ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 99

ਮਾਝ ਮਹਲਾ ੫ ॥ ਦੁਖੁ ਤਦੇ ਜਾ ਵਿਸਰਿ ਜਾਵੈ ॥ ਭੁਖ ਵਿਆਪੈ ਬਹੁ ਬਿਧਿ ਧਾਵੈ ॥ ਸਿਮਰਤ ਨਾਮੁ ਸਦਾ ਸੁਹੇਲਾ ਜਿਸੁ ਦੇਵੈ ਦੀਨ ਦਇਆਲਾ ਜੀਉ ॥੧॥ ਸਤਿਗੁਰੁ ਮੇਰਾ ਵਡ ਸਮਰਥਾ ॥ ਜੀਇ ਸਮਾਲੀ ਤਾ ਸਭੁ ਦੁਖੁ ਲਥਾ ॥ ਚਿੰਤਾ ਰੋਗੁ ਗਈ ਹਉ ਪੀੜਾ ਆਪਿ ਕਰੇ ਪ੍ਰਤਿਪਾਲਾ ਜੀਉ ॥੨॥ ਬਾਰਿਕ ਵਾਂਗੀ ਹਉ ਸਭ ਕਿਛੁ ਮੰਗਾ ॥ ਦੇਦੇ ਤੋਟਿ ਨਾਹੀ ਪ੍ਰਭ ਰੰਗਾ ॥ ਪੈਰੀ ਪੈ ਪੈ ਬਹੁਤੁ ਮਨਾਈ ਦੀਨ ਦਇਆਲ ਗੋਪਾਲਾ ਜੀਉ ॥੩॥ ਹਉ ਬਲਿਹਾਰੀ ਸਤਿਗੁਰ ਪੂਰੇ ॥ ਜਿਨਿ ਬੰਧਨ ਕਾਟੇ ਸਗਲੇ ਮੇਰੇ ॥ ਹਿਰਦੈ ਨਾਮੁ ਦੇ ਨਿਰਮਲ ਕੀਏ ਨਾਨਕ ਰੰਗਿ ਰਸਾਲਾ ਜੀਉ ॥੪॥੮॥੧੫॥ {ਪੰਨਾ 99}

ਪਦ ਅਰਥ: ਤਦੇ = ਤਦਿ ਹੀ, ਤਦੋਂ ਹੀ। ਭੁਖ = ਮਾਇਆ ਦੀ ਤ੍ਰਿਸ਼ਨਾ। ਵਿਆਪੈ = ਜ਼ੋਰ ਪਾ ਲੈਂਦੀ ਹੈ। ਬਹੁ ਬਿਧਿ = ਕਈ ਤਰੀਕਿਆਂ ਨਾਲ। ਸੁਹੇਲਾ = ਸੁਖੀ।1।

ਸਮਰਥਾ = ਤਾਕਤ ਵਾਲਾ। ਜੀਇ = ਜੀਉ ਵਿਚ {ਲਫ਼ਜ਼ 'ਜੀਉ' ਤੋਂ ਅਧਿਕਰਣ ਕਾਰਕ ਇਕ-ਵਚਨ 'ਜੀਇ' ਹੈ} ਸਮਾਲੀ = ਸਮਾਲੀਂ, ਮੈਂ ਸੰਭਾਲਦਾ ਹਾਂ। ਹਉ ਪੀੜਾ = ਹਉਮੈ ਦਾ ਦੁੱਖ।2।

ਹਉ = ਮੈਂ। ਮੰਗਾ = ਮੰਗਾਂ। ਤੋਟਿ = ਘਾਟਾ। ਪ੍ਰਭ ਰੰਗਾ = ਪ੍ਰਭੂ ਦੇ ਪਦਾਰਥਾਂ (ਵਿਚ) । ਪੈ = ਪੈ ਕੇ। ਮਨਾਈ = ਮਨਾਈਂ, ਮੈਂ ਮਨਾਂਦਾ ਹਾਂ। ਬਲਿਹਾਰੀ = ਕੁਰਬਾਨ। ਜਿਨਿ = ਜਿਸ (ਗੁਰੂ) ਨੇ। ਸਗਲੇ = ਸਾਰੇ। ਦੇ = ਦੇ ਕੇ। ਰੰਗਿ = (ਆਪਣੇ) ਪ੍ਰੇਮ ਵਿਚ (ਜੋੜ ਕੇ) । ਰਸਾਲਾ = {rs AwlX} ਰਸ ਦਾ ਘਰ।4।

ਅਰਥ: (ਜੀਵ ਨੂੰ) ਦੁੱਖ ਤਦੋਂ ਹੀ ਵਾਪਰਦਾ ਹੈ ਜਦੋਂ ਉਸ ਨੂੰ (ਪਰਮਾਤਮਾ ਦਾ ਨਾਮ) ਭੁੱਲ ਜਾਂਦਾ ਹੈ। (ਨਾਮ ਤੋਂ ਖੁੰਝੇ ਹੋਏ ਜੀਵ ਉਤੇ) ਮਾਇਆ ਦੀ ਤ੍ਰਿਸ਼ਨਾ ਜ਼ੋਰ ਪਾ ਲੈਂਦੀ ਹੈ, ਤੇ ਜੀਵ ਕਈ ਢੰਗਾਂ ਨਾਲ (ਮਾਇਆ ਦੀ ਖ਼ਾਤਰ ਭਟਕਦਾ ਫਿਰਦਾ ਹੈ। ਦੀਨਾਂ ਉਤੇ ਦਇਆ ਕਰਨ ਵਾਲਾ ਪਰਮਾਤਮਾ ਜਿਸ ਮਨੱਖ ਨੂੰ (ਨਾਮ ਦੀ ਦਾਤਿ) ਦੇਂਦਾ ਹੈ ਉਹ ਸਿਮਰ ਸਿਮਰ ਕੇ ਸਦਾ ਸੌਖਾ ਰਹਿੰਦਾ ਹੈ।1।

(ਪਰ ਇਹ ਨਾਮ ਦੀ ਦਾਤਿ ਗੁਰੂ ਦੀ ਰਾਹੀਂ ਮਿਲਦੀ ਹੈ) ਮੇਰਾ ਸਤਿਗੁਰੂ ਬੜੀ ਤਾਕਤ ਵਾਲਾ ਹੈ, (ਉਸ ਦੀ ਮਿਹਰ ਨਾਲ) ਜਦੋਂ ਮੈਂ (ਪਰਮਾਤਮਾ ਦਾ ਨਾਮ ਆਪਣੇ) ਹਿਰਦੇ ਵਿਚ ਵਸਾਂਦਾ ਹਾਂ ਤਾਂ ਮੇਰਾ ਸਾਰਾ ਦੁੱਖ ਦੂਰ ਹੋ ਜਾਂਦਾ ਹੈ। (ਮੇਰੇ ਅੰਦਰੋਂ) ਚਿੰਤਾ ਦਾ ਰੋਗ ਦੂਰ ਹੋ ਜਾਂਦਾ ਹੈ, ਮੇਰਾ ਹਉਮੈ ਦਾ ਦੁੱਖ ਦੂਰ ਹੋ ਜਾਂਦਾ ਹੈ (ਚਿੰਤਾ ਹਉਮੈ ਆਦਿਕ ਤੋਂ) ਪਰਮਾਤਮਾ ਆਪ ਮੇਰੀ ਰਾਖੀ ਕਰਦਾ ਹੈ।2।

(ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦੇ ਦਰ ਤੋਂ) ਮੈਂ ਅੰਞਾਣੇ ਬਾਲ ਵਾਂਗ ਹਰੇਕ ਚੀਜ਼ ਮੰਗਦਾ ਹਾਂ, ਉਹ ਸਦਾ ਮੈਨੂੰ (ਮੇਰੀਆਂ ਮੂੰਹ ਮੰਗੀਆਂ ਚੀਜ਼ਾਂ) ਦੇਂਦਾ ਰਹਿੰਦਾ ਹੈ, ਤੇ ਪ੍ਰਭੂ ਦੀਆਂ ਦਿੱਤੀਆਂ ਚੀਜ਼ਾਂ ਵਲੋਂ ਮੈਨੂੰ ਕਦੇ ਟੋਟ ਨਹੀਂ ਆਉਂਦੀ। ਉਹ ਪਰਮਾਤਮਾ ਦੀਨਾਂ ਉੱਤੇ ਦਇਆ ਕਰਨ ਵਾਲਾ ਹੈ, ਸ੍ਰਿਸ਼ਟੀ ਦੇ ਜੀਵਾਂ ਦੀ ਪਾਲਨਾ ਕਰਨ ਵਾਲਾ ਹੈ, ਮੈਂ ਉਸ ਦੇ ਚਰਨਾਂ ਤੇ ਢਹਿ ਢਹਿ ਕੇ ਸਦਾ ਉਸ ਨੂੰ ਮਨਾਂਦਾ ਰਹਿੰਦਾ ਹਾਂ।3।

ਮੈਂ ਪੂਰੇ ਸਤਿਗੁਰੂ ਤੋਂ ਕੁਰਬਾਨ ਜਾਂਦਾ ਹਾਂ, ਉਸ ਨੇ ਮੇਰੇ ਸਾਰੇ ਮਾਇਆ ਦੇ ਬੰਧਨ ਤੋੜ ਦਿੱਤੇ ਹਨ।

ਹੇ ਨਾਨਕ! ਗੁਰੂ ਨੇ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਹਿਰਦੇ ਵਿਚ ਦੇ ਕੇ ਪਵਿੱਤ੍ਰ ਜੀਵਨ ਵਾਲਾ ਬਣਾ ਦਿੱਤਾ, ਉਹ ਪ੍ਰਭੂ ਦੇ ਪ੍ਰੇਮ ਵਿਚ ਲੀਨ ਹੋ ਕੇ ਆਤਮਕ ਆਨੰਦ ਦਾ ਘਰ ਬਣ ਜਾਂਦੇ ਹਨ।4।8।15।

ਮਾਝ ਮਹਲਾ ੫ ॥ ਲਾਲ ਗੋਪਾਲ ਦਇਆਲ ਰੰਗੀਲੇ ॥ ਗਹਿਰ ਗੰਭੀਰ ਬੇਅੰਤ ਗੋਵਿੰਦੇ ॥ ਊਚ ਅਥਾਹ ਬੇਅੰਤ ਸੁਆਮੀ ਸਿਮਰਿ ਸਿਮਰਿ ਹਉ ਜੀਵਾਂ ਜੀਉ ॥੧॥ ਦੁਖ ਭੰਜਨ ਨਿਧਾਨ ਅਮੋਲੇ ॥ ਨਿਰਭਉ ਨਿਰਵੈਰ ਅਥਾਹ ਅਤੋਲੇ ॥ ਅਕਾਲ ਮੂਰਤਿ ਅਜੂਨੀ ਸੰਭੌ ਮਨ ਸਿਮਰਤ ਠੰਢਾ ਥੀਵਾਂ ਜੀਉ ॥੨॥ ਸਦਾ ਸੰਗੀ ਹਰਿ ਰੰਗ ਗੋਪਾਲਾ ॥ ਊਚ ਨੀਚ ਕਰੇ ਪ੍ਰਤਿਪਾਲਾ ॥ ਨਾਮੁ ਰਸਾਇਣੁ ਮਨੁ ਤ੍ਰਿਪਤਾਇਣੁ ਗੁਰਮੁਖਿ ਅੰਮ੍ਰਿਤੁ ਪੀਵਾਂ ਜੀਉ ॥੩॥ ਦੁਖਿ ਸੁਖਿ ਪਿਆਰੇ ਤੁਧੁ ਧਿਆਈ ॥ ਏਹ ਸੁਮਤਿ ਗੁਰੂ ਤੇ ਪਾਈ ॥ ਨਾਨਕ ਕੀ ਧਰ ਤੂੰਹੈ ਠਾਕੁਰ ਹਰਿ ਰੰਗਿ ਪਾਰਿ ਪਰੀਵਾਂ ਜੀਉ ॥੪॥੯॥੧੬॥ {ਪੰਨਾ 99}

ਪਦ ਅਰਥ: ਲਾਲ = ਹੇ ਲਾਲ! ਹੇ ਪਿਆਰੇ! ਰੰਗੀਲੇ = ਹੇ ਰੰਗੀਲੇ! {ਰੰਗ-ਆਲਯ} ਹੇ ਆਨੰਦ ਦੇ ਸੋਮੇ! ਗੰਭੀਰ = ਹੇ ਵੱਡੇ ਜਿਗਰੇ ਵਾਲੇ! ਹਉ = ਮੈਂ। ਜੀਵਾਂ = ਆਤਮਕ ਜੀਵਨ ਪ੍ਰਾਪਤ ਕਰਦਾ ਹਾਂ।1।

ਦੁਖ ਭੰਜਨ = ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਨਿਧਾਨ = ਹੇ ਖ਼ਜ਼ਾਨੇ! ਸੰਭੌ = {ਸ੍ਵਯੰਭੂ, ÔvXzBu} ਆਪਣੇ ਆਪ ਤੋਂ ਪਰਗਟ ਹੋਣ ਵਾਲਾ। ਮਨਿ = ਮਨ ਵਿਚ। ਠੰਢਾ = ਸ਼ਾਂਤ।2।

ਰਸਾਇਣੁ = ਰਸਾਂ ਦੇ ਘਰ। ਤ੍ਰਿਪਤਾਇਣੁ = ਤ੍ਰਿਪਤ ਕਰਨ ਵਾਲਾ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਨਾਮ ਰਸ।3।

ਦੁਖਿ = ਦੁੱਖ ਵਿਚ। ਪਿਆਰੇ = ਹੇ ਪਿਆਰੇ! ਤੁਧੁ = ਤੈਨੂੰ। ਸੁਮਤਿ = ਚੰਗੀ ਅਕਲ। ਤੇ = ਤੋਂ। ਧਰ = ਆਸਰਾ। ਠਾਕੁਰ = ਹੇ ਠਾਕੁਰ! ਰੰਗਿ = ਪ੍ਰੇਮ ਵਿਚ।4।

ਅਰਥ: ਹੇ ਪਿਆਰੇ ਪ੍ਰਭੂ! ਹੇ ਸ੍ਰਿਸ਼ਟੀ ਦੇ ਰਾਖੇ! ਹੇ ਦਇਆ ਦੇ ਘਰ! ਹੇ ਆਨੰਦ ਦੇ ਸੋਮੇ! ਹੇ ਡੂੰਘੇ ਤੇ ਵੱਡੇ ਜਿਗਰ ਵਾਲੇ! ਹੇ ਬੇਅੰਤ ਗੋਬਿੰਦ! ਹੇ ਸਭ ਤੋਂ ਉੱਚੇ ਅਥਾਹ ਤੇ ਬੇਅੰਤ ਪ੍ਰਭੂ! ਹੇ ਸੁਆਮੀ! (ਤੇਰੀ ਮਿਹਰ ਨਾਲ ਤੇਰਾ ਨਾਮ) ਸਿਮਰ ਸਿਮਰ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ।1।

ਹੇ (ਜੀਵਾਂ ਦੇ) ਦੁੱਖ ਨਾਸ ਕਰਨ ਵਾਲੇ! ਹੇ ਕੀਮਤੀ ਪਦਾਰਥਾਂ ਦੇ ਖ਼ਜ਼ਾਨੇ! ਹੇ ਨਿਡਰ ਨਿਰਵੈਰ ਅਥਾਹ ਤੇ ਅਤੋਲ ਪ੍ਰਭੂ! ਤੇਰੀ ਹਸਤੀ ਮੌਤ ਤੋਂ ਰਹਿਤ ਹੈ, ਤੂੰ ਜੂਨਾਂ ਵਿਚ ਨਹੀਂ ਆਉਂਦਾ, ਤੇ ਆਪਣੇ ਆਪ ਤੋਂ ਹੀ ਪਰਗਟ ਹੁੰਦਾ ਹੈਂ। (ਤੇਰਾ ਨਾਮ) ਮਨ ਵਿਚ ਸਿਮਰ ਸਿਮਰ ਕੇ ਮੈਂ ਸ਼ਾਂਤ ਚਿੱਤ ਹੋ ਜਾਂਦਾ ਹਾਂ।2।

ਪਰਮਾਤਮਾ (ਆਪਣੀ) ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਹੈ, ਸਦਾ ਸਭ ਜੀਵਾਂ ਦੇ ਅੰਗ ਸੰਗ ਰਹਿੰਦਾ ਹੈ, ਤੇ ਸਭ ਸੁਖ ਦੇਣ ਵਾਲਾ ਹੈ। (ਜਗਤ ਵਿਚ) ਉੱਚੇ ਅਖਵਾਣ ਵਾਲੇ ਤੇ ਨੀਵੇਂ ਅਖਵਾਣ ਵਾਲੇ ਸਭ ਜੀਵਾਂ ਦੀ ਪਾਲਣਾ ਕਰਦਾ ਹੈ। ਪਰਮਾਤਮਾ ਦਾ ਨਾਮ ਸਭ ਰਸਾਂ ਦਾ ਸੋਮਾ ਹੈ (ਜੀਵਾਂ ਦੇ) ਮਨ ਨੂੰ (ਮਾਇਆ ਦੀ ਤ੍ਰਿਸ਼ਨਾ ਵਲੋਂ) ਤ੍ਰਿਪਤ ਕਰਨ ਵਾਲਾ ਹੈ।

ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੇਣ ਵਾਲੇ ਉਸ ਨਾਮ ਰਸ ਨੂੰ ਮੈਂ ਪੀਂਦਾ ਰਹਿੰਦਾ ਹਾਂ।3।

ਹੇ ਪਿਆਰੇ ਪ੍ਰਭੂ! ਦੁੱਖ ਵਿਚ (ਫਸਿਆ ਪਿਆ ਹੋਵਾਂ, ਚਾਹੇ) ਸੁਖ ਵਿਚ (ਵੱਸ ਰਿਹਾ ਹੋਵਾਂ) ਮੈਂ ਸਦਾ ਤੈਨੂੰ ਹੀ ਧਿਆਉਂਦਾ ਹਾਂ (ਤੇਰਾ ਹੀ ਧਿਆਨ ਧਰਦਾ ਹਾਂ) = ਇਹ ਚੰਗੀ ਅਕਲ ਮੈਂ (ਆਪਣੇ) ਗੁਰੂ ਤੋਂ ਲਈ ਹੈ। ਹੇ ਸਭ ਦੇ ਪਾਲਣਹਾਰ! ਨਾਨਕ ਦਾ ਆਸਰਾ ਤੂੰ ਹੀ ਹੈਂ।

(ਹੇ ਭਾਈ!) ਪਰਮਾਤਮਾ ਦੇ ਪ੍ਰੇਮ-ਰੰਗ ਵਿਚ (ਲੀਨ ਹੋ ਕੇ ਹੀ) ਮੈਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕਦਾ ਹਾਂ।4।9।16।

ਮਾਝ ਮਹਲਾ ੫ ॥ ਧੰਨੁ ਸੁ ਵੇਲਾ ਜਿਤੁ ਮੈ ਸਤਿਗੁਰੁ ਮਿਲਿਆ ॥ ਸਫਲੁ ਦਰਸਨੁ ਨੇਤ੍ਰ ਪੇਖਤ ਤਰਿਆ ॥ ਧੰਨੁ ਮੂਰਤ ਚਸੇ ਪਲ ਘੜੀਆ ਧੰਨਿ ਸੁ ਓਇ ਸੰਜੋਗਾ ਜੀਉ ॥੧॥ ਉਦਮੁ ਕਰਤ ਮਨੁ ਨਿਰਮਲੁ ਹੋਆ ॥ ਹਰਿ ਮਾਰਗਿ ਚਲਤ ਭ੍ਰਮੁ ਸਗਲਾ ਖੋਇਆ ॥ ਨਾਮੁ ਨਿਧਾਨੁ ਸਤਿਗੁਰੂ ਸੁਣਾਇਆ ਮਿਟਿ ਗਏ ਸਗਲੇ ਰੋਗਾ ਜੀਉ ॥੨॥ ਅੰਤਰਿ ਬਾਹਰਿ ਤੇਰੀ ਬਾਣੀ ॥ ਤੁਧੁ ਆਪਿ ਕਥੀ ਤੈ ਆਪਿ ਵਖਾਣੀ ॥ ਗੁਰਿ ਕਹਿਆ ਸਭੁ ਏਕੋ ਏਕੋ ਅਵਰੁ ਨ ਕੋਈ ਹੋਇਗਾ ਜੀਉ ॥੩॥ ਅੰਮ੍ਰਿਤ ਰਸੁ ਹਰਿ ਗੁਰ ਤੇ ਪੀਆ ॥ ਹਰਿ ਪੈਨਣੁ ਨਾਮੁ ਭੋਜਨੁ ਥੀਆ ॥ ਨਾਮਿ ਰੰਗ ਨਾਮਿ ਚੋਜ ਤਮਾਸੇ ਨਾਉ ਨਾਨਕ ਕੀਨੇ ਭੋਗਾ ਜੀਉ ॥੪॥੧੦॥੧੭॥ {ਪੰਨਾ 99}

ਪਦ ਅਰਥ: ਧੰਨੁ = {GNX} ਭਾਗਾਂ ਵਾਲਾ। ਜਿਤੁ = ਜਿਸ (ਵੇਲੇ) ਵਿਚ। ਮੈ = ਮੈਨੂੰ। ਸਫਲੁ = ਫਲ ਦੇਣ ਵਾਲਾ। ਨੇਤ੍ਰ = ਅੱਖਾਂ ਨਾਲ। ਮੂਰਤ = {muhuqL} ਦੋ ਘੜੀਆਂ ਦਾ ਸਮਾ। ਚਸਾ = ਇਕ ਪਲ ਦਾ ਤ੍ਰੀਹਵਾਂ ਹਿੱਸਾ। ਓਇ = {ਲਫ਼ਜ਼ 'ਓਹੁ' ਤੋਂ ਬਹੁ-ਵਚਨ}। ਸੰਜੋਗਾ = ਮਿਲਾਪ ਦੇ ਸਮੇ।1।

ਕਰਤ = ਕਰਦਿਆਂ। ਹੋਆ = ਹੋ ਗਿਆ। ਮਾਰਗਿ = ਰਸਤੇ ਉਤੇ। ਭ੍ਰਮੁ = ਭਟਕਦਾ।2।

ਵਖਾਣੀ = ਬਿਆਨ ਕੀਤੀ। ਕਥੀ = ਆਖੀ। ਤੈ = ਤੈਂ, ਤੂੰ। ਗੁਰਿ = ਗੁਰੂ ਨੇ। ਸਭੁ = ਹਰ ਥਾਂ।3।

ਅੰਮ੍ਰਿਤ ਰਸੁ = ਨਾਮ ਅੰਮ੍ਰਿਤ ਦਾ ਸੁਆਦ। ਤੇ = ਤੋਂ। ਥੀਆ = ਹੋ ਗਿਆ ਹੈ। ਨਾਮਿ = ਨਾਮ ਵਿਚ (ਜੁੜੇ ਰਹਿਣਾ) । ਭੋਗਾ = ਦੁਨੀਆ ਦੇ ਪਦਾਰਥ ਮਾਣਨੇ।4।

ਅਰਥ: (ਮੇਰੇ ਭਾ ਦਾ) ਉਹ ਵੇਲਾ ਭਾਗਾਂ ਵਾਲਾ (ਸਾਬਤ ਹੋਇਆ) ਜਿਸ ਵੇਲੇ ਮੈਨੂੰ ਸਤਿਗੁਰੂ ਮਿਲ ਪਿਆ, (ਗੁਰੂ ਦਾ) ਦਰਸਨ (ਮੇਰੇ ਵਾਸਤੇ) ਫਲ-ਦਾਇਕ ਹੋ ਗਿਆ (ਕਿਉਂਕਿ ਇਹਨਾਂ) ਅੱਖਾਂ ਨਾਲ (ਗੁਰੂ ਦਾ) ਦਰਸਨ ਕਰਦਿਆਂ (ਹੀ) ਮੈਂ (ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘ ਗਿਆ। (ਸੋ ਮੇਰੇ ਵਾਸਤੇ) ਉਹ ਮੁਹੂਰਤ ਉਹ ਚਸੇ ਉਹ ਪਲ ਘੜੀਆਂ ਉਹ (ਗੁਰੂ-) ਮਿਲਾਪ ਦੇ ਸਮੇ ਸਾਰੇ ਹੀ ਭਾਗਾਂ ਵਾਲੇ ਹਨ।1।

(ਗੁਰੂ ਦੀ ਦੱਸੀ ਸਿਮਰਨ-ਕਾਰ ਵਾਸਤੇ) ਉੱਦਮ ਕਰਦਿਆਂ (ਮੇਰਾ) ਮਨ ਪਵਿਤ੍ਰ ਹੋ ਗਿਆ ਹੈ, (ਗੁਰੂ ਦੀ ਰਾਹੀਂ) ਪ੍ਰਭੂ ਦੇ ਰਸਤੇ ਉੱਤੇ ਤੁਰਦਿਆਂ ਮੇਰੀ ਸਾਰੀ ਭਟਕਣਾ ਮੁੱਕ ਗਈ ਹੈ। ਗੁਰੂ ਨੇ ਮੈਨੂੰ (ਸਾਰੇ ਗੁਣਾਂ ਦਾ) ਖ਼ਜ਼ਾਨਾ ਪ੍ਰਭੂ ਦਾ ਨਾਮ ਸੁਣਾ ਦਿੱਤਾ ਹੈ (ਉਸ ਦੀ ਬਰਕਤਿ ਨਾਲ) ਮੇਰੇ ਸਾਰੇ (ਮਾਨਸਿਕ) ਰੋਗ ਦੂਰ ਹੋ ਗਏ ਹਨ।

(ਹੇ ਪ੍ਰਭੂ!) ਗੁਰੂ ਨੇ ਮੈਨੂੰ ਦੱਸਿਆ ਹੈ ਕਿ ਹਰ ਥਾਂ ਇਕ ਤੂੰ ਹੀ ਤੂੰ ਹੈਂ, ਤੇਰੇ ਬਰਾਬਰ ਦਾ ਹੋਰ ਕੋਈ ਭੀ (ਨਾਹ ਹੋਇਆ, ਨਾਹ ਹੈ ਤੇ) ਨਾਹ ਹੋਵੇਗਾ। (ਇਸ ਵਾਸਤੇ ਹੁਣ ਮੈਨੂੰ) ਅੰਦਰ ਬਾਹਰ (ਸਭ ਜੀਵਾਂ ਵਿਚ) ਤੇਰਾ ਹੀ ਬਾਣੀ ਸੁਣਾਈ ਦੇ ਰਹੀ ਹੈ (ਹਰੇਕ ਵਿਚ ਤੂੰ ਹੀ ਬੋਲਦਾ ਪ੍ਰਤੀਤ ਹੋ ਰਿਹਾ ਹੈਂ। ਮੈਨੂੰ ਇਹ ਨਿਸਚਾ ਹੋ ਗਿਆ ਹੈ ਕਿ ਹਰੇਕ ਜੀਵ ਵਿਚ) ਤੂੰ ਆਪ ਹੀ ਕਥਨ ਕਰ ਰਿਹਾ ਹੈਂ, ਤੂੰ ਆਪ ਹੀ ਵਖਿਆਨ ਕਰ ਰਿਹਾ ਹੈਂ।3।

ਹੇ ਨਾਨਕ! (ਆਖ–) ਪਰਮਾਤਮਾ ਦੇ ਨਾਮ-ਰਸ ਦਾ ਸੁਆਦ ਮੈਨੂੰ ਗੁਰੂ ਪਾਸੋਂ ਪ੍ਰਾਪਤ ਹੋਇਆ ਹੈ। ਹੁਣ ਪਰਮਾਤਮਾ ਦਾ ਨਾਮ ਹੀ ਮੇਰਾ ਖਾਣ-ਪੀਣ ਹੈ ਤੇ ਨਾਮ ਹੀ ਮੇਰਾ ਹੰਢਾਣ ਹੈ, ਪ੍ਰਭੂ-ਨਾਮ ਵਿਚ ਜੁੜੇ ਰਹਿਣਾ ਹੀ ਮੇਰੇ ਵਾਸਤੇ ਦੁਨੀਆ ਦੀਆਂ ਖ਼ੁਸ਼ੀਆਂ ਹਨ, ਨਾਮ ਵਿਚ ਜੁੜੇ ਰਹਿਣਾ ਹੀ ਮੇਰੇ ਵਾਸਤੇ ਦੁਨੀਆ ਦੇ ਰੰਗ-ਤਮਾਸ਼ੇ ਹਨ, ਪ੍ਰਭੂ-ਨਾਮ ਹੀ ਮੇਰੇ ਵਾਸਤੇ ਦੁਨੀਆ ਦੇ ਭੋਗ-ਬਿਲਾਸ ਹੈ।4।10।17।

ਮਾਝ ਮਹਲਾ ੫ ॥ ਸਗਲ ਸੰਤਨ ਪਹਿ ਵਸਤੁ ਇਕ ਮਾਂਗਉ ॥ ਕਰਉ ਬਿਨੰਤੀ ਮਾਨੁ ਤਿਆਗਉ ॥ ਵਾਰਿ ਵਾਰਿ ਜਾਈ ਲਖ ਵਰੀਆ ਦੇਹੁ ਸੰਤਨ ਕੀ ਧੂਰਾ ਜੀਉ ॥੧॥ ਤੁਮ ਦਾਤੇ ਤੁਮ ਪੁਰਖ ਬਿਧਾਤੇ ॥ ਤੁਮ ਸਮਰਥ ਸਦਾ ਸੁਖਦਾਤੇ ॥ ਸਭ ਕੋ ਤੁਮ ਹੀ ਤੇ ਵਰਸਾਵੈ ਅਉਸਰੁ ਕਰਹੁ ਹਮਾਰਾ ਪੂਰਾ ਜੀਉ ॥੨॥ ਦਰਸਨਿ ਤੇਰੈ ਭਵਨ ਪੁਨੀਤਾ ॥ ਆਤਮ ਗੜੁ ਬਿਖਮੁ ਤਿਨਾ ਹੀ ਜੀਤਾ ॥ ਤੁਮ ਦਾਤੇ ਤੁਮ ਪੁਰਖ ਬਿਧਾਤੇ ਤੁਧੁ ਜੇਵਡੁ ਅਵਰੁ ਨ ਸੂਰਾ ਜੀਉ ॥੩॥ ਰੇਨੁ ਸੰਤਨ ਕੀ ਮੇਰੈ ਮੁਖਿ ਲਾਗੀ ॥ ਦੁਰਮਤਿ ਬਿਨਸੀ ਕੁਬੁਧਿ ਅਭਾਗੀ ॥ ਸਚ ਘਰਿ ਬੈਸਿ ਰਹੇ ਗੁਣ ਗਾਏ ਨਾਨਕ ਬਿਨਸੇ ਕੂਰਾ ਜੀਉ ॥੪॥੧੧॥੧੮॥ {ਪੰਨਾ 99}

ਪਦ ਅਰਥ: ਸਗਲ = ਸਾਰੇ। ਪਹਿ = ਪਾਸੋਂ। ਮਾਂਗਉ = ਮੈਂ ਮੰਗਦਾ ਹਾਂ। ਵਸਤੁ = ਚੰਗੀ ਸ਼ੈ। ਕਰਉ = ਕਰਉਂ, ਮੈਂ ਕਰਦਾ ਹਾਂ। ਮਾਨੁ = ਅਹੰਕਾਰ। ਤਿਆਗਉ = ਤਿਆਗਉਂ, ਮੈਂ ਤਿਆਗ ਦਿਆਂ। ਵਾਰਿ ਵਾਰਿ = ਸਦਕੇ ਕੁਰਬਾਨ। ਜਾਈ = ਜਾਈਂ, ਮੈਂ ਜਾਵਾਂ। ਵਰੀਆ = ਵਾਰੀ। ਧੂਰਾ = ਚਰਨ-ਧੂੜ।1।

ਪੁਰਖ = ਸਰਬ-ਵਿਆਪਕ। ਬਿਧਾਤਾ = ਪੈਦਾ ਕਰਨ ਵਾਲਾ, ਸਿਰਜਣਹਾਰ {ivDwqã}। ਤੇ = ਤੋਂ। ਵਰਸਾਵੈ = ਫਲ ਪਾਂਦਾ ਹੈ। ਅਉਸਰੁ = ਸਮਾ, ਮਨੁੱਖਾ ਜਨਮ-ਰੂਪ ਸਮਾ। ਪੂਰਾ-ਸਫਲ, ਕਾਮਯਾਬ।2।

ਦਰਸਨਿ = ਦਰਸਨ ਨਾਲ। ਭਵਨ = {ਬਹੁ-ਵਚਨ} ਸ਼ਹਰ, ਸਰੀਰ-ਸ਼ਹਰ। ਪੁਨੀਤਾ = ਪਵਿਤ੍ਰ। ਗੁੜ = ਗੜ੍ਹ, ਕਿਲ੍ਹਾ। ਬਿਖਮੁ = ਔਖਾ, ਜਿਸ ਨੂੰ ਜਿੱਤਣਾ ਔਖਾ ਹੈ। ਸੂਰਾ = ਸੂਰਮਾ।3।

ਰਨੁ = ਚਰਨ-ਧੂੜ। ਮੁਖਿ = ਮੂੰਹ ਉੱਤੇ, ਮੱਥੇ ਉੱਤੇ। ਦੁਰਮਤਿ = ਭੈੜੀ ਮਤਿ। ਕੁਬੁਧਿ = ਕੋਝੀ ਅਕਲ। ਅਭਾਗੀ = ਭੱਜ ਗਈ। ਸਚ ਘਰਿ = ਸਦਾ-ਥਿਰ ਪ੍ਰਭੂ ਦੇ ਘਰ ਵਿਚ। ਕੂਰਾ = ਕੂੜ, ਮਾਇਆ ਦੇ ਮੋਹ ਦੇ ਝੂਠੇ ਸੰਸਕਾਰ।4।

ਅਰਥ: (ਹੇ ਪ੍ਰਭੂ!) ਤੇਰਾ ਭਜਨ ਕਰਨ ਵਾਲੇ ਸਾਰੇ ਬੰਦਿਆਂ ਤੋਂ ਮੈਂ ਤੇਰਾ ਨਾਮ-ਪਦਾਰਥ ਹੀ ਮੰਗਦਾ ਹਾਂ, ਤੇ (ਉਹਨਾਂ ਅੱਗੇ) ਬੇਨਤੀ ਕਰਦਾ ਹਾਂ (ਕਿ ਕਿਸੇ ਤਰ੍ਹਾਂ) ਮੈਂ (ਆਪਣੇ ਅੰਦਰੋਂ) ਅਹੰਕਾਰ ਦੂਰ ਕਰ ਸਕਾਂ। ਹੇ ਪ੍ਰਭੂ! ਮੈਂ ਲੱਖਾਂ ਵਾਰ (ਤੇਰੇ ਸੰਤਾਂ ਤੋਂ) ਸਦਕੇ ਕੁਰਬਾਨ ਜਾਂਦਾ ਹਾਂ, ਮੈਨੂੰ ਆਪਣੇ ਸੰਤਾਂ ਦੇ ਚਰਨਾਂ ਦੀ ਧੂੜ ਬਖ਼ਸ਼।1।

ਹੇ ਪ੍ਰਭੂ! ਤੂੰ ਸਭ ਜੀਵਾਂ ਨੂੰ ਪੈਦਾ ਕਰਨ ਵਾਲਾ ਹੈਂ, ਤੂੰ ਹੀ ਸਭ ਵਿਚ ਵਿਆਪਕ ਹੈਂ, ਤੇ ਤੂੰ ਹੀ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ। ਹੇ ਪ੍ਰਭੂ! ਤੂੰ ਸਾਰੀਆਂ ਤਾਕਤਾਂ ਦਾ ਮਾਲਕ ਹੈਂ, ਤੂੰ ਹੀ ਸਾਰੇ ਸੁਖ ਦੇਣ ਵਾਲਾ ਹੈਂ। ਹਰੇਕ ਜੀਵ ਤੇਰੇ ਪਾਸੋਂ ਹੀ ਮੁਰਾਦਾਂ ਪਾਂਦਾ ਹੈ (ਮੈਂ ਭੀ ਤੇਰੇ ਪਾਸੋਂ ਇਹ ਮੰਗ ਮੰਗਦਾ ਹਾਂ ਕਿ ਆਪਣੇ ਨਾਮ ਦੀ ਦਾਤਿ ਦੇ ਕੇ) ਮੇਰਾ ਮਨੁੱਖਾ ਜਨਮ ਦਾ ਸਮਾ ਕਾਮਯਾਬ ਕਰ।2।

ਹੇ ਪ੍ਰਭੂ! (ਜਿਨ੍ਹਾਂ ਬੰਦਿਆਂ ਨੇ) ਤੇਰੇ ਦਰਸਨ (ਦੀ ਬਰਕਤਿ) ਨਾਲ ਆਪਣੇ ਸਰੀਰ-ਨਗਰ ਪਵਿਤ੍ਰ ਕਰ ਲਏ ਹਨ, ਉਹਨਾਂ ਨੇ ਹੀ ਇਸ ਔਖੇ ਮਨ-ਕਿਲ੍ਹੇ ਨੂੰ ਵੱਸ ਵਿਚ ਕੀਤਾ ਹੈ। ਹੇ ਪ੍ਰਭੂ! ਤੂੰ ਹੀ ਸਭ ਨੂੰ ਦਾਤਾਂ ਦੇਣ ਵਾਲਾ ਹੈਂ, ਤੂੰ ਹੀ ਸਭ ਵਿਚ ਵਿਆਪਕ ਹੈਂ, ਤੂੰ ਹੀ ਸਭ ਦਾ ਪੈਦਾ ਕਰਨ ਵਾਲਾ ਹੈਂ, ਤੇਰੇ ਬਰਾਬਰ ਦਾ ਹੋਰ ਕੋਈ ਸੂਰਮਾ ਨਹੀਂ ਹੈ।3।

(ਜਦੋਂ ਦੀ) ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੇਰੇ ਮੱਥੇ ਤੇ ਲੱਗੀ ਹੈ, ਮੇਰੀ ਭੈੜੀ ਮਤਿ ਨਾਸ ਹੋ ਗਈ ਹੈ, ਮੇਰੀ ਕੋਝੀ ਅਕਲ ਦੂਰ ਹੋ ਚੁਕੀ ਹੈ। ਹੇ ਨਾਨਕ! (ਆਖ–) ਜੇਹੜੇ ਬੰਦੇ ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ ਟਿਕੇ ਰਹਿੰਦੇ ਹਨ ਤੇ ਪ੍ਰਭੂ ਦੇ ਗੁਣ ਗਾਂਦੇ ਹਨ, ਉਹਨਾਂ ਦੇ (ਅੰਦਰੋਂ ਮਾਇਆ ਦੇ ਮੋਹ ਵਾਲੇ) ਝੂਠੇ ਸੰਸਕਾਰ ਨਾਸ ਹੋ ਜਾਂਦੇ ਹਨ।4।11।18।

TOP OF PAGE

Sri Guru Granth Darpan, by Professor Sahib Singh