ਕੀ ਸੇਵਾ ਸੋ ਕਰੇ ਜਿਸ ਨੋ ਆਪਿ ਕਰਾਏ ਸੋਇ ॥ ਸਤਿਗੁਰ ਵਿਚਿ ਨਾਮੁ ਨਿਧਾਨੁ ਹੈ ਕਰਮਿ ਪਰਾਪਤਿ ਹੋਇ ॥ ਸਚਿ ਰਤੇ ਗੁਰ ਸਬਦ ਸਿਉ ਤਿਨ ਸਚੀ ਸਦਾ ਲਿਵ ਹੋਇ ॥ ਨਾਨਕ ਜਿਸ ਨੋ ਮੇਲੇ ਨ ਵਿਛੁੜੈ ਸਹਜਿ ਸਮਾਵੈ ਸੋਇ ॥੧॥ {ਪੰਨਾ 88} ਪਦ ਅਰਥ: ਸਬਦਿ = ਸ਼ਬਦ ਦੀ ਰਾਹੀਂ। ਗਿਆਨੁ = ਉੱਚੀ ਸਮਝ, ਚਾਨਣ, ਆਤਮਕ ਜੀਵਨ ਦੀ ਸੂਝ। ਮਿਰਤਕੁ = ਮੋਇਆ ਹੋਇਆ। ਫੇਰੁ = ਫੇਰਾ, ਚੱਕਰ। ਸਤਿਗੁਰ ਕੀ ਸੇਵਾ = ਗੁਰੂ ਦੀ ਦੱਸੀ ਕਾਰ। ਨਿਧਾਨੁ = ਖ਼ਜ਼ਾਨਾ। ਕਰਮਿ = ਮਿਹਰ ਨਾਲ। ਕਰਮ = ਮਿਹਰ। ਅਰਥ: (ਮਨੁੱਖਾ ਜਨਮ ਲੱਭ ਕੇ) ਜਿਨ੍ਹਾਂ ਜੀਵਾਂ ਨੇ ਸਤਿਗੁਰੂ ਦੀ ਦੱਸੀ ਸੇਵਾ ਨਹੀਂ ਕੀਤੀ ਤੇ ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਹਰੀ ਨਾਮ ਦੀ) ਵਿਚਾਰ ਨਹੀਂ ਕੀਤੀ, (ਤੇ ਇਸ ਤਰ੍ਹਾਂ) ਹਿਰਦੇ ਵਿਚ ਸੱਚਾ ਚਾਨਣ ਨਹੀਂ ਹੋਇਆ, ਉਹ ਜੀਵ ਸੰਸਾਰ ਵਿਚ (ਜੀਊਂਦਾ ਦਿੱਸਦਾ ਭੀ) ਮੋਇਆ ਹੋਇਆ ਹੈ, (ਚੌਰਾਸੀ ਲੱਖ ਜੂਨਾਂ) ਵਿਚ ਉਸ ਨੂੰ ਚੱਕਰ ਕੱਟਣਾ ਪੈਂਦਾ ਹੈ, ਮੁੜ ਮੁੜ ਜੰਮਦਾ ਮਰਦਾ ਤੇ ਖ਼ੁਆਰ ਹੁੰਦਾ ਹੈ। ਜਿਸ ਜੀਵ ਪਾਸੋਂ ਪ੍ਰਭੂ ਆਪ ਕਰਾਏ, ਉਹੀ ਸਤਿਗੁਰੂ ਦੀ ਦੱਸੀ ਕਾਰ ਕਰ ਸਕਦਾ ਹੈ। ਸਤਿਗੁਰੂ ਦੇ ਪਾਸ 'ਨਾਮ' ਖ਼ਜ਼ਾਨਾ ਹੈ, ਜੋ ਪ੍ਰਭੂ ਦੀ ਮੇਹਰ ਨਾਲ ਪ੍ਰਾਪਤ ਹੁੰਦਾ ਹੈ। ਜੋ ਮਨੁੱਖ ਸਤਿਗੁਰੂ ਦੇ ਸ਼ਬਦ ਦੁਆਰਾ ਸੱਚੇ ਨਾਮ ਵਿਚ ਰੰਗੇ ਹੋਏ ਹਨ, ਉਹਨਾਂ ਦੀ ਬਿਰਤੀ ਸਦਾ ਇਕ ਤਾਰ ਰਹਿੰਦੀ ਹੈ। ਹੇ ਨਾਨਕ! ਜਿਸ ਨੂੰ (ਇਕ ਵਾਰੀ) ਮੇਲ ਲੈਂਦਾ ਹੈ, ਉਹ (ਕਦੇ) ਵਿਛੁੜਦਾ ਨਹੀਂ, ਉਹ ਸਦਾ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ।1। ਮਃ ੩ ॥ ਸੋ ਭਗਉਤੀ ਜੋੁ ਭਗਵੰਤੈ ਜਾਣੈ ॥ ਗੁਰ ਪਰਸਾਦੀ ਆਪੁ ਪਛਾਣੈ ॥ ਧਾਵਤੁ ਰਾਖੈ ਇਕਤੁ ਘਰਿ ਆਣੈ ॥ ਜੀਵਤੁ ਮਰੈ ਹਰਿ ਨਾਮੁ ਵਖਾਣੈ ॥ ਐਸਾ ਭਗਉਤੀ ਉਤਮੁ ਹੋਇ ॥ ਨਾਨਕ ਸਚਿ ਸਮਾਵੈ ਸੋਇ ॥੨॥ {ਪੰਨਾ 88} ਪਦ ਅਰਥ: ਭਗਉਤੀ = ਵਿਸ਼ਨੂੰ ਦੇ ਅਵਤਾਰ ਕ੍ਰਿਸ਼ਨ ਦਾ ਭਗਤ ਜੋ ਨੱਚਣ ਕੁੱਦਣ ਦੀ ਰਾਹੀਂ ਆਪਣੀ ਭਗਤੀ ਜ਼ਾਹਰ ਕਰਦਾ ਹੈ। ਜੋੁ = ਇਹਨਾਂ ਦੋ 'ਲਗਾਂ' ਵਿਚੋਂ ਏਥੇ (ੁ) ਪੜ੍ਹਨਾ ਹੈ ('ਜੁ') । ਆਪੁ = ਆਪਣੇ ਆਪ ਨੂੰ। ਧਾਵਤੁ = ਦੌੜਦਾ। ਘਰਿ = ਘਰ ਵਿਚ। ਆਣੈ = ਲਿਆਵੇ। ਅਰਥ: ਭਗਉਤੀ (ਸੱਚਾ ਭਗਤ) ਉਹ ਹੈ ਜੋ ਪ੍ਰਭੂ ਨੂੰ ਜਾਣਦਾ ਹੈ (ਪ੍ਰਭੂ ਨਾਲ ਡੂੰਘੀ ਸਾਂਝ ਪਾਂਦਾ ਹੈ) , ਤੇ ਸਤਿਗੁਰੂ ਦੀ ਕਿਰਪਾ ਨਾਲ (ਭਾਵ, ਸਤਿਗੁਰੂ ਦੀ ਸਿੱਖਿਆ ਲੈ ਕੇ) ਆਪਣੇ ਆਪ ਨੂੰ ਪਛਾਣਦਾ ਹੈ, (ਵਾਸ਼ਨਾ ਵਲ) ਦੌੜਦੇ (ਮਨ) ਨੂੰ ਸਾਂਭ ਰੱਖਦਾ ਹੈ, ਤੇ ਇੱਕ ਟਿਕਾਣੇ ਤੇ ਲਿਆਉਂਦਾ ਹੈ, ਅਤੇ ਜੀਊਂਦਾ ਹੋਇਆ ਹੀ (ਮਾਇਆ ਵਲੋਂ) ਮਰਦਾ ਹੈ (ਭਾਵ, ਸੰਸਾਰ ਵਿਚ ਵਿਚਰਦਾ ਹੋਇਆ ਹੀ ਮਨ ਨੂੰ ਵਾਸ਼ਨਾ ਵਲੋਂ ਤੋੜੀ ਰੱਖਦਾ ਹੈ) । ਇਹੋ ਜਿਹਾ ਭਗਉਤੀ (ਭਗਤ) ਉੱਤਮ ਹੁੰਦਾ ਹੈ, ਹੇ ਨਾਨਕ! ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ (ਤੇ ਫਿਰ ਨਹੀਂ ਵਿੱਛੁੜਦਾ।2। ਮਃ ੩ ॥ ਅੰਤਰਿ ਕਪਟੁ ਭਗਉਤੀ ਕਹਾਏ ॥ ਪਾਖੰਡਿ ਪਾਰਬ੍ਰਹਮੁ ਕਦੇ ਨ ਪਾਏ ॥ ਪਰ ਨਿੰਦਾ ਕਰੇ ਅੰਤਰਿ ਮਲੁ ਲਾਏ ॥ ਬਾਹਰਿ ਮਲੁ ਧੋਵੈ ਮਨ ਕੀ ਜੂਠਿ ਨ ਜਾਏ ॥ ਸਤਸੰਗਤਿ ਸਿਉ ਬਾਦੁ ਰਚਾਏ ॥ ਅਨਦਿਨੁ ਦੁਖੀਆ ਦੂਜੈ ਭਾਇ ਰਚਾਏ ॥ ਹਰਿ ਨਾਮੁ ਨ ਚੇਤੈ ਬਹੁ ਕਰਮ ਕਮਾਏ ॥ ਪੂਰਬ ਲਿਖਿਆ ਸੁ ਮੇਟਣਾ ਨ ਜਾਏ ॥ ਨਾਨਕ ਬਿਨੁ ਸਤਿਗੁਰ ਸੇਵੇ ਮੋਖੁ ਨ ਪਾਏ ॥੩॥ {ਪੰਨਾ 88} ਪਦ ਅਰਥ: ਕਪਟੁ = ਖੋਟ। ਪਾਖੰਡ = ਵਿਖਾਵੇ ਨਾਲ। ਅੰਤਰਿ = ਅੰਦਰ, ਮਨ ਵਿਚ। ਬਾਦੁ = ਝਗੜਾ। ਅਨਦਿਨੁ = ਰੋਜ਼, ਸਦਾ। ਮੋਖੁ = ਮੁਕਤੀ, ਵਿਕਾਰਾਂ ਤੋਂ ਆਜ਼ਾਦੀ। ਅਰਥ: ਜੋ ਮਨੁੱਖ ਹਿਰਦੇ ਵਿਚ ਖੋਟ ਰੱਖੇ (ਪਰ ਆਪਣੇ ਆਪ ਨੂੰ) ਭਗਉਤੀ (ਸੱਚਾ ਭਗਤ) ਅਖਵਾਏ, ਉਹ (ਇਸ) ਪਖੰਡ ਨਾਲ ਪਰਮਾਤਮਾ ਨੂੰ ਨਹੀਂ ਮਿਲ ਸਕਦਾ। (ਜੀਵ) ਪਰਾਈ ਨਿੰਦਾ ਕਰ ਕੇ ਹਿਰਦੇ ਵਿਚ ਮੈਲ ਲਾਈ ਜਾਵੇ, (ਤੇ) ਬਾਹਰੋਂ (ਸਰੀਰ ਦੀ) ਮੈਲ (ਇਸ਼ਨਾਨ ਆਦਿਕ ਨਾਲ) ਧੋਂਦਾ ਰਹੇ, (ਇਸ ਤਰ੍ਹਾਂ) ਮਨ ਦੀ ਜੂਠ ਦੂਰ ਨਹੀਂ ਹੁੰਦੀ। ਜੋ ਮਨੁੱਖ ਸਤ ਸੰਗਤਿ ਨਾਲ ਝਗੜਾ ਪਾਈ ਰੱਖਦਾ ਹੈ, (ਭਾਵ, ਜਿਸ ਨੂੰ ਸਤ ਸੰਗ ਨਹੀਂ ਭਾਉਂਦਾ) ਉਹ ਮਾਇਆ ਦੇ ਪਿਆਰ ਵਿਚ ਰੱਤਾ ਹੋਇਆ ਸਦਾ ਦੁਖੀ ਰਹਿੰਦਾ ਹੈ। ਹਰੀ ਨਾਮ ਦਾ ਸਿਮਰਨ ਛੱਡ ਕੇ ਹੋਰ ਬਥੇਰੇ ਕਰਮ ਕਾਂਡ ਕਰਦਾ ਰਹੇ (ਇਸ ਤਰ੍ਹਾਂ) ਪਹਿਲਾਂ (ਕੀਤੇ ਕਰਮਾਂ ਦੇ ਚੰਗੇ ਮੰਦੇ ਸੰਸਕਾਰ ਜੋ ਮਨ ਤੇ) ਲਿਖੇ ਗਏ (ਹਨ, ਤੇ ਜਨਮ ਜਨਮ ਵਿਚ ਭਵਾਉਂਦੇ ਫਿਰਦੇ ਹਨ) ਮਿਟ ਨਹੀਂ ਸਕਦੇ। ਹੇ ਨਾਨਕ! (ਸੱਚ ਤਾਂ ਇਹ ਹੈ ਕਿ) ਸਤਿਗੁਰੂ ਦੀ ਦੱਸੀ ਕਾਰ ਕਰਨ ਤੋਂ ਬਿਨਾ (ਮਾਇਆ ਦੇ ਮੋਹ ਤੋਂ) ਛੁਟਕਾਰਾ ਹੋ ਹੀ ਨਹੀਂ ਸਕਦਾ।3। ਪਉੜੀ ॥ ਸਤਿਗੁਰੁ ਜਿਨੀ ਧਿਆਇਆ ਸੇ ਕੜਿ ਨ ਸਵਾਹੀ ॥ ਸਤਿਗੁਰੁ ਜਿਨੀ ਧਿਆਇਆ ਸੇ ਤ੍ਰਿਪਤਿ ਅਘਾਹੀ ॥ ਸਤਿਗੁਰੁ ਜਿਨੀ ਧਿਆਇਆ ਤਿਨ ਜਮ ਡਰੁ ਨਾਹੀ ॥ ਜਿਨ ਕਉ ਹੋਆ ਕ੍ਰਿਪਾਲੁ ਹਰਿ ਸੇ ਸਤਿਗੁਰ ਪੈਰੀ ਪਾਹੀ ॥ ਤਿਨ ਐਥੈ ਓਥੈ ਮੁਖ ਉਜਲੇ ਹਰਿ ਦਰਗਹ ਪੈਧੇ ਜਾਹੀ ॥੧੪॥ {ਪੰਨਾ 88-89} ਪਦ ਅਰਥ: ਕੜਿ = ਕੜੇ, ਕੜ੍ਹਦੇ, (ਵੇਖੋ, ਪਉੜੀ ਨੰ: 1 'ਭਉ ਬਿਖਮੁ ਤਰਿ', ਤਰਿ = ਤਰੇ) ਦੁਖੀ ਹੁੰਦੇ। ਸਵਾਹੀ = ਸਬਾਹੀ, ਸੁਬਹ, ਸਵੇਰੇ (ਨੋਟ: ਇਸ ਦਾ ਅਰਥ 'ਸੁਆਹ' ਕਰਨਾ ਗ਼ਲਤ ਹੈ, ਦੋਹਾਂ ਦਾ 'ਜੋੜ' ਨਹੀਂ ਰਲਦਾ, ਵੇਖੋ ਆਸਾ ਦੀ ਵਾਰ ਵਿਚ "ਤਨ ਵਿਚਿ ਸੁਆਹ"। 'ਕੜਿਨ' ਪਾਠ ਭੀ ਗ਼ਲਤ ਹੈ, ਇਸ ਹਾਲਤ ਵਿਚ ਜੋੜ "ਕੜਨਿ" ਹੁੰਦਾ) । ਅਰਥ: ਜਿਨ੍ਹਾਂ ਨੇ ਸਤਿਗੁਰੂ ਦਾ ਧਿਆਨ ਧਰਿਆ ਹੈ, ਉਹ ਨਿੱਤ ਨਵੇਂ ਸੂਰਜ ਦੁਖੀ ਨਹੀਂ ਹੁੰਦੇ, (ਕਿਉਂਕਿ) ਜਿਨ੍ਹਾਂ ਨੇ ਸਤਿਗੁਰੂ ਦਾ ਧਿਆਨ ਧਰਿਆ ਹੈ ਉਹ (ਦੁਨੀਆ ਦੇ ਪਦਾਰਥਾਂ ਵਲੋਂ) ਪੂਰਨ ਤੌਰ ਤੇ ਰੱਜੇ ਰਹਿੰਦੇ ਹਨ, (ਇਸ ਵਾਸਤੇ) , ਉਹਨਾਂ ਨੂੰ ਮੌਤ ਦਾ ਭੀ ਡਰ ਨਹੀਂ ਹੁੰਦਾ। ਸਤਿਗੁਰੂ ਦੀ ਸਰਨ ਭੀ ਉਹੀ ਲੱਗਦੇ ਹਨ, ਜਿਨ੍ਹਾਂ ਉਤੇ ਹਰੀ ਆਪ ਤੁੱਠਦਾ ਹੈ, ਉਹ ਦੋਹੀਂ ਜਹਾਨੀਂ ਸੁਰਖ਼ਰੂ ਰਹਿੰਦੇ ਹਨ, ਤੇ ਪ੍ਰਭੂ ਦੀ ਦਰਗਾਹ ਵਿਚ (ਭੀ) ਵਡਿਆਏ ਜਾਂਦੇ ਹਨ।14। |
Sri Guru Granth Darpan, by Professor Sahib Singh |