ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 98

ਮਾਝ ਮਹਲਾ ੫ ॥ ਖੋਜਤ ਖੋਜਤ ਦਰਸਨ ਚਾਹੇ ॥ ਭਾਤਿ ਭਾਤਿ ਬਨ ਬਨ ਅਵਗਾਹੇ ॥ ਨਿਰਗੁਣੁ ਸਰਗੁਣੁ ਹਰਿ ਹਰਿ ਮੇਰਾ ਕੋਈ ਹੈ ਜੀਉ ਆਣਿ ਮਿਲਾਵੈ ਜੀਉ ॥੧॥ ਖਟੁ ਸਾਸਤ ਬਿਚਰਤ ਮੁਖਿ ਗਿਆਨਾ ॥ ਪੂਜਾ ਤਿਲਕੁ ਤੀਰਥ ਇਸਨਾਨਾ ॥ ਨਿਵਲੀ ਕਰਮ ਆਸਨ ਚਉਰਾਸੀਹ ਇਨ ਮਹਿ ਸਾਂਤਿ ਨ ਆਵੈ ਜੀਉ ॥੨॥ ਅਨਿਕ ਬਰਖ ਕੀਏ ਜਪ ਤਾਪਾ ॥ ਗਵਨੁ ਕੀਆ ਧਰਤੀ ਭਰਮਾਤਾ ॥ ਇਕੁ ਖਿਨੁ ਹਿਰਦੈ ਸਾਂਤਿ ਨ ਆਵੈ ਜੋਗੀ ਬਹੁੜਿ ਬਹੁੜਿ ਉਠਿ ਧਾਵੈ ਜੀਉ ॥੩॥ ਕਰਿ ਕਿਰਪਾ ਮੋਹਿ ਸਾਧੁ ਮਿਲਾਇਆ ॥ ਮਨੁ ਤਨੁ ਸੀਤਲੁ ਧੀਰਜੁ ਪਾਇਆ ॥ ਪ੍ਰਭੁ ਅਬਿਨਾਸੀ ਬਸਿਆ ਘਟ ਭੀਤਰਿ ਹਰਿ ਮੰਗਲੁ ਨਾਨਕੁ ਗਾਵੈ ਜੀਉ ॥੪॥੫॥੧੨॥ {ਪੰਨਾ 98}

ਪਦ ਅਰਥ: ਖੋਜਤ = ਭਾਲ ਕਰਦਿਆਂ। ਦਰਸਨ ਚਾਹੇ = ਦਰਸਨ ਦੀਆਂ ਤਾਂਘਾਂ ਕੀਤੀਆਂ। ਭਾਤਿ ਭਾਤਿ = ਕਈ ਕਿਸਮ ਦੇ। ਬਨ = ਜੰਗਲ। ਅਵਗਾਹੇ = ਗਾਹ ਮਾਰੇ। ਨਿਰਗੁਣੁ = ਮਾਇਆ ਦੇ ਤਿੰਨ ਗੁਣਾਂ ਤੋਂ ਉਤਾਂਹ। ਸਰਗੁਣੁ = ਰਚੇ ਹੋਏ ਜਗਤ ਦੇ ਸਰੂਪ ਵਾਲਾ, ਮਾਇਆ ਦੇ ਤਿੰਨ ਗੁਣ ਰਚ ਕੇ ਆਪਣਾ ਜਗਤ-ਰੂਪ ਸਰੂਪ ਵਿਖਾਲਣ ਵਾਲਾ। ਆਣਿ = ਲਿਆ ਕੇ।2।

ਖਟੁ = ਛੇ। ਖਟੁ ਸਾਸਤ = {ਸਾਂਖ, ਨਿਆਇ, ਵੈਸ਼ੇਸ਼ਿਕ, ਮੀਮਾਂਸਾ, ਯੋਗ, ਵੇਦਾਂਤ}। ਮੁਖਿ = ਮੂੰਹ ਨਾਲ। ਨਿਵਲੀ ਕਰਮ = ਆਂਦਰਾਂ ਦੀ ਵਰਜ਼ਸ਼ {ਹੱਥ ਗੋਡਿਆਂ ਉਤੇ ਰੱਖ ਕੇ ਤੇ ਲਿਫ਼ ਕੇ ਖਲੋਤਿਆਂ ਪਹਿਲਾਂ ਜ਼ੋਰ ਨਾਲ ਸਾਹ ਅੰਦਰ ਨੂੰ ਖਿੱਚੀਦਾ ਹੈ, ਫਿਰ ਸਾਰਾ ਸਾਹ ਬਾਹਰ ਕੱਢ ਕੇ ਆਂਦਰਾਂ ਨੂੰ ਖਿੱਚ ਲਈਦਾ ਹੈ ਤੇ ਚੱਕਰ ਵਿਚ ਭਵਾਈਦਾ ਹੈ। ਇਸ ਸਾਧਨ ਨੂੰ ਨਿਵਲੀ ਕਰਮ ਆਖਦੇ ਹਨ। ਇਹ ਸਾਧਨ ਸਵੇਰੇ ਸੌਚ ਤੋਂ ਪਿੱਛੋਂ ਖ਼ਾਲੀ-ਪੇਟ ਹੀ ਕਰੀਦਾ ਹੈ}।2।

ਬਰਖ = ਬਰਸ, ਵਰ੍ਹੇ। ਗਵਨੁ = ਭ੍ਰਮਣ, ਤੁਰਨ-ਫਿਰਨ। ਭਰਮਾਤਾ = ਤੁਰਿਆ-ਫਿਰਿਆ। ਬਹੁੜਿ ਬਹੁੜਿ = ਮੁੜ ਮੁੜ।3।

ਮੋਹਿ = ਮੈਨੂੰ। ਸਾਧੁ = ਗੁਰੂ। ਘਟ = ਹਿਰਦਾ। ਮੰਗਲੁ = ਸਿਫ਼ਤਿ-ਸਾਲਾਹ ਦਾ ਗੀਤ।4।

ਅਰਥ: ਅਨੇਕਾਂ ਲੋਕ (ਜੰਗਲਾਂ ਪਹਾੜਾਂ ਵਿਚ) ਭਾਲ ਕਰਦੇ ਕਰਦੇ (ਪਰਮਾਤਮਾ ਦੇ) ਦਰਸਨ ਦੀਆਂ ਤਾਂਘਾਂ ਕਰਦੇ ਹਨ, ਕਈ ਕਿਸਮਾਂ ਦੇ ਜੰਗਲ ਗਾਹ ਮਾਰਦੇ ਹਨ (ਪਰ ਇਸ ਤਰ੍ਹਾਂ ਪਰਮਾਤਮਾ ਦਾ ਦਰਸਨ ਨਹੀਂ ਹੁੰਦਾ) । ਉਹ ਪਰਮਾਤਮਾ ਮਾਇਆ ਦੇ ਤਿੰਨ ਗੁਣਾਂ ਤੋਂ ਵੱਖਰਾ ਭੀ ਹੈ ਤੇ ਤਿੰਨ-ਗੁਣੀ ਸੰਸਾਰ ਵਿਚ ਵਿਆਪਕ ਭੀ ਹੈ। ਕੋਈ ਵਿਰਲਾ ਐਸਾ ਹੈ, ਜੋ ਉਸ ਨੂੰ ਲਿਆ ਕੇ ਮਿਲਾ ਸਕਦਾ ਹੈ।1।

ਕਈ ਐਸੇ ਹਨ ਜੋ ਛੇ ਸ਼ਾਸਤ੍ਰਾਂ ਨੂੰ ਵਿਚਾਰਦੇ ਹਨ ਤੇ ਉਹਨਾਂ ਦਾ ਉਪਦੇਸ਼ ਮੂੰਹ ਨਾਲ (ਸੁਣਾਂਦੇ ਹਨ) , ਦੇਵ-ਪੂਜਾ ਕਰਦੇ ਹਨ ਮੱਥੇ ਤੇ ਤਿਲਕ ਲਾਂਦੇ ਹਨ, ਤੀਰਥਾਂ ਦੇ ਇਸ਼ਨਾਨ ਕਰਦੇ ਹਨ। ਕਈ ਐਸੇ ਹਨ ਜੋ ਨਿਵਲੀ ਕਰਮ ਆਦਿਕ ਜੋਗੀਆਂ ਵਾਲੇ ਚੌਰਾਸੀ ਆਸਣ ਕਰਦੇ ਹਨ। ਪਰ ਇਹਨਾਂ ਉੱਦਮਾਂ ਨਾਲ (ਮਨ ਵਿਚ) ਸ਼ਾਂਤੀ ਨਹੀਂ ਆਉਂਦੀ।2।

ਜੋਗੀ ਲੋਕ ਅਨੇਕਾਂ ਸਾਲ ਜਪ ਕਰਦੇ ਹਨ, ਤਪ ਸਾਧਦੇ ਹਨ; ਸਾਰੀ ਧਰਤੀ ਉਤੇ ਭ੍ਰਮਣ ਭੀ ਕਰਦੇ ਹਨ। (ਇਸ ਤਰ੍ਹਾਂ ਭੀ) ਹਿਰਦੇ ਵਿਚ ਇਕ ਖਿਨ ਵਾਸਤੇ ਭੀ ਸ਼ਾਂਤੀ ਨਹੀਂ ਆਉਂਦੀ। ਫਿਰ ਭੀ ਜੋਗੀ ਇਹਨਾਂ ਜਪਾਂ ਤਪਾਂ ਦੇ ਪਿੱਛੇ ਹੀ ਮੁੜ ਮੁੜ ਦੌੜਦਾ ਹੈ।3।

ਪਰਮਾਤਮਾ ਨੇ ਕਿਰਪਾ ਕਰ ਕੇ ਮੈਨੂੰ ਗੁਰੂ ਮਿਲਾ ਦਿੱਤਾ ਹੈ। ਗੁਰੂ ਪਾਸੋਂ ਮੈਨੂੰ ਧੀਰਜ ਮਿਲੀ ਹੈ, ਮੇਰਾ ਮਨ ਠੰਢਾ-ਠਾਰ ਹੋ ਗਿਆ ਹੈ ਮੇਰਾ ਤਨ ਠੰਢਾ-ਠਾਰ ਹੋ ਗਿਆ ਹੈ (ਮੇਰੇ ਮਨ ਤੇ ਗਿਆਨ-ਇੰਦ੍ਰਿਆਂ ਵਿਚੋਂ ਵਿਕਾਰਾਂ ਦੀ ਤਪਸ਼ ਮੁੱਕ ਗਈ ਹੈ) । (ਗੁਰੂ ਦੀ ਮਿਹਰ ਨਾਲ) ਅਬਿਨਾਸ਼ੀ ਪ੍ਰਭੂ ਮੇਰੇ ਹਿਰਦੇ ਵਿਚ ਆ ਵੱਸਿਆ ਹੈ। ਹੁਣ (ਇਹ ਦਾਸ) ਨਾਨਕ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਹੀ ਗਾਂਦਾ ਹੈ (ਇਹ ਸਿਫ਼ਤਿ-ਸਾਲਾਹ ਪ੍ਰਭੂ-ਚਰਨਾਂ ਵਿਚ ਜੋੜੀ ਰੱਖਦੀ ਹੈ) ।4।5।12।

ਮਾਝ ਮਹਲਾ ੫ ॥ ਪਾਰਬ੍ਰਹਮ ਅਪਰੰਪਰ ਦੇਵਾ ॥ ਅਗਮ ਅਗੋਚਰ ਅਲਖ ਅਭੇਵਾ ॥ ਦੀਨ ਦਇਆਲ ਗੋਪਾਲ ਗੋਬਿੰਦਾ ਹਰਿ ਧਿਆਵਹੁ ਗੁਰਮੁਖਿ ਗਾਤੀ ਜੀਉ ॥੧॥ ਗੁਰਮੁਖਿ ਮਧੁਸੂਦਨੁ ਨਿਸਤਾਰੇ ॥ ਗੁਰਮੁਖਿ ਸੰਗੀ ਕ੍ਰਿਸਨ ਮੁਰਾਰੇ ॥ ਦਇਆਲ ਦਮੋਦਰੁ ਗੁਰਮੁਖਿ ਪਾਈਐ ਹੋਰਤੁ ਕਿਤੈ ਨ ਭਾਤੀ ਜੀਉ ॥੨॥ ਨਿਰਹਾਰੀ ਕੇਸਵ ਨਿਰਵੈਰਾ ॥ ਕੋਟਿ ਜਨਾ ਜਾ ਕੇ ਪੂਜਹਿ ਪੈਰਾ ॥ ਗੁਰਮੁਖਿ ਹਿਰਦੈ ਜਾ ਕੈ ਹਰਿ ਹਰਿ ਸੋਈ ਭਗਤੁ ਇਕਾਤੀ ਜੀਉ ॥੩॥ ਅਮੋਘ ਦਰਸਨ ਬੇਅੰਤ ਅਪਾਰਾ ॥ ਵਡ ਸਮਰਥੁ ਸਦਾ ਦਾਤਾਰਾ ॥ ਗੁਰਮੁਖਿ ਨਾਮੁ ਜਪੀਐ ਤਿਤੁ ਤਰੀਐ ਗਤਿ ਨਾਨਕ ਵਿਰਲੀ ਜਾਤੀ ਜੀਉ ॥੪॥੬॥੧੩॥ {ਪੰਨਾ 98}

ਪਦ ਅਰਥ: ਪਾਰਬ੍ਰਹਮ = ਪਰਮ ਆਤਮਾ, ਪਰਮਾਤਮਾ। ਅਪਰੰਪਰ = {ਅਪਰ nwiÔq pro XÔX = ਜਿਸ ਤੋਂ ਪਰੇ ਹੋਰ ਕੋਈ ਨਹੀਂ} ਜਿਸ ਤੋਂ ਪਰੇ ਹੋਰ ਕੋਈ ਨਹੀਂ, ਜੋ ਸਭ ਤੋਂ ਪਰੇ ਹੈ। ਦੇਵ = ਪ੍ਰਕਾਸ਼-ਰੂਪ {idv = ਚਮਕਣਾ`}। ਅਲਖ = {Al™X} ਜਿਸ ਦਾ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਦਇਆਲ = ਦਇਆ ਦਾ ਘਰ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਗਾਤੀ = ਗਤਿ ਦੇਣ ਵਾਲਾ, ਉੱਚੀ ਆਤਮਕ ਅਵਸਥਾ ਦੇਣ ਵਾਲਾ।

ਮਧੁਸੂਦਨੁ = {'ਮਧੁ' ਦੈਂਤ ਨੂੰ ਮਾਰਨ ਵਾਲਾ} ਪਰਮਾਤਮਾ। ਸੰਗੀ = ਸਾਥੀ। ਮੁਰਾਰੇ = {ਮੁਰ = ਅਰਿ} ਪਰਮਾਤਮਾ। ਦਮੋਦਰੁ = {dwmn` adr = ਕ੍ਰਿਸ਼ਨ} ਪਰਮਾਤਮਾ। ਹੋਰਤੁ = ਹੋਰ ਦੀ ਰਾਹੀਂ। ਹੋਰਤੁ ਭਾਤੀ = ਹੋਰ ਤਰੀਕੇ ਦੀ ਰਾਹੀਂ।2।

ਨਿਰਹਾਰੀ = {inr AwhwrI} ਜਿਸ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ, ਪਰਮਾਤਮਾ। ਕੇਸਵ = {ky_w: pR_ÔXw: siNq AÔX} ਲੰਮੇ ਕੇਸਾਂ ਵਾਲਾ, ਪਰਮਾਤਮਾ। ਕੋਟਿ = ਕ੍ਰੋੜ। ਇਕਾਤੀ = {EkwiNqn` Devoted to one object only} ਅਨਿੰਨ।3।

ਅਮੋਘ = {AmoD} ਨਾਹ ਖੁੰਝਣ ਵਾਲਾ, ਜ਼ਰੂਰ ਫਲ ਦੇਣ ਵਾਲਾ। ਤਿਤੁ = ਉਸ ਦੀ ਰਾਹੀਂ। ਗਤਿ = ਉੱਚੀ ਆਤਮਕ ਅਵਸਥਾ। ਵਿਰਲੀ = ਵਿਰਲੀਂ।4।

ਅਰਥ: (ਹੇ ਭਾਈ!) ਗੁਰੂ ਦੀ ਸਰਨ ਪੈ ਕੇ ਉਸ ਹਰੀ ਦਾ ਸਿਮਰਨ ਕਰੋ, ਜੋ ਪਰਮ ਆਤਮਾ ਹੈ, ਜਿਸ ਤੋਂ ਪਰੇ ਹੋਰ ਕੋਈ ਨਹੀਂ, ਜੋ ਸਭ ਤੋਂ ਪਰੇ ਹੈ, ਜੋ ਪ੍ਰਕਾਸ਼-ਰੂਪ ਹੈ, ਜੋ ਅਪਹੁੰਚ ਹੈ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ, ਜੋ ਦੀਨਾਂ ਉਤੇ ਦਇਆ ਕਰਨ ਵਾਲਾ ਹੈ, ਜੋ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਹੈ, ਜੋ ਸ੍ਰਿਸ਼ਟੀ ਦੇ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ ਅਤੇ ਜੋ ਉੱਚੀ ਆਤਮਕ ਅਵਸਥਾ ਦੇਣ ਵਾਲਾ ਹੈ।1।

ਗੁਰੂ ਦੀ ਸਰਨ ਪਿਆਂ ਮਧੂ-ਦੈਂਤ ਨੂੰ ਮਾਰਨ ਵਾਲਾ (ਵਿਕਾਰ-ਦੈਂਤਾਂ ਤੋਂ) ਬਚਾ ਲੈਂਦਾ ਹੈ। ਗੁਰੂ ਦੀ ਸਰਨ ਪਿਆਂ ਮੁਰ-ਦੈਂਤ ਦਾ ਮਾਰਨ ਵਾਲਾ ਪ੍ਰਭੂ (ਸਦਾ ਲਈ) ਸਾਥੀ ਬਣ ਜਾਂਦਾ ਹੈ। ਗੁਰੂ ਦੀ ਸਰਨ ਪਿਆਂ ਹੀ ਉਹ ਪ੍ਰਭੂ ਮਿਲਦਾ ਹੈ ਜੋ ਦਇਆ ਦਾ ਸੋਮਾ ਹੈ ਤੇ ਜਿਸ ਨੂੰ ਦਮੋਦਰ ਆਖਿਆ ਜਾਂਦਾ ਹੈ, ਕਿਸੇ ਹੋਰ ਤਰੀਕੇ ਨਾਲ ਨਹੀਂ ਮਿਲ ਸਕਦਾ।2।

ਕ੍ਰੋੜਾਂ ਹੀ ਸੇਵਕ ਜਿਸ ਦੇ ਪੈਰ ਪੂਜਦੇ ਹਨ, ਉਹ ਪਰਮਾਤਮਾ ਕੇਸ਼ਵ (ਸੋਹਣੇ ਕੇਸਾਂ ਵਾਲਾ) ਕਿਸੇ ਨਾਲ ਵੈਰ ਨਹੀਂ ਰੱਖਦਾ ਤੇ ਉਸ ਨੂੰੁ ਕਿਸੇ ਖ਼ੁਰਾਕ ਦੀ ਲੋੜ ਨਹੀਂ ਪੈਂਦੀ। ਗੁਰੂ ਦੀ ਰਾਹੀਂ ਜਿਸ ਮਨੁੱਖ ਦੇ ਹਿਰਦੇ ਵਿਚ ਉਹ ਵੱਸ ਪੈਂਦਾ ਹੈ, ਉਹ ਮਨੁੱਖ ਅਨਿੰਨ ਭਗਤ ਬਣ ਜਾਂਦਾ ਹੈ।3।

ਉਸ ਪਰਮਾਤਮਾ ਦਾ ਦਰਸਨ ਜ਼ਰੂਰ (ਮਨ-ਇੱਛਤ) ਫਲ ਦੇਂਦਾ ਹੈ, ਉਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਉਸ ਦੀ ਹਸਤੀ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ। ਉਹ ਵੱਡੀਆਂ ਤਾਕਤਾਂ ਵਾਲਾ ਹੈ, ਤੇ ਉਹ ਸਦਾ ਹੀ ਦਾਤਾਂ ਦੇਂਦਾ ਰਹਿੰਦਾ ਹੈ। ਗੁਰੂ ਦੀ ਸਰਨ ਪੈ ਕੇ ਜੇ ਉਸ ਦਾ ਨਾਮ ਜਪੀਏ, ਤਾਂ ਉਸ ਨਾਮ ਦੀ ਬਰਕਤਿ ਨਾਲ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ। ਪਰ, ਹੇ ਨਾਨਕ! ਇਹ ਉੱਚੀ ਆਤਮਕ ਅਵਸਥਾ ਵਿਰਲਿਆਂ ਨੇ ਹੀ ਸਮਝੀ ਹੈ।4।6।13।

ਮਾਝ ਮਹਲਾ ੫ ॥ ਕਹਿਆ ਕਰਣਾ ਦਿਤਾ ਲੈਣਾ ॥ ਗਰੀਬਾ ਅਨਾਥਾ ਤੇਰਾ ਮਾਣਾ ॥ ਸਭ ਕਿਛੁ ਤੂੰਹੈ ਤੂੰਹੈ ਮੇਰੇ ਪਿਆਰੇ ਤੇਰੀ ਕੁਦਰਤਿ ਕਉ ਬਲਿ ਜਾਈ ਜੀਉ ॥੧॥ ਭਾਣੈ ਉਝੜ ਭਾਣੈ ਰਾਹਾ ॥ ਭਾਣੈ ਹਰਿ ਗੁਣ ਗੁਰਮੁਖਿ ਗਾਵਾਹਾ ॥ ਭਾਣੈ ਭਰਮਿ ਭਵੈ ਬਹੁ ਜੂਨੀ ਸਭ ਕਿਛੁ ਤਿਸੈ ਰਜਾਈ ਜੀਉ ॥੨॥ ਨਾ ਕੋ ਮੂਰਖੁ ਨਾ ਕੋ ਸਿਆਣਾ ॥ ਵਰਤੈ ਸਭ ਕਿਛੁ ਤੇਰਾ ਭਾਣਾ ॥ ਅਗਮ ਅਗੋਚਰ ਬੇਅੰਤ ਅਥਾਹਾ ਤੇਰੀ ਕੀਮਤਿ ਕਹਣੁ ਨ ਜਾਈ ਜੀਉ ॥੩॥ ਖਾਕੁ ਸੰਤਨ ਕੀ ਦੇਹੁ ਪਿਆਰੇ ॥ ਆਇ ਪਇਆ ਹਰਿ ਤੇਰੈ ਦੁਆਰੈ ॥ ਦਰਸਨੁ ਪੇਖਤ ਮਨੁ ਆਘਾਵੈ ਨਾਨਕ ਮਿਲਣੁ ਸੁਭਾਈ ਜੀਉ ॥੪॥੭॥੧੪॥ {ਪੰਨਾ 98}

ਪਦ ਅਰਥ: ਕਹਿਆ = ਆਖਿਆ ਹੋਇਆ ਬਚਨ, ਹੁਕਮ। ਮਾਣਾ = ਮਾਣ, ਆਸਰਾ, ਸਹਾਰਾ। ਕੁਦਰਤਿ = ਸਮਰਥਾ। ਬਲਿ ਜਾਈ = ਬਲਿ ਜਾਈਂ, ਮੈਂ ਸਦਕੇ ਜਾਂਦਾ ਹਾਂ।1।

ਭਾਣੈ = ਰਜ਼ਾ ਅਨੁਸਾਰ। ਉਝੜ = ਗ਼ਲਤ ਰਸਤਾ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਭਰਮਿ = ਭਟਕਣਾ ਵਿਚ, ਭੁਲੇਖੇ ਵਿਚ। ਤਿਸੈ = ਉਸ (ਪਰਮਾਤਮਾ) ਦੀ ਹੀ। ਰਜਾਈ = ਰਜ਼ਾ ਵਿਚ।2।

ਵਰਤੈ = ਵਰਤਦਾ ਹੈ, ਵਾਪਰਦਾ ਹੈ। ਭਾਣਾ = ਰਜ਼ਾ, ਹੁਕਮ। ਅਥਾਹ = ਜਿਸ ਦੀ ਡੂੰਘਾਈ ਨਾਹ ਲੱਭ ਸਕੇ।3।

ਖਾਕੁ = ਚਰਨ-ਧੂੜ। ਆਇ = ਆ ਕੇ। ਹਰਿ = ਹੇ ਹਰੀ! ਪੇਖਤ = ਵੇਖਦਿਆਂ। ਆਘਾਵੈ = ਰੱਜ ਜਾਂਦਾ ਹੈ। ਸੁਭਾਈ = (ਤੇਰੀ) ਰਜ਼ਾ ਅਨੁਸਾਰ।4।

ਅਰਥ: ਹੇ ਪ੍ਰਭੂ! ਜੋ ਕੁਝ ਤੂੰ ਹੁਕਮ ਕਰਦਾ ਹੈਂ ਉਹੀ ਜੀਵ ਕਰਦੇ ਹਨ, ਜੋ ਕੁਝ ਤੂੰ ਦੇਂਦਾ ਹੈਂ, ਉਹੀ ਜੀਵ ਹਾਸਲ ਕਰ ਸਕਦੇ ਹਨ। ਗਰੀਬਾਂ ਤੇ ਅਨਾਥ ਜੀਵਾਂ ਨੂੰ ਤੇਰਾ ਹੀ ਸਹਾਰਾ ਹੈ। ਹੇ ਮੇਰੇ ਪਿਆਰੇ ਪ੍ਰਭੂ! (ਜਗਤ ਵਿਚ) ਸਭ ਕੁਝ ਤੂੰ ਹੀ ਕਰ ਰਿਹਾ ਹੈਂ ਤੂੰ ਹੀ ਕਰ ਰਿਹਾ ਹੈਂ। ਮੈਂ ਤੇਰੀ ਸਮਰਥਾ ਤੋਂ ਸਦਕੇ ਜਾਂਦਾ ਹਾਂ।1।

ਪਰਮਾਤਮਾ ਦੀ ਰਜ਼ਾ ਵਿਚ ਹੀ ਜੀਵ (ਜ਼ਿੰਦਗੀ ਦਾ) ਗ਼ਲਤ ਰਸਤਾ ਫੜ ਲੈਂਦੇ ਹਨ ਤੇ ਕਈ ਸਹੀ ਰਸਤਾ ਫੜਦੇ ਹਨ। ਪਰਮਾਤਮਾ ਦੀ ਰਜ਼ਾ ਵਿਚ ਹੀ ਕਈ ਜੀਵ ਗੁਰੂ ਦੀ ਸਰਨ ਪੈ ਕੇ ਹਰੀ ਦੇ ਗੁਣ ਗਾਂਦੇ ਹਨ। ਪ੍ਰਭੂ ਦੀ ਰਜ਼ਾ ਅਨੁਸਾਰ ਹੀ ਜੀਵ (ਮਾਇਆ ਦੇ ਮੋਹ ਦੀ) ਭਟਕਣਾ ਵਿਚ ਫਸ ਕੇ ਅਨੇਕਾਂ ਜੂਨਾਂ ਵਿਚ ਭੌਂਦਾ ਫਿਰਦਾ ਹੈ। (ਇਹ) ਸਭ ਕੁਝ ਉਸ ਪ੍ਰਭੂ ਦੀ ਰਜ਼ਾ ਵਿਚ ਹੀ ਹੋ ਰਿਹਾ ਹੈ।2।

ਹੇ ਅਪਹੁੰਚ ਪ੍ਰਭੂ! ਹੇ ਇੰਦ੍ਰੀਆਂ ਦੀ ਪਹੁੰਚ ਤੋਂ ਪਰੇ ਪ੍ਰਭੂ! ਹੇ ਬੇਅੰਤ ਪ੍ਰਭੂ! ਹੇ ਅਥਾਹ ਪ੍ਰਭੂ! (ਆਪਣੀ ਸਮਰੱਥਾ ਨਾਲ) ਨਾਹ ਕੋਈ ਜੀਵ ਮੂਰਖ ਹੈ ਤੇ ਨਾਹ ਹੀ ਕੋਈ ਸਿਆਣਾ ਹੈ। (ਜਗਤ ਵਿਚ ਜੋ ਕੁਝ ਹੋ ਰਿਹਾ ਹੈ) ਸਭ ਤੇਰਾ ਹੁਕਮ ਹੀ ਚੱਲ ਰਿਹਾ ਹੈ। ਤੇਰੇ ਬਰਾਬਰ ਦੀ ਕੋਈ ਸ਼ੈ ਦੱਸੀ ਨਹੀਂ ਜਾ ਸਕਦੀ।

ਹੇ ਪਿਆਰੇ ਹਰੀ! ਮੈਂ ਤੇਰੇ ਦਰ ਤੇ ਆ ਡਿੱਗਾ ਹਾਂ, ਮੈਨੂੰ ਆਪਣੇ ਸੰਤਾਂ ਦੇ ਚਰਨਾਂ ਦੀ ਧੂੜ ਦੇਹ। ਹੇ ਨਾਨਕ! (ਆਖ– ਪਰਮਾਤਮਾ ਦਾ) ਦਰਸਨ ਕੀਤਿਆਂ ਮਨ (ਦੁਨੀਆ ਦੇ ਪਦਾਰਥਾਂ ਵਲੋਂ) ਰੱਜ ਜਾਂਦਾ ਹੈ ਤੇ ਉਸ ਦੀ ਰਜ਼ਾ ਅਨੁਸਾਰ ਉਸ ਨਾਲ ਮਿਲਾਪ ਹੋ ਜਾਂਦਾ ਹੈ।4।7।14।

TOP OF PAGE

Sri Guru Granth Darpan, by Professor Sahib Singh