ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 108

ਮਾਝ ਮਹਲਾ ੫ ॥ ਮਨੁ ਤਨੁ ਰਤਾ ਰਾਮ ਪਿਆਰੇ ॥ ਸਰਬਸੁ ਦੀਜੈ ਅਪਨਾ ਵਾਰੇ ॥ ਆਠ ਪਹਰ ਗੋਵਿੰਦ ਗੁਣ ਗਾਈਐ ਬਿਸਰੁ ਨ ਕੋਈ ਸਾਸਾ ਜੀਉ ॥੧॥ ਸੋਈ ਸਾਜਨ ਮੀਤੁ ਪਿਆਰਾ ॥ ਰਾਮ ਨਾਮੁ ਸਾਧਸੰਗਿ ਬੀਚਾਰਾ ॥ ਸਾਧੂ ਸੰਗਿ ਤਰੀਜੈ ਸਾਗਰੁ ਕਟੀਐ ਜਮ ਕੀ ਫਾਸਾ ਜੀਉ ॥੨॥ ਚਾਰਿ ਪਦਾਰਥ ਹਰਿ ਕੀ ਸੇਵਾ ॥ ਪਾਰਜਾਤੁ ਜਪਿ ਅਲਖ ਅਭੇਵਾ ॥ ਕਾਮੁ ਕ੍ਰੋਧੁ ਕਿਲਬਿਖ ਗੁਰਿ ਕਾਟੇ ਪੂਰਨ ਹੋਈ ਆਸਾ ਜੀਉ ॥੩॥ ਪੂਰਨ ਭਾਗ ਭਏ ਜਿਸੁ ਪ੍ਰਾਣੀ ॥ ਸਾਧਸੰਗਿ ਮਿਲੇ ਸਾਰੰਗਪਾਣੀ ॥ ਨਾਨਕ ਨਾਮੁ ਵਸਿਆ ਜਿਸੁ ਅੰਤਰਿ ਪਰਵਾਣੁ ਗਿਰਸਤ ਉਦਾਸਾ ਜੀਉ ॥੪॥੪੦॥੪੭॥ {ਪੰਨਾ 108}

ਪਦ ਅਰਥ: ਸਰਬਸੁ = {svLÔv।
svL
= ਸਰਬ, ਸਾਰਾ। Ôv = ਸ੍ਵ, ਧਨ} ਸਾਰਾ ਧਨ, ਸਭ ਕੁਛ। ਸਾਸ = ਸਾਹ।1।

ਤਰੀਜੈ = ਤਰੀਦਾ ਹੈ। ਸਾਗਰੁ = ਸਮੁੰਦਰ। ਫਾਸਾ = ਫਾਹੀ।2।

ਚਾਰਿ ਪਦਾਰਥ = {ਧਰਮ, ਅਰਥ, ਕਾਮ, ਮੋਖ}। ਪਾਰਜਾਤੁ = ਸੁਰਗ ਦਾ ਰੁੱਖ ਜੋ ਮਨੋਕਾਮਨਾ ਪੂਰੀ ਕਰਦਾ ਹੈ। ਅਲਖ = ਜਿਸ ਦਾ ਸਰੂਪ ਬਿਆਨ ਨਾਹ ਹੋ ਸਕੇ। ਅਭੇਵ = ਜਿਸ ਦਾ ਭੇਦ ਨ ਪਾਇਆ ਜਾ ਸਕੇ। ਕਿਲਬਿਖ = ਪਾਪ। ਗੁਰਿ = ਗੁਰੂ ਨੇ।3।

ਭਾਗ = ਕਿਸਮਤ। ਸਾਰੰਗ ਪਾਣੀ = {ਸਾਰੰਗ = ਧਨੁਖ। ਪਾਣੀ = ਹੱਥ} ਧਨੁੱਖਧਾਰੀ ਪ੍ਰਭੂ। ਜਿਸੁ ਅੰਤਰਿ = ਜਿਸ ਦੇ ਹਿਰਦੇ ਵਿਚ। ਉਦਾਸ = ਮਾਇਆ ਦੇ ਮੋਹ ਤੋਂ ਉਪਰਾਮ।4।

ਅਰਥ: (ਹੇ ਭਾਈ! ਜੇ ਤੂੰ ਇਹ ਲੋੜਦਾ ਹੈਂ ਕਿ ਤੇਰਾ) ਮਨ (ਤੇਰਾ) ਸਰੀਰ ਪਿਆਰੇ ਪ੍ਰਭੂ (ਦੇ ਪ੍ਰੇਮ-ਰੰਗ) ਵਿਚ ਰੰਗਿਆ ਰਹੇ, (ਤਾਂ) ਆਪਣਾ ਸਭ ਕੁਛ ਸਦਕੇ ਕਰ ਕੇ (ਉਸ ਪ੍ਰੇਮ ਦੇ ਵੱਟੇ) ਦੇ ਦੇਣਾ ਚਾਹੀਦਾ ਹੈ, ਅੱਠੇ ਪਹਰ ਗੋਬਿੰਦ ਦੇ ਗੁਣ ਗਾਣੇ ਚਾਹੀਦੇ ਹਨ। (ਹੇ ਭਾਈ!) ਕੋਈ ਇੱਕ ਸਾਹ (ਲੈਂਦਿਆਂ ਭੀ ਪਰਮਾਤਮਾ ਨੂੰ) ਨਾਹ ਭੁਲਾ।1।

ਜੇਹੜਾ ਮਨੁੱਖ ਸਾਧ ਸੰਗਤਿ ਵਿਚ (ਟਿਕ ਕੇ) ਪਰਮਾਤਮਾ ਦੇ ਨਾਮ ਨੂੰ ਵਿਚਾਰਦਾ ਹੈ, ਉਹੀ ਸੱਜਣ-ਪ੍ਰਭੂ ਦਾ ਪਿਆਰਾ ਮਿਤ੍ਰ ਹੈ। ਸਾਧ ਸੰਗਤਿ ਵਿਚ (ਰਿਹਾਂ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ, ਤੇ ਜਮਾਂ ਵਾਲੀ ਫਾਹੀ ਕੱਟੀ ਜਾਂਦੀ ਹੈ।2।

(ਹੇ ਭਾਈ!) ਪਰਮਾਤਮਾ ਦੀ ਸੇਵਾ-ਭਗਤੀ ਹੀ (ਦੁਨੀਆ ਦੇ ਪ੍ਰਸਿਧ) ਚਾਰ ਪਦਾਰਥ ਹਨ। (ਹੇ ਭਾਈ!) ਅਲੱਖ ਅਭੇਵ ਪ੍ਰਭੂ ਦਾ ਨਾਮ ਜਪ, ਇਹੀ ਪਾਰਜਾਤ (-ਰੁੱਖ ਮਨੋਕਾਮਨਾ ਪੂਰੀਆਂ ਕਰਨ ਵਾਲਾ) ਹੈ। ਜਿਸ ਮਨੁੱਖ (ਦੇ ਅੰਦਰੋਂ) ਗੁਰੂ ਨੇ ਕਾਮ ਦੂਰ ਕਰ ਦਿੱਤਾ ਹੈ ਕ੍ਰੋਧ ਦੂਰ ਕਰ ਦਿੱਤਾ ਜਿਸ ਦੇ ਸਾਰੇ ਪਾਪ ਗੁਰੂ ਨੇ ਕੱਟ ਦਿੱਤੇ ਹਨ, ਉਸ ਦੀ (ਹਰੇਕ ਕਿਸਮ ਦੀ) ਆਸਾ ਪੂਰੀ ਹੋ ਗਈ।3।

(ਹੇ ਭਾਈ!) ਜਿਸ ਮਨੁੱਖ ਦੇ ਪੂਰੇ ਭਾਗ ਜਾਗ ਪੈਣ, ਉਸ ਨੂੰ ਸਾਧ ਸੰਗਤਿ ਵਿਚ ਪਰਮਾਤਮਾ ਮਿਲ ਪੈਂਦਾ ਹੈ। ਹੇ ਨਾਨਕ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ, ਉਹ ਘਰ-ਬਾਰੀ ਹੁੰਦਾ ਹੋਇਆ ਹੀ ਮਾਇਆ ਤੋਂ ਨਿਰਲੇਪ ਰਹਿੰਦਾ ਹੈ ਤੇ ਉਹ ਪ੍ਰਭੂ ਦੇ ਦਰ ਤੇ ਕਬੂਲ ਹੁੰਦਾ ਹੈ।4। 40। 47।

ਮਾਝ ਮਹਲਾ ੫ ॥ ਸਿਮਰਤ ਨਾਮੁ ਰਿਦੈ ਸੁਖੁ ਪਾਇਆ ॥ ਕਰਿ ਕਿਰਪਾ ਭਗਤੀ ਪ੍ਰਗਟਾਇਆ ॥ ਸੰਤਸੰਗਿ ਮਿਲਿ ਹਰਿ ਹਰਿ ਜਪਿਆ ਬਿਨਸੇ ਆਲਸ ਰੋਗਾ ਜੀਉ ॥੧॥ ਜਾ ਕੈ ਗ੍ਰਿਹਿ ਨਵ ਨਿਧਿ ਹਰਿ ਭਾਈ ॥ ਤਿਸੁ ਮਿਲਿਆ ਜਿਸੁ ਪੁਰਬ ਕਮਾਈ ॥ ਗਿਆਨ ਧਿਆਨ ਪੂਰਨ ਪਰਮੇਸੁਰ ਪ੍ਰਭੁ ਸਭਨਾ ਗਲਾ ਜੋਗਾ ਜੀਉ ॥੨॥ ਖਿਨ ਮਹਿ ਥਾਪਿ ਉਥਾਪਨਹਾਰਾ ॥ ਆਪਿ ਇਕੰਤੀ ਆਪਿ ਪਸਾਰਾ ॥ ਲੇਪੁ ਨਹੀ ਜਗਜੀਵਨ ਦਾਤੇ ਦਰਸਨ ਡਿਠੇ ਲਹਨਿ ਵਿਜੋਗਾ ਜੀਉ ॥੩॥ ਅੰਚਲਿ ਲਾਇ ਸਭ ਸਿਸਟਿ ਤਰਾਈ ॥ ਆਪਣਾ ਨਾਉ ਆਪਿ ਜਪਾਈ ॥ ਗੁਰ ਬੋਹਿਥੁ ਪਾਇਆ ਕਿਰਪਾ ਤੇ ਨਾਨਕ ਧੁਰਿ ਸੰਜੋਗਾ ਜੀਉ ॥੪॥੪੧॥੪੮॥ {ਪੰਨਾ 108}

ਪਦ ਅਰਥ: ਰਿਦੈ = ਹਿਰਦੇ ਵਿਚ। ਸੁਖੁ = ਆਤਮਕ ਆਨੰਦ। ਭਗਤੀ = ਭਗਤਾਂ ਨੇ। ਬਿਨਸੇ = ਨਾਸ ਹੋ ਗਏ।1।

ਜਾ ਕੈ ਗ੍ਰਿਹਿ = ਜਿਸ ਹਰੀ ਦੇ ਘਰ ਵਿਚ। ਨਵ ਨਿਧਿ = ਨੌ ਖ਼ਜ਼ਾਨੇ। ਪੁਰਬ ਕਮਾਈ = ਪਹਿਲੇ ਜਨਮਾਂ ਵਿਚ ਕੀਤੀ ਨੇਕ ਕਮਾਈ (ਉੱਘੜ ਪਈ) । ਗਿਆਨ = ਡੂੰਘੀ ਸਾਂਝ। ਧਿਆਨ = ਸਮਾਧੀ। ਜੋਗਾ = ਸਮਰੱਥ।2।

ਥਾਪਿ = ਥਾਪ ਕੇ, ਪੈਦਾ ਕਰ ਕੇ। ਉਥਾਪਨਹਾਰਾ = ਨਾਸ ਕਰਨ ਦੀ ਤਾਕਤ ਰੱਖਣ ਵਾਲਾ। ਇਕੰਤੀ = ਇਕਾਂਤੀ, ਇਕੱਲਾ। ਪਸਾਰਾ = ਜਗਤ ਦਾ ਖਿਲਾਰਾ। ਲੇਪੁ = ਪ੍ਰਭਾਵ। ਲਹਨਿ = ਲਹਿ ਜਾਂਦੇ ਹਨ।3।

ਅੰਚਲਿ = ਪੱਲੇ ਨਾਲ। ਸਿਸਟਿ = ਸ੍ਰਿਸ਼ਟੀ, ਦੁਨੀਆ। ਬੋਹਿਥੁ = ਜਹਾਜ਼। ਤੇ = ਨਾਲ, ਤੋਂ। ਧੁਰਿ = ਪ੍ਰਭੂ ਦੀ ਧੁਰ-ਦਰਗਾਹ ਤੋਂ।4।

ਅਰਥ: (ਜਿਸ ਮਨੁੱਖ ਦੇ ਹਿਰਦੇ ਵਿਚ) ਭਗਤ ਜਨਾਂ ਨੇ ਕਿਰਪਾ ਕਰ ਕੇ (ਪਰਮਾਤਮਾ ਦਾ ਨਾਮ) ਪਰਗਟ ਕਰ ਦਿੱਤਾ, ਉਸ ਨੇ ਨਾਮ ਸਿਮਰ ਕੇ ਹਿਰਦੇ ਵਿਚ ਆਤਮਕ ਆਨੰਦ ਮਾਣਿਆ। ਸਾਧ ਸੰਗਤਿ ਵਿਚ ਮਿਲ ਕੇ ਜਿਸ ਨੇ ਸਦਾ ਹਰੀ-ਨਾਮ ਜਪਿਆ, ਉੇਸ ਦੇ ਸਾਰੇ ਆਲਸ ਉਸ ਦੇ ਸਾਰੇ ਰੋਗ ਦੂਰ ਹੋ ਗਏ।1।

ਹੇ ਭਾਈ! ਜਿਸ ਹਰੀ ਦੇ ਘਰ ਵਿਚ ਨੌ ਹੀ ਖ਼ਜ਼ਾਨੇ ਮੌਜੂਦ ਹਨ, ਉਹ ਹਰੀ ਉਸ ਮਨੁੱਖ ਨੂੰ ਮਿਲਦਾ ਹੈ (ਗੁਰੂ ਦੀ ਰਾਹੀਂ) ਜਿਸ ਦੀ ਪਹਿਲੇ ਜਨਮਾਂ ਵਿਚ ਕੀਤੀ ਨੇਕ ਕਮਾਈ ਦੇ ਸੰਸਕਾਰ ਜਾਗ ਪੈਂਦੇ ਹਨ। ਉਸ ਦੀ ਪੂਰਨ ਪਰਮਾਤਮਾ ਨਾਲ ਡੂੰਘੀ ਸਾਂਝ ਬਣ ਜਾਂਦੀ ਹੈ, ਉਸ ਦੀ ਪੂਰਨ ਪ੍ਰਭੂ ਵਿਚ ਸੁਰਤਿ ਜੁੜੀ ਰਹਿੰਦੀ ਹੈ, ਉਸ ਨੂੰ ਯਕੀਨ ਹੋ ਜਾਂਦਾ ਹੈ ਕਿ ਪਰਮਾਤਮਾ ਸਭ ਕੰਮ ਕਰਨ ਦੀ ਸਮਰਥਾ ਰੱਖਦਾ ਹੈ।2।

(ਹੇ ਭਾਈ!) ਪਰਮਾਤਮਾ (ਸਾਰਾ ਜਗਤ) ਰਚ ਕੇ ਇਕ ਖਿਨ ਵਿਚ (ਇਸ ਨੂੰ) ਨਾਸ ਕਰਨ ਦੀ ਭੀ ਤਾਕਤ ਰੱਖਦਾ ਹੈ। ਉਹ ਆਪ ਹੀ (ਨਿਰਗੁਣ-ਸਰੂਪ ਹੋ ਕੇ) ਇਕੱਲਾ (ਹੋ ਜਾਂਦਾ) ਹੈ, ਤੇ ਆਪ ਹੀ (ਆਪਣੇ ਆਪੇ ਤੋਂ ਸਰਗੁਣ ਰੂਪ ਧਾਰ ਕੇ) ਜਗਤ-ਰਚਨਾ ਕਰ ਦੇਂਦਾ ਹੈ। ਉਸ ਕਰਤਾਰ ਨੂੰ, ਜਗਤ-ਦੇ-ਜੀਵਨ ਉਸ ਪ੍ਰਭੂ ਨੂੰ ਮਾਇਆ ਦਾ ਪ੍ਰਭਾਵ ਪੋਹ ਨਹੀਂ ਸਕਦਾ। ਉਸ ਦਾ ਦਰਸਨ ਕੀਤਿਆਂ ਸਾਰੇ ਵਿਛੋੜੇ ਲਹਿ ਜਾਂਦੇ ਹਨ (ਪ੍ਰਭੂ ਤੋਂ ਵਿਛੋੜਾ ਪਾਣ ਵਾਲੇ ਸਾਰੇ ਪ੍ਰਭਾਵ ਮਨ ਤੋਂ ਲਹਿ ਜਾਂਦੇ ਹਨ) ।3।

(ਹੇ ਭਾਈ! ਗੁਰੂ ਦੇ) ਪੱਲੇ ਲਾ ਕੇ (ਪ੍ਰਭੂ ਆਪ ਹੀ) ਸਾਰੀ ਸ੍ਰਿਸ਼ਟੀ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ, ਪ੍ਰਭੂ (ਗੁਰੂ ਦੀ ਰਾਹੀਂ) ਆਪਣਾ ਨਾਮ ਆਪ ਹੀ (ਜੀਵਾਂ ਪਾਸੋਂ) ਜਪਾਂਦਾ ਹੈ। ਹੇ ਨਾਨਕ! ਪਰਮਾਤਮਾ ਦੀ ਧੁਰ-ਦਰਗਾਹ ਤੋਂ ਮਿਲਾਪ ਦੇ ਸਬਬ ਬਣਨ ਨਾਲ ਪਰਮਾਤਮਾ ਦੀ ਮਿਹਰ ਨਾਲ ਹੀ ਗੁਰੂ-ਜਹਾਜ਼ ਮਿਲਦਾ ਹੈ।4। 41। 48।

ਮਾਝ ਮਹਲਾ ੫ ॥ ਸੋਈ ਕਰਣਾ ਜਿ ਆਪਿ ਕਰਾਏ ॥ ਜਿਥੈ ਰਖੈ ਸਾ ਭਲੀ ਜਾਏ ॥ ਸੋਈ ਸਿਆਣਾ ਸੋ ਪਤਿਵੰਤਾ ਹੁਕਮੁ ਲਗੈ ਜਿਸੁ ਮੀਠਾ ਜੀਉ ॥੧॥ ਸਭ ਪਰੋਈ ਇਕਤੁ ਧਾਗੈ ॥ ਜਿਸੁ ਲਾਇ ਲਏ ਸੋ ਚਰਣੀ ਲਾਗੈ ॥ ਊਂਧ ਕਵਲੁ ਜਿਸੁ ਹੋਇ ਪ੍ਰਗਾਸਾ ਤਿਨਿ ਸਰਬ ਨਿਰੰਜਨੁ ਡੀਠਾ ਜੀਉ ॥੨॥ ਤੇਰੀ ਮਹਿਮਾ ਤੂੰਹੈ ਜਾਣਹਿ ॥ ਅਪਣਾ ਆਪੁ ਤੂੰ ਆਪਿ ਪਛਾਣਹਿ ॥ ਹਉ ਬਲਿਹਾਰੀ ਸੰਤਨ ਤੇਰੇ ਜਿਨਿ ਕਾਮੁ ਕ੍ਰੋਧੁ ਲੋਭੁ ਪੀਠਾ ਜੀਉ ॥੩॥ ਤੂੰ ਨਿਰਵੈਰੁ ਸੰਤ ਤੇਰੇ ਨਿਰਮਲ ॥ ਜਿਨ ਦੇਖੇ ਸਭ ਉਤਰਹਿ ਕਲਮਲ ॥ ਨਾਨਕ ਨਾਮੁ ਧਿਆਇ ਧਿਆਇ ਜੀਵੈ ਬਿਨਸਿਆ ਭ੍ਰਮੁ ਭਉ ਧੀਠਾ ਜੀਉ ॥੪॥੪੨॥੪੯॥ {ਪੰਨਾ 108}

ਪਦ ਅਰਥ: ਸਾ ਜਾਏ = ਉਹ ਥਾਂ {ਲਫ਼ਜ਼ 'ਸਾ' ਇਸਤ੍ਰੀ-ਲਿੰਗ ਹੈ}। ਸੋ = {ਇਹ ਲਫ਼ਜ਼ ਪੁਲਿੰਗ ਹੈ}। ਪਤਿਵੰਤਾ = ਇੱਜ਼ਤ ਵਾਲਾ। ਜਿ = ਜੇਹੜਾ।1।

ਇਕਤੁ = ਇਕ ਵਿਚ। ਇਕਤੁ ਧਾਗੈ = ਇਕੋ ਧਾਗੇ ਵਿਚ। ਊਂਧ = ਉਲਟਿਆ ਹੋਇਆ, ਪ੍ਰਭੂ-ਚਰਨਾਂ ਵਲੋਂ ਪਰਤਿਆ ਹੋਇਆ। ਤਿਨਿ = ਉਸ (ਮਨੁੱਖ) ਨੇ। ਨਿਰੰਜਨੁ = {ਨਿਰ-ਅੰਜਨ} ਜਿਸ ਉਤੇ ਮਾਇਆ-ਕਾਲਖ ਦਾ ਅਸਰ ਨਹੀਂ ਹੋ ਸਕਦਾ।2।

ਮਹਿਮਾ = ਵਡਿਆਈ। ਆਪੁ = ਆਪੇ ਨੂੰ। ਹਉਂ ਮੈਂ। ਜਿਨਿ = ਜਿਸ ਜਿਸ ਨੇ {ਨੋਟ: ਲਫ਼ਜ਼ 'ਜਿਨਿ' ਇਕ-ਵਚਨ ਹੈ, ਇਸ ਦਾ ਬਹੁ-ਵਚਨ 'ਜਿਨ' ਹੈ}। ਪੀਠਾ = ਪੀਹ ਦਿੱਤਾ, ਨਾਸ ਕਰ ਦਿੱਤਾ।3।

ਨਿਰਮਲ = ਪਵਿਤ੍ਰ। ਕਲਮਲ = ਪਾਪ {kÑm = }। ਜੀਵੈ = ਆਤਮਕ ਜੀਵਨ ਹਾਸਲ ਕਰਦਾ ਹੈ। ਧੀਠਾ = ਢੀਠ, ਅਮੋੜ।4।

ਅਰਥ: (ਜੀਵ) ਉਹੀ ਕੰਮ ਕਰ ਸਕਦਾ ਹੈ, ਜੇਹੜਾ ਪਰਮਾਤਮਾ ਆਪ ਕਰਾਂਦਾ ਹੈ। (ਜੀਵ ਨੂੰ) ਜਿਸ ਥਾਂ ਪਰਮਾਤਮਾ ਰੱਖਦਾ ਹੈ, ਉਹੀ ਥਾਂ (ਜੀਵ ਵਾਸਤੇ) ਚੰਗੀ ਹੁੰਦੀ ਹੈ। ਉਹੀ ਮਨੁੱਖ ਅਕਲ ਵਾਲਾ ਹੈ ਉਹੀ ਮਨੁੱਖ ਇੱਜ਼ਤ ਵਾਲਾ ਹੈ, ਜਿਸਨੂੰ ਪਰਮਾਤਮਾ ਦਾ ਹੁਕਮ ਪਿਆਰਾ ਲਗਦਾ ਹੈ।1।

ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਨੂੰ ਆਪਣੇ (ਹੁਕਮ-ਰੂਪ) ਧਾਗੇ ਵਿਚ ਪ੍ਰੋ ਰੱਖਿਆ ਹੈ, ਜਿਸ ਜੀਵ ਨੂੰ ਪ੍ਰਭੂ (ਆਪਣੀ ਚਰਨੀਂ) ਲਾਂਦਾ ਹੈ, ਉਹੀ ਚਰਨੀਂ ਲੱਗਦਾ ਹੈ। ਉਸ ਮਨੁੱਖ ਨੇ (ਹੀ) ਨਿਰਲੇਪ ਪ੍ਰਭੂ ਨੂੰ ਹਰ ਥਾਂ ਵੇਖਿਆ ਹੈ, ਜਿਸ ਦਾ ਉਲਟਿਆ ਹੋਇਆ ਹਿਰਦਾ-ਕੌਲ-ਫੁੱਲ (ਪ੍ਰਭੂ ਨੇ ਆਪਣੀ ਮਿਹਰ ਨਾਲ ਆਪ) ਖਿੜਾ ਦਿੱਤਾ ਹੈ।2।

ਹੇ ਪ੍ਰਭੁ! ਤੂੰ ਆਪ ਹੀ ਜਾਣਦਾ ਹੈ ਕਿ ਤੂੰ ਕਿਤਨਾ ਵੱਡਾ ਹੈਂ, ਆਪਣੇ ਆਪ ਨੂੰ ਤੂੰ ਆਪ ਹੀ ਸਮਝ ਸਕਦਾ ਹੈਂ। ਤੇਰੇ ਜਿਸ ਜਿਸ ਸੰਤ ਨੇ (ਤੇਰੀ ਮਿਹਰ ਨਾਲ ਆਪਣੇ ਅੰਦਰੋਂ) ਕਾਮ ਨੂੰ ਕ੍ਰੋਧ ਨੂੰ ਲੋਭ ਨੂੰ ਦੂਰ ਕੀਤਾ ਹੈ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ।3।

ਹੇ ਪ੍ਰਭੂ! ਤੇਰੇ ਅੰਦਰ ਕਿਸੇ ਵਾਸਤੇ ਵੈਰ ਨਹੀਂ ਹੈ, ਤੇਰੇ ਸੰਤ ਭੀ (ਵੈਰ ਆਦਿਕ ਦੀ) ਮੈਲ ਤੋਂ ਰਹਿਤ ਹਨ। ਤੇਰੇ ਉਹਨਾਂ ਸੰਤ ਜਨਾਂ ਦਾ ਦਰਸਨ ਕੀਤਿਆਂ (ਹੋਰਨਾਂ ਦੇ ਭੀ) ਪਾਪ ਦੂਰ ਹੋ ਜਾਂਦੇ ਹਨ। ਹੇ ਨਾਨਕ! (ਆਖ– ਹੇ ਪ੍ਰਭੂ! ਤੇਰਾ) ਨਾਮ ਸਿਮਰ ਸਿਮਰ ਕੇ ਜੇਹੜਾ ਮਨੁੱਖ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ ਉਸ ਦੇ ਮਨ ਵਿਚੋਂ ਅਮੋਲ ਭਟਕਣਾ ਤੇ ਡਰ ਦੂਰ ਹੋ ਜਾਂਦੇ ਹਨ।4। 42। 49।

TOP OF PAGE

Sri Guru Granth Darpan, by Professor Sahib Singh