ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 109 ਮਾਂਝ ਮਹਲਾ ੫ ॥ ਝੂਠਾ ਮੰਗਣੁ ਜੇ ਕੋਈ ਮਾਗੈ ॥ ਤਿਸ ਕਉ ਮਰਤੇ ਘੜੀ ਨ ਲਾਗੈ ॥ ਪਾਰਬ੍ਰਹਮੁ ਜੋ ਸਦ ਹੀ ਸੇਵੈ ਸੋ ਗੁਰ ਮਿਲਿ ਨਿਹਚਲੁ ਕਹਣਾ ॥੧॥ ਪ੍ਰੇਮ ਭਗਤਿ ਜਿਸ ਕੈ ਮਨਿ ਲਾਗੀ ॥ ਗੁਣ ਗਾਵੈ ਅਨਦਿਨੁ ਨਿਤਿ ਜਾਗੀ ॥ ਬਾਹ ਪਕੜਿ ਤਿਸੁ ਸੁਆਮੀ ਮੇਲੈ ਜਿਸ ਕੈ ਮਸਤਕਿ ਲਹਣਾ ॥੨॥ ਚਰਨ ਕਮਲ ਭਗਤਾਂ ਮਨਿ ਵੁਠੇ ॥ ਵਿਣੁ ਪਰਮੇਸਰ ਸਗਲੇ ਮੁਠੇ ॥ ਸੰਤ ਜਨਾਂ ਕੀ ਧੂੜਿ ਨਿਤ ਬਾਂਛਹਿ ਨਾਮੁ ਸਚੇ ਕਾ ਗਹਣਾ ॥੩॥ ਊਠਤ ਬੈਠਤ ਹਰਿ ਹਰਿ ਗਾਈਐ ॥ ਜਿਸੁ ਸਿਮਰਤ ਵਰੁ ਨਿਹਚਲੁ ਪਾਈਐ ॥ ਨਾਨਕ ਕਉ ਪ੍ਰਭ ਹੋਇ ਦਇਆਲਾ ਤੇਰਾ ਕੀਤਾ ਸਹਣਾ ॥੪॥੪੩॥੫੦॥ {ਪੰਨਾ 109} ਪਦ ਅਰਥ: ਝੂਠਾ ਮੰਗਣੁ = ਨਿਰੇ ਨਾਸਵੰਤ ਪਦਾਰਥਾਂ ਦੀ ਹੀ ਮੰਗ। ਮਰਤੇ = ਆਤਮਕ ਮੌਤ ਸਹੇੜਦਿਆਂ। ਤਿਸ ਕਉ = {ਨੋਟ: ਲਫ਼ਜ਼ 'ਤਿਸੁ' ਦਾ ੁ ਸੰਬੰਧਕ 'ਕਉ' ਦੇ ਕਾਰਨ ਉੱਡ ਗਿਆ ਹੈ। ਵੇਖੋ 'ਗੁਰਬਾਣੀ ਵਿਅਕਰਣ'}। ਸਦ = ਸਦਾ। ਗੁਰ ਮਿਲਿ = ਗੁਰੂ ਨੂੰ ਮਿਲ ਕੇ। ਨਿਹਚਲੁ = (ਮਾਇਆ ਦੇ ਹੱਲਿਆਂ ਤੋਂ) ਅਡੋਲ।1। ਮਨਿ = ਮਨ ਵਿਚ। ਅਨਦਿਨੁ = ਹਰ ਰੋਜ਼। ਨਿਤਿ = ਸਦਾ। ਜਾਗੀ = ਜਾਗਿ, ਜਾਗ ਕੇ, ਮਾਇਆਂ ਦੇ ਹੱਲਿਆਂ ਵਲੋਂ ਸੁਚੇਤ ਰਹਿ ਕੇ। ਮਸਤਕਿ = ਮੱਥੇ ਉਤੇ। ਲਹਣਾ = ਪ੍ਰਾਪਤ ਕਰਨ ਦੇ ਲੇਖ।2। ਵੁਠੇ = ਵਸਦੇ ਹਨ। ਮੁਠੇ = ਮੁੱਠੇ, ਲੁਟੇ ਜਾਂਦੇ ਹਨ। ਬਾਂਛਹਿ = (ਜੋ) ਲੋੜਦੇ ਹਨ।3। ਵਰੁ = ਖਸਮ। ਨਿਹਚਲੁ = ਸਦਾ-ਥਿਰ ਰਹਿਣ ਵਾਲਾ, ਅਟੱਲ। ਸਹਣਾ = ਸਹਾਰਨਾ।4। ਅਰਥ: ਜੇ ਕੋਈ ਮਨੁੱਖ (ਸਦਾ) ਨਾਸਵੰਤ ਪਦਾਰਥਾਂ ਦੀ ਮੰਗ ਹੀ ਮੰਗਦਾ ਰਹੇ (ਤੇ ਨਾਮ ਸਿਮਰਨ ਦੀ ਦਾਤਿ ਕਦੇ ਭੀ ਨਾਹ ਮੰਗੇ) , ਉਸ ਨੂੰ ਆਤਮਕ ਮੌਤ ਸਹੇੜਦਿਆਂ ਚਿਰ ਨਹੀਂ ਲਗਦਾ। ਜੇਹੜਾ ਮਨੁੱਖ ਸਦਾ ਹੀ ਪਰਮੇਸ਼ਰ ਦੀ ਸੇਵਾ-ਭਗਤੀ ਕਰਦਾ ਹੈ, ਉਹ ਗੁਰੂ ਨੂੰ ਮਿਲ ਕੇ (ਮਾਇਆ ਦੀ ਤ੍ਰਿਸ਼ਨਾ ਵਲੋਂ) ਅਡੋਲ ਹੋ ਗਿਆ ਕਿਹਾ ਜਾ ਸਕਦਾ ਹੈ।1। ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦੀ ਪਿਆਰ-ਭਰੀ ਭਗਤੀ (ਦੀ ਲਿਵ) ਲੱਗ ਜਾਂਦੀ ਹੈ, ਜੇਹੜਾ ਮਨੁੱਖ ਹਰ ਰੋਜ਼ ਸਦਾ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ, (ਉਸ ਦੀ) ਬਾਂਹ ਫੜ ਕੇ ਉਸ ਨੂੰ ਮਾਲਕ-ਪ੍ਰਭੂ (ਆਪਣੇ ਨਾਲ) ਮਿਲਾ ਲੈਂਦਾ ਹੈ (ਪਰ ਇਹ ਦਾਤਿ ਉਸੇ ਨੂੰ ਪ੍ਰਾਪਤ ਹੁੰਦੀ ਹੈ) ਜਿਸ ਦੇ ਮੱਥੇ ਉਤੇ ਇਹ ਦਾਤਿ ਹਾਸਲ ਕਰਨ ਦਾ ਲੇਖ ਮੌਜੂਦ ਹੋਵੇ (ਭਾਵ, ਜਿਸ ਦੇ ਅੰਦਰ ਪੂਰਬਲੇ ਸਮੇ ਵਿਚ ਕੀਤੇ ਕਰਮਾਂ ਅਨੁਸਾਰ ਸੇਵਾ-ਭਗਤੀ ਦੇ ਸੰਸਕਾਰ ਮੌਜੂਦ ਹੋਣ, ਗੁਰੂ ਨੂੰ ਮਿਲ ਕੇ ਉਸ ਦੇ ਉਹ ਸੰਸਕਾਰ ਜਾਗ ਪੈਂਦੇ ਹਨ) ।2। (ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਜਾਣਦੇ ਹਨ ਕਿ) ਪਰਮੇਸਰ ਦੇ ਚਰਨਾਂ ਵਿਚ ਜੁੜਨ ਤੋਂ ਬਿਨਾ ਸਾਰੇ ਹੀ ਜੀਵ (ਮਾਇਆ ਦੇ ਕਾਮਾਦਿਕ ਦੂਤਾਂ ਦੀ ਹੱਥੀਂ) ਲੁੱਟੇ ਜਾਂਦੇ ਹਨ। (ਸੋ) ਭਗਤਾਂ ਦੇ ਮਨ ਵਿਚ ਪਰਮਾਤਮਾ ਦੇ ਸੋਹਣੇ ਚਰਨ (ਸਦਾ) ਵੱਸਦੇ ਰਹਿੰਦੇ ਹਨ। ਜੇਹੜੇ ਮਨੁੱਖ ਅਜੇਹੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਸਦਾ ਲੋੜਦੇ ਰਹਿੰਦੇ ਹਨ, ਉਹਨਾਂ ਨੂੰ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਮਿਲ ਜਾਂਦਾ ਹੈ ਜੋ ਉਹਨਾਂ ਦੇ ਜੀਵਨ ਨੂੰ ਸੰਵਾਰ ਦੇਂਦਾ ਹੈ।3। (ਹੇ ਭਾਈ!) ਉਠਦਿਆਂ ਬਹਿੰਦਿਆਂ (ਹਰ ਵੇਲੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, ਕਿਉਂਕਿ ਉਸ ਦਾ ਸਿਮਰਨ ਕੀਤਿਆਂ ਉਹ ਖਸਮ-ਪ੍ਰਭੂ ਮਿਲ ਪੈ ਜਾਂਦਾ ਹੈ ਜੋ ਸਦਾ ਅਟੱਲ ਰਹਿਣ ਵਾਲਾ ਹੈ। ਹੇ ਨਾਨਕ! (ਆਖ– ਹੇ ਪ੍ਰਭੂ!) ਜਿਸ ਉਤੇ ਤੂੰ ਦਇਆਵਾਨ ਹੁੰਦਾ ਹੈਂ (ਉਹ ਉਠਦਿਆਂ ਬੈਠਦਿਆਂ ਤੇਰਾ ਨਾਮ ਸਿਮਰਦਾ ਹੈ ਤੇ ਇਸ ਤਰ੍ਹਾਂ) ਉਸ ਨੂੰ ਤੇਰੀ ਰਜ਼ਾ ਪਿਆਰੀ ਲਗਦੀ ਹੈ।4। 43। 50। ਰਾਗੁ ਮਾਝ ਅਸਟਪਦੀਆ ਮਹਲਾ ੧ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਸਬਦਿ ਰੰਗਾਏ ਹੁਕਮਿ ਸਬਾਏ ॥ ਸਚੀ ਦਰਗਹ ਮਹਲਿ ਬੁਲਾਏ ॥ ਸਚੇ ਦੀਨ ਦਇਆਲ ਮੇਰੇ ਸਾਹਿਬਾ ਸਚੇ ਮਨੁ ਪਤੀਆਵਣਿਆ ॥੧॥ ਹਉ ਵਾਰੀ ਜੀਉ ਵਾਰੀ ਸਬਦਿ ਸੁਹਾਵਣਿਆ ॥ ਅੰਮ੍ਰਿਤ ਨਾਮੁ ਸਦਾ ਸੁਖਦਾਤਾ ਗੁਰਮਤੀ ਮੰਨਿ ਵਸਾਵਣਿਆ ॥੧॥ ਰਹਾਉ ॥ ਨਾ ਕੋ ਮੇਰਾ ਹਉ ਕਿਸੁ ਕੇਰਾ ॥ ਸਾਚਾ ਠਾਕੁਰੁ ਤ੍ਰਿਭਵਣਿ ਮੇਰਾ ॥ ਹਉਮੈ ਕਰਿ ਕਰਿ ਜਾਇ ਘਣੇਰੀ ਕਰਿ ਅਵਗਣ ਪਛੋਤਾਵਣਿਆ ॥੨॥ ਹੁਕਮੁ ਪਛਾਣੈ ਸੁ ਹਰਿ ਗੁਣ ਵਖਾਣੈ ॥ ਗੁਰ ਕੈ ਸਬਦਿ ਨਾਮਿ ਨੀਸਾਣੈ ॥ ਸਭਨਾ ਕਾ ਦਰਿ ਲੇਖਾ ਸਚੈ ਛੂਟਸਿ ਨਾਮਿ ਸੁਹਾਵਣਿਆ ॥੩॥ ਮਨਮੁਖੁ ਭੂਲਾ ਠਉਰੁ ਨ ਪਾਏ ॥ ਜਮ ਦਰਿ ਬਧਾ ਚੋਟਾ ਖਾਏ ॥ ਬਿਨੁ ਨਾਵੈ ਕੋ ਸੰਗਿ ਨ ਸਾਥੀ ਮੁਕਤੇ ਨਾਮੁ ਧਿਆਵਣਿਆ ॥੪॥ ਸਾਕਤ ਕੂੜੇ ਸਚੁ ਨ ਭਾਵੈ ॥ ਦੁਬਿਧਾ ਬਾਧਾ ਆਵੈ ਜਾਵੈ ॥ ਲਿਖਿਆ ਲੇਖੁ ਨ ਮੇਟੈ ਕੋਈ ਗੁਰਮੁਖਿ ਮੁਕਤਿ ਕਰਾਵਣਿਆ ॥੫॥ ਪੇਈਅੜੈ ਪਿਰੁ ਜਾਤੋ ਨਾਹੀ ॥ ਝੂਠਿ ਵਿਛੁੰਨੀ ਰੋਵੈ ਧਾਹੀ ॥ ਅਵਗਣਿ ਮੁਠੀ ਮਹਲੁ ਨ ਪਾਏ ਅਵਗਣ ਗੁਣਿ ਬਖਸਾਵਣਿਆ ॥੬॥ ਪੇਈਅੜੈ ਜਿਨਿ ਜਾਤਾ ਪਿਆਰਾ ॥ ਗੁਰਮੁਖਿ ਬੂਝੈ ਤਤੁ ਬੀਚਾਰਾ ॥ ਆਵਣੁ ਜਾਣਾ ਠਾਕਿ ਰਹਾਏ ਸਚੈ ਨਾਮਿ ਸਮਾਵਣਿਆ ॥੭॥ ਗੁਰਮੁਖਿ ਬੂਝੈ ਅਕਥੁ ਕਹਾਵੈ ॥ ਸਚੇ ਠਾਕੁਰ ਸਾਚੋ ਭਾਵੈ ॥ ਨਾਨਕ ਸਚੁ ਕਹੈ ਬੇਨੰਤੀ ਸਚੁ ਮਿਲੈ ਗੁਣ ਗਾਵਣਿਆ ॥੮॥੧॥ {ਪੰਨਾ 109} ਪਦ ਅਰਥ: ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਰੰਗਾਏ = (ਜਿਨ੍ਹਾਂ ਨੇ ਆਪਣੇ ਮਨ ਨਾਮ-ਰੰਗ ਵਿਚ) ਰੰਗਾ ਲਏ। ਸਬਾਏ = ਉਹ ਸਾਰੇ। ਮਹਲਿ (ਪਰਮਾਤਮਾ ਦੀ) ਹਜ਼ੂਰੀ ਵਿਚ। ਸਚੇ = ਹੇ ਸਦਾ-ਥਿਰ! ਸਚੇ = ਸਚਿ, ਸਦਾ-ਥਿਰ ਪ੍ਰਭੂ ਵਿਚ। ਪਤੀਆਵਣਿਆ = ਜਿਨ੍ਹਾਂ ਨੇ ਗਿਝਾ ਲਿਆ।1। ਹਉ = ਮੈਂ। ਵਾਰੀ = ਕੁਰਬਾਨ। ਮੰਨਿ = ਮਨਿ, ਮਨ ਵਿਚ।1। ਰਹਾਉ। ਕਿਸੁ ਕੇਰਾ = ਕਿਸ ਦਾ? ਠਾਕੁਰੁ = ਪਾਲਣ ਵਾਲਾ ਪ੍ਰਭੂ। ਤ੍ਰਿਭਵਣਿ = ਤਿੰਨਾਂ ਭਵਨਾਂ ਵਿਚ ਵਿਆਪਕ। ਘਣੇਰੀ = ਬਹੁਤ ਲੋਕਾਈ।2। ਵਖਾਣੈ = ਆਖਦਾ ਹੈ। ਸਬਦਿ = ਸ਼ਬਦ ਦੀ ਰਾਹੀਂ। ਨਾਮਿ = ਨਾਮ ਵਿਚ (ਜੁੜ ਕੇ) । ਨੀਸਾਣੈ = ਨੀਸਾਣ ਨਾਲ, ਰਾਹਦਾਰੀ ਲੈ ਕੇ (ਜਾਂਦਾ ਹੈ) । ਦਰਿ = ਦਰ ਤੇ। ਸਚੈ ਦਰਿ = ਪਰਮਾਤਮਾ ਦੇ ਦਰ ਤੇ। ਛੂਟਸਿ = ਲੇਖੇ ਤੋਂ ਸੁਰਖ਼ਰੂ ਹੁੰਦਾ ਹੈ।3। ਮੁਕਤੇ = ਜਮ ਦੀਆਂ ਚੋਟਾਂ ਤੋਂ ਬਚੇ ਹੋਏ।4। ਸਾਕਤ ਕੂੜੈ = ਝੂਠੇ ਮੋਹ ਵਿਚ ਫਸੇ ਹੋਏ ਤੇ ਪ੍ਰਭੂ ਨਾਲੋਂ ਵਿੱਛੁੜੇ ਹੋਏ ਨੂੰ। ਦੁਬਿਧਾ = ਮੇਰ ਤੇਰ, ਦੁ-ਚਿੱਤਾ-ਪਨ।5। ਪੇਈਅੜੈ = ਪੇਕੇ ਘਰ ਵਿਚ, ਇਸ ਲੋਕ ਵਿਚ। ਝੂਠਿ = ਝੂਠੇ ਮੋਹ ਵਿਚ (ਫਸੇ ਰਹਿਣ ਕਰਕੇ) । ਧਾਹੀ = ਧਾਹਾਂ ਮਾਰ ਮਾਰ ਕੇ। ਅਵਗਣਿ ਮੁਠੀ = ਜਿਸ ਨੂੰ ਵਿਕਾਰ ਨੇ ਲੁੱਟ ਲਿਆ। ਗੁਣਿ = ਗੁਣ ਦੀ ਰਾਹੀਂ।6। ਜਿਨਿ = ਜਿਸ (ਜੀਵ-ਇਸਤ੍ਰੀ) ਨੇ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਠਾਕਿ ਰਹਾਏ = ਰੋਕ ਰਖਦਾ ਹੈ।7। ਅਕਥੁ = ਜਿਸ ਦੇ ਗੁਣ ਬਿਆਨ ਨ ਹੋ ਸਕਣ। ਠਾਕੁਰ = ਠਾਕੁਰ ਨੂੰ।8। ਅਰਥ: ਜਿਨ੍ਹਾਂ ਨੇ ਗੁਰੂ ਦੇ ਸ਼ਬਦ ਰਾਹੀਂ ਆਪਣੇ ਜੀਵਨ ਨੂੰ ਸੋਹਣਾ ਬਣਾ ਲਿਆ ਹੈ, ਜਿਨ੍ਹਾਂ ਨੇ ਆਤਮਕ ਜੀਵਨ ਦੇਣ ਵਾਲਾ ਨਾਮ ਸਦਾ ਸੁਖ ਦੇਣ ਵਾਲਾ ਪ੍ਰਭੂ-ਨਾਮ ਗੁਰੂ ਦੀ ਮਤਿ ਲੈ ਕੇ ਆਪਣੇ ਮਨ ਵਿਚ ਵਸਾ ਲਿਆ ਹੈ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ, ਸਦਕੇ ਹਾਂ।1। ਰਹਾਉ। ਹੇ ਸਦਾ-ਥਿਰ ਰਹਿਣ ਵਾਲੇ! ਹੇ ਦੀਨਾਂ ਤੇ ਦਇਆ ਕਰਨ ਵਾਲੇ ਮੇਰੇ ਮਾਲਿਕ! ਜਿਨ੍ਹਾਂ ਨੇ ਆਪਣੇ ਮਨ ਨੂੰ ਤੇਰੇ ਸਦਾ-ਥਿਰ ਨਾਮ ਵਿਚ ਗਿਝਾ ਲਿਆ ਹੈ, ਜੇਹੜੇ ਤੇਰੇ ਹੁਕਮ ਵਿਚ ਤੁਰਦੇ ਹਨ, ਉਹ ਸਾਰੇ ਤੇਰੀ ਸਦਾ-ਥਿਰ ਦਰਗਾਹ ਵਿਚ ਤੇਰੇ ਮਹਲ ਵਿਚ ਸੱਦ ਲਏ ਜਾਂਦੇ ਹਨ।1। (ਦੁਨੀਆ ਵਿਚ) ਕੋਈ ਭੀ ਮੇਰਾ ਸਦਾ ਦਾ ਸਾਥੀ ਨਹੀਂ ਹੈ, ਮੈਂ ਭੀ ਕਿਸੇ ਦਾ ਸਦਾ ਲਈ ਸਾਥੀ ਨਹੀਂ ਹਾਂ। ਮੇਰਾ ਸਦਾ ਵਾਸਤੇ ਪਾਲਣ ਵਾਲਾ ਸਿਰਫ਼ ਉਹੀ (ਪ੍ਰਭੂ) ਹੈ, ਜੋ ਤਿੰਨਾਂ ਭਵਨਾਂ ਵਿਚ ਵਿਆਪਕ ਹੈ। 'ਮੈ ਵੱਡਾ ਹਾਂ, ਮੈਂ ਵੱਡਾ ਹਾਂ' = ਇਹ ਮਾਣ ਕਰ ਕਰ ਕੇ ਬੇਅੰਤ ਲੋਕਾਈ (ਜਗਤ ਤੋਂ) ਤੁਰੀ ਜਾ ਰਹੀ ਹੈ। (ਮਾਣ-ਮੱਤੀ ਲੋਕਾਈ) ਪਾਪ ਕਮਾ ਕਮਾ ਕੇ ਪਛੁਤਾਂਦੀ ਭੀ ਹੈ।2। ਜੇਹੜਾ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਸਮਝਦਾ ਹੈ, (ਉਹ ਮਾਣ ਨਹੀਂ ਕਰਦਾ) ਉਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਉਹ ਪ੍ਰਭੂ ਦੇ ਨਾਮ ਵਿਚ (ਟਿਕ ਕੇ, ਨਾਮ ਦੀ) ਰਾਹਦਾਰੀ ਸਮੇਤ (ਇਥੋਂ ਜਾਂਦਾ ਹੈ) । ਸਦਾ-ਥਿਰ ਪ੍ਰਭੂ ਦੇ ਦਰ ਤੇ ਸਭ ਜੀਵਾਂ ਦੇ ਕਰਮਾਂ ਦਾ ਲੇਖਾ ਹੁੰਦਾ ਹੈ, ਇਸ ਲੇਖੇ ਤੋਂ ਉਹੀ ਸੁਰਖ਼ਰੂ ਹੁੰਦਾ ਹੈ ਜੋ ਨਾਮ ਦੀ ਰਾਹੀਂ ਆਪਣੇ ਜੀਵਨ ਨੂੰ ਸੋਹਣਾ ਬਣਾ ਲੈਂਦਾ ਹੈ।3। ਪ੍ਰਭੂ-ਨਾਮ ਤੋਂ ਖੁੰਝਿਆ ਹੋਇਆ ਮਨ ਦਾ ਮੁਰੀਦ ਮਨੁੱਖ (ਕਰਮਾਂ ਦੇ ਲੇਖੇ ਤੋਂ ਬਚਣ ਲਈ) ਕੋਈ ਥਾਂ ਨਹੀਂ ਲੱਭ ਸਕਦਾ। (ਆਪਣੇ ਕੀਤੇ ਔਗੁਣਾਂ ਦਾ) ਬੱਝਾ ਹੋਇਆ ਜਮਰਾਜ ਦੇ ਦਰ ਤੇ ਮਾਰ ਖਾਂਦਾ ਹੈ, (ਆਤਮਕ ਦੁੱਖ-ਕਲੇਸ਼ ਦੀਆਂ ਚੋਟਾਂ ਤੋਂ ਬਚਣ ਲਈ) ਪ੍ਰਭੂ ਦੇ ਨਾਮ ਤੋਂ ਬਿਨਾ ਹੋਰ ਕੋਈ ਸੰਗੀ ਸਾਥੀ ਨਹੀਂ ਹੋ ਸਕਦਾ। ਜਮ ਦੀਆਂ ਇਹਨਾਂ ਚੋਟਾਂ ਤੋਂ ਉਹੀ ਬਚਦੇ ਹਨ, ਜੋ ਪ੍ਰਭੂ ਦਾ ਨਾਮ ਸਿਮਰਦੇ ਹਨ।4। ਝੂਠੇ ਮੋਹ ਵਿਚ ਫਸੇ ਸਾਕਤ ਨੂੰ ਸਦਾ-ਥਿਰ ਪ੍ਰਭੂ (ਦਾ ਨਾਮ) ਚੰਗਾ ਨਹੀਂ ਲਗਦਾ, (ਉਸ ਨੂੰ ਮੋਹ ਵਾਲੀ ਮੇਰ-ਤੇਰ ਪਸੰਦ ਹੈ) ਉਸ ਮੇਰ-ਤੇਰ ਵਿਚ ਫਸਿਆ ਹੋਇਆ ਜਨਮ ਮਰਨ ਦੇ ਗੇੜ ਵਿਚ ਪੈਂਦਾ ਹੈ। (ਦੁਬਿਧਾ ਵਾਲੇ ਕੀਤੇ ਕਰਮਾਂ ਅਨੁਸਾਰ, ਮੱਥੇ ਉੱਤੇ ਦੁਬਿਧਾ ਦੇ ਸੰਸਕਾਰਾਂ ਦਾ) ਲਿਖਿਆ ਲੇਖ ਕੋਈ ਨਹੀਂ ਮਿਟਾ ਸਕਦਾ। (ਇਸ ਲੇਖ ਤੋਂ) ਉਹੀ ਖ਼ਲਾਸੀ ਪ੍ਰਾਪਤ ਕਰਦਾ ਹੈ, ਜੋ ਗੁਰੂ ਦੀ ਸਰਨ ਪੈਂਦਾ ਹੈ।4। ਜਿਸ ਜੀਵ-ਇਸਤ੍ਰੀ ਨੇ ਪੇਕੇ ਘਰ ਵਿਚ ਪ੍ਰਭੂ-ਪਤੀ ਨਾਲ ਸਾਂਝ ਨਹੀਂ ਪਾਈ, ਝੂਠੇ ਮੋਹ ਦੇ ਕਾਰਨ ਪ੍ਰਭੂ-ਚਰਨਾਂ ਤੋਂ ਵਿੱਛੁੜੀ ਹੋਈ ਉਹ (ਆਖ਼ਿਰ) ਧਾਹਾਂ ਮਾਰ ਮਾਰ ਕੇ ਰੋਂਦੀ ਹੈ। ਜਿਸ (ਦੇ ਆਤਮਕ ਜੀਵਨ) ਨੂੰ ਪਾਪ (-ਸੁਭਾਵ) ਨੇ ਲੁੱਟ ਲਿਆ, ਉਸ ਨੂੰ ਪਰਮਾਤਮਾ ਦਾ ਮਹਲ ਨਹੀਂ ਲੱਭਦਾ। ਇਹਨਾਂ ਔਗਣਾਂ ਨੂੰ ਗੁਣਾਂ ਦਾ ਮਾਲਕ ਪ੍ਰਭੂ (ਆਪ ਹੀ) ਬਖ਼ਸ਼ਦਾ ਹੈ।6। ਜਿਸ ਜੀਵ-ਇਸਤ੍ਰੀ ਨੇ ਪੇਕੇ ਘਰ ਵਿਚ ਪਿਆਰੇ ਪ੍ਰਭੂ ਨਾਲ ਸਾਂਝ ਪਾ ਲਈ, ਉਹ ਗੁਰੂ ਦੀ ਸਰਨ ਪੈ ਕੇ (ਜਗਤ ਦੇ) ਮੂਲ-ਪ੍ਰਭੂ (ਦੇ ਗੁਣਾਂ) ਨੂੰ ਸਮਝਦੀ ਤੇ ਵਿਚਾਰਦੀ ਹੈ। ਜੇਹੜੇ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਟਿਕੇ ਰਹਿੰਦੇ ਹਨ, ਗੁਰੂ ਉਹਨਾਂ ਦਾ ਜਨਮ ਮਰਨ ਦਾ ਗੇੜ ਰੋਕ ਦੇਂਦਾ ਹੈ।7। ਗੁਰੂ ਦੀ ਸਰਨ ਪਿਆਂ ਮਨੁੱਖ ਬੇਅੰਤ ਗੁਣਾਂ ਵਾਲੇ ਪ੍ਰਭੂ (ਦੇ ਗੁਣਾਂ) ਨੂੰ ਸਮਝਦਾ ਹੈ, (ਹੋਰਨਾਂ) ਨੂੰ ਸਿਫ਼ਤਿ-ਸਾਲਾਹ ਵਾਸਤੇ ਪ੍ਰੇਰਦਾ ਹੈ। ਸਦਾ-ਥਿਰ ਠਾਕੁਰ ਨੂੰ (ਸਿਫ਼ਤਿ-ਸਾਲਾਹ ਦਾ) ਸਦਾ-ਥਿਰ ਕਰਮ ਹੀ ਚੰਗਾ ਲੱਗਦਾ ਹੈ। ਹੇ ਨਾਨਕ! (ਗੁਰੂ ਦੀ ਸਰਨ ਪੈਣ ਵਾਲਾ ਮਨੁੱਖ) ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਦਾ ਰਹਿੰਦਾ ਹੈ, (ਸਦਾ-ਥਿਰ ਪ੍ਰਭੂ ਦੇ ਦਰ ਤੇ) ਅਰਜ਼ੋਈਆਂ (ਕਰਦਾ ਰਹਿੰਦਾ ਹੈ) । ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਵਾਲਿਆਂ ਨੂੰ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ।8।1। |
Sri Guru Granth Darpan, by Professor Sahib Singh |