ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 97

ਰਾਗੁ ਮਾਝ ਮਹਲਾ ੫ ॥ ਸਾ ਰੁਤਿ ਸੁਹਾਵੀ ਜਿਤੁ ਤੁਧੁ ਸਮਾਲੀ ॥ ਸੋ ਕੰਮੁ ਸੁਹੇਲਾ ਜੋ ਤੇਰੀ ਘਾਲੀ ॥ ਸੋ ਰਿਦਾ ਸੁਹੇਲਾ ਜਿਤੁ ਰਿਦੈ ਤੂੰ ਵੁਠਾ ਸਭਨਾ ਕੇ ਦਾਤਾਰਾ ਜੀਉ ॥੧॥ ਤੂੰ ਸਾਝਾ ਸਾਹਿਬੁ ਬਾਪੁ ਹਮਾਰਾ ॥ ਨਉ ਨਿਧਿ ਤੇਰੈ ਅਖੁਟ ਭੰਡਾਰਾ ॥ ਜਿਸੁ ਤੂੰ ਦੇਹਿ ਸੁ ਤ੍ਰਿਪਤਿ ਅਘਾਵੈ ਸੋਈ ਭਗਤੁ ਤੁਮਾਰਾ ਜੀਉ ॥੨॥ ਸਭੁ ਕੋ ਆਸੈ ਤੇਰੀ ਬੈਠਾ ॥ ਘਟ ਘਟ ਅੰਤਰਿ ਤੂੰਹੈ ਵੁਠਾ ॥ ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥੩॥ ਤੂੰ ਆਪੇ ਗੁਰਮੁਖਿ ਮੁਕਤਿ ਕਰਾਇਹਿ ॥ ਤੂੰ ਆਪੇ ਮਨਮੁਖਿ ਜਨਮਿ ਭਵਾਇਹਿ ॥ ਨਾਨਕ ਦਾਸ ਤੇਰੈ ਬਲਿਹਾਰੈ ਸਭੁ ਤੇਰਾ ਖੇਲੁ ਦਸਾਹਰਾ ਜੀਉ ॥੪॥੨॥੯॥ {ਪੰਨਾ 97}

ਪਦ ਅਰਥ: ਰੁਤਿ = {¢qu} ਮੌਸਮ। ਸੁਹਾਵੀ = ਸੁਖਦਾਈ। ਜਿਤੁ = ਜਿਸ (ਰੁੱਤ) ਵਿਚ। ਸਮਾਲੀ = ਮੈਂ ਸੰਭਾਲਦਾ ਹਾਂ, ਹਿਰਦੇ ਵਿਚ ਵਸਾਂਦਾ ਹਾਂ। ਸੁਹੇਲਾ = ਸੁਖਦਾਈ। ਘਾਲੀ = ਸੇਵਾ ਵਿਚ। ਰਿਦਾ = ਹਿਰਦਾ। ਸੁਹੇਲਾ = ਸ਼ਾਂਤ। ਵੁਠਾ = ਵੱਸਿਆ।1।

ਨਉ ਨਿਧਿ = (ਦੁਨੀਆ ਦੇ) ਨੌ ਹੀ ਖ਼ਜ਼ਾਨੇ। ਅਖੁਟ = ਕਦੇ ਨਾਹ ਮੁੱਕਣ ਵਾਲੇ। ਅਘਾਵੈ = ਰੱਜ ਜਾਂਦਾ ਹੈ।2।

ਸਭੁ ਕੋ = ਹਰੇਕ ਜੀਵ। ਸਾਝੀਵਾਲ = ਤੇਰੇ ਨਾਲ ਸਾਂਝ ਰੱਖਣ ਵਾਲੇ। ਸਦਾਇਨਿ = ਅਖਵਾਂਦੇ ਹਨ। ਕਿਸੈ = ਕਿਸੇ ਤੋਂ। ਬਾਹਰਾ = ਵੱਖਰਾ।3।

ਗੁਰਮੁਖਿ = ਗੁਰੂ ਦੀ ਸਰਨ ਪਾ ਕੇ। ਮਨਮੁਖਿ = ਮਨ ਦਾ ਗ਼ੁਲਾਮ ਬਣਾ ਕੇ। ਜਨਮਿ = ਜਨਮ (ਮਰਨ ਦੇ ਗੇੜ) ਵਿਚ। ਦਸਾਹਰਾ = ਪਰਗਟ।4।

ਅਰਥ: ਹੇ ਸਭ ਜੀਵਾਂ ਦੇ ਦਾਤੇ! ਜਦੋਂ ਮੈਂ ਤੈਨੂੰ ਆਪਣੇ ਹਿਰਦੇ ਵਿਚ ਵਸਾਂਦਾ ਹਾਂ, ਉਹ ਸਮਾ ਮੈਨੂੰ ਸੁਖਦਾਈ ਜਾਪਦਾ ਹੈ। ਹੇ ਪ੍ਰਭੂ! ਜੇਹੜਾ ਕੰਮ ਮੈਂ ਤੇਰੀ ਸੇਵਾ ਵਾਸਤੇ ਕਰਦਾ ਹਾਂ, ਉਹ ਕੰਮ ਮੈਨੂੰ ਸੁਖਾਵਾਂ ਲੱਗਦਾ ਹੈ। ਹੇ ਦਾਤਾਰ! ਜਿਸ ਹਿਰਦੇ ਵਿਚ ਤੂੰ ਵੱਸਦਾ ਹੈਂ, ਉਹ ਹਿਰਦਾ ਠੰਢਾ-ਠਾਰ ਰਹਿੰਦਾ ਹੈ।1।

ਹੇ ਦਾਤਾਰ! ਤੂੰ ਸਾਡਾ ਸਭਨਾਂ ਜੀਵਾਂ ਦਾ ਪਿਉ ਹੈਂ (ਤੇ ਸਭ ਨੂੰ ਹੀ ਦਾਤਾਂ ਬਖ਼ਸ਼ਦਾ ਹੈਂ) । ਤੇਰੇ ਘਰ ਵਿਚ (ਜਗਤ ਦੇ ਸਾਰੇ) ਨੌ ਹੀ ਖ਼ਜ਼ਾਨੇ ਮੌਜੂਦ ਹਨ, ਤੇਰੇ ਖ਼ਜ਼ਾਨਿਆਂ ਵਿਚ ਕਦੇ ਤੋਟ ਨਹੀਂ ਆਉਂਦੀ। (ਪਰ) ਜਿਸ ਨੂੰ (ਤੂੰ ਆਪਣੇ ਨਾਮ ਦੀ ਦਾਤਿ) ਦੇਂਦਾ ਹੈਂ, ਉਹ (ਦੁਨੀਆ ਦੇ ਪਦਾਰਥਾਂ ਵਲੋਂ) ਰੱਜ ਜਾਂਦਾ ਹੈ, ਤ੍ਰਿਪਤ ਹੋ ਜਾਂਦਾ ਹੈ, ਤੇ, ਹੇ ਪ੍ਰਭੂ! ਉਹੀ ਤੇਰਾ ਭਗਤ (ਅਖਵਾ ਸਕਦਾ) ਹੈ।2।

ਹੇ ਦਾਤਾਰ! ਹਰੇਕ ਜੀਵ ਤੇਰੀ! (ਬਖ਼ਸ਼ਸ਼ ਦੀ) ਆਸ ਰੱਖੀ ਬੈਠਾ ਹੈ, ਹਰੇਕ ਸਰੀਰ ਵਿਚ ਤੂੰ ਆਪ ਹੀ ਵੱਸ ਰਿਹਾ ਹੈਂ। (ਦੁਨੀਆ ਦੇ) ਸਾਰੇ ਜੀਅ ਜੰਤ ਤੇਰੇ ਨਾਲ ਹੀ ਸਾਂਝ ਰੱਖਣ ਵਾਲੇ ਅਖਵਾਂਦੇ ਹਨ। ਕੋਈ ਜੀਵ ਐਸਾ ਨਹੀਂ ਦਿੱਸਦਾ, ਜੋ ਤੈਥੋਂ ਵੱਖਰਾ ਹੋਵੇ (ਜਿਸ ਵਿਚ ਤੂੰ ਨਾਹ ਹੋਵੇਂ) ।3।

ਹੇ ਦਾਤਾਰ! ਤੂੰ ਆਪ ਹੀ ਜੀਵਾਂ ਨੂੰ ਗੁਰੂ ਦੀ ਸਰਨ ਪਾ ਕੇ (ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਕਰਾ ਦੇਂਦਾ ਹੈਂ, ਤੂੰ ਆਪ ਹੀ ਜੀਵਾਂ ਨੂੰ ਮਨ ਦਾ ਗ਼ੁਲਾਮ ਬਣਾ ਕੇ ਜਨਮ ਮਰਨ ਦੇ ਗੇੜ ਵਿਚ ਭਵਾਂਦਾ ਹੈਂ।

ਹੇ ਦਾਸ ਨਾਨਕ! (ਆਖ– ਹੇ ਪ੍ਰਭੂ!) ਮੈਂ ਤੈਥੋਂ ਕੁਰਬਾਨ ਹਾਂ, ਇਹ ਸਾਰੀ ਜਗਤ-ਰਚਨਾ ਤੇਰਾ ਹੀ ਪ੍ਰਤੱਖ ਤਮਾਸ਼ਾ ਹੈ।4।2।9।

ਨੋਟ: ਅੰਕ 2 ਦਾ ਭਾਵ ਹੈ ਕਿ ਗੁਰੂ ਅਰਜਨ ਸਾਹਿਬ ਦਾ ਦੂਜਾ ਸ਼ਬਦ ਹੈ। ਅੰਕ 9 ਹੁਣ ਤਕ ਦੇ ਸਾਰੇ ਸ਼ਬਦਾਂ ਦਾ ਜੋੜ ਦੱਸਦਾ ਹੈ:

ਗੁਰੂ ਰਾਮ ਦਾਸ ਜੀ = = 7
ਗੁਰੂ ਅਰਜਨ ਸਾਹਿਬ = 2
. . . . . . . . . . = = =
. . . . . . ਜੋੜ . . . . 9

ਮਾਝ ਮਹਲਾ ੫ ॥ ਅਨਹਦੁ ਵਾਜੈ ਸਹਜਿ ਸੁਹੇਲਾ ॥ ਸਬਦਿ ਅਨੰਦ ਕਰੇ ਸਦ ਕੇਲਾ ॥ ਸਹਜ ਗੁਫਾ ਮਹਿ ਤਾੜੀ ਲਾਈ ਆਸਣੁ ਊਚ ਸਵਾਰਿਆ ਜੀਉ ॥੧॥ ਫਿਰਿ ਘਿਰਿ ਅਪੁਨੇ ਗ੍ਰਿਹ ਮਹਿ ਆਇਆ ॥ ਜੋ ਲੋੜੀਦਾ ਸੋਈ ਪਾਇਆ ॥ ਤ੍ਰਿਪਤਿ ਅਘਾਇ ਰਹਿਆ ਹੈ ਸੰਤਹੁ ਗੁਰਿ ਅਨਭਉ ਪੁਰਖੁ ਦਿਖਾਰਿਆ ਜੀਉ ॥੨॥ ਆਪੇ ਰਾਜਨੁ ਆਪੇ ਲੋਗਾ ॥ ਆਪਿ ਨਿਰਬਾਣੀ ਆਪੇ ਭੋਗਾ ॥ ਆਪੇ ਤਖਤਿ ਬਹੈ ਸਚੁ ਨਿਆਈ ਸਭ ਚੂਕੀ ਕੂਕ ਪੁਕਾਰਿਆ ਜੀਉ ॥੩॥ ਜੇਹਾ ਡਿਠਾ ਮੈ ਤੇਹੋ ਕਹਿਆ ॥ ਤਿਸੁ ਰਸੁ ਆਇਆ ਜਿਨਿ ਭੇਦੁ ਲਹਿਆ ॥ ਜੋਤੀ ਜੋਤਿ ਮਿਲੀ ਸੁਖੁ ਪਾਇਆ ਜਨ ਨਾਨਕ ਇਕੁ ਪਸਾਰਿਆ ਜੀਉ ॥੪॥੩॥੧੦॥ {ਪੰਨਾ 97}

ਪਦ ਅਰਥ: ਅਨਹਦੁ = {Anwhq = Not produced by beating (as sound) } ਉਹ ਆਵਾਜ਼ ਜੋ ਕੋਈ ਸਾਜ ਵਜਾਏ ਤੋਂ ਬਿਨਾ ਹੀ ਪੈਦਾ ਹੋ ਰਹੀ ਹੋਵੇ, ਇਕ-ਰਸ ਸ਼ਬਦ। ਸਹਜਿ = ਆਤਮਕ ਅਡੋਲਤਾ ਵਿਚ। ਸੁਹੇਲਾ = ਸੁਖਦਾਈ। ਸਬਦਿ = ਸਬਦ ਦੀ ਰਾਹੀਂ। ਸਦ = ਸਦਾ। ਕੇਲ = {kyil:} ਖੇਲ, ਆਨੰਦ। ਸਹਜ ਗੁਫਾ = ਆਤਮਕ ਅਡੋਲਤਾ ਦੀ ਗੁਫਾ। ਤਾੜੀ = ਸਮਾਧੀ।1।

ਫਿਰਿ ਘਿਰਿ = ਮੁੜ-ਘਿੜ। ਗ੍ਰਿਹ ਮਹਿ = ਹਿਰਦੇ-ਘਰ ਵਿਚ। ਅਘਾਇ ਰਹਿਆ = ਰੱਜਿਆ ਹੋਇਆ ਹੈ। ਸੰਤਹੁ = ਹੇ ਸੰਤ ਜਨੋ! ਗੁਰਿ = ਗੁਰੂ ਨੇ। ਅਨਭਉ = {AnuBv} ਆਤਮਕ ਚਾਨਣ। ਪੁਰਖੁ = ਸਰਬ-ਵਿਆਪਕ ਪ੍ਰਭੂ।2।

ਰਾਜਨੁ = ਪਾਤਿਸ਼ਾਹ। ਨਿਰਬਾਣੀ = {invwLx} ਵਾਸਨਾ-ਰਹਿਤ। ਤਖਤਿ = ਤਖ਼ਤ ਉੱਤੇ। ਸਚੁ = ਸਦਾ-ਥਿਰ ਰਹਿਣ ਵਾਲਾ। ਨਿਆਈ = ਨਿਆਂ ਕਰਨ ਵਾਲਾ।3।

ਤਿਸੁ = ਉਸ ਮਨੁੱਖ ਨੂੰ। ਜਿਨਿ = ਜਿਸ (ਮਨੁੱਖ) ਨੇ। ਲਹਿਆ = ਲੱਭ ਲਿਆ। ਇਕੁ = ਪਰਮਾਤਮਾ ਹੀ। ਪਸਾਰਿਆ = ਵਿਆਪ ਰਿਹਾ ਹੈ।4।

ਅਰਥ: (ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ) ਇਕ-ਰਸ ਵਾਜਾ ਵੱਜ ਰਿਹਾ ਹੈ, (ਮੇਰਾ ਮਨ) ਆਤਮਕ ਅਡੋਲਤਾ ਵਿਚ ਟਿਕ ਕੇ ਸੁਖੀ ਹੋ ਰਿਹਾ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਸਦਾ ਆਨੰਦ ਤੇ ਰੰਗ ਮਾਣ ਰਿਹਾ ਹੈ।

(ਸਤਿਗੁਰੂ ਦੀ ਮਿਹਰ ਨਾਲ ਮੈਂ) ਆਤਮਕ ਅਡੋਲਤਾ-ਰੂਪ ਗੁਫਾ ਵਿਚ ਸਮਾਧੀ ਲਾਈ ਹੋਈ ਹੈ ਤੇ ਸਭ ਤੋਂ ਉੱਚੇ ਅਕਾਲ ਪੁਰਖ ਦੇ ਚਰਨਾਂ ਵਿਚ ਸੋਹਣਾ ਟਿਕਾਣਾ ਬਣਾ ਲਿਆ ਹੈ।1।

ਹੇ ਸੰਤ ਜਨੋ! ਗੁਰੂ ਨੇ (ਮੈਨੂੰ) ਆਤਮਕ ਚਾਨਣ (ਦੇ ਕੇ) ਸਭ ਵਿਚ ਵਿਆਪਕ ਪਰਮਾਤਮਾ ਦਾ ਦਰਸਨ ਕਰਾ ਦਿੱਤਾ ਹੈ, ਹੁਣ (ਮੇਰਾ ਮਨ) ਮੁੜ ਘਿੜ ਅੰਤਰ ਆਤਮੇ ਆ ਟਿਕਦਾ ਹੈ ਜੇਹੜੀ (ਆਤਮਕ ਸ਼ਾਂਤੀ) ਮੈਨੂੰ ਚਾਹੀਦੀ ਸੀ ਉਹ ਮੈਂ ਹਾਸਲ ਕਰ ਲਈ ਹੈ, ਤੇ (ਮੇਰਾ ਮਨ ਦੁਨੀਆ ਦੀਆਂ ਵਾਸਨਾਂ ਵਲੋਂ) ਪੂਰਨ ਤੌਰ ਤੇ ਰੱਜ ਚੁਕਾ ਹੈ।2।

(ਗੁਰੂ ਦੀ ਕਿਰਪਾ ਨਾਲ ਮੈਨੂੰ ਦਿੱਸ ਪਿਆ ਹੈ ਕਿ) ਪ੍ਰਭੂ ਆਪ ਹੀ ਪਾਤਿਸ਼ਾਹ ਹੈ ਤੇ ਆਪ ਹੀ ਪਰਜਾ-ਰੂਪ ਹੈ। ਪ੍ਰਭੂ-ਵਾਸਨਾ ਰਹਿਤ ਭੀ ਹੈ ਤੇ (ਸਭ ਜੀਵਾਂ ਵਿਚ ਵਿਆਪਕ ਹੋਣ ਕਰਕੇ) ਆਪ ਹੀ ਸਾਰੇ ਪਦਾਰਥ ਭੋਗ ਰਿਹਾ ਹੈ। ਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ ਆਪ ਹੀ ਤਖ਼ਤ ਉਤੇ ਬੈਠਾ ਹੋਇਆ ਹੈ ਤੇ ਨਿਆਂ ਕਰ ਰਿਹਾ ਹੈ (ਇਸ ਵਾਸਤੇ ਸੁਖ ਆਵੇ ਚਾਹੇ ਦੁੱਖ ਵਾਪਰੇ, ਮੇਰੀ) ਸਾਰੀ ਗਿਲ੍ਹਾ-ਗੁਜ਼ਾਰੀ ਮੁੱਕ ਚੁਕੀ ਹੈ।3।

(ਗੁਰੂ ਦੀ ਮਿਹਰ ਨਾਲ) ਮੈਂ ਪਰਮਾਤਮਾ ਨੂੰ ਜਿਸ (ਸਰਬ-ਵਿਆਪਕ) ਰੂਪ ਵਿਚ ਵੇਖਿਆ ਹੈ ਉਹੋ ਜਿਹਾ ਕਹਿ ਦਿੱਤਾ ਹੈ। ਜਿਸ ਮਨੁੱਖ ਨੇ ਇਹ ਭੇਦ ਲੱਭ ਲਿਆ ਹੈ ਉਸ ਨੂੰ (ਉਸ ਦੇ ਮਿਲਾਪ ਦਾ) ਆਨੰਦ ਆਉਂਦਾ ਹੈ। ਹੇ ਨਾਨਕ! ਉਸ ਮਨੁੱਖ ਦੀ ਸੁਰਤਿ ਪ੍ਰਭੂ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ, ਉਸ ਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ, ਉਸ ਨੂੰ ਸਿਰਫ਼ ਪਰਮਾਤਮਾ ਹੀ ਸਾਰੇ ਜਗਤ ਵਿਚ ਵਿਆਪਕ ਦਿੱਸਦਾ ਹੈ।4।3।10।

ਮਾਝ ਮਹਲਾ ੫ ॥ ਜਿਤੁ ਘਰਿ ਪਿਰਿ ਸੋਹਾਗੁ ਬਣਾਇਆ ॥ ਤਿਤੁ ਘਰਿ ਸਖੀਏ ਮੰਗਲੁ ਗਾਇਆ ॥ ਅਨਦ ਬਿਨੋਦ ਤਿਤੈ ਘਰਿ ਸੋਹਹਿ ਜੋ ਧਨ ਕੰਤਿ ਸਿਗਾਰੀ ਜੀਉ ॥੧॥ ਸਾ ਗੁਣਵੰਤੀ ਸਾ ਵਡਭਾਗਣਿ ॥ ਪੁਤ੍ਰਵੰਤੀ ਸੀਲਵੰਤਿ ਸੋਹਾਗਣਿ ॥ ਰੂਪਵੰਤਿ ਸਾ ਸੁਘੜਿ ਬਿਚਖਣਿ ਜੋ ਧਨ ਕੰਤ ਪਿਆਰੀ ਜੀਉ ॥੨॥ ਅਚਾਰਵੰਤਿ ਸਾਈ ਪਰਧਾਨੇ ॥ ਸਭ ਸਿੰਗਾਰ ਬਣੇ ਤਿਸੁ ਗਿਆਨੇ ॥ ਸਾ ਕੁਲਵੰਤੀ ਸਾ ਸਭਰਾਈ ਜੋ ਪਿਰਿ ਕੈ ਰੰਗਿ ਸਵਾਰੀ ਜੀਉ ॥੩॥ ਮਹਿਮਾ ਤਿਸ ਕੀ ਕਹਣੁ ਨ ਜਾਏ ॥ ਜੋ ਪਿਰਿ ਮੇਲਿ ਲਈ ਅੰਗਿ ਲਾਏ ॥ ਥਿਰੁ ਸੁਹਾਗੁ ਵਰੁ ਅਗਮੁ ਅਗੋਚਰੁ ਜਨ ਨਾਨਕ ਪ੍ਰੇਮ ਸਾਧਾਰੀ ਜੀਉ ॥੪॥੪॥੧੧॥ {ਪੰਨਾ 97}

ਪਦ ਅਰਥ: ਜਿਤੁ = ਜਿਸ ਵਿਚ। ਘਰਿ = ਹਿਰਦੇ-ਘਰ ਵਿਚ। ਪਿਰਿ = ਪਿਰ ਨੇ। ਸਖੀਏ = ਹੇ ਸਖੀ! ਗਾਇਆ = ਗਾਇਆ ਜਾ ਸਕਦਾ ਹੈ। ਬਿਨੋਦ = ਖ਼ੁਸ਼ੀਆਂ। ਸੋਹਹਿ = ਸੋਭਦੇ ਹਨ। ਤਿਤੈ ਘਰਿ = ਉਸੇ ਘਰ ਵਿਚ। ਤਿਤੁ ਘਰਿ = ਉਸ ਘਰ ਵਿਚ। ਧਨ = ਇਸਤ੍ਰੀ। ਕੰਤਿ = ਕੰਤ ਨੇ।

ਸਾ = ਉਹ ਇਸਤ੍ਰੀ। ਸੀਲਵੰਤਿ = ਮਿੱਠੇ ਸੁਭਾ ਵਾਲੀ। ਸੁਘੜਿ = ਸੁਚੱਜੀ (ਜਿਸ ਦਾ ਮਨ ਸੋਹਣਾ ਘੜਿਆ ਹੋਇਆ ਹੈ) । ਬਿਚਖਣਿ = ਸਿਆਣੀ। ਕੰਤ ਪਿਆਰੀ = ਕੰਤ ਦੀ ਪਿਆਰੀ।2।

ਅਚਾਰਵੰਤਿ = ਚੰਗੇ ਆਚਰਨ ਵਾਲੀ। ਸਾਈ = ਸਾ ਹੀ, ਉਹ ਇਸਤ੍ਰੀ ਹੀ। ਪਰਧਾਨ = ਮੰਨੀ-ਪ੍ਰਮੰਨੀ। ਬਣੇ = ਫਬਦੇ ਹਨ। ਗਿਆਨੇ = ਗਿਆਨਿ, ਗਿਆਨ ਦੀ ਰਾਹੀਂ, ਡੂੰਘੀ ਸਾਂਝ ਦਾ ਸਦਕਾ। ਸਭਰਾਈ = ਸ-ਭਰਾਈ, ਭਰਾਵਾਂ ਵਾਲੀ। ਪਿਰ ਕੈ ਰੰਗਿ = ਪਤੀ ਦੇ ਪ੍ਰੇਮ ਵਿਚ।3।

ਮਹਿਮਾ = ਵਡਿਆਈ। ਤਿਸ ਕੀ = {ਲਫ਼ਜ਼ 'ਤਿਸੁ' ਅਤੇ 'ਤਿਸ' ਦਾ ਫ਼ਰਕ ਧਿਆਨ-ਜੋਗ ਹੈ। ਲਫ਼ਜ਼ 'ਤਿਸ' ਦਾ ੁ ਸੰਬੰਧਕ 'ਕੀ' ਦੇ ਕਾਰਨ ਉਡ ਗਿਆ ਹੈ} ਉਸ ਦੀ। ਪਿਰਿ = ਪਿਰ ਨੇ। ਅੰਗਿ = ਅੰਗ ਨਾਲ, ਸਰੀਰ ਨਾਲ। ਲਾਏ = ਲਾਇ, ਲਾ ਕੇ। ਥਿਰੁ = ਸਦਾ ਕਾਇਮ ਰਹਿਣ ਵਾਲਾ। ਵਰੁ = ਖਸਮ। ਅਗਮੁ = ਅਪਹੁੰਚ। ਅਗੋਚਰੁ = {ਅ-ਗੋ-ਚਰ। ਗੋ = ਗਿਆਨ-ਇੰਦ੍ਰੇ। ਚਰ = ਪਹੁੰਚ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਸਾਧਾਰੀ = ਸ-ਆਧਾਰੀ, ਆਸਰੇ ਵਾਲੀ।4।

ਅਰਥ: ਹੇ ਸਖੀ! ਜਿਸ ਹਿਰਦੇ-ਘਰ ਵਿਚ ਪ੍ਰਭੂ-ਪਤੀ ਨੇ (ਆਪਣੇ ਪਰਕਾਸ਼ ਨਾਲ) ਚੰਗਾ ਭਾਗ ਲਾ ਦਿੱਤਾ ਹੋਵੇ, ਉਸ ਹਿਰਦੇ-ਘਰ ਵਿਚ (ਪ੍ਰਭ-ਪਤੀ ਦੀ) ਸਿਫ਼ਤਿ-ਸਾਲਾਹ ਦਾ ਗੀਤ ਗਾਇਆ ਜਾਂਦਾ ਹੈ। ਜਿਸ ਜੀਵ-ਇਸਤ੍ਰੀ ਨੂੰ ਖਸਮ-ਪ੍ਰਭੂ ਨੇ ਆਤਮਕ ਸੁੰਦਰਤਾ ਬਖ਼ਸ਼ ਦਿੱਤੀ ਹੋਵੇ, ਉਸ ਦੇ ਹਿਰਦੇ-ਘਰ ਵਿਚ ਆਤਮਕ ਆਨੰਦ ਸੋਭਦੇ ਹਨ ਆਤਮਕ ਖ਼ੁਸ਼ੀਆਂ ਸੋਭਦੀਆਂ ਹਨ।1।

ਜੇਹੜੀ ਜੀਵ-ਇਸਤ੍ਰੀ ਖਸਮ-ਪ੍ਰਭੂ ਦੀ ਪਿਆਰੀ ਬਣ ਜਾਏ, ਉਹ ਸਭ ਗੁਣਾਂ ਦੀ ਮਾਲਕ ਬਣ ਜਾਂਦੀ ਹੈ, ਉਹ ਵੱਡੇ ਭਾਗਾਂ ਵਾਲੀ ਹੋ ਜਾਂਦੀ ਹੈ, ਉਹ (ਆਤਮ-ਗਿਆਨ-ਰੂਪ) ਪੁੱਤਰ ਵਾਲੀ, ਚੰਗੇ ਸੁਭਾਉ ਵਾਲੀ ਤੇ ਸੁਹਾਗ-ਭਾਗ ਵਾਲੀ ਬਣ ਜਾਂਦੀ ਹੈ। ਉਸ ਦਾ ਆਤਮਕ ਜੀਵਨ ਸੋਹਣਾ ਬਣ ਜਾਂਦਾ ਹੈ, ਉਹ ਸੁਚੱਜੀ ਘਾੜਤ ਵਾਲੇ ਮਨ ਦੀ ਮਾਲਕ ਤੇ ਚੰਗੀ ਸੂਝ ਦੀ ਮਾਲਕ ਬਣ ਜਾਂਦੀ ਹੈ।2।

ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਦੇ ਪ੍ਰੇਮ-ਰੰਗ ਵਿਚ (ਰੰਗੀਜ ਕੇ) ਸੋਹਣੇ ਜੀਵਨ ਵਾਲੀ ਬਣ ਜਾਂਦੀ ਹੈ ਉਸ ਦਾ ਆਚਰਨ ਉੱਚਾ ਹੋ ਜਾਂਦਾ ਹੈ ਉਹ (ਸੰਗਤਿ ਵਿਚ) ਮੰਨੀ-ਪ੍ਰਮੰਨੀ ਜਾਂਦੀ ਹੈ, ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਦਾ ਸਦਕਾ ਸਾਰੇ ਆਤਮਕ ਗੁਣ ਉਸ ਦੇ ਜੀਵਨ ਨੂੰ ਸਵਾਰ ਦੇਂਦੇ ਹਨ, ਉਹ ਉੱਚੀ ਕੁਲ ਵਾਲੀ ਸਮਝੀ ਜਾਂਦੀ ਹੈ, ਉਹ ਭਰਾਵਾਂ ਵਾਲੀ ਹੋ ਜਾਂਦੀ ਹੈ।3।

ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨੇ ਆਪਣੇ ਚਰਨਾਂ ਵਿਚ ਜੋੜ ਕੇ ਆਪਣੇ ਵਿਚ ਲੀਨ ਕਰ ਲਿਆ ਹੋਵੇ, ਉਸ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ। ਹੇ ਦਾਸ ਨਾਨਕ! ਜੇਹੜਾ ਪਰਮਾਤਮਾ ਅਪਹੁੰਚ ਹੈ ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ ਉਹ ਉਸ ਜੀਵ-ਇਸਤ੍ਰੀ ਦਾ ਸਦਾ ਕਾਇਮ ਰਹਿਣ ਵਾਲਾ ਸੁਹਾਗ-ਭਾਗ ਬਣ ਜਾਂਦਾ ਹੈ, ਉਸ ਜੀਵ-ਇਸਤ੍ਰੀ ਨੂੰ ਉਸ ਦੇ ਪ੍ਰੇਮ ਦਾ ਆਸਰਾ ਸਦਾ ਮਿਲਿਆ ਰਹਿੰਦਾ ਹੈ।4। 4।11।

TOP OF PAGE

Sri Guru Granth Darpan, by Professor Sahib Singh