ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 100 ਮਾਝ ਮਹਲਾ ੫ ॥ ਵਿਸਰੁ ਨਾਹੀ ਏਵਡ ਦਾਤੇ ॥ ਕਰਿ ਕਿਰਪਾ ਭਗਤਨ ਸੰਗਿ ਰਾਤੇ ॥ ਦਿਨਸੁ ਰੈਣਿ ਜਿਉ ਤੁਧੁ ਧਿਆਈ ਏਹੁ ਦਾਨੁ ਮੋਹਿ ਕਰਣਾ ਜੀਉ ॥੧॥ ਮਾਟੀ ਅੰਧੀ ਸੁਰਤਿ ਸਮਾਈ ॥ ਸਭ ਕਿਛੁ ਦੀਆ ਭਲੀਆ ਜਾਈ ॥ ਅਨਦ ਬਿਨੋਦ ਚੋਜ ਤਮਾਸੇ ਤੁਧੁ ਭਾਵੈ ਸੋ ਹੋਣਾ ਜੀਉ ॥੨॥ ਜਿਸ ਦਾ ਦਿਤਾ ਸਭੁ ਕਿਛੁ ਲੈਣਾ ॥ ਛਤੀਹ ਅੰਮ੍ਰਿਤ ਭੋਜਨੁ ਖਾਣਾ ॥ ਸੇਜ ਸੁਖਾਲੀ ਸੀਤਲੁ ਪਵਣਾ ਸਹਜ ਕੇਲ ਰੰਗ ਕਰਣਾ ਜੀਉ ॥੩॥ ਸਾ ਬੁਧਿ ਦੀਜੈ ਜਿਤੁ ਵਿਸਰਹਿ ਨਾਹੀ ॥ ਸਾ ਮਤਿ ਦੀਜੈ ਜਿਤੁ ਤੁਧੁ ਧਿਆਈ ॥ ਸਾਸ ਸਾਸ ਤੇਰੇ ਗੁਣ ਗਾਵਾ ਓਟ ਨਾਨਕ ਗੁਰ ਚਰਣਾ ਜੀਉ ॥੪॥੧੨॥੧੯॥ {ਪੰਨਾ 100} ਪਦ ਅਰਥ: ਦਾਤੇ = ਹੇ ਦਾਤਾਰ! ਸੰਗਿ = ਨਾਲ। ਰਾਤੇ = ਹੇ ਰੱਤੇ ਹੋਏ! ਰੈਣਿ = ਰਾਤ। ਧਿਆਇ = ਧਿਆਈਂ, ਮੈਂ ਧਿਆਵਾਂ। ਮੋਹਿ = ਮੈਨੂੰ।1। ਮਾਟੀ = ਸਰੀਰ। ਸੁਰਤਿ = ਜੋਤਿ, ਸਮਝ, ਸੋਚਣ ਦੀ ਤਾਕਤ। ਸਮਾਈ = ਲੀਨ ਕਰ ਦਿੱਤੀ, ਪਾਈ। ਭਲੀਆ = ਚੰਗੀਆਂ। ਜਾਈ = ਥਾਵਾਂ।2। ਛਤੀਹ ਅੰਮ੍ਰਿਤ ਭੋਜਨੁ = ਕਈ ਕਿਸਮਾਂ ਦਾ ਵਧੀਆ ਖਾਣਾ। ਸੁਖਾਲੀ = ਸੁਖਦਾਈ। ਪਵਣਾ = ਹਵਾ। ਸਹਜ ਕੇਲ = ਬੇਫ਼ਿਕਰੀ ਦੇ ਕਲੋਲ।3। ਜਿਤੁ = ਜਿਸ (ਬੁਧਿ) ਦੀ ਰਾਹੀਂ।4। ਅਰਥ: ਹੇ ਇਤਨੇ ਵੱਡੇ ਦਾਤਾਰ! (ਹੇ ਬੇਅੰਤ ਦਾਤਾਂ ਦੇਣ ਵਾਲੇ ਪ੍ਰਭੂ!) ਹੇ ਭਗਤਾਂ ਨਾਲ ਪਿਆਰ ਕਰਨ ਵਾਲੇ ਪ੍ਰਭੂ! (ਮੇਰੇ ਉੇਤੇ) ਕਿਰਪਾ ਕਰ, ਮੈਂ ਤੈਨੂੰ ਕਦੇ ਨਾਹ ਭੁਲਾਵਾਂ। ਮੈਨੂੰ ਇਹ ਦਾਨ ਦੇਹ ਕਿ ਜਿਵੇਂ ਹੋ ਸਕੇ ਮੈਂ ਦਿਨ ਰਾਤ ਤੇਰੇ ਚਰਨਾਂ ਦਾ ਧਿਆਨ ਧਰਦਾ ਰਹਾਂ।1। ਹੇ ਪ੍ਰਭੂ! (ਸਾਡੇ ਇਸ) ਜੜ੍ਹ ਸਰੀਰ ਵਿਚ ਤੂੰ ਚੇਤਨਤਾ ਪਾ ਦਿੱਤੀ ਹੈ, ਤੂੰ (ਸਾਨੂੰ ਜੀਵਾਂ ਨੂੰ) ਸਭ ਕੁਝ ਦਿੱਤਾ ਹੋਇਆ ਹੈ, ਚੰਗੀਆਂ ਥਾਵਾਂ ਦਿੱਤੀਆਂ ਹੋਈਆਂ ਹਨ। ਹੇ ਪ੍ਰਭੂ! (ਤੇਰੇ ਪੈਦਾ ਕੀਤੇ ਜੀਵ ਕਈ ਤਰ੍ਹਾਂ ਦੀਆਂ) ਖ਼ੁਸ਼ੀਆਂ ਖੇਡ ਤਮਾਸ਼ੇ ਕਰ ਰਹੇ ਹਨ, ਇਹ ਸਭ ਕੁਝ ਜੋ ਹੋ ਰਿਹਾ ਹੈ ਤੇਰੀ ਰਜ਼ਾ ਅਨੁਸਾਰ ਹੋ ਰਿਹਾ ਹੈ।2। (ਹੇ ਪ੍ਰਭੂ!) ਜਿਸ ਪਰਮਾਤਮਾ ਦਾ ਦਿੱਤਾ ਹੋਇਆ ਸਭ ਕੁਝ ਸਾਨੂੰ ਮਿਲ ਰਿਹਾ ਹੈ, (ਜਿਸ ਦੀ ਮਿਹਰ ਨਾਲ) ਅਨੇਕਾਂ ਕਿਸਮਾਂ ਦਾ ਖਾਣਾ ਅਸੀਂ ਖਾ ਰਹੇ ਹਾਂ, (ਆਰਾਮ ਕਰਨ ਲਈ) ਸੁਖਦਾਈ ਮੰਜੇ-ਬਿਸਤ੍ਰੇ ਸਾਨੂੰ ਮਿਲੇ ਹੋਏ ਹਨ, ਠੰਢੀ ਹਵਾ ਅਸੀਂ ਮਾਣ ਰਹੇ ਹਾਂ, ਤੇ ਬੇਫ਼ਿਕਰੀ ਦੇ ਕਈ ਖੇਡ ਤਮਾਸ਼ੇ ਕਰਦੇ ਰਹਿੰਦੇ ਹਾਂ (ਉਸ ਨੂੰ ਕਦੀ ਵਿਸਾਰਨਾ ਨਹੀਂ ਚਾਹੀਦਾ) ।3। ਹੇ ਪ੍ਰਭੂ! ਮੈਨੂੰ ਅਜੇਹੀ ਅਕਲ ਦੇ, ਜਿਸ ਦੀ ਬਰਕਤਿ ਨਾਲ ਮੈਂ ਤੈਨੂੰ ਕਦੇ ਨਾਹ ਭੁਲਾਵਾਂ, ਮੈਨੂੰ ਉਹੀ ਮਤਿ ਦੇਹ, ਕਿ ਮੈਂ ਤੈਨੂੰ ਸਿਮਰਦਾ ਰਹਾਂ। ਹੇ ਨਾਨਕ! (ਆਖ–) ਮੈਨੂੰ ਗੁਰੂ ਦੇ ਚਰਨਾਂ ਦਾ ਆਸਰਾ ਦੇਹ, ਤਾਕਿ ਮੈਂ ਹਰੇਕ ਸਾਹ ਦੇ ਨਾਲ ਤੇਰੇ ਗੁਣ ਗਾਂਦਾ ਰਹਾਂ।4।12।19। ਮਾਝ ਮਹਲਾ ੫ ॥ ਸਿਫਤਿ ਸਾਲਾਹਣੁ ਤੇਰਾ ਹੁਕਮੁ ਰਜਾਈ ॥ ਸੋ ਗਿਆਨੁ ਧਿਆਨੁ ਜੋ ਤੁਧੁ ਭਾਈ ॥ ਸੋਈ ਜਪੁ ਜੋ ਪ੍ਰਭ ਜੀਉ ਭਾਵੈ ਭਾਣੈ ਪੂਰ ਗਿਆਨਾ ਜੀਉ ॥੧॥ ਅੰਮ੍ਰਿਤੁ ਨਾਮੁ ਤੇਰਾ ਸੋਈ ਗਾਵੈ ॥ ਜੋ ਸਾਹਿਬ ਤੇਰੈ ਮਨਿ ਭਾਵੈ ॥ ਤੂੰ ਸੰਤਨ ਕਾ ਸੰਤ ਤੁਮਾਰੇ ਸੰਤ ਸਾਹਿਬ ਮਨੁ ਮਾਨਾ ਜੀਉ ॥੨॥ ਤੂੰ ਸੰਤਨ ਕੀ ਕਰਹਿ ਪ੍ਰਤਿਪਾਲਾ ॥ ਸੰਤ ਖੇਲਹਿ ਤੁਮ ਸੰਗਿ ਗੋਪਾਲਾ ॥ ਅਪੁਨੇ ਸੰਤ ਤੁਧੁ ਖਰੇ ਪਿਆਰੇ ਤੂ ਸੰਤਨ ਕੇ ਪ੍ਰਾਨਾ ਜੀਉ ॥੩॥ ਉਨ ਸੰਤਨ ਕੈ ਮੇਰਾ ਮਨੁ ਕੁਰਬਾਨੇ ॥ ਜਿਨ ਤੂੰ ਜਾਤਾ ਜੋ ਤੁਧੁ ਮਨਿ ਭਾਨੇ ॥ ਤਿਨ ਕੈ ਸੰਗਿ ਸਦਾ ਸੁਖੁ ਪਾਇਆ ਹਰਿ ਰਸ ਨਾਨਕ ਤ੍ਰਿਪਤਿ ਅਘਾਨਾ ਜੀਉ ॥੪॥੧੩॥੨੦॥ {ਪੰਨਾ 100} ਪਦ ਅਰਥ: ਰਜਾਈ = ਹੇ ਰਜ਼ਾ ਦੇ ਮਾਲਕ! ਜੋ ਤੁਧੁ ਭਾਈ = ਜੋ ਤੈਨੂੰ ਚੰਗਾ ਲੱਗਦਾ ਹੈ। ਸੋਈ = ਉਹੀ। ਭਾਣੈ = ਰਜ਼ਾ ਵਿਚ ਰਾਜ਼ੀ ਰਹਿਣਾ। ਪੂਰ = ਪੂਰਨ, ਠੀਕ।1। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਸਾਹਿਬ = ਹੇ ਸਾਹਿਬ! ਮਨਿ = ਮਨ ਵਿਚ। ਭਾਵੈ = ਪਿਆਰਾ ਲੱਗਦਾ ਹੈ। ਮਾਨਾ = ਪਤੀਜਦਾ ਹੈ।2। ਪ੍ਰਤਿਪਾਲਾ = ਪਾਲਣਾ। ਖੇਲਹਿ = ਆਤਮਕ ਆਨੰਦ ਮਾਣਦੇ ਹਨ। ਤੁਮ ਸੰਗਿ = ਤੇਰੀ ਸੰਗਤਿ ਵਿਚ ਰਹਿ ਕੇ। ਖਰੇ = ਬਹੁਤ। ਪ੍ਰਾਨਾ = ਜਿੰਦ-ਜਾਨ, ਅਸਲ ਸਹਾਰਾ।3। ਕੈ = ਤੋਂ। ਤੂੰ = ਤੈਨੂੰ। ਜਾਤਾ = ਪਛਾਣਿਆ ਹੈ। ਤੁਧੁ ਮਨਿ = ਤੇਰੇ ਮਨ ਵਿਚ। ਤ੍ਰਿਪਤਿ ਅਘਾਨਾ = (ਮਾਇਆ ਦੀ ਤ੍ਰਿਸ਼ਨਾ ਵਲੋਂ) ਬਿਲਕੁਲ ਰੱਜ ਗਏ।4। ਅਰਥ: ਹੇ ਰਜ਼ਾ ਦੇ ਮਾਲਕ-ਪ੍ਰਭੂ! ਤੇਰਾ ਹੁਕਮ (ਸਿਰ-ਮੱਥੇ ਉੱਤੇ ਮੰਨਣਾ) ਤੇਰੀ ਸਿਫ਼ਤਿ-ਸਾਲਾਹ ਹੀ ਹੈ। ਜੋ ਤੈਨੂੰ ਚੰਗਾ ਲੱਗਦਾ ਹੈ (ਉਸ ਨੂੰ ਭਲਾਈ ਜਾਨਣਾ) ਇਹੀ ਅਸਲ ਗਿਆਨ ਹੈ ਇਹੀ ਅਸਲ ਸਮਾਧੀ ਹੈ। (ਹੇ ਭਾਈ!) ਜੋ ਕੁਝ ਪ੍ਰਭੂ ਜੀ ਨੂੰ ਭਾਉਂਦਾ ਹੈ (ਉਸ ਨੂੰ ਪਰਵਾਨ ਕਰਨਾ ਹੀ) ਅਸਲ ਜਪ ਹੈ, ਪਰਮਾਤਮਾ ਦੇ ਭਾਣੇ ਵਿਚ ਤੁਰਨਾ ਹੀ ਪੂਰਨ ਗਿਆਨ ਹੈ।1। ਹੇ ਮਾਲਕ-ਪ੍ਰਭੂ! ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ ਉਹੀ ਮਨੁੱਖ ਗਾ ਸਕਦਾ ਹੈ, ਜੇਹੜਾ ਤੇਰੇ ਮਨ ਵਿਚ (ਤੈਨੂੰ) ਪਿਆਰਾ ਲੱਗਦਾ ਹੈ। ਹੇ ਸਾਹਿਬ! ਤੂੰ ਹੀ ਸੰਤਾਂ ਦਾ (ਸਹਾਰਾ) ਹੈਂ, ਸੰਤ ਤੇਰੇ ਆਸਰੇ ਜੀਊਂਦੇ ਹਨ, ਤੇਰੇ ਸੰਤਾਂ ਦਾ ਮਨ ਸਦਾ ਤੇਰੇ (ਚਰਨਾਂ ਵਿਚ) ਜੁੜਿਆ ਰਹਿੰਦਾ ਹੈ।2। ਹੇ ਗੋਪਾਲ-ਪ੍ਰਭੂ! ਹੇ ਸ੍ਰਿਸ਼ਟੀ ਦੇ ਪਾਲਣਹਾਰ! ਤੂੰ ਆਪਣੇ ਸੰਤਾਂ ਦੀ ਸਦਾ ਰੱਖਿਆ ਕਰਦਾ ਹੈਂ, ਤੇਰੇ ਚਰਨਾਂ ਵਿਚ ਜੁੜੇ ਰਹਿ ਕੇ ਸੰਤ ਆਤਮਕ ਆਨੰਦ ਮਾਣਦੇ ਹਨ। ਤੈਨੂੰ ਆਪਣੇ ਸੰਤ ਬਹੁਤ ਪਿਆਰੇ ਲੱਗਦੇ ਹਨ, ਤੂੰ ਸੰਤਾਂ ਦੀ ਜਿੰਦ-ਜਾਨ ਹੈਂ।3। ਹੇ ਨਾਨਕ! (ਆਖ– ਹੇ ਪ੍ਰਭੂ!) ਮੇਰਾ ਮਨ ਤੇਰੇ ਉਹਨਾਂ ਸੰਤਾਂ ਤੋਂ ਸਦਾ ਸਦਕੇ ਹੈ, ਜਿਨ੍ਹਾਂ ਨੇ ਤੈਨੂੰ ਪਛਾਣਿਆ ਹੈ (ਤੇਰੇ ਨਾਲ ਡੂੰਘੀ ਸਾਂਝ ਪਾਈ ਹੈ) ਜੇਹੜੇ ਤੈਨੂੰ ਤੇਰੇ ਮਨ ਵਿਚ ਪਿਆਰੇ ਲੱਗਦੇ ਹਨ। (ਜੇਹੜੇ ਵਡਭਾਗੀ) ਉਹਨਾਂ ਦੀ ਸੰਗਤਿ ਵਿਚ ਰਹਿੰਦੇ ਹਨ, ਉਹ ਸਦਾ ਆਤਮਕ ਆਨੰਦ ਮਾਣਦੇ ਹਨ, ਉਹ ਪਰਮਾਤਮਾ ਦਾ ਨਾਮ ਰਸ ਪੀ ਕੇ (ਮਾਇਆ ਦੀ ਤ੍ਰਿਸ਼ਨਾ ਵਲੋਂ) ਸਦਾ ਰੱਜੇ ਰਹਿੰਦੇ ਹਨ।4।13। 20। ਮਾਝ ਮਹਲਾ ੫ ॥ ਤੂੰ ਜਲਨਿਧਿ ਹਮ ਮੀਨ ਤੁਮਾਰੇ ॥ ਤੇਰਾ ਨਾਮੁ ਬੂੰਦ ਹਮ ਚਾਤ੍ਰਿਕ ਤਿਖਹਾਰੇ ॥ ਤੁਮਰੀ ਆਸ ਪਿਆਸਾ ਤੁਮਰੀ ਤੁਮ ਹੀ ਸੰਗਿ ਮਨੁ ਲੀਨਾ ਜੀਉ ॥੧॥ ਜਿਉ ਬਾਰਿਕੁ ਪੀ ਖੀਰੁ ਅਘਾਵੈ ॥ ਜਿਉ ਨਿਰਧਨੁ ਧਨੁ ਦੇਖਿ ਸੁਖੁ ਪਾਵੈ ॥ ਤ੍ਰਿਖਾਵੰਤ ਜਲੁ ਪੀਵਤ ਠੰਢਾ ਤਿਉ ਹਰਿ ਸੰਗਿ ਇਹੁ ਮਨੁ ਭੀਨਾ ਜੀਉ ॥੨॥ ਜਿਉ ਅੰਧਿਆਰੈ ਦੀਪਕੁ ਪਰਗਾਸਾ ॥ ਭਰਤਾ ਚਿਤਵਤ ਪੂਰਨ ਆਸਾ ॥ ਮਿਲਿ ਪ੍ਰੀਤਮ ਜਿਉ ਹੋਤ ਅਨੰਦਾ ਤਿਉ ਹਰਿ ਰੰਗਿ ਮਨੁ ਰੰਗੀਨਾ ਜੀਉ ॥੩॥ ਸੰਤਨ ਮੋ ਕਉ ਹਰਿ ਮਾਰਗਿ ਪਾਇਆ ॥ ਸਾਧ ਕ੍ਰਿਪਾਲਿ ਹਰਿ ਸੰਗਿ ਗਿਝਾਇਆ ॥ ਹਰਿ ਹਮਰਾ ਹਮ ਹਰਿ ਕੇ ਦਾਸੇ ਨਾਨਕ ਸਬਦੁ ਗੁਰੂ ਸਚੁ ਦੀਨਾ ਜੀਉ ॥੪॥੧੪॥੨੧॥ {ਪੰਨਾ 100} ਪਦ ਅਰਥ: ਨਿਧਿ = ਖ਼ਜ਼ਾਨਾ। ਜਲ ਨਿਧਿ = ਸਮੁੰਦਰ। ਮੀਨ = ਮੱਛੀਆਂ। ਚਾਤ੍ਰਿਕ = ਪਪੀਹੇ। ਤਿਖਹਾਰੇ = ਤ੍ਰੇਹ ਨਾਲ ਘਾਬਰੇ ਹੋਏ। ਤੁਮ ਹੀ ਸੰਗਿ = ਤੇਰੇ ਹੀ ਨਾਲ।1। ਪੀ = ਪੀ ਕੇ। ਖੀਰੁ = {˜Ir} ਦੁੱਧ। ਅਘਾਵੇ = ਰੱਜ ਜਾਂਦਾ ਹੈ। ਦੇਖਿ = ਵੇਖ ਕੇ। ਤ੍ਰਿਖਾਵੰਤੁ = ਤਿਹਾਇਆ ਬੰਦਾ। ਭੀਨਾ = ਭਿੱਜਿਆ ਹੋਇਆ।2। ਅੰਧਿਆਰੈ = ਹਨੇਰੇ ਵਿਚ। ਦੀਪਕੁ = ਦੀਵਾ। ਚਿਤਵਤ = ਚੇਤਾ ਕਰਦਿਆਂ। ਮਿਲਿ ਪ੍ਰੀਤਮ = ਪ੍ਰੀਤਮ ਨੂੰ ਮਿਲ ਕੇ। ਰੰਗਿ = ਰੰਗ ਵਿਚ, ਪ੍ਰੇਮ-ਰੰਗ ਵਿਚ।3। ਮੋ ਕਉ = ਮੈਨੂੰ। ਕਉ = ਨੂੰ। ਮਾਰਗਿ = ਰਸਤੇ ਉੱਤੇ। ਕ੍ਰਿਪਾਲਿ = ਕ੍ਰਿਪਾਲ ਨੇ। ਸਾਧ ਕ੍ਰਿਪਾਲਿ = ਕ੍ਰਿਪਾਲ ਗੁਰੂ ਨੇ। ਗਿਝਾਇਆ = ਗੇਝ ਪਾ ਦਿੱਤੀ। ਸਚੁ = ਸਦਾ-ਥਿਰ।4। ਅਰਥ: (ਹੇ ਪ੍ਰਭੂ!) ਤੂੰ (ਮਾਨੋ) ਸਮੁੰਦਰ ਹੈਂ ਤੇ ਅਸੀਂ (ਜੀਵ) ਤੇਰੀਆਂ ਮੱਛੀਆਂ ਹਾਂ। ਹੇ ਪ੍ਰਭੂ! ਤੇਰਾ ਨਾਮ (ਮਾਨੋ, ਸ੍ਵਾਂਤੀ ਨਛੱਤ੍ਰ ਦੀ ਵਰਖਾ ਦੀ) ਬੂੰਦ ਹੈ, ਤੇ ਅਸੀਂ (ਜੀਵ, ਮਾਨੋ) ਪਿਆਸੇ ਪਪੀਹੇ ਹਾਂ। ਹੇ ਪ੍ਰਭੂ! ਮੈਨੂੰ ਤੇਰੇ ਮਿਲਾਪ ਦੀ ਆਸ ਹੈ ਮੈਨੂੰ ਤੇਰੇ ਨਾਮ ਜਲ ਦੀ ਪਿਆਸ ਹੈ (ਜੇ ਤੇਰੀ ਮਿਹਰ ਹੋਵੇ ਤਾਂ ਮੇਰਾ) ਮਨ ਤੇਰੇ ਹੀ ਚਰਨਾਂ ਵਿਚ ਜੁੜਿਆ ਰਹੇ।1। ਜਿਵੇਂ ਅੰਞਾਣਾ ਬਾਲ (ਆਪਣੀ ਮਾਂ ਦਾ) ਦੁੱਧ ਪੀ ਕੇ ਰੱਜ ਜਾਂਦਾ ਹੈ, ਜਿਵੇਂ (ਕੋਈ) ਕੰਗਾਲ ਮਨੁੱਖ (ਮਿਲਿਆ) ਧਨ ਵੇਖ ਕੇ ਸੁਖ ਮਹਿਸੂਸ ਕਰਦਾ ਹੈ, ਜਿਵੇਂ ਕੋਈ ਤ੍ਰਿਹਾਇਆ ਮਨੁੱਖ ਠੰਢਾ ਪਾਣੀ ਪੀ ਕੇ (ਖ਼ੁਸ਼ ਹੁੰਦਾ ਹੈ) ਤਿਵੇਂ (ਹੇ ਪ੍ਰਭੂ! ਜੇ ਤੇਰੀ ਕ੍ਰਿਪਾ ਹੋਵੇ ਤਾਂ) ਮੇਰਾ ਇਹ ਮਨ ਤੇਰੇ ਚਰਨਾਂ ਵਿਚ (ਤੇਰੇ ਨਾਮ-ਜਲ ਨਾਲ) ਭਿੱਜ ਜਾਏ (ਤਾਂ ਮੈਨੂੰ ਖੁਸ਼ੀ ਹੋਵੇ) ।2। ਜਿਵੇਂ ਹਨੇਰੇ ਵਿਚ ਦੀਵਾ ਚਾਨਣ ਕਰਦਾ ਹੈ, ਜਿਵੇਂ ਪਤੀ ਦੇ ਮਿਲਾਪ ਦੀ ਤਾਂਘ ਕਰਦਿਆਂ ਕਰਦਿਆਂ ਇਸਤ੍ਰੀ ਦੀ ਆਸ ਪੂਰੀ ਹੁੰਦੀ ਹੈ ਤੇ ਆਪਣੇ ਪ੍ਰੀਤਮ ਨੂੰ ਮਿਲ ਕੇ ਉਸ ਦੇ ਹਿਰਦੇ ਵਿਚ ਆਨੰਦ ਪੈਦਾ ਹੁੰਦਾ ਹੈ, ਤਿਵੇਂ (ਜਿਸ ਉੱਤੇ ਪ੍ਰਭੂ ਦੀ ਮਿਹਰ ਹੋਵੇ ਉਸਦਾ) ਮਨ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ।3। ਹੇ ਨਾਨਕ! (ਆਖ–) ਸੰਤਾਂ ਨੇ ਮੈਨੂੰ ਪਰਮਾਤਮਾ ਦੇ (ਮਿਲਾਪ ਦੇ) ਰਸਤੇ ਉੱਤੇ ਪਾ ਦਿੱਤਾ ਹੈ, ਕਿਰਪਾਲ ਗੁਰੂ ਨੇ ਮੈਨੂੰ ਪਰਮਾਤਮਾ ਦੇ ਚਰਨਾਂ ਵਿਚ ਰਹਿਣ ਦੀ ਗੇਝ ਪਾ ਦਿੱਤੀ ਹੈ। ਹੁਣ ਪਰਮਾਤਮਾ ਮੇਰਾ (ਆਸਰਾ ਬਣ ਗਿਆ ਹੈ) , ਮੈਂ ਪਰਮਾਤਮਾ ਦਾ (ਹੀ) ਸੇਵਕ (ਬਣ ਚੁੱਕਾ) ਹਾਂ, ਗੁਰੂ ਨੇ ਮੈਨੂੰ ਸਦਾ-ਥਿਰ ਰਹਿਣ ਵਾਲਾ ਸਿਫ਼ਤਿ-ਸਾਲਾਹ ਦਾ ਸ਼ਬਦ ਬਖ਼ਸ਼ ਦਿੱਤਾ ਹੈ।4।14। 21। |
Sri Guru Granth Darpan, by Professor Sahib Singh |