ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 105 ਮਾਝ ਮਹਲਾ ੫ ॥ ਭਏ ਕ੍ਰਿਪਾਲ ਗੋਵਿੰਦ ਗੁਸਾਈ ॥ ਮੇਘੁ ਵਰਸੈ ਸਭਨੀ ਥਾਈ ॥ ਦੀਨ ਦਇਆਲ ਸਦਾ ਕਿਰਪਾਲਾ ਠਾਢਿ ਪਾਈ ਕਰਤਾਰੇ ਜੀਉ ॥੧॥ ਅਪੁਨੇ ਜੀਅ ਜੰਤ ਪ੍ਰਤਿਪਾਰੇ ॥ ਜਿਉ ਬਾਰਿਕ ਮਾਤਾ ਸੰਮਾਰੇ ॥ ਦੁਖ ਭੰਜਨ ਸੁਖ ਸਾਗਰ ਸੁਆਮੀ ਦੇਤ ਸਗਲ ਆਹਾਰੇ ਜੀਉ ॥੨॥ ਜਲਿ ਥਲਿ ਪੂਰਿ ਰਹਿਆ ਮਿਹਰਵਾਨਾ ॥ ਸਦ ਬਲਿਹਾਰਿ ਜਾਈਐ ਕੁਰਬਾਨਾ ॥ ਰੈਣਿ ਦਿਨਸੁ ਤਿਸੁ ਸਦਾ ਧਿਆਈ ਜਿ ਖਿਨ ਮਹਿ ਸਗਲ ਉਧਾਰੇ ਜੀਉ ॥੩॥ ਰਾਖਿ ਲੀਏ ਸਗਲੇ ਪ੍ਰਭਿ ਆਪੇ ॥ ਉਤਰਿ ਗਏ ਸਭ ਸੋਗ ਸੰਤਾਪੇ ॥ ਨਾਮੁ ਜਪਤ ਮਨੁ ਤਨੁ ਹਰੀਆਵਲੁ ਪ੍ਰਭ ਨਾਨਕ ਨਦਰਿ ਨਿਹਾਰੇ ਜੀਉ ॥੪॥੨੯॥੩੬॥ {ਪੰਨਾ 105} ਪਦ ਅਰਥ: ਗੁਸਾਈ = ਗੋ-ਸਾਈਂ, ਧਰਤੀ ਦਾ ਖਸਮ। ਮੇਘੁ = ਬੱਦਲ। ਵਰਸੈ = ਵਰ੍ਹਦਾ ਹੈ। ਠਾਢਿ = ਠੰਢ। ਕਰਤਾਰੇ = ਕਰਤਾਰਿ, ਕਰਤਾਰ ਨੇ।1। ਪ੍ਰਤਿਪਾਰੇ = ਪਾਲਦਾ ਹੈ, ਰੱਖਿਆ ਕਰਦਾ ਹੈ। ਸੰਮਾਰੇ = ਸੰਭਾਲਦੀ ਹੈ। ਸੁਖ ਸਾਗਰ = ਸੁਖਾਂ ਦਾ ਸਮੁੰਦਰ। ਆਹਾਰੇ = ਆਹਾਰ, ਖ਼ੁਰਾਕ।2। ਜਲਿ = ਪਾਣੀ ਵਿਚ। ਥਲਿ = ਧਰਤੀ ਵਿਚ। ਸਦ = ਸਦਾ। ਰੈਣਿ = ਰਾਤ। ਜਿ ਜੇਹੜਾ (ਪ੍ਰਭੂ) । ਉਧਾਰੇ = (ਵਿਕਾਰਾਂ ਤੋਂ) ਬਚਾਂਦਾ ਹੈ।3। ਪ੍ਰਭਿ = ਪ੍ਰਭੂ ਨੇ। ਸੰਤਾਪੇ = ਦੁਖ-ਕਲੇਸ਼। ਪ੍ਰਭ = ਹੇ ਪ੍ਰਭੂ! ਨਿਹਾਰੇ = ਨਿਹਾਰਿ, ਵੇਖ।4। ਅਰਥ: (ਜਿਵੇਂ) ਬੱਦਲ (ਉੱਚੇ ਨੀਵੇਂ) ਸਭ ਥਾਵਾਂ ਤੇ ਵਰਖਾ ਕਰਦਾ ਹੈ, (ਤਿਵੇਂ) ਸ੍ਰਿਸ਼ਟੀ ਦਾ ਖਸਮ ਪਰਮਾਤਮਾ (ਸਭ ਜੀਵਾਂ ਉੱਤੇ) ਦਇਆਵਾਨ ਹੁੰਦਾ ਹੈ। ਉਸ ਕਰਤਾਰ ਨੇ ਜੋ ਦੀਨਾਂ ਉੱਤੇ ਦਇਆ ਕਰਨ ਵਾਲਾ ਹੈ ਜੋ ਸਦਾ ਹੀ ਕਿਰਪਾ ਦਾ ਘਰ ਹੈ (ਸੇਵਕਾਂ ਦੇ ਹਿਰਦੇ ਵਿਚ ਨਾਮ ਦੀ ਬਰਕਤਿ ਨਾਲ) ਸ਼ਾਂਤੀ ਦੀ ਦਾਤਿ ਬਖ਼ਸ਼ੀ ਹੋਈ ਹੈ।1। (ਹੇ ਭਾਈ!) ਜਿਵੇਂ ਮਾਂ ਆਪਣੇ ਬੱਚਿਆਂ ਦੀ ਸੰਭਾਲ ਕਰਦੀ ਹੈ, ਤਿਵੇਂ ਪਰਮਾਤਮਾ ਆਪਣੇ (ਪੈਦਾ ਕੀਤੇ) ਸਾਰੇ ਜੀਅ ਜੰਤਾਂ ਦੀ ਪਾਲਣਾ ਕਰਦਾ ਹੈ। (ਸਭ ਦੇ) ਦੁੱਖਾਂ ਦਾ ਨਾਸ ਕਰਨ ਵਾਲੇ ਤੇ ਸੁਖਾਂ ਦਾ ਸਮੁੰਦਰ ਮਾਲਕ-ਪ੍ਰਭੂ ਸਭ ਜੀਵਾਂ ਨੂੰ ਖ਼ੁਰਾਕ ਦੇਂਦਾ ਹੈ।2। (ਹੇ ਭਾਈ!) ਮਿਹਰ ਕਰਨ ਵਾਲਾ ਪਰਮਾਤਮਾ ਪਾਣੀ ਵਿਚ ਧਰਤੀ ਵਿਚ (ਹਰ ਥਾਂ) ਵਿਆਪ ਰਿਹਾ ਹੈ, ਉਸ ਤੋਂ ਸਦਾ ਸਦਕੇ ਜਾਣਾ ਚਾਹੀਦਾ ਹੈ, ਕੁਰਬਾਨ ਹੋਣਾ ਚਾਹੀਦਾ ਹੈ। (ਹੇ ਭਾਈ!) ਜੇਹੜਾ ਪਰਮਾਤਮਾ ਸਭ ਜੀਵਾਂ ਨੂੰ ਇਕ ਖਿਨ ਵਿਚ (ਸੰਸਾਰ-ਸਮੁੰਦਰ ਤੋਂ) ਬਚਾ ਸਕਦਾ ਹੈ, ਉਸ ਨੂੰ ਦਿਨ ਰਾਤ ਹਰ ਵੇਲੇ ਸਿਮਰਨਾ ਚਾਹੀਦਾ ਹੈ।3। (ਜੇਹੜੇ ਜੇਹੜੇ ਵਡਭਾਗੀ ਪ੍ਰਭੂ ਦੀ ਸਰਨ ਆਏ,) ਪ੍ਰਭੂ ਨੇ ਉਹ ਸਾਰੇ ਆਪ (ਦੁੱਖ-ਕਲੇਸ਼ਾਂ ਤੋਂ) ਬਚਾ ਲਏ। ਉਹਨਾਂ ਦੇ ਸਾਰੇ ਚਿੰਤਾ-ਫ਼ਿਕਰ ਸਾਰੇ ਦੁੱਖ-ਕਲੇਸ਼ ਦੂਰ ਹੋ ਗਏ। ਪਰਮਾਤਮਾ ਦਾ ਨਾਮ ਜਪਿਆਂ ਮਨੁੱਖ ਦਾ ਮਨ ਮਨੁੱਖ ਦਾ ਸਰੀਰ (ਉੱਚੇ ਆਤਮਕ ਜੀਵਨ ਦੀ) ਹਰਿਆਵਲ (ਦਾ ਸਰੂਪ) ਬਣ ਜਾਂਦਾ ਹੈ। ਹੇ ਨਾਨਕ! (ਅਰਦਾਸ ਕਰ ਤੇ ਆਖ–) ਹੇ ਪ੍ਰਭੂ! (ਮੇਰੇ ਉਤੇ ਭੀ) ਮਿਹਰ ਦੀ ਨਿਗਾਹ ਕਰ (ਮੈਂ ਭੀ ਤੇਰਾ ਨਾਮ ਸਿਮਰਦਾ ਰਹਾਂ) ।4। 29। 36। ਮਾਝ ਮਹਲਾ ੫ ॥ ਜਿਥੈ ਨਾਮੁ ਜਪੀਐ ਪ੍ਰਭ ਪਿਆਰੇ ॥ ਸੇ ਅਸਥਲ ਸੋਇਨ ਚਉਬਾਰੇ ॥ ਜਿਥੈ ਨਾਮੁ ਨ ਜਪੀਐ ਮੇਰੇ ਗੋਇਦਾ ਸੇਈ ਨਗਰ ਉਜਾੜੀ ਜੀਉ ॥੧॥ ਹਰਿ ਰੁਖੀ ਰੋਟੀ ਖਾਇ ਸਮਾਲੇ ॥ ਹਰਿ ਅੰਤਰਿ ਬਾਹਰਿ ਨਦਰਿ ਨਿਹਾਲੇ ॥ ਖਾਇ ਖਾਇ ਕਰੇ ਬਦਫੈਲੀ ਜਾਣੁ ਵਿਸੂ ਕੀ ਵਾੜੀ ਜੀਉ ॥੨॥ ਸੰਤਾ ਸੇਤੀ ਰੰਗੁ ਨ ਲਾਏ ॥ ਸਾਕਤ ਸੰਗਿ ਵਿਕਰਮ ਕਮਾਏ ॥ ਦੁਲਭ ਦੇਹ ਖੋਈ ਅਗਿਆਨੀ ਜੜ ਅਪੁਣੀ ਆਪਿ ਉਪਾੜੀ ਜੀਉ ॥੩॥ ਤੇਰੀ ਸਰਣਿ ਮੇਰੇ ਦੀਨ ਦਇਆਲਾ ॥ ਸੁਖ ਸਾਗਰ ਮੇਰੇ ਗੁਰ ਗੋਪਾਲਾ ॥ ਕਰਿ ਕਿਰਪਾ ਨਾਨਕੁ ਗੁਣ ਗਾਵੈ ਰਾਖਹੁ ਸਰਮ ਅਸਾੜੀ ਜੀਉ ॥੪॥੩੦॥੩੭॥ {ਪੰਨਾ 105} ਪਦ ਅਰਥ: ਜਪੀਐ = ਜਪਿਆ ਜਾਂਦਾ ਹੈ। ਸੇ = {ਲਫ਼ਜ਼ 'ਸੋ' ਤੋਂ ਬਹੁ-ਵਚਨ। } ਅਸਥਲ = {ÔQl} ਟਿੱਬੇ, ਰੋੜ। ਸੋਇਨ = ਸੋਨੇ ਦੇ। ਗੋਇਦਾ = ਹੇ ਗੋਬਿੰਦ!।1। ਹਰਿ ਸਮਾਲੇ = ਹਰੀ ਨੂੰ (ਹਿਰਦੇ ਵਿਚ) ਸੰਭਾਲਦਾ ਹੈ। ਖਾਇ = ਖਾ ਕੇ। ਨਦਰਿ = ਮਿਹਰ ਦੀ ਨਜ਼ਰ ਨਾਲ। ਨਿਹਾਲੇ = ਵੇਖਦਾ ਹੈ। ਬਦਫੈਲੀ = ਭੈੜੇ ਕੰਮ। ਜਾਣੁ = ਸਮਝੋ। ਵਿਸੂ ਕੀ = ਜ਼ਹਰ ਦੀ। ਵਾੜੀ = ਬਗ਼ੀਚੀ।2। ਸੇਤੀ ਨਾਲ। ਰੰਗੁ = ਪ੍ਰੇਮ। ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ ਬੰਦੇ, ਮਾਇਆ ਵੇੜ੍ਹੇ ਜੀਵ। ਵਿਕਰਮ = ਕੁਕਰਮ। ਦੇਹਿ = ਸਰੀਰ। ਉਪਾੜੀ = ਪੁੱਟ ਲਈ।3। ਨਾਨਕੁ ਗਾਵੈ = ਨਾਨਕ ਗਾਂਦਾ ਰਹੇ। ਸਰਮ = ਲਾਜ, ਇੱਜ਼ਤ। ਅਸਾੜੀ = ਸਾਡੀ।4। ਅਰਥ: (ਹੇ ਭਾਈ!) ਜਿਸ ਥਾਂ ਤੇ ਪਿਆਰੇ ਪ੍ਰਭੂ ਦਾ ਨਾਮ ਸਿਮਰਦੇ ਰਹੀਏ, ਉਹ ਰੜੇ ਥਾਂ ਭੀ (ਮਾਨੋ) ਸੋਨੇ ਦੇ ਚੁਬਾਰੇ ਹਨ। ਪਰ, ਹੇ ਮੇਰੇ ਗੋਬਿੰਦ! ਜਿਸ ਥਾਂ ਤੇਰਾ ਨਾਮ ਨਾਹ ਜਪਿਆ ਜਾਏ, ਉਹ (ਵੱਸਦੇ) ਸ਼ਹਿਰ ਭੀ ਉਜਾੜ (ਸਮਾਨ) ਹਨ।1। (ਹੇ ਭਾਈ!) ਜੇਹੜਾ ਮਨੁੱਖ ਰੁੱਖੀ ਰੋਟੀ ਖਾ ਕੇ (ਭੀ) ਪਰਮਾਤਮਾ (ਦਾ ਨਾਮ ਆਪਣੇ ਹਿਰਦੇ ਵਿਚ) ਸਾਂਭ ਕੇ ਰੱਖਦਾ ਹੈ, ਪਰਮਾਤਮਾ ਉਸਦੇ ਅੰਦਰ ਬਾਹਰ ਹਰ ਥਾਂ ਉਸ ਉੱਤੇ ਆਪਣੀ ਮਿਹਰ ਦੀ ਨਿਗਾਹ ਰੱਖਦਾ ਹੈ। ਜੇਹੜਾ ਮਨੁੱਖ ਦੁਨੀਆ ਦੇ ਪਦਾਰਥ ਖਾ ਖਾ ਕੇ ਬੁਰੇ ਕੰਮ ਹੀ ਕਰਦਾ ਰਹਿੰਦਾ ਹੈ, ਉਸ ਨੂੰ ਜ਼ਹਿਰ ਦੀ ਬਗ਼ੀਚੀ ਜਾਣੋ।2। ਜੇਹੜਾ ਮਨੁੱਖ ਸੰਤ ਜਨਾਂ ਨਾਲ ਪ੍ਰੇਮ ਨਹੀਂ ਬਣਾਂਦਾ, ਤੇ ਪਰਮਾਤਮਾ ਨਾਲੋਂ ਟੁੱਟੇ ਹੋਏ ਬੰਦਿਆਂ ਨਾਲ (ਰਲ ਕੇ) ਮੰਦੇ ਕਰਮ ਕਰਦਾ ਰਹਿੰਦਾ ਹੈ, ਉਸ ਬੇ-ਸਮਝ ਨੇ ਇਹ ਅਤਿ ਕੀਮਤੀ ਸਰੀਰ ਵਿਅਰਥ ਗਵਾ ਲਿਆ, ਉਹ ਆਪਣੀਆਂ ਜੜ੍ਹਾਂ ਆਪ ਹੀ ਵੱਢ ਰਿਹਾ ਹੈ।3। ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਮੇਰੇ ਪ੍ਰਭੂ! ਹੇ ਸੁਖਾਂ ਦੇ ਸਮੁੰਦਰ! ਹੇ ਸ੍ਰਿਸ਼ਟੀ ਦੇ ਸਭ ਤੋਂ ਵੱਡੇ ਪਾਲਕ! ਮੈਂ ਤੇਰੀ ਸਰਨ ਆਇਆ ਹਾਂ। ਮਿਹਰ ਕਰੋ (ਤੇਰਾ ਦਾਸ) ਨਾਨਕ ਤੇਰੇ ਗੁਣ ਗਾਂਦਾ ਰਹੇ। (ਹੇ ਪ੍ਰਭੂ!) ਸਾਡੀ ਲਾਜ ਰੱਖੇ (ਅਸੀਂ ਵਿਕਾਰਾਂ ਵਿਚ ਖ਼ੁਆਰ ਨਾਹ ਹੋਵੀਏ) ।4। 30। 47। ਮਾਝ ਮਹਲਾ ੫ ॥ ਚਰਣ ਠਾਕੁਰ ਕੇ ਰਿਦੈ ਸਮਾਣੇ ॥ ਕਲਿ ਕਲੇਸ ਸਭ ਦੂਰਿ ਪਇਆਣੇ ॥ ਸਾਂਤਿ ਸੂਖ ਸਹਜ ਧੁਨਿ ਉਪਜੀ ਸਾਧੂ ਸੰਗਿ ਨਿਵਾਸਾ ਜੀਉ ॥੧॥ ਲਾਗੀ ਪ੍ਰੀਤਿ ਨ ਤੂਟੈ ਮੂਲੇ ॥ ਹਰਿ ਅੰਤਰਿ ਬਾਹਰਿ ਰਹਿਆ ਭਰਪੂਰੇ ॥ ਸਿਮਰਿ ਸਿਮਰਿ ਸਿਮਰਿ ਗੁਣ ਗਾਵਾ ਕਾਟੀ ਜਮ ਕੀ ਫਾਸਾ ਜੀਉ ॥੨॥ ਅੰਮ੍ਰਿਤੁ ਵਰਖੈ ਅਨਹਦ ਬਾਣੀ ॥ ਮਨ ਤਨ ਅੰਤਰਿ ਸਾਂਤਿ ਸਮਾਣੀ ॥ ਤ੍ਰਿਪਤਿ ਅਘਾਇ ਰਹੇ ਜਨ ਤੇਰੇ ਸਤਿਗੁਰਿ ਕੀਆ ਦਿਲਾਸਾ ਜੀਉ ॥੩॥ ਜਿਸ ਕਾ ਸਾ ਤਿਸ ਤੇ ਫਲੁ ਪਾਇਆ ॥ ਕਰਿ ਕਿਰਪਾ ਪ੍ਰਭ ਸੰਗਿ ਮਿਲਾਇਆ ॥ ਆਵਣ ਜਾਣ ਰਹੇ ਵਡਭਾਗੀ ਨਾਨਕ ਪੂਰਨ ਆਸਾ ਜੀਉ ॥੪॥੩੧॥੩੮॥ {ਪੰਨਾ 105} ਪਦ ਅਰਥ: ਰਿਦੈ = ਹਿਰਦੇ ਵਿਚ। ਸਮਾਣੇ = ਟਿਕ ਗਏ। ਕਲਿ = ਝਗੜੇ। ਕਲੇਸ = ਦੁੱਖ। ਪਇਆਣੇ = ਚਲੇ ਗਏ, ਕੂਚ ਕਰ ਗਏ {pRXw = ਕੂਚ ਕਰ ਜਾਣਾ}। ਸਹਜ ਧੁਨਿ = ਆਤਮਕ ਅਡੋਲਤਾ ਦੀ ਰੌ। ਸਾਧੂ = ਗੁਰੂ।1। ਮੂਲੇ = ਮੂਲਿ, ਬਿਲਕੁਲ। ਗਾਵਾ = ਗਾਇਆ।2। ਅਨਹਦ ਬਾਣੀ = ਇਕ ਰਸ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ। ਅਨਹਦ = ਲਗਾਤਾਰ, ਇਕ-ਰਸ। ਸਤਿਗੁਰਿ = ਸਤਿਗੁਰੂ ਨੇ। ਦਿਲਾਸਾ = ਹੌਸਲਾ, ਧੀਰਜ।3। ਸਾ = ਸੀ। ਤੇ = ਤੋਂ, ਪਾਸੋਂ। ਆਵਣ ਜਾਣ = ਜਨਮ ਮਰਨ ਦੇ ਗੇੜ।4। ਅਰਥ: ਜਿਸ ਮਨੁੱਖ ਦਾ ਨਿਵਾਸ ਗੁਰੂ ਦੀ ਸੰਗਤਿ ਵਿਚ ਬਣਿਆ ਰਹਿੰਦਾ ਹੈ, ਉਸ ਦੇ ਹਿਰਦੇ ਵਿਚ ਪਾਲਣਹਾਰ ਪ੍ਰਭੂ ਦੇ ਚਰਨ (ਸਦਾ) ਟਿਕੇ ਰਹਿੰਦੇ ਹਨ, ਉਸ ਦੇ ਅੰਦਰੋਂ ਸਭ ਤਰ੍ਹਾਂ ਦੇ ਝਗੜੇ ਦੁੱਖ ਕਲੇਸ਼ ਕੂਚ ਕਰ ਜਾਂਦੇ ਹਨ ਤੇ ਉਸ ਦੇ ਹਿਰਦੇ ਵਿਚ ਸ਼ਾਂਤ ਆਤਮਕ ਆਨੰਦ ਆਤਮਕ ਅਡੋਲਤਾ ਦੀ ਲਹਿਰ ਪੈਦਾ ਹੋ ਜਾਂਦੀ ਹੈ।1। ਜੇਹੜਾ ਮਨੁੱਖ ਸਦਾ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਉਸ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ, ਉੇਸ ਦੀ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ, ਪ੍ਰਭੂ ਚਰਨਾਂ ਨਾਲ ਲੱਗੀ ਹੋਈ ਉਸ ਦੀ ਪ੍ਰੀਤਿ ਉੱਕਾ ਹੀ ਨਹੀਂ ਟੁੱਟਦੀ, ਤੇ ਉਸ ਨੂੰ ਆਪਣੇ ਅੰਦਰ ਤੇ ਬਾਹਰ ਜਗਤ ਵਿਚ ਹਰ ਥਾਂ ਪਰਮਾਤਮਾ ਹੀ ਵਿਆਪਕ ਦਿੱਸਦਾ ਹੈ।2। ਹੇ ਪ੍ਰਭੂ! (ਜਿਨ੍ਹਾਂ ਵਡ-ਭਾਗੀਆਂ ਨੂੰ ਵਿਕਾਰਾਂ ਦਾ ਟਾਕਰਾ ਕਰਨ ਲਈ) ਗੁਰੂ ਨੇ ਹੌਸਲਾ ਦਿੱਤਾ, ਉਹ ਤੇਰੇ ਸੇਵਕ (ਮਾਇਆ ਦੀ ਤ੍ਰਿਸ਼ਨਾ ਵਲੋਂ) ਪੂਰਨ ਤੌਰ ਤੇ ਰੱਜ ਜਾਂਦੇ ਹਨ, ਉਹਨਾਂ ਦੇ ਅੰਦਰ ਸਿਫ਼ਤਿ-ਸਾਲਾਹ ਦੀ ਬਾਣੀ ਦੀ ਬਰਕਤਿ ਨਾਲ ਇਕ-ਰਸ ਨਾਮ ਅੰਮ੍ਰਿਤ ਦੀ ਵਰਖਾ ਹੁੰਦੀ ਹੈ, ਉਹਨਾਂ ਦੇ ਮਨ ਵਿਚ ਉਹਨਾਂ ਦੇ ਸਰੀਰ ਵਿਚ (ਗਿਆਨ-ਇੰਦ੍ਰਿਆਂ ਵਿਚ) ਸ਼ਾਂਤੀ ਟਿਕੀ ਰਹਿੰਦੀ ਹੈ।3। (ਗੁਰੂ ਨੇ) ਕਿਰਪਾ ਕਰਕੇ (ਜਿਸ ਮਨੁੱਖ ਨੂੰ) ਪ੍ਰਭੂ ਦੇ ਚਰਨਾਂ ਵਿਚ ਜੋੜ ਦਿੱਤਾ, ਉਸ ਨੇ ਉਸ ਪ੍ਰਭੂ ਤੋਂ ਜੀਵਨ ਮਨੋਰਥ ਪ੍ਰਾਪਤ ਕਰ ਲਿਆ ਜਿਸ ਦਾ ਉਹ ਭੇਜਿਆ ਹੋਇਆ ਹੈ। ਹੇ ਨਾਨਕ! ਉਸ ਵਡਭਾਗੀ ਮਨੁੱਖ ਦੇ ਜਨਮ ਮਰਨ ਦੇ ਗੇੜ ਮੁੱਕ ਗਏ, ਉਸ ਦੀਆਂ ਆਸਾਂ ਪੂਰੀਆਂ ਹੋ ਗਈਆਂ (ਭਾਵ, ਆਸਾ ਤ੍ਰਿਸ਼ਨਾ ਆਦਿਕ ਉਸ ਨੂੰ ਪੋਹ ਨਹੀਂ ਸਕਦੀਆਂ) ।4। 31। 38। ਮਾਝ ਮਹਲਾ ੫ ॥ ਮੀਹੁ ਪਇਆ ਪਰਮੇਸਰਿ ਪਾਇਆ ॥ ਜੀਅ ਜੰਤ ਸਭਿ ਸੁਖੀ ਵਸਾਇਆ ॥ ਗਇਆ ਕਲੇਸੁ ਭਇਆ ਸੁਖੁ ਸਾਚਾ ਹਰਿ ਹਰਿ ਨਾਮੁ ਸਮਾਲੀ ਜੀਉ ॥੧॥ ਜਿਸ ਕੇ ਸੇ ਤਿਨ ਹੀ ਪ੍ਰਤਿਪਾਰੇ ॥ ਪਾਰਬ੍ਰਹਮ ਪ੍ਰਭ ਭਏ ਰਖਵਾਰੇ ॥ ਸੁਣੀ ਬੇਨੰਤੀ ਠਾਕੁਰਿ ਮੇਰੈ ਪੂਰਨ ਹੋਈ ਘਾਲੀ ਜੀਉ ॥੨॥ ਸਰਬ ਜੀਆ ਕਉ ਦੇਵਣਹਾਰਾ ॥ ਗੁਰ ਪਰਸਾਦੀ ਨਦਰਿ ਨਿਹਾਰਾ ॥ ਜਲ ਥਲ ਮਹੀਅਲ ਸਭਿ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜੀਉ ॥੩॥ ਮਨ ਕੀ ਇਛ ਪੁਜਾਵਣਹਾਰਾ ॥ ਸਦਾ ਸਦਾ ਜਾਈ ਬਲਿਹਾਰਾ ॥ ਨਾਨਕ ਦਾਨੁ ਕੀਆ ਦੁਖ ਭੰਜਨਿ ਰਤੇ ਰੰਗਿ ਰਸਾਲੀ ਜੀਉ ॥੪॥੩੨॥੩੯॥ {ਪੰਨਾ 105-106} ਪਦ ਅਰਥ: ਪਰਮੇਸਰਿ = ਪਰਮੇਸਰ ਨੇ। ਸਭਿ = ਸਾਰੇ। ਸਾਚਾ = ਸਦਾ ਕਾਇਮ ਰਹਿਣ ਵਾਲਾ। ਸਮਾਲੀ = ਸਮਾਲੀਂ, ਮੈਂ ਸੰਭਾਲਦਾ ਹਾਂ।1। ਜਿਸ ਕੇ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਕੇ' ਦੇ ਕਾਰਨ ਉੱਡ ਗਿਆ ਹੈ}। ਤਿਨ ਹੀ = ਤਿਨਿ ਹੀ {ਨੋਟ: ਲਫ਼ਜ਼ 'ਤਿਨਿ' ਇਕ-ਵਚਨ ਹੈ, ਅਰਥ ਹੈ 'ਉਸ ਨੇ'। ਲਫ਼ਜ਼ 'ਤਿਨ' ਬਹੁ-ਵਚਨ ਹੈ, ਅਰਥ ਹੈ 'ਉਹਨਾਂ ਨੇ'। ਪਰ ਲਫ਼ਜ਼ 'ਤਿਨਿ' ਕ੍ਰਿਆ ਵਿਸ਼ੇਸ਼ਣ 'ਹੀ' ਜਾਂ 'ਹਿ' ਦੇ ਕਾਰਨ 'ਤਿਨ' ਬਣ ਜਾਂਦਾ ਹੈ, ਅਰਥ ਵਿਚ ਇਕ-ਵਚਨ ਹੀ ਰਹਿੰਦਾ ਹੈ} ਉਸ ਨੇ ਹੀ। ਠਾਕੁਰਿ = ਠਾਕੁਰ ਨੇ। ਘਾਲੀ = ਮੇਹਨਤ।2। ਕਊ = ਨੂੰ। ਨਦਰਿ = ਮਿਹਰ ਦੀ ਨਿਗਾਹ ਨਾਲ। ਨਿਹਾਰਾ = ਵੇਖਦਾ ਹੈ। ਮਹੀਅਲ = ਮਹੀ ਤਲ, ਧਰਤੀ ਦਾ ਉਪਰਲਾ ਪਾਸਾ, ਆਕਾਸ਼, ਪੁਲਾੜ। ਤ੍ਰਿਪਤਾਣੇ = ਰੱਜ ਗਏ। ਪਖਾਲੀ = ਪਖਾਲੀਂ, ਮੈਂ ਧੋਂਦਾ ਹਾਂ।3। ਇਛਾ = ਇੱਛਾ। ਜਾਈ = ਜਾਈਂ, ਮੈਂ ਜਾਂਦਾ ਹਾਂ। ਦੁਖ ਭੰਜਨਿ = ਦੁੱਖਾਂ ਦਾ ਨਾਸ ਕਰਨ ਵਾਲੇ ਪ੍ਰਭੂ ਨੇ। ਰੰਗਿ = ਪ੍ਰੇਮ ਵਿਚ। ਰਸਾਲੀ = {ਰਸ-ਆਲਯ} ਰਸਾਂ ਦਾ ਘਰ ਪ੍ਰਭੂ। ਰੰਗਿ ਰਸਾਲੀ = ਸਭ ਰਸਾਂ ਦੇ ਮਾਲਕ ਪ੍ਰਭੂ ਦੇ ਪ੍ਰੇਮ ਵਿਚ।4। ਅਰਥ: (ਜਿਵੇਂ ਜਦੋਂ) ਮੀਂਹ ਪਿਆ (ਜਦੋਂ) ਪਰਮੇਸ਼ਰ ਨੇ ਮੀਂਹ ਪਾਇਆ ਤਾਂ ਉਸ ਨੇ ਸਾਰੇ ਜੀਅ ਜੰਤ ਸੁਖੀ ਵਸਾ ਦਿੱਤੇ, (ਤਿਵੇਂ ਜਿਉਂ ਜਿਉਂ) ਮੈਂ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਂਦਾ ਹਾਂ ਮੇਰੇ ਅੰਦਰੋਂ ਦੁੱਖ ਕਲੇਸ਼ ਖ਼ਤਮ ਹੁੰਦਾ ਜਾਂਦਾ ਹੈ ਤੇ ਸਦਾ-ਥਿਰ ਰਹਿਣ ਵਾਲਾ ਆਤਮਕ ਆਨੰਦ, ਮੇਰੇ ਅੰਦਰ ਟਿਕਦਾ ਜਾਂਦਾ ਹੈ।1। (ਜਿਵੇਂ ਮੀਂਹ ਪਾ ਕੇ) ਪਾਰਬ੍ਰਹਮ ਪ੍ਰਭੂ ਉਹਨਾਂ ਸਾਰੇ ਜੀਅ ਜੰਤਾਂ ਦੀ ਪਾਲਣਾ ਕਰਦਾ ਹੈ ਜੋ ਉਸ ਦੇ ਪੈਦਾ ਕੀਤੇ ਹੋਏ ਹਨ ਸਭਨਾਂ ਦਾ ਰਾਖਾ ਬਣਦਾ ਹੈ (ਤਿਵੇਂ ਉਸ ਦੇ ਨਾਮ ਦੀ ਵਰਖਾ ਵਾਸਤੇ ਜਦੋਂ ਜਦੋਂ ਮੈਂ ਬੇਨਤੀ ਕੀਤੀ ਤਾਂ) ਮੇਰੇ ਪਾਲਣਹਾਰ ਪ੍ਰਭੂ ਨੇ ਮੇਰੀ ਬੇਨਤੀ ਸੁਣੀ ਤੇ ਮੇਰੀ (ਸੇਵਾ ਭਗਤੀ ਦੀ) ਮਿਹਨਤ ਸਿਰੇ ਚੜ੍ਹ ਗਈ।2। ਜੇਹੜਾ ਪ੍ਰਭੂ ਸਭ ਜੀਵਾਂ ਨੂੰ ਦਾਤਾਂ ਦੇਣ ਦੀ ਸਮਰੱਥਾ ਰੱਖਦਾ ਹੈ (ਜਿਸ ਦੀ ਕਿਰਪਾ ਨਾਲ) ਪਾਣੀ ਧਰਤੀ ਤੇ ਧਰਤੀ ਦੇ ਉਪਰਲੇ ਪੁਲਾੜ (ਦੇ) ਸਾਰੇ ਜੀਅ ਜੰਤ ਉਸ ਦੀਆਂ ਦਾਤਾਂ ਨਾਲ) ਰੱਜ ਰਹੇ ਹਨ, ਉਸ ਪ੍ਰਭੂ ਨੇ ਗੁਰੂ ਦੀ ਕਿਰਪਾ ਨਾਲ (ਮੈਨੂੰ ਭੀ) ਮਿਹਰ ਦੀ ਨਿਗਾਹ ਨਾਲ ਤੱਕਿਆ (ਤੇ ਮੇਰੇ ਹਿਰਦੇ ਵਿਚ ਨਾਮ ਵਰਖਾ ਕਰਕੇ ਮੈਨੂੰ ਮਾਇਆ ਦੀ ਤ੍ਰਿਸ਼ਨਾ ਵਲੋਂ ਰਜਾ ਦਿੱਤਾ, ਤਾਹੀਏਂ) ਮੈਂ ਗੁਰੂ ਦੇ ਚਰਨ ਧੋਂਦਾ ਹਾਂ।3। ਪਰਮਤਾਮਾ ਸਭ ਜੀਵਾਂ ਦੇ ਮਨ ਦੀ ਕਾਮਨਾ ਪੂਰੀ ਕਰਨ ਵਾਲਾ ਹੈ, ਮੈਂ ਉਸ ਤੋਂ ਸਦਾ ਹੀ ਸਦਾ ਹੀ ਸਦਕੇ ਜਾਂਦਾ ਹਾਂ। ਹੇ ਨਾਨਕ! (ਜੀਵਾਂ ਦੇ) ਦੁੱਖ ਨਾਸ ਕਰਨ ਵਾਲੇ ਪ੍ਰਭੂ ਨੇ (ਜਿਨ੍ਹਾਂ ਨੂੰ ਨਾਮ ਦੀ) ਦਾਤਿ ਬਖ਼ਸ਼ੀ ਉਹ ਉਸ ਸਾਰੇ ਰਸਾਂ ਦੇ ਮਾਲਕ ਪ੍ਰਭੂ ਦੇ ਪ੍ਰੇਮ ਵਿਚ ਰੰਗੇ ਗਏ।4। 32। 39। |
Sri Guru Granth Darpan, by Professor Sahib Singh |