ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 101

ਮਾਝ ਮਹਲਾ ੫ ॥ ਅੰਮ੍ਰਿਤ ਨਾਮੁ ਸਦਾ ਨਿਰਮਲੀਆ ॥ ਸੁਖਦਾਈ ਦੂਖ ਬਿਡਾਰਨ ਹਰੀਆ ॥ ਅਵਰਿ ਸਾਦ ਚਖਿ ਸਗਲੇ ਦੇਖੇ ਮਨ ਹਰਿ ਰਸੁ ਸਭ ਤੇ ਮੀਠਾ ਜੀਉ ॥੧॥ ਜੋ ਜੋ ਪੀਵੈ ਸੋ ਤ੍ਰਿਪਤਾਵੈ ॥ ਅਮਰੁ ਹੋਵੈ ਜੋ ਨਾਮ ਰਸੁ ਪਾਵੈ ॥ ਨਾਮ ਨਿਧਾਨ ਤਿਸਹਿ ਪਰਾਪਤਿ ਜਿਸੁ ਸਬਦੁ ਗੁਰੂ ਮਨਿ ਵੂਠਾ ਜੀਉ ॥੨॥ ਜਿਨਿ ਹਰਿ ਰਸੁ ਪਾਇਆ ਸੋ ਤ੍ਰਿਪਤਿ ਅਘਾਨਾ ॥ ਜਿਨਿ ਹਰਿ ਸਾਦੁ ਪਾਇਆ ਸੋ ਨਾਹਿ ਡੁਲਾਨਾ ॥ ਤਿਸਹਿ ਪਰਾਪਤਿ ਹਰਿ ਹਰਿ ਨਾਮਾ ਜਿਸੁ ਮਸਤਕਿ ਭਾਗੀਠਾ ਜੀਉ ॥੩॥ ਹਰਿ ਇਕਸੁ ਹਥਿ ਆਇਆ ਵਰਸਾਣੇ ਬਹੁਤੇਰੇ ॥ ਤਿਸੁ ਲਗਿ ਮੁਕਤੁ ਭਏ ਘਣੇਰੇ ॥ ਨਾਮੁ ਨਿਧਾਨਾ ਗੁਰਮੁਖਿ ਪਾਈਐ ਕਹੁ ਨਾਨਕ ਵਿਰਲੀ ਡੀਠਾ ਜੀਉ ॥੪॥੧੫॥੨੨॥ {ਪੰਨਾ 101}

ਪਦ ਅਰਥ: ਨਿਰਮਲੀਆ = ਨਿਰਮਲ, ਸਾਫ਼, ਪਵਿਤ੍ਰ। ਦੂਖ ਬਿਡਾਰਨ = ਦੁੱਖ ਦੂਰ ਕਰਨ ਜੋਗਾ। ਹਰੀਆ = ਹਰੀ। ਅਵਰਿ = {ਲਫ਼ਜ਼ 'ਅਵਰ' ਤੋਂ ਬਹੁ-ਵਚਨ) ਹੋਰ। ਸਾਦ = ਸੁਆਦ। ਚਖਿ = ਚੱਖ ਕੇ। ਸਗਲੇ = ਸਾਰੇ। ਮਨ = ਹੇ ਮਨ।1।

ਤ੍ਰਿਪਤਾਵੈ = ਰੱਜ ਜਾਂਦਾ ਹੈ। ਅਮਰੁ = {ਅ-ਮਰੁ} ਮੌਤ-ਰਹਿਤ, ਜਿਸ ਨੂੰ ਆਤਮਕ ਮੌਤ ਨਾਹ ਆਵੇ। ਨਿਧਾਨ = ਖ਼ਜ਼ਾਨੇ {'ਨਿਧਾਨ' = ਖ਼ਜ਼ਾਨਾ}। ਜਿਸੁ ਮਨਿ = ਜਿਸ ਦੇ ਮਨ ਵਿਚ।2।

ਜਿਨਿ = ਜਿਸ ਨੇ। ਅਘਾਨਾ = ਰੱਜ ਗਿਆ। ਸਾਦ = ਸੁਆਦ {'ਸਾਦੁ' ਇਕ-ਵਚਨ, 'ਸਾਦ' ਬਹੁ-ਵਚਨ}। ਤਿਸਹਿ = ਉਸ ਨੂੰ ਹੀ {ਨੋਟ: ਲਫ਼ਜ਼ ਤਿਸੁ' ਦਾ ੁ ਕ੍ਰਿਆ ਵਿਸ਼ੇਸ਼ਣ 'ਹਿ' ਦੇ ਕਾਰਨ ਉੱਡ ਗਿਆ ਹੈ। ਵੇਖੋ 'ਗੁਰਬਾਣੀ ਵਿਆਕਰਣ'}। ਮਸਤਕਿ = ਮੱਥੇ ਉੱਤੇ। ਭਾਗੀਠਾ = ਚੰਗੇ ਭਾਗ।3।

ਇਕਸੁ ਹਥਿ = ਇੱਕ ਦੇ ਹੱਥ ਵਿਚ। ਵਰਸਾਣੇ = ਲਾਭ ਉਠਾਂਦੇ ਹਨ। ਮੁਕਤੁ = ਮਾਇਆ ਦੇ ਬੰਧਨਾਂ ਤੋਂ ਆਜ਼ਾਦ। ਘਣੇਰੇ = ਅਨੇਕਾਂ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ।4।

ਅਰਥ: ਹੇ ਮਨ! ਜੇਹੜਾ ਪਰਮਾਤਮਾ (ਜੀਵਾਂ ਨੂੰ) ਸੁੱਖ ਦੇਣ ਵਾਲਾ ਹੈ ਤੇ (ਜੀਵਾਂ ਦੇ) ਦੁੱਖ ਦੂਰ ਕਰਨ ਦੀ ਸਮਰੱਥਾ ਰੱਖਦਾ ਹੈ, ਉਸ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਐਸਾ ਜਲ ਹੈ ਜੋ ਸਦਾ ਹੀ ਸਾਫ਼ ਰਹਿੰਦਾ ਹੈ। ਹੇ ਮਨ! (ਦੁਨੀਆ ਦੇ ਪਦਾਰਥਾਂ ਦੇ) ਹੋਰ ਸਾਰੇ ਸੁਆਦ ਚੱਖ ਕੇ ਮੈਂ ਵੇਖ ਲਏ ਹਨ, ਪਰਮਾਤਮਾ ਦੇ ਨਾਮ ਦਾ ਸੁਆਦ ਹੋਰ ਸਭਨਾਂ ਤੋਂ ਮਿੱਠਾ ਹੈ।1।

(ਹੇ ਭਾਈ!) ਜੇਹੜਾ ਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਦਾ ਰਸ ਪੀਂਦਾ ਹੈ ਨਾਮ ਦਾ ਰਸ ਪ੍ਰਾਪਤ ਕਰਦਾ ਹੈ, ਉਹ (ਦੁਨੀਆ ਦੇ ਪਦਾਰਥਾਂ ਵਲੋਂ) ਰੱਜ ਜਾਂਦਾ ਹੈ, ਉਸ ਨੂੰ ਆਤਮਕ ਮੌਤ ਕਦੇ ਭੀ ਪੋਹ ਨਹੀਂ ਸਕਦੀ। (ਪਰ ਪ੍ਰਭੂ-) ਨਾਮ ਦੇ ਖ਼ਜ਼ਾਨੇ ਸਿਰਫ਼ ਉਸ ਨੂੰ ਮਿਲਦੇ ਹਨ, ਜਿਸ ਦੇ ਮਨ ਵਿਚ ਗੁਰੂ ਦਾ ਸ਼ਬਦ ਆ ਵੱਸਦਾ ਹੈ।2।

ਜਿਸ ਮਨੁੱਖ ਨੇ ਪਰਮਾਤਮਾ ਦੇ ਨਾਮ ਦਾ ਰਸ ਚੱਖਿਆ ਹੈ, ਉਹ ਪੂਰਨ ਤੌਰ ਤੇ ਰੱਜ ਗਿਆ ਹੈ (ਉਸ ਦੀ ਮਾਇਆ ਵਾਲੀ ਤ੍ਰੇਹ ਭੁੱਖ ਮਿਟ ਗਈ ਹੈ) ਜਿਸ ਮਨੁੱਖ ਨੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਿਆ ਹੈ, ਉਹ (ਮਾਇਆ ਦੇ ਹੱਲਿਆਂ ਵਿਕਾਰਾਂ ਦੇ ਹੱਲਿਆਂ ਦੇ ਸਾਹਮਣੇ) ਕਦੇ ਡੋਲਦਾ ਨਹੀਂ। (ਪਰ) ਪਰਮਾਤਮਾ ਦਾ ਇਹ ਨਾਮ ਸਿਰਫ਼ ਉਸ ਮਨੁੱਖ ਨੂੰ ਮਿਲਦਾ ਹੈ; ਜਿਸ ਦੇ ਮੱਥੇ ਉਤੇ ਚੰਗਾ ਭਾਗ (ਜਾਗ ਪਏ) ।3।

ਹੇ ਨਾਨਕ! ਆਖ– ਜਦੋਂ ਇਹ ਹਰਿ-ਨਾਮ ਇੱਕ (ਗੁਰੂ) ਦੇ ਹੱਥ ਵਿਚ ਆ ਜਾਂਦਾ ਹੈ ਤਾਂ (ਉਸ ਗੁਰੂ ਪਾਸੋਂ) ਅਨੇਕਾਂ ਬੰਦੇ ਲਾਭ ਉਠਾਂਦੇ ਹਨ, ਉਸ (ਗੁਰੂ ਦੀ) ਚਰਨੀਂ ਲੱਗ ਕੇ ਅਨੇਕਾਂ ਹੀ ਮਨੁੱਖ (ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਹੋ ਜਾਂਦੇ ਹਨ। ਇਹ ਨਾਮ-ਖ਼ਜ਼ਾਨਾ ਗੁਰੂ ਦੀ ਸਰਨ ਪਿਆਂ ਹੀ ਮਿਲਦਾ ਹੈ। ਵਿਰਲਿਆਂ ਨੇ (ਇਸ ਨਾਮ ਖ਼ਜ਼ਾਨੇ ਦਾ) ਦਰਸਨ ਕੀਤਾ ਹੈ।4।15। 22।

ਮਾਝ ਮਹਲਾ ੫ ॥ ਨਿਧਿ ਸਿਧਿ ਰਿਧਿ ਹਰਿ ਹਰਿ ਹਰਿ ਮੇਰੈ ॥ ਜਨਮੁ ਪਦਾਰਥੁ ਗਹਿਰ ਗੰਭੀਰੈ ॥ ਲਾਖ ਕੋਟ ਖੁਸੀਆ ਰੰਗ ਰਾਵੈ ਜੋ ਗੁਰ ਲਾਗਾ ਪਾਈ ਜੀਉ ॥੧॥ ਦਰਸਨੁ ਪੇਖਤ ਭਏ ਪੁਨੀਤਾ ॥ ਸਗਲ ਉਧਾਰੇ ਭਾਈ ਮੀਤਾ ॥ ਅਗਮ ਅਗੋਚਰੁ ਸੁਆਮੀ ਅਪੁਨਾ ਗੁਰ ਕਿਰਪਾ ਤੇ ਸਚੁ ਧਿਆਈ ਜੀਉ ॥੨॥ ਜਾ ਕਉ ਖੋਜਹਿ ਸਰਬ ਉਪਾਏ ॥ ਵਡਭਾਗੀ ਦਰਸਨੁ ਕੋ ਵਿਰਲਾ ਪਾਏ ॥ ਊਚ ਅਪਾਰ ਅਗੋਚਰ ਥਾਨਾ ਓਹੁ ਮਹਲੁ ਗੁਰੂ ਦੇਖਾਈ ਜੀਉ ॥੩॥ ਗਹਿਰ ਗੰਭੀਰ ਅੰਮ੍ਰਿਤ ਨਾਮੁ ਤੇਰਾ ॥ ਮੁਕਤਿ ਭਇਆ ਜਿਸੁ ਰਿਦੈ ਵਸੇਰਾ ॥ ਗੁਰਿ ਬੰਧਨ ਤਿਨ ਕੇ ਸਗਲੇ ਕਾਟੇ ਜਨ ਨਾਨਕ ਸਹਜਿ ਸਮਾਈ ਜੀਉ ॥੪॥੧੬॥੨੩॥ {ਪੰਨਾ 101}

ਪਦ ਅਰਥ: ਨਿਧਿ = ਨੌ ਨਿਧੀਆਂ, ਦੁਨੀਆ ਦੇ ਨੌ ਹੀ ਖ਼ਜ਼ਾਨੇ। ਸਿਧ = ਆਤਮਕ ਤਾਕਤਾਂ (ਜੋ ਆਮ ਤੌਰ ਤੇ ਅਠਾਰਾਂ ਮੰਨੀਆਂ ਗਈਆਂ ਹਨ) । ਰਿਧਿ = ਧਨ ਦੀ ਬਹੁਲਤਾ। ਮੇਰੈ = ਮੇਰੇ ਹਿਰਦੇ ਵਿਚ, ਮੇਰੇ ਵਾਸਤੇ। ਪਦਾਰਥੁ = ਕੀਮਤੀ ਸ਼ੈ। ਗੰਭੀਰੈ = ਵੱਡੇ ਜਿਗਰੇ ਵਾਲੇ ਪ੍ਰਭੂ ਦੀ ਮਿਹਰ ਨਾਲ। ਕੋਟਿ = ਕ੍ਰੋੜਾਂ। ਗੁਰ ਪਾਈ = ਗੁਰੂ ਦੀ ਚਰਨੀਂ।1।

ਪੇਖਤ = ਵੇਖਦਿਆਂ। ਸਗਲੇ = ਸਾਰੇ। ਉਧਾਰੇ = (ਵਿਕਾਰਾਂ ਤੋਂ) ਬਚਾ ਲਏ। ਅਗਮ = ਅਪਹੁੰਚ। ਅਗੋਚਰੁ = {ਅ-ਗੋ-ਚਰੁ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਤੇ = ਤੋਂ, ਦੀ ਰਾਹੀਂ, ਨਾਲ।2।

ਜਾ ਕਉ = ਜਿਸ ਨੂੰ। ਉਪਾਏ = ਪੈਦਾ ਕੀਤੇ ਹੋਏ ਜੀਵ। ਮਹਲੁ = ਟਿਕਾਣਾ।3।

ਗੰਭੀਰ = ਹੇ ਵੱਡੇ ਜਿਗਰੇ ਵਾਲੇ! ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ, ਆਤਮਕ ਮੌਤ ਤੋਂ ਬਚਾਣ ਵਾਲਾ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਜਿਸੁ ਰਿਦੈ = ਜਿਸ ਦੇ ਹਿਰਦੇ ਵਿਚ। ਗੁਰਿ = ਗੁਰੂ ਨੇ। ਸਹਜਿ = ਆਤਮਕ ਅਡੋਲਤਾ ਵਿਚ। ਸਮਾਈ = ਲੀਨਤਾ।4।

ਅਰਥ: (ਹੇ ਭਾਈ!) ਮੇਰੇ ਵਾਸਤੇ ਤਾਂ ਪਰਮਾਤਮਾ ਦਾ ਨਾਮ ਹੀ ਦੁਨੀਆ ਦੇ ਨੌ ਖ਼ਜ਼ਾਨੇ ਹੈ, ਪ੍ਰਭੂ-ਨਾਮ ਹੀ ਆਤਮਕ ਤਾਕਤਾਂ ਹੈ, ਪ੍ਰਭ-ਨਾਮ ਹੀ ਧਨ ਦੀ ਬਹੁਲਤਾ ਹੈ। ਡੂੰਘੇ ਤੇ ਵੱਡੇ ਜਿਗਰੇ ਵਾਲੇ ਪਰਮਾਤਮਾ ਦੀ ਮਿਹਰ ਨਾਲ ਮੈਨੂੰ ਮਨੁੱਖਾ-ਜਨਮ (ਦੁਰਲੱਭ) ਪਦਾਰਥ (ਦਿੱਸ ਰਿਹਾ) ਹੈ। (ਪਰ ਇਹ ਨਾਮ ਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੈ) ਜੇਹੜਾ ਮਨੁੱਖ ਗੁਰੂ ਦੀ ਚਰਨੀਂ ਲੱਗਦਾ ਹੈ, ਉਹ ਲੱਖਾਂ ਕ੍ਰੋੜਾਂ (ਆਤਮਕ) ਖ਼ੁਸ਼ੀਆਂ ਦਾ ਆਨੰਦ ਮਾਣਦਾ ਹੈ।1।

(ਗੁਰੂ ਦਾ) ਦੀਦਾਰ ਕਰ ਕੇ (ਮੇਰਾ ਤਨ ਮਨ) ਪਵਿਤ੍ਰ ਹੋ ਗਿਆ ਹੈ, ਮੇਰੇ ਸਾਰੇ ਭਰਾ ਤੇ ਮਿੱਤਰ (ਗਿਆਨ-ਇੰਦ੍ਰੇ ਗੁਰੂ ਨੇ ਵਿਕਾਰਾਂ ਤੋਂ) ਬਚਾ ਲਏ ਹਨ। ਮੈਂ ਗੁਰੂ ਦੀ ਕਿਰਪਾ ਨਾਲ ਆਪਣੇ ਉਸ ਮਾਲਕ ਨੂੰ ਸਿਮਰ ਰਿਹਾ ਹਾਂ, ਜੋ ਅਪਹੁੰਚ ਹੈ ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੈ ਤੇ ਜੋ ਸਦਾ ਕਾਇਮ ਰਹਿਣ ਵਾਲਾ ਹੈ।2।

ਜਿਸ ਪਰਮਾਤਮਾ ਨੂੰ ਉਸ ਦੇ ਪੈਦਾ ਕੀਤੇ ਸਾਰੇ ਜੀਵ ਭਾਲਦੇ ਰਹਿੰਦੇ ਹਨ, ਉਸ ਦਾ ਦਰਸਨ ਕੋਈ ਵਿਰਲਾ ਵੱਡੇ ਭਾਗਾਂ ਵਾਲਾ ਮਨੁੱਖ ਪ੍ਰਾਪਤ ਕਰਦਾ ਹੈ। ਜੇਹੜਾ ਪ੍ਰਭੂ ਸਭ ਤੋਂ ਉੱਚੀ ਹਸਤੀ ਵਾਲਾ ਹੈ, ਜਿਸ ਦੇ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਉਸਦਾ ਉਹ ਉੱਚਾ ਥਾਂ-ਟਿਕਾਣਾ ਗੁਰੂ (ਹੀ) ਵਿਖਾਂਦਾ ਹੈ।3।

ਹੇ ਡੂੰਘੇ ਪ੍ਰਭੂ! ਹੇ ਵੱਡੇ ਜਿਗਰੇ ਵਾਲੇ ਪ੍ਰਭੂ! ਤੇਰਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ। ਜਿਸ ਮਨੁੱਖ ਦੇ ਹਿਰਦੇ ਵਿਚ ਤੇਰਾ ਨਾਮ ਵੱਸ ਪੈਂਦਾ ਹੈ, ਉਹ ਵਿਕਾਰਾਂ ਤੋਂ ਖ਼ਲਾਸੀ (ਵਾਲਾ) ਬਣ ਜਾਂਦਾ ਹੈ।

ਹੇ ਨਾਨਕ! (ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ-ਨਾਮ ਵੱਸਿਆ ਹੈ) ਗੁਰੂ ਨੇ ਉਹਨਾਂ ਦੇ ਸਾਰੇ ਮਾਇਆ ਦੇ ਫਾਹੇ ਕੱਟ ਦਿੱਤੇ ਹਨ ਉਹ ਸਦਾ ਆਤਮਕ ਅਡੋਲਤਾ ਵਿਚ ਲੀਨ ਰਹਿੰਦੇ ਹਨ।4।16। 23।

ਮਾਝ ਮਹਲਾ ੫ ॥ ਪ੍ਰਭ ਕਿਰਪਾ ਤੇ ਹਰਿ ਹਰਿ ਧਿਆਵਉ ॥ ਪ੍ਰਭੂ ਦਇਆ ਤੇ ਮੰਗਲੁ ਗਾਵਉ ॥ ਊਠਤ ਬੈਠਤ ਸੋਵਤ ਜਾਗਤ ਹਰਿ ਧਿਆਈਐ ਸਗਲ ਅਵਰਦਾ ਜੀਉ ॥੧॥ ਨਾਮੁ ਅਉਖਧੁ ਮੋ ਕਉ ਸਾਧੂ ਦੀਆ ॥ ਕਿਲਬਿਖ ਕਾਟੇ ਨਿਰਮਲੁ ਥੀਆ ॥ ਅਨਦੁ ਭਇਆ ਨਿਕਸੀ ਸਭ ਪੀਰਾ ਸਗਲ ਬਿਨਾਸੇ ਦਰਦਾ ਜੀਉ ॥੨॥ ਜਿਸ ਕਾ ਅੰਗੁ ਕਰੇ ਮੇਰਾ ਪਿਆਰਾ ॥ ਸੋ ਮੁਕਤਾ ਸਾਗਰ ਸੰਸਾਰਾ ॥ ਸਤਿ ਕਰੇ ਜਿਨਿ ਗੁਰੂ ਪਛਾਤਾ ਸੋ ਕਾਹੇ ਕਉ ਡਰਦਾ ਜੀਉ ॥੩॥ ਜਬ ਤੇ ਸਾਧੂ ਸੰਗਤਿ ਪਾਏ ॥ ਗੁਰ ਭੇਟਤ ਹਉ ਗਈ ਬਲਾਏ ॥ ਸਾਸਿ ਸਾਸਿ ਹਰਿ ਗਾਵੈ ਨਾਨਕੁ ਸਤਿਗੁਰ ਢਾਕਿ ਲੀਆ ਮੇਰਾ ਪੜਦਾ ਜੀਉ ॥੪॥੧੭॥੨੪॥ {ਪੰਨਾ 101}

ਪਦ ਅਰਥ: ਤੇ = ਤੋਂ, ਨਾਲ। ਧਿਆਵਉ = ਮੈਂ ਧਿਆਉਂਦਾ ਹਾਂ। ਮੰਗਲੁ = ਸਿਫ਼ਤਿ-ਸਾਲਾਹ ਦਾ ਗੀਤ। ਗਾਵਉ = ਗਾਵਉਂ, ਮੈਂ ਗਾਂਦਾ ਹਾਂ। ਅਵਰਦਾ = ਉਮਰ।1।

ਅਉਖਧੁ = ਦਵਾਈ। ਮੋ ਕਉ = ਮੈਨੂੰ। ਸਾਧੂ = ਗੁਰੂ ਨੇ। ਕਿਲਬਿਖ = ਪਾਪ {ikiÑv = }। ਪੀਰਾ = ਪੀੜਾ। ਸਗਲ = ਸਾਰੇ।2।

ਜਿਸ ਕਾ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਕਾ' ਦੇ ਕਾਰਨ ਉੱਡ ਗਿਆ ਹੈ। ਵੇਖੋ 'ਗੁਰਬਾਣੀ ਵਿਆਕਰਣ'}। ਮੁਕਤਾ = ਵਿਕਾਰਾਂ ਤੋਂ ਆਜ਼ਾਦ। ਸਤਿ ਕਰੇ = ਸਤਿ ਕਰਿ, ਠੀਕ ਜਾਣ ਕੇ, ਨਿਸਚਾ ਧਾਰ ਕੇ। ਜਿਨਿ = ਜਿਸ ਨੇ। ਕਾਹੇ ਕਉ = ਕਾਹਦੇ ਲਈ?।3।

ਸਾਧੂ = ਗੁਰੂ। ਗੁਰ ਭੇਟਤ = ਗੁਰੂ ਨੂੰ ਮਿਲਿਆਂ। ਹਉ ਬਲਾਏ = ਹਉਮੈ ਦੀ ਬਲਾ। ਗਾਵੈ ਨਾਨਕੁ = ਨਾਨਕ ਗਾਂਦਾ ਹੈ। ਸਤਿਗੁਰਿ = ਸਤਿਗੁਰੂ ਨੇ। ਪੜਦਾ ਢਾਕਿ ਲੀਆ = ਇੱਜ਼ਤ ਰੱਖ ਲਈ, ਵਿਕਾਰਾਂ ਦੇ ਹੱਲਿਆਂ ਤੋਂ ਬਚਾ ਕੇ ਇੱਜ਼ਤ ਰੱਖ ਲਈ।4।

ਅਰਥ: ਪਰਮਾਤਮਾ ਦੀ ਮਿਹਰ ਨਾਲ ਮੈਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ, ਪਰਮਾਤਮਾ ਦੀ ਹੀ ਕਿਰਪਾ ਨਾਲ ਮੈਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਹਾਂ।

(ਹੇ ਭਾਈ!) ਉਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਸਾਰੀ (ਹੀ) ਉਮਰ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ।1।

ਪਰਮਾਤਮਾ ਦਾ ਨਾਮ ਦਾਰੂ (ਹੈ, ਜਦੋਂ) ਮੈਨੂੰ ਗੁਰੂ ਨੇ ਦਿੱਤਾ (ਇਸ ਦੀ ਬਰਕਤਿ ਨਾਲ ਮੇਰੇ ਸਾਰੇ) ਪਾਪ ਕੱਟੇ ਗਏ ਤੇ ਮੈਂ ਪਵਿਤ੍ਰ ਹੋ ਗਿਆ। (ਮੇਰੇ ਅੰਦਰ ਆਤਮਕ) ਸੁਖ ਪੈਦਾ ਹੋ ਗਿਆ (ਮੇਰੇ ਅੰਦਰੋਂ ਹਉਮੈ ਦੀ) ਸਾਰੀ ਪੀੜਾ ਨਿਕਲ ਗਈ, ਮੇਰੇ ਸਾਰੇ ਦੁਖ-ਦਰਦ ਦੂਰ ਹੋ ਗਏ।2।

(ਹੇ ਭਾਈ!) ਮੇਰਾ ਪਿਆਰਾ (ਗੁਰੂ ਪਰਮਾਤਮਾ) ਜਿਸ ਮਨੁੱਖ ਦੀ ਸਹੈਤਾ ਕਰਦਾ ਹੈ, ਉਹ ਇਸ ਸੰਸਾਰ-ਸਮੁੰਦਰ (ਦੇ ਵਿਕਾਰਾਂ) ਤੋਂ ਮੁਕਤ ਹੋ ਜਾਂਦਾ ਹੈ। ਜਿਸ ਮਨੁੱਖ ਨੇ ਸਰਧਾ ਧਾਰ ਕੇ ਗੁਰੂ ਨਾਲ ਸਾਂਝ ਪਾ ਲਈ, ਉਸ ਨੂੰ (ਇਸ ਸੰਸਾਰ-ਸਮੁੰਦਰ ਤੋਂ) ਡਰਨ ਦੀ ਲੋੜ ਹੀ ਨਹੀਂ ਰਹਿ ਜਾਂਦੀ।3।

(ਹੇ ਭਾਈ!) ਜਦੋਂ ਤੋਂ ਮੈਨੂੰ ਗੁਰੂ ਦੀ ਸੰਗਤਿ ਮਿਲੀ ਹੈ, ਗੁਰੂ ਨੂੰ ਮਿਲਿਆਂ (ਮੇਰੇ ਅੰਦਰੋਂ) ਹਉਮੈ ਦੀ ਬਲਾ ਦੂਰ ਹੋ ਗਈ। ਸਤਿਗੁਰੂ ਨੇ (ਹਉਮੈ ਆਦਿਕ ਵਿਕਾਰਾਂ ਤੋਂ ਬਚਾ ਕੇ) ਮੇਰੀ ਇੱਜ਼ਤ ਰੱਖ ਲਈ ਹੈ। ਹੁਣ ਨਾਨਕ ਹਰੇਕ ਸੁਆਸ ਦੇ ਨਾਲ ਪਰਮਾਤਮਾ ਦੇ ਗੁਣ ਗਾਂਦਾ ਹੈ।4।17। 24।

ਮਾਝ ਮਹਲਾ ੫ ॥ ਓਤਿ ਪੋਤਿ ਸੇਵਕ ਸੰਗਿ ਰਾਤਾ ॥ ਪ੍ਰਭ ਪ੍ਰਤਿਪਾਲੇ ਸੇਵਕ ਸੁਖਦਾਤਾ ॥ ਪਾਣੀ ਪਖਾ ਪੀਸਉ ਸੇਵਕ ਕੈ ਠਾਕੁਰ ਹੀ ਕਾ ਆਹਰੁ ਜੀਉ ॥੧॥ ਕਾਟਿ ਸਿਲਕ ਪ੍ਰਭਿ ਸੇਵਾ ਲਾਇਆ ॥ ਹੁਕਮੁ ਸਾਹਿਬ ਕਾ ਸੇਵਕ ਮਨਿ ਭਾਇਆ ॥ ਸੋਈ ਕਮਾਵੈ ਜੋ ਸਾਹਿਬ ਭਾਵੈ ਸੇਵਕੁ ਅੰਤਰਿ ਬਾਹਰਿ ਮਾਹਰੁ ਜੀਉ ॥੨॥ ਤੂੰ ਦਾਨਾ ਠਾਕੁਰੁ ਸਭ ਬਿਧਿ ਜਾਨਹਿ ॥ ਠਾਕੁਰ ਕੇ ਸੇਵਕ ਹਰਿ ਰੰਗ ਮਾਣਹਿ ॥ ਜੋ ਕਿਛੁ ਠਾਕੁਰ ਕਾ ਸੋ ਸੇਵਕ ਕਾ ਸੇਵਕੁ ਠਾਕੁਰ ਹੀ ਸੰਗਿ ਜਾਹਰੁ ਜੀਉ ॥੩॥ ਅਪੁਨੈ ਠਾਕੁਰਿ ਜੋ ਪਹਿਰਾਇਆ ॥ ਬਹੁਰਿ ਨ ਲੇਖਾ ਪੁਛਿ ਬੁਲਾਇਆ ॥ ਤਿਸੁ ਸੇਵਕ ਕੈ ਨਾਨਕ ਕੁਰਬਾਣੀ ਸੋ ਗਹਿਰ ਗਭੀਰਾ ਗਉਹਰੁ ਜੀਉ ॥੪॥੧੮॥੨੫॥ {ਪੰਨਾ 101-102}

ਪਦ ਅਰਥ: ਓਤਿ ਪੋਤਿ = {Aoq pRoq} = Sewn Crosswise and Lengthwise} ਤਾਣੇ ਵਿਚ ਪੇਟੇ ਵਿਚ। ਸੰਗਿ = ਨਾਲ। ਪ੍ਰਤਿਪਾਲੇ = ਰੱਖਿਆ ਕਰਦਾ ਹੈ। ਸੁਖਦਾਤਾ = ਸੁਖ ਦੇਣ ਵਾਲਾ। ਪੀਸਉ = ਪੀਸਉਂ, ਮੈਂ ਪੀਂਹਦਾ ਹਾਂ। ਸੇਵਕ ਕੈ = ਸੇਵਕ ਦੇ ਦਰ ਤੇ। ਆਹਰੁ = ਉੱਦਮ।1।

ਸਿਲਕ = ਫਾਹੀ। ਪ੍ਰਭਿ = ਪ੍ਰਭੂ ਨੇ। ਕਾਟਿ = ਕੱਟ ਕੇ। ਸੇਵਕ ਮਨਿ = ਸੇਵਕ ਦੇ ਮਨ ਵਿਚ। ਸਾਹਿਬ ਭਾਵੈ = ਸਾਹਿਬ ਨੂੰ ਚੰਗਾ ਲੱਗਦਾ ਹੈ। ਅੰਤਰਿ ਬਾਹਰਿ = ਨਾਮ ਜਪਣ ਵਿਚ ਅਤੇ ਜਗਤ ਨਾਲ ਪਿਆਰ ਦੀ ਵਰਤੋਂ ਕਰਨ ਵਿਚ। ਮਾਹਰੁ = ਸਿਆਣਾ।2।

ਸਭ ਬਿਧਿ = ਸਾਰੀਆਂ ਹਾਲਤਾਂ। ਦਾਨਾ = ਸਿਆਣਾ, ਜਾਣਨ ਵਾਲਾ। ਜਾਹਰੁ = ਪਰਗਟ।3।

ਠਾਕਰਿ = ਠਾਕੁਰ ਨੇ। ਜੋ = ਜਿਸ ਨੂੰ। ਪਹਿਰਾਇਆ = ਸਿਰੋਪਾ ਦਿੱਤਾ, ਆਦਰ ਦਿੱਤਾ। ਬਹੁਰਿ = ਮੁੜ, ਫਿਰ। ਪੁਛਿ = ਪੁੱਛ ਕੇ। ਕੈ = ਤੋਂ।4।

ਅਰਥ: (ਜਿਵੇਂ ਕੱਪੜੇ ਦਾ ਸੂਤਰ) ਤਾਣੇ ਵਿਚ ਪੇਟੇ ਵਿਚ (ਮਿਲਿਆ ਹੋਇਆ ਹੁੰਦਾ ਹੈ ਤਿਵੇਂ ਪਰਮਾਤਮਾ ਆਪਣੇ) ਸੇਵਕ ਦੇ ਨਾਲ ਮਿਲਿਆ ਰਹਿੰਦਾ ਹੈ। (ਜੀਵਾਂ ਨੂੰ) ਸੁਖ ਦੇਣ ਵਾਲਾ ਪ੍ਰਭੂ ਆਪਣੇ ਸੇਵਕਾਂ ਦੀ ਰੱਖਿਆ ਕਰਦਾ ਹੈ। (ਮੇਰੀ ਤਾਂਘ ਹੈ ਕਿ) ਮੈਂ ਪ੍ਰਭੂ ਦੇ ਸੇਵਕਾਂ ਦੇ ਦਰ ਤੇ ਪਾਣੀ ਢੋਵਾਂ ਪੱਖਾਂ ਫੇਰਾਂ ਤੇ ਚੱਕੀ ਪੀਹਾਂ (ਕਿਉਂਕਿ ਸੇਵਕਾਂ ਨੂੰ) ਪਾਲਣਹਾਰ ਪ੍ਰਭੂ (ਦੇ ਸਿਮਰਨ) ਦਾ ਹੀ ਉੱਦਮ ਰਹਿੰਦਾ ਹੈ।1।

ਪ੍ਰਭੂ ਨੇ (ਜਿਸ ਨੂੰ ਉਸ ਦੀ ਮਾਇਆ ਦੇ ਮੋਹ ਦੀ) ਫਾਹੀ ਕੱਟ ਕੇ ਆਪਣੀ ਸੇਵਾ-ਭਗਤੀ ਵਿਚ ਜੋੜਿਆ ਹੈ ਉਸ ਸੇਵਕ ਦੇ ਮਨ ਵਿਚ ਮਾਲਕ ਪ੍ਰਭੂ ਦਾ ਹੁਕਮ ਪਿਆਰਾ ਲੱਗਣ ਲੱਗ ਪੈਂਦਾ ਹੈ। ਉਹ ਸੇਵਕ ਉਹੀ ਕਮਾਈ ਕਰਦਾ ਹੈ, ਜੋ ਮਾਲਕ ਪ੍ਰਭੂ ਨੂੰ ਚੰਗੀ ਲੱਗਦੀ ਹੈ, ਉਹ ਸੇਵਕ ਨਾਮ ਸਿਮਰਨ ਵਿਚ ਅਤੇ ਜਗਤ ਨਾਲ ਪ੍ਰੇਮ ਦੀ ਵਰਤੋਂ ਕਰਨ ਵਿਚ ਸਿਆਣਾ ਹੋ ਜਾਂਦਾ ਹੈ।2।

ਹੇ ਪ੍ਰਭੂ! ਤੂੰ (ਆਪਣੇ ਸੇਵਕਾਂ ਦੇ ਦਿਲ ਦੀ) ਜਾਣਦਾ ਹੈਂ, ਤੂੰ (ਆਪਣੇ ਸੇਵਕਾਂ ਦਾ) ਪਾਲਣਹਾਰ ਹੈਂ, ਤੂੰ (ਸੇਵਕਾਂ ਨੂੰ ਮਾਇਆ ਦੇ ਮੋਹ ਤੋਂ ਬਚਾਣ ਦੇ) ਸਭ ਤਰੀਕੇ ਜਾਣਦਾ ਹੈਂ।

(ਹੇ ਭਾਈ) ! ਪਾਲਣਹਾਰ ਪ੍ਰਭੂ ਦੇ ਸੇਵਕ ਪ੍ਰਭੂ ਦੇ ਮਿਲਾਪ ਦੇ ਆਤਮਕ ਅਨੰਦ ਮਾਣਦੇ ਹਨ। ਪਾਲਣਹਾਰ ਪ੍ਰਭੂ ਦਾ ਆਪਾ ਉਸ ਦੇ ਸੇਵਕ ਦਾ ਆਪਾ ਬਣ ਜਾਂਦਾ ਹੈ (ਠਾਕੁਰ ਤੇ ਸੇਵਕ ਦੇ ਆਤਮਕ ਜੀਵਨ ਵਿਚ ਕੋਈ ਫ਼ਰਕ ਨਹੀਂ ਰਹਿ ਜਾਂਦਾ) । ਠਾਕੁਰ ਦੇ ਚਰਨਾਂ ਵਿਚ ਜੁੜਿਆ ਰਹਿ ਕੇ ਸੇਵਕ (ਲੋਕ ਪਰਲੋਕ ਵਿਚ) ਪਰਗਟ ਹੋ ਜਾਂਦਾ ਹੈ।3।

ਜਿਸ (ਸੇਵਕ) ਨੂੰ ਪਿਆਰੇ ਠਾਕੁਰ-ਪ੍ਰਭੂ ਨੇ (ਸੇਵਾ ਭਗਤੀ ਦਾ) ਸਿਰੋਪਾ ਬਖ਼ਸ਼ਿਆ ਹੈ, ਉਸ ਨੂੰ ਮੁੜ (ਉਸ ਦੇ ਕਰਮਾਂ ਦਾ) ਲੇਖਾ ਨਹੀਂ ਪੁੱਛਿਆ (ਲੇਖਾ ਪੁੱਛਣ ਵਾਸਤੇ) ਨਹੀਂ ਸੱਦਿਆ (ਭਾਵ, ਉਹ ਸੇਵਕ ਮੰਦੇ ਕਰਮਾਂ ਵਲ ਪੈਂਦਾ ਹੀ ਨਹੀਂ) ।

ਹੇ ਨਾਨਕ! (ਆਖ–) ਮੈਂ ਉਸ ਸੇਵਕ ਤੋਂ ਸਦਕੇ ਜਾਂਦਾ ਹਾਂ। ਉਹ ਸੇਵਕ ਡੂੰਘੇ ਸੁਭਾਉ ਵਾਲਾ ਵੱਡੇ ਜਿਗਰੇ ਵਾਲਾ ਤੇ ਉੱਚੇ ਅਮੋਲਕ ਜੀਵਨ ਵਾਲਾ ਹੋ ਜਾਂਦਾ ਹੈ।4।18। 25।

TOP OF PAGE

Sri Guru Granth Darpan, by Professor Sahib Singh