ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 96

ਮਾਝ ਮਹਲਾ ੪ ॥ ਹਉ ਗੁਣ ਗੋਵਿੰਦ ਹਰਿ ਨਾਮੁ ਧਿਆਈ ॥ ਮਿਲਿ ਸੰਗਤਿ ਮਨਿ ਨਾਮੁ ਵਸਾਈ ॥ ਹਰਿ ਪ੍ਰਭ ਅਗਮ ਅਗੋਚਰ ਸੁਆਮੀ ਮਿਲਿ ਸਤਿਗੁਰ ਹਰਿ ਰਸੁ ਕੀਚੈ ਜੀਉ ॥੧॥ ਧਨੁ ਧਨੁ ਹਰਿ ਜਨ ਜਿਨਿ ਹਰਿ ਪ੍ਰਭੁ ਜਾਤਾ ॥ ਜਾਇ ਪੁਛਾ ਜਨ ਹਰਿ ਕੀ ਬਾਤਾ ॥ ਪਾਵ ਮਲੋਵਾ ਮਲਿ ਮਲਿ ਧੋਵਾ ਮਿਲਿ ਹਰਿ ਜਨ ਹਰਿ ਰਸੁ ਪੀਚੈ ਜੀਉ ॥੨॥ ਸਤਿਗੁਰ ਦਾਤੈ ਨਾਮੁ ਦਿੜਾਇਆ ॥ ਵਡਭਾਗੀ ਗੁਰ ਦਰਸਨੁ ਪਾਇਆ ॥ ਅੰਮ੍ਰਿਤ ਰਸੁ ਸਚੁ ਅੰਮ੍ਰਿਤੁ ਬੋਲੀ ਗੁਰਿ ਪੂਰੈ ਅੰਮ੍ਰਿਤੁ ਲੀਚੈ ਜੀਉ ॥੩॥ ਹਰਿ ਸਤਸੰਗਤਿ ਸਤ ਪੁਰਖੁ ਮਿਲਾਈਐ ॥ ਮਿਲਿ ਸਤਸੰਗਤਿ ਹਰਿ ਨਾਮੁ ਧਿਆਈਐ ॥ ਨਾਨਕ ਹਰਿ ਕਥਾ ਸੁਣੀ ਮੁਖਿ ਬੋਲੀ ਗੁਰਮਤਿ ਹਰਿ ਨਾਮਿ ਪਰੀਚੈ ਜੀਉ ॥੪॥੬॥ {ਪੰਨਾ 96}

ਪਦ ਅਰਥ: ਮਿਲਿ = ਮਿਲ ਕੇ। ਮਨਿ = ਮਨ ਵਿਚ। ਵਸਾਈ = ਵਸਾਈਂ, ਮੈਂ ਵਸਾਵਾਂ। ਹਉ = ਮੈਂ। ਪ੍ਰਭ = ਹੇ ਪ੍ਰਭੂ! ਅਗਮ = ਹੇ ਅਪਹੁੰਚ ਪ੍ਰਭੂ! ਅਗੋਚਰ = ਉਹ ਪ੍ਰਭੂ ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਕੀਚੈ = ਕੀਤਾ ਜਾ ਸਕੇ।1।

ਜਿਨ = ਜਿਨ੍ਹਾਂ ਨੇ। ਜਾਤਾ = ਪਛਾਣਿਆ, ਡੂੰਘੀ ਸਾਂਝ ਪਾਈ। ਜਾਇ = ਜਾ ਕੇ। ਪੁਛਾ = ਪੁੱਛਾਂ। ਪਾਵ = {'ਪਾਉ' ਤੋਂ ਬਹੁ-ਵਚਨ} ਪੈਰ। ਮਲੋਵਾ = ਮਲੋਵਾਂ, ਮਲਾਂ। ਮਲਿ = ਮਲ ਕੇ। ਪੀਚੈ = ਪੀਤਾ ਜਾਏ।2।

ਦਾਤੈ = ਦਾਤੇ ਨੇ। ਦਿੜਾਇਆ = (ਹਿਰਦੇ ਵਿਚ) ਪੱਕਾ ਕਰ ਦਿੱਤਾ। ਸਚੁ = ਸਦਾ-ਥਿਰ ਰਹਿਣ ਵਾਲਾ। ਬੋਲੀ = ਬੋਲੀਂ, ਮੈਂ ਬੋਲਾਂ। ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ। ਲੀਚੈ = ਲਿਆ ਜਾ ਸਕਦਾ ਹੈ।3।

ਹਰਿ = ਹੇ ਹਰੀ! ਧਿਆਈਐ = ਧਿਆਇਆ ਜਾ ਸਕਦਾ ਹੈ। ਸੁਣੀ = ਮੈਂ ਸੁਣਾਂ। ਬੋਲੀ = ਮੈਂ ਬੋਲਾਂ। ਪਰੀਚੈ = ਪਰੀਚਦਾ ਹੈ।4।

ਅਰਥ: (ਮੇਰੀ ਅਰਦਾਸਿ ਹੈ ਕਿ) ਮੈਂ ਗੋਬਿੰਦ ਦੇ ਗੁਣ ਗਾਵਾਂ, ਮੈਂ ਹਰੀ ਦਾ ਨਾਮ ਸਿਮਰਾਂ, ਤੇ ਸਾਧ ਸੰਗਤਿ ਵਿਚ ਮਿਲ ਕੇ ਮੈਂ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਵਾਂ। ਹੇ ਹਰੀ! ਹੇ ਪ੍ਰਭੂ! ਹੇ ਅਪਹੁੰਚ (ਪ੍ਰਭੂ) ! ਹੇ ਅਗੋਚਰ (ਪ੍ਰਭੂ) ! ਹੇ ਸੁਆਮੀ! (ਜੇ ਤੇਰੀ ਮਿਹਰ ਹੋਵੇ ਤਾਂ) ਸਤਿਗੁਰੂ ਨੂੰ ਮਿਲ ਕੇ ਤੇਰੇ ਨਾਮ ਦਾ ਆਨੰਦ ਮਾਣਿਆ ਜਾ ਸਕਦਾ ਹੈ।1।

ਭਾਗਾਂ ਵਾਲੇ ਹਨ ਪਰਮਾਤਮਾ ਦੇ ਉਹ ਸੇਵਕ ਜਿਨ੍ਹਾਂ ਨੇ ਹਰਿ-ਪ੍ਰਭੂ ਨਾਲ ਡੂੰਘੀ ਸਾਂਝ ਪਾ ਰੱਖੀ ਹੈ। (ਮੇਰਾ ਜੀ ਲੋਚਦਾ ਹੈ ਕਿ) ਮੈਂ ਉਹਨਾਂ ਹਰਿ-ਜਨਾਂ ਕੋਲ ਜਾ ਕੇ ਹਰੀ ਦੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਪੁੱਛਾਂ। ਮੈ ਉਹਨਾਂ ਦੇ ਪੈਰ ਘੁੱਟਾਂ, (ਉਹਨਾਂ ਦੇ ਪੈਰ) ਮਲ ਮਲ ਕੇ ਧੋਵਾਂ। ਹਰੀ ਦੇ ਸੇਵਕਾਂ ਨੂੰ ਹੀ ਮਿਲ ਕੇ ਹਰੀ ਦਾ ਨਾਮ-ਰਸ ਪੀਤਾ ਜਾ ਸਕਦਾ ਹੈ।2।

(ਨਾਮ ਦੀ ਦਾਤਿ) ਦੇਣ ਵਾਲੇ ਸਤਿਗੁਰੂ ਨੇ ਪਰਮਾਤਮਾ ਦਾ ਨਾਮ ਮੇਰੇ ਹਿਰਦੇ ਵਿਚ ਪੱਕਾ ਕਰ ਦਿੱਤਾ ਹੈ, ਵੱਡੇ ਭਾਗਾਂ ਨਾਲ ਮੈਨੂੰ ਗੁਰੂ ਦਾ ਦਰਸ਼ਨ ਪ੍ਰਾਪਤ ਹੋਇਆ। ਹੁਣ ਮੈਂ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਮਾਣਦਾ ਹਾਂ ਤੇ ਸਦਾ ਕਾਇਮ ਰਹਿਣ ਵਾਲਾ ਅੰਮ੍ਰਿਤ ਨਾਮ (ਮੂੰਹੋਂ) ਉਚਾਰਦਾ ਹਾਂ। ਪੂਰੇ ਗੁਰੂ ਦੀ ਰਾਹੀਂ (ਹੀ) ਇਹ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਲਿਆ ਜਾ ਸਕਦਾ ਹੈ।3।

ਹੇ ਹਰੀ! ਮੈਨੂੰ ਸਾਧ ਸੰਗਤਿ ਮਿਲਾ, ਮੈਨੂੰ ਸਤਿਗੁਰੂ ਮਿਲਾ। ਸਾਧ ਸੰਗਤਿ ਵਿਚ ਮਿਲ ਕੇ ਹੀ ਹਰਿ-ਨਾਮ ਸਿਮਰਿਆ ਜਾ ਸਕਦਾ ਹੈ। ਹੇ ਨਾਨਕ! (ਅਰਦਾਸ ਕਰ ਕਿ ਸਾਧ ਸੰਗਤਿ ਵਿਚ ਮਿਲ ਕੇ ਗੁਰੁ ਦੀ ਸਰਨ ਪੈ ਕੇ) ਮੈਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਦਾ ਰਹਾਂ ਤੇ ਮੂੰਹੋਂ ਬੋਲਦਾ ਰਹਾਂ। ਗੁਰੂ ਦੀ ਮਤਿ ਲੈ ਕੇ (ਮਨ) ਪਰਮਾਤਮਾ ਦੇ ਨਾਮ ਵਿਚ ਪਰਚਿਆ ਰਹਿੰਦਾ ਹੈ।4।6।

ਮਾਝ ਮਹਲਾ ੪ ॥ ਆਵਹੁ ਭੈਣੇ ਤੁਸੀ ਮਿਲਹੁ ਪਿਆਰੀਆ ॥ ਜੋ ਮੇਰਾ ਪ੍ਰੀਤਮੁ ਦਸੇ ਤਿਸ ਕੈ ਹਉ ਵਾਰੀਆ ॥ ਮਿਲਿ ਸਤਸੰਗਤਿ ਲਧਾ ਹਰਿ ਸਜਣੁ ਹਉ ਸਤਿਗੁਰ ਵਿਟਹੁ ਘੁਮਾਈਆ ਜੀਉ ॥੧॥ ਜਹ ਜਹ ਦੇਖਾ ਤਹ ਤਹ ਸੁਆਮੀ ॥ ਤੂ ਘਟਿ ਘਟਿ ਰਵਿਆ ਅੰਤਰਜਾਮੀ ॥ ਗੁਰਿ ਪੂਰੈ ਹਰਿ ਨਾਲਿ ਦਿਖਾਲਿਆ ਹਉ ਸਤਿਗੁਰ ਵਿਟਹੁ ਸਦ ਵਾਰਿਆ ਜੀਉ ॥੨॥ ਏਕੋ ਪਵਣੁ ਮਾਟੀ ਸਭ ਏਕਾ ਸਭ ਏਕਾ ਜੋਤਿ ਸਬਾਈਆ ॥ ਸਭ ਇਕਾ ਜੋਤਿ ਵਰਤੈ ਭਿਨਿ ਭਿਨਿ ਨ ਰਲਈ ਕਿਸੈ ਦੀ ਰਲਾਈਆ ॥ ਗੁਰ ਪਰਸਾਦੀ ਇਕੁ ਨਦਰੀ ਆਇਆ ਹਉ ਸਤਿਗੁਰ ਵਿਟਹੁ ਵਤਾਇਆ ਜੀਉ ॥੩॥ ਜਨੁ ਨਾਨਕੁ ਬੋਲੈ ਅੰਮ੍ਰਿਤ ਬਾਣੀ ॥ ਗੁਰਸਿਖਾਂ ਕੈ ਮਨਿ ਪਿਆਰੀ ਭਾਣੀ ॥ ਉਪਦੇਸੁ ਕਰੇ ਗੁਰੁ ਸਤਿਗੁਰੁ ਪੂਰਾ ਗੁਰੁ ਸਤਿਗੁਰੁ ਪਰਉਪਕਾਰੀਆ ਜੀਉ ॥੪॥੭॥ ਸਤ ਚਉਪਦੇ ਮਹਲੇ ਚਉਥੇ ਕੇ ॥ {ਪੰਨਾ 96}

ਪਦ ਅਰਥ: ਭੈਣੇ ਪਿਆਰੀਆ = ਹੇ ਪਿਆਰੀ ਭੈਣੋ! ਹੇ ਸਤਸੰਗਿਓ! ਤਿਸ ਕੈ = ਉਸ ਤੋਂ। ਹਉ = ਮੈਂ। ਵਾਰੀਆ = ਸਦਕੇ ਹਾਂ। ਮਿਲਿ = ਮਿਲ ਕੇ। ਵਿਟਹੁ = ਤੋਂ। ਘੁਮਾਈਆ = ਕੁਰਬਾਨ ਹਾਂ {ਇਸਤ੍ਰੀ-ਲਿੰਗ}।1।

ਜਹ ਜਹ = ਜਿਥੇ ਜਿਥੇ। ਤਹ ਤਹ = ਉਥੇ ਉਥੇ। ਦੇਖਾ = ਦੇਖਾਂ, ਮੈਂ ਦੇਖਦਾ ਹਾਂ। ਸੁਆਮੀ = ਹੇ ਸੁਆਮੀ! ਘਟਿ ਘਟਿ = ਹਰੇਕ ਘਟ ਵਿਚ। ਅੰਤਰਜਾਮੀ = ਹੇ ਅੰਤਰਜਾਮੀ! ਹੇ ਸਭ ਦੇ ਦਿਲ ਦੀ ਜਾਣਨ ਵਾਲੇ! ਗੁਰਿ ਪੂਰੈ = ਪੂਰੇ ਗੁਰੂ ਨੇ। ਸਦ = ਸਦਾ। ਵਾਰਿਆ = ਕੁਰਬਾਨ {ਪੁਲਿੰਗ}।2।

ਪਵਣੁ = ਹਵਾ, ਸੁਆਸ। ਮਾਟੀ = ਮਿੱਟੀ ਤੱਤ, ਸਰੀਰ। ਸਬਾਈਆ = ਸਾਰੀ। ਵਰਤੈ = ਮੌਜੂਦ ਹੈ। ਭਿਨਿ ਭਿਨਿ = ਵੱਖ ਵੱਖ ਸਰੀਰ ਵਿਚ। ਨ ਰਲਈ = ਨ ਰਲੈ, ਮਿਲਦੀ ਨਹੀਂ। ਇਕੁ = ਇੱਕ ਪਰਮਾਤਮਾ। ਵਤਾਇਆ = ਕੁਰਬਾਨ {ਪੁਲਿੰਗ}।3।

ਜਨੁ = ਦਾਸ {ਇਕ-ਵਚਨ}। ਨਾਨਕੁ ਬੋਲੈ = ਨਾਨਕ ਬੋਲਦਾ ਹੈ। {ਨੋਟ: ਲ਼ਫ਼ਜ਼ 'ਨਾਨਕ' ਅਤੇ 'ਨਾਨਕੁ' ਦਾ ਫ਼ਰਕ ਚੇਤੇ ਰੱਖਣ-ਜੋਗ ਹੈ}। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ, ਆਤਮਕ ਮੌਤ ਤੋਂ ਬਚਾਣ ਵਾਲੀ। ਕੈ ਮਨਿ = ਦੇ ਮਨ ਵਿਚ। ਭਾਣੀ = ਪਸੰਦ ਹੈ। ਪਰਉਪਕਾਰੀ = ਹੋਰਨਾਂ ਦਾ ਭਲਾ ਕਰਨ ਵਾਲਾ।4।

ਅਰਥ: ਹੇ ਪਿਆਰੀ ਭੈਣੋ! (ਹੇ ਸਤਸੰਗੀਹੋ!) ਤੁਸੀ ਆਵੋ ਤੇ ਰਲ ਕੇ ਬੈਠੋ। ਜੇਹੜੀ ਭੈਣ ਮੈਨੂੰ ਮੇਰੇ ਪ੍ਰੀਤਮ ਦੀ ਦੱਸ ਪਾਇਗੀ, ਮੈਂ ਉਸ ਤੋਂ ਸਦਕੇ ਜਾਵਾਂਗੀ। ਸਾਧ ਸੰਗਤਿ ਵਿਚ ਮਿਲ ਕੇ (ਗੁਰੂ ਦੀ ਰਾਹੀਂ) ਮੈਂ ਸੱਜਣ ਪ੍ਰਭੂ ਲੱਭਾ ਹੈ, ਮੈਂ ਗੁਰੂ ਤੋਂ ਕੁਰਬਾਨ ਜਾਂਦੀ ਹਾਂ।1।

ਹੇ ਸੁਆਮੀ! ਮੈਂ ਜਿਧਰ ਜਿਧਰ ਵੇਖਦਾ ਹਾਂ ਉਧਰ ਉਧਰ ਹੀ ਤੂੰ ਹੈਂ। ਹੇ ਅੰਤਰਜਾਮੀ! ਤੂੰ ਹਰੇਕ ਸਰੀਰ ਵਿਚ ਵਿਆਪਕ ਹੈਂ। ਮੈਂ ਪੂਰੇ ਗੁਰੂ ਤੋਂ ਸਦਾ ਕੁਰਬਾਨ ਜਾਂਦਾ ਹਾਂ, ਪੂਰੇ ਗੁਰੂ ਨੇ ਮੈਨੂੰ ਪਰਮਾਤਮਾ ਮੇਰੇ ਨਾਲ ਵੱਸਦਾ ਵਿਖਾ ਦਿੱਤਾ ਹੈ।1।

(ਹੇ ਭਾਈ!) (ਸਾਰੇ ਸਰੀਰਾਂ ਵਿਚ) ਇਕੋ ਹੀ ਹਵਾ (ਸੁਆਸ) ਹੈ, ਮਿੱਟੀ ਤੱਤ ਭੀ ਸਾਰੇ ਸਰੀਰਾਂ ਦਾ ਇਕੋ ਹੀ ਹੈ ਤੇ ਸਾਰੇ ਸਰੀਰਾਂ ਵਿਚ ਇਕੋ ਹੀ ਰੱਬੀ ਜੋਤਿ ਮੌਜੂਦ ਹੈ। ਸਭਨਾਂ ਵਿਚ ਇਕੋ ਹੀ ਜੋਤਿ ਕੰਮ ਕਰ ਰਹੀ ਹੈ। ਵਖ ਵਖ (ਦਿੱਸਦੇ) ਹਰੇਕ ਸਰੀਰ ਵਿਚ ਇਕੋ ਜੋਤਿ ਹੈ, ਪਰ (ਮਾਇਆ ਵੇੜ੍ਹੇ ਜੀਵਾਂ ਨੂੰ) ਕਿਸੇ ਦੀ ਜੋਤਿ ਦੂਜੇ ਦੀ ਜੋਤਿ ਨਾਲ ਰਲਾਇਆਂ ਰਲਦੀ ਨਹੀਂ ਦਿੱਸਦੀ (ਜੋਤਿ ਸਾਂਝੀ ਨਹੀਂ ਜਾਪਦੀ) । ਗੁਰੂ ਦੀ ਕਿਰਪਾ ਨਾਲ ਮੈਨੂੰ ਹਰੇਕ ਵਿਚ ਇਕ ਪਰਮਾਤਮਾ ਹੀ ਦਿੱਸ ਪਿਆ ਹੈ। ਮੈਂ ਗੁਰੂ ਤੋਂ ਕੁਰਬਾਨ ਹਾਂ।3।

ਦਾਸ ਨਾਨਕ ਆਤਮਕ ਜੀਵਨ ਦੇਣ ਵਾਲੀ ਗੁਰੂ ਦੀ ਬਾਣੀ (ਸਦਾ) ਉਚਾਰਦਾ ਹੈ। ਗੁਰੂ ਦੇ ਸਿੱਖਾਂ ਦੇ ਮਨ ਵਿਚ ਇਹ ਬਾਣੀ ਪਿਆਰੀ ਲੱਗਦੀ ਹੈ ਮਿੱਠੀ ਲੱਗਦੀ ਹੈ। ਪੂਰਾ ਗੁਰੂ ਪੂਰਾ ਸਤਿਗੁਰੂ (ਇਹੀ) ਉਸਦੇਸ਼ ਕਰਦਾ ਹੈ (ਕਿ ਸਭ ਜੀਵਾਂ ਵਿਚ ਇਕੋ ਪਰਮਾਤਮਾ ਦੀ ਜੋਤਿ ਹੀ ਵਰਤ ਰਹੀ ਹੈ) । ਪੂਰਾ ਗੁਰੂ ਹੋਰਨਾਂ ਦਾ ਭਲਾ ਕਰਨ ਵਾਲਾ ਹੈ।4।7।

ਮਾਝ ਮਹਲਾ ੫ ਚਉਪਦੇ ਘਰੁ ੧ ॥ ਮੇਰਾ ਮਨੁ ਲੋਚੈ ਗੁਰ ਦਰਸਨ ਤਾਈ ॥ ਬਿਲਪ ਕਰੇ ਚਾਤ੍ਰਿਕ ਕੀ ਨਿਆਈ ॥ ਤ੍ਰਿਖਾ ਨ ਉਤਰੈ ਸਾਂਤਿ ਨ ਆਵੈ ਬਿਨੁ ਦਰਸਨ ਸੰਤ ਪਿਆਰੇ ਜੀਉ ॥੧॥ ਹਉ ਘੋਲੀ ਜੀਉ ਘੋਲਿ ਘੁਮਾਈ ਗੁਰ ਦਰਸਨ ਸੰਤ ਪਿਆਰੇ ਜੀਉ ॥੧॥ ਰਹਾਉ ॥ ਤੇਰਾ ਮੁਖੁ ਸੁਹਾਵਾ ਜੀਉ ਸਹਜ ਧੁਨਿ ਬਾਣੀ ॥ ਚਿਰੁ ਹੋਆ ਦੇਖੇ ਸਾਰਿੰਗਪਾਣੀ ॥ ਧੰਨੁ ਸੁ ਦੇਸੁ ਜਹਾ ਤੂੰ ਵਸਿਆ ਮੇਰੇ ਸਜਣ ਮੀਤ ਮੁਰਾਰੇ ਜੀਉ ॥੨॥ ਹਉ ਘੋਲੀ ਹਉ ਘੋਲਿ ਘੁਮਾਈ ਗੁਰ ਸਜਣ ਮੀਤ ਮੁਰਾਰੇ ਜੀਉ ॥੧॥ ਰਹਾਉ ॥ ਇਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ ॥ ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ ॥ ਮੋਹਿ ਰੈਣਿ ਨ ਵਿਹਾਵੈ ਨੀਦ ਨ ਆਵੈ ਬਿਨੁ ਦੇਖੇ ਗੁਰ ਦਰਬਾਰੇ ਜੀਉ ॥੩॥ ਹਉ ਘੋਲੀ ਜੀਉ ਘੋਲਿ ਘੁਮਾਈ ਤਿਸੁ ਸਚੇ ਗੁਰ ਦਰਬਾਰੇ ਜੀਉ ॥੧॥ ਰਹਾਉ ॥ ਭਾਗੁ ਹੋਆ ਗੁਰਿ ਸੰਤੁ ਮਿਲਾਇਆ ॥ ਪ੍ਰਭੁ ਅਬਿਨਾਸੀ ਘਰ ਮਹਿ ਪਾਇਆ ॥ ਸੇਵ ਕਰੀ ਪਲੁ ਚਸਾ ਨ ਵਿਛੁੜਾ ਜਨ ਨਾਨਕ ਦਾਸ ਤੁਮਾਰੇ ਜੀਉ ॥੪॥ ਹਉ ਘੋਲੀ ਜੀਉ ਘੋਲਿ ਘੁਮਾਈ ਜਨ ਨਾਨਕ ਦਾਸ ਤੁਮਾਰੇ ਜੀਉ ॥ ਰਹਾਉ ॥੧॥੮॥ {ਪੰਨਾ 96-97}

ਪਦ ਅਰਥ: ਲੋਚੈ = ਲੋਚਦਾ ਹੈ, ਤਾਂਘਦਾ ਹੈ। ਤਾਈ = ਤਾਈਂ, ਵਾਸਤੇ। ਬਿਲਪ = ਵਿਰਲਾਪ, ਤਰਲੇ। ਨਿਆਈ = ਨਿਆਈਂ, ਵਾਂਗ। ਤ੍ਰਿਖਾ = ਤ੍ਰੇਹ।1।

ਹਉ = ਮੈਂ। ਘੋਲੀ = ਸਦਕੇ। ਘੋਲਿ ਘੁਮਾਈ = ਸਦਕੇ, ਕੁਰਬਾਨ, ਵਾਰੀ।1। ਰਹਾਉ।

ਸੁਹਾਵਾ = {suKwvX} ਸੁਖ ਦੇਣ ਵਾਲਾ, ਸੋਹਣਾ। ਸਹਜ = ਆਤਮਕ ਅਡੋਲਤਾ। ਧੁਨਿ = ਰੌ। ਸਹਜ ਧੁਨਿ = ਆਤਮਕ ਅਡੋਲਤਾ ਦੀ ਰੌ ਪੈਦਾ ਕਰਨ ਵਾਲੀ। ਬਾਣੀ = ਸਿਫ਼ਤਿ-ਸਾਲਾਹ।

ਸਾਰਿੰਗ ਪਾਣੀ = ਹੇ ਸਾਰਿੰਗ ਪਾਣੀ! ਹੇ ਪਰਮਾਤਮਾ! {ਸਾਰਿੰਗ = ਧਨੁਖ। ਪਾਣੀ = ਹੱਥ। ਜਿਸ ਦੇ ਹੱਥ ਵਿਚ ਧਨੁਖ ਹੈ, ਧਨੁਖ-ਧਾਰੀ ਪ੍ਰਭੂ}। ਧੰਨੁ = ਭਾਗਾਂ ਵਾਲਾ। ਦੇਸੁ = ਹਿਰਦਾ-ਦੇਸ। ਜਹਾ = ਜਿੱਥੇ। ਮੁਰਾਰੇ = ਮੁਰਾਰੀ! {ਮੁਰ-ਅਰਿ। 'ਮੁਰ' ਦੈਂਤ ਦਾ ਵੈਰੀ}।2।

ਕਦਿ = ਕਦੋਂ? ਪ੍ਰਿਅ = ਹੇ ਪਿਆਰੇ! ਪ੍ਰਿਅ ਭਗਵੰਤਾ = ਹੇ ਪਿਆਰੇ ਭਗਵਾਨ! ਤੁਧੁ = ਤੈਨੂੰ। ਮੋਹਿ = ਮੇਰੀ। ਰੈਣਿ = {ਜ਼ਿੰਦਗੀ ਦੀ} ਰਾਤ। ਨੀਦ = ਸ਼ਾਂਤੀ।3।

ਸਚੇ = ਸਦਾ-ਥਿਰ ਰਹਿਣ ਵਾਲੇ।1। ਰਹਾਉ।

ਭਾਗੁ ਹੋਆ = ਕਿਸਮਤਿ ਜਾਗ ਪਈ ਹੈ। ਗੁਰਿ = ਗੁਰੂ ਨੇ। ਸੰਤੁ = ਸ਼ਾਂਤ-ਮੂਰਤੀ ਪ੍ਰਭੂ। ਅਬਿਨਾਸੀ = ਨਾਸ-ਰਹਿਤ। ਘਰ ਮਹਿ = ਹਿਰਦੇ ਵਿਚ (ਹੀ) । ਕਰੀ = ਕਰੀਂ, ਮੈਂ ਕਰਦਾ ਹਾਂ। ਚਸਾ = ਪਲ ਦਾ ਤ੍ਰੀਹਵਾਂ ਹਿੱਸਾ। ਵਿਛੁੜਾ = ਵਿੱਛੁੜਾਂ, ਮੈਂ ਵਿੱਛੁੜਦਾ।4।

ਨੋਟ: ਉ​ਂਞ ਤਾਂ ਸਾਧਾਰਨ ਤੌਰ ਤੇ ਹਰੇਕ ਸ਼ਬਦ ਕਿਸੇ ਪਰਥਾਇ ਹੀ ਹੋਇਆ ਕਰਦਾ ਹੈ, 'ਪਰਥਾਇ ਸਾਖੀ ਮਹਾ ਪੁਰਖ ਬੋਲਦੇ'। ਪਰ ਇਸ ਸ਼ਬਦ ਦੇ ਨਾਲ ਚਿੱਠੀਆਂ ਵਾਲੀ ਕਹਾਣੀ ਮਨ-ਘੜਤ ਦਿੱਸ ਰਹੀ ਹੈ। ਚੌਥੇ ਬੰਦ ਦੀ ਤੁਕ 'ਭਾਗੁ ਹੋਆ ਗੁਰਿ ਸੰਤੁ ਮਿਲਾਇਆ' ਧਿਆਨ ਨਾਲ ਪੜ੍ਹੋ। ਇਸ ਦਾ ਅਰਥ ਹੈ 'ਗੁਰੂ ਨੇ ਸੰਤ (ਪ੍ਰਭੂ) ਮਿਲਾ ਦਿੱਤਾ ਹੈ'। ਜੇ ਕਹਾਣੀ ਠੀਕ ਹੁੰਦੀ ਤਾਂ ਆਖਦੇ ਕਿ ਪ੍ਰਭੂ ਨੇ ਗੁਰੂ ਮਿਲਾ ਦਿੱਤਾ ਹੈ। ਉਸ ਕਹਾਣੀ ਵਿਚ ਹੋਰ ਭੀ ਕਈ ਖ਼ਾਮੀਆਂ ਹਨ। ਇੱਥੇ ਦੱਸਣੀਆਂ ਬੇਲੋੜਵੀਆਂ ਹਨ। ਬਿਰਹੋਂ ਅਵਸਥਾ ਦਾ ਸ਼ਬਦ ਹੈ, ਤੇ, ਅਜੇਹੇ ਹੋਰ ਕਈ ਸ਼ਬਦ ਮਿਲਦੇ ਹਨ। ਇਸੇ ਹੀ ਰਾਗ ਵਿਚ ਆ ਚੁਕੇ ਗੁਰੂ ਰਾਮਦਾਸ ਜੀ ਦੇ ਸ਼ਬਦ ਭੀ ਬਿਰਹੋਂ ਅਵਸਥਾ ਦੇ ਹਨ। ਮੁੜ ਮੁੜ ਆਖਦੇ ਹਨ। 'ਗੁਰੁ ਮੇਲਹੁ'।

ਅਰਥ: ਗੁਰੂ ਦਾ ਦਰਸਨ ਕਰਨ ਲਈ ਮੇਰਾ ਮਨ ਬੜੀ ਤਾਂਘ ਕਰ ਰਿਹਾ ਹੈ (ਜਿਵੇਂ ਪਪੀਹਾ ਸ੍ਵਾਂਤੀ ਬੂੰਦ ਲਈ ਤਰਲੇ ਲੈਂਦਾ ਹੈ) ਪਪੀਹੇ ਵਾਂਗ (ਮੇਰਾ ਮਨ ਗੁਰੂ ਦੇ ਦਰਸਨ ਲਈ) ਤਰਲੇ ਲੈ ਰਿਹਾ ਹੈ। ਪਿਆਰੇ ਸੰਤ-ਗੁਰੂ ਦੇ ਦਰਸਨ ਤੋਂ ਬਿਨਾ (ਦਰਸਨ ਦੀ ਮੇਰੀ ਆਤਮਕ) ਤ੍ਰੇਹ ਮਿਟਦੀ ਨਹੀਂ, ਮੇਰੇ ਮਨ ਨੂੰ ਧੀਰਜ ਨਹੀਂ ਆਉਂਦੀ।1।

ਮੈਂ ਪਿਆਰੇ ਸੰਤ-ਗੁਰੂ ਦੇ ਦਰਸਨ ਤੋਂ ਕੁਰਬਾਨ ਹਾਂ, ਸਦਕੇ ਹਾਂ।1। ਰਹਾਉ।

ਹੇ ਧਨੁਖ-ਧਾਰੀ ਪ੍ਰਭੂ ਜੀ! ਤੇਰਾ ਮੂੰਹ (ਤੇਰੇ ਮੂੰਹ ਦਾ ਦਰਸਨ) ਸੁਖ ਦੇਣ ਵਾਲਾ ਹੈ (ਠੰਢ ਪਾਣ ਵਾਲਾ ਹੈ) ਤੇਰੀ ਸਿਫ਼ਤਿ-ਸਾਲਾਹ (ਮੇਰੇ ਅੰਦਰ) ਆਤਮਕ ਅਡੋਲਤਾ ਦੀ ਲਹਰ ਪੈਦਾ ਕਰਦੀ ਹੈ। ਹੇ ਧਨੁਖ-ਧਾਰੀ! ਤੇਰੇ ਦਰਸਨ ਕੀਤਿਆਂ ਚਿਰ ਹੋ ਗਿਆ ਹੈ। ਹੇ ਮੇਰੇ ਸੱਜਣ ਪ੍ਰਭੂ! ਹੇ ਮੇਰੇ ਮਿਤ੍ਰ ਪ੍ਰਭੂ! ਉਹ ਹਿਰਦਾ-ਦੇਸ ਭਾਗਾਂ ਵਾਲਾ ਹੈ ਜਿਸ ਵਿਚ ਤੂੰ (ਸਦਾ) ਵੱਸਦਾ ਹੈਂ।2।

ਹੇ ਮੇਰੇ ਸੱਜਣ ਗੁਰੂ! ਹੇ ਮੇਰੇ ਮਿਤ੍ਰ-ਪ੍ਰਭੂ! ਮੈਂ ਤੈਥੋਂ ਕੁਰਬਾਨ ਹਾਂ, ਸਦਕੇ ਹਾਂ।1। ਰਹਾਉ।

ਹੇ ਪਿਆਰੇ ਭਗਵਾਨ! ਜਦੋਂ ਮੈਂ ਤੈਨੂੰ ਇਕ ਘੜੀ ਭਰ ਭੀ ਨਹੀਂ ਮਿਲਦਾ ਤਾਂ ਮੇਰੇ ਭਾ ਦਾ ਕਲਿਜੁਗ ਹੋ ਜਾਂਦਾ ਹੈ (ਮੈਂ ਤੇਰੇ ਵਿਛੋੜੇ ਵਿਚ ਬਿਹਬਲ ਹਾਂ, ਦੱਸ ਹੁਣ ਤੈਨੂੰ ਮੈਂ ਕਦੋਂ ਮਿਲ ਸਕਾਂਗਾ। (ਹੇ ਭਾਈ! ਗੁਰੂ ਦੀ ਸਰਨ ਤੋਂ ਬਿਨਾ ਪਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ, ਤਾਹੀਏਂ) ਗੁਰੂ ਦੇ ਦਰਬਾਰ ਦਾ ਦਰਸਨ ਕਰਨ ਤੋਂ ਬਿਨਾ ਮੇਰੀ (ਜ਼ਿੰਦਗੀ ਦੀ) ਰਾਤ (ਸੌਖੀ) ਨਹੀਂ ਲੰਘਦੀ, ਮੇਰੇ ਅੰਦਰ ਸ਼ਾਂਤੀ ਨਹੀਂ ਆਉਂਦੀ।3।

ਮੈਂ ਗੁਰੂ ਦੇ ਦਰਬਾਰ ਤੋਂ ਸਦਕੇ ਹਾਂ ਕੁਰਬਾਨ ਹਾਂ ਜੋ ਸਦਾ ਅਟੱਲ ਰਹਿਣ ਵਾਲਾ ਹੈ।1। ਰਹਾਉ।

ਮੇਰੇ ਭਾਗ ਜਾਗ ਪਏ ਹਨ, ਗੁਰੂ ਨੇ ਮੈਨੂੰ ਸ਼ਾਂਤੀ ਦਾ ਸੋਮਾ ਪਰਮਾਤਮਾ ਮਿਲਾ ਦਿੱਤਾ ਹੈ (ਗੁਰੂ ਦੀ ਕਿਰਪਾ ਨਾਲ ਉਸ) ਅਬਿਨਾਸੀ ਪ੍ਰਭੂ ਨੂੰ ਮੈਂ ਆਪਣੇ ਹਿਰਦੇ ਵਿਚ ਹੀ ਲੱਭ ਲਿਆ ਹੈ।

ਹੇ ਦਾਸ ਨਾਨਕ! (ਆਖ– ਹੇ ਪ੍ਰਭੂ! ਮਿਹਰ ਕਰ) ਮੈਂ ਤੇਰੇ ਦਾਸਾਂ ਦੀ (ਨਿੱਤ) ਸੇਵਾ ਕਰਦਾ ਰਹਾਂ, (ਤੇਰੇ ਦਾਸਾਂ ਤੋਂ) ਮੈਂ ਇਕ ਪਲ ਭਰ ਭੀ ਨਾਹ ਵਿੱਛੁੜਾਂ, ਇਕ ਚਸਾ-ਭਰ ਭੀ ਨਾਹ ਵਿੱਛੁੜਾਂ।4।

ਹੇ ਦਾਸ ਨਾਨਕ! (ਆਖ– ਹੇ ਪ੍ਰਭੂ!) ਮੈਂ ਤੇਰੇ ਦਾਸਾਂ ਤੋਂ ਸਦਕੇ ਹਾਂ ਕੁਰਬਾਨ ਹਾਂ।1। ਰਹਾਉ।

TOP OF PAGE

Sri Guru Granth Darpan, by Professor Sahib Singh