ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 89

ਸਲੋਕ ਮਃ ੨ ॥ ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਦੀਜੈ ਡਾਰਿ ॥ ਨਾਨਕ ਜਿਸੁ ਪਿੰਜਰ ਮਹਿ ਬਿਰਹਾ ਨਹੀ ਸੋ ਪਿੰਜਰੁ ਲੈ ਜਾਰਿ ॥੧॥ {ਪੰਨਾ 89}

ਪਦ ਅਰਥ: ਡਾਰਿ ਦੀਜੈ = ਸੁੱਟ ਦੇਈਏ। ਬਿਰਥਾ = ਪਿਆਰ ਦੀ ਖਿੱਚ।

ਅਰਥ: ਜੋ ਸਿਰ ਪ੍ਰਭੂ ਦੀ ਯਾਦ ਵਿਚ ਨਾਹ ਝੁਕੇ, ਉਹ ਤਿਆਗ ਦੇਣ-ਜੋਗ ਹੈ (ਭਾਵ, ਉਸ ਦਾ ਕੋਈ ਗੁਣ ਨਹੀਂ) । ਹੇ ਨਾਨਕ! ਜਿਸ ਸਰੀਰ ਵਿਚ ਪਿਆਰ ਨਹੀਂ ਉਹ ਸਰੀਰ ਸਾੜ ਦਿਓ (ਭਾਵ, ਉਹ ਭੀ ਵਿਅਰਥ ਹੈ) ।1।

ਮਃ ੫ ॥ ਮੁੰਢਹੁ ਭੁਲੀ ਨਾਨਕਾ ਫਿਰਿ ਫਿਰਿ ਜਨਮਿ ਮੁਈਆਸੁ ॥ ਕਸਤੂਰੀ ਕੈ ਭੋਲੜੈ ਗੰਦੇ ਡੁੰਮਿ ਪਈਆਸੁ ॥੨॥ {ਪੰਨਾ 89}

ਪਦ ਅਰਥ: ਮੁੰਢਹ-ਮੂਲ ਤੋਂ। ਭੋਲੜੈ = ਭੁਲਾਵੇ ਵਿਚ। ਡੁੰਮਿ = ਡੂੰਘੇ ਟੋਏ ਵਿਚ।

ਅਰਥ: ਹੇ ਨਾਨਕ! ਜਿਸ (ਜੀਵ-ਇਸਤ੍ਰੀ) ਨੇ (ਸਭ ਦੇ) ਮੂਲ (ਸਿਰਜਣਹਾਰ) ਨੂੰ ਵਿਸਾਰਿਆ ਹੈ, ਉਹ ਮੁੜ ਮੁੜ ਜੰਮਦੀ ਮਰਦੀ ਹੈ, (ਤੇ ਉਹ) ਕਸਤੂਰੀ (ਭਾਵ, ਉੱਤਮ ਪਦਾਰਥ) ਦੇ ਭੁਲੇਖੇ (ਮਾਇਆ ਦੇ) ਗੰਦੇ ਟੋਏ ਵਿਚ ਪਈ ਹੋਈ ਹੈ।2।

ਪਉੜੀ ॥ ਸੋ ਐਸਾ ਹਰਿ ਨਾਮੁ ਧਿਆਈਐ ਮਨ ਮੇਰੇ ਜੋ ਸਭਨਾ ਉਪਰਿ ਹੁਕਮੁ ਚਲਾਏ ॥ ਸੋ ਐਸਾ ਹਰਿ ਨਾਮੁ ਜਪੀਐ ਮਨ ਮੇਰੇ ਜੋ ਅੰਤੀ ਅਉਸਰਿ ਲਏ ਛਡਾਏ ॥ ਸੋ ਐਸਾ ਹਰਿ ਨਾਮੁ ਜਪੀਐ ਮਨ ਮੇਰੇ ਜੁ ਮਨ ਕੀ ਤ੍ਰਿਸਨਾ ਸਭ ਭੁਖ ਗਵਾਏ ॥ ਸੋ ਗੁਰਮੁਖਿ ਨਾਮੁ ਜਪਿਆ ਵਡਭਾਗੀ ਤਿਨ ਨਿੰਦਕ ਦੁਸਟ ਸਭਿ ਪੈਰੀ ਪਾਏ ॥ ਨਾਨਕ ਨਾਮੁ ਅਰਾਧਿ ਸਭਨਾ ਤੇ ਵਡਾ ਸਭਿ ਨਾਵੈ ਅਗੈ ਆਣਿ ਨਿਵਾਏ ॥੧੫॥ {ਪੰਨਾ 89}

ਪਦ ਅਰਥ: ਅੰਤੀ ਅਉਸਰਿ = ਅਖ਼ੀਰਲੇ ਮੌਕੇ ਤੇ। ਗੁਰਮੁਖਿ = ਗੁਰੂ ਦੀ ਰਾਹੀਂ। ਵਡਭਾਗੀ = ਵੱਡੇ ਭਾਗਾਂ ਵਾਲਿਆਂ ਨੇ। ਆਣਿ = ਲਿਆ ਕੇ। ਸਭਿ = ਸਾਰੇ।

ਅਰਥ: ਹੇ ਮੇਰੇ ਮਨ! ਜੋ ਪ੍ਰਭੂ ਸਭ ਜੀਵਾਂ ਉਤੇ ਆਪਣਾ ਹੁਕਮ ਚਲਾਉਂਦਾ ਹੈ (ਭਾਵ, ਜਿਸ ਦੇ ਹੁਕਮ ਅੱਗੇ ਸਭ ਜੀਵ ਜੰਤ ਨਿਊਂਦੇ ਹਨ) ਉਸ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ। ਹੇ ਮੇਰੇ ਮਨ! ਜੋ ਅੰਤ ਸਮੇਂ (ਮੌਤ ਦੇ ਡਰ ਤੋਂ) ਛੁਡਾ ਲੈਂਦਾ ਹੈ, ਉਸ ਹਰੀ ਦਾ ਨਾਮ ਜਪਣਾ ਚਾਹੀਦਾ ਹੈ। ਜੋ ਹਰੀ ਨਾਮ ਮਨ ਦੀਆਂ ਸਭ ਭੁੱਖਾਂ ਤੇ ਤ੍ਰਿਸ਼ਨਾ ਮਿਟਾ ਦੇਂਦਾ ਹੈ, ਹੇ ਮੇਰੇ ਮਨ! ਉਸ ਦਾ ਜਾਪ ਕਰਨਾ ਚਾਹੀਦਾ ਹੈ। ਸਭ ਨਿੰਦਕ ਤੇ ਦੁਰਜਨ ਉਹਨਾਂ ਵਡਭਾਗੀਆਂ ਦੀ ਚਰਨੀਂ ਆ ਲੱਗਦੇ ਹਨ, ਜਿਨ੍ਹਾਂ ਨੇ ਸਤਿਗੁਰੂ ਦੀ ਸਰਨ ਪੈ ਕੇ ਇਹ ਨਾਮੁ ਜਪਿਆ ਹੈ। ਹੇ ਨਾਨਕ! ਪ੍ਰਭੂ ਦੇ ਨਾਮ ਦਾ ਸਿਮਰਨ ਕਰ = ਇਹ (ਸਾਧਨ) ਸਭ (ਸਾਧਨਾਂ) ਤੋਂ ਵੱਡਾ ਹੈ; ਨਾਮ ਦੇ ਅੱਗੇ ਸਭ ਲਿਆ ਕੇ (ਪ੍ਰਭੂ ਨੇ) ਨਿਵਾ ਦਿੱਤੇ ਹਨ।15।

ਸਲੋਕ ਮਃ ੩ ॥ ਵੇਸ ਕਰੇ ਕੁਰੂਪਿ ਕੁਲਖਣੀ ਮਨਿ ਖੋਟੈ ਕੂੜਿਆਰਿ ॥ ਪਿਰ ਕੈ ਭਾਣੈ ਨਾ ਚਲੈ ਹੁਕਮੁ ਕਰੇ ਗਾਵਾਰਿ ॥ ਗੁਰ ਕੈ ਭਾਣੈ ਜੋ ਚਲੈ ਸਭਿ ਦੁਖ ਨਿਵਾਰਣਹਾਰਿ ॥ ਲਿਖਿਆ ਮੇਟਿ ਨ ਸਕੀਐ ਜੋ ਧੁਰਿ ਲਿਖਿਆ ਕਰਤਾਰਿ ॥ ਮਨੁ ਤਨੁ ਸਉਪੇ ਕੰਤ ਕਉ ਸਬਦੇ ਧਰੇ ਪਿਆਰੁ ॥ ਬਿਨੁ ਨਾਵੈ ਕਿਨੈ ਨ ਪਾਇਆ ਦੇਖਹੁ ਰਿਦੈ ਬੀਚਾਰਿ ॥ ਨਾਨਕ ਸਾ ਸੁਆਲਿਓ ਸੁਲਖਣੀ ਜਿ ਰਾਵੀ ਸਿਰਜਨਹਾਰਿ ॥੧॥ {ਪੰਨਾ 89}

ਪਦ ਅਰਥ: ਨਿਵਾਰਣਹਾਰਿ = ਨਿਵਾਰਨ ਜੋਗੀ (ਹੋ ਜਾਂਦੀ ਹੈ) । ਕਰਤਾਰਿ = ਕਰਤਾਰ ਨੇ। ਸੁਆਲਿਉ = ਸੋਹਣੀ। ਰਾਵੀ = ਮਾਣੀ ਹੈ। ਸਿਰਜਨਹਾਰਿ = ਸਿਰਜਨਹਾਰ ਨੇ।

ਅਰਥ: ਝੂਠੀ, ਮਾਨੋ ਖੋਟੀ, ਭੈੜੇ ਲੱਛਣਾਂ ਵਾਲੀ ਤੇ ਕਰੂਪ ਇਸਤ੍ਰੀ ਆਪਣੇ ਸਰੀਰ ਨੂੰ ਸਿੰਗਾਰਦੀ ਹੈ; (ਪਰ) ਪਤੀ ਦੇ ਹੁਕਮ ਵਿਚ ਨਹੀਂ ਤੁਰਦੀ, (ਸਗੋਂ) ਮੂਰਖ ਇਸਤ੍ਰੀ (ਪਤੀ ਤੇ) ਹੁਕਮ ਚਲਾਉਂਦੀ ਹੈ (ਸਿੱਟਾ ਇਹ ਹੁੰਦਾ ਹੈ ਕਿ ਸਦਾ ਦੁਖੀ ਰਹਿੰਦੀ ਹੈ) । ਜੋ (ਜੀਵ-ਇਸਤ੍ਰੀ) ਸਤਿਗੁਰੂ ਦੀ ਰਜ਼ਾ ਵਿਚ ਚੱਲਦੀ ਹੈ ਉਹ ਅਪਾਣੇ ਸਾਰੇ ਦੁੱਖ-ਕਲੇਸ਼ ਨਿਵਾਰ ਲੈਂਦੀ ਹੈ। (ਪਰ, ਕੁਲੱਖਣੀ ਦੇ ਕੀਹ ਵੱਸ?) (ਜੀਵਾਂ ਦੇ ਕੀਤੇ ਕਰਮਾਂ ਅਨੁਸਾਰ) ਕਰਤਾਰ ਨੇ ਧੁਰੋਂ ਜੋ (ਸੰਸਕਾਰਾਂ ਦਾ ਲੇਖ ਜੀਵਾਂ ਦੇ ਮੱਥੇ ਤੇ) ਲਿਖ ਦਿੱਤਾ ਹੈ, ਉਹ ਲਿਖਿਆ ਹੋਇਆ ਲੇਖ ਮਿਟਾਇਆ ਨਹੀਂ ਜਾ ਸਕਦਾ। (ਸੁਲੱਖਣੀ) ਤਨ ਮਨ (ਹਰੀ-) ਪਤੀ ਨੂੰ ਸਉਂਪ ਦੇਂਦੀ ਹੈ, ਤੇ ਸਤਿਗੁਰੂ ਦੇ ਸ਼ਬਦ ਵਿਚ ਬਿਰਤੀ ਜੋੜਦੀ ਹੈ। ਹਿਰਦੇ ਵਿਚ ਵਿਚਾਰ ਕਰ ਕੇ ਵੇਖ (ਭੀ) ਲਵੋ, ਕਿ ਨਾਮ (ਜਪਣ) ਤੋਂ ਬਿਨਾ ਕਿਸੇ ਨੂੰ ਪ੍ਰਭੂ ਨਹੀਂ ਮਿਲਿਆ। ਹੇ ਨਾਨਕ! ਚੰਗੇ ਲੱਛਣਾਂ ਵਾਲੀ ਤੇ ਸੁੰਦਰ (ਜੀਵ-) ਇਸਤ੍ਰੀ ਉਹੀ ਹੈ, ਜਿਸ ਉਤੇ ਸਿਰਜਨਹਾਰ (ਪਤੀ) ਨੇ ਮਿਹਰ ਕੀਤੀ ਹੈ।1।

ਮਃ ੩ ॥ ਮਾਇਆ ਮੋਹੁ ਗੁਬਾਰੁ ਹੈ ਤਿਸ ਦਾ ਨ ਦਿਸੈ ਉਰਵਾਰੁ ਨ ਪਾਰੁ ॥ ਮਨਮੁਖ ਅਗਿਆਨੀ ਮਹਾ ਦੁਖੁ ਪਾਇਦੇ ਡੁਬੇ ਹਰਿ ਨਾਮੁ ਵਿਸਾਰਿ ॥ ਭਲਕੇ ਉਠਿ ਬਹੁ ਕਰਮ ਕਮਾਵਹਿ ਦੂਜੈ ਭਾਇ ਪਿਆਰੁ ॥ ਸਤਿਗੁਰੁ ਸੇਵਹਿ ਆਪਣਾ ਭਉਜਲੁ ਉਤਰੇ ਪਾਰਿ ॥ ਨਾਨਕ ਗੁਰਮੁਖਿ ਸਚਿ ਸਮਾਵਹਿ ਸਚੁ ਨਾਮੁ ਉਰ ਧਾਰਿ ॥੨॥ {ਪੰਨਾ 89}

ਪਦ ਅਰਥ: ਗੁਬਾਰੁ = ਹਨੇਰਾ। ਭਲਕੇ = ਨਿੱਤ ਸਵੇਰੇ, ਹਰ ਰੋਜ਼। ਭਉਜਲੁ = ਸੰਸਾਰ-ਸਮੁੰਦਰ। ਉਰ = ਹਿਰਦਾ।

ਅਰਥ: ਮਾਇਆ ਦਾ ਮੋਹ-ਪਿਆਰ (ਨਿਰਾ) ਹਨੇਰਾ ਹੈ, ਜਿਸ ਦਾ ਉਰਲਾ ਤੇ ਪਾਰਲਾ ਬੰਨਾ ਦਿੱਸਦਾ ਨਹੀਂ। ਸਤਿਗੁਰੂ ਤੋਂ ਮੁਖ ਮੋੜਨ ਵਾਲੇ, ਗਿਆਨ ਤੋਂ ਹੀਣ ਜੀਵ ਪ੍ਰਭੂ ਦਾ ਨਾਮ ਵਿਸਾਰ ਕੇ (ਉਸ ਹਨੇਰੇ ਵਿਚ) ਗੋਤੇ ਖਾਂਦੇ ਹਨ ਤੇ ਬੜਾ ਦੁੱਖ ਸਹਿੰਦੇ ਹਨ, ਨਿਤ ਨਵੇਂ ਸੂਰਜ (ਨਾਮ ਤੋਂ ਬਿਨਾ) ਹੋਰ ਬਥੇਰੇ ਕੰਮ ਕਰਦੇ ਹਨ ਤੇ ਮਾਇਆ ਦੇ ਪਿਆਰ ਵਿਚ (ਹੀ ਉਹਨਾਂ ਦੀ) ਬਿਰਤੀ (ਜੁੜੀ ਰਹਿੰਦੀ ਹੈ) । (ਜੋ ਜੀਵ) ਆਪਣੇ ਸਤਿਗੁਰੂ ਦੀ ਦੱਸੀ ਸੇਵਾ ਕਰਦੇ ਹਨ, ਉਹ (ਮਾਇਆ ਦੇ ਮੋਹ-ਰੂਪ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ। ਹੇ ਨਾਨਕ! ਸਤਿਗੁਰੂ ਦੇ ਸਨਮੁਖ ਰਹਿਣ ਵਾਲੇ (ਜੀਵ) ਸੱਚੇ ਨਾਮ ਨੂੰ ਹਿਰਦੇ ਵਿਚ ਪਰੋ ਕੇ ਸਦਾ-ਥਿਰ (ਪ੍ਰਭੂ) ਵਿਚ ਲੀਨ ਹੋ ਜਾਂਦੇ ਹਨ।2।

ਪਉੜੀ ॥ ਹਰਿ ਜਲਿ ਥਲਿ ਮਹੀਅਲਿ ਭਰਪੂਰਿ ਦੂਜਾ ਨਾਹਿ ਕੋਇ ॥ ਹਰਿ ਆਪਿ ਬਹਿ ਕਰੇ ਨਿਆਉ ਕੂੜਿਆਰ ਸਭ ਮਾਰਿ ਕਢੋਇ ॥ ਸਚਿਆਰਾ ਦੇਇ ਵਡਿਆਈ ਹਰਿ ਧਰਮ ਨਿਆਉ ਕੀਓਇ ॥ ਸਭ ਹਰਿ ਕੀ ਕਰਹੁ ਉਸਤਤਿ ਜਿਨਿ ਗਰੀਬ ਅਨਾਥ ਰਾਖਿ ਲੀਓਇ ॥ ਜੈਕਾਰੁ ਕੀਓ ਧਰਮੀਆ ਕਾ ਪਾਪੀ ਕਉ ਡੰਡੁ ਦੀਓਇ ॥੧੬॥ {ਪੰਨਾ 89}

ਪਦ ਅਰਥ: ਮਹੀਅਲਿ = ਮਹੀ ਤਲਿ, ਧਰਤੀ ਦੇ ਉਪਰ। ਕੂੜਿਆਰ = ਖੋਟੇ ਮਨ ਵਾਲੇ। ਜਿਨਿ = ਜਿਸ (ਹਰੀ) ਨੇ। ਜੈਕਾਰੁ = ਵਡਿਆਈ। ਡੰਡੁ = ਸਜ਼ਾ।

ਅਰਥ: ਪ੍ਰਭੂ ਜਲ ਵਿਚ ਥਲ ਵਿਚ ਪ੍ਰਿਥਵੀ ਉੱਤੇ ਹਰ ਥਾਂ ਵਿਆਪਕ ਹੈ, ਉਸ ਦਾ ਕੋਈ ਸ਼ਰੀਕ ਨਹੀਂ ਹੈ, ਪ੍ਰਭੂ ਆਪ ਹੀ ਬਹਿ ਕੇ (ਭਾਵ, ਗਹੁ ਨਾਲ) (ਜੀਵਾਂ ਦੇ ਚੰਗੇ ਮੰਦੇ ਕੀਤੇ ਕਰਮਾਂ ਦਾ) ਨਿਆਂ ਕਰਦਾ ਹੈ, ਮਨ ਦੇ ਖੋਟੇ ਸਭ ਜੀਵਾਂ ਨੂੰ ਮਾਰ ਕੇ ਕੱਢ ਦੇਂਦਾ ਹੈ (ਭਾਵ, ਆਪਣੇ ਚਰਨਾਂ ਤੋਂ ਵਿਛੋੜ ਦੇਂਦਾ ਹੈ) , ਸੱਚ ਦੇ ਵਪਾਰੀਆਂ ਨੂੰ ਆਦਰ ਬਖ਼ਸ਼ਦਾ ਹੈ– ਹਰੀ ਨੇ ਇਹ ਧਰਮ ਦਾ ਨਿਆਂ ਕੀਤਾ ਹੈ। (ਹੇ ਭਾਈ!) ਸਾਰੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰੋ, ਜਿਸ ਨੇ (ਸਦਾ) ਗ਼ਰੀਬਾਂ ਅਨਾਥਾਂ ਦੀ ਰਾਖੀ ਕੀਤੀ ਹੈ, ਧਰਮੀਆਂ ਨੂੰ ਵਡਿਆਈ ਦਿੱਤੀ ਹੈ ਤੇ ਪਾਪੀਆਂ ਨੂੰ ਦੰਡ ਦਿੱਤਾ ਹੈ।16।

ਸਲੋਕ ਮਃ ੩ ॥ ਮਨਮੁਖ ਮੈਲੀ ਕਾਮਣੀ ਕੁਲਖਣੀ ਕੁਨਾਰਿ ॥ ਪਿਰੁ ਛੋਡਿਆ ਘਰਿ ਆਪਣਾ ਪਰ ਪੁਰਖੈ ਨਾਲਿ ਪਿਆਰੁ ॥ ਤ੍ਰਿਸਨਾ ਕਦੇ ਨ ਚੁਕਈ ਜਲਦੀ ਕਰੇ ਪੂਕਾਰ ॥ ਨਾਨਕ ਬਿਨੁ ਨਾਵੈ ਕੁਰੂਪਿ ਕੁਸੋਹਣੀ ਪਰਹਰਿ ਛੋਡੀ ਭਤਾਰਿ ॥੧॥ {ਪੰਨਾ 89}

ਪਦ ਅਰਥ: ਕਾਮਣੀ = ਜ਼ਨਾਨੀ। ਕੁਨਾਰਿ = ਭੈੜੀ ਨਾਰ। ਘਰਿ = ਘਰ ਵਿਚ। ਤ੍ਰਿਸਨਾ = (ਕਾਮ ਦੀ) ਵਾਸਨਾ। ਕੁਰੂਪਿ = ਭੈੜੈ ਰੂਪ ਵਾਲੀ। ਭਤਾਰਿ = ਭਤਾਰ ਨੇ। ਪਰਹਰਿ ਛੋਡੀ = ਤਿਆਗ ਛੱਡੀ ਹੈ।

ਅਰਥ: ਮਨ ਦਾ ਮੁਰੀਦ (ਜੀਵ ਉਸ) ਖੋਟੀ ਚੰਦਰੇ ਲੱਛਣਾਂ ਵਾਲੀ ਤੇ ਮੈਲੀ ਇਸਤ੍ਰੀ (ਵਾਂਗ) ਹੈ (ਜਿਸ ਨੇ) ਘਰ ਵਿਚ (ਵੱਸਦਾ) ਆਪਣਾ ਖਸਮ ਛੱਡ ਦਿੱਤਾ ਹੈ ਤੇ ਪਰਾਏ ਆਦਮੀ ਨਾਲ ਪਿਆਰ (ਪਾਇਆ ਹੋਇਆ ਹੈ) । ਉਸ ਦੀ ਤ੍ਰਿਸ਼ਨਾ ਕਦੇ ਨਹੀਂ ਮਿਟਦੀ ਤੇ (ਤ੍ਰਿਸ਼ਨਾ ਵਿਚ) ਸੜਦੀ ਹੋਈ ਵਿਲਕਦੀ ਹੈ। ਹੇ ਨਾਨਕ! (ਮਨਮੁਖ ਜੀਵ) ਨਾਮ ਤੋਂ ਬਿਨਾ ਭੈੜੇ ਰੂਪ ਵਾਲੀ ਤੇ ਕੁਸੋਹਣੀ ਇਸਤ੍ਰੀ ਵਾਂਗ ਹੈ ਤੇ ਖਸਮ ਵਲੋਂ (ਭੀ) ਦੁਰਕਾਰੀ ਹੋਈ ਹੈ।1।

TOP OF PAGE

Sri Guru Granth Darpan, by Professor Sahib Singh