ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 106 ਮਾਝ ਮਹਲਾ ੫ ॥ ਮਨੁ ਤਨੁ ਤੇਰਾ ਧਨੁ ਭੀ ਤੇਰਾ ॥ ਤੂੰ ਠਾਕੁਰੁ ਸੁਆਮੀ ਪ੍ਰਭੁ ਮੇਰਾ ॥ ਜੀਉ ਪਿੰਡੁ ਸਭੁ ਰਾਸਿ ਤੁਮਾਰੀ ਤੇਰਾ ਜੋਰੁ ਗੋਪਾਲਾ ਜੀਉ ॥੧॥ ਸਦਾ ਸਦਾ ਤੂੰਹੈ ਸੁਖਦਾਈ ॥ ਨਿਵਿ ਨਿਵਿ ਲਾਗਾ ਤੇਰੀ ਪਾਈ ॥ ਕਾਰ ਕਮਾਵਾ ਜੇ ਤੁਧੁ ਭਾਵਾ ਜਾ ਤੂੰ ਦੇਹਿ ਦਇਆਲਾ ਜੀਉ ॥੨॥ ਪ੍ਰਭ ਤੁਮ ਤੇ ਲਹਣਾ ਤੂੰ ਮੇਰਾ ਗਹਣਾ ॥ ਜੋ ਤੂੰ ਦੇਹਿ ਸੋਈ ਸੁਖੁ ਸਹਣਾ ॥ ਜਿਥੈ ਰਖਹਿ ਬੈਕੁੰਠੁ ਤਿਥਾਈ ਤੂੰ ਸਭਨਾ ਕੇ ਪ੍ਰਤਿਪਾਲਾ ਜੀਉ ॥੩॥ ਸਿਮਰਿ ਸਿਮਰਿ ਨਾਨਕ ਸੁਖੁ ਪਾਇਆ ॥ ਆਠ ਪਹਰ ਤੇਰੇ ਗੁਣ ਗਾਇਆ ॥ ਸਗਲ ਮਨੋਰਥ ਪੂਰਨ ਹੋਏ ਕਦੇ ਨ ਹੋਇ ਦੁਖਾਲਾ ਜੀਉ ॥੪॥੩੩॥੪੦॥ {ਪੰਨਾ 106} ਪਦ ਅਰਥ: ਜੀਉ = ਜਿੰਦ। ਪਿੰਡੁ = ਸਰੀਰ। ਰਾਸਿ = ਸਰਮਾਇਆ। ਗੋਪਾਲਾ = ਹੇ ਗੋਪਾਲ!।1। ਤੂੰ ਹੈ– ਤੂੰ ਹੀ। ਸੁਖਦਾਈ = ਸੁਖ ਦੇਣ ਵਾਲਾ। ਨਿਵਿ = ਨਿਊਂ ਕੇ। ਪਾਈ = ਪੈਰੀਂ, ਚਰਨੀਂ। ਜੋ ਕਾਰ = ਜੇਹੜੀ ਸੇਵਾ, ਜੇਹੜਾ ਕੰਮ।2। ਤੁਮ ਤੇ = ਤੇਰੇ ਪਾਸੋਂ। ਗਹਣਾ = ਸੁੰਦਰਤਾ ਦਾ ਵਸੀਲਾ। ਸੁਖੁ ਸਹਣਾ = ਸੁਖ (ਜਾਣ ਕੇ) ਸਹਾਰਨਾ। ਪ੍ਰਤਿਪਾਲਾ = ਪਾਲਣ ਵਾਲਾ।3। ਸਿਮਰਿ = ਸਿਮਰ ਕੇ। ਸੁਖੁ = ਆਤਮਕ ਆਨੰਦ। ਨਾਨਕ = ਹੇ ਨਾਨਕ! ਸਗਲ = ਸਾਰੇ। ਦੁਖਾਲਾ = {ਦੁਖ-ਆਲਯ} ਦੁਖੀ।4। ਅਰਥ: ਹੇ ਸ੍ਰਿਸ਼ਟੀ ਦੇ ਪਾਲਕ! ਮੈਨੂੰ ਇਹ ਮਨ (ਜਿੰਦ) ਇਹ ਸਰੀਰ ਤੈਥੋਂ ਹੀ ਮਿਲਿਆ ਹੈ, (ਇਹ) ਧਨ ਭੀ ਤੇਰਾ ਹੀ ਦਿੱਤਾ ਹੋਇਆ ਹੈ। ਤੂੰ ਮੇਰਾ ਪਾਲਣਹਾਰ ਹੈਂ, ਤੂੰ ਮੇਰਾ ਸੁਆਮੀ ਹੈਂ, ਤੂੰ ਮੇਰਾ ਮਾਲਕ ਹੈਂ। ਇਹ ਜਿੰਦ ਇਹ ਸਰੀਰ ਸਭ ਤੇਰਾ ਹੀ ਦਿੱਤਾ ਹੋਇਆ ਹੈ, ਹੇ ਗੋਪਾਲ! ਮੈਨੂੰ ਤੇਰਾ ਹੀ ਮਾਣ ਤਾਣ ਹੈ।1। ਹੇ ਦਇਆਲ ਪ੍ਰਭੂ! ਸਦਾ ਤੋਂ ਹੀ ਸਦਾ ਤੋਂ ਹੀ ਮੈਨੂੰ ਤੂੰ ਹੀ ਸੁਖ ਦੇਣ ਵਾਲਾ ਹੈਂ, ਮੈਂ ਸਦਾ ਨਿਊਂ ਨਿਊਂ ਕੇ ਤੇਰੀ ਹੀ ਪੈਰੀਂ ਲੱਗਦਾ ਹਾਂ, ਜੇ ਤੇਰੀ ਰਜ਼ਾ ਹੋਵੇ ਤਾਂ ਮੈਂ ਉਹੀ ਕੰਮ ਕਰਾਂ ਜੇਹੜਾ ਤੂੰ (ਕਰਨ ਵਾਸਤੇ) ਮੈਨੂੰ ਦੇਵੇਂ।2। ਹੇ ਪ੍ਰਭੂ (ਸਾਰੇ ਪਦਾਰਥ) ਮੈਂ ਤੇਰੇ ਪਾਸੋਂ ਹੀ ਲੈਣੇ ਹਨ (ਸਦਾ ਲੈਂਦਾ ਰਹਿੰਦਾ ਹਾਂ) , ਤੂੰ ਹੀ ਮੇਰੇ ਆਤਮਕ ਜੀਵਨ ਦੀ ਸੁੰਦਰਤਾ ਦਾ ਵਸੀਲਾ ਹੈਂ। (ਸੁਖ ਚਾਹੇ ਦੁੱਖ) ਜੋ ਕੁਝ ਤੂੰ ਮੈਨੂੰ ਦੇਂਦਾ ਹੈਂ ਮੈਂ ਉਸ ਨੂੰ ਸੁਖ ਜਾਣ ਕੇ ਸਹਾਰਦਾ ਹਾਂ (ਕਬੂਲਦਾ ਹਾਂ) । ਹੇ ਪ੍ਰਭੂ! ਤੂੰ ਸਭ ਜੀਵਾਂ ਦੀ ਪਾਲਣਾ ਕਰਨ ਵਾਲਾ ਹੈਂ, ਮੈਨੂੰ ਤੂੰ ਜਿਥੇ ਰੱਖਦਾ ਹੈਂ ਮੇਰੇ ਵਾਸਤੇ ਉਥੇ ਹੀ ਬੈਕੁੰਠ (ਸੁਰਗ) ਹੈ।3। ਹੇ ਨਾਨਕ! (ਆਖ– ਹੇ ਪ੍ਰਭੂ!) ਜਿਸ ਮਨੁੱਖ ਨੇ ਅੱਠੇ ਪਹਰ (ਹਰ ਵੇਲੇ) ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾਏ ਹਨ, ਉਸ ਨੇ ਤੇਰਾ ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣਿਆ ਹੈ, ਉਸ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹਨ, ਉਹ ਕਦੇ ਦੁਖੀ ਨਹੀਂ ਹੁੰਦਾ।4। 33। 40। ਮਾਝ ਮਹਲਾ ੫ ॥ ਪਾਰਬ੍ਰਹਮਿ ਪ੍ਰਭਿ ਮੇਘੁ ਪਠਾਇਆ ॥ ਜਲਿ ਥਲਿ ਮਹੀਅਲਿ ਦਹ ਦਿਸਿ ਵਰਸਾਇਆ ॥ ਸਾਂਤਿ ਭਈ ਬੁਝੀ ਸਭ ਤ੍ਰਿਸਨਾ ਅਨਦੁ ਭਇਆ ਸਭ ਠਾਈ ਜੀਉ ॥੧॥ ਸੁਖਦਾਤਾ ਦੁਖ ਭੰਜਨਹਾਰਾ ॥ ਆਪੇ ਬਖਸਿ ਕਰੇ ਜੀਅ ਸਾਰਾ ॥ ਅਪਨੇ ਕੀਤੇ ਨੋ ਆਪਿ ਪ੍ਰਤਿਪਾਲੇ ਪਇ ਪੈਰੀ ਤਿਸਹਿ ਮਨਾਈ ਜੀਉ ॥੨॥ ਜਾ ਕੀ ਸਰਣਿ ਪਇਆ ਗਤਿ ਪਾਈਐ ॥ ਸਾਸਿ ਸਾਸਿ ਹਰਿ ਨਾਮੁ ਧਿਆਈਐ ॥ ਤਿਸੁ ਬਿਨੁ ਹੋਰੁ ਨ ਦੂਜਾ ਠਾਕੁਰੁ ਸਭ ਤਿਸੈ ਕੀਆ ਜਾਈ ਜੀਉ ॥੩॥ ਤੇਰਾ ਮਾਣੁ ਤਾਣੁ ਪ੍ਰਭ ਤੇਰਾ ॥ ਤੂੰ ਸਚਾ ਸਾਹਿਬੁ ਗੁਣੀ ਗਹੇਰਾ ॥ ਨਾਨਕੁ ਦਾਸੁ ਕਹੈ ਬੇਨੰਤੀ ਆਠ ਪਹਰ ਤੁਧੁ ਧਿਆਈ ਜੀਉ ॥੪॥੩੪॥੪੧॥ {ਪੰਨਾ 106} ਪਦ ਅਰਥ: ਪਾਰਬ੍ਰਹਮਿ = ਪਾਰਬ੍ਰਹਮ ਨੇ। ਪ੍ਰਭਿ = ਪ੍ਰਭੂ ਨੇ। ਮੇਘ = ਬੱਦਲ। ਪਠਾਇਆ = ਭੇਜਿਆ। ਜਲਿ = ਪਾਣੀ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਪੁਲਾੜ ਵਿਚ। ਦਹ ਦਿਸਿ = ਦਸੀਂ ਪਾਸੀਂ। ਤ੍ਰਿਸਨਾ = ਤ੍ਰੇਹ। ਠਾਈ = ਥਾਵਾਂ ਵਿਚ।1। ਭੰਜਨਹਾਰਾ = ਨਾਸ ਕਰਨ ਵਾਲਾ। ਜੀਅ ਸਾਰਾ = ਜੀਵਾਂ ਦੀ ਸਾਰ, ਜੀਵਾਂ ਦੀ ਸੰਭਾਲ। ਨੋ = ਨੂੰ। ਪਇ = ਪੈ ਕੇ। ਤਿਸਹਿ = ਉਸ ਨੂੰ ਹੀ {ਨੋਟ: ਲਫ਼ਜ਼ 'ਤਿਸੁ' ਦਾ ੁ ਕ੍ਰਿਆ ਵਿਸ਼ੇਸ਼ਣ 'ਹਿ' ਕਾਰਨ ਉੱਡ ਗਿਆ ਹੈ}। ਮਨਾਈ = ਮਨਾਈਂ, ਮੈਂ ਮਨਾਂਦਾ ਹਾਂ।2। ਗਤਿ = ਉੱਚੀ ਆਤਮਕ ਅਵਸਥਾ। ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਤਿਸੈ ਕੀਆ = ਉਸ ਦੀਆਂ ਹੀ। ਜਾਈ = ਥਾਵਾਂ।3। ਪ੍ਰਭ = ਹੇ ਪ੍ਰਭੂ! ਸਚਾ = ਸਦਾ-ਥਿਰ ਰਹਿਣ ਵਾਲਾ। ਗਹੇਰਾ = ਡੂੰਘਾ। ਧਿਆਈ = ਮੈਂ ਧਿਆਉਂਦਾ ਹਾਂ।4। ਅਰਥ: (ਜਿਵੇਂ ਜਦੋਂ ਭੀ) ਪਾਰਬ੍ਰਹਮ ਪ੍ਰਭੂ ਨੇ ਬੱਦਲ ਘੱਲਿਆ ਤੇ ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਦਸੀਂ ਪਾਸੀਂ ਵਰਖਾ ਕਰ ਦਿੱਤੀ (ਜਿਸ ਦੀ ਬਰਕਤਿ ਨਾਲ ਜੀਵਾਂ ਦੇ ਅੰਦਰ) ਠੰਢ ਪੈ ਗਈ, ਸਭਨਾਂ ਦੀ ਤ੍ਰੇਹ ਮਿਟ ਗਈ ਤੇ ਸਭ ਥਾਈਂ ਖ਼ੁਸ਼ੀ ਹੀ ਖ਼ੁਸ਼ੀ ਹੋ ਗਈ (ਇਸੇ ਤਰ੍ਹਾਂ ਅਕਾਲ ਪੁਰਖ ਨੇ ਗੁਰੂ ਨੂੰ ਘੱਲਿਆ ਜਿਸ ਨੇ ਪ੍ਰਭੂ ਦੇ ਨਾਮ ਦੀ ਵਰਖਾ ਕੀਤੀ ਤਾਂ ਸਭ ਜੀਵਾਂ ਦੇ ਹਿਰਦੇ ਵਿਚ ਸ਼ਾਂਤੀ ਪੈਦਾ ਹੋਈ ਸਭ ਦੀ ਮਾਇਕ ਤ੍ਰਿਸ਼ਨਾ ਮਿਟ ਗਈ, ਤੇ ਸਭ ਦੇ ਹਿਰਦਿਆਂ ਵਿਚ ਆਤਮਕ ਆਨੰਦ ਪੈਦਾ ਹੋਇਆ) ।1। (ਸਭ ਜੀਵਾਂ ਨੂੰ) ਸੁਖ ਦੇਣ ਵਾਲਾ (ਸਭ ਦੇ) ਦੁੱਖ ਦੂਰ ਕਰਨ ਵਾਲਾ ਪਰਮਾਤਮਾ ਆਪ ਹੀ ਮਿਹਰ ਕਰ ਕੇ ਸਭ ਜੀਵਾਂ ਦੀ ਸੰਭਾਲ ਕਰਦਾ ਹੈ, ਪ੍ਰਭੂ ਆਪਣੇ ਪੈਦਾ ਕੀਤੇ ਜਗਤ ਦੀ ਆਪ ਪਾਲਣਾ ਕਰਦਾ ਹੈ। ਮੈਂ ਉਸ ਦੇ ਚਰਨਾਂ ਤੇ ਢਹਿ ਕੇ ਉਸ ਨੂੰ ਹੀ ਪ੍ਰਸੰਨ ਕਰਨ ਦਾ ਜਤਨ ਕਰਦਾ ਹਾਂ।2। (ਹੇ ਭਾਈ!) ਜਿਸ ਪਰਮਾਤਮਾ ਦਾ ਆਸਰਾ ਲਿਆਂ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਉਸ ਹਰੀ ਦਾ ਨਾਮ ਹਰੇਕ ਸਾਹ ਦੇ ਨਾਲ ਚੇਤੇ ਕਰਦੇ ਰਹਿਣਾ ਚਾਹੀਦਾ ਹੈ। ਉਸ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਪਾਲਣਹਾਰ ਨਹੀਂ ਹੈ, ਸਾਰੀਆਂ ਥਾਵਾਂ ਉਸੇ ਦੀਆਂ ਹੀ ਹਨ (ਸਭ ਜੀਵਾਂ ਵਿਚ ਉਹ ਆਪ ਹੀ ਵੱਸ ਰਿਹਾ ਹੈ) ।3। ਹੇ ਪ੍ਰਭੂ! ਮੈਨੂੰ ਤੇਰਾ ਹੀ ਮਾਣ ਹੈ ਮੈਨੂੰ ਤੇਰਾ ਹੀ ਆਸਰਾ ਹੈ, ਤੂੰ ਸਦਾ ਕਾਇਮ ਰਹਿਣ ਵਾਲਾ ਮੇਰਾ ਮਾਲਕ ਹੈਂ, ਤੂੰ ਸਾਰੇ ਗੁਣਾਂ ਵਾਲਾ ਹੈਂ ਤੇਰੇ ਗੁਣਾਂ ਦੀ ਹਾਥ ਨਹੀਂ ਪਾਈ ਜਾ ਸਕਦੀ। ਹੇ ਪ੍ਰਭੂ! (ਤੇਰਾ) ਦਾਸ ਨਾਨਕ (ਤੇਰੇ ਅੱਗੇ) ਬੇਨਤੀ ਕਰਦਾ ਹੈ (ਕਿ ਮਿਹਰ ਕਰ) ਮੈਂ ਅੱਠੇ ਪਹਰ ਤੈਨੂੰ ਯਾਦ ਕਰਦਾ ਰਹਾਂ।4। 34। 41। ਮਾਝ ਮਹਲਾ ੫ ॥ ਸਭੇ ਸੁਖ ਭਏ ਪ੍ਰਭ ਤੁਠੇ ॥ ਗੁਰ ਪੂਰੇ ਕੇ ਚਰਣ ਮਨਿ ਵੁਠੇ ॥ ਸਹਜ ਸਮਾਧਿ ਲਗੀ ਲਿਵ ਅੰਤਰਿ ਸੋ ਰਸੁ ਸੋਈ ਜਾਣੈ ਜੀਉ ॥੧॥ ਅਗਮ ਅਗੋਚਰੁ ਸਾਹਿਬੁ ਮੇਰਾ ॥ ਘਟ ਘਟ ਅੰਤਰਿ ਵਰਤੈ ਨੇਰਾ ॥ ਸਦਾ ਅਲਿਪਤੁ ਜੀਆ ਕਾ ਦਾਤਾ ਕੋ ਵਿਰਲਾ ਆਪੁ ਪਛਾਣੈ ਜੀਉ ॥੨॥ ਪ੍ਰਭ ਮਿਲਣੈ ਕੀ ਏਹ ਨੀਸਾਣੀ ॥ ਮਨਿ ਇਕੋ ਸਚਾ ਹੁਕਮੁ ਪਛਾਣੀ ॥ ਸਹਜਿ ਸੰਤੋਖਿ ਸਦਾ ਤ੍ਰਿਪਤਾਸੇ ਅਨਦੁ ਖਸਮ ਕੈ ਭਾਣੈ ਜੀਉ ॥੩॥ ਹਥੀ ਦਿਤੀ ਪ੍ਰਭਿ ਦੇਵਣਹਾਰੈ ॥ ਜਨਮ ਮਰਣ ਰੋਗ ਸਭਿ ਨਿਵਾਰੇ ॥ ਨਾਨਕ ਦਾਸ ਕੀਏ ਪ੍ਰਭਿ ਅਪੁਨੇ ਹਰਿ ਕੀਰਤਨਿ ਰੰਗ ਮਾਣੇ ਜੀਉ ॥੪॥੩੫॥੪੨॥ {ਪੰਨਾ 106} ਪਦ ਅਰਥ: ਤੁਠੇ = ਪ੍ਰਸੰਗ ਹੋਇਆਂ। ਮਨਿ = ਮਨ ਵਿਚ। ਵੁਠੇ = ਵੁਠੇ, ਵੱਸ ਪਏ। ਸਹਜ = ਆਤਮਕ ਅਡੋਲਤਾ। ਸਹਜ ਸਮਾਧਿ = ਆਤਮਕ ਅਡੋਲਤਾ ਦੀ ਸਮਾਧੀ। ਲਿਵ = ਲਗਨ। ਅੰਤਰਿ = (ਜਿਸ ਦੇ) ਹਿਰਦੇ ਵਿਚ। ਸੋਈ = ਉਹੀ ਮਨੁੱਖ।1। ਅਗਮ = ਅਪਹੁੰਚ। ਅਗੋਚਰੁ = {ਅ-ਗੋ-ਚਰੁ} ਜਿਸ ਤਕ ਗਿਆਨ-ਇੰਦ੍ਰੀਆਂ ਦੀ ਪਹੁੰਚ ਨਾਹ ਹੋ ਸਕੇ। ਵਰਤੈ = ਮੌਜੂਦ ਹੈ। ਨੇਰਾ = ਨੇੜੇ। ਅਲਿਪਤੁ = ਨਿਰਲੇਪ। ਆਪੁ = ਆਪਣੇ ਆਪ ਨੂੰ।2। ਸਚਾ = ਸਦਾ ਕਾਇਮ ਰਹਿਣ ਵਾਲਾ। ਸਹਜਿ = ਆਤਮਕ ਅਡੋਲਤਾ ਵਿਚ। ਸੰਤੋਖਿ = ਸੰਤੋਖ ਵਿਚ। ਤ੍ਰਿਪਤਾਸੇ = ਰੱਜ ਜਾਂਦੇ ਹਨ। ਭਾਣੈ = ਰਜ਼ਾ ਵਿਚ।3। ਹਥੀ = ਤਲੀ {ਘਰ ਵਿਚ ਅੰਞਾਣਿਆਂ ਲਈ ਮਾਵਾਂ ਜਵੈਣ ਸੌਂਫ ਆਦਿਕ ਦੀ ਫੱਕੀ ਬਣਾ ਰੱਖਦੀਆਂ ਹਨ, ਤੇ ਵੇਲੇ ਕੁਵੇਲੇ ਬਾਲਾਂ ਨੂੰ ਤਲੀ ਦੇ ਦੇਂਦੀਆਂ ਹਨ}, ਫੱਕੀ। ਪ੍ਰਭਿ = ਪ੍ਰਭੂ ਨੇ। ਸਭਿ = ਸਾਰੇ। ਨਿਵਾਰੇ = ਦੂਰ ਕਰ ਦਿੱਤੇ। ਕੀਰਤਨਿ = ਕੀਰਤਨ ਵਿਚ।4। ਅਰਥ: ਜਦੋਂ ਪ੍ਰਭੂ ਪ੍ਰਸੰਨ ਹੋਵੇ (ਤੇ ਉਸ ਦੀ ਮਿਹਰ ਨਾਲ) ਪੂਰੇ ਗੁਰੂ ਦੇ ਚਰਨ (ਕਿਸੇ ਵਡ-ਭਾਗੀ ਦੇ) ਮਨ ਵਿਚ ਆ ਵੱਸਣ ਤਾਂ (ਉਸ ਨੂੰ) ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ। ਪਰ ਉਸ ਆਨੰਦ ਨੂੰ ਉਹੀ ਮਨੁੱਖ ਸਮਝਦਾ ਹੈ ਜਿਸ ਦੇ ਅੰਦਰ (ਪ੍ਰਭੂ-ਮਿਲਾਪ ਦੀ) ਲਗਨ ਹੋਵੇ ਜਿਸ ਦੀ ਆਤਮਕ ਅਡੋਲਤਾ ਵਾਲੀ ਸਮਾਧੀ ਲੱਗੀ ਹੋਈ ਹੋਵੇ (ਭਾਵ, ਜੋ ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹੇ) ।1। (ਹੇ ਭਾਈ!) ਮੇਰਾ ਮਾਲਕ-ਪ੍ਰਭੂ ਅਪਹੁੰਚ ਹੈ, ਗਿਆਨ-ਇੰਦ੍ਰਿਆਂ ਦੀ ਉਸ ਤਕ ਪਹੁੰਚ ਨਹੀਂ ਹੋ ਸਕਦੀ, (ਉਂਞ) ਉਹ ਹਰੇਕ ਦੇ ਹਿਰਦੇ ਵਿਚ ਵੱਸ ਰਿਹਾ ਹੈ ਉਹ ਸਭ ਜੀਵਾਂ ਦੇ ਨੇੜੇ ਵੱਸਦਾ ਹੈ, (ਫਿਰ ਭੀ) ਉਹ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਤੇ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ (ਉਹ ਸਭ ਦੀ ਜਿੰਦ-ਜਾਨ ਹੈ ਸਭ ਦਾ ਆਤਮਾ ਹੈ, ਸਭ ਦਾ ਆਪਾ ਹੈ) ਉਸ (ਸਭ ਦੇ) ਆਪੇ (ਪ੍ਰਭੂ) ਨੂੰ ਕੋਈ ਵਿਰਲਾ ਮਨੁੱਖ ਪਛਾਣਦਾ ਹੈ।2। (ਹੇ ਭਾਈ!) ਪਰਮਾਤਮਾ ਦੇ ਮਿਲਾਪ ਦੀ ਨਿਸ਼ਾਨੀ ਇਹ ਹੈ (ਕਿ ਜੇਹੜਾ ਉਸ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ ਉਹ) ਆਪਣੇ ਮਨ ਵਿਚ ਉਸ ਪ੍ਰਭੂ ਦਾ ਸਦਾ ਕਾਇਮ ਰਹਿਣ ਵਾਲਾ ਹੁਕਮ ਸਮਝ ਲੈਂਦਾ ਹੈ (ਉਸ ਦੀ ਰਜ਼ਾ ਵਿਚ ਰਾਜ਼ੀ ਰਹਿੰਦਾ ਹੈ) । ਜੇਹੜੇ ਮਨੁੱਖ ਖਸਮ-ਪ੍ਰਭੂ ਦੀ ਰਜ਼ਾ ਵਿਚ ਰਹਿੰਦੇ ਹਨ, ਉਹ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ, ਉਹ ਸੰਤੋਖ ਵਿਚ ਜੀਵਨ ਬਿਤੀਤ ਕਰਦੇ ਹਨ ਤੇ (ਤ੍ਰਿਸ਼ਨਾ ਵਲੋਂ) ਸਦਾ ਰੱਜੇ ਰਹਿੰਦੇ ਹਨ।3। (ਪ੍ਰਭੂ ਦੀ ਸਿਫ਼ਤਿ-ਸਾਲਾਹ, ਮਾਨੋ, ਇਕ ਫੱਕੀ ਹੈ) ਦੇਵਣਹਾਰ ਪ੍ਰਭੂ ਨੇ ਇਸ ਜੀਵ-ਬਾਲ ਨੂੰ (ਇਸ ਫੱਕੀ ਦੀ) ਤਲੀ ਦਿੱਤੀ, ਉਸ ਦੇ ਜਨਮ ਮਰਨ ਦੇ ਗੇੜ ਵਿਚ ਪਾਣ ਵਾਲੇ ਸਾਰੇ ਰੋਗ ਦੂਰ ਕਰ ਦਿੱਤੇ। ਹੇ ਨਾਨਕ! ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਸੇਵਕ ਬਣਾ ਲਿਆ, ਉਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ (ਆਤਮਕ) ਆਨੰਦ ਮਾਣਦੇ ਹਨ।4। 35। 42। |
Sri Guru Granth Darpan, by Professor Sahib Singh |