ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 104 ਮਾਝ ਮਹਲਾ ੫ ॥ ਸੁਣਿ ਸੁਣਿ ਜੀਵਾ ਸੋਇ ਤੁਮਾਰੀ ॥ ਤੂੰ ਪ੍ਰੀਤਮੁ ਠਾਕੁਰੁ ਅਤਿ ਭਾਰੀ ॥ ਤੁਮਰੇ ਕਰਤਬ ਤੁਮ ਹੀ ਜਾਣਹੁ ਤੁਮਰੀ ਓਟ ਗੋੁਪਾਲਾ ਜੀਉ ॥੧॥ ਗੁਣ ਗਾਵਤ ਮਨੁ ਹਰਿਆ ਹੋਵੈ ॥ ਕਥਾ ਸੁਣਤ ਮਲੁ ਸਗਲੀ ਖੋਵੈ ॥ ਭੇਟਤ ਸੰਗਿ ਸਾਧ ਸੰਤਨ ਕੈ ਸਦਾ ਜਪਉ ਦਇਆਲਾ ਜੀਉ ॥੨॥ ਪ੍ਰਭੁ ਅਪੁਨਾ ਸਾਸਿ ਸਾਸਿ ਸਮਾਰਉ ॥ ਇਹ ਮਤਿ ਗੁਰ ਪ੍ਰਸਾਦਿ ਮਨਿ ਧਾਰਉ ॥ ਤੁਮਰੀ ਕ੍ਰਿਪਾ ਤੇ ਹੋਇ ਪ੍ਰਗਾਸਾ ਸਰਬ ਮਇਆ ਪ੍ਰਤਿਪਾਲਾ ਜੀਉ ॥੩॥ ਸਤਿ ਸਤਿ ਸਤਿ ਪ੍ਰਭੁ ਸੋਈ ॥ ਸਦਾ ਸਦਾ ਸਦ ਆਪੇ ਹੋਈ ॥ ਚਲਿਤ ਤੁਮਾਰੇ ਪ੍ਰਗਟ ਪਿਆਰੇ ਦੇਖਿ ਨਾਨਕ ਭਏ ਨਿਹਾਲਾ ਜੀਉ ॥੪॥੨੬॥੩੩॥ {ਪੰਨਾ 104} ਪਦ ਅਰਥ: ਸੁਣਿ ਸੁਣ ਕੇ। ਸੋਇ = {œuiq} ਖ਼ਬਰ, ਗੱਲ। ਅਤਿ ਭਾਰੀ = ਬਹੁਤ ਵੱਡਾ। ਕਰਤਬ = {kqLÒX} ਫ਼ਰਜ਼। ਓਟ = ਆਸਰਾ। ਗੋੁਪਾਲ = ਹੇ ਗੋਪਾਲ! {ਅੱਖਰ 'ਗ' ਦੇ ਨਾਲ ਦੋ ਲਗਾਂ ਹਨ ੁ ਅਤੇ ੋ। ਅਸਲ ਲਫ਼ਜ਼ 'ਗੋਪਾਲ' ਹੈ, ਇੱਥੇ 'ਗੁਪਾਲ' ਪੜ੍ਹਨਾ ਹੈ}।1। ਗਾਵਤ = ਗਾਂਦਿਆਂ। ਮਲੁ = ਵਿਕਾਰਾਂ ਦੀ ਮੈਲ। ਸਗਲੀ = ਸਾਰੀ। ਖੋਵੈ = ਨਾਸ ਹੋ ਜਾਂਦੀ ਹੈ। ਸੰਤਨ ਕੈ ਸੰਗਿ = ਸੰਤਾਂ ਦੀ ਸੰਗਤਿ ਵਿਚ। ਜਪਉ = ਜਪਉਂ, ਮੈਂ ਜਪਦਾ ਹਾਂ।2। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਸਮਾਰਉ = ਮੈਂ ਸੰਭਾਲਦਾ ਹਾਂ, ਮੈਂ ਚੇਤੇ ਕਰਦਾ ਹਾਂ। ਗੁਰ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਮਨਿ = ਮਨ ਵਿਚ। ਧਾਰਉ = ਧਾਰਉਂ, ਮੈਂ ਟਿਕਾਂਦਾ ਹਾਂ। ਮਇਆ = ਦਇਆ।3। ਸਤਿ = {sÄX} ਸਦਾ ਕਾਇਮ ਰਹਿਣ ਵਾਲਾ। ਆਪੇ = ਆਪ ਹੀ। ਚਲਿਤ = {cir>} ਤਮਾਸ਼ੇ। ਪਿਆਰੇ = ਹੇ ਪਿਆਰੇ ਪ੍ਰਭੂ! ਦੇਖਿ = ਵੇਖ ਕੇ। ਨਿਹਾਲਾ = ਪ੍ਰਸੰਨ।4। ਅਰਥ: ਹੇ ਪ੍ਰਭੂ! ਤੇਰੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣ ਸੁਣ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ। ਤੂੰ ਮੇਰਾ ਪਿਆਰਾ ਹੈਂ, ਤੂੰ ਮੇਰਾ ਪਾਲਣਹਾਰ ਹੈਂ, ਤੂੰ ਬਹੁਤ ਵੱਡਾ (ਮਾਲਕ) ਹੈਂ। ਹੇ ਪ੍ਰਭੂ! ਆਪਣੇ ਫ਼ਰਜ਼ ਤੂੰ ਆਪ ਹੀ ਜਾਣਦਾ ਹੈਂ। ਹੇ ਸ੍ਰਿਸ਼ਟੀ ਦੇ ਪਾਲਣ ਵਾਲੇ! ਮੈਨੂੰ ਤੇਰਾ ਹੀ ਆਸਰਾ ਹੈ।1। (ਹੇ ਭਾਈ!) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ ਕੇ (ਆਤਮਕ ਜੀਵਨ ਵਲੋਂ ਮੇਰਾ ਸੁੱਕਾ ਹੋਇਆ) ਮਨ ਹਰਾ ਹੁੰਦਾ ਜਾ ਰਿਹਾ ਹੈ, ਪ੍ਰਭੂ ਦੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣ ਕੇ ਮੇਰੇ ਮਨ ਦੀ ਸਾਰੀ (ਵਿਕਾਰਾਂ ਦੀ) ਮੈਲ ਦੂਰ ਹੋ ਰਹੀ ਹੈ। ਗੁਰੂ ਦੀ ਸੰਗਤਿ ਵਿਚ ਸੰਤ ਜਨਾਂ ਦੀ ਸੰਗਤਿ ਵਿਚ ਮਿਲ ਕੇ ਮੈਂ ਸਦਾ ਉਸ ਦਇਆਲ ਪ੍ਰਭੂ ਦਾ ਨਾਮ ਜਪਦਾ ਹਾਂ।2। (ਹੇ ਭਾਈ!) ਮੈਂ ਆਪਣੇ ਪ੍ਰਭੂ ਨੂੰ ਆਪਣੇ ਹਰੇਕ ਸਾਹ ਦੇ ਨਾਲ ਚੇਤੇ ਕਰਦਾ ਰਹਿੰਦਾ ਹਾਂ, ਇਹ ਸੁਚੱਜ ਮੈਂ ਆਪਣੇ ਗੁਰੂ ਦੀ ਕਿਰਪਾ ਨਾਲ ਆਪਣੇ ਮਨ ਵਿਚ ਟਿਕਾਇਆ ਹੋਇਆ ਹੈ। ਹੇ ਪ੍ਰਭੂ! ਤੇਰੀ ਕਿਰਪਾ ਨਾਲ ਹੀ (ਜੀਵਾਂ ਦੇ ਮਨ ਵਿਚ ਤੇਰੇ ਨਾਮ ਦਾ) ਚਾਨਣ ਹੋ ਸਕਦਾ ਹੈ, ਤੂੰ ਸਭ ਉਤੇ ਮਿਹਰ ਕਰਨ ਵਾਲਾ ਹੈਂ ਤੇ ਸਭ ਦੀ ਰੱਖਿਆ ਕਰਨ ਵਾਲਾ ਹੈਂ।3। (ਹੇ ਭਾਈ!) ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਕਾਇਮ ਰਹਿਣ ਵਾਲਾ ਹੈ। ਸਦਾ ਹੀ, ਸਦਾ ਹੀ, ਸਦਾ ਹੀ ਉਹ ਆਪ ਹੀ ਆਪ ਹੈ। ਹੇ ਨਾਨਕ! (ਆਖ–) ਹੇ ਪਿਆਰੇ ਪ੍ਰਭੂ! ਤੇਰੇ ਚੋਜ-ਤਮਾਸ਼ੇ ਤੇਰੇ ਰਚੇ ਹੋਏ ਸੰਸਾਰ ਵਿਚ ਪਰਤੱਖ ਦਿੱਸ ਰਹੇ ਹਨ। (ਤੇਰਾ ਇਹ ਦਾਸ ਉਹਨਾਂ ਨੂੰ) ਵੇਖ ਕੇ ਪ੍ਰਸੰਨ ਹੋ ਰਿਹਾ ਹੈ।4। 26। 33। ਮਾਝ ਮਹਲਾ ੫ ॥ ਹੁਕਮੀ ਵਰਸਣ ਲਾਗੇ ਮੇਹਾ ॥ ਸਾਜਨ ਸੰਤ ਮਿਲਿ ਨਾਮੁ ਜਪੇਹਾ ॥ ਸੀਤਲ ਸਾਂਤਿ ਸਹਜ ਸੁਖੁ ਪਾਇਆ ਠਾਢਿ ਪਾਈ ਪ੍ਰਭਿ ਆਪੇ ਜੀਉ ॥੧॥ ਸਭੁ ਕਿਛੁ ਬਹੁਤੋ ਬਹੁਤੁ ਉਪਾਇਆ ॥ ਕਰਿ ਕਿਰਪਾ ਪ੍ਰਭਿ ਸਗਲ ਰਜਾਇਆ ॥ ਦਾਤਿ ਕਰਹੁ ਮੇਰੇ ਦਾਤਾਰਾ ਜੀਅ ਜੰਤ ਸਭਿ ਧ੍ਰਾਪੇ ਜੀਉ ॥੨॥ ਸਚਾ ਸਾਹਿਬੁ ਸਚੀ ਨਾਈ ॥ ਗੁਰ ਪਰਸਾਦਿ ਤਿਸੁ ਸਦਾ ਧਿਆਈ ॥ ਜਨਮ ਮਰਣ ਭੈ ਕਾਟੇ ਮੋਹਾ ਬਿਨਸੇ ਸੋਗ ਸੰਤਾਪੇ ਜੀਉ ॥੩॥ ਸਾਸਿ ਸਾਸਿ ਨਾਨਕੁ ਸਾਲਾਹੇ ॥ ਸਿਮਰਤ ਨਾਮੁ ਕਾਟੇ ਸਭਿ ਫਾਹੇ ॥ ਪੂਰਨ ਆਸ ਕਰੀ ਖਿਨ ਭੀਤਰਿ ਹਰਿ ਹਰਿ ਹਰਿ ਗੁਣ ਜਾਪੇ ਜੀਉ ॥੪॥੨੭॥੩੪॥ {ਪੰਨਾ 104} ਪਦ ਅਰਥ: ਹੁਕਮੀ = ਹੁਕਮਿ ਹੀ, ਪ੍ਰਭੂ ਦੇ ਹੁਕਮ ਅਨੁਸਾਰ ਹੀ। ਮੇਹਾ = ਮੀਂਹ, ਨਾਮ ਦੀ ਵਰਖਾ। ਸਾਜਨ ਸੰਤ = ਸਤਸੰਗੀ ਗੁਰਮੁਖਿ ਬੰਦੇ। ਮਿਲਿ = (ਸਤਸੰਗ ਵਿਚ) ਮਿਲ ਕੇ। ਜਪੇਹਾ = ਜਪਦੇ ਹਨ। ਸੀਤਲ = ਠੰਢ ਪਾਣ ਵਾਲੀ। ਸਹਜ ਸੁਖੁ = ਆਤਮਕ ਅਡੋਲਤਾ ਦਾ ਆਨੰਦ। ਠਾਢਿ = ਠੰਢ। ਪ੍ਰਭਿ = ਪ੍ਰਭੂ ਨੇ। ਆਪੇ = ਆਪ ਹੀ।1। ਸਭੁ ਕਿਛੁ = ਹਰੇਕ ਆਤਮਕ ਗੁਣ। ਕਰਿ = ਕਰ ਕੇ। ਪ੍ਰਭਿ = ਪ੍ਰਭੂ ਨੇ। ਰਜਾਇਆ = ਸੰਤੋਖੀ ਬਣਾ ਦਿੱਤਾ। ਕਰਹੁ = ਤੁਸੀ ਕਰਦੇ ਹੋ। ਦਾਤਾਰਾ = ਹੇ ਦਾਤਾਰ! ਸਭਿ = ਸਾਰੇ। ਧ੍ਰਾਪੇ = ਰੱਜ ਜਾਂਦੇ ਹਨ।2। ਸਚਾ = ਸਦਾ ਕਾਇਮ ਰਹਿਣ ਵਾਲਾ। ਨਾਈ = ਵਡਿਆਈ। ਤਿਸੁ = ਉਸ (ਪ੍ਰਭੂ) ਨੂੰ। ਧਿਆਈ = ਮੈਂ ਧਿਆਉਂਦਾ ਹਾਂ, ਧਿਆਈਂ। ਭੈ = ਸਾਰੇ ਡਰ {'ਭਉ' ਤੋਂ ਬਹੁ-ਵਚਨ 'ਭੈ'}। ਸੰਤਾਪੇ = ਦੁੱਖ-ਕਲੇਸ਼।3। ਸਾਸਿ ਸਾਸਿ = ਹਰੇਕ ਸਾਹ ਦੇ ਨਾਲ ਨਾਲ। ਨਾਨਕੁ ਸਾਲਾਹੇ = ਨਾਨਕ ਸਿਫ਼ਤਿ-ਸਾਲਾਹ ਕਰਦਾ ਹੈ {ਨਾਨਕ = ਹੇ ਨਾਨਕ!}। ਪੂਰਨ ਕਰੀ = ਪੂਰੀ ਕਰਦਾ ਹੈ।4। ਅਰਥ: (ਜਿਵੇਂ ਵਰਖਾ-ਰੁੱਤ ਆਉਣ ਤੇ ਜਦੋਂ ਮੀਂਹ ਪੈਂਦਾ ਹੈ, ਤਾਂ ਠੰਢ ਪੈ ਜਾਂਦੀ ਹੈ, ਬਹੁਤ ਫ਼ਸਲ ਉੱਗਦੇ ਹਨ, ਸਭ ਲੋਕ ਅੰਨ ਨਾਲ ਰੱਜ ਜਾਂਦੇ ਹਨ, ਤਿਵੇਂ) ਜਦੋਂ ਸਤਸੰਗੀ ਗੁਰਮੁਖਿ ਬੰਦੇ (ਸਾਧ ਸੰਗਤਿ ਵਿਚ) ਮਿਲ ਕੇ ਪਰਮਾਤਮਾ ਦਾ ਨਾਮ ਜਪਦੇ ਹਨ, (ਤਾਂ ਉਥੇ) ਪਰਮਾਤਮਾ ਦੇ ਹੁਕਮ ਅਨੁਸਾਰ ਸਿਫ਼ਤਿ-ਸਾਲਾਹ ਦੀ (ਮਾਨੋ) ਵਰਖਾ ਹੋਣ ਲੱਗ ਪੈਂਦੀ ਹੈ (ਜਿਸ ਦੀ ਬਰਕਤਿ ਨਾਲ ਸਤਸੰਗੀ ਬੰਦੇ) ਆਤਮਕ ਠੰਢ ਪਾਣ ਵਾਲੀ ਸ਼ਾਂਤੀ ਤੇ ਆਤਮਕ ਅਡੋਲਤਾ ਦਾ ਆਨੰਦ ਮਾਣਦੇ ਹਨ (ਉਹਨਾਂ ਦੇ ਹਿਰਦੇ ਵਿਚ ਉਥੇ) ਪ੍ਰਭੂ ਨੇ ਆਪ ਹੀ (ਵਿਕਾਰਾਂ ਦੀ ਤਪਸ਼ ਮਿਟਾ ਕੇ) ਆਤਮਕ ਠੰਢ ਪਾ ਦਿੱਤੀ ਹੁੰਦੀ ਹੈ।1। (ਸਾਧ ਸੰਗਤਿ ਵਿਚ ਹਰਿ-ਨਾਮ ਦੀ ਵਰਖਾ ਦੇ ਕਾਰਨ) ਪਰਮਾਤਮਾ ਹਰੇਕ ਆਤਮਕ ਗੁਣ (ਦਾ, ਮਾਨੋ, ਫ਼ਸਲ) ਪੈਦਾ ਕਰ ਦੇਂਦਾ ਹੈ (ਜਿਨ੍ਹਾਂ ਦਾ ਸਦਕਾ) ਪ੍ਰਭੂ ਨੇ ਕਿਰਪਾ ਕਰ ਕੇ (ਉਥੇ) ਸਾਰੇ ਸਤਸੰਗੀਆਂ ਦੇ ਅੰਦਰ ਸੰਤੋਖ ਵਾਲਾ ਜੀਵਨ ਪੈਦਾ ਕਰ ਦਿੱਤਾ ਹੁੰਦਾ ਹੈ। ਹੇ ਮੇਰੇ ਦਾਤਾਰ! (ਜਿਵੇਂ ਵਰਖਾ ਨਾਲ ਅੰਨ-ਧਨ ਪੈਦਾ ਕਰ ਕੇ ਤੂੰ ਸਭ ਜੀਵਾਂ ਨੁੰ ਰਜਾ ਦੇਂਦਾ ਹੈਂ, ਤਿਵੇਂ) ਤੂੰ ਆਪਣੇ ਨਾਮ ਦੀ ਦਾਤਿ ਕਰਦਾ ਹੈਂ ਤੇ ਸਾਰੇ ਸਤਸੰਗੀਆਂ ਨੂੰ (ਮਾਇਆ ਦੀ ਤ੍ਰਿਸ਼ਨਾ ਵਲੋਂ) ਰਜਾ ਦੇਂਦਾ ਹੈਂ।2। ਜੇਹੜਾ ਪਰਮਾਤਮਾ ਸਦਾ-ਥਿਰ ਰਹਿਣ ਵਾਲਾ ਹੈ ਜਿਸ ਦੀ ਵਡਿਆਈ ਸਦਾ-ਥਿਰ ਰਹਿਣ ਵਾਲੀ ਹੈ, ਉਸ ਨੂੰ ਮੈਂ ਗੁਰੂ ਦੀ ਕਿਰਪਾ ਨਾਲ ਸਦਾ ਸਿਮਰਦਾ ਹਾਂ। (ਉਸ ਸਿਮਰਨ ਦੀ ਬਰਕਤਿ ਨਾਲ) ਮੇਰੇ ਜਨਮ ਮਰਨ ਦੇ ਸਾਰੇ ਡਰ ਤੇ ਮੋਹ ਕੱਟੇ ਗਏ ਹਨ, ਮੇਰੇ ਸਾਰੇ ਚਿੰਤਾ ਫ਼ਿਕਰ ਦੁੱਖ-ਕਲੇਸ਼ ਨਾਸ ਹੋ ਗਏ ਹਨ।3। (ਹੇ ਭਾਈ!) ਨਾਨਕ ਆਪਣੇ ਹਰੇਕ ਸਾਹ ਦੇ ਨਾਲ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ। ਪ੍ਰਭੂ ਦਾ ਨਾਮ ਸਿਮਰਦਿਆਂ ਮੋਹ ਦੀਆਂ ਫਾਹੀਆਂ ਕੱਟੀਆਂ ਗਈਆਂ ਹਨ। (ਨਾਨਕ ਦੀ) ਇਹ ਆਸ ਪ੍ਰਭੂ ਨੇ ਇਕ ਖਿਨ ਵਿਚ ਹੀ ਪੂਰੀ ਕਰ ਦਿੱਤੀ, ਤੇ ਹੁਣ (ਨਾਨਕ) ਹਰ ਵੇਲੇ ਪ੍ਰਭੂ ਦੇ ਹੀ ਗੁਣ ਚੇਤੇ ਕਰਦਾ ਰਹਿੰਦਾ ਹੈ।4। 27। 34। ਮਾਝ ਮਹਲਾ ੫ ॥ ਆਉ ਸਾਜਨ ਸੰਤ ਮੀਤ ਪਿਆਰੇ ॥ ਮਿਲਿ ਗਾਵਹ ਗੁਣ ਅਗਮ ਅਪਾਰੇ ॥ ਗਾਵਤ ਸੁਣਤ ਸਭੇ ਹੀ ਮੁਕਤੇ ਸੋ ਧਿਆਈਐ ਜਿਨਿ ਹਮ ਕੀਏ ਜੀਉ ॥੧॥ ਜਨਮ ਜਨਮ ਕੇ ਕਿਲਬਿਖ ਜਾਵਹਿ ॥ ਮਨਿ ਚਿੰਦੇ ਸੇਈ ਫਲ ਪਾਵਹਿ ॥ ਸਿਮਰਿ ਸਾਹਿਬੁ ਸੋ ਸਚੁ ਸੁਆਮੀ ਰਿਜਕੁ ਸਭਸੁ ਕਉ ਦੀਏ ਜੀਉ ॥੨॥ ਨਾਮੁ ਜਪਤ ਸਰਬ ਸੁਖੁ ਪਾਈਐ ॥ ਸਭੁ ਭਉ ਬਿਨਸੈ ਹਰਿ ਹਰਿ ਧਿਆਈਐ ॥ ਜਿਨਿ ਸੇਵਿਆ ਸੋ ਪਾਰਗਿਰਾਮੀ ਕਾਰਜ ਸਗਲੇ ਥੀਏ ਜੀਉ ॥੩॥ ਆਇ ਪਇਆ ਤੇਰੀ ਸਰਣਾਈ ॥ ਜਿਉ ਭਾਵੈ ਤਿਉ ਲੈਹਿ ਮਿਲਾਈ ॥ ਕਰਿ ਕਿਰਪਾ ਪ੍ਰਭੁ ਭਗਤੀ ਲਾਵਹੁ ਸਚੁ ਨਾਨਕ ਅੰਮ੍ਰਿਤੁ ਪੀਏ ਜੀਉ ॥੪॥੨੮॥੩੫॥ {ਪੰਨਾ 104} ਪਦ ਅਰਥ: ਮਿਲਿ = ਮਿਲ ਕੇ। ਗਾਵਹ = ਅਸੀਂ ਗਾਵੀਏ। ਮੁਕਤੇ = (ਮਾਇਆ ਦੇ ਬੰਧਨਾਂ ਤੋਂ) ਸੁਤੰਤਰ। ਜਿਨਿ = ਜਿਸ (ਪਰਮਾਤਮਾ) ਨੇ। ਹਮ = ਸਾਨੂੰ।1। ਕਿਲਬਿਖ = ਪਾਪ। ਮਨਿ = ਮਨ ਵਿਚ। ਚਿੰਦੇ = ਵਿਚਾਰੇ ਹੋਏ, ਸੋਚੇ ਹੋਏ। ਪਾਵਹਿ = ਹਾਸਲ ਕਰ ਲੈਂਦੇ ਹਨ। ਸਚੁ = ਸਦਾ ਕਾਇਮ ਰਹਿਣ ਵਾਲਾ। ਸਭਸੁ ਕਉ = ਸਭ ਜੀਵਾਂ ਨੂੰ।2। ਸਰਬ = ਹਰੇਕ ਕਿਸਮ ਦਾ {svL}। ਜਿਨਿ = ਜਿਸ (ਮਨੁੱਖ) ਨੇ। ਪਾਰਗਿਰਾਮੀ = (ਸੰਸਾਰ-ਸਮੁੰਦਰ ਤੋਂ) ਪਾਰਲੇ ਪਾਸੇ ਪਹੁੰਚਣ ਜੋਗਾ। ਥੀਏ = ਹੋ ਜਾਂਦੇ ਹਨ, ਸਿਰੇ ਚੜ੍ਹਦੇ ਹਨ।3। ਆਇ = ਆ ਕੇ। ਜਿਉ ਭਾਵੈ = ਜਿਵੇਂ ਤੈਨੂੰ ਚੰਗਾ ਲੱਗੇ। ਪ੍ਰਭੂ = ਹੇ ਪ੍ਰਭੂ! ਨਾਨਕ = ਹੇ ਨਾਨਕ! 4। ਅਰਥ: ਹੇ ਮੇਰੇ ਪਿਆਰੇ ਮਿੱਤ੍ਰੋ! ਹੇ ਸੰਤ ਜਨੋ! ਹੇ ਮੇਰੇ ਸੱਜਣੋ! ਆਓ, ਅਸੀਂ ਰਲ ਕੇ ਅਪਹੁੰਚ ਤੇ ਬੇਅੰਤ ਪ੍ਰਭੂ ਦੇ ਗੁਣ ਗਾਵੀਏ। ਪ੍ਰਭੂ ਦੇ ਗੁਣ ਗਾਵਿਆਂ ਤੇ ਸੁਣਿਆਂ ਸਾਰੇ ਹੀ ਜੀਵ (ਮਾਇਆ ਦੇ ਬੰਧਨਾਂ ਤੋਂ) ਸੁਤੰਤਰ ਹੋ ਜਾਂਦੇ ਹਨ। (ਹੇ ਸੰਤ ਜਨੋ!) ਉਸ ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ, ਜਿਸ ਨੇ ਸਾਨੂੰ ਪੈਦਾ ਕੀਤਾ ਹੈ।1। (ਜੇਹੜੇ ਬੰਦੇ ਪਰਮਾਤਮਾ ਦਾ ਧਿਆਨ ਧਰਦੇ ਹਨ, ਉਹਨਾਂ ਦੇ) ਜਨਮਾਂ ਜਨਮਾਂਤਰਾਂ ਦੇ (ਕੀਤੇ ਹੋਏ) ਪਾਪ ਦੂਰ ਹੋ ਜਾਂਦੇ ਹਨ। ਜੇਹੜੇ ਫਲ ਉਹ ਆਪਣੇ ਮਨ ਵਿਚ ਚਿਤਵਦੇ ਹਨ, ਉੇਹੀ ਫਲ ਉਹ ਪ੍ਰਾਪਤ ਕਰ ਲੈਂਦੇ ਹਨ। (ਹੇ ਭਾਈ!) ਉਸ ਸਦਾ ਕਾਇਮ ਰਹਿਣ ਵਾਲੇ ਮਾਲਕ ਨੂੰ ਸੁਆਮੀ ਨੂੰ ਸਿਮਰ, ਜੇਹੜਾ ਸਭ ਜੀਵਾਂ ਨੂੰ ਰਿਜ਼ਕ ਦੇਂਦਾ ਹੈ।2। (ਹੇ ਭਾਈ!) ਪਰਮਾਤਮਾ ਦਾ ਨਾਮ ਜਪਿਆਂ ਹਰੇਕ ਕਿਸਮ ਦਾ ਸੁਖ ਪ੍ਰਾਪਤ ਹੋ ਜਾਂਦਾ ਹੈ। (ਹੇ ਭਾਈ!) ਸਦਾ ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ, (ਇਸ ਤਰ੍ਹਾਂ ਦੁਨੀਆ ਵਾਲਾ) ਸਾਰਾ ਡਰ ਨਾਸ ਹੋ ਜਾਂਦਾ ਹੈ। ਜਿਸ ਮਨੁੱਖ ਨੇ ਪਰਮਾਤਮਾ ਦਾ ਸਿਮਰਨ ਕੀਤਾ ਹੈ, ਉਹ ਸੰਸਾਰ-ਸਮੁੰਦਰ ਦੇ ਪਾਰਲੇ ਪਾਸੇ ਪਹੁੰਚਣ ਜੋਗਾ ਹੋ ਜਾਂਦਾ ਹੈ, ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ।3। ਹੇ ਨਾਨਕ! (ਆਖ– ਹੇ ਪ੍ਰਭੂ!) ਮੈਂ ਆ ਕੇ ਤੇਰੀ ਸਰਨ ਪਿਆ ਹਾਂ। ਜਿਵੇਂ ਹੋ ਸਕੇ, ਮੈਨੂੰ ਆਪਣੇ ਚਰਨਾਂ ਵਿਚ ਜੋੜ ਲੈ। ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਕਿਰਪਾ ਕਰ ਕੇ ਆਪਣੀ ਭਗਤੀ ਵਿਚ ਜੋੜਦਾ ਹੈਂ, ਉਹ ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ-ਅੰਮ੍ਰਿਤ ਪੀਂਦਾ ਰਹਿੰਦਾ ਹੈ।4। 28। 35। |
Sri Guru Granth Darpan, by Professor Sahib Singh |