ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 91 ਪਉੜੀ ॥ ਹਰਿ ਆਪਣੀ ਭਗਤਿ ਕਰਾਇ ਵਡਿਆਈ ਵੇਖਾਲੀਅਨੁ ॥ ਆਪਣੀ ਆਪਿ ਕਰੇ ਪਰਤੀਤਿ ਆਪੇ ਸੇਵ ਘਾਲੀਅਨੁ ॥ ਹਰਿ ਭਗਤਾ ਨੋ ਦੇਇ ਅਨੰਦੁ ਥਿਰੁ ਘਰੀ ਬਹਾਲਿਅਨੁ ॥ ਪਾਪੀਆ ਨੋ ਨ ਦੇਈ ਥਿਰੁ ਰਹਣਿ ਚੁਣਿ ਨਰਕ ਘੋਰਿ ਚਾਲਿਅਨੁ ॥ ਹਰਿ ਭਗਤਾ ਨੋ ਦੇਇ ਪਿਆਰੁ ਕਰਿ ਅੰਗੁ ਨਿਸਤਾਰਿਅਨੁ ॥੧੯॥ {ਪੰਨਾ 91} ਪਦ ਅਰਥ: ਵੇਖਾਲੀਅਨੁ = ਵਿਖਾਲੀ ਹੈ ਉਸ ਨੇ। ਘਾਲੀਅਨੁ = ਘਾਲ ਕਰਾਈ ਹੈ ਉਸ ਨੇ। ਬਹਾਲੀਅਨੁ = ਬਹਾਲੇ ਹਨ ਉਸ ਨੇ। ਚਾਲਿਅਨੁ = ਚਲਾਏ ਹਨ ਉਸ ਨੇ। ਨਿਸਤਾਰਿਅਨੁ = ਪਾਰ ਉਤਾਰੇ ਹਨ ਉਸ ਨੇ। {ਵੇਖੋ, 'ਗੁਰਬਾਣੀ ਵਿਆਕਰਣ'} ਅਰਥ: ਪ੍ਰਭੂ ਨੇ (ਭਗਤਾਂ ਜਨਾਂ ਤੋਂ) ਆਪ ਹੀ ਆਪਣੀ ਭਗਤੀ ਕਰਾ ਕੇ (ਭਗਤੀ ਦੀ ਬਰਕਤਿ ਨਾਲ ਉਹਨਾਂ ਨੂੰ ਆਪਣੀ) ਵਡਿਆਈ ਵਿਖਾਲੀ ਹੈ। ਪ੍ਰਭੂ (ਭਗਤਾਂ ਦੇ ਹਿਰਦੇ ਵਿਚ) ਆਪਣਾ ਭਰੋਸਾ ਆਪ (ਉਤਪੰਨ) ਕਰਦਾ ਹੈ ਤੇ ਉਹਨਾਂ ਤੋਂ ਆਪ ਹੀ ਸੇਵਾ ਉਸ ਨੇ ਕਰਾਈ ਹੈ। (ਭਗਤਾਂ ਨੂੰ ਆਪਣੇ ਭਜਨ ਦਾ) ਅਨੰਦ (ਭੀ) ਆਪ ਹੀ ਬਖ਼ਸ਼ਦਾ ਹੈ (ਤੇ ਇਸ ਤਰ੍ਹਾਂ ਉਹਨਾਂ ਨੂੰ) ਹਿਰਦੇ ਵਿਚ ਅਡੋਲ ਟਿਕਾ ਰੱਖਿਆ ਹੈ। (ਪਰ) ਪਾਪੀਆਂ ਨੂੰ ਅਡੋਲ-ਚਿੱਤ ਨਹੀਂ ਰਹਿਣ ਦੇਂਦਾ, ਚੁਣ ਕੇ (ਉਹਨਾਂ ਨੂੰ) ਘੋਰ ਨਰਕ ਵਿਚ ਪਾ ਦਿੱਤਾ ਹੈ। ਭਗਤ ਜਨਾਂ ਨੂੰ ਪਿਆਰ ਕਰਦਾ ਹੈ, (ਉਹਨਾਂ ਦਾ) ਪੱਖ ਕਰ ਕੇ ਉਸ ਨੇ ਆਪ ਉਹਨਾਂ ਨੂੰ (ਵਿਕਾਰਾਂ ਤੋਂ) ਬਚਾਇਆ ਹੈ।19। ਸਲੋਕ ਮਃ ੧ ॥ ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰ ਨਿੰਦਾ ਘਟ ਚੂਹੜੀ ਮੁਠੀ ਕ੍ਰੋਧਿ ਚੰਡਾਲਿ ॥ ਕਾਰੀ ਕਢੀ ਕਿਆ ਥੀਐ ਜਾਂ ਚਾਰੇ ਬੈਠੀਆ ਨਾਲਿ ॥ ਸਚੁ ਸੰਜਮੁ ਕਰਣੀ ਕਾਰਾਂ ਨਾਵਣੁ ਨਾਉ ਜਪੇਹੀ ॥ ਨਾਨਕ ਅਗੈ ਊਤਮ ਸੇਈ ਜਿ ਪਾਪਾਂ ਪੰਦਿ ਨ ਦੇਹੀ ॥੧॥ {ਪੰਨਾ 91} ਅਰਥ: ਭੈੜੀ ਮਤ (ਮਨੁੱਖ ਦੇ ਅੰਦਰ ਦੀ) ਮਿਰਾਸਣ ਹੈ, ਬੇ-ਤਰਸੀ ਕਸਾਇਣ ਹੈ, ਪਰਾਈ ਨਿੰਦਿਆ ਅੰਦਰ ਦੀ ਚੂਹੜੀ ਹੈ, ਤੇ ਕ੍ਰੋਧ ਚੰਡਾਲਣੀ (ਹੈ ਜਿਸ) ਨੇ (ਜੀਵ ਦੇ ਸ਼ਾਂਤ ਸੁਭਾਉ ਨੂੰ) ਠੱਗ ਰੱਖਿਆ ਹੈ। ਜੇ ਇਹ ਚਾਰੇ ਅੰਦਰ ਹੀ ਬੈਠੀਆਂ ਹੋਣ, ਤਾਂ (ਬਾਹਰ ਚੌਂਕਾ ਸੁੱਚਾ ਰੱਖਣ ਲਈ) ਲਕੀਰਾਂ ਕੱਢਣ ਦਾ ਕੀਹ ਲਾਭ? ਹੇ ਨਾਨਕ! ਜੋ ਮਨੁੱਖ 'ਸੱਚ' ਨੂੰ (ਚੌਂਕਾ ਸੁੱਚਾ ਕਰਨ ਦੀ) ਜੁਗਤਿ ਬਣਾਂਦੇ ਹਨ, ਉੱਚੇ ਆਚਰਨ ਨੂੰ (ਚੌਂਕੇ ਦੀਆਂ) ਲਕੀਰਾਂ ਬਣਾਂਦੇ ਹਨ, ਜੋ ਨਾਮ ਜਪਦੇ ਹਨ ਤੇ ਇਸ ਨੂੰ (ਤੀਰਥ) ਇਸ਼ਨਾਨ ਸਮਝਦੇ ਹਨ, ਜੋ ਹੋਰਨਾਂ ਨੂੰ ਭੀ ਪਾਪਾਂ ਵਾਲੀ ਸਿੱਖਿਆ ਨਹੀਂ ਦੇਂਦੇ, ਉਹ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਚੰਗੇ ਗਿਣੇ ਜਾਂਦੇ ਹਨ।1। ਮਃ ੧ ॥ ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਕਰੇਇ ॥ ਜੋ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇਇ ॥੨॥ {ਪੰਨਾ 91} ਅਰਥ: ਜਿਸ ਵੱਲ (ਪ੍ਰਭੂ) ਪਿਆਰ ਨਾਲ ਤੱਕੇ ਉਸ ਦਾ ਬਗੁਲਾ (-ਪਨ, ਭਾਵ, ਪਖੰਡ ਦੂਰ ਹੋਣਾ) ਕੀਹ ਔਖਾ ਹੈ ਤੇ ਉਸ ਦਾ ਹੰਸ (ਭਾਵ, ਉੱਜਲ-ਮਤਿ ਬਣਨਾ ਕੀਹ (ਮੁਸ਼ਕਿਲ ਹੈ) ? ਹੇ ਨਾਨਕ! ਜੇ ਪ੍ਰਭੂ ਚਾਹੇ (ਤਾਂ ਉਹ ਬਾਹਰੋਂ ਚੰਗੇ ਦਿੱਸਣ ਵਾਲੇ ਨੂੰ ਤਾਂ ਕਿਤੇ ਰਿਹਾ) ਕਾਂ ਨੂੰ ਭੀ (ਭਾਵ, ਅੰਦਰੋਂ ਗੰਦੇ ਆਚਰਨ ਵਾਲੇ ਨੂੰ ਭੀ ਉੱਜਲ-ਬੁਧਿ) ਹੰਸ ਬਣਾ ਦੇਂਦਾ ਹੈ।2। ਪਉੜੀ ॥ ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ॥ ਕਾਰਜੁ ਦੇਇ ਸਵਾਰਿ ਸਤਿਗੁਰ ਸਚੁ ਸਾਖੀਐ ॥ ਸੰਤਾ ਸੰਗਿ ਨਿਧਾਨੁ ਅੰਮ੍ਰਿਤੁ ਚਾਖੀਐ ॥ ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ ॥ ਨਾਨਕ ਹਰਿ ਗੁਣ ਗਾਇ ਅਲਖੁ ਪ੍ਰਭੁ ਲਾਖੀਐ ॥੨੦॥ {ਪੰਨਾ 91} ਪਦ ਅਰਥ: ਸਤਿਗੁਰ ਸਾਖੀਐ = ਗੁਰੂ ਦੀ ਸਿੱਖਿਆ ਦੀ ਰਾਹੀਂ। ਸੰਗਿ = ਸੰਗਤਿ ਵਿਚ। ਨਿਧਾਨੁ-ਖ਼ਜ਼ਾਨਾ। ਮਿਹਰਵਾਨ = ਹੇ ਮਿਹਰਵਾਨ! ਗੁਣ ਗਾਇ = ਗੁਣ ਗਾ ਕੇ। ਲਾਖੀਐ = ਸਮਝ ਲਈਦਾ ਹੈ। ਸਚੁ = ਸਦਾ-ਥਿਰ ਪ੍ਰਭੂ। ਅਰਥ: ਜੇਹੜਾ ਕੰਮ ਤੋੜ ਚਾੜ੍ਹਨ ਦੀ ਇੱਛਾ ਹੋਵੇ, ਉਸਦੀ (ਪੂਰਨਤਾ ਲਈ) ਪ੍ਰਭੂ ਕੋਲ ਬੇਨਤੀ ਕਰਨੀ ਚਾਹੀਦੀ ਹੈ, (ਇਸ ਤਰ੍ਹਾਂ) ਸਤਿਗੁਰੂ ਦੀ ਸਿੱਖਿਆ ਦੀ ਰਾਹੀਂ ਸਦਾ-ਥਿਰ ਪ੍ਰਭੂ ਕਾਰਜ ਸਵਾਰ ਦੇਂਦਾ ਹੈ। ਸੰਤਾਂ ਦੀ ਸੰਗਤਿ ਵਿਚ ਨਾਮ-ਖ਼ਜ਼ਾਨਾ ਮਿਲਦਾ ਹੈ, ਤੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਚੱਖ ਸਕੀਦਾ ਹੈ। (ਸੋ ਇਹ ਬੇਨਤੀ ਕਰਨੀ ਚਾਹੀਦੀ ਹੈ ਕਿ) ਹੇ ਡਰ ਨਾਸ ਕਰਨ ਵਾਲੇ ਤੇ ਦਇਆ ਕਰਨ ਵਾਲੇ ਹਰੀ! ਦਾਸ ਦੀ ਲਾਜ ਰੱਖ ਲੌ। ਹੇ ਨਾਨਕ! (ਇਸ ਤਰ੍ਹ੍ਹਾਂ) ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤਿਆਂ ਅਲੱਖ ਪ੍ਰਭੂ ਨਾਲ ਸਾਂਝ ਪਾ ਲਈਦੀ ਹੈ। 20। ਸਲੋਕ ਮਃ ੩ ॥ ਜੀਉ ਪਿੰਡੁ ਸਭੁ ਤਿਸ ਕਾ ਸਭਸੈ ਦੇਇ ਅਧਾਰੁ ॥ ਨਾਨਕ ਗੁਰਮੁਖਿ ਸੇਵੀਐ ਸਦਾ ਸਦਾ ਦਾਤਾਰੁ ॥ ਹਉ ਬਲਿਹਾਰੀ ਤਿਨ ਕਉ ਜਿਨਿ ਧਿਆਇਆ ਹਰਿ ਨਿਰੰਕਾਰੁ ॥ ਓਨਾ ਕੇ ਮੁਖ ਸਦ ਉਜਲੇ ਓਨਾ ਨੋ ਸਭੁ ਜਗਤੁ ਕਰੇ ਨਮਸਕਾਰੁ ॥੧॥ {ਪੰਨਾ 91} ਪਦ ਅਰਥ: ਜੀਉ = ਜਿੰਦ। ਪਿੰਡੁ = ਸਰੀਰ। ਅਰਥ: ਜੋ ਹਰੀ ਸਭ ਜੀਵਾਂ ਨੂੰ ਧਰਵਾਸ ਦੇਂਦਾ ਹੈ, ਇਹ ਜਿੰਦ ਤੇ ਸਰੀਰ ਸਭ ਕੁਝ ਉਸੇ ਦਾ (ਦਿੱਤਾ ਹੋਇਆ) ਹੈ। ਹੇ ਨਾਨਕ! ਗੁਰੂ ਦੇ ਸਨਮੁਖ ਰਹਿ ਕੇ (ਐਸੇ) ਦਾਤਾਰ ਦੀ ਨਿੱਤ ਸੇਵਾ ਕਰਨੀ ਚਾਹੀਦੀ ਹੈ। ਸਦਕੇ ਹਾਂ ਉਹਨਾਂ ਤੋਂ, ਜਿਨ੍ਹਾਂ ਨੇ ਨਿਰੰਕਾਰ ਹਰੀ ਦਾ ਸਿਮਰਨ ਕੀਤਾ ਹੈ। ਉਹਨਾਂ ਦੇ ਮੂੰਹ ਸਦਾ ਖਿੜੇ (ਰਹਿੰਦੇ ਹਨ) ਤੇ ਸਾਰਾ ਸੰਸਾਰ ਉਹਨਾਂ ਅੱਗੇ ਸਿਰ ਨਿਵਾਉਂਦਾ ਹੈ।1। ਮਃ ੩ ॥ ਸਤਿਗੁਰ ਮਿਲਿਐ ਉਲਟੀ ਭਈ ਨਵ ਨਿਧਿ ਖਰਚਿਉ ਖਾਉ ॥ ਅਠਾਰਹ ਸਿਧੀ ਪਿਛੈ ਲਗੀਆ ਫਿਰਨਿ ਨਿਜ ਘਰਿ ਵਸੈ ਨਿਜ ਥਾਇ ॥ ਅਨਹਦ ਧੁਨੀ ਸਦ ਵਜਦੇ ਉਨਮਨਿ ਹਰਿ ਲਿਵ ਲਾਇ ॥ ਨਾਨਕ ਹਰਿ ਭਗਤਿ ਤਿਨਾ ਕੈ ਮਨਿ ਵਸੈ ਜਿਨ ਮਸਤਕਿ ਲਿਖਿਆ ਧੁਰਿ ਪਾਇ ॥੨॥ {ਪੰਨਾ 91} ਪਦ ਅਰਥ: ਨਉਨਿਧਿ = ਪੁਰਾਤਨ ਸੰਸਕ੍ਰਿਤ ਪੁਸਤਕਾਂ ਵਿਚ ਧਨ ਦਾ ਦੇਵਤਾ ਕੁਬੇਰ ਨੂੰ ਮੰਨਿਆ ਗਿਆ ਹੈ। ਉਸ ਦਾ ਟਿਕਾਣਾ ਕੈਲਾਸ਼ ਪਰਬਤ ਦੱਸਿਆ ਜਾਂਦਾ ਹੈ। ਉਸ ਦੇ ਖ਼ਜ਼ਾਨਿਆਂ ਦੀ ਗਿਣਤੀ 9 ਹੈ, ਜੋ ਇਸ ਤਰ੍ਹਾਂ ਦੱਸੀ ਗਈ ਹੈ: mhwpªÓc pªÓc _zKo mkrkÁCpO [[ ਮਹਾ ਪਦਮ, ਪਦਮ, ਸ਼ੰਖ, ਮਕਰ, ਕੱਛਪ, ਮੁਕੁੰਦ, ਕੁੰਦ, ਨੀਲ, ਖਰਵ। ਅਨਹਦ = ਇਕ-ਰਸ। ਧੁਨੀ = ਸੁਰ, ਸਿਮਰਨ ਦੀ ਰੌ। ਅਨਹਦ ਧੁਨੀ ਵਜਦੇ = (ਉਸ ਦੇ ਅੰਦਰ) ਇਕ-ਰਸ ਟਿਕੇ ਰਹਿਣ ਵਾਲੀ ਸੁਰ ਵਾਲੇ ਵਾਜੇ ਵੱਜਦੇ ਹਨ। ਅਰਥ: ਜੇ ਗੁਰੂ ਮਿਲ ਪਏ, ਤਾਂ ਮਨੁੱਖ ਦੀ ਸੁਰਤਿ ਮਾਇਆ ਵਲੋਂ ਹਟ ਜਾਂਦੀ ਹੈ (ਐਸੇ ਮਨੁੱਖ ਨੂੰ) ਖਾਣ-ਖਰਚਣ ਲਈ, ਮਾਨੋ, ਜਗਤ ਦੀ ਸਾਰੀ ਹੀ ਮਾਇਆ ਮਿਲ ਜਾਂਦੀ ਹੈ; ਅਠਾਰਾਂ (ਹੀ) ਸਿੱਧੀਆਂ (ਭਾਵ, ਆਤਮਕ ਸ਼ਕਤੀਆਂ) ਉਸ ਦੇ ਪਿੱਛੇ ਲੱਗੀਆਂ ਫਿਰਦੀਆਂ ਹਨ (ਪਰ ਉਹ ਪਰਵਾਹ ਨਹੀਂ ਕਰਦਾ ਤੇ) ਆਪਣੇ ਹਿਰਦੇ ਵਿਚ ਅਡੋਲ ਰਹਿੰਦਾ ਹੈ। ਸਹਜ ਸੁਭਾਇ ਇਕ-ਰਸ ਉਸ ਦੇ ਅੰਦਰ ਸਿਮਰਨ ਦੀ ਰੌ ਚਲਦੀ ਰਹਿੰਦੀ ਹੈ ਤੇ ਪਿਆਰ ਦੀ ਤਾਂਘ ਵਿਚ ਉਹ ਹਰੀ ਨਾਲ ਬਿਰਤੀ ਜੋੜੀ ਰੱਖਦਾ ਹੈ। ਹੇ ਨਾਨਕ! ਹਰੀ ਦੀ (ਇਹੋ ਜਿਹੀ) ਭਗਤੀ ਉਹਨਾਂ ਦੇ ਹਿਰਦੇ ਵਿਚ ਵੱਸਦੀ ਹੈ ਜਿਨ੍ਹਾਂ ਦੇ ਮਸਤਕ ਤੇ (ਪਿਛਲੇ ਭਗਤੀ ਭਾਵ ਵਾਲੇ ਕੀਤੇ ਕੰਮਾਂ ਦੇ ਸੰਸਕਾਰਾਂ ਅਨੁਸਾਰ) ਧੁਰ ਤੋਂ (ਭਗਤੀ ਵਾਲੇ ਸੰਸਕਾਰ) ਲਿਖੇ ਪਏ ਹਨ।2। ਪਉੜੀ ॥ ਹਉ ਢਾਢੀ ਹਰਿ ਪ੍ਰਭ ਖਸਮ ਕਾ ਹਰਿ ਕੈ ਦਰਿ ਆਇਆ ॥ ਹਰਿ ਅੰਦਰਿ ਸੁਣੀ ਪੂਕਾਰ ਢਾਢੀ ਮੁਖਿ ਲਾਇਆ ॥ ਹਰਿ ਪੁਛਿਆ ਢਾਢੀ ਸਦਿ ਕੈ ਕਿਤੁ ਅਰਥਿ ਤੂੰ ਆਇਆ ॥ ਨਿਤ ਦੇਵਹੁ ਦਾਨੁ ਦਇਆਲ ਪ੍ਰਭ ਹਰਿ ਨਾਮੁ ਧਿਆਇਆ ॥ ਹਰਿ ਦਾਤੈ ਹਰਿ ਨਾਮੁ ਜਪਾਇਆ ਨਾਨਕੁ ਪੈਨਾਇਆ ॥੨੧॥੧॥ ਸੁਧੁ {ਪੰਨਾ 91} ਅਰਥ: ਮੈਂ ਪ੍ਰਭੂ ਖਸਮ ਦਾ ਢਾਢੀ ਪ੍ਰਭੂ ਦੇ ਦਰ ਤੇ ਅੱਪੜਿਆ, ਪ੍ਰਭੂ ਦੇ ਦਰਬਾਰ ਵਿਚ ਮੇਰੀ ਢਾਢੀ ਦੀ ਪੁਕਾਰ ਸੁਣੀ ਗਈ ਤੇ ਮੈਨੂੰ ਦਰਸਨ ਪਰਾਪਤ ਹੋਇਆ। ਮੈਨੂੰ ਢਾਢੀ ਨੂੰ ਹਰੀ ਸੱਦ ਕੇ, ਪੁੱਛਿਆ, ਹੇ ਢਾਢੀ! ਤੂੰ ਕਿਸ ਕੰਮ ਆਇਆ ਹੈਂ? (ਮੈਂ ਬੇਨਤੀ ਕੀਤੀ) 'ਹੇ ਦਇਆਲ ਪ੍ਰਭੂ! ਸਦਾ (ਇਹੀ ਦਾਨ ਬਖ਼ਸ਼ੋ ਕਿ) ਤੇਰੇ ਨਾਮ ਦਾ ਸਿਮਰਨ ਕਰਾਂ। ' (ਬੇਨਤੀ ਸੁਣ ਕੇ) ਦਾਤਾਰ ਹਰੀ ਨੇ ਆਪਣਾ ਨਾਮ ਮੈਥੋਂ ਜਪਾਇਆ ਅਤੇ ਮੈਨੂੰ ਨਾਨਕ ਨੂੰ ਵਡਿਆਈ (ਭੀ) ਦਿੱਤੀ। 21।1। ਸੁਧੁ। |
Sri Guru Granth Darpan, by Professor Sahib Singh |