ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 110

ਮਾਝ ਮਹਲਾ ੩ ਘਰੁ ੧ ॥ ਕਰਮੁ ਹੋਵੈ ਸਤਿਗੁਰੂ ਮਿਲਾਏ ॥ ਸੇਵਾ ਸੁਰਤਿ ਸਬਦਿ ਚਿਤੁ ਲਾਏ ॥ ਹਉਮੈ ਮਾਰਿ ਸਦਾ ਸੁਖੁ ਪਾਇਆ ਮਾਇਆ ਮੋਹੁ ਚੁਕਾਵਣਿਆ ॥੧॥ ਹਉ ਵਾਰੀ ਜੀਉ ਵਾਰੀ ਸਤਿਗੁਰ ਕੈ ਬਲਿਹਾਰਣਿਆ ॥ ਗੁਰਮਤੀ ਪਰਗਾਸੁ ਹੋਆ ਜੀ ਅਨਦਿਨੁ ਹਰਿ ਗੁਣ ਗਾਵਣਿਆ ॥੧॥ ਰਹਾਉ ॥ ਤਨੁ ਮਨੁ ਖੋਜੇ ਤਾ ਨਾਉ ਪਾਏ ॥ ਧਾਵਤੁ ਰਾਖੈ ਠਾਕਿ ਰਹਾਏ ॥ ਗੁਰ ਕੀ ਬਾਣੀ ਅਨਦਿਨੁ ਗਾਵੈ ਸਹਜੇ ਭਗਤਿ ਕਰਾਵਣਿਆ ॥੨॥ ਇਸੁ ਕਾਇਆ ਅੰਦਰਿ ਵਸਤੁ ਅਸੰਖਾ ॥ ਗੁਰਮੁਖਿ ਸਾਚੁ ਮਿਲੈ ਤਾ ਵੇਖਾ ॥ ਨਉ ਦਰਵਾਜੇ ਦਸਵੈ ਮੁਕਤਾ ਅਨਹਦ ਸਬਦੁ ਵਜਾਵਣਿਆ ॥੩॥ ਸਚਾ ਸਾਹਿਬੁ ਸਚੀ ਨਾਈ ॥ ਗੁਰ ਪਰਸਾਦੀ ਮੰਨਿ ਵਸਾਈ ॥ ਅਨਦਿਨੁ ਸਦਾ ਰਹੈ ਰੰਗਿ ਰਾਤਾ ਦਰਿ ਸਚੈ ਸੋਝੀ ਪਾਵਣਿਆ ॥੪॥ ਪਾਪ ਪੁੰਨ ਕੀ ਸਾਰ ਨ ਜਾਣੀ ॥ ਦੂਜੈ ਲਾਗੀ ਭਰਮਿ ਭੁਲਾਣੀ ॥ ਅਗਿਆਨੀ ਅੰਧਾ ਮਗੁ ਨ ਜਾਣੈ ਫਿਰਿ ਫਿਰਿ ਆਵਣ ਜਾਵਣਿਆ ॥੫॥ ਗੁਰ ਸੇਵਾ ਤੇ ਸਦਾ ਸੁਖੁ ਪਾਇਆ ॥ ਹਉਮੈ ਮੇਰਾ ਠਾਕਿ ਰਹਾਇਆ ॥ ਗੁਰ ਸਾਖੀ ਮਿਟਿਆ ਅੰਧਿਆਰਾ ਬਜਰ ਕਪਾਟ ਖੁਲਾਵਣਿਆ ॥੬॥ ਹਉਮੈ ਮਾਰਿ ਮੰਨਿ ਵਸਾਇਆ ॥ ਗੁਰ ਚਰਣੀ ਸਦਾ ਚਿਤੁ ਲਾਇਆ ॥ ਗੁਰ ਕਿਰਪਾ ਤੇ ਮਨੁ ਤਨੁ ਨਿਰਮਲੁ ਨਿਰਮਲ ਨਾਮੁ ਧਿਆਵਣਿਆ ॥੭॥ ਜੀਵਣੁ ਮਰਣਾ ਸਭੁ ਤੁਧੈ ਤਾਈ ॥ ਜਿਸੁ ਬਖਸੇ ਤਿਸੁ ਦੇ ਵਡਿਆਈ ॥ ਨਾਨਕ ਨਾਮੁ ਧਿਆਇ ਸਦਾ ਤੂੰ ਜੰਮਣੁ ਮਰਣੁ ਸਵਾਰਣਿਆ ॥੮॥੧॥੨॥ {ਪੰਨਾ 110}

ਪਦ ਅਰਥ: ਕਰਮੁ = ਬਖ਼ਸ਼ਸ਼। ਸਬਦਿ = ਗੁਰੂ ਦੇ ਸ਼ਬਦ ਵਿਚ। ਲਾਏ = ਜੋੜਦਾ ਹੈ। ਮਾਰਿ = ਮਾਰ ਕੇ। ਸੁਖੁ = ਆਤਮਕ ਆਨੰਦ। ਚੁਕਾਵਣਿਆ = ਮੁਕਾ ਦਿੱਤਾ।1।

ਹਉ = ਮੈਂ। ਵਾਰੀ = ਸਦਕੇ। ਬਲਿਹਾਰਣਿਆ = ਕੁਰਬਾਨ। ਪਰਗਾਸੁ = ਆਤਮਕ ਜੀਵਨ ਦੇਣ ਵਾਲੀ ਰੌਸ਼ਨੀ। ਅਨਦਿਨੁ = ਹਰ ਰੋਜ਼।1। ਰਹਾਉ।

ਤਾ = ਤਦੋਂ। ਪਾਵਤੁ = ਮਾਇਆ ਵਲ ਦੌੜਦਾ ਮਨ। ਰਾਖੈ = ਕਾਬੂ ਕਰੇ। ਠਾਕਿ = ਰੋਕ ਕੇ। ਰਹਾਏ = ਰੱਖੇ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ।2।

ਕਾਇਆ = ਸਰੀਰ। ਅਸੰਖਾ = ਬੇਅੰਤ ਗੁਣਾਂ ਵਾਲਾ ਪ੍ਰਭੂ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸਾਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਨਉ ਦਰਵਾਜੇ = ਨੌ ਗੋਲਕਾਂ {ਦੋ ਅੱਖਾਂ, ਦੋ ਕੰਨ, ਦੋ ਨਾਸਾਂ, ਮੂੰਹ, ਗੁਦਾ, ਲਿੰਗ}। ਦਸਵੈ = ਦਸਵੇ ਦਰਵਾਜ਼ੇ ਦੀ ਰਾਹੀਂ, ਦਿਮਾਗ਼ ਦੀ ਰਾਹੀਂ ਵਿਚਾਰ ਕਰ ਕੇ। ਮੁਕਤਾ = ਮਾਇਆ ਦੇ ਮੋਹ ਤੋਂ ਆਜ਼ਾਦ। ਅਨਹਦ = {Anwhq = An` Awhq, ਬਿਨਾ ਵਜਾਏ} ਇਕ-ਰਸ, ਲਗਾਤਾਰ।3।

ਸਚਾ = ਸਦਾ-ਥਿਰ ਰਹਿਣ ਵਾਲਾ। ਸਾਹਿਬੁ = ਮਾਲਕ। ਨਾਈ = {Ônw = ਅਰਬੀ ਲਫ਼ਜ਼} ਵਡਿਆਈ। ਮੰਨਿ = ਮਨਿ, ਮਨ ਵਿਚ। ਰੰਗਿ = ਪ੍ਰੇਮ ਨਾਲ। ਰਾਤਾ = ਮਸਤ। ਦਰਿ ਸਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ, ਪ੍ਰਭੂ ਦੀ ਹਜ਼ੂਰੀ ਵਿਚ। ਸੋਝੀ = ਆਤਮਕ ਜੀਵਨ ਦੀ ਸਮਝ।4।

ਸਾਰ = ਤਮੀਜ਼, ਪਛਾਣ। ਪੁੰਨ = ਭਲਾ ਕੰਮ। ਦੂਜੈ = ਮਾਇਆ ਦੇ ਮੋਹ ਵਿਚ। ਭਰਮਿ = ਭਟਕਣਾ ਵਿਚ। ਭੁਲਾਣੀ = ਕੁਰਾਹੇ ਪਈ। ਮਗੁ = (ਜੀਵਨ ਦਾ ਸਹੀ) ਰਸਤਾ।5।

ਤੇ = ਤੋਂ, ਨਾਲ। ਮੇਰਾ = ਮਮਤਾ। ਸਾਖੀ = ਸਿੱਖਿਆ ਦੀ ਰਾਹੀਂ। ਬਜਰ = {vjR} ਬੱਜਰ ਵਰਗੇ ਕਰੜੇ। ਕਪਾਟ = {kpwt} ਦਰਵਾਜ਼ੇ ਦੇ ਭਿੱਤ।6।

ਮਾਰਿ = ਮਾਰ ਕੇ। ਮੰਨਿ = ਮਨਿ, ਮਨ ਵਿਚ। ਤੇ = ਨਾਲ, ਤੋਂ।7।

ਤੁਧੈ ਤਾਈ = ਤੇਰੇ ਵੱਸ ਹੈ। ਦੇ = ਦੇਂਦਾ ਹੈ।8।

ਅਰਥ: ਜਿਸ ਮਨੁੱਖ ਉਤੇ ਪ੍ਰਭੂ ਦੀ ਬਖ਼ਸ਼ਸ਼ ਹੋਵੇ, ਉਸ ਨੂੰ ਪ੍ਰਭੂ ਗੁਰੂ ਮਿਲਾਂਦਾ ਹੈ (ਗੁਰੂ ਦੀ ਮਿਹਰ ਨਾਲ ਉਹ ਮਨੁੱਖ) ਸੇਵਾ ਵਿਚ ਸੁਰਤਿ ਟਿਕਾਂਦਾ ਹੈ ਗੁਰੂ ਦੇ ਸ਼ਬਦ ਵਿਚ ਚਿੱਤ ਜੋੜਦਾ ਹੈ। (ਇਸ ਤਰ੍ਹਾਂ) ਉਹ (ਆਪਣੇ ਅੰਦਰੋਂ) ਹਉਮੈ ਮਾਰ ਕੇ ਮਾਇਆ ਦਾ ਮੋਹ ਦੂਰ ਕਰਦਾ ਹੈ, ਤੇ ਸਦਾ ਆਤਮਕ ਆਨੰਦ ਮਾਣਦਾ ਹੈ।1।

ਮੈਂ ਸਦਾ ਗੁਰੂ ਤੋਂ ਸਦਕੇ ਹਾਂ ਕੁਰਬਾਨ ਹਾਂ। ਗੁਰੂ ਦੀ ਮਤਿ ਲਿਆਂ ਹੀ ਮਨੁੱਖ ਦੇ ਅੰਦਰ (ਸਹੀ ਜੀਵਨ ਵਾਸਤੇ) ਆਤਮਕ ਚਾਨਣ ਹੁੰਦਾ ਹੈ, ਤੇ ਮਨੁੱਖ ਹਰ ਰੋਜ਼ (ਹਰ ਵੇਲੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ।1। ਰਹਾਉ।

ਜਦੋਂ ਮਨੁੱਖ ਆਪਣੇ ਮਨ ਨੂੰ ਖੋਜਦਾ ਰਹੇ ਆਪਣੇ ਸਰੀਰ ਨੂੰ ਖੋਜਦਾ ਰਹੇ (ਭਾਵ, ਜੇ ਮਨੁੱਖ ਇਹ ਧਿਆਨ ਰੱਖੇ ਕਿ ਕਿਤੇ ਮਨ ਤੇ ਗਿਆਨ-ਇੰਦ੍ਰੇ ਵਿਕਾਰਾਂ ਵਲ ਤਾਂ ਨਹੀਂ ਪਰਤ ਰਹੇ) , ਤਦੋਂ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲੈਂਦਾ ਹੈ, (ਤੇ ਇਸ ਤਰ੍ਹਾਂ ਵਿਕਾਰਾਂ ਵਾਲੇ ਪਾਸੇ) ਦੌੜਦੇ ਮਨ ਨੂੰ ਕਾਬੂ ਕਰ ਲੈਂਦਾ ਹੈ, ਰੋਕ ਕੇ (ਪ੍ਰਭੂ-ਚਰਨਾਂ ਵਿਚ) ਜੋੜੀ ਰੱਖਦਾ ਹੈ। ਉਹ ਮਨੁੱਖ ਹਰ ਵੇਲੇ ਗੁਰੂ ਦੀ ਬਾਣੀ ਗਾਂਦਾ ਰਹਿੰਦਾ ਹੈ, ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੀ ਭਗਤੀ ਕਰਦਾ ਰਹਿੰਦਾ ਹੈ।2।

ਬੇਅੰਤ ਗੁਣਾਂ ਦਾ ਮਾਲਕ ਪ੍ਰਭੂ ਮਨੁੱਖ ਦੇ ਇਸ ਸਰੀਰ ਦੇ ਅੰਦਰ ਹੀ ਵੱਸਦਾ ਹੈ। ਗੁਰੂ ਦੇ ਸਨਮੁਖ ਰਹਿ ਕੇ ਜਦੋਂ ਮਨੁੱਖ ਨੂੰ ਸਦਾ-ਥਿਰ ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ, ਤਾਂ (ਆਪਣੇ ਅੰਦਰ ਵੱਸਦੇ ਪ੍ਰਭੂ ਦਾ) ਦਰਸਨ ਕਰਦਾ ਹੈ, ਤਦੋਂ ਮਨੁੱਖ ਨੌ ਗੋਲਕਾਂ ਦੀਆਂ ਵਾਸਨਾਂ ਤੋਂ ਉੱਚਾ ਹੋ ਕੇ ਦਸਵਂੇ ਦੁਆਰ ਵਿਚ (ਭਾਵ, ਵਿਚਾਰ ਮੰਡਲ ਵਿਚ) ਪਹੁੰਚ ਕੇ (ਵਿਕਾਰਾਂ ਵਲੋਂ) ਆਜ਼ਾਦ ਹੋ ਜਾਂਦਾ ਹੈ ਤੇ (ਆਪਣੇ ਅੰਦਰ) ਇਕ-ਰਸ ਸਿਫ਼ਤਿ-ਸਾਲਾਹ ਦੀ ਬਾਣੀ ਦਾ ਅਭਿਆਸ ਕਰਦਾ ਹੈ।3।

ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੀ ਵਡਿਆਈ ਭੀ ਸਦਾ ਕਾਇਮ ਰਹਿਣ ਵਾਲੀ ਹੈ। (ਹੇ ਭਾਈ!) ਗੁਰੂ ਦੀ ਕਿਰਪਾ ਨਾਲ (ਉਸ ਨੂੰ ਆਪਣੇ) ਮਨ ਵਿਚ ਟਿਕਾਈ ਰੱਖ। (ਜੇਹੜਾ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਮਨ ਵਿਚ ਵਸਾਂਦਾ ਹੈ) ਉਹ ਹਰ ਵੇਲੇ ਸਦਾ ਪ੍ਰਭੂ ਦੇ ਪ੍ਰੇਮ ਵਿਚ ਮਸਤ ਰਹਿੰਦਾ ਹੈ, (ਇਸ ਤਰ੍ਹਾਂ) ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿਚ ਪਹੁੰਚਿਆ ਹੋਇਆ ਉਹ ਮਨੁੱਖ (ਸਹੀ ਜੀਵਨ ਦੀ) ਸਮਝ ਪ੍ਰਾਪਤ ਕਰਦਾ ਹੈ।4।

ਜਿਸ ਮਨੁੱਖ ਨੇ ਚੰਗੇ ਮੰਦੇ ਕਰਮਾਂ ਦੀ ਤਮੀਜ਼ ਨਹੀਂ ਕੀਤੀ (ਭਾਵ, ਕੋਈ ਭਲਾ ਕੰਮ ਹੋਵੇ ਚਾਹੇ ਬੁਰਾ ਕੰਮ ਹੋਵੇ ਜੋ ਮਨੁੱਖ ਕਰਨੋਂ ਸੰਕੋਚ ਨਹੀਂ ਕਰਦਾ) , ਜਿਸ ਮਨੁੱਖ ਦੀ ਸੁਰਤਿ ਮਾਇਆ ਦੇ ਮੋਹ ਵਿਚ ਟਿਕੀ ਰਹਿੰਦੀ ਹੈ, ਜੋ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ, ਉਹ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ (ਜੀਵਨ ਦਾ ਸਹੀ) ਰਸਤਾ ਨਹੀਂ ਸਮਝਦਾ, ਉਹ ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।5।

ਗੁਰੂ ਦੀ ਦੱਸੀ ਸੇਵਾ ਦੀ ਰਾਹੀਂ ਮਨੁੱਖ ਸਦਾ ਆਤਮਕ ਆਨੰਦ ਮਾਣਦਾ ਹੈ, ਹਉਮੈ ਤੇ ਮਮਤਾ ਨੂੰ ਰੋਕ ਕੇ ਵੱਸ ਵਿਚ ਰੱਖਦਾ ਹੈ। ਗੁਰੂ ਦੀ ਸਿੱਖਿਆ ਉਤੇ ਤੁਰ ਕੇ ਉਸ ਦੇ ਅੰਦਰੋਂ ਮਾਇਆ ਦੇ ਮੋਹ ਦਾ ਹਨੇਰਾ ਦੂਰ ਹੋ ਜਾਂਦਾ ਹੈ (ਉਸ ਦੇ ਮਾਇਆ ਦੇ ਮੋਹ ਦੇ ਉਹ) ਕਰੜੇ ਕਿਵਾੜ ਖੁੱਲ੍ਹ ਜਾਂਦੇ ਹਨ (ਜਿਨ੍ਹਾਂ ਵਿਚ ਉਸ ਦੀ ਸੁਰਤਿ ਜਕੜੀ ਪਈ ਸੀ) ।6।

ਜਿਸ ਮਨੁੱਖ ਨੇ ਸਦਾ ਗੁਰੂ ਦੇ ਚਰਨਾਂ ਵਿਚ ਆਪਣਾ ਚਿੱਤ ਜੋੜੀ ਰੱਖਿਆ, ਜਿਸ ਨੇ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ (ਆਪਣੇ) ਮਨ ਵਿਚ (ਗੁਰੂ ਦਾ ਸ਼ਬਦ ਵਸਾਈ ਰੱਖਿਆ, ਗੁਰੂ ਦੀ ਕਿਰਪਾ ਨਾਲ ਉਸ ਦਾ ਮਨ ਪਵਿਤ੍ਰ ਹੋ ਗਿਆ, ਉਸ ਦਾ ਸਰੀਰ (ਭਾਵ, ਸਾਰੇ ਗਿਆਨ-ਇੰਦ੍ਰੇ) ਪਵਿਤ੍ਰ ਹੋ ਗਿਆ, ਉਹ ਪਵਿਤ੍ਰ-ਪ੍ਰਭੂ ਦਾ ਨਾਮ ਸਦਾ ਸਿਮਰਦਾ ਰਹਿੰਦਾ ਹੈ।7।

(ਹੇ ਪ੍ਰਭੂ! ਜੀਵਾਂ ਦਾ) ਜੀਊਣਾ (ਜੀਵਾਂ ਦੀ) ਮੌਤ ਸਭ ਤੇਰੇ ਵੱਸ ਵਿਚ ਹੈ। (ਹੇ ਭਾਈ!) ਜਿਸ ਜੀਵ ਉਤੇ ਪ੍ਰਭੂ ਮਿਹਰ ਕਰਦਾ ਹੈ, ਉਸ ਨੂੰ (ਆਪਣੇ ਨਾਮ ਦੀ ਦਾਤਿ ਦੇ ਕੇ) ਵਡਿਆਈ ਬਖ਼ਸ਼ਦਾ ਹੈ। ਹੇ ਨਾਨਕ! ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹੁ। (ਨਾਮ ਦੀ ਬਰਕਤਿ ਨਾਲ) ਜਨਮ ਤੋਂ ਲੈ ਕੇ ਮੌਤ ਤਕ ਸਾਰਾ ਜੀਵਨ ਸੋਹਣਾ ਬਣ ਜਾਂਦਾ ਹੈ।8।1।2।

ਨੋਟ: ਅੰਕ ਨੰ: 2 ਦਾ ਭਾਵ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਅਸਟਪਦੀ ਰਲਾ ਕੇ ਸਾਰਾ ਜੋੜ 2 ਬਣਿਆ ਹੈ।

ਮਾਝ ਮਹਲਾ ੩ ॥ ਮੇਰਾ ਪ੍ਰਭੁ ਨਿਰਮਲੁ ਅਗਮ ਅਪਾਰਾ ॥ ਬਿਨੁ ਤਕੜੀ ਤੋਲੈ ਸੰਸਾਰਾ ॥ ਗੁਰਮੁਖਿ ਹੋਵੈ ਸੋਈ ਬੂਝੈ ਗੁਣ ਕਹਿ ਗੁਣੀ ਸਮਾਵਣਿਆ ॥੧॥ ਹਉ ਵਾਰੀ ਜੀਉ ਵਾਰੀ ਹਰਿ ਕਾ ਨਾਮੁ ਮੰਨਿ ਵਸਾਵਣਿਆ ॥ ਜੋ ਸਚਿ ਲਾਗੇ ਸੇ ਅਨਦਿਨੁ ਜਾਗੇ ਦਰਿ ਸਚੈ ਸੋਭਾ ਪਾਵਣਿਆ ॥੧॥ ਰਹਾਉ ॥ ਆਪਿ ਸੁਣੈ ਤੈ ਆਪੇ ਵੇਖੈ ॥ ਜਿਸ ਨੋ ਨਦਰਿ ਕਰੇ ਸੋਈ ਜਨੁ ਲੇਖੈ ॥ ਆਪੇ ਲਾਇ ਲਏ ਸੋ ਲਾਗੈ ਗੁਰਮੁਖਿ ਸਚੁ ਕਮਾਵਣਿਆ ॥੨॥ ਜਿਸੁ ਆਪਿ ਭੁਲਾਏ ਸੁ ਕਿਥੈ ਹਥੁ ਪਾਏ ॥ ਪੂਰਬਿ ਲਿਖਿਆ ਸੁ ਮੇਟਣਾ ਨ ਜਾਏ ॥ ਜਿਨ ਸਤਿਗੁਰੁ ਮਿਲਿਆ ਸੇ ਵਡਭਾਗੀ ਪੂਰੈ ਕਰਮਿ ਮਿਲਾਵਣਿਆ ॥੩॥ ਪੇਈਅੜੈ ਧਨ ਅਨਦਿਨੁ ਸੁਤੀ ॥ ਕੰਤਿ ਵਿਸਾਰੀ ਅਵਗਣਿ ਮੁਤੀ ॥ ਅਨਦਿਨੁ ਸਦਾ ਫਿਰੈ ਬਿਲਲਾਦੀ ਬਿਨੁ ਪਿਰ ਨੀਦ ਨ ਪਾਵਣਿਆ ॥੪॥ ਪੇਈਅੜੈ ਸੁਖਦਾਤਾ ਜਾਤਾ ॥ ਹਉਮੈ ਮਾਰਿ ਗੁਰ ਸਬਦਿ ਪਛਾਤਾ ॥ ਸੇਜ ਸੁਹਾਵੀ ਸਦਾ ਪਿਰੁ ਰਾਵੇ ਸਚੁ ਸੀਗਾਰੁ ਬਣਾਵਣਿਆ ॥੫॥ ਲਖ ਚਉਰਾਸੀਹ ਜੀਅ ਉਪਾਏ ॥ ਜਿਸ ਨੋ ਨਦਰਿ ਕਰੇ ਤਿਸੁ ਗੁਰੂ ਮਿਲਾਏ ॥ ਕਿਲਬਿਖ ਕਾਟਿ ਸਦਾ ਜਨ ਨਿਰਮਲ ਦਰਿ ਸਚੈ ਨਾਮਿ ਸੁਹਾਵਣਿਆ ॥੬॥ ਲੇਖਾ ਮਾਗੈ ਤਾ ਕਿਨਿ ਦੀਐ ॥ ਸੁਖੁ ਨਾਹੀ ਫੁਨਿ ਦੂਐ ਤੀਐ ॥ ਆਪੇ ਬਖਸਿ ਲਏ ਪ੍ਰਭੁ ਸਾਚਾ ਆਪੇ ਬਖਸਿ ਮਿਲਾਵਣਿਆ ॥੭॥ ਆਪਿ ਕਰੇ ਤੈ ਆਪਿ ਕਰਾਏ ॥ ਪੂਰੇ ਗੁਰ ਕੈ ਸਬਦਿ ਮਿਲਾਏ ॥ ਨਾਨਕ ਨਾਮੁ ਮਿਲੈ ਵਡਿਆਈ ਆਪੇ ਮੇਲਿ ਮਿਲਾਵਣਿਆ ॥੮॥੨॥੩॥ {ਪੰਨਾ 110-111}

ਪਦ ਅਰਥ: ਨਿਰਮਲੁ = ਵਿਕਾਰਾਂ ਦੀ ਮੈਲ ਤੋਂ ਰਹਿਤ। ਅਗਮ = ਅਪਹੁੰਚ। ਅਪਾਰਾ = ਜਿਸ ਦੇ ਗੁਣਾਂ ਦਾ ਪਾਰਲਾ ਬੰਨਾ ਨਾਹ ਲੱਭ ਸਕੇ, ਬੇਅੰਤ। ਗੁਰਮੁਖਿ = ਗੁਰੂ ਦੇ ਸਨਮੁਖ। ਕਹਿ = ਆਖ ਕੇ। ਗੁਣੀ = ਗੁਣਾਂ ਦੇ ਮਾਲਕ ਪ੍ਰਭੂ ਵਿਚ।1।

ਹਉ = ਮੈਂ। ਮੰਨਿ = ਮਨਿ, ਮਨ ਵਿਚ। ਸਚਿ = ਸਦਾ-ਥਿਰ ਪ੍ਰਭੂ ਵਿਚ। ਜਾਗੇ = ਮਾਇਆ ਦੇ ਹੱਲਿਆਂ ਤੋਂ ਸੁਚੇਤ। ਦਰਿ = ਦਰ ਤੇ।1। ਰਹਾਉ।

ਤੈ = ਅਤੇ। ਜਿਸ ਨੋ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ। ਵੇਖੋ 'ਗੁਰਬਾਣੀ ਵਿਆਕਰਣ'}। ਲੇਖੈ = ਲੇਖੇ ਵਿਚ, ਪਰਵਾਨ। ਸਚੁ = ਸਦਾ-ਥਿਰ ਪ੍ਰਭੂ ਦਾ ਨਾਮ।2।

ਭੁਲਾਏ = ਗ਼ਲਤ ਜੀਵਨ-ਰਾਹ ਤੇ ਪਾ ਦੇਵੇ। ਕਿਥੈ ਹਥੁ ਪਾਏ = ਕਿਸ ਦਾ ਪੱਲਾ ਫੜੇ? ਪੂਰਬਿ = ਪਹਿਲੇ ਜਨਮ ਵਿਚ (ਕੀਤੇ ਕਰਮਾਂ ਅਨੁਸਾਰ) । ਲਿਖਿਆ = ਸੰਸਕਾਰ-ਰੂਪ ਲੇਖ। ਕਰਮਿ = ਮਿਹਰ ਨਾਲ।3।

ਪੇਈਅੜੈ = ਪੇਕੇ ਘਰ ਵਿਚ, ਇਸ ਲੋਕ ਵਿਚ। ਧਨ = (ਜੀਵ-) ਇਸਤ੍ਰੀ। ਸੁਤੀ = ਮਾਇਆ ਦੇ ਮੋਹ ਦੀ ਨੀਂਦ ਵਿਚ ਮਸਤ। ਕੰਤਿ = ਕੰਤ ਨੇ। ਵਿਸਾਰੀ = ਭੁਲਾ ਦਿਤੀ। ਅਵਗਣਿ = ਔਗੁਣ ਦੇ ਕਾਰਨ। ਮੁਤੀ = ਛੱਡੀ ਹੋਈ, ਛੁੱਟੜ। ਨੀਂਦ = ਆਤਮਕ ਸ਼ਾਂਤੀ।4।

ਸੁਖਦਾਤਾ = ਸੁਖ ਦੇਣ ਵਾਲਾ ਪ੍ਰਭੂ। ਜਾਤਾ = ਪਛਾਣਿਆ। ਸਬਦਿ = ਸ਼ਬਦ ਵਿਚ ਜੁੜ ਕੇ। ਸੇਜ = ਹਿਰਦਾ-ਸੇਜ। ਸੁਹਾਵੀ = ਸੋਹਣੀ। ਰਾਵੇ = ਮਾਣਦੀ ਹੈ। ਸਚੁ = ਸਦਾ ਕਾਇਮ ਰਹਿਣ ਵਾਲਾ।5।

ਜੀਅ = {ਲਫ਼ਜ਼ 'ਜੀਵ' ਤੋਂ ਬਹੁ-ਵਚਨ}। ਕਿਲਬਿਖ = ਪਾਪ। ਕਾਟਿ = ਕੱਟ ਕੇ। ਨਾਮਿ = ਨਾਮ ਵਿਚ। (ਜੁੜੇ ਰਹਿਣ ਦੇ ਕਾਰਨ) ।6।

ਕਿਨਿ = ਕਿਸ ਨੇ? ਕਿਨਿ ਦੀਐ = ਕਿਸ ਨੇ ਦਿੱਤਾ ਹੈ? ਕੋਈ ਨਹੀਂ ਦੇ ਸਕਦਾ। ਫੁਨਿ = ਮੁੜ। ਦੂਐ ਤੀਐ = ਗਿਣਤੀ ਕਰਨ ਵਿਚ, ਲੇਖਾ ਦੇਣ ਵਿਚ। ਬਖਸਿ = ਬਖ਼ਸ਼ ਕੇ।7।

ਤੈ = ਅਤੇ। ਕੈ ਸਬਦਿ = ਦੇ ਸ਼ਬਦ ਵਿਚ। ਮੇਲਿ = ਮਿਲਾਪ ਵਿਚ, ਚਰਨਾਂ ਵਿਚ।8।

ਅਰਥ: ਪਿਆਰਾ ਪ੍ਰਭੂ ਆਪ ਪਵਿਤ੍ਰ-ਸਰੂਪ ਹੈ ਅਪਹੁੰਚ ਹੈ ਤੇ ਬੇਅੰਤ ਹੈ। ਉਹ ਤੱਕੜੀ (ਵਰਤਣ ਤੋਂ) ਬਿਨਾ ਹੀ ਸਾਰੇ ਸੰਸਾਰ ਦੇ ਜੀਵਾਂ ਦੇ ਜੀਵਨ ਨੂੰ ਪਰਖਦਾ ਰਹਿੰਦਾ ਹੈ (ਹਰੇਕ ਜੀਵ ਦੇ ਅੰਦਰ ਵਿਆਪਕ ਰਹਿ ਕੇ) । (ਇਸ ਭੇਤ ਨੂੰ) ਉਹੀ ਮਨੁੱਖ ਸਮਝਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ (ਗੁਰੂ ਦੀ ਰਾਹੀਂ) ਪਰਮਾਤਮਾ ਦੇ ਗੁਣ ਉਚਾਰ ਕੇ ਗੁਣਾਂ ਦੇ ਮਾਲਕ-ਪ੍ਰਭੂ ਵਿਚ ਲੀਨ ਹੋਇਆ ਰਹਿੰਦਾ ਹੈ।1।

ਮੈਂ ਸਦਾ ਉਹਨਾਂ ਤੋਂ ਸਦਕੇ ਜਾਂਦਾ ਹਾਂ, ਜੋ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਂਦੇ ਹਨ। ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਵਿਚ ਲਿਵ ਲਾਈ ਰੱਖਦੇ ਹਨ, ਉਹ ਹਰ ਵੇਲੇ ਮਾਇਆ ਦੇ ਹੱਲਿਆਂ ਵਲੋਂ ਸੁਚੇਤ ਰਹਿੰਦੇ ਹਨ, ਤੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਹਜ਼ੂਰੀ ਵਿਚ ਸੋਭਾ ਪਾਂਦੇ ਹਨ।1। ਰਹਾਉ।

ਪਰਮਾਤਮਾ ਆਪ ਹੀ (ਸਭ ਜੀਵਾਂ ਦੀ ਅਰਦਾਸ) ਸੁਣਦਾ ਹੈ ਤੇ ਆਪ ਹੀ (ਸਭ ਦੀ) ਸੰਭਾਲ ਕਰਦਾ ਹੈ। ਜਿਸ ਜੀਵ ਉੱਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ, ਉਹੀ ਮਨੁੱਖ (ਉਸਦੇ ਦਰ ਤੇ) ਕਬੂਲ ਹੁੰਦਾ ਹੈ। ਜਿਸ ਮਨੁੱਖ ਨੂੰ ਪ੍ਰਭੂ ਆਪ ਆਪਣੀ ਯਾਦ ਵਿਚ ਜੋੜੀ ਰੱਖਦਾ ਹੈ, ਉਹੀ ਜੁੜਿਆ ਰਹਿੰਦਾ ਹੈ, ਉਹ ਗੁਰੂ ਦੇ ਸਨਮੁਖ ਹੋ ਕੇ ਸਦਾ-ਥਿਰ ਨਾਮ ਸਿਮਰਨ ਦੀ ਕਮਾਈ ਕਰਦਾ ਹੈ।2।

(ਪਰ) ਜਿਸ ਮਨੁੱਖ ਨੂੰ ਪ੍ਰਭੂ ਆਪ ਗ਼ਲਤ ਰਸਤੇ ਪਾ ਦੇਵੇ, ਉਹ (ਸਹੀ ਰਾਹ ਲੱਭਣ ਵਾਸਤੇ) ਕਿਸੇ ਹੋਰ ਦਾ ਆਸਰਾ ਨਹੀਂ ਲੈ ਸਕਦਾ। ਪੂਰਬਲੇ ਜਨਮ ਵਿਚ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਲੇਖ ਮਿਟਾਇਆ ਨਹੀਂ ਜਾ ਸਕਦਾ (ਤੇ ਉਹ ਲੇਖ ਕੁਰਾਹੇ ਪਾਈ ਰੱਖਦਾ ਹੈ) । ਜਿਨ੍ਹਾਂ ਮਨੁੱਖਾਂ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਹ ਵੱਡੇ ਭਾਗਾਂ ਵਾਲੇ ਜਾਣੋ। ਉਹਨਾਂ ਨੂੰ ਪੂਰੀ ਮਿਹਰ ਨਾਲ ਪ੍ਰਭੂ ਆਪਣੇ ਚਰਨਾਂ ਵਿਚ ਮਿਲਾਈ ਰੱਖਦਾ ਹੈ।3।

ਜੇਹੜੀ ਜੀਵ-ਇਸਤ੍ਰੀ ਇਸ ਲੋਕ ਵਿਚ ਹਰ ਵੇਲੇ ਮਾਇਆ ਦੇ ਮੋਹ ਦੀ ਨੀਂਦ ਵਿਚ ਮਸਤ ਰਹਿੰਦੀ ਹੈ, ਉਸ ਨੂੰ ਖਸਮ ਪ੍ਰਭੂ ਨੇ ਭੁਲਾ ਦਿੱਤਾ ਹੈ, ਉਹ ਆਪਣੀ ਭੁੱਲ ਦੇ ਕਾਰਨ ਛੁੱਟੜ ਹੋਈ ਪਈ ਹੈ। ਉਹ ਜੀਵ-ਇਸਤ੍ਰੀ ਹਰ ਵੇਲੇ ਦੁਖੀ ਭਟਕਦੀ ਫਿਰਦੀ ਹੈ, ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਉਸ ਨੂੰ ਆਤਮਕ ਸੁਖ ਨਹੀਂ ਮਿਲਦਾ।4।

ਜਿਸ ਜੀਵ-ਇਸਤ੍ਰੀ ਨੇ ਪੇਕੇ ਘਰ ਵਿਚ ਸੁਖ ਦੇਣ ਵਾਲੇ ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਪਾਈ ਰੱਖੀ, ਜਿਸ ਨੇ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ-ਪਤੀ ਨੂੰ ਪਛਾਣ ਲਿਆ, ਉਸ ਦੇ ਹਿਰਦੇ ਦੀ ਸੇਜ ਸੋਹਣੀ ਬਣ ਜਾਂਦੀ ਹੈ, ਉਹ ਸਦਾ ਪ੍ਰਭੂ-ਪਤੀ ਦਾ ਮਿਲਾਪ ਮਾਣਦੀ ਹੈ, ਸਦਾ-ਥਿਰ ਪ੍ਰਭੂ ਦੇ ਨਾਮ ਨੂੰ ਉਹ ਆਪਣੇ ਜੀਵਨ ਦਾ ਸ਼ਿੰਗਾਰ ਬਣਾ ਲੈਂਦੀ ਹੈ।5।

ਪਰਮਾਤਮਾ ਨੇ ਚੌਰਾਸੀ ਲੱਖ ਜੂਨਾਂ ਵਿਚ ਬੇਅੰਤ ਜੀਵ ਪੈਦਾ ਕੀਤੇ ਹੋਏ ਹਨ, ਜਿਸ ਜੀਵ ਉੱਤੇ ਉਹ ਮੇਹਰ ਦੀ ਨਜ਼ਰ ਕਰਦਾ ਹੈ ਉਸ ਨੂੰ ਗੁਰੂ ਮਿਲਾ ਦੇਂਦਾ ਹੈ। (ਗੁਰੂ-ਚਰਨਾਂ ਵਿਚ ਜੁੜੇ ਹੋਏ) ਬੰਦੇ ਆਪਣੇ ਪਾਪ ਦੂਰ ਕਰਕੇ ਸਦਾ ਪਵਿਤ੍ਰ-ਜੀਵਨ ਵਾਲੇ ਹੋ ਜਾਂਦੇ ਹਨ, ਤੇ ਸਦਾ-ਥਿਰ ਪ੍ਰਭੂ ਦੇ ਦਰ ਤੇ ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਸੋਭਾ ਪਾਂਦੇ ਹਨ।6।

(ਅਸੀਂ ਜੀਵ ਸਦਾ ਭੁੱਲਣਹਾਰ ਹਾਂ) ਜੇ ਪ੍ਰਭੂ (ਸਾਡੇ ਕੀਤੇ ਕਰਮਾਂ ਦਾ) ਹਿਸਾਬ ਮੰਗਣ ਲੱਗੇ, ਤਾਂ ਕੋਈ ਜੀਵ ਹਿਸਾਬ ਨਹੀਂ ਦੇ ਸਕਦਾ (ਭਾਵ, ਲੇਖੇ ਵਿਚ ਪੂਰਾ ਨਹੀਂ ਉਤਰ ਸਕਦਾ) । (ਆਪਣੇ ਕੀਤੇ ਕਰਮਾਂ ਦਾ) ਲੇਖਾ ਗਿਣਾਇਆਂ (ਭਾਵ, ਲੇਖੇ ਵਿਚ ਸੁਰਖ਼ਰੂ ਹੋਣ ਦੀ ਆਸ ਤੇ) ਕਿਸੇ ਨੂੰ ਆਤਮਕ ਆਨੰਦ ਨਹੀਂ ਮਿਲ ਸਕਦਾ। ਪ੍ਰਭੂ ਆਪ ਹੀ ਮਿਹਰ ਕਰਕੇ (ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ।7।

(ਸਭ ਜੀਵਾਂ ਵਿਚ ਵਿਆਪਕ ਹੋ ਕੇ) ਪ੍ਰਭੂ ਆਪ ਹੀ (ਸਭ ਕੁਝ) ਕਰਦਾ ਹੈ ਅਤੇ ਆਪ ਹੀ (ਪ੍ਰੇਰਨਾ ਕਰ ਕੇ ਜੀਵਾਂ ਪਾਸੋਂ) ਕਰਾਂਦਾ ਹੈ। ਪ੍ਰਭੂ ਆਪ ਹੀ ਪੂਰੇ ਗੁਰੂ ਦੇ ਸ਼ਬਦ ਵਿਚ ਜੋੜ ਕੇ ਆਪਣੇ ਚਰਨਾਂ ਵਿਚ ਮਿਲਾਂਦਾ ਹੈ। ਹੇ ਨਾਨਕ! ਜਿਸ ਮਨੁੱਖ ਨੂੰ (ਉਸ ਦੇ ਦਰ ਤੋਂ ਉਸ ਦਾ) ਨਾਮ ਮਿਲਦਾ ਹੈ, ਉਸ ਨੂੰ (ਉਸ ਦੀ ਹਜ਼ੂਰੀ ਵਿਚ) ਆਦਰ ਮਿਲਦਾ ਹੈ, ਪ੍ਰਭੂ ਆਪ ਹੀ ਉਸ ਨੂੰ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ।8।2।3।

TOP OF PAGE

Sri Guru Granth Darpan, by Professor Sahib Singh