ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 102 ਮਾਝ ਮਹਲਾ ੫ ॥ ਸਭ ਕਿਛੁ ਘਰ ਮਹਿ ਬਾਹਰਿ ਨਾਹੀ ॥ ਬਾਹਰਿ ਟੋਲੈ ਸੋ ਭਰਮਿ ਭੁਲਾਹੀ ॥ ਗੁਰ ਪਰਸਾਦੀ ਜਿਨੀ ਅੰਤਰਿ ਪਾਇਆ ਸੋ ਅੰਤਰਿ ਬਾਹਰਿ ਸੁਹੇਲਾ ਜੀਉ ॥੧॥ ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ ॥ ਮਨੁ ਪੀਵੈ ਸੁਨਿ ਸਬਦੁ ਬੀਚਾਰਾ ॥ ਅਨਦ ਬਿਨੋਦ ਕਰੇ ਦਿਨ ਰਾਤੀ ਸਦਾ ਸਦਾ ਹਰਿ ਕੇਲਾ ਜੀਉ ॥੨॥ ਜਨਮ ਜਨਮ ਕਾ ਵਿਛੁੜਿਆ ਮਿਲਿਆ ॥ ਸਾਧ ਕ੍ਰਿਪਾ ਤੇ ਸੂਕਾ ਹਰਿਆ ॥ ਸੁਮਤਿ ਪਾਏ ਨਾਮੁ ਧਿਆਏ ਗੁਰਮੁਖਿ ਹੋਏ ਮੇਲਾ ਜੀਉ ॥੩॥ ਜਲ ਤਰੰਗੁ ਜਿਉ ਜਲਹਿ ਸਮਾਇਆ ॥ ਤਿਉ ਜੋਤੀ ਸੰਗਿ ਜੋਤਿ ਮਿਲਾਇਆ ॥ ਕਹੁ ਨਾਨਕ ਭ੍ਰਮ ਕਟੇ ਕਿਵਾੜਾ ਬਹੁੜਿ ਨ ਹੋਈਐ ਜਉਲਾ ਜੀਉ ॥੪॥੧੯॥੨੬॥ {ਪੰਨਾ 102} ਪਦ ਅਰਥ: ਸਭ ਕਿਛੁ = ਸਾਰਾ ਕੁਝ, ਸਾਰਾ ਆਤਮਕ ਅਨੰਦ। ਘਰਿ ਮਹਿ = ਹਿਰਦੇ ਘਰ ਵਿਚ (ਟਿਕੇ ਰਿਹਾਂ) । ਟੋਲੈ = (ਸੁਖ ਦੀ) ਭਾਲ ਕਰਦਾ ਹੈ। ਭਰਮਿ = ਭਟਕਣਾ ਵਿਚ (ਪੈ ਕੇ) । ਭੁਲਾਹੀ = ਭੁਲਾਹਿ, ਕੁਰਾਹੇ ਪਏ ਰਹਿੰਦੇ ਹਨ। ਪਰਸਾਦੀ = ਪਰਸਾਦਿ, ਕਿਰਪਾ ਨਾਲ। ਅੰਤਰਿ = ਅੰਦਰ, ਹਿਰਦੇ ਵਿਚ। ਅੰਤਰਿ ਬਾਹਰਿ = ਪ੍ਰਭੂ ਚਰਨਾਂ ਵਿਚ ਜੁੜਿਆ ਹੋਇਆ ਅਤੇ ਜਗਤ ਨਾਲ ਪ੍ਰੇਮ ਦੀ ਵਰਤੋਂ ਕਰਦਾ ਹੋਇਆ। ਸੁਹੇਲਾ = ਸੁਖੀ।1। ਝਿਮਿ ਝਿਮਿ = ਮਠੀ ਮਠੀ ਸੁਰ ਨਾਲ। ਸੁਨਿ = ਸੁਣ ਕੇ। ਅਨਦ ਬਿਨੋਦ = ਆਤਮਕ ਸੁਖ ਅਨੰਦ। ਕੇਲਾ = ਆਨੰਦ, ਖੇਲ ਤਮਾਸ਼ੇ।2। ਸਾਧ = ਗੁਰੂ। ਤੇ = ਤੋਂ, ਨਾਲ। ਸੂਕਾ = ਸੁੱਕਾ ਹੋਇਆ। ਸੁਮਤਿ = ਚੰਗੀ ਅਕਲ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ।3। ਤਰੰਗ = ਲਹਰ। ਜਲਹਿ = ਜਲਿ ਹੀ, ਜਲ ਵਿਚ ਹੀ। ਭ੍ਰਮ ਕਿਵਾੜਾ = ਭਟਕਣਾ ਦੇ ਤਖ਼ਤੇ। ਜਉਲਾ = {ਫ਼ਾਰਸੀ ਲ਼ਫ਼ਜ਼ = ਜਉਲਾ, ਦੌੜਦਾ} ਦੌੜ ਭੱਜ ਕਰਨ ਵਾਲਾ, ਭਟਕਣ ਵਾਲਾ।4। ਅਰਥ: ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਮਨੁੱਖਾਂ ਨੇ ਆਪਣੇ ਹਿਰਦੇ ਵਿਚ ਹੀ ਟਿਕ ਕੇ ਪਰਮਾਤਮਾ ਨੂੰ ਲੱਭ ਲਿਆ ਹੈ, ਉਹ ਅੰਤਰ ਆਤਮੇ ਸਿਮਰਨ ਕਰਦੇ ਹੋਏ ਭੀ ਤੇ ਜਗਤ ਨਾਲ ਪ੍ਰੇਮ ਦੀ ਵਰਤੋਂ ਕਰਦੇ ਹੋਏ ਭੀ ਸਦਾ ਸੁਖੀ ਰਹਿੰਦੇ ਹਨ। ਸਾਰਾ ਆਤਮਕ ਸੁਖ ਹਿਰਦੇ ਵਿਚ ਟਿਕੇ ਰਹਿਣ ਵਿਚ ਹੈ, ਬਾਹਰ ਭਟਕਣ ਵਿਚ ਨਹੀਂ ਮਿਲਦਾ। ਜੇਹੜਾ ਮਨੁੱਖ ਬਾਹਰ ਸੁੱਖ ਦੀ ਭਾਲ ਕਰਦਾ ਹੈ (ਉਹ ਸੁਖ ਨਹੀਂ ਲੱਭ ਸਕਦਾ) ਅਜੇਹੇ ਬੰਦੇ ਤਾਂ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ।1। (ਜਿਵੇਂ ਮਠੀ ਮਠੀ ਵਰਖਾ ਹੁੰਦੀ ਹੈ ਤੇ ਉਹ ਧਰਤੀ ਵਿਚ ਸਿੰਜਰਦੀ ਜਾਂਦੀ ਹੈ ਤਿਵੇਂ ਜਦੋਂ) ਆਤਮਕ ਅਡੋਲਤਾ ਦੀ ਹਾਲਤ ਵਿਚ ਨਾਮ-ਅੰਮ੍ਰਿਤ ਦੀ ਧਾਰ ਸਹਜੇ ਸਹਜੇ ਵਰ੍ਹਦੀ ਹੈ ਤਦੋਂ ਮਨੁੱਖ ਦਾ ਮਨ ਗੁਰੂ ਦਾ ਸ਼ਬਦ ਸੁਣ ਕੇ (ਪ੍ਰਭੂ ਦੇ ਗੁਣਾਂ ਦੀ) ਵਿਚਾਰ ਸੁਣ ਕੇ ਉਸ ਅੰਮ੍ਰਿਤ ਧਾਰ ਨੂੰ ਪੀਂਦਾ ਜਾਂਦਾ ਹੈ (ਆਪਣੇ ਅੰਦਰ ਟਿਕਾਈ ਜਾਂਦਾ ਹੈ) (ਉਸ ਅਵਸਥਾ ਵਿਚ ਮਨ) ਹਰ ਵੇਲੇ ਆਤਮਕ ਆਨੰਦ ਮਾਣਦਾ ਹੈ, ਸਦਾ ਪਰਮਾਤਮਾ ਦੇ ਮਿਲਾਪ ਦਾ ਸੁਖ ਲੈਂਦਾ ਹੈ।2। (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਜਨਮਾਂ ਜਨਮਾਂਤਰਾਂ ਦਾ ਵਿੱਛੁੜਿਆ ਹੋਇਆ ਜੀਵ ਪ੍ਰਭੂ ਚਰਨਾਂ ਨਾਲ ਮਿਲਾਪ ਹਾਸਲ ਕਰ ਲੈਂਦਾ ਹੈ। ਮਨੁੱਖ ਦਾ ਰੁੱਖਾ ਹੋ ਚੁੱਕਾ ਮਨ ਗੁਰੂ ਦੀ ਕਿਰਪਾ ਨਾਲ ਪਿਆਰ ਰਸ ਨਾਲ ਤਰ ਹੋ ਜਾਂਦਾ ਹੈ। ਗੁਰੂ ਪਾਸੋਂ ਜਦੋਂ ਮਨੁੱਖ ਸ੍ਰੇਸ਼ਟ ਮਤਿ ਲੈਂਦਾ ਹੈ, ਤਾਂ ਪਰਮਾਤਮਾ ਦਾ ਨਾਮ ਸਿਮਰਦਾ ਹੈ। ਗੁਰੂ ਦੀ ਸਰਨ ਪਿਆਂ ਜੀਵ ਦਾ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ।3। ਜਿਵੇਂ (ਨਦੀ ਆਦਿਕ ਦੇ) ਪਾਣੀ ਦੀ ਲਹਿਰ (ਉਸ ਨਦੀ ਵਿਚੋਂ ਉੱਭਰ ਕੇ ਮੁੜ ਉਸ) ਪਾਣੀ ਵਿਚ ਹੀ ਰਲ ਜਾਂਦੀ ਹੈ ਤਿਵੇਂ (ਗੁਰੂ ਦੀ ਸਰਨ ਪੈ ਕੇ ਸਿਮਰਨ ਕਰਨ ਨਾਲ ਮਨੁੱਖ ਦੀ) ਸੁਰਤਿ (ਜੋਤਿ) ਪ੍ਰਭੂ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ। ਹੇ ਨਾਨਕ! ਆਖ– (ਗੁਰੂ ਦੇ ਸਨਮੁਖ ਹੋ ਕੇ ਸਿਮਰਨ ਕੀਤਿਆਂ ਮਨੁੱਖ ਦੇ) ਭਟਕਣਾ ਰੂਪ ਤਖ਼ਤੇ (ਜਿਨ੍ਹਾਂ ਦੀ ਕੈਦ ਵਿਚ ਇਹ ਬੰਦ ਪਿਆ ਰਹਿੰਦਾ ਹੈ) ਖੁਲ੍ਹ ਜਾਂਦੇ ਹਨ, ਤੇ ਮੁੜ ਮਨੁੱਖ ਮਾਇਆ ਦੇ ਪਿੱਛੇ ਦੌੜ ਭੱਜ ਕਰਨ ਵਾਲੇ ਸੁਭਾਵ ਦਾ ਨਹੀਂ ਰਹਿੰਦਾ।4।19। 26। ਮਾਝ ਮਹਲਾ ੫ ॥ ਤਿਸੁ ਕੁਰਬਾਣੀ ਜਿਨਿ ਤੂੰ ਸੁਣਿਆ ॥ ਤਿਸੁ ਬਲਿਹਾਰੀ ਜਿਨਿ ਰਸਨਾ ਭਣਿਆ ॥ ਵਾਰਿ ਵਾਰਿ ਜਾਈ ਤਿਸੁ ਵਿਟਹੁ ਜੋ ਮਨਿ ਤਨਿ ਤੁਧੁ ਆਰਾਧੇ ਜੀਉ ॥੧॥ ਤਿਸੁ ਚਰਣ ਪਖਾਲੀ ਜੋ ਤੇਰੈ ਮਾਰਗਿ ਚਾਲੈ ॥ ਨੈਨ ਨਿਹਾਲੀ ਤਿਸੁ ਪੁਰਖ ਦਇਆਲੈ ॥ ਮਨੁ ਦੇਵਾ ਤਿਸੁ ਅਪੁਨੇ ਸਾਜਨ ਜਿਨਿ ਗੁਰ ਮਿਲਿ ਸੋ ਪ੍ਰਭੁ ਲਾਧੇ ਜੀਉ ॥੨॥ ਸੇ ਵਡਭਾਗੀ ਜਿਨਿ ਤੁਮ ਜਾਣੇ ॥ ਸਭ ਕੈ ਮਧੇ ਅਲਿਪਤ ਨਿਰਬਾਣੇ ॥ ਸਾਧ ਕੈ ਸੰਗਿ ਉਨਿ ਭਉਜਲੁ ਤਰਿਆ ਸਗਲ ਦੂਤ ਉਨਿ ਸਾਧੇ ਜੀਉ ॥੩॥ ਤਿਨ ਕੀ ਸਰਣਿ ਪਰਿਆ ਮਨੁ ਮੇਰਾ ॥ ਮਾਣੁ ਤਾਣੁ ਤਜਿ ਮੋਹੁ ਅੰਧੇਰਾ ॥ ਨਾਮੁ ਦਾਨੁ ਦੀਜੈ ਨਾਨਕ ਕਉ ਤਿਸੁ ਪ੍ਰਭ ਅਗਮ ਅਗਾਧੇ ਜੀਉ ॥੪॥੨੦॥੨੭॥ {ਪੰਨਾ 102} ਪਦ ਅਰਥ: ਜਿਨਿ = ਜਿਸ (ਮਨੁੱਖ) ਨੇ। ਤੂੰ = ਤੈਨੂੰ, ਤੇਰੀ ਸਿਫ਼ਤਿ-ਸਾਲਾਹ, ਤੇਰਾ ਨਾਮ। ਰਸਨਾ = ਜੀਭ (ਨਾਲ) । ਭਣਿਆ = ਉਚਾਰਿਆ। ਵਾਰਿ ਵਾਰਿ ਜਾਈ = ਮੈਂ ਸਦਕੇ ਜਾਂਦਾ ਹਾਂ (ਜਾਈਂ) । ਵਿਟਹੁ = ਤੋਂ।1। ਪਖਾਲੀ = ਪਖਲੀਂ, ਮੈਂ ਧੋਂਦਾ ਹਾਂ। ਮਾਰਗਿ = ਰਸਤੇ ਉੱਤੇ। ਨਿਹਾਲੀ = ਮੈਂ ਵੇਖਦਾ ਹਾਂ। ਗੁਰ ਮਿਲਿ = ਗੁਰੂ ਨੂੰ ਮਿਲ ਕੇ। ਲਾਧੇ = ਲੱਭਾ।2। ਸੇ = ਉਹ ਬੰਦੇ। ਜਿਨਿ = ਜਿਸ ਜਿਸ ਨੇ {ਨੋਟ: ਲਫ਼ਜ਼ 'ਜਿਨਿ' ਇਕ-ਵਚਨ ਹੈ। ਲ਼ਫ਼ਜ਼ 'ਸੇ' ਬਹੁ-ਵਚਨ ਹੈ। 'ਸੋ' ਇਕ-ਵਚਨ ਹੈ}। ਤੁਮ = ਤੈਨੂੰ। ਅਲਿਪਤ = ਨਿਰਲੇਪ। ਨਿਰਬਾਣੇ = ਵਾਸਨਾ-ਰਹਿਤ। ਉਨਿ = ਉਸ ਬੰਦੇ ਨੇ। ਭਉਜਲੁ = ਸੰਸਾਰ-ਸਮੁੰਦਰ।3। ਤਜਿ = ਤਿਆਗ ਕੇ। ਅਗਾਧੇ = ਅਥਾਹ। ਅਗਮ = ਅਪਹੁੰਚ।4। ਅਰਥ: (ਹੇ ਪ੍ਰਭੂ!) ਜਿਸ ਮਨੁੱਖ ਨੇ ਤੇਰਾ ਨਾਮ ਸੁਣਿਆ ਹੈ (ਜੋ ਸਦਾ ਤੇਰੀ ਸਿਫ਼ਤਿ-ਸਾਲਾਹ ਸੁਣਦਾ ਹੈ) , ਮੈਂ ਉਸ ਤੋਂ ਸਦਕੇ ਜਾਂਦਾ ਹਾਂ। ਜਿਸ ਮਨੁੱਖ ਨੇ ਆਪਣੀ ਜੀਭ ਨਾਲ ਤੇਰਾ ਨਾਮ ਉਚਾਰਿਆ ਹੈ (ਜੋ ਤੇਰੀ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ) , ਉਸ ਤੋਂ ਮੈਂ ਵਾਰਨੇ ਜਾਂਦਾ ਹਾਂ। (ਹੇ ਪ੍ਰਭੂ!) ਮੈਂ ਉਸ ਮਨੁੱਖ ਤੋਂ (ਮੁੜ ਮੁੜ) ਕੁਰਬਾਨ ਜਾਂਦਾ ਹਾਂ, ਜੋ ਆਪਣੇ ਮਨ ਨਾਲ ਆਪਣੇ ਸਰੀਰ ਨਾਲ ਤੈਨੂੰ ਯਾਦ ਕਰਦਾ ਰਹਿੰਦਾ ਹੈ।1। (ਹੇ ਪ੍ਰਭੂ!) ਜੇਹੜਾ ਮਨੁੱਖ ਤੇਰੇ (ਮਿਲਾਪ ਦੇ) ਰਾਹ ਤੇ ਤੁਰਦਾ ਹੈ, ਮੈਂ ਉਸ ਦੇ ਪੈਰ ਧੋਂਦਾ ਰਹਾਂ। (ਹੇ ਭਾਈ!) ਦਇਆ ਦੇ ਸੋਮੇ ਉਸ ਅਕਾਲ ਪੁਰਖ ਨੂੰ ਮੈਂ ਆਪਣੀਆਂ ਅੱਖਾਂ ਨਾਲ ਵੇਖਣਾ ਚਹੁੰਦਾ ਹਾਂ, (ਇਸ ਵਾਸਤੇ) ਮੈਂ ਆਪਣਾ ਮਨ ਆਪਣੇ ਉਸ ਸੱਜਣ ਦੇ ਹਵਾਲੇ ਕਰਨ ਨੂੰ ਤਿਆਰ ਹਾਂ ਜਿਸ ਨੇ ਗੁਰੂ ਨੂੰ ਮਿਲ ਕੇ ਉਸ ਪ੍ਰਭੂ ਨੂੰ ਲੱਭ ਲਿਆ ਹੈ।2। (ਹੇ ਪ੍ਰਭੂ!) ਜਿਸ ਜਿਸ ਮਨੁੱਖ ਨੇ ਤੇਰੇ ਨਾਲ ਸਾਂਝ ਪਾ ਲਈ ਹੈ, ਉਹ (ਸਭ) ਭਾਗਾਂ ਵਾਲੇ ਹਨ। (ਹੇ ਭਾਈ!) ਪਰਮਾਤਮਾ ਸਭ ਜੀਵਾਂ ਦੇ ਅੰਦਰ ਵੱਸਦਾ ਹੈ (ਫਿਰ ਭੀ ਉਹ) ਨਿਰਲੇਪ ਹੈ ਤੇ ਵਾਸਨਾ-ਰਹਿਤ ਹੈ। (ਜਿਸ ਮਨੁੱਖ ਨੇ ਉਸ ਨਾਲ ਸਾਂਝ ਪਾਈ ਹੈ) ਸਾਧ ਸੰਗਤਿ ਵਿਚ ਰਹਿ ਕੇ ਉਸ ਨੇ ਸੰਸਾਰ-ਸਮੁੰਦਰ ਤਰ ਲਿਆ ਹੈ, ਉਸ ਨੇ (ਕਾਮਾਦਿਕ) ਸਾਰੇ ਵਿਕਾਰ ਆਪਣੇ ਵੱਸ ਵਿਚ ਕਰ ਲਏ ਹਨ।3। (ਹੇ ਭਾਈ! ਦੁਨੀਆ ਵਾਲਾ) ਮਾਣ ਛੱਡ ਕੇ (ਦੁਨੀਆ ਵਾਲਾ) ਤਾਣ ਛੱਡ ਕੇ (ਜੀਵਨ-ਰਾਹ ਵਿਚ) ਹਨੇਰਾ (ਪੈਦਾ ਕਰਨ ਵਾਲਾ ਮਾਇਆ ਦਾ) ਮੋਹ ਛੱਡ ਕੇ ਮੇਰਾ ਮਨ ਉਹਨਾਂ ਦੀ ਸਰਨ ਪੈਂਦਾ ਹੈ (ਜਿਨ੍ਹਾਂ ਨੇ ਸਾਰੇ ਦੂਤ ਵੱਸ ਕਰ ਲਏ ਹਨ, ਤੇ ਉਹਨਾਂ ਅੱਗੇ ਅਰਦਾਸ ਕਰਦਾ ਹੈ ਕਿ) ਮੈਨੂੰ ਨਾਨਕ ਨੂੰ (ਭੀ) ਉਸ ਅਪਹੁੰਚ ਅਥਾਹ ਪ੍ਰਭੂ ਦਾ ਨਾਮ ਦਾਨ (ਵਜੋਂ) ਦੇਹੋ।4। 20। 27। ਮਾਝ ਮਹਲਾ ੫ ॥ ਤੂੰ ਪੇਡੁ ਸਾਖ ਤੇਰੀ ਫੂਲੀ ॥ ਤੂੰ ਸੂਖਮੁ ਹੋਆ ਅਸਥੂਲੀ ॥ ਤੂੰ ਜਲਨਿਧਿ ਤੂੰ ਫੇਨੁ ਬੁਦਬੁਦਾ ਤੁਧੁ ਬਿਨੁ ਅਵਰੁ ਨ ਭਾਲੀਐ ਜੀਉ ॥੧॥ ਤੂੰ ਸੂਤੁ ਮਣੀਏ ਭੀ ਤੂੰਹੈ ॥ ਤੂੰ ਗੰਠੀ ਮੇਰੁ ਸਿਰਿ ਤੂੰਹੈ ॥ ਆਦਿ ਮਧਿ ਅੰਤਿ ਪ੍ਰਭੁ ਸੋਈ ਅਵਰੁ ਨ ਕੋਇ ਦਿਖਾਲੀਐ ਜੀਉ ॥੨॥ ਤੂੰ ਨਿਰਗੁਣੁ ਸਰਗੁਣੁ ਸੁਖਦਾਤਾ ॥ ਤੂੰ ਨਿਰਬਾਣੁ ਰਸੀਆ ਰੰਗਿ ਰਾਤਾ ॥ ਅਪਣੇ ਕਰਤਬ ਆਪੇ ਜਾਣਹਿ ਆਪੇ ਤੁਧੁ ਸਮਾਲੀਐ ਜੀਉ ॥੩॥ ਤੂੰ ਠਾਕੁਰੁ ਸੇਵਕੁ ਫੁਨਿ ਆਪੇ ॥ ਤੂੰ ਗੁਪਤੁ ਪਰਗਟੁ ਪ੍ਰਭ ਆਪੇ ॥ ਨਾਨਕ ਦਾਸੁ ਸਦਾ ਗੁਣ ਗਾਵੈ ਇਕ ਭੋਰੀ ਨਦਰਿ ਨਿਹਾਲੀਐ ਜੀਉ ॥੪॥੨੧॥੨੮॥ {ਪੰਨਾ 102} ਪਦ ਅਰਥ: ਪੇਡੁ = ਰੁੱਖ। ਸਾਖ = ਸਾਖਾਂ, ਟਾਹਣੀਆਂ। ਫੂਲੀ = ਫੁੱਟੀਆਂ ਹੋਈਆਂ। ਸੂਖਮੁ = {su™m subtle, minute} ਅਦ੍ਰਿਸ਼ਟ। ਅਸਥੂਲ {ÔQul = gross, coarse} ਦ੍ਰਿਸ਼ਟਮਾਨ ਜਗਤ। ਜਲਨਿਧਿ = ਸਮੁੰਦਰ। ਫੇਨੁ = ਝੱਗ। ਬੁਦਬੁਦਾ = ਬੁਲਬੁਲਾ।1। ਸੂਤੁ = ਧਾਗਾ, ਡੋਰੀ। ਮਣੀਏ = ਮਣਕੇ। ਗੰਠੀ = ਗੰਢ। ਮੇਰੁ = ਸਿਰੇ ਦਾ ਮਣਕਾ। ਸਿਰਿ = (ਮਣਕਿਆਂ ਦੇ) ਸਿਰ ਉੱਤੇ! ਆਦਿ = ਮੁੱਢ ਵਿਚ। ਮਧਿ = ਵਿਚਕਾਰ। ਅੰਤਿ = ਅਖ਼ੀਰ ਵਿਚ।2। ਨਿਰਗੁਣੁ = ਮਾਇਆ ਦੇ ਤਿੰਨ ਗੁਣਾਂ ਤੋਂ ਰਹਿਤ। ਸਰਗੁਣ = ਮਾਇਆ ਦੇ ਤਿੰਨ ਗੁਣਾਂ ਵਾਲਾ। ਨਿਰਬਾਣੁ = ਵਾਸਨਾ-ਰਹਿਤ। ਰਸੀਆ = ਆਨੰਦ ਲੈਣ ਵਾਲਾ, ਭੋਗਣ ਵਾਲਾ। ਰੰਗਿ = ਮਾਇਆ ਦੇ ਰੰਗ ਵਿਚ। ਸਮਾਲੀਐ = ਸੰਭਾਲਦਾ।3। ਫੁਨਿ = ਫਿਰ, ਮੁੜ ਭੀ। ਆਪੇ = ਆਪ ਹੀ। ਪ੍ਰਭ = ਹੇ ਪ੍ਰਭੂ! ਇਕ ਭੋਰੀ = ਰਤਾ ਕੁ ਸਮਾ ਹੀ। ਨਿਹਾਲੀਐ = ਵੇਖੋ।4। ਅਰਥ: ਹੇ ਪ੍ਰਭੂ! ਤੂੰ (ਮਾਨੋ, ਇਕ) ਰੁੱਖ ਹੈਂ (ਇਹ ਸੰਸਾਰ ਤੈਂ-ਰੁੱਖ ਤੋਂ) ਫੁੱਟੀਆਂ ਹੋਈਆਂ ਤੇਰੀਆਂ ਟਾਹਣੀਆਂ ਹਨ। ਹੇ ਪ੍ਰਭੂ! ਤੂੰ ਅਦ੍ਰਿਸ਼ਟ ਹੈਂ (ਆਪਣੇ ਅਦ੍ਰਿਸ਼ਟ ਰੂਪ ਤੋਂ) ਦਿੱਸਦਾ ਜਗਤ ਬਣਿਆ ਹੈਂ। ਹੇ ਪ੍ਰਭੂ! ਤੂੰ (ਮਾਨੋ, ਇਕ) ਸਮੁੰਦਰ ਹੈਂ (ਇਹ ਸਾਰਾ ਜਗਤ ਪਸਾਰਾ, ਮਾਨੋ) ਝੱਗ ਤੇ ਬੁਲਬੁਲਾ (ਭੀ) ਤੂੰ ਆਪ ਹੀ ਹੈਂ। ਤੈਥੋਂ ਬਿਨਾ ਹੋਰ ਕੁਝ ਭੀ ਨਹੀਂ ਦਿਸਦਾ।1। (ਇਹ ਸਾਰਾ ਜਗਤ-ਪਸਾਰਾ ਤੈਥੋਂ ਬਣਿਆ ਤੇਰਾ ਹੀ ਸਰੂਪ, ਮਾਨੋ, ਇਕ ਮਾਲਾ ਹੈ। ਉਸ ਮਾਲਾ ਦਾ) ਧਾਗਾ ਤੂੰ ਆਪ ਹੈਂ, ਮਣਕੇ ਭੀ ਤੂੰ ਹੈਂ, (ਮਣਕਿਆਂ ਉੱਤੇ) ਗੰਢ ਭੀ ਤੂੰ ਹੀ ਹੈਂ, (ਸਭ ਮਣਕਿਆਂ ਦੇ) ਸਿਰ ਉੱਤੇ ਮੇਰੂ-ਮਣਕਾ ਭੀ ਤੂੰ ਹੀ ਹੈਂ। (ਹੇ ਭਾਈ!) (ਜਗਤ-ਰਚਨਾ ਦੇ) ਸ਼ੁਰੂ ਵਿਚ ਮੱਧ ਵਿਚ ਤੇ ਅੰਤ ਵਿਚ ਪ੍ਰਭੂ ਆਪ ਹੀ ਆਪ ਹੈ। ਉਸ ਤੋਂ ਬਿਨਾ ਹੋਰ ਕੋਈ ਨਹੀਂ ਦਿੱਸਦਾ।2। ਹੇ ਪ੍ਰਭੂ! ਤੂੰ (ਆਪਣੀ ਰਚੀ ਮਾਇਆ ਦੇ) ਤਿੰਨ ਗੁਣਾਂ ਤੋਂ ਪਰੇ ਹੈਂ, ਤਿੰਨਾਂ ਗੁਣਾਂ ਤੋਂ ਬਣਿਆ ਜਗਤ ਪਸਾਰਾ ਵੀ ਤੂੰ ਆਪ ਹੀ ਹੈਂ, ਸਭ ਜੀਵਾਂ ਨੂੰ ਸੁਖ ਦੇਣ ਵਾਲਾ ਭੀ ਤੂੰ ਹੀ ਹੈਂ। ਤੂੰ ਵਾਸਨਾ ਰਹਿਤ ਹੈਂ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਰਸਾਂ ਦੇ ਭੋਗਣ ਵਾਲਾ ਭੀ ਹੈਂ ਤੇ ਰਸਾਂ ਦੇ ਪਿਆਰ ਵਿਚ ਮਸਤ ਭੀ ਹੈਂ। ਹੇ ਪ੍ਰਭੂ! ਇਹ ਆਪਣੇ ਖੇਡ-ਤਮਾਸ਼ੇ ਤੂੰ ਆਪ ਹੀ ਜਾਣਦਾ ਹੈਂ। ਤੂੰ ਆਪ ਹੀ ਸਾਰੀ ਸੰਭਾਲ ਭੀ ਕਰ ਰਿਹਾ ਹੈਂ।3। ਹੇ ਪ੍ਰਭੂ! ਮਾਲਕ ਭੀ ਤੂੰ ਹੈਂ ਤੇ ਸੇਵਕ ਭੀ ਤੂੰ ਆਪ ਹੀ ਹੈਂ। ਹੇ ਪ੍ਰਭੂ! (ਸਾਰੇ ਸੰਸਾਰ ਵਿਚ) ਤੂੰ ਲੁਕਿਆ ਹੋਇਆ ਭੀ ਹੈਂ ਤੇ (ਸੰਸਾਰ-ਰੂਪ ਹੋ ਕੇ) ਤੂੰ ਪ੍ਰਤੱਖ ਭੀ ਦਿੱਸ ਰਿਹਾ ਹੈਂ। ਹੇ ਨਾਨਕ! (ਆਖ– ਤੇਰਾ ਇਹ) ਦਾਸ ਸਦਾ ਤੇਰੇ ਗੁਣ ਗਾਂਦਾ ਹੈ। ਰਤਾ ਕੁ ਸਮਾ ਹੀ (ਇਸ ਦਾਸ ਵਲ) ਮਿਹਰ ਦੀ ਨਿਗਾਹ ਨਾਲ ਵੇਖ।4। 21। 28। |
Sri Guru Granth Darpan, by Professor Sahib Singh |