ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 103 ਮਾਝ ਮਹਲਾ ੫ ॥ ਸਫਲ ਸੁ ਬਾਣੀ ਜਿਤੁ ਨਾਮੁ ਵਖਾਣੀ ॥ ਗੁਰ ਪਰਸਾਦਿ ਕਿਨੈ ਵਿਰਲੈ ਜਾਣੀ ॥ ਧੰਨੁ ਸੁ ਵੇਲਾ ਜਿਤੁ ਹਰਿ ਗਾਵਤ ਸੁਨਣਾ ਆਏ ਤੇ ਪਰਵਾਨਾ ਜੀਉ ॥੧॥ ਸੇ ਨੇਤ੍ਰ ਪਰਵਾਣੁ ਜਿਨੀ ਦਰਸਨੁ ਪੇਖਾ ॥ ਸੇ ਕਰ ਭਲੇ ਜਿਨੀ ਹਰਿ ਜਸੁ ਲੇਖਾ ॥ ਸੇ ਚਰਣ ਸੁਹਾਵੇ ਜੋ ਹਰਿ ਮਾਰਗਿ ਚਲੇ ਹਉ ਬਲਿ ਤਿਨ ਸੰਗਿ ਪਛਾਣਾ ਜੀਉ ॥੨॥ ਸੁਣਿ ਸਾਜਨ ਮੇਰੇ ਮੀਤ ਪਿਆਰੇ ॥ ਸਾਧਸੰਗਿ ਖਿਨ ਮਾਹਿ ਉਧਾਰੇ ॥ ਕਿਲਵਿਖ ਕਾਟਿ ਹੋਆ ਮਨੁ ਨਿਰਮਲੁ ਮਿਟਿ ਗਏ ਆਵਣ ਜਾਣਾ ਜੀਉ ॥੩॥ ਦੁਇ ਕਰ ਜੋੜਿ ਇਕੁ ਬਿਨਉ ਕਰੀਜੈ ॥ ਕਰਿ ਕਿਰਪਾ ਡੁਬਦਾ ਪਥਰੁ ਲੀਜੈ ॥ ਨਾਨਕ ਕਉ ਪ੍ਰਭ ਭਏ ਕ੍ਰਿਪਾਲਾ ਪ੍ਰਭ ਨਾਨਕ ਮਨਿ ਭਾਣਾ ਜੀਉ ॥੪॥੨੨॥੨੯॥ {ਪੰਨਾ 103} ਪਦ ਅਰਥ: ਸਫਲੁ = ਫਲ ਦੇਣਾ ਵਾਲਾ, ਲਾਭਦਾਇਕ। ਜਿਤੁ = ਜਿਸ (ਬਾਣੀ) ਦੀ ਰਾਹੀਂ। ਵਖਾਣੀ = ਵਖਾਣਿਆ, ਉਚਾਰਿਆ। ਪਰਸਾਦਿ = ਕਿਰਪਾ ਨਾਲ। ਕਿਨੈ = ਕਿਸੇ ਨੇ। ਜਾਣੀ = ਸਾਂਝ ਪਾਈ। ਧੰਨੁ = ਭਾਗਾਂ ਵਾਲਾ {DNX}। ਜਿਤੁ = ਜਿਸ (ਵੇਲੇ) ਵਿਚ। ਪਰਵਾਨਾ = ਕਬੂਲ। ਆਏ = ਜਗਤ ਵਿਚ ਜਨਮੇ। ਤੇ = ਉਹ ਬੰਦੇ।1। ਸੇ ਨੇਤ੍ਰ = ਉਹ ਅੱਖਾਂ {ਬਹੁ-ਵਚਨ}। ਪਰਵਾਣੁ = {pRmwx = Authority} ਮੰਨਿਆ ਪ੍ਰਮੰਨਿਆ ਮਿਆਰ। ਪੇਖਾ = ਵੇਖਿਆ। ਕਰ = ਹੱਥ {ਬਹੁ-ਵਚਨ}। ਕਰੁ = ਹੱਥ (ਇਕ-ਵਚਨ) । ਜਸੁ = ਸਿਫ਼ਤਿ-ਸਾਲਾਹ। ਲੇਖਾ = ਲਿਖੀ। ਮਾਰਗਿ = ਰਸਤੇ ਉੱਤੇ। ਹਉ = ਮੈਂ। ਬਲਿ = ਕੁਰਬਾਨ।2। ਸਾਜਨ = ਹੇ ਸੱਜਣ! ਖਿਨ ਮਾਹਿ = ਇਕ ਖਿਨ ਵਿਚ {˜x = A moment}। ਕਿਲਵਿਖ = ਪਾਪ।3। ਦੁਇ ਕਰ = ਦੋਵੇਂ ਹੱਥ। ਬਿਨਉ = ਬੇਨਤੀ {ivnX। ਪੁਲਿੰਗ}। ਪਥਰੁ = ਕਠੋਰ-ਚਿੱਤ। ਪ੍ਰਭ = ਪ੍ਰਭੂ ਜੀ।4। ਅਰਥ: (ਹੇ ਭਾਈ!) ਉਸ ਬਾਣੀ ਨੂੰ ਪੜ੍ਹਨਾ ਲਾਭਦਾਇਕ ਉੱਦਮ ਹੈ, ਜਿਸ ਬਾਣੀ ਦੀ ਰਾਹੀਂ ਕੋਈ ਮਨੁੱਖ ਪਰਮਾਤਮਾ ਦਾ ਨਾਮ ਉਚਾਰਦਾ ਹੈ। (ਪਰ) ਗੁਰੂ ਦੀ ਕਿਰਪਾ ਨਾਲ ਕਿਸੇ ਵਿਰਲੇ ਮਨੁੱਖ ਨੇ (ਅਜੇਹੀ ਬਾਣੀ ਨਾਲ) ਸਾਂਝ ਪਾਈ ਹੈ। (ਹੇ ਭਾਈ!) ਉਹ ਵੇਲਾ ਭਾਗਾਂ ਵਾਲਾ ਜਾਣੋ, ਜਿਸ ਵੇਲੇ ਪਰਮਾਤਮਾ ਦੇ ਗੁਣ ਗਾਏ ਜਾਣ ਤੇ ਸੁਣੇ ਜਾਣ। ਜਗਤ-ਵਿਚ-ਜਨਮੇ ਉਹੀ ਮਨੁੱਖ ਮਨੁੱਖਾ ਮਿਆਰ ਵਿਚ ਪੂਰੇ ਗਿਣੇ ਜਾਂਦੇ ਹਨ (ਜੋ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਤੇ ਸੁਣਦੇ ਹਨ) ।1। ਉਹੀ ਅੱਖਾਂ ਇਨਸਾਨੀ ਅੱਖਾਂ ਅਖਵਾਣ ਦੇ ਜੋਗ ਹਨ, ਜਿਨ੍ਹਾਂ ਨੇ ਪਰਮਾਤਮਾ ਦਾ ਦਰਸਨ ਕੀਤਾ ਹੈ। ਉਹ ਹੱਥ ਚੰਗੇ ਹਨ ਜਿਨ੍ਹਾਂ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਲਿਖੀ ਹੈ। ਉਹ ਪੈਰ ਸੁਖ ਦੇਣ ਵਾਲੇ ਹਨ, ਜੇਹੜੇ ਪਰਮਾਤਮਾ ਦੇ (ਮਿਲਾਪ ਦੇ) ਰਾਹ ਉੱਤੇ ਤੁਰਦੇ ਹਨ। ਮੈਂ ਉਹਨਾਂ (ਅੱਖਾਂ ਹੱਥਾਂ ਪੈਰਾਂ) ਤੋਂ ਸਦਕੇ ਜਾਂਦਾ ਹਾਂ। ਇਹਨਾਂ ਦੀ ਸੰਗਤਿ ਵਿਚ ਪਰਮਾਤਮਾ ਨਾਲ ਸਾਂਝ ਪੈ ਸਕਦੀ ਹੈ।2। ਹੇ ਮੇਰੇ ਪਿਆਰੇ ਮਿਤ੍ਰ ਪ੍ਰਭੂ! ਸੱਜਣ-ਪ੍ਰਭੂ! (ਮੇਰੀ ਬੇਨਤੀ) ਸੁਣ (ਮੈਨੂੰ ਸਾਧ ਸੰਗਤਿ ਦੇਹ) ਸਾਧ ਸੰਗਤਿ ਵਿਚ ਰਿਹਾਂ ਇਕ ਖਿਨ ਵਿਚ ਹੀ (ਪਾਪਾਂ ਵਿਕਾਰਾਂ ਤੋਂ) ਬਚ ਜਾਈਦਾ ਹੈ। (ਜੇਹੜਾ ਮਨੁੱਖ ਸਾਧ ਸੰਗਤਿ ਵਿਚ ਰਹਿੰਦਾ ਹੈ) ਸਾਰੇ ਪਾਪ ਕੱਟ ਕੇ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ। ਉਸ ਦੇ ਜਨਮ ਮਰਨ ਦੇ ਗੇੜ ਮਿਟ ਜਾਂਦੇ ਹਨ।3। (ਹੇ ਭਾਈ!) ਦੋਵੇਂ ਹੱਥ ਜੋੜ ਕੇ (ਪਰਮਾਤਮਾ ਦੇ ਦਰ ਤੇ) ਇਕ (ਇਹ) ਅਰਦਾਸ ਕਰਨੀ ਚਾਹੀਦੀ ਹੈ (ਕਿ ਹੇ ਪ੍ਰਭੂ!) ਮਿਹਰ ਕਰ ਕੇ (ਵਿਕਾਰਾਂ ਦੇ ਸਮੁੰਦਰ ਵਿਚ) ਡੱਬ ਰਹੇ ਮੈਨੂੰ ਕਠੋਰ-ਚਿੱਤ ਨੂੰ ਬਚਾ ਲੈ। (ਹੇ ਭਾਈ! ਇਹ ਅਰਦਾਸਾਂ ਸੁਣ ਕੇ) ਪ੍ਰਭੂ ਜੀ ਮੈਂ ਨਾਨਕ ਉੱਤੇ ਦਇਆਵਾਨ ਹੋ ਗਏ ਹਨ, ਤੇ ਪ੍ਰਭੂ ਜੀ ਨਾਨਕ ਦੇ ਮਨ ਵਿਚ ਪਿਆਰੇ ਲੱਗਣ ਲੱਗ ਪਏ ਹਨ।4। 22। 29। ਮਾਝ ਮਹਲਾ ੫ ॥ ਅੰਮ੍ਰਿਤ ਬਾਣੀ ਹਰਿ ਹਰਿ ਤੇਰੀ ॥ ਸੁਣਿ ਸੁਣਿ ਹੋਵੈ ਪਰਮ ਗਤਿ ਮੇਰੀ ॥ ਜਲਨਿ ਬੁਝੀ ਸੀਤਲੁ ਹੋਇ ਮਨੂਆ ਸਤਿਗੁਰ ਕਾ ਦਰਸਨੁ ਪਾਏ ਜੀਉ ॥੧॥ ਸੂਖੁ ਭਇਆ ਦੁਖੁ ਦੂਰਿ ਪਰਾਨਾ ॥ ਸੰਤ ਰਸਨ ਹਰਿ ਨਾਮੁ ਵਖਾਨਾ ॥ ਜਲ ਥਲ ਨੀਰਿ ਭਰੇ ਸਰ ਸੁਭਰ ਬਿਰਥਾ ਕੋਇ ਨ ਜਾਏ ਜੀਉ ॥੨॥ ਦਇਆ ਧਾਰੀ ਤਿਨਿ ਸਿਰਜਨਹਾਰੇ ॥ ਜੀਅ ਜੰਤ ਸਗਲੇ ਪ੍ਰਤਿਪਾਰੇ ॥ ਮਿਹਰਵਾਨ ਕਿਰਪਾਲ ਦਇਆਲਾ ਸਗਲੇ ਤ੍ਰਿਪਤਿ ਅਘਾਏ ਜੀਉ ॥੩॥ ਵਣੁ ਤ੍ਰਿਣੁ ਤ੍ਰਿਭਵਣੁ ਕੀਤੋਨੁ ਹਰਿਆ ॥ ਕਰਣਹਾਰਿ ਖਿਨ ਭੀਤਰਿ ਕਰਿਆ ॥ ਗੁਰਮੁਖਿ ਨਾਨਕ ਤਿਸੈ ਅਰਾਧੇ ਮਨ ਕੀ ਆਸ ਪੁਜਾਏ ਜੀਉ ॥੪॥੨੩॥੩੦॥ {ਪੰਨਾ 103} ਪਦ ਅਰਥ: ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ। ਹਰਿ = ਹੇ ਹਰੀ! ਸੁਣਿ = ਸੁਣ ਕੇ। ਸੁਣਿ ਸੁਣਿ = ਮੁੜ ਮੁੜ ਸੁਣ ਕੇ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ। ਜਲਨਿ = ਸੜਨ। ਸੀਤਲੁ = ਠੰਢਾ, ਸ਼ਾਂਤ। ਪਾਏ = ਪਾਇ, ਪਾ ਕੇ।1। 5ਰਾਨਾ = ਪਲਾਨਾ, ਦੌੜ ਗਿਆ। ਰਸਨ = ਜੀਭ। ਸੰਤ ਰਸਨ = ਗੁਰੂ ਦੀ ਜੀਭ ਨੇ। ਵਖਾਨਾ = ਉਚਾਰਿਆ। ਨੀਰਿ = ਪਾਣੀ ਨਾਲ। ਜਲ ਥਲ = ਟੋਏ ਟਿੱਬੇ। ਸਰ = ਤਾਲਾਬ। ਸੁਭਰ = ਨਕਾ-ਨਕ। ਬਿਰਥਾ = ਖ਼ਾਲੀ, ਸੱਖਣਾ।2। ਤਿਨਿ = ਉਸ ਨੇ। ਸਿਰਜਨਹਾਰੇ = ਸਿਰਜਨਹਾਰਿ, ਸਿਰਜਨਹਾਰ ਨੇ। ਪ੍ਰਤਿਪਾਰੇ = ਰੱਖਿਆ ਕੀਤੀ। ਸਗਲੇ = ਸਾਰੇ। ਤ੍ਰਿਪਤਿ ਅਘਾਏ = ਪੂਰਨ ਤੌਰ ਤੇ ਰੱਜ ਗਏ।3। ਵਣੁ = ਜੰਗਲ। ਤ੍ਰਿਣੁ = ਘਾਹ ਦਾ ਤੀਲਾ। ਕੀਤੋਨੁ = ਕੀਤਾ ਉਨਿ, ਉਸ ਨੇ ਕਰ ਦਿੱਤਾ। ਕਰਣਹਾਰਿ = ਕਰਨਹਾਰ ਨੇ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਤਿਸੈ = ਉਸ ਪ੍ਰਭੂ ਨੂੰ।4। ਅਰਥ: ਹੇ ਹਰੀ। ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ (ਆਤਮਕ ਮੌਤ ਤੋਂ ਬਚਾਣ ਵਾਲੀ ਹੈ) , (ਗੁਰੂ ਦੀ ਉਚਾਰੀ ਹੋਈ ਇਹ ਬਾਣੀ) ਮੁੜ ਮੁੜ ਸੁਣ ਕੇ ਮੇਰੀ ਉੱਚੀ ਆਤਮਕ ਅਵਸਥਾ ਬਣਦੀ ਜਾ ਰਹੀ ਹੈ। ਗੁਰੂ ਦਾ ਦਰਸਨ ਕਰ ਕੇ (ਤ੍ਰਿਸ਼ਨਾ ਈਰਖਾ ਆਦਿਕ ਦੀ) ਸੜਨ ਬੁੱਝ ਜਾਂਦੀ ਹੈ ਤੇ ਮਨ ਠੰਢਾ-ਠਾਰ ਹੋ ਜਾਂਦਾ ਹੈ।1। ਗੁਰੂ ਦੀ ਜੀਭ ਨੇ (ਜਦੋਂ) ਪਰਮਾਤਮਾ ਦਾ ਨਾਮ ਉਚਾਰਿਆ (ਜਿਸ ਨੇ ਉਸ ਨੂੰ ਸੁਣਿਆ ਉਸ ਦੇ ਅੰਦਰ) ਆਤਮਕ ਆਨੰਦ ਪੈਦਾ ਹੋ ਗਿਆ (ਉਸ ਦਾ) ਦੁੱਖ ਦੂਰ ਭੱਜ ਗਿਆ। (ਜਿਵੇਂ ਵਰਖਾ ਹੋਣ ਨਾਲ) ਟੋਏ ਟਿੱਬੇ ਤਾਲਾਬ (ਸਭ) ਪਾਣੀ ਨਾਲ ਨਕਾ-ਨਕ ਭਰ ਜਾਂਦੇ ਹਨ (ਤਿਵੇਂ ਗੁਰੂ ਦੇ ਦਰ ਤੇ ਪ੍ਰਭੂ-ਨਾਮ ਦੀ ਵਰਖਾ ਹੁੰਦੀ ਹੈ ਤੇ ਜੇਹੜੇ ਵਡਭਾਗੀ ਮਨੁੱਖ ਗੁਰੂ ਦੀ ਸਰਨ ਆਉਂਦੇ ਹਨ ਉਹਨਾਂ ਦਾ ਮਨ ਉਹਨਾਂ ਦੇ ਗਿਆਨ-ਇੰਦ੍ਰੇ ਸਭ ਨਾਮ-ਜਲ ਨਾਲ ਨਕਾ-ਨਕ ਭਰ ਜਾਂਦੇ ਹਨ। ਗੁਰੂ ਦੇ ਦਰ ਤੇ ਆਇਆਂ ਕੋਈ ਮਨੁੱਖ (ਨਾਮ-ਅੰਮ੍ਰਿਤ ਤੋਂ) ਸੱਖਣਾ ਨਹੀਂ ਜਾਂਦਾ।2। ਉਸ ਸਿਰਜਨਹਾਰ ਪ੍ਰਭੂ ਨੇ (ਮਿਹਰ ਕੀਤੀ) (ਤੇ ਗੁਰੂ ਘੱਲਿਆ, ਇਸ ਤਰ੍ਹਾਂ ਉਸ ਨੇ ਸ੍ਰਿਸ਼ਟੀ ਦੇ) ਸਾਰੇ ਜੀਵਾਂ ਦੀ (ਵਿਕਾਰਾਂ ਤੋਂ) ਰਾਖੀ (ਦੀ ਵਿਓਂਤ) ਕੀਤੀ। ਮਿਹਰਵਾਨ ਕਿਰਪਾਲ ਦਇਆਵਾਨ (ਪਰਮਾਤਮਾ ਦੀ ਮਿਹਰ ਨਾਲ ਗੁਰੂ ਦੀ ਸਰਨ ਆਏ) ਸਾਰੇ ਜੀਵ (ਮਾਇਆ ਦੀ ਤ੍ਰੇਹ ਭੁੱਖ ਵਲੋਂ) ਪੂਰਨ ਤੌਰ ਤੇ ਰੱਜ ਗਏ।3। (ਜਿਵੇਂ ਜਦੋਂ) ਜਗਤ ਦੇ ਪੈਦਾ ਕਰਨ ਵਾਲੇ ਪ੍ਰਭੂ ਨੇ (ਵਰਖਾ ਕੀਤੀ ਤਾਂ) ਇਕ ਪਲ ਵਿਚ ਹੀ ਜੰਗਲ ਘਾਹ ਤੇ ਸਾਰਾ ਤ੍ਰਿਵਨੀ ਜਗਤ ਹਰਾ ਕਰ ਦਿੱਤਾ (ਤਿਵੇਂ ਉਸ ਦਾ ਭੇਜਿਆ ਗੁਰੂ ਨਾਮ ਦੀ ਵਰਖਾ ਕਰਦਾ ਹੈ, ਗੁਰੂ-ਦਰ ਤੇ ਆਏ ਬੰਦਿਆਂ ਦੇ ਹਿਰਦੇ ਨਾਮ-ਜਲ ਨਾਲ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ) । ਹੇ ਨਾਨਕ! ਗੁਰੂ ਦੀ ਸਰਨ ਪੈ ਕੇ ਜੇਹੜਾ ਮਨੁੱਖ ਉਸ ਪਰਮਾਤਮਾ ਨੂੰ ਸਿਮਰਦਾ ਹੈ, ਪਰਮਾਤਮਾ ਉਸ ਦੇ ਮਨ ਦੀ ਆਸ ਪੂਰੀ ਕਰ ਦੇਂਦਾ ਹੈ (ਦੁਨੀਆ ਦੀਆਂ ਆਸਾ-ਤ੍ਰਿਸ਼ਨਾ ਵਿਚ ਭਟਕਣੋਂ ਉਸ ਨੂੰ ਬਚਾ ਲੈਂਦਾ ਹੈ) ।4। 23। 30। ਮਾਝ ਮਹਲਾ ੫ ॥ ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ ॥ ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ ॥ ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ ॥੧॥ ਤੁਮਰੀ ਕ੍ਰਿਪਾ ਤੇ ਤੁਧੁ ਪਛਾਣਾ ॥ ਤੂੰ ਮੇਰੀ ਓਟ ਤੂੰਹੈ ਮੇਰਾ ਮਾਣਾ ॥ ਤੁਝ ਬਿਨੁ ਦੂਜਾ ਅਵਰੁ ਨ ਕੋਈ ਸਭੁ ਤੇਰਾ ਖੇਲੁ ਅਖਾੜਾ ਜੀਉ ॥੨॥ ਜੀਅ ਜੰਤ ਸਭਿ ਤੁਧੁ ਉਪਾਏ ॥ ਜਿਤੁ ਜਿਤੁ ਭਾਣਾ ਤਿਤੁ ਤਿਤੁ ਲਾਏ ॥ ਸਭ ਕਿਛੁ ਕੀਤਾ ਤੇਰਾ ਹੋਵੈ ਨਾਹੀ ਕਿਛੁ ਅਸਾੜਾ ਜੀਉ ॥੩॥ ਨਾਮੁ ਧਿਆਇ ਮਹਾ ਸੁਖੁ ਪਾਇਆ ॥ ਹਰਿ ਗੁਣ ਗਾਇ ਮੇਰਾ ਮਨੁ ਸੀਤਲਾਇਆ ॥ ਗੁਰਿ ਪੂਰੈ ਵਜੀ ਵਾਧਾਈ ਨਾਨਕ ਜਿਤਾ ਬਿਖਾੜਾ ਜੀਉ ॥੪॥੨੪॥੩੧॥ {ਪੰਨਾ 103} ਪਦ ਅਰਥ: ਬੰਧਪੁ = ਸਨਬੰਧੀ, ਰਿਸ਼ਤੇਦਾਰ। ਥਾਈ = ਥਾਈਂ, ਥਾਵਾਂ ਤੇ। ਕਾੜਾ = ਚਿੰਤਾ।1। ਤੇ = ਤੋਂ, ਨਾਲ। ਤੁਧੁ = ਤੈਨੂੰ। ਪਛਾਣਾ = ਮੈਂ ਪਛਾਣਦਾ ਹਾਂ, ਮੈਂ ਸਾਂਝ ਪਾਂਦਾ ਹਾਂ। ਓਟ = ਆਸਰਾ। ਅਵਰੁ = ਹੋਰ। ਅਖਾੜਾ = ਪਿੜ, ਜਿਥੇ ਪਹਿਲਵਾਨ ਕੁਸ਼ਤੀਆਂ ਕਰਦੇ ਹਨ।2। ਸਭਿ = ਸਾਰੇ। ਤੁਧੁ = ਤੂੰ ਹੀ। ਉਪਾਏ = ਪੈਦਾ ਕੀਤੇ ਹਨ। ਜਿਤੁ = ਜਿਸ ਪਾਸੇ ਜਿਸ (ਕੰਮ) ਵਿਚ। ਭਾਣਾ = ਤੈਨੂੰ ਚੰਗਾ ਲੱਗਾ। ਤਿਤੁ = ਉਸ (ਕੰਮ) ਵਿਚ। ਅਸਾੜਾ = ਸਾਡਾ।3। ਧਿਆਇ = ਸਿਮਰ ਕੇ। ਸੀਤਲਾਇਆ = ਠੰਢਾ ਹੋ ਗਿਆ। ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ। ਵਾਧਾਈ = ਆਤਮਕ ਤੌਰ ਤੇ ਵਧਣ ਫੁਲਣ ਦੀ ਅਵਸਥਾ, ਉਤਸ਼ਾਹ। ਵਜੀ ਵਾਧਾਈ = ਉਤਸ਼ਾਹ ਦੀ ਹਾਲਤ ਪ੍ਰਬਲ ਹੋ ਰਹੀ ਹੈ (ਜਿਵੇਂ ਢੋਲ ਵੱਜਦਾ ਹੈ ਤੇ ਹੋਰ ਨਿੱਕੇ ਮੋਟੇ ਖੜਾਕ ਸੁਣੇ ਨਹੀਂ ਜਾਂਦੇ) । ਬਿਖਾੜਾ = ਬਿਖਮ ਅਖਾੜਾ, ਔਖੀ ਕੁਸ਼ਤੀ।4। ਅਰਥ: ਹੇ ਪ੍ਰਭੂ! ਤੂੰ ਮੇਰਾ ਪਿਉ (ਦੇ ਥਾਂ) ਹੈਂ ਤੂੰ ਹੀ ਮੇਰਾ ਮਾਂ (ਦੇ ਥਾਂ) ਹੈ, ਤੂੰ ਮੇਰਾ ਰਿਸ਼ਤੇਦਾਰ ਹੈਂ ਤੂੰ ਹੀ ਮੇਰਾ ਭਰਾ ਹੈਂ। (ਹੇ ਪ੍ਰਭੂ! ਜਦੋਂ) ਤੂੰ ਹੀ ਸਭ ਥਾਵਾਂ ਤੇ ਮੇਰਾ ਰਾਖਾ ਹੈਂ, ਤਾਂ ਕੋਈ ਡਰ ਮੈਨੂੰ ਪੋਹ ਨਹੀਂ ਸਕਦਾ, ਕੋਈ ਚਿੰਤਾ ਮੇਰੇ ਉੱਤੇ ਜ਼ੋਰ ਨਹੀਂ ਪਾ ਸਕਦੀ।1। (ਹੇ ਪ੍ਰਭੂ!) ਤੇਰੀ ਮਿਹਰ ਨਾਲ ਹੀ ਮੈਂ ਤੇਰੇ ਨਾਲ ਡੂੰਘੀ ਸਾਂਝ ਪਾ ਸਕਦਾ ਹਾਂ। ਤੂੰ ਹੀ ਮੇਰਾ ਆਸਰਾ ਹੈਂ, ਤੂੰ ਹੀ ਮੇਰਾ ਫ਼ਖ਼ਰ ਦਾ ਥਾਂ ਹੈਂ। ਤੈਥੋਂ ਬਿਨਾ ਤੇਰੇ ਵਰਗਾ ਹੋਰ ਕੋਈ ਨਹੀਂ ਹੈ। ਇਹ ਜਗਤ ਤਮਾਸ਼ਾ ਇਹ ਜਗਤ ਅਖਾੜਾ ਤੇਰਾ ਹੀ ਬਣਾਇਆ ਹੋਇਆ ਹੈ।2। (ਹੇ ਪ੍ਰਭੂ!) ਜਗਤ ਦੇ ਸਾਰੇ ਜੀਅ ਜੰਤ ਤੂੰ ਹੀ ਪੈਦਾ ਕੀਤੇ ਹਨ, ਜਿਸ ਜਿਸ ਕੰਮ ਵਿਚ ਤੇਰੀ ਰਜ਼ਾ ਹੋਈ ਤੂੰ ਉਸ ਉਸ ਕੰਮ ਵਿਚ (ਸਾਰੇ ਜੀਅ ਜੰਤ) ਲਾਏ ਹੋਏ ਹਨ। (ਜਗਤ ਵਿਚ ਜੋ ਕੁਝ ਹੋ ਰਿਹਾ ਹੈ) ਸਭ ਤੇਰਾ ਕੀਤਾ ਹੋ ਰਿਹਾ ਹੈ, ਸਾਡਾ ਜੀਵਾਂ ਦਾ ਕੋਈ ਜ਼ੋਰ ਨਹੀਂ ਚੱਲ ਸਕਦਾ।3। (ਹੇ ਭਾਈ!) ਪਰਮਤਾਮਾ ਦਾ ਨਾਮ ਸਿਮਰ ਕੇ ਮੈਂ ਬੜਾ ਆਤਮਕ ਆਨੰਦ ਹਾਸਲ ਕੀਤਾ ਹੈ। ਪਰਮਾਤਮਾ ਦੇ ਗੁਣ ਗਾ ਕੇ ਮੇਰਾ ਮਨ ਠੰਢਾ-ਠਾਰ ਹੋ ਗਿਆ ਹੈ। ਹੇ ਨਾਨਕ! (ਆਖ–) ਪੂਰੇ ਗੁਰੂ ਦੀ ਰਾਹੀਂ (ਮੇਰੇ ਅੰਦਰ) ਆਤਮਕ ਉਤਸ਼ਾਹ ਦਾ (ਮਾਨੋ) ਢੋਲ ਵੱਜ ਪਿਆ ਹੈ ਤੇ ਮੈਂ (ਵਿਕਾਰਾਂ ਨਾਲ ਹੋ ਰਿਹਾ) ਔਖਾ ਘੋਲ ਜਿੱਤ ਲਿਆ ਹੈ।4। 24। 31। ਮਾਝ ਮਹਲਾ ੫ ॥ ਜੀਅ ਪ੍ਰਾਣ ਪ੍ਰਭ ਮਨਹਿ ਅਧਾਰਾ ॥ ਭਗਤ ਜੀਵਹਿ ਗੁਣ ਗਾਇ ਅਪਾਰਾ ॥ ਗੁਣ ਨਿਧਾਨ ਅੰਮ੍ਰਿਤੁ ਹਰਿ ਨਾਮਾ ਹਰਿ ਧਿਆਇ ਧਿਆਇ ਸੁਖੁ ਪਾਇਆ ਜੀਉ ॥੧॥ ਮਨਸਾ ਧਾਰਿ ਜੋ ਘਰ ਤੇ ਆਵੈ ॥ ਸਾਧਸੰਗਿ ਜਨਮੁ ਮਰਣੁ ਮਿਟਾਵੈ ॥ ਆਸ ਮਨੋਰਥੁ ਪੂਰਨੁ ਹੋਵੈ ਭੇਟਤ ਗੁਰ ਦਰਸਾਇਆ ਜੀਉ ॥੨॥ ਅਗਮ ਅਗੋਚਰ ਕਿਛੁ ਮਿਤਿ ਨਹੀ ਜਾਨੀ ॥ ਸਾਧਿਕ ਸਿਧ ਧਿਆਵਹਿ ਗਿਆਨੀ ॥ ਖੁਦੀ ਮਿਟੀ ਚੂਕਾ ਭੋਲਾਵਾ ਗੁਰਿ ਮਨ ਹੀ ਮਹਿ ਪ੍ਰਗਟਾਇਆ ਜੀਉ ॥੩॥ ਅਨਦ ਮੰਗਲ ਕਲਿਆਣ ਨਿਧਾਨਾ ॥ ਸੂਖ ਸਹਜ ਹਰਿ ਨਾਮੁ ਵਖਾਨਾ ॥ ਹੋਇ ਕ੍ਰਿਪਾਲੁ ਸੁਆਮੀ ਅਪਨਾ ਨਾਉ ਨਾਨਕ ਘਰ ਮਹਿ ਆਇਆ ਜੀਉ ॥੪॥੨੫॥੩੨॥ {ਪੰਨਾ 103-104} ਪਦ ਅਰਥ: ਜੀਅ = ਜਿੰਦ ਦਾ {ਜੀਉ = ਜਿੰਦ}। ਮਨਹਿ = ਮਨ ਦਾ। ਅਧਾਰਾ = ਆਸਰਾ। ਜੀਵਹਿ = ਆਤਮਕ ਜੀਵਨ ਪ੍ਰਾਪਤ ਕਰਦੇ ਹਨ। ਗਾਇ = ਗਾ ਕੇ। ਅਪਾਰਾ = ਬੇਅੰਤ ਪ੍ਰਭੂ ਦੇ ਗੁਣ। ਨਿਧਾਨੁ = ਗੁਣਾਂ ਦਾ ਖ਼ਜ਼ਾਨਾ। ਅੰਮ੍ਰਿਤ = ਆਤਮਕ ਮੌਤ ਤੋਂ ਬਚਾਣ ਵਾਲਾ। ਮਨਸਾ = {mnI = w} ਤਾਂਘ। ਧਾਰਿ = ਧਾਰ ਕੇ, ਕਰ ਕੇ। ਤੇ = ਤੋਂ। ਸਾਧਸੰਗਿ = ਸਾਧ ਸੰਗਤਿ ਵਿਚ। ਭੇਟਤ = ਮਿਲਿਆਂ।2। ਮਿਤਿ = {ਮਾ = ਮਿਣਨਾ} ਮਾਪ, ਅੰਦਾਜ਼ਾ, ਵਡੱਪਣ ਦਾ ਅੰਦਾਜ਼ਾ। ਸਾਧਿਕ = ਸਾਧਨਾ ਕਰਨ ਵਾਲੇ। ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਖੁਦੀ = ਹਉਮੈ, ਖ਼ੁਦੀ। ਚੂਕਾ = ਮੁੱਕ ਗਿਆ। ਭੋਲਾਵਾ = ਭੁਲੇਖਾ। ਗੁਰਿ = ਗੁਰੂ ਨੇ। ਮਹਿ = ਵਿਚ।3। ਕਲਿਆਣ = ਖ਼ੁਸ਼ੀ, ਵਡ ਭਾਗਤਾ। ਵਖਾਨਾ = ਉਚਾਰਿਆ। ਘਰਿ ਮਹਿ = ਹਿਰਦੇ ਵਿਚ।4। ਅਰਥ: ਪਰਮਾਤਮਾ (ਭਗਤ ਜਨਾਂ ਦੀ) ਜਿੰਦ ਦਾ, ਪ੍ਰਾਣਾਂ ਦਾ, ਮਨ ਦਾ, ਆਸਰਾ ਹੈ। ਭਗਤ ਬੇਅੰਤ ਪ੍ਰਭੂ ਦੇ ਗੁਣ ਗਾ ਕੇ ਆਤਮਕ ਜ਼ਿੰਦਗੀ ਹਾਸਲ ਕਰਦੇ ਹਨ। ਪਰਮਾਤਮਾ ਨਾਮ ਦਾ ਗੁਣਾਂ ਦਾ ਖ਼ਜ਼ਾਨਾ ਹੈ, ਪਰਮਾਤਮਾ ਦਾ ਨਾਮ ਆਤਮਕ ਮੌਤ ਤੋਂ ਬਚਾਣ ਵਾਲਾ ਹੈ। ਭਗਤ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣਦੇ ਹਨ।1। ਜੇਹੜਾ ਮਨੁੱਖ (ਪਰਮਾਤਮਾ ਦੇ ਮਿਲਾਪ ਦੀ) ਤਾਂਘ ਕਰ ਕੇ ਘਰੋਂ ਤੁਰਦਾ ਹੈ ਉਹ ਸਾਧ ਸੰਗਤਿ ਵਿਚ ਆ ਕੇ (ਪ੍ਰਭੂ-ਨਾਮ ਦੀ ਬਰਕਤਿ ਨਾਲ) ਆਪਣਾ ਜਨਮ ਮਰਨ ਦਾ ਗੇੜ ਮੁਕਾ ਲੈਂਦਾ ਹੈ। (ਸਾਧ ਸੰਗਤਿ ਵਿਚ) ਗੁਰੂ ਦਾ ਦਰਸਨ ਕਰ ਕੇ ਉਸ ਦੀ ਇਹ ਆਸ ਪੂਰੀ ਹੋ ਜਾਂਦੀ ਹੈ, ਉਸ ਦਾ ਇਹ ਮਨੋਰਥ ਸਿਰੇ ਚੜ੍ਹ ਜਾਂਦਾ ਹੈ।2। ਜੋਗ-ਸਾਧਨਾਂ ਕਰਨ ਵਾਲੇ ਜੋਗੀ, ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਗਿਆਨ-ਵਾਨ ਬੰਦੇ ਸਮਾਧੀਆਂ ਲਾਂਦੇ ਹਨ, ਪਰ ਕੋਈ ਮਨੁੱਖ ਇਹ ਪਤਾ ਨਹੀਂ ਕਰ ਸਕਿਆ ਕਿ ਉਹ ਅਪਹੁੰਚ ਪ੍ਰਭੂ ਉਹ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਪ੍ਰਭੂ ਕੇਡਾ ਵੱਡਾ ਹੈ। (ਗੁਰੂ ਦੀ ਸਰਨ ਪੈ ਕੇ) ਜਿਸ ਮਨੁੱਖ ਦੀ ਹਉਮੈ ਦੂਰ ਹੋ ਜਾਂਦੀ ਹੈ, ਜਿਸ ਮਨੁੱਖ ਦਾ (ਆਪਣੀ ਤਾਕਤ ਆਦਿਕ ਦਾ) ਭੁਲੇਖਾ ਮੁਕ ਜਾਂਦਾ ਹੈ, ਗੁਰੂ ਨੇ ਉਸ ਦੇ ਮਨ ਵਿਚ ਹੀ (ਉਸ ਬੇਅੰਤ ਪ੍ਰਭੂ ਦਾ) ਪਰਕਾਸ਼ ਕਰ ਦਿੱਤਾ ਹੈ।3। ਹੇ ਨਾਨਕ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਸ ਦੇ ਹਿਰਦੇ ਵਿਚ ਆਤਮਕ ਆਨੰਦ ਖ਼ੁਸ਼ੀਆਂ ਦੇ ਖ਼ਜ਼ਾਨੇ ਪਰਗਟ ਹੋ ਪੈਂਦੇ ਹਨ, ਉਸ ਦੇ ਅੰਦਰ ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ। ਜਿਸ ਮਨੁੱਖ ਉੱਤੇ ਆਪਣਾ ਮਾਲਕ-ਪ੍ਰਭੂ ਦਇਆਵਾਨ ਹੋ ਜਾਂਦਾ ਹੈ, ਉਸ ਦੇ ਹਿਰਦੇ-ਘਰ ਵਿਚ ਉਸ ਦਾ ਨਾਮ ਵੱਸ ਪੈਂਦਾ ਹੈ।4। 25। 32। |
Sri Guru Granth Darpan, by Professor Sahib Singh |