ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 92 ੴ ਸਤਿਗੁਰ ਪ੍ਰਸਾਦਿ ॥ ਸਿਰੀਰਾਗੁ ਕਬੀਰ ਜੀਉ ਕਾ ॥ ਏਕੁ ਸੁਆਨੁ ਕੈ ਘਰਿ ਗਾਵਣਾ ਜਨਨੀ ਜਾਨਤ ਸੁਤੁ ਬਡਾ ਹੋਤੁ ਹੈ ਇਤਨਾ ਕੁ ਨ ਜਾਨੈ ਜਿ ਦਿਨ ਦਿਨ ਅਵਧ ਘਟਤੁ ਹੈ ॥ ਮੋਰ ਮੋਰ ਕਰਿ ਅਧਿਕ ਲਾਡੁ ਧਰਿ ਪੇਖਤ ਹੀ ਜਮਰਾਉ ਹਸੈ ॥੧॥ ਐਸਾ ਤੈਂ ਜਗੁ ਭਰਮਿ ਲਾਇਆ ॥ ਕੈਸੇ ਬੂਝੈ ਜਬ ਮੋਹਿਆ ਹੈ ਮਾਇਆ ॥੧॥ ਰਹਾਉ ॥ ਕਹਤ ਕਬੀਰ ਛੋਡਿ ਬਿਖਿਆ ਰਸ ਇਤੁ ਸੰਗਤਿ ਨਿਹਚਉ ਮਰਣਾ ॥ ਰਮਈਆ ਜਪਹੁ ਪ੍ਰਾਣੀ ਅਨਤ ਜੀਵਣ ਬਾਣੀ ਇਨ ਬਿਧਿ ਭਵ ਸਾਗਰੁ ਤਰਣਾ ॥੨॥ ਜਾਂ ਤਿਸੁ ਭਾਵੈ ਤਾ ਲਾਗੈ ਭਾਉ ॥ ਭਰਮੁ ਭੁਲਾਵਾ ਵਿਚਹੁ ਜਾਇ ॥ ਉਪਜੈ ਸਹਜੁ ਗਿਆਨ ਮਤਿ ਜਾਗੈ ॥ ਗੁਰ ਪ੍ਰਸਾਦਿ ਅੰਤਰਿ ਲਿਵ ਲਾਗੈ ॥੩॥ ਇਤੁ ਸੰਗਤਿ ਨਾਹੀ ਮਰਣਾ ॥ ਹੁਕਮੁ ਪਛਾਣਿ ਤਾ ਖਸਮੈ ਮਿਲਣਾ ॥੧॥ ਰਹਾਉ ਦੂਜਾ ॥ {ਪੰਨਾ 92} ਨੋਟ: "ਏਕ ਸੁਆਨ" ਕੈ ਘਰਿ ਗਾਵਣਾ = ਕਬੀਰ ਜੀ ਦਾ ਇਹ ਸ਼ਬਦ ਉਸ 'ਘਰ' ਵਿਚ ਗਾਵਣਾ ਹੈ ਜਿਸ 'ਘਰ' ਵਿਚ ਉਹ ਸ਼ਬਦ ਗਾਵਣਾ ਹੈ ਜਿਸ ਦੀ ਪਹਿਲੀ ਤੁਕ ਹੈ "ਏਕ ਸੁਆਨੁ ਦੁਇ ਸੁਆਨੀ ਨਾਲਿ"। ਇਹ ਸ਼ਬਦ ਗੁਰੂ ਨਾਨਕ ਦੇਵ ਜੀ ਦਾ ਹੈ, ਸਿਰੀ ਰਾਗੁ ਵਿਚ ਦਰਜ ਹੈ ਨੰ: 29। ਕੈ ਘਰਿ = ਦੇ ਘਰ ਵਿਚ। ਜੇ ਸੰਬੰਧਕ 'ਕੈ' ਦਾ ਸੰਬੰਧ ਲਫ਼ਜ਼ 'ਸੁਆਨ' ਦੇ ਨਾਲ ਹੁੰਦਾ, ਤਾਂ ਇਸ ਲਫ਼ਜ਼ ਦੇ ਅਖ਼ੀਰ ਵਿਚ ਔਂਕੜ (ੁ) ਨਾਹ ਹੁੰਦਾ। ਇੱਥੋਂ ਇਹ ਸਿੱਧ ਹੁੰਦਾ ਹੈ ਕਿ 'ਏਕੁ ਸੁਆਨੁ' ਤੋਂ ਭਾਵ ਹੈ ਉਹ ਸਾਰਾ ਸ਼ਬਦ ਜਿਸ ਦੇ ਸ਼ੁਰੂ ਵਿਚ ਇਹ ਲਫ਼ਜ਼ ਹਨ। 'ਜਨਨੀ ਜਾਨਤ' ਸ਼ਬਦ ਕਬੀਰ ਜੀ ਦਾ ਹੈ, ਪਰ ਇਸ ਨੂੰ ਗਾਉਣ ਲਈ ਜਿਸ ਸ਼ਬਦ ਵਲ ਇਸ਼ਾਰਾ ਹੈ ਉਹ ਗੁਰੂ ਨਾਨਕ ਦੇਵ ਜੀ ਦਾ ਹੈ। ਸੋ, ਇਹ ਸਿਰਲੇਖ = "ਏਕੁ ਸੁਆਨੁ ਕੈ ਘਰਿ ਗਾਵਣਾ" = ਕਬੀਰ ਜੀ ਦਾ ਨਹੀਂ ਹੋ ਸਕਦਾ। ਇਸ ਸ਼ਬਦ ਦੇ ਸਿਰ-ਲੇਖ ਨਾਲ ਲਫ਼ਜ਼ "ਏਕੁ ਸੁਆਨੁ ਕੈ ਘਰਿ ਗਾਵਣਾ" ਕਿਉਂ ਵਰਤੇ ਗਏ ਹਨ? ਇਸ ਪ੍ਰਸ਼ਨ ਦਾ ਉੱਤਰ ਲੱਭਣ ਵਾਸਤੇ ਸਤਿਗੁਰੂ ਨਾਨਕ ਦੇਵ ਜੀ ਦਾ ਉਹ ਸ਼ਬਦ ਪੜ੍ਹ ਵੇਖੀਏ, ਜਿਸ ਦੇ ਸ਼ੁਰੂ ਦੇ ਲਫ਼ਜ਼ ਹਨ "ਏਕੁ ਸੁਆਨੁ": ਸਿਰੀ ਰਾਗੁ ਮਹਲਾ 1 ਘਰੁ 4 ॥ ਏਕੁ ਸੁਆਨੁ ਦੁਇ ਸੁਆਨੀ ਨਾਲਿ ॥ ਭਲਕੇ ਭਉਕਹਿ ਸਦਾ ਬਇਆਲਿ ॥ ਕੂੜੁ ਛੁਰਾ ਮੁਠਾ ਮੁਰਦਾਰੁ ॥ ਧਾਣਕ ਰੂਪਿ ਰਹਾ ਕਰਤਾਰ ॥1॥ ਮੈ ਪਤਿ ਕੀ ਪੰਦਿ ਨ ਕਰਣੀ ਕੀ ਕਾਰ ॥ ਹਉ ਬਿਗੜੈ ਰੂਪਿ ਰਹਾ ਬਿਕਰਾਲ ॥ ਤੇਰਾ ਏਕੁ ਨਾਮੁ ਤਾਰੇ ਸੰਸਾਰੁ ॥ ਮੈ ਏਹਾ ਆਸ ਏਹੋ ਆਧਾਰੁ ॥1॥ਰਹਾਉ॥ ਮੁਖਿ ਨਿੰਦਾ ਆਖਾ ਦਿਨੁ ਰਾਤਿ ॥ ਪਰ ਘਰੁ ਜੋਹੀ ਨੀਚ ਸਨਾਤਿ ॥ ਕਾਮੁ ਕ੍ਰੋਧੁ ਤਨਿ ਵਸਹਿ ਚੰਡਾਲ ॥ ਧਾਣਕ ਰੂਪਿ ਰਹਾ ਕਰਤਾਰ ॥2॥ ਫਾਹੀ ਸੁਰਤਿ ਮਲੂਕੀ ਵੇਸੁ ॥ ਹਉ ਠਗਵਾੜਾ ਠਗੀ ਦੇਸੁ ॥ ਖਰਾ ਸਿਆਣਾ ਬਹੁਤਾ ਭਾਰੁ ॥ ਧਾਣਕ ਰੂਪਿ ਰਹਾ ਕਰਤਾਰ ॥3॥ ਮੈ ਕੀਤਾ ਨ ਜਾਤਾ ਹਰਾਮਖੋਰੁ ॥ ਹਉ ਕਿਆ ਮੁਹੁ ਦੇਸਾ ਦੁਸਟੁ ਚੋਰੁ ॥ ਨਾਨਕੁ ਨੀਚੁ ਕਹੈ ਬੀਚਾਰੁ ॥ ਧਾਣਕ ਰੂਪਿ ਰਹਾ ਕਰਤਾਰ ॥4॥29॥ {ਪੰਨਾ 24} ਕਬੀਰ ਜੀ ਨੇ ਆਪਣੇ ਸ਼ਬਦ ਵਿਚ ਲਿਖਿਆ ਹੈ "ਇਤੁ ਸੰਗਤਿ ਨਿਹਚਉ ਮਰਣਾ। " ਉਹ ਕਿਹੜੀ 'ਸੰਗਤਿ' ਹੈ ਜਿਸ ਕਰਕੇ 'ਨਿਹਚਉ ਮਰਣਾ' ਹੁੰਦਾ ਹੈ? ਕਬੀਰ ਜੀ ਨੇ ਇਸ ਦੇ ਉੱਤਰ ਵਿਚ ਸਿਰਫ਼ ਲਫ਼ਜ਼ 'ਮਾਇਆ' ਜਾਂ 'ਬਿਖਿਆ ਰਸ' ਵਰਤੇ ਹਨ। 'ਮਾਇਆ' ਦਾ ਕੀਹ ਸਰੂਪ ਹੈ? ਉਹ 'ਬਿਖਿਆ ਰਸ' ਕਿਹੜੇ ਹਨ? ਇਹ ਗੱਲ ਕਬੀਰ ਜੀ ਨੇ ਖੋਲ੍ਹ ਕੇ ਨਹੀਂ ਦੱਸੀ। ਹੁਣ ਪੜ੍ਹੋ ਗੁਰੂ ਨਾਨਕ ਦੇਵ ਜੀ ਦਾ ਇਹ ਉੱਪਰਲਾ ਸ਼ਬਦ = ਸੁਆਨ, ਸੁਆਨੀ, ਕੁੜੂ, ਮੁਰਦਾਰੁ, ਨਿੰਦਾ, ਪਰ ਘਰੁ, ਕਾਮੁ ਕ੍ਰੋਧੁ ਆਦਿਕ ਇਹ ਸਾਰੇ 'ਬਿਖਿਆ' ਦੇ 'ਰਸ' ਹਨ ਜਿਨ੍ਹਾਂ ਦੀ ਸੰਗਤਿ ਵਿਚ 'ਨਿਹਚਉ ਮਰਣਾ' ਹੈ, ਕਿਉਂਕਿ ਇਹਨਾਂ ਦੇ ਵੱਸ ਵਿਚ ਪਿਆ ਜੀਵ 'ਧਾਣਕ ਰੂਪਿ' ਰਹਿੰਦਾ ਹੈ। ਜੋ ਗੱਲ ਕਬੀਰ ਜੀ ਨੇ ਇਸ਼ਾਰੇ ਮਾਤ੍ਰ ਲਫ਼ਜ਼ 'ਬਿਖਿਆ ਰਸ' ਵਿਚ ਦੱਸੀ ਹੈ, ਗੁਰੂ ਨਾਨਕ ਸਾਹਿਬ ਨੇ ਵਿਸਥਾਰ ਨਾਲ ਇਕ ਸੁੰਦਰ ਢੰਗ ਵਿਚ ਇਸ ਸਾਰੇ ਸ਼ਬਦ ਦੀ ਰਾਹੀਂ ਖੋਲ੍ਹ ਕੇ ਦੱਸੀ ਹੈ। 'ਸਿਰ-ਲੇਖ' ਦੀ ਸਾਂਝ ਅਤੇ ਮਜ਼ਮੂਨ ਦੀ ਸਾਂਝ ਇਸ ਨਤੀਜੇ ਉੱਤੇ ਅਪੜਾਂਦੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਆਪਣਾ ਇਹ ਸ਼ਬਦ ਕਬੀਰ ਜੀ ਦੇ ਸ਼ਬਦ ਦੀ ਵਿਆਖਿਆ ਵਿਚ ਉਚਾਰਿਆ ਹੈ। ਕਬੀਰ ਜੀ ਦਾ ਇਹ ਸ਼ਬਦ ਸਤਿਗੁਰੂ ਜੀ ਪਾਸ ਮੌਜੂਦ ਸੀ। ਇਹ ਸਿਰ-ਲੇਖ 'ਏਕੁ ਸੁਆਨੁ ਕੈ ਘਰਿ ਗਾਵਣਾ' ਭੀ ਗੁਰੂ ਨਾਨਕ ਦੇਵ ਜੀ ਦਾ ਹੀ ਹੋ ਸਕਦਾ ਹੈ, ਜਾਂ, ਗੁਰੂ ਅਰਜਨ ਸਾਹਿਬ ਦਾ। ਕਬੀਰ ਜੀ ਦਾ ਕਿਸੇ ਹਾਲਤ ਵਿਚ ਨਹੀਂ ਹੈ। ਨੋਟ: ਲਫ਼ਜ਼ 'ਘਰ' ਦਾ ਸੰਬੰਧ 'ਗਾਉਣ' ਨਾਲ ਹੈ, ਇਸ ਵਿਚ ਰਾਗੀਆਂ ਵਾਸਤੇ ਹਿਦਾਇਤ ਹੈ, ਇਸ ਦਾ ਸੰਬੰਧ ਲਫ਼ਜ਼ 'ਮਹਲਾ' ਨਾਲ ਕੋਈ ਨਹੀਂ ਹੈ। ਤਾਂ ਤੇ ਲਫ਼ਜ਼ 'ਘਰ' ਦਾ ਸੰਬੰਧ ਲਫ਼ਜ਼ 'ਮਹਲਾ' ਨਾਲ ਸਮਝ ਕੇ ਉਸ ਦਾ ਉਚਾਰਨ 'ਮਹਲਾ' ਕਰਨਾ ਗ਼ਲਤ ਹੈ। ਪਦ ਅਰਥ: ਜਨਨੀ = ਮਾਂ। ਸੁਤੁ = ਪੁੱਤਰ। ਇਤਨਾ ਕੁ = ਏਨੀ ਗੱਲ। ਅਵਧ = ਉਮਰ। ਦਿਨ ਦਿਨ = ਹਰ ਰੋਜ਼, ਜਿਉਂ ਜਿਉਂ ਦਿਨ ਬੀਤਦੇ ਹਨ। ਮੋਰ = ਮੇਰਾ। ਕਰਿ = ਕਰੇ, ਕਰਦੀ ਹੈ। ਅਧਿਕ = ਬਹੁਤ। ਧਰਿ = ਧਰਦੀ ਹੈ, ਕਰਦੀ ਹੈ। ਪੇਖਤ ਹੀ = ਜਿਉਂ ਜਿਉਂ ਵੇਖਦਾ ਹੈ।1। ਤੈਂ = ਤੂੰ (ਹੇ ਪ੍ਰਭੂ!) । ਭਰਮਿ = ਭੁਲੇਖੇ ਵਿਚ। ਰਹਾਉ। ਬਿਖਿਆ ਰਸ = ਮਾਇਆ ਦੇ ਸੁਆਦ। ਇਤੁ ਸੰਗਤਿ = ਇਸ ਕੁਸੰਗ ਵਿਚ, ਮਾਇਆ ਦੇ ਰਸਾਂ ਦੀ ਸੰਗਤ ਵਿਚ। ਨਿਹਚਉ = ਜ਼ਰੂਰ। ਮਰਣਾ = ਆਤਮਕ ਮੌਤ। ਰਮਈਆ = ਰਾਮ ਨੂੰ। ਅਨਤ = ਅਨੰਤ, ਅਟੱਲ। ਅਨਤ ਜੀਵਣ = ਅਟੱਲ ਜ਼ਿੰਦਗੀ ਦੇਣ ਵਾਲੀ। ਭਵ ਸਾਗਰੁ = ਸੰਸਾਰ-ਸਮੁੰਦਰ।2। ਤਿਸੁ ਭਾਵੈ = ਉਸ ਪ੍ਰਭੂ ਨੂੰ ਚੰਗਾ ਲੱਗੇ। ਭਾਉ = ਪ੍ਰੇਮ। ਭੁਲਾਵਾ = ਭੁਲੇਖਾ। ਵਿਚਹੁ = ਮਨ ਵਿਚੋਂ। ਸਹਜੁ = ਉਹ ਅਵਸਥਾ ਜਿਸ ਵਿਚ ਭਟਕਣਾ ਨਾਹ ਰਹੇ, ਅਡੋਲਤਾ। ਗਿਆਨ ਮਤਿ = ਗਿਆਨ ਵਾਲੀ ਬੁੱਧੀ। ਅੰਤਰਿ = ਹਿਰਦੇ ਵਿਚ।3। ਇਤੁ ਸੰਗਤਿ = ਇਸ ਸੰਗਤਿ ਵਿਚ, ਪ੍ਰਭੂ ਨਾਲ ਜੁੜਨ ਵਾਲੀ ਹਾਲਤ ਵਿਚ। ਮਿਲਣਾ = ਮਿਲਾਪ। ਰਹਾਉ ਦੂਜਾ। ਅਰਥ: ਮਾਂ ਸਮਝਦੀ ਹੈ ਕਿ ਮੇਰਾ ਪੁੱਤਰ ਵੱਡਾ ਹੋ ਰਿਹਾ ਹੈ, ਪਰ ਉਹ ਏਨੀ ਗੱਲ ਨਹੀਂ ਸਮਝਦੀ ਕਿ ਜਿਉਂ ਜਿਉਂ ਦਿਨ ਬੀਤ ਰਹੇ ਹਨ ਇਸ ਦੀ ਉਮਰ ਘਟ ਰਹੀ ਹੈ। ਉਹ ਇਉਂ ਆਖਦੀ ਹੈ "ਇਹ ਮੇਰਾ ਪੁੱਤਰ ਹੈ, ਇਹ ਮੇਰਾ ਪੁੱਤਰ" (ਤੇ ਉਸ ਨਾਲ) ਬੜਾ ਲਾਡ ਕਰਦੀ ਹੈ; (ਮਾਂ ਦੀ ਇਸ ਮਮਤਾ ਨੂੰ) ਵੇਖ ਵੇਖ ਕੇ ਜਮਰਾਜ ਹੱਸਦਾ ਹੈ।1। (ਹੇ ਪ੍ਰਭੂ!) ਇਸ ਤਰ੍ਹਾਂ ਤੂੰ ਜਗਤ ਨੂੰ ਭੁਲੇਖੇ ਵਿਚ ਪਾਇਆ ਹੋਇਆ ਹੈ। ਮਾਇਆ ਦੇ ਠੱਗੇ ਹੋਏ (ਜੀਵ) ਨੂੰ ਇਹ ਸਮਝ ਹੀ ਨਹੀਂ ਆਉਂਦੀ (ਕਿ ਮੈਂ ਭੁਲੇਖੇ ਵਿਚ ਫਸਿਆ ਪਿਆ ਹਾਂ) ।1। ਕਬੀਰ ਆਖਦਾ ਹੈ– ਹੇ ਪ੍ਰਾਣੀ! ਮਾਇਆ ਦੇ ਚਸਕੇ ਛੱਡ ਦੇਹ, ਇਹਨਾਂ ਰਸਾਂ ਦੇ ਬਹਿਣੇ ਬੈਠਿਆਂ ਜ਼ਰਰੂ ਆਤਮਕ ਮੌਤ ਹੁੰਦੀ ਹੈ (ਭਾਵ, ਆਤਮਾ ਮੁਰਦਾ ਹੋ ਜਾਂਦਾ ਹੈ) ; (ਪ੍ਰਭੂ ਦੇ ਭਜਨ ਵਾਲੀ ਇਹ) ਬਾਣੀ (ਮਨੁੱਖ ਨੂੰ) ਅਟੱਲ ਜੀਵਨ ਬਖ਼ਸ਼ਦੀ ਹੈ; ਇਸ ਤਰ੍ਹਾਂ ਸੰਸਾਰ-ਸਮੁੰਦਰ ਨੂੰ ਤਰ ਜਾਈਦਾ ਹੈ।2। (ਪਰ) ਜੇ ਉਸ ਪ੍ਰਭੂ ਨੂੰ ਭਾਵੇ ਤਾਂ ਹੀ (ਜੀਵ ਦਾ) ਪਿਆਰ ਉਸ ਨਾਲ ਪੈਂਦਾ ਹੈ ਤੇ (ਇਸ ਦੇ) ਮਨ ਵਿਚੋਂ ਭਰਮ ਤੇ ਭੁਲੇਖਾ ਦੂਰ ਹੁੰਦਾ ਹੈ, (ਜੀਵ ਦੇ ਅੰਦਰ) ਅਡੋਲਤਾ ਦੀ ਹਾਲਤ ਪੈਦਾ ਹੁੰਦੀ ਹੈ, ਗਿਆਨ ਵਾਲੀ ਬੁੱਧ ਪਰਗਟ ਹੋ ਜਾਂਦੀ ਹੈ ਅਤੇ ਗੁਰੂ ਦੀ ਮਿਹਰ ਨਾਲ ਇਸ ਦੇ ਹਿਰਦੇ ਵਿਚ ਪ੍ਰਭੂ ਨਾਲ ਜੋੜ ਜੁੜ ਜਾਂਦਾ ਹੈ।3। ਪ੍ਰਭੂ ਨਾਲ ਚਿੱਤ ਜੋੜਿਆਂ ਆਤਮਕ ਮੌਤ ਨਹੀਂ ਹੁੰਦੀ, (ਕਿਉਂਕਿ ਜਿਉਂ ਜਿਉਂ ਜੀਵ ਪ੍ਰਭੂ ਦੇ) ਹੁਕਮ ਨੂੰ ਪਛਾਣਦਾ ਹੈ, ਤਾਂ ਪ੍ਰਭੂ ਨਾਲ ਇਸ ਦਾ ਮਿਲਾਪ ਹੋ ਜਾਂਦਾ ਹੈ।1। ਰਹਾਉ ਦੂਜਾ। ਸ਼ਬਦ ਦਾ ਭਾਵ: ਜੀਵ ਦੇ ਕੀਹ ਵੱਸ? ਪ੍ਰਭੂ ਨੇ ਆਪ ਹੀ ਜੀਆਂ ਨੂੰ ਮਾਇਆ ਦੇ ਮੋਹ ਵਿਚ ਫਸਾਇਆ ਹੋਇਆ ਹੈ; ਇਸ ਮੋਹ ਵਿਚ ਪਿਆਂ ਮਨੁੱਖ ਦੇ ਆਤਮਾ ਮੁਰਦੇ ਹੋ ਰਹੇ ਹਨ। ਪਰ ਜੇ ਉਹ ਕਰਤਾਰ ਮਿਹਰ ਕਰੇ, ਗੁਰੂ ਨਾਲ ਮਿਲਾਏ, ਤਾਂ ਮਾਇਆ ਦਾ ਮੋਹ ਅੰਦਰੋਂ ਦੂਰ ਹੋ ਜਾਂਦਾ ਹੈ, ਪ੍ਰਭੂ ਨਾਲ ਡੋਰੀ ਲੱਗ ਜਾਂਦੀ ਹੈ, ਮਨ ਅਡੋਲ ਹੋ ਆਉਂਦਾ ਹੈ, ਦਾਤੇ ਦੀ ਰਜ਼ਾ ਦੀ ਸਮਝ ਪੈ ਜਾਂਦੀ ਹੈ ਅਤੇ ਆਤਮਾ ਮੁਰਦਿਹਾਣ ਵਿਚੋਂ ਬਚ ਨਿਕਲਦਾ ਹੈ। ਨੋਟ: ਆਮ ਤੌਰ ਤੇ ਹਰੇਕ ਸ਼ਬਦ ਵਿਚ "ਰਹਾਉ" ਇੱਕੋ ਹੀ ਹੁੰਦਾ ਹੈ, ਉਸੇ ਵਿਚ ਸਾਰੇ ਸ਼ਬਦ ਦਾ ਮੁੱਖ ਭਾਵ ਹੁੰਦਾ ਹੈ। ਪਰ ਇਸ ਸ਼ਬਦ ਵਿਚ ਦੋ "ਰਹਾਉ" ਹਨ। ਪਹਿਲੇ ਵਿਚ ਪ੍ਰਸ਼ਨ ਕੀਤਾ ਹੈ ਕਿ ਜੀਵ ਨੂੰ ਕਿਵੇਂ ਸਮਝ ਪਏ, ਮੈਂ ਭਟਕ ਰਿਹਾ ਹਾਂ। ਇਸ ਦਾ ਉੱਤਰ ਦੂਜੇ "ਰਹਾਉ" ਵਿਚ ਦਿੱਤਾ ਹੈ ਕਿ ਰਜ਼ਾ ਨੂੰ ਸਮਝਿਆਂ ਰਜ਼ਾ ਵਾਲੇ ਵਿਚ ਮਿਲ ਜਾਂਦਾ ਹੈ। ਸਿਰੀਰਾਗੁ ਤ੍ਰਿਲੋਚਨ ਕਾ ॥ ਮਾਇਆ ਮੋਹੁ ਮਨਿ ਆਗਲੜਾ ਪ੍ਰਾਣੀ ਜਰਾ ਮਰਣੁ ਭਉ ਵਿਸਰਿ ਗਇਆ ॥ ਕੁਟੰਬੁ ਦੇਖਿ ਬਿਗਸਹਿ ਕਮਲਾ ਜਿਉ ਪਰ ਘਰਿ ਜੋਹਹਿ ਕਪਟ ਨਰਾ ॥੧॥ ਦੂੜਾ ਆਇਓਹਿ ਜਮਹਿ ਤਣਾ ॥ ਤਿਨ ਆਗਲੜੈ ਮੈ ਰਹਣੁ ਨ ਜਾਇ ॥ ਕੋਈ ਕੋਈ ਸਾਜਣੁ ਆਇ ਕਹੈ ॥ ਮਿਲੁ ਮੇਰੇ ਬੀਠੁਲਾ ਲੈ ਬਾਹੜੀ ਵਲਾਇ ॥ ਮਿਲੁ ਮੇਰੇ ਰਮਈਆ ਮੈ ਲੇਹਿ ਛਡਾਇ ॥੧॥ ਰਹਾਉ ॥ ਅਨਿਕ ਅਨਿਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰੁ ਭਇਆ ॥ ਮਾਇਆ ਮੂਠਾ ਚੇਤਸਿ ਨਾਹੀ ਜਨਮੁ ਗਵਾਇਓ ਆਲਸੀਆ ॥੨॥ ਬਿਖਮ ਘੋਰ ਪੰਥਿ ਚਾਲਣਾ ਪ੍ਰਾਣੀ ਰਵਿ ਸਸਿ ਤਹ ਨ ਪ੍ਰਵੇਸੰ ॥ ਮਾਇਆ ਮੋਹੁ ਤਬ ਬਿਸਰਿ ਗਇਆ ਜਾਂ ਤਜੀਅਲੇ ਸੰਸਾਰੰ ॥੩॥ ਆਜੁ ਮੇਰੈ ਮਨਿ ਪ੍ਰਗਟੁ ਭਇਆ ਹੈ ਪੇਖੀਅਲੇ ਧਰਮਰਾਓ ॥ ਤਹ ਕਰ ਦਲ ਕਰਨਿ ਮਹਾਬਲੀ ਤਿਨ ਆਗਲੜੈ ਮੈ ਰਹਣੁ ਨ ਜਾਇ ॥੪॥ ਜੇ ਕੋ ਮੂੰ ਉਪਦੇਸੁ ਕਰਤੁ ਹੈ ਤਾ ਵਣਿ ਤ੍ਰਿਣਿ ਰਤੜਾ ਨਾਰਾਇਣਾ ॥ ਐ ਜੀ ਤੂੰ ਆਪੇ ਸਭ ਕਿਛੁ ਜਾਣਦਾ ਬਦਤਿ ਤ੍ਰਿਲੋਚਨੁ ਰਾਮਈਆ ॥੫॥੨॥ {ਪੰਨਾ 92} ਪਦ ਅਰਥ: ਮਨਿ = ਮਨ ਵਿਚ। ਆਗਲੜਾ = ਬਹੁਤਾ। ਜਰਾ = ਬੁਢੇਪਾ। ਬਿਗਸਹਿ = ਤੂੰ ਖਿੜਦਾ ਹੈਂ। ਕਮਲਾ ਜਿਉ = ਕਉਲ ਫੁੱਲ ਵਾਂਗ। ਪਰ ਘਰਿ = ਪਰਾਏ ਘਰਿ ਵਿਚ। ਜੋਹਹਿ = ਤੂੰ ਜੋਖਦਾ ਹੈਂ, ਜਾਚਦਾ ਹੈਂ, ਤਾੜਦਾ ਹੈਂ। ਕਪਟ ਨਰਾ = ਹੇ ਖੋਟੇ ਮਨੁੱਖ।1। ਦੂੜਾ ਆਇਓਹਿ = ਦੌੜੇ ਆ ਰਹੇ ਹਨ। ਜਮਹਿ ਤਣਾ = ਜਮ ਦੇ ਪੁੱਤਰ, ਜਮਦੂਤ। ਤਿਨ ਆਗਲੜੈ = ਉਹਨਾਂ (ਜਮਦੂਤਾਂ) ਦੇ ਸਾਮ੍ਹਣੇ। ਕੋਈ ਕੋਈ = ਕੋਈ ਵਿਰਲਾ। ਸਾਜਣੁ = ਸੰਤ ਜਨ। ਬਾਹੜੀ ਵਲਾਇ = ਬਾਹਾਂ ਵਲ ਕੇ, ਗਲਵੱਕੜੀ ਪਾ ਕੇ। ਬੀਠੁਲ = ਹੇ ਬੀਠੁਲ! ਹੇ ਪ੍ਰਭੂ! ਹੇ ਮਾਇਆ-ਰਹਿਤ ਪ੍ਰਭੂ! {iv-ÔQl}। ਮੈ = ਮੈਥੋਂ।1। ਰਹਾਉ। ਪੈ = ਵਿਚ। ਅਮਰੁ = ਨਾਹ ਮਰਨ ਵਾਲਾ। ਮੂਠਾ = ਠੱਗਿਆ ਹੋਇਆ। ਚੇਤਸਿ ਨਾਹੀ = ਤੂੰ ਯਾਦ ਨਹੀਂ ਕਰਦਾ (ਹਰੀ ਨੂੰ) ।2। ਬਿਖਮ ਘੋਰ ਪੰਥਿ = ਡਾਢੇ ਹਨੇਰੇ ਰਾਹ ਉਤੇ। ਰਵਿ = ਸੂਰਜ। ਸਸਿ = ਚੰਦ। ਪ੍ਰਵੇਸੰ = ਦਖ਼ਲ। ਤਜੀਅਲੇ = ਛੱਡਿਆ।3। ਪੇਖੀਅਲੇ = ਵੇਖਿਆ ਹੈ। ਤਹ = ਉਥੇ, ਧਰਮਰਾਜ ਦੀ ਹਜ਼ੂਰੀ ਵਿਚ। ਕਰ = ਹੱਥਾਂ ਨਾਲ। ਦਲ ਕਰਨਿ = ਦਲਨ ਕਰਦੇ ਹਨ, ਦਲ ਦੇਂਦੇ ਹਨ।4। ਜੇ ਕੋ = ਜਦੋਂ ਕੋਈ। ਮੂੰ = ਮੈਨੂੰ। ਵਣਿ = ਬਨ ਵਿਚ। ਤ੍ਰਿਣਿ = ਤਿਨਕੇ ਵਿਚ। ਵਣਿ ਤ੍ਰਿਣਿ = ਸਭ ਥਾਈਂ। ਰਤੜਾ = ਰਵਿਆ ਹੋਇਆ ਹੈ, ਵਿਆਪਕ ਹੈ। ਐ ਜੀ ਰਾਮਈਆ = ਹੇ ਸੋਹਣੇ ਰਾਮ ਜੀ! ਬਦਤਿ = ਆਖਦਾ ਹੈ।5। ਅਰਥ: ਹੇ ਪ੍ਰਾਣੀ! ਤੇਰੇ ਮਨ ਵਿਚ ਮਾਇਆ ਦਾ ਮੋਹ ਬਹੁਤ (ਜ਼ੋਰਾਂ ਵਿਚ) ਹੈ; ਤੈਨੂੰ ਇਹ ਡਰ ਨਹੀਂ ਰਿਹਾ ਕਿ ਬੁਢੇਪਾ ਆਉਣਾ ਹੈ, ਮੌਤ ਆਉਣੀ ਹੈ। ਹੇ ਖੋਟੇ ਮਨੁੱਖ! ਤੂੰ ਆਪਣੇ ਪਰਵਾਰ ਨੂੰ ਵੇਖ ਕੇ ਇਉਂ ਖਿੜਦਾ ਹੈਂ ਜਿਵੇਂ ਕਉਲ ਫੁੱਲ (ਸੂਰਜ ਨੂੰ ਵੇਖ ਕੇ) , ਤੂੰ ਪਰਾਏ ਘਰ ਵਿਚ ਤੱਕਦਾ ਫਿਰਦਾ ਹੈਂ।1। ਕੋਈ ਵਿਰਲਾ ਸੰਤ ਜਨ (ਜਗਤ ਵਿਚ) ਆ ਕੇ ਇਉਂ ਬੇਨਤੀ ਕਰਦਾ ਹੈ– ਹੇ ਪ੍ਰਭੂ! ਮੈਨੂੰ ਮਿਲ, ਗਲਵੱਕੜੀ ਪਾ ਕੇ ਮਿਲ। ਹੇ ਮੇਰੇ ਰਾਮ! ਮੈਨੂੰ ਮਿਲ, ਮੈਨੂੰ (ਮਾਇਆ ਦੇ ਮੋਹ ਤੋਂ) ਛਡਾ ਲੈ, ਜਮਦੂਤ ਵਗਾਤੱਗ ਆ ਰਹੇ ਹਨ, ਉਹਨਾਂ ਦੇ ਸਾਮ੍ਹਣੇ ਮੈਥੋਂ (ਪਲ ਮਾਤ੍ਰ ਭੀ) ਅਟਕਿਆ ਨਹੀਂ ਜਾ ਸਕੇਗਾ।1। ਰਹਾਉ। ਹੇ ਪ੍ਰਾਣੀ! ਮਾਇਆ ਦੇ ਅਨੇਕ ਭੋਗਾਂ ਤੇ ਪ੍ਰਤਾਪ ਦੇ ਕਾਰਨ ਤੂੰ (ਪ੍ਰਭੂ ਨੂੰ) ਭੁਲਾ ਬੈਠਾ ਹੈਂ, (ਤੂੰ ਸਮਝਦਾ ਹੈਂ ਕਿ) ਇਸ ਸੰਸਾਰ-ਸਮੁੰਦਰ ਵਿਚ (ਮੈਂ) ਸਦਾ ਕਾਇਮ ਰਹਾਂਗਾ, ਮਾਇਆ ਦਾ ਠੱਗਿਆ ਹੋਇਆ ਤੂੰ (ਪ੍ਰਭੂ ਨੂੰ) ਨਹੀਂ ਸਿਮਰਦਾ। ਹੇ ਆਲਸੀ ਮਨੁੱਖ! ਤੂੰ ਆਪਣਾ ਜਨਮ ਅਜਾਈਂ ਗਵਾ ਲਿਆ ਹੈ।2। ਹੇ ਪ੍ਰਾਣੀ! ਤੂੰ (ਮਾਇਆ ਦੇ ਮੋਹ ਦੇ) ਅਜਿਹੇ ਡਾਢੇ ਹਨੇਰੇ ਰਾਹੇ ਤੁਰ ਰਿਹਾ ਹੈਂ ਜਿੱਥੇ ਨਾਹ ਸੂਰਜ ਨੂੰ ਦਖ਼ਲ ਹੈ, ਨਾਹ ਚੰਦ੍ਰਮਾ ਨੂੰ (ਭਾਵ, ਜਿਥੇ ਤੈਨੂੰ ਨਾਹ ਦਿਨੇ ਸੁਰਤ ਆਉਂਦੀ ਹੈ, ਨਾਹ ਰਾਤ ਨੂੰ) । ਜਦੋਂ (ਮਰਨ ਵੇਲੇ) ਸੰਸਾਰ ਨੂੰ ਛੱਡਣ ਲੱਗੋਂ, ਤਦੋਂ ਤਾਂ ਮਾਇਆ ਦਾ ਇਹ ਮੋਹ (ਭਾਵ, ਸੰਬੰਧ ਅਵੱਸੋਂ) ਛੱਡੇਂਗਾ ਹੀ (ਤਾਂ ਫਿਰ ਕਿਉਂ ਨਹੀਂ ਹੁਣੇ ਹੀ ਛੱਡਦਾ?) ।3। (ਕੋਈ ਵਿਰਲਾ ਸੰਤ ਜਨ ਆਖਦਾ ਹੈ–) ਮੇਰੇ ਮਨ ਵਿਚ ਇਹ ਗੱਲ ਪ੍ਰਤੱਖ ਹੋ ਗਈ ਹੈ ਕਿ (ਮਾਇਆ ਵਿਚ ਫਸੇ ਰਿਹਾਂ) ਧਰਮਰਾਜ (ਦਾ ਮੂੰਹ) ਵੇਖਣਾ ਪਏਗਾ; ਉਥੇ ਵੱਡੇ ਬਲਵਾਨਾਂ ਨੂੰ ਭੀ ਹੱਥਾਂ ਨਾਲ (ਜਮਦੂਤ) ਦਲ ਦੇਂਦੇ ਹਨ; ਮੈਥੋਂ ਉਹਨਾਂ ਦੇ ਅੱਗੇ ਕੋਈ ਹੀਲ-ਹੁਜਤਿ ਨਹੀਂ ਕੀਤੀ ਜਾ ਸਕੇਗੀ।4। (ਉਂਞ ਤਾਂ) ਹੇ ਨਾਰਾਇਣ! (ਤੂੰ ਕਦੇ ਚੇਤੇ ਨਹੀਂ ਆਉਂਦਾ, ਪਰ) ਜਦੋਂ ਕੋਈ (ਗੁਰਮੁਖਿ) ਮੈਨੂੰ ਸਿੱਖਿਆ ਦੇਂਦਾ ਹੈ, ਤਾਂ ਤੂੰ ਸਭ ਥਾਈਂ ਵਿਆਪਕ ਦਿੱਸਣ ਲੱਗ ਪੈਂਦਾ ਹੈਂ। ਹੇ ਰਾਮ ਜੀ! ਤੇਰੀਆਂ ਤੂੰ ਹੀ ਜਾਣੇ = ਮੇਰੀ ਤ੍ਰਿਲੋਚਨ ਦੀ ਇਹੀ ਬੇਨਤੀ ਹੈ।5।2। ਸ਼ਬਦ ਦਾ ਭਾਵ: ਜੀਵ ਮਾਇਆ ਦੇ ਮੋਹ ਵਿਚ ਨਕਾ-ਨਕ ਫਸੇ ਪਏ ਹਨ, ਕਿਸੇ ਨੂੰ ਨਾਹ ਮੌਤ ਚੇਤੇ ਹੈ, ਨਾਹ ਪਰਮਾਤਮਾ। ਪਦਾਰਥਾਂ ਦੇ ਰਸਾਂ ਵਿਚ ਮੱਤੇ ਹੋਏ ਸਮਝਦੇ ਹਨ, ਅਸਾਂ ਕਦੇ ਮਰਨਾ ਹੀ ਨਹੀਂ; ਮਨੁੱਖਾ ਜਨਮ ਅਜਾਈਂ ਗਵਾ ਰਹੇ ਹਨ, ਇਹ ਖ਼ਿਆਲ ਨਹੀਂ ਆਉਂਦਾ ਕਿ ਇਕ ਦਿਨ ਇਹ ਜਗਤ ਛੱਡਣਾ ਹੀ ਪਏਗਾ ਤੇ ਇਸ ਬਦ ਮਸਤੀ ਦੇ ਕਾਰਨ ਜਮਾਂ ਦਾ ਡੰਡ ਸਹਿਣਾ ਹੀ ਪਏਗਾ। ਪਰ ਹਾਂ, ਕੋਈ ਵਿਰਲੇ ਵਿਰਲੇ ਭਾਗਾਂ ਵਾਲੇ ਹਨ ਜੋ ਇਸ ਅੰਤ ਸਮੇਂ ਨੂੰ ਚੇਤੇ ਰੱਖ ਕੇ ਪ੍ਰਭੂ ਦੇ ਦਰ ਤੇ ਅਰਜ਼ੋਈ ਕਰਦੇ ਹਨ ਤੇ ਉਸ ਨੂੰ ਮਿਲਣ ਲਈ ਤਾਂਘਦੇ ਹਨ। ਨੋਟ: ਤ੍ਰਿਲੋਚਨ ਜੀ ਨੇ ਲਫ਼ਜ਼ "ਬੀਠੁਲਾ" ਵਰਤਿਆ ਹੈ, ਉਸੇ ਨੂੰ ਉਹ "ਵਣਿ ਤ੍ਰਿਣਿ ਰਤੜਾ ਨਾਰਾਇਣਾ" ਅਤੇ "ਰਾਮਈਆ" ਆਖਦੇ ਹਨ। ਲਫ਼ਜ਼ "ਬੀਠਲ" ਸੰਸਕ੍ਰਿਤ ਦੇ ਲਫ਼ਜ਼ ivÕÊl ('ਵਿਸ਼ਠਲ') ਦਾ ਪ੍ਰਾਕ੍ਰਿਤ ਰੂਪ ਹੈ। "ਵਿ+ਸਥਲ"। ਵਿ = ਪਰੇ, ਮਾਇਆ ਤੋਂ ਪਰੇ। ਸਥਲ-ਟਿਕਿਆ ਹੋਇਆ ਹੈ। ਵਿ+ਸਬਲ, ਵਿਸ਼ਠਲ, ਬੀਠਲਾ = ਉਹ ਪ੍ਰਭੂ ਜੋ ਮਾਇਆ ਦੇ ਪ੍ਰਭਾਵ ਤੋਂ ਦੂਰ ਪਰੇ ਟਿਕਿਆ ਹੋਇਆ ਹੈ। ਇਹ ਲਫ਼ਜ਼ ਸਤਿਗੁਰੂ ਜੀ ਨੇ ਭੀ ਕਈ ਵਾਰੀ ਵਰਤਿਆ ਹੈ, ਤੇ, ਸਰਬ-ਵਿਆਪਕ ਪਰਮਾਤਮਾ ਵਾਸਤੇ ਹੀ ਵਰਤਿਆ ਹੈ। ਭਗਤ-ਬਾਣੀ ਨੂੰ ਗੁਰਮਤਿ ਦੇ ਵਿਰੁੱਧ ਸਮਝਣ ਵਾਲੇ ਇਕ ਸੱਜਣ ਨੇ ਤ੍ਰਿਲੋਚਨ ਜੀ ਬਾਰੇ ਇਉਂ ਲਿਖਿਆ ਹੈ– "ਭਗਤ ਤ੍ਰਿਲੋਚਨ ਜੀ ਬਾਰਸੀ ਨਾਮੀ ਨਗਰ (ਜ਼ਿਲਾ ਸ਼ੋਲਾਪੁਰ) ਮਹਾਰਾਸ਼ਟਰ ਦੇ ਰਹਿਣ ਵਾਲੇ ਸਨ। ਆਪ ਦਾ ਜਨਮ ਸੰਮਤ 1267 ਬਿਕਰਮੀ ਦੇ ਗਿਰਦੇ ਹੋਇਆ ਹੈ। ਸਾਬਤ ਹੁੰਦਾ ਹੈ ਕਿ ਭਗਤ ਨਾਮਦੇਵ ਜੀ ਨਾਲ ਇਹਨਾਂ ਦਾ ਮਿਲਾਪ ਹੁੰਦਾ ਰਿਹਾ ਹੈ। ਭਗਤ-ਮਾਰਗ ਦਾ ਗਿਆਨ ਭੀ ਇਹਨਾਂ ਨੇ ਨਾਮਦੇਵ ਤੋਂ ਹੀ ਪ੍ਰਾਪਤ ਕੀਤਾ ਸੀ। "ਆਪ ਜੀ ਦੇ ਪੰਜ ਸ਼ਬਦ ਭਗਤ ਬਾਣੀ ਦੇ ਰੂਪ ਵਿਚ ਛਾਪੇ ਵਾਲੀ ਬੀੜ ਅੰਦਰ ਪੜ੍ਹਨ ਵਿਚ ਆਉਂਦੇ ਹਨ, ਜੋ ਦੋ ਗੂਜਰੀ ਰਾਗ ਵਿਚ, ਇਕ ਸਿਰੀ ਰਾਗ ਅੰਦਰ ਤੇ ਇਕ ਧਾਨਸਰੀ ਰਾਗ ਵਿਚ ਹੈ। ਭਗਤ ਜੀ ਦੇ ਸਲੋਕ ਭੀ ਹਨ। ਆਪ ਭੀ ਨਾਮਦੇਵ ਜੀ ਦੀ ਤਰ੍ਹਾਂ ਬੀਠਲ ਮੂਰਤੀ ਦੇ ਹੀ ਪੁਜਾਰੀ ਸਨ। ......ਭਗਤ ਜੀ ਦੇ ਪੰਜੇ ਸ਼ਬਦ ਗੁਰਮਤਿ ਦੇ ਕਿਸੇ ਭੀ ਆਸ਼ੇ ਦਾ ਪਰਚਾਰ ਨਹੀਂ ਕਰਦੇ। ਭਗਤ ਜੀ ਦੇ ਕਈ ਸਿੱਧਾਂਤ ਗੁਰਮਤਿ ਤੋਂ ਉਲਟ ਹਨ। ਭਗਤ ਜੀ ਜਿਸ ਕ੍ਰਿਸ਼ਨ ਭਗਤੀ ਦੇ ਸ਼ਰਧਾਲੂ ਸਨ, ਉਸ ਕ੍ਰਿਸ਼ਨ ਜੀ ਦਾ ਗੁਰਮਤਿ ਅੰਦਰ ਪੂਰਨ ਖੰਡਣ ਹੈ। " ਪਾਠਕਾਂ ਦੇ ਸਾਹਮਣੇ ਸ਼ਬਦ ਅਤੇ ਸ਼ਬਦ ਦੇ ਅਰਥ ਮੌਜੂਦ ਹਨ। ਸ਼ਬਦ ਦਾ ਭਾਵ ਭੀ ਦਿੱਤਾ ਗਿਆ ਹੈ। ਲਫ਼ਜ਼ 'ਬੀਠਲ' ਬਾਰੇ ਨੋਟ ਭੀ ਪੇਸ਼ ਕੀਤਾ ਗਿਆ ਹੈ। ਜਿਥੋਂ ਤਕ ਇਸ ਸ਼ਬਦ ਦਾ ਸੰਬੰਧ ਪੈਂਦਾ ਹੈ, ਪਾਠਕ ਸੱਜਣ ਆਪ ਹੀ ਨਿਰਣਾ ਕਰ ਲੈਣ ਕਿ ਇਥੇ ਕਿਥੇ ਕੋਈ ਗੱਲ ਗੁਰਮਤਿ ਦੇ ਉਲਟ ਹੈ। ਭਗਤ ਜੀ ਦਾ 'ਬੀਠਲ' ਉਹ ਹੈ ਜੋ 'ਨਾਰਾਇਣ' ਹੈ ਅਤੇ 'ਵਣਿ ਤ੍ਰਿਣਿ ਰਤੜਾ" ਹੈ। ਕਿਸੇ ਭੀ ਖਿੱਚ ਘਸੀਟ ਨਾਲ ਇਸ ਨੂੰ ਮੂਰਤੀ ਨਹੀਂ ਕਿਹਾ ਜਾ ਸਕਦਾ। ਸ੍ਰੀਰਾਗੁ ਭਗਤ ਕਬੀਰ ਜੀਉ ਕਾ ॥ ਅਚਰਜ ਏਕੁ ਸੁਨਹੁ ਰੇ ਪੰਡੀਆ ਅਬ ਕਿਛੁ ਕਹਨੁ ਨ ਜਾਈ ॥ ਸੁਰਿ ਨਰ ਗਣ ਗੰਧ੍ਰਬ ਜਿਨਿ ਮੋਹੇ ਤ੍ਰਿਭਵਣ ਮੇਖੁਲੀ ਲਾਈ ॥੧॥ ਰਾਜਾ ਰਾਮ ਅਨਹਦ ਕਿੰਗੁਰੀ ਬਾਜੈ ॥ ਜਾ ਕੀ ਦਿਸਟਿ ਨਾਦ ਲਿਵ ਲਾਗੈ ॥੧॥ ਰਹਾਉ ॥ ਭਾਠੀ ਗਗਨੁ ਸਿੰਙਿਆ ਅਰੁ ਚੁੰਙਿਆ ਕਨਕ ਕਲਸ ਇਕੁ ਪਾਇਆ ॥ ਤਿਸੁ ਮਹਿ ਧਾਰ ਚੁਐ ਅਤਿ ਨਿਰਮਲ ਰਸ ਮਹਿ ਰਸਨ ਚੁਆਇਆ ॥੨॥ ਏਕ ਜੁ ਬਾਤ ਅਨੂਪ ਬਨੀ ਹੈ ਪਵਨ ਪਿਆਲਾ ਸਾਜਿਆ ॥ ਤੀਨਿ ਭਵਨ ਮਹਿ ਏਕੋ ਜੋਗੀ ਕਹਹੁ ਕਵਨੁ ਹੈ ਰਾਜਾ ॥੩॥ ਐਸੇ ਗਿਆਨ ਪ੍ਰਗਟਿਆ ਪੁਰਖੋਤਮ ਕਹੁ ਕਬੀਰ ਰੰਗਿ ਰਾਤਾ ॥ ਅਉਰ ਦੁਨੀ ਸਭ ਭਰਮਿ ਭੁਲਾਨੀ ਮਨੁ ਰਾਮ ਰਸਾਇਨ ਮਾਤਾ ॥੪॥੩॥ {ਪੰਨਾ 92} ਪਦ ਅਰਥ: ਪੰਡੀਆ = ਹੇ ਪੰਡਿਤ! ਸੁਰਿ = ਦੇਵਤੇ। ਗਣ = ਸ਼ਿਵਜੀ ਦੇ ਖ਼ਾਸ ਨਿੱਜ ਦੇ ਸੇਵਕ। ਗੰਧ੍ਰਬ = ਦੇਵਤਿਆਂ ਦੇ ਰਾਗੀ। ਤ੍ਰਿਭਵਣ = ਤਿੰਨਾਂ ਭਵਨਾਂ ਨੂੰ, ਸਾਰੇ ਜਗਤ ਨੂੰ। ਮੇਖੁਲੀ = (ਮਾਇਆ ਦੀ) ਤੜਾਗੀ।1। ਅਨਹਦ = ਇੱਕ-ਰਸ, ਬਿਨਾ ਜਤਨ ਕਰਨ ਦੇ, ਵਜਾਉਣ ਤੋਂ ਬਿਨਾ। ਕਿੰਗੁਰੀ ਬਾਜੈ = ਕਿੰਗਰੀ ਵੱਜ ਰਹੀ ਹੈ, ਰਾਗ ਹੋ ਰਿਹਾ ਹੈ। ਜਾ ਕੀ = ਜਿਸ (ਪ੍ਰਭੂ) ਦੀ। ਦਿਸਟਿ = (ਕਿਰਪਾ ਦੀ) ਨਜ਼ਰ ਨਾਲ। ਨਾਦ ਲਿਵ = ਸ਼ਬਦ ਦੀ ਲਿਵ, ਸ਼ਬਦ ਵਲ ਰੁਚੀ। ਰਹਾਉ। ਭਾਠੀ = ਭੱਠੀ, ਜਿੱਥੇ ਸ਼ਰਾਬ ਅਰਕ ਆਦਿਕ ਕੱਢੀਦਾ ਹੈ। ਗਗਨੁ = ਅਕਾਸ਼, ਦਸਵਾਂ ਦੁਆਰ, ਚਿਦਾਕਾਸ਼, ਚਿਤ+ਅਕਾਸ਼, ਦਿਮਾਗ, ਜਿਸ ਦੀ ਰਾਹੀਂ, ਪ੍ਰਭੂ ਵਿਚ ਸੁਰਤੀ ਜੋੜੀ ਜਾ ਸਕਦੀ ਹੈ। ਸਿੰਙਿਆ, ਚੁੰਙਿਆ = ਦੋ ਨਾਲਾਂ ਜੋ ਅਰਕ ਜਾਂ ਸ਼ਰਾਬ ਕੱਢਣ ਲਈ ਵਰਤੀਦੀਆਂ ਹਨ, ਇਕ ਨਾਲ ਦੇ ਰਾਹ ਅਰਕ ਨਿਕਲਦਾ ਹੈ, ਦੂਜੀ ਦੇ ਰਾਹ ਵਾਧੂ ਪਾਣੀ। ਕਨਕ = ਸੋਨਾ। ਕਲਸੁ = ਮੱਟ, ਜਿਸ ਵਿਚ ਅਰਕ ਜਾਂ ਸ਼ਰਾਬ ਚੋ ਚੋ ਕੇ ਪੈਂਦਾ ਜਾਂਦਾ ਹੈ। ਇਕੁ = ਇੱਕ ਪ੍ਰਭੂ। ਕਨਕ ਕਲਸੁ = ਸੋਨੇ ਦਾ ਮੱਟ, ਸ਼ੁੱਧ ਹਿਰਦਾ। ਤਿਸੁ ਮਹਿ = ਉਸ (ਸੁਨਹਿਰੀ ਕਲਸ) ਵਿਚ, ਸ਼ੁੱਧ ਹਿਰਦੇ ਵਿਚ। ਧਾਰ = (ਨਾਮ ਅੰਮ੍ਰਿਤ ਦੀ) ਧਾਰ। ਚੁਐ = ਚੋ ਚੋ ਪੈਂਦੀ ਹੈ। ਰਸ ਮਹਿ ਰਸਨ = ਸਭ ਰਸਾਂ ਤੋਂ ਸੁਆਦਲਾ ਰਸ, ਨਾਮ-ਅੰਮ੍ਰਿਤ। ਸਿੰਙਿਆ, ਚੁੰਙਿਆ = ਭਾਵ, ਮੰਦੇ ਕਰਮਾਂ ਵਲੋਂ ਸੰਙਣਾ ਤੇ ਚੰਗੇ ਕਰਮਾਂ ਨੂੰ ਗ੍ਰਹਿਣ ਕਰਨਾ।2। ਅਨੂਪ = ਅਚਰਜ, ਅਨੋਖੀ। ਪਵਨ = ਹਵਾ, ਪ੍ਰਾਣ, ਸੁਆਸ। ਸਾਜਿਆ = ਮੈਂ ਬਣਾਇਆ ਹੈ। ਜੋਗੀ = ਮਿਲਿਆ ਹੋਇਆ, ਵਿਆਪਕ। ਤੀਨਿ ਭਵਨ = ਸਾਰੇ ਜਗਤ ਵਿਚ। ਰਾਜਾ = ਵੱਡਾ।3। ਐਸੇ = ਇਸ ਤਰ੍ਹਾਂ ਜਿਵੇਂ ਉੱਪਰ ਦੱਸਿਆ ਹੈ। ਪੁਰਖੋਤਮ ਗਿਆਨੁ = ਪ੍ਰਭੂ ਦਾ ਗਿਆਨ, ਰੱਬ ਦੀ ਪਛਾਣ। ਕਹੁ = ਆਖ। ਕਬੀਰ = ਹੇ ਕਬੀਰ! ਰੰਗਿ = (ਪ੍ਰਭੂ ਦੇ) ਪ੍ਰੇਮ ਵਿਚ। ਰਾਤਾ = ਰੰਗਿਆ ਹੋਇਆ। ਅਉਰ ਦੁਨੀ = ਬਾਕੀ ਦੇ ਲੋਕ। ਭਰਮਿ = ਭੁਲੇਖੇ ਵਿਚ। ਮਨੁ = (ਮੇਰਾ) ਮਨ। ਰਸਾਇਨ = (ਰਸ+ਅਯਨ) ਰਸਾਂ ਦਾ ਘਰ। ਮਾਤਾ = ਮਸਤ।4। ਅਰਥ: ਹੇ ਪੰਡਤ! ਉਸ ਅਚਰਜ ਪ੍ਰਭੂ ਦਾ ਇਕ ਕੌਤਕ ਸੁਣੋ (ਜੋ ਮੇਰੇ ਨਾਲ ਵਰਤਿਆ ਹੈ ਤੇ ਜੋ) ਐਸ ਵੇਲੇ (ਜਿਉਂ ਕਾ ਤਿਉਂ) ਕਿਹਾ ਨਹੀਂ ਜਾ ਸਕਦਾ। ਉਸ ਪ੍ਰਭੂ ਨੇ ਸਾਰੇ ਜਗਤ ਨੂੰ (ਮਾਇਆ ਦੀ) ਤੜਾਗੀ ਪਾ ਕੇ ਦੇਵਤੇ, ਮਨੁੱਖ, ਗਣ ਅਤੇ ਗੰਧਰਬਾਂ ਨੂੰ ਮੋਹ ਲਿਆ ਹੋਇਆ ਹੈ।1। ਉਹ ਅਚਰਜ ਕੌਤਕ ਇਹ ਹੈ ਕਿ) ਜਿਸ ਪ੍ਰਕਾਸ਼-ਰੂਪ ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਸ਼ਬਦ ਵਿਚ ਲਿਵ ਲੱਗਦੀ ਹੈ, ਉਸ ਪ੍ਰਭੂ ਦੀ (ਮੇਰੇ ਅੰਦਰ) ਇੱਕ-ਰਸ ਤਾਰ ਵੱਜ ਰਹੀ ਹੈ।1। ਰਹਾਉ। ਮੇਰਾ ਦਿਮਾਗ਼ ਭੱਠੀ ਬਣਿਆ ਪਿਆ ਹੈ, (ਭਾਵ, ਸੁਰਤ ਪ੍ਰਭੂ ਵਿਚ ਜੁੜੀ ਹੋਈ ਹੈ) ; ਮੰਦੇ ਕਰਮਾਂ ਵਲੋਂ ਸੰਕੋਚ, ਮਾਨੋ, ਵਾਧੂ ਪਾਣੀ ਰੱਦ ਕਰਨ ਵਾਲੀ ਨਾਲ ਹੈ; ਗੁਣਾਂ ਨੂੰ ਗ੍ਰਹਿਣ ਕਰਨਾ, ਮਾਨੋ, (ਨਾਮ ਰੂਪ) ਸ਼ਰਾਬ ਕੱਢਣ ਵਾਲੀ ਨਾਲ ਹੈ; ਤੇ ਸ਼ੁੱਧ ਹਿਰਦਾ, ਮਾਨੋ, ਸੋਨੇ ਦਾ ਮੱਟ ਹੈ; ਹੁਣ ਮੈਂ ਇੱਕ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਹੈ। ਮੇਰੇ ਸ਼ੁੱਧ ਹਿਰਦੇ ਵਿਚ (ਨਾਮ- ਅੰਮ੍ਰਿਤ ਦੀ) ਬੜੀ ਸਾਫ਼ ਧਾਰ ਚੋ ਚੋ ਕੇ ਪੈ ਰਹੀ ਹੈ ਅਤੇ ਸਭ ਰਸਾਂ ਤੋਂ ਸੁਆਦਲਾ (ਨਾਮ) ਰਸ ਖਿੱਚਿਆ ਜਾ ਰਿਹਾ ਹੈ।2। ਇੱਕ ਹੋਰ ਸੁਆਦਲੀ ਗੱਲ ਬਣ ਪਈ ਹੈ (ਉਹ ਇਹ) ਕਿ ਮੈਂ ਸੁਆਸਾਂ ਨੂੰ (ਨਾਮ-ਅੰਮ੍ਰਿਤ ਪੀਣ ਲਈ) ਪਿਆਲਾ ਬਣਾ ਲਿਆ ਹੈ (ਭਾਵ, ਉਸ ਪ੍ਰਭੂ ਦੇ ਨਾਮ ਨੂੰ ਮੈਂ ਸੁਆਸ ਸੁਆਸ ਜਪ ਰਿਹਾ ਹਾਂ) ; (ਇਸ ਸੁਆਸ ਸੁਆਸ ਜਪਣ ਕਰ ਕੇ ਮੈਨੂੰ) ਸਾਰੇ ਜਗਤ ਵਿਚ ਇਕ ਪ੍ਰਭੂ ਹੀ ਵਿਆਪਕ (ਦਿੱਸ ਰਿਹਾ ਹੈ) । ਦੱਸ, (ਹੇ ਪੰਡਿਤ! ਮੈਨੂੰ) ਉਸ ਨਾਲੋਂ ਹੋਰ ਕੌਣ ਵੱਡਾ (ਹੋ ਸਕਦਾ) ਹੈ?।3। (ਜਿਵੇਂ ਉੱਪਰ ਦੱਸਿਆ ਹੈ) ਇਸ ਤਰ੍ਹਾਂ ਉਸ ਪ੍ਰਭੂ ਦੀ ਪਛਾਣ (ਮੇਰੇ ਅੰਦਰ) ਪਰਗਟ ਹੋ ਪਈ ਹੈ। ਪ੍ਰਭੂ ਦੇ ਪਿਆਰ ਵਿਚ ਰੱਤੇ ਹੋਏ, ਹੇ ਕਬੀਰ! (ਹੁਣ) ਆਖ ਕਿ ਹੋਰ ਸਾਰਾ ਜਗਤ ਤਾਂ ਭੁਲੇਖੇ ਵਿਚ ਭੁੱਲਾ ਹੋਇਆ ਹੈ (ਪਰ ਪ੍ਰਭੂ ਦੀ ਮਿਹਰ ਨਾਲ) ਮੇਰਾ ਮਨ ਰਸਾਂ ਦੇ ਸੋਮੇ ਪ੍ਰਭੂ ਵਿਚ ਮਸਤ ਹੋਇਆ ਹੋਇਆ ਹੈ।4।3। ਨੋਟ: "ਰਹਾਉ" ਦੀਆਂ ਤੁਕਾਂ ਵਿਚ ਸ਼ਬਦ ਦਾ ਮੁੱਖ-ਭਾਵ ਹੋਇਆ ਕਰਦਾ ਹੈ। ਇਸ ਸ਼ਬਦ ਦੀਆਂ 'ਰਹਾਉ ਦੀਆਂ' ਤੁਕਾਂ ਗਹੁ ਨਾਲ ਵਿਚਾਰੋ। ਪ੍ਰਭੂ ਦੇ ਮਿਲਾਪ ਦੀ ਵੱਜ ਰਹੀ ਜਿਸ ਤਾਰ ਦਾ ਇੱਥੇ ਜ਼ਿਕਰ ਹੈ, ਸਾਰੇ ਸ਼ਬਦ ਵਿਚ ਉਸੇ ਦੀ ਵਿਆਖਿਆ ਹੈ। ਸ਼ਬਦ ਦਾ ਭਾਵ: ਗੁਰੂ ਦੇ ਸ਼ਬਦ ਵਿਚ ਜੁੜਨ ਨਾਲ ਮਨ ਵਿਚ ਪ੍ਰਭੂ ਦੇ ਮਿਲਾਪ ਦੀ ਤਾਰ ਵੱਜਣ ਲੱਗ ਪੈਂਦੀ ਹੈ; ਉਸ ਸੁਆਦ ਦਾ ਅਸਲ ਸਰੂਪ ਦੱਸਿਆ ਨਹੀਂ ਜਾ ਸਕਦਾ, ਪਰ ਦਿਮਾਗ਼ ਤੇ ਹਿਰਦਾ ਉਸੇ ਦੇ ਸਿਮਰਨ ਤੇ ਪਿਆਰ ਵਿਚ ਭਿੱਜੇ ਰਹਿੰਦੇ ਹਨ; ਸੁਆਸ ਸੁਆਸ ਯਾਦ ਵਿਚ ਬੀਤਦਾ ਹੈ, ਸਾਰੇ ਜਗਤ ਵਿਚ ਪ੍ਰਭੂ ਹੀ ਸਭ ਤੋਂ ਵੱਡਾ ਦਿੱਸਦਾ ਹੈ, ਕੇਵਲ ਉਸ ਦੇ ਪਿਆਰ ਵਿਚ ਹੀ ਮਨ ਮਸਤ ਰਹਿੰਦਾ ਹੈ। ਨੋਟ: ਜੋਗ-ਅਭਿਆਸ ਪ੍ਰਾਣਾਯਾਮ ਦੀ ਵਡਿਆਈ ਕਰਨ ਵਾਲੇ ਕਿਸੇ "ਪੰਡੀਆ" ਨੂੰ ਕਬੀਰ ਜੀ ਪਰਮਾਤਮਾ ਦੇ ਸਿਮਰਨ ਦੀ ਬਜ਼ੁਰਗੀ ਦੱਸਦੇ ਹਨ। ਚੂੰਕਿ ਜੋਗ-ਅੱਭਿਆਸੀ ਜੋਗੀ ਲੋਕ ਸ਼ਰਾਬ ਪੀ ਕੇ ਸੁਰਤ ਜੋੜਨ ਦੀ ਕੋਸ਼ਸ਼ ਕਰਦੇ ਸਨ, ਕਬੀਰ ਜੀ ਉਸ ਮਸਤੀ ਦਾ ਜ਼ਿਕਰ ਕਰਦੇ ਹਨ ਜੋ ਸੁਆਸ ਸੁਆਸ ਦੇ ਸਿਮਰਨ ਨਾਲ ਪੈਦਾ ਹੁੰਦੀ ਹੈ। ਕਬੀਰ ਜੀ 'ਨਾਮ' ਦੀ ਸ਼ਰਾਬ ਵਾਸਤੇ ("ਪਵਨ") ਸੁਆਸ ਸੁਆਸ ਨੂੰ 'ਪਿਆਲਾ' ਬਣਾਂਦੇ ਹਨ। ਕਈ ਸੱਜਣ ਇੱਥੇ ਕਬੀਰ ਜੀ ਨੂੰ ਜੋਗ-ਅੱਭਿਆਸੀ ਸਮਝ ਰਹੇ ਹਨ, ਪਰ ਕਬੀਰ ਜੀ ਖੁਲ੍ਹੇ ਲਫ਼ਜ਼ਾਂ ਵਿਚ 'ਆਸਨ ਪਵਨ' ਨੂੰ ਜੋਗ-ਅੱਭਿਆਸ ਤੇ ਪ੍ਰਾਣਾਯਾਮ ਨੂੰ 'ਕਪਟੁ' ਆਖਦੇ ਹਨ: "ਆਸਨੁ ਪਵਨੁ ਦੂਰਿ ਕਰਿ ਬਵਰੇ। ਛਾਡਿ ਕਪਟੁ ਨਿਤ ਹਰਿ ਭਜੁ ਬਵਰੇ। " |
Sri Guru Granth Darpan, by Professor Sahib Singh |