ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 107 ਮਾਝ ਮਹਲਾ ੫ ॥ ਕੀਨੀ ਦਇਆ ਗੋਪਾਲ ਗੁਸਾਈ ॥ ਗੁਰ ਕੇ ਚਰਣ ਵਸੇ ਮਨ ਮਾਹੀ ॥ ਅੰਗੀਕਾਰੁ ਕੀਆ ਤਿਨਿ ਕਰਤੈ ਦੁਖ ਕਾ ਡੇਰਾ ਢਾਹਿਆ ਜੀਉ ॥੧॥ ਮਨਿ ਤਨਿ ਵਸਿਆ ਸਚਾ ਸੋਈ ॥ ਬਿਖੜਾ ਥਾਨੁ ਨ ਦਿਸੈ ਕੋਈ ॥ ਦੂਤ ਦੁਸਮਣ ਸਭਿ ਸਜਣ ਹੋਏ ਏਕੋ ਸੁਆਮੀ ਆਹਿਆ ਜੀਉ ॥੨॥ ਜੋ ਕਿਛੁ ਕਰੇ ਸੁ ਆਪੇ ਆਪੈ ॥ ਬੁਧਿ ਸਿਆਣਪ ਕਿਛੂ ਨ ਜਾਪੈ ॥ ਆਪਣਿਆ ਸੰਤਾ ਨੋ ਆਪਿ ਸਹਾਈ ਪ੍ਰਭਿ ਭਰਮ ਭੁਲਾਵਾ ਲਾਹਿਆ ਜੀਉ ॥੩॥ ਚਰਣ ਕਮਲ ਜਨ ਕਾ ਆਧਾਰੋ ॥ ਆਠ ਪਹਰ ਰਾਮ ਨਾਮੁ ਵਾਪਾਰੋ ॥ ਸਹਜ ਅਨੰਦ ਗਾਵਹਿ ਗੁਣ ਗੋਵਿੰਦ ਪ੍ਰਭ ਨਾਨਕ ਸਰਬ ਸਮਾਹਿਆ ਜੀਉ ॥੪॥੩੬॥੪੩॥ {ਪੰਨਾ 107} ਪਦ ਅਰਥ: ਮਾਹੀ = ਵਿਚ। ਅੰਗੀਕਾਰੁ ਕੀਆ = {AzgI ø to accept} ਪਰਵਾਨ ਕਰ ਲਿਆ ਹੈ। ਤਿਨਿ = ਉਸ ਨੇ। ਤਿਨਿ ਕਰਤੈ = ਉਸ ਕਰਤਾਰ ਨੇ। ਢਾਹਿਆ = ਢਾਹ ਦਿੱਤਾ।1। ਮਨਿ = ਮਨ ਵਿਚ। ਸਚਾ = ਸਦਾ-ਥਿਰ ਰਹਿਣ ਵਾਲਾ। ਬਿਖੜਾ = ਔਖਾ। ਦੂਤ = ਦੋਖੀ। ਸਭਿ = ਸਾਰੇ। ਆਹਿਆ = ਪਿਆਰਾ ਲੱਗਾ।2। ਆਪੇ = ਆਪ ਹੀ। ਆਪੇ = ਆਪੇ ਤੋਂ। ਜਾਪੈ = ਦਿੱਸਦੀ। ਨੋ = ਨੂੰ। ਪ੍ਰਭਿ = ਪ੍ਰਭੂ ਨੇ। ਭੁਲਾਵਾ = ਭੁਲੇਖਾ।3। ਆਧਾਰੋ = ਆਧਾਰੁ, ਆਸਰਾ। ਵਾਪਾਰੋ = ਵਾਪਾਰੁ, ਵਣਜ। ਗਾਵਹਿ = ਗਾਂਦੇ ਹਨ। ਸਮਾਹਿਆ = ਵਿਆਪਕ ਹੈ।4। ਅਰਥ: ਸ੍ਰਿਸ਼ਟੀ ਦੇ ਪਾਲਣਹਾਰ, ਸ੍ਰਿਸ਼ਟੀ ਦੇ ਖਸਮ-ਪ੍ਰਭੂ ਨੇ (ਜਿਸ ਮਨੁੱਖ ਉਤੇ) ਮਿਹਰ ਕੀਤੀ, ਉਸ ਦੇ ਮਨ ਵਿਚ ਗੁਰੂ ਦੇ ਚਰਣ ਵੱਸ ਪਏ। (ਉਸ ਨੂੰ) ਉਸ ਕਰਤਾਰ ਨੇ ਪਰਵਾਨ ਕਰ ਲਿਆ (ਆਪਣਾ ਬਣਾ ਲਿਆ, ਤੇ ਉਸ ਦੇ ਅੰਦਰੋਂ ਕਰਤਾਰ ਨੇ) ਦੁੱਖ ਦਾ ਅੱਡਾ ਹੀ ਚੁਕਾ ਦਿੱਤਾ।1। ਜਿਸ ਮਨੁੱਖ ਦੇ ਮਨ ਵਿਚ ਸਰੀਰ ਵਿਚ ਉਹ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਵੱਸ ਪਏ, ਉਸ ਨੂੰ (ਜੀਵਨ-ਸਫ਼ਰ ਵਿਚ) ਕੋਈ ਥਾਂ ਔਖਾ ਨਹੀਂ ਦਿੱਸਦਾ। ਜਿਸ ਦਾ ਪਿਆਰ ਮਾਲਕ ਪ੍ਰਭੂ ਨਾਲ ਹੀ ਬਣ ਜਾਏ, ਸਾਰੇ ਦੋਖੀ ਦੁਸ਼ਮਨ ਉਸ ਦੇ ਸੱਜਣ ਮਿੱਤ੍ਰ ਬਣ ਜਾਂਦੇ ਹਨ (ਕਾਮਾਦਿਕ ਵੈਰੀ ਉਸ ਦੇ ਅਧੀਨ ਹੋ ਜਾਂਦੇ ਹਨ) ।2। ਜਿਸ ਮਨੁੱਖ ਦੇ ਮਨ ਵਿਚੋਂ ਪ੍ਰਭੂ ਨੇ ਭਟਕਣਾ ਤੇ ਭੁਲੇਖਾ ਦੂਰ ਕਰ ਦਿੱਤਾ, (ਉਸ ਨੂੰ ਇਹ ਨਿਸਚਾ ਹੋ ਜਾਂਦਾ ਹੈ ਕਿ) ਜੋ ਕੁਝ ਪ੍ਰਭੂ ਕਰਦਾ ਹੈ ਆਪ ਹੀ ਆਪਣੇ ਆਪ ਤੋਂ ਕਰਦਾ ਹੈ (ਉਸ ਦੇ ਕੰਮਾਂ ਵਿਚ ਕਿਸੇ ਹੋਰ ਦੀ) ਅਕਲ ਜਾਂ ਚਤੁਰਾਈ (ਕੰਮ ਕਰਦੀ) ਨਹੀਂ ਦਿੱਸਦੀ, ਆਪਣੇ ਸੰਤਾਂ ਵਾਸਤੇ ਪ੍ਰਭੂ ਆਪ ਸਹਾਈ ਬਣਦਾ ਹੈ।3। ਹੇ ਨਾਨਕ! ਪ੍ਰਭੂ ਦੇ ਸੋਹਣੇ ਚਰਨ ਪ੍ਰਭੂ ਦੇ ਸੇਵਕਾਂ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦੇ ਹਨ, ਸੇਵਕ ਅੱਠੇ ਪਹਰ ਪਰਮਾਤਮਾ ਦਾ ਨਾਮ ਵਣਜਦੇ ਹਨ, ਸੇਵਕ ਆਤਮਕ ਅਡੋਲਤਾ ਦੇ ਆਨੰਦ (ਮਾਣਦੇ ਹੋਏ ਸਦਾ) ਉਸ ਗੋਬਿੰਦ ਪ੍ਰਭੂ ਦੇ ਗੁਣ ਗਾਂਦੇ ਹਨ ਜੋ ਸਭ ਜੀਵਾਂ ਵਿਚ ਵਿਆਪਕ ਹੈ।4। 36। 43। ਮਾਝ ਮਹਲਾ ੫ ॥ ਸੋ ਸਚੁ ਮੰਦਰੁ ਜਿਤੁ ਸਚੁ ਧਿਆਈਐ ॥ ਸੋ ਰਿਦਾ ਸੁਹੇਲਾ ਜਿਤੁ ਹਰਿ ਗੁਣ ਗਾਈਐ ॥ ਸਾ ਧਰਤਿ ਸੁਹਾਵੀ ਜਿਤੁ ਵਸਹਿ ਹਰਿ ਜਨ ਸਚੇ ਨਾਮ ਵਿਟਹੁ ਕੁਰਬਾਣੋ ਜੀਉ ॥੧॥ ਸਚੁ ਵਡਾਈ ਕੀਮ ਨ ਪਾਈ ॥ ਕੁਦਰਤਿ ਕਰਮੁ ਨ ਕਹਣਾ ਜਾਈ ॥ ਧਿਆਇ ਧਿਆਇ ਜੀਵਹਿ ਜਨ ਤੇਰੇ ਸਚੁ ਸਬਦੁ ਮਨਿ ਮਾਣੋ ਜੀਉ ॥੨॥ ਸਚੁ ਸਾਲਾਹਣੁ ਵਡਭਾਗੀ ਪਾਈਐ ॥ ਗੁਰ ਪਰਸਾਦੀ ਹਰਿ ਗੁਣ ਗਾਈਐ ॥ ਰੰਗਿ ਰਤੇ ਤੇਰੈ ਤੁਧੁ ਭਾਵਹਿ ਸਚੁ ਨਾਮੁ ਨੀਸਾਣੋ ਜੀਉ ॥੩॥ ਸਚੇ ਅੰਤੁ ਨ ਜਾਣੈ ਕੋਈ ॥ ਥਾਨਿ ਥਨੰਤਰਿ ਸਚਾ ਸੋਈ ॥ ਨਾਨਕ ਸਚੁ ਧਿਆਈਐ ਸਦ ਹੀ ਅੰਤਰਜਾਮੀ ਜਾਣੋ ਜੀਉ ॥੪॥੩੭॥੪੪॥ {ਪੰਨਾ 107} ਪਦ ਅਰਥ: ਸਚੁ = ਸਦਾ-ਥਿਰ, ਅਟੱਲ। ਮੰਦਰੁ = ਦੇਵ ਅਸਥਾਨ। ਜਿਤੁ = ਜਿਸ ਵਿਚ। ਰਿਦਾ = ਹਿਰਦਾ। ਸੁਹੇਲਾ = ਸੁਖੀ। ਗਾਈਐ = ਗਾਵੀਏ। ਸਾ = {'ਸਾ' ਇਸਤ੍ਰੀ ਲਿੰਗ ਹੈ, ਤੇ 'ਸੋ' ਪੁਲਿੰਗ ਹੈ} ਉਹ। ਸੁਹਾਵੀ = ਸੁਖ ਦੇਣ ਵਾਲੀ, ਸੋਹਣੀ। ਵਿਟਹੁ = ਤੋਂ। ਕੁਰਬਾਣੋ = ਕੁਰਬਾਣੁ।1। ਕੀਮ = ਕੀਮਤ। ਕਰਮੁ = ਬਖ਼ਸ਼ਸ਼। ਜੀਵਹਿ = ਜੀਊਂਦੇ ਹਨ, ਆਤਮਕ ਜੀਵਨ ਹਾਸਲ ਕਰਦੇ ਹਨ। ਮਨਿ = ਮਨ ਵਿਚ। ਮਾਣੋ = ਮਾਣੁ, ਆਸਰਾ।2। ਰੰਗਿ = ਪ੍ਰੇਮ ਵਿਚ। ਤੇਰੈ ਰੰਗਿ = ਤੇਰੇ ਪ੍ਰੇਮ ਵਿਚ। ਤੁਧੁ = ਮੈਨੂੰ। ਨੀਸਾਣੋ = ਨੀਸਾਣੁ, ਪਰਵਾਨਾ।3। ਸਚੇ ਅੰਤੁ = ਸਦਾ-ਥਿਰ ਪ੍ਰਭੂ ਦਾ ਅੰਤ। ਥਾਨਿ ਥਨੰਤਰਿ = ਥਾਨਿ ਥਾਨ ਅੰਤਰਿ, ਹਰੇਕ ਥਾਂ ਵਿਚ। ਜਾਣੋ = ਜਾਣੁ, ਸੁਜਾਨ।4। ਅਰਥ: (ਹੇ ਭਾਈ!) ਜਿਸ ਥਾਂ ਵਿਚ ਸਦਾ-ਥਿਰ ਪਰਮਾਤਮਾ ਦਾ ਸਿਮਰਨ ਕੀਤਾ ਜਾਂਦਾ ਹੈ, ਉਹ ਸਦਾ ਕਾਇਮ ਰਹਿਣ ਵਾਲਾ ਮੰਦਰ ਹੈ। ਉਹ ਹਿਰਦਾ (ਸਦਾ) ਸੁਖੀ ਹੈ ਜਿਸ ਦੀ ਰਾਹੀਂ ਪਰਮਾਤਮਾ ਦੇ ਗੁਣ ਗਾਏ ਜਾਣ। ਉਹ ਧਰਤੀ ਸੁੰਦਰ ਬਣ ਜਾਂਦੀ ਹੈ ਜਿਸ ਵਿਚ ਪਰਮਾਤਮਾ ਦੇ ਭਗਤ ਵੱਸਦੇ ਹਨ ਤੇ ਪਰਮਾਤਮਾ ਦੇ ਨਾਮ ਤੋਂ ਸਦਕੇ ਜਾਂਦੇ ਹਨ।1। (ਹੇ ਭਾਈ!) ਤੂੰ ਸਦਾ-ਥਿਰ ਰਹਿਣ ਵਾਲਾ ਹੈਂ, ਤੇਰੀ ਬਜ਼ੁਰਗੀ ਦਾ ਕੋਈ ਜੀਵ ਮੁੱਲ ਨਹੀਂ ਪਾ ਸਕਦਾ (ਭਾਵ, ਤੇਰੇ ਜੇਡਾ ਵੱਡਾ ਹੋਰ ਕੋਈ ਨਹੀਂ ਹੈ) । ਤੇਰੀ ਕੁਦਰਤਿ ਬਿਆਨ ਨਹੀਂ ਕੀਤੀ ਜਾ ਸਕਦੀ, ਤੇਰੀ ਬਖ਼ਸ਼ਸ਼ ਬਿਆਨ ਨਹੀਂ ਕੀਤੀ ਜਾ ਸਕਦੀ। ਤੇਰੇ ਭਗਤ ਤੇਰਾ ਨਾਮ ਸਿਮਰ ਸਿਮਰ ਕੇ ਆਤਮਕ ਜੀਵਨ ਪ੍ਰਾਪਤ ਕਰਦੇ ਹਨ, ਉਹਨਾਂ ਦੇ ਮਨ ਵਿਚ ਤੇਰਾ ਸਦਾ-ਥਿਰ (ਸਿਫ਼ਤਿ-ਸਾਲਾਹ ਦਾ) ਸ਼ਬਦ ਹੀ ਆਸਰਾ ਹੈ।2। (ਹੇ ਪ੍ਰਭੂ!) ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੇਰੀ ਸਿਫ਼ਤਿ-ਸਾਲਾਹ ਵੱਡੇ ਭਾਗਾਂ ਨਾਲ ਮਿਲਦੀ ਹੈ। ਹੇ ਹਰੀ! ਤੇਰੇ ਗੁਣ ਗੁਰੂ ਦੀ ਕਿਰਪਾ ਨਾਲ ਗਾਏ ਜਾ ਸਕਦੇ ਹਨ। ਹੇ ਪ੍ਰਭੂ! ਤੈਨੂੰ ਉਹ ਸੇਵਕ ਪਿਆਰੇ ਲੱਗਦੇ ਹਨ ਜੇਹੜੇ ਤੇਰੇ ਪ੍ਰੇਮ ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦੇ ਪਾਸ ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ (ਜੀਵਨ-ਸਫ਼ਰ ਵਿਚ) ਰਾਹਦਾਰੀ ਹੈ।3। (ਹੇ ਭਾਈ!) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਗੁਣਾਂ ਦਾ ਕੋਈ ਮਨੁੱਖ ਅੰਤ ਨਹੀਂ ਜਾਣ ਸਕਦਾ। ਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ ਹਰੇਕ ਥਾਂ ਵਿਚ ਵੱਸ ਰਿਹਾ ਹੈ। ਹੇ ਨਾਨਕ! ਉਸ ਸਦਾ-ਥਿਰ ਪ੍ਰਭੂ ਨੂੰ ਸਦਾ ਹੀ ਸਿਮਰਨਾ ਚਾਹੀਦਾ ਹੈ, ਉਹ ਸੁਜਾਨ ਹੈ ਤੇ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ।4। 37। 44। ਮਾਝ ਮਹਲਾ ੫ ॥ ਰੈਣਿ ਸੁਹਾਵੜੀ ਦਿਨਸੁ ਸੁਹੇਲਾ ॥ ਜਪਿ ਅੰਮ੍ਰਿਤ ਨਾਮੁ ਸੰਤਸੰਗਿ ਮੇਲਾ ॥ ਘੜੀ ਮੂਰਤ ਸਿਮਰਤ ਪਲ ਵੰਞਹਿ ਜੀਵਣੁ ਸਫਲੁ ਤਿਥਾਈ ਜੀਉ ॥੧॥ ਸਿਮਰਤ ਨਾਮੁ ਦੋਖ ਸਭਿ ਲਾਥੇ ॥ ਅੰਤਰਿ ਬਾਹਰਿ ਹਰਿ ਪ੍ਰਭੁ ਸਾਥੇ ॥ ਭੈ ਭਉ ਭਰਮੁ ਖੋਇਆ ਗੁਰਿ ਪੂਰੈ ਦੇਖਾ ਸਭਨੀ ਜਾਈ ਜੀਉ ॥੨॥ ਪ੍ਰਭੁ ਸਮਰਥੁ ਵਡ ਊਚ ਅਪਾਰਾ ॥ ਨਉ ਨਿਧਿ ਨਾਮੁ ਭਰੇ ਭੰਡਾਰਾ ॥ ਆਦਿ ਅੰਤਿ ਮਧਿ ਪ੍ਰਭੁ ਸੋਈ ਦੂਜਾ ਲਵੈ ਨ ਲਾਈ ਜੀਉ ॥੩॥ ਕਰਿ ਕਿਰਪਾ ਮੇਰੇ ਦੀਨ ਦਇਆਲਾ ॥ ਜਾਚਿਕੁ ਜਾਚੈ ਸਾਧ ਰਵਾਲਾ ॥ ਦੇਹਿ ਦਾਨੁ ਨਾਨਕੁ ਜਨੁ ਮਾਗੈ ਸਦਾ ਸਦਾ ਹਰਿ ਧਿਆਈ ਜੀਉ ॥੪॥੩੮॥੪੫॥ {ਪੰਨਾ 107} ਪਦ ਅਰਥ: ਸੁਹਾਵੜੀ = ਸੁਖ ਦੇਣ ਵਾਲੀ, ਸੋਹਣੀ। ਸੁਹੇਲਾ = ਸੱਖਾ। ਜਪਿ = ਜਪ ਕੇ। ਅੰਮ੍ਰਿਤ = ਆਤਮਕ ਮੌਤ ਤੋਂ ਬਚਾਣ ਵਾਲਾ। ਸੰਗਿ = ਸੰਗ ਵਿਚ। ਮੂਰਤ = ਮੁਹੂਰਤ , ਦੋ ਘੜੀਆਂ। ਵੰਞਹਿ = ਬੀਤਣ। ਤਿਥਾਈ = ਉਥੇ ਹੀ।1। ਦੋਖ = ਪਾਪ। ਸਭਿ = ਸਾਰੇ। ਭੈ = ਪ੍ਰਭੂ ਦਾ ਡਰ ਦਿਲ ਵਿਚ ਰੱਖਣ ਨਾਲ, ਭਉ ਦੇ ਕਾਰਨ। ਭਰਮੁ = ਭਟਕਣਾ। ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ। ਦੇਖਾ = ਦੇਖਾਂ, ਮੈਂ ਵੇਖਦਾ ਹਾਂ। ਜਾਈ = ਜਾਈਂ।2। ਨਉ ਨਿਧਿ = ਨੌ ਖ਼ਜ਼ਾਨੇ। ਆਦਿ = ਸ਼ੁਰੂ ਵਿਚ। ਅੰਤਿ = ਅਖ਼ੀਰ ਵਿਚ। ਮਧਿ = ਵਿਚਕਾਰ। ਨ ਲਾਈ = ਨ ਲਾਈਂ, ਮੈਂ ਨਹੀਂ ਲਾਂਦਾ। ਲਵੈ = ਬਰਾਬਰ। ਲਵੈ ਨ ਲਾਈ = ਮੈਂ ਬਰਾਬਰ ਦਾ ਨਹੀਂ ਸਮਝਦਾ।3। ਜਾਚਿਕੁ = ਮੰਗਤਾ। ਜਾਚੈ = ਮੰਗਦਾ ਹੈ। ਰਵਾਲਾ = ਚਰਨ ਧੂੜ। ਸਾਧ = ਗੁਰੂ। ਜਨੁ = ਦਾਸ। ਨਾਨਕੁ ਮਾਗੈ = ਨਾਨਕ ਮੰਗਦਾ ਹੈ। ਧਿਆਈ = ਧਿਆਈਂ, ਮੈਂ ਧਿਆਵਾਂ।4। ਅਰਥ: (ਜੇ) ਸੰਤਾਂ ਦੀ ਸੰਗਤਿ ਵਿਚ ਮੇਲ (ਹੋ ਜਾਏ ਤਾਂ ਉਥੇ) ਆਤਮਕ ਮੌਤ ਤੋਂ ਬਚਾਣ ਵਾਲਾ ਹਰਿ-ਨਾਮ ਜਪ ਕੇ ਰਾਤ ਸੁਹਾਵਣੀ ਬੀਤਦੀ ਹੈ, ਦਿਨ ਭੀ ਸੌਖਾ ਗੁਜ਼ਾਰਦਾ ਹੈ। ਜਿਥੇ ਉਮਰ ਦੀਆਂ ਘੜੀਆਂ ਦੋ ਘੜੀਆਂ ਪਲ ਪਰਮਾਤਮਾ ਦਾ ਨਾਮ ਸਿਮਰਦਿਆਂ ਬੀਤਣ ਉਥੇ ਹੀ ਜੀਵਨ (ਦਾ ਸਮਾਂ) ਸਫਲ ਹੁੰਦਾ ਹੈ।1। ਪਰਮਾਤਮਾ ਦਾ ਨਾਮ ਸਿਮਰਦਿਆਂ ਸਾਰੇ ਪਾਪ ਲਹਿ ਜਾਂਦੇ ਹਨ, ਜੀਵ ਦੇ ਹਿਰਦੇ ਵਿਚ ਤੇ ਬਾਹਰ ਜਗਤ ਵਿਚ ਪਰਮਾਤਮਾ (ਹਰ ਵੇਲੇ) ਨਾਲ (ਵੱਸਦਾ ਪ੍ਰਤੀਤ) ਹੁੰਦਾ ਹੈ। ਪਰਮਾਤਮਾ ਦਾ ਡਰ ਅਦਬ ਹਿਰਦੇ ਵਿਚ ਰੱਖਣ ਦੇ ਕਾਰਨ ਪੂਰੇ ਗੁਰੂ ਨੇ ਮੇਰਾ ਦੁਨੀਆ ਵਾਲਾ ਡਰ ਮੁਕਾ ਦਿੱਤਾ ਹੈ, ਹੁਣ ਮੈਂ ਪਰਮਾਤਮਾ ਨੂੰ ਸਭ ਥਾਵਾਂ ਵਿਚ ਵੇਖਦਾ ਹਾਂ।2। ਪ੍ਰਭੂ ਸਭ ਤਾਕਤਾਂ ਵਾਲਾ ਹੈ, ਸਭ ਤੋਂ ਵੱਡਾ ਉੱਚਾ ਹੈ ਤੇ ਬੇਅੰਤ ਹੈ, ਉਸ ਦਾ ਨਾਮ (ਮਾਨੋ, ਜਗਤ ਦੇ) ਨੌ ਹੀ ਖ਼ਜ਼ਾਨੇ ਹੈ, (ਨਾਮ ਧਨ ਨਾਲ ਉਸ ਪ੍ਰਭੂ ਦੇ) ਖ਼ਜ਼ਾਨੇ ਭਰੇ ਪਏ ਹਨ। (ਸੰਸਾਰ ਰਚਨਾ ਦੇ) ਸ਼ੁਰੂ ਵਿਚ ਪ੍ਰਭੂ ਆਪ ਹੀ ਆਪ ਸੀ (ਦੁਨੀਆ ਦੇ) ਅੰਤ ਵਿਚ ਪ੍ਰਭੂ ਆਪ ਹੀ ਆਪ ਹੋਵੇਗਾ (ਹੁਣ ਸੰਸਾਰ ਰਚਨਾ ਦੇ) ਮੱਧ ਵਿਚ ਪ੍ਰਭੂ ਆਪ ਹੀ ਆਪ ਹੈ। ਮੈਂ ਕਿਸੇ ਹੋਰ ਨੂੰ ਬਰਾਬਰ ਦਾ ਨਹੀਂ ਸਮਝ ਸਕਦਾ।3। ਹੇ ਦੀਨਾਂ ਉਤੇ ਦਇਆ ਕਰਨ ਵਾਲੇ ਮੇਰੇ ਪ੍ਰਭੂ! (ਮੇਰੇ ਉਤੇ) ਕਿਰਪਾ ਕਰ। (ਤੇਰਾ ਇਹ) ਮੰਗਤਾ (ਤੇਰੇ ਪਾਸੋਂ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ। (ਤੇਰਾ) ਦਾਸ ਨਾਨਕ (ਤੈਥੋਂ) ਮੰਗਦਾ ਹੈ (ਇਹ) ਦਾਨ ਦੇਹਿ ਕਿ ਮੈਂ, ਹੇ ਹਰੀ! ਸਦਾ ਹੀ ਸਦਾ ਹੀ (ਤੈਨੂੰ) ਸਿਮਰਦਾ ਰਹਾਂ।4। 38। 45। ਮਾਝ ਮਹਲਾ ੫ ॥ ਐਥੈ ਤੂੰਹੈ ਆਗੈ ਆਪੇ ॥ ਜੀਅ ਜੰਤ੍ਰ ਸਭਿ ਤੇਰੇ ਥਾਪੇ ॥ ਤੁਧੁ ਬਿਨੁ ਅਵਰੁ ਨ ਕੋਈ ਕਰਤੇ ਮੈ ਧਰ ਓਟ ਤੁਮਾਰੀ ਜੀਉ ॥੧॥ ਰਸਨਾ ਜਪਿ ਜਪਿ ਜੀਵੈ ਸੁਆਮੀ ॥ ਪਾਰਬ੍ਰਹਮ ਪ੍ਰਭ ਅੰਤਰਜਾਮੀ ॥ ਜਿਨਿ ਸੇਵਿਆ ਤਿਨ ਹੀ ਸੁਖੁ ਪਾਇਆ ਸੋ ਜਨਮੁ ਨ ਜੂਐ ਹਾਰੀ ਜੀਉ ॥੨॥ ਨਾਮੁ ਅਵਖਧੁ ਜਿਨਿ ਜਨ ਤੇਰੈ ਪਾਇਆ ॥ ਜਨਮ ਜਨਮ ਕਾ ਰੋਗੁ ਗਵਾਇਆ ॥ ਹਰਿ ਕੀਰਤਨੁ ਗਾਵਹੁ ਦਿਨੁ ਰਾਤੀ ਸਫਲ ਏਹਾ ਹੈ ਕਾਰੀ ਜੀਉ ॥੩॥ ਦ੍ਰਿਸਟਿ ਧਾਰਿ ਅਪਨਾ ਦਾਸੁ ਸਵਾਰਿਆ ॥ ਘਟ ਘਟ ਅੰਤਰਿ ਪਾਰਬ੍ਰਹਮੁ ਨਮਸਕਾਰਿਆ ॥ ਇਕਸੁ ਵਿਣੁ ਹੋਰੁ ਦੂਜਾ ਨਾਹੀ ਬਾਬਾ ਨਾਨਕ ਇਹ ਮਤਿ ਸਾਰੀ ਜੀਉ ॥੪॥੩੯॥੪੬॥ {ਪੰਨਾ 107-108} ਪਦ ਅਰਥ: ਐਥੈ = ਇਸ ਲੋਕ ਵਿਚ। ਆਗੈ = ਪਰਲੋਕ ਵਿਚ। ਆਪੇ = (ਤੂੰ) ਆਪ ਹੀ। ਸਭਿ = ਸਾਰੇ। ਥਾਪੇ = ਪੈਦਾ ਕੀਤੇ ਹੋਏ। ਕਰਤੇ = ਹੇ ਕਰਤਾਰ! ਧਰ = ਆਸਰਾ। ਓਟ = ਸਹਾਰਾ।1। ਰਸਨਾ = ਜੀਭ (ਨਾਲ) । ਜਪਿ ਜਪਿ = ਮੁੜ ਮੁੜ ਜਪ ਕੇ। ਜੀਵੈ = (ਮਨੁੱਖ) ਆਤਮਕ ਜੀਵਨ ਹਾਸਲ ਕਰਦਾ ਹੈ। ਪ੍ਰਭੂ = ਹੇ ਪ੍ਰਭੂ! ਅੰਤਰਜਾਮੀ = ਹੇ ਸਭ ਦੇ ਦਿਲ ਦੀ ਜਾਣਨ ਵਾਲੇ! ਜਿਨਿ = ਜਿਸ (ਮਨੁੱਖ) ਨੇ। ਤਿਨ ਹੀ = ਤਿਨਿ ਹੀ, ਉਸ ਨੇ ਹੀ। {ਨੋਟ: ਲਫ਼ਜ਼ 'ਤਿਨ' ਦੀ 'ਿ ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}। ਜੂਐ = ਜੂਏ ਦੀ ਖੇਡ ਵਿਚ। ਹਾਰੀ = ਹਾਰੈ, ਹਾਰਦਾ।2। ਅਵਖਧੁ = ਦਵਾਈ। ਜਿਨਿ = ਜਿਸ ਨੇ। ਜਨਿ = ਜਨ ਨੇ। ਜਿਨਿ ਜਨਿ ਤੇਰੈ = ਤੇਰੇ ਜਿਸ ਦਾਸ ਨੇ। ਕਾਰੀ = ਕਾਰ।3। ਦ੍ਰਿਸਟਿ = ਮਿਹਰ ਦੀ ਨਜ਼ਰ। ਧਾਰਿ = ਧਾਰ ਕੇ। ਘਟ ਘਟ ਅੰਤਰਿ = ਹਰੇਕ ਸਰੀਰ ਵਿਚ। ਬਾਬਾ = ਹੇ ਭਾਈ! ਨਾਨਕ = ਹੇ ਨਾਨਕ! ਸਾਰੀ = ਸ੍ਰੇਸ਼ਟ।4। ਅਰਥ: ਹੇ ਕਰਤਾਰ! ਇਸ ਲੋਕ ਵਿਚ ਮੇਰਾ ਤੂੰ ਹੀ ਸਹਾਰਾ ਹੈਂ, ਤੇ ਪਰਲੋਕ ਵਿਚ ਭੀ ਮੇਰਾ ਤੂੰ ਆਪ ਹੀ ਆਸਰਾ ਹੈਂ। ਸਾਰੇ ਜੀਅ ਜੰਤ ਤੇਰੇ ਹੀ ਸਹਾਰੇ ਹਨ। ਹੇ ਕਰਤਾਰ! ਤੈਥੋਂ ਬਿਨਾ ਮੈਨੂੰ ਕੋਈ ਹੋਰ (ਸਹਾਈ) ਨਹੀਂ (ਦਿੱਸਦਾ) , ਮੈਨੂੰ ਤੇਰੀ ਹੀ ਓਟ ਹੈ ਤੇਰਾ ਹੀ ਆਸਰਾ ਹੈ।2। ਹੇ ਸੁਆਮੀ! ਹੇ ਪਾਰਬ੍ਰਹਮ! ਹੇ ਅੰਤਰਜਾਮੀ ਪ੍ਰਭੂ! (ਤੇਰਾ ਸੇਵਕ ਤੇਰਾ ਨਾਮ ਆਪਣੀ) ਜੀਭ ਨਾਲ ਜਪ ਜਪ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ। ਜਿਸ ਮਨੁੱਖ ਨੇ ਤੇਰੀ ਸੇਵਾ-ਭਗਤੀ ਕੀਤੀ ਉੇਸੇ ਨੇ ਹੀ ਆਤਮਕ ਆਨੰਦ ਮਾਣਿਆ, ਉਹ ਮਨੁੱਖ ਆਪਣਾ ਮਨੁੱਖਾ ਜਨਮ ਅਜਾਈਂ ਨਹੀਂ ਗਵਾਂਦਾ (ਜਿਵੇਂ ਕਿ ਜੁਆਰੀਆ ਜੂਏ ਵਿਚ ਸਭ ਕੁਝ ਹਾਰ ਜਾਂਦਾ ਹੈ) ।2। (ਹੇ ਪ੍ਰਭੂ!) ਤੇਰੇ ਜਿਸ ਸੇਵਕ ਨੇ ਤੇਰਾ ਨਾਮ (-ਰੂਪ) ਦਵਾਈ ਲੱਭ ਲਈ, ਉਸ ਨੇ ਕਈ ਜਨਮਾਂ (ਦੇ ਵਿਕਾਰਾਂ) ਦਾ ਰੋਗ (ਉਸ ਦਵਾਈ ਨਾਲ) ਦੂਰ ਕਰ ਲਿਆ। (ਹੇ ਭਾਈ!) ਰਾਤ ਦਿਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਹੋ, ਇਹੀ ਕਾਰ ਲਾਭ ਦੇਣ ਵਾਲੀ ਹੈ।3। (ਪ੍ਰਭੂ ਨੇ ਜੇਹੜਾ) ਆਪਣਾ ਸੇਵਕ (ਆਪਣੀ) ਮਿਹਰ ਦੀ ਨਿਗਾਹ ਕਰ ਕੇ ਸੁਚੱਜੇ ਜੀਵਨ ਵਾਲਾ ਬਣਾ ਦਿੱਤਾ, ਉਸ ਨੇ ਹਰੇਕ ਸਰੀਰ ਵਿਚ ਉਸ ਪਰਮਾਤਮਾ ਨੂੰ (ਵੇਖ ਕੇ ਹਰੇਕ ਅੱਗੇ) ਆਪਣਾ ਸਿਰ ਨਿਵਾਇਆ (ਭਾਵ, ਹਰੇਕ ਨਾਲ ਪ੍ਰੇਮ ਪਿਆਰ ਵਾਲਾ ਵਰਤਾਵ ਕੀਤਾ) । ਹੇ ਨਾਨਕ! (ਆਖ–) ਹੇ ਭਾਈ! ਇਕ ਪਰਮਾਤਮਾ ਤੋਂ ਬਿਨਾ ਹੋਰ ਕੋਈ (ਉਸ ਵਰਗਾ) ਨਹੀਂ ਹੈ– ਇਹੀ ਸਭ ਤੋਂ ਸ੍ਰੇਸ਼ਟ ਸੂਝ ਹੈ।4। 39। 46। |
Sri Guru Granth Darpan, by Professor Sahib Singh |