ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 111 ਮਾਝ ਮਹਲਾ ੩ ॥ ਇਕੋ ਆਪਿ ਫਿਰੈ ਪਰਛੰਨਾ ॥ ਗੁਰਮੁਖਿ ਵੇਖਾ ਤਾ ਇਹੁ ਮਨੁ ਭਿੰਨਾ ॥ ਤ੍ਰਿਸਨਾ ਤਜਿ ਸਹਜ ਸੁਖੁ ਪਾਇਆ ਏਕੋ ਮੰਨਿ ਵਸਾਵਣਿਆ ॥੧॥ ਹਉ ਵਾਰੀ ਜੀਉ ਵਾਰੀ ਇਕਸੁ ਸਿਉ ਚਿਤੁ ਲਾਵਣਿਆ ॥ ਗੁਰਮਤੀ ਮਨੁ ਇਕਤੁ ਘਰਿ ਆਇਆ ਸਚੈ ਰੰਗਿ ਰੰਗਾਵਣਿਆ ॥੧॥ ਰਹਾਉ ॥ ਇਹੁ ਜਗੁ ਭੂਲਾ ਤੈਂ ਆਪਿ ਭੁਲਾਇਆ ॥ ਇਕੁ ਵਿਸਾਰਿ ਦੂਜੈ ਲੋਭਾਇਆ ॥ ਅਨਦਿਨੁ ਸਦਾ ਫਿਰੈ ਭ੍ਰਮਿ ਭੂਲਾ ਬਿਨੁ ਨਾਵੈ ਦੁਖੁ ਪਾਵਣਿਆ ॥੨॥ ਜੋ ਰੰਗਿ ਰਾਤੇ ਕਰਮ ਬਿਧਾਤੇ ॥ ਗੁਰ ਸੇਵਾ ਤੇ ਜੁਗ ਚਾਰੇ ਜਾਤੇ ॥ ਜਿਸ ਨੋ ਆਪਿ ਦੇਇ ਵਡਿਆਈ ਹਰਿ ਕੈ ਨਾਮਿ ਸਮਾਵਣਿਆ ॥੩॥ ਮਾਇਆ ਮੋਹਿ ਹਰਿ ਚੇਤੈ ਨਾਹੀ ॥ ਜਮਪੁਰਿ ਬਧਾ ਦੁਖ ਸਹਾਹੀ ॥ ਅੰਨਾ ਬੋਲਾ ਕਿਛੁ ਨਦਰਿ ਨ ਆਵੈ ਮਨਮੁਖ ਪਾਪਿ ਪਚਾਵਣਿਆ ॥੪॥ ਇਕਿ ਰੰਗਿ ਰਾਤੇ ਜੋ ਤੁਧੁ ਆਪਿ ਲਿਵ ਲਾਏ ॥ ਭਾਇ ਭਗਤਿ ਤੇਰੈ ਮਨਿ ਭਾਏ ॥ ਸਤਿਗੁਰੁ ਸੇਵਨਿ ਸਦਾ ਸੁਖਦਾਤਾ ਸਭ ਇਛਾ ਆਪਿ ਪੁਜਾਵਣਿਆ ॥੫॥ ਹਰਿ ਜੀਉ ਤੇਰੀ ਸਦਾ ਸਰਣਾਈ ॥ ਆਪੇ ਬਖਸਿਹਿ ਦੇ ਵਡਿਆਈ ॥ ਜਮਕਾਲੁ ਤਿਸੁ ਨੇੜਿ ਨ ਆਵੈ ਜੋ ਹਰਿ ਹਰਿ ਨਾਮੁ ਧਿਆਵਣਿਆ ॥੬॥ ਅਨਦਿਨੁ ਰਾਤੇ ਜੋ ਹਰਿ ਭਾਏ ॥ ਮੇਰੈ ਪ੍ਰਭਿ ਮੇਲੇ ਮੇਲਿ ਮਿਲਾਏ ॥ ਸਦਾ ਸਦਾ ਸਚੇ ਤੇਰੀ ਸਰਣਾਈ ਤੂੰ ਆਪੇ ਸਚੁ ਬੁਝਾਵਣਿਆ ॥੭॥ ਜਿਨ ਸਚੁ ਜਾਤਾ ਸੇ ਸਚਿ ਸਮਾਣੇ ॥ ਹਰਿ ਗੁਣ ਗਾਵਹਿ ਸਚੁ ਵਖਾਣੇ ॥ ਨਾਨਕ ਨਾਮਿ ਰਤੇ ਬੈਰਾਗੀ ਨਿਜ ਘਰਿ ਤਾੜੀ ਲਾਵਣਿਆ ॥੮॥੩॥੪॥ {ਪੰਨਾ 111} ਪਦ ਅਰਥ: ਪਰਛੰਨਾ = {pirÁCNn = Enveloped, clothed} ਢਕਿਆ ਹੋਇਆ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਭਿੰਨਾ = ਭਿੱਜ ਗਿਆ। ਤਜਿ = ਛੱਡ ਕੇ। ਸਹਜੁ ਸੁਖੁ = ਆਤਮਕ ਅਡੋਲਤਾ ਦਾ ਆਨੰਦ। ਮੰਨਿ = ਮਨਿ, ਮਨ ਵਿਚ।1। ਹਉ = ਮੈਂ। ਇਕਸੁ ਸਿਉ = ਸਿਰਫ਼ ਇਕ ਨਾਲ। ਇਕਤੁ ਘਰਿ = ਇਕ ਘਰ ਵਿਚ। ਰਹਾਉ। ਬਿਸਾਰਿ = ਭੁਲਾ ਕੇ। ਦੂਜੈ = ਤੈਥੋਂ ਬਿਨਾ ਕਿਸੇ ਹੋਰ ਵਿਚ, ਮਾਇਆ ਦੇ ਮੋਹ ਵਿਚ। ਅਨਦਿਨੁ = ਹਰ ਰੋਜ਼ {Anuidnz}। ਭ੍ਰਮਿ = ਭਟਕਣਾ ਵਿਚ।2। ਰੰਗਿ = ਪ੍ਰੇਮ ਵਿਚ। ਬਿਧਾਤਾ = ਜਗਤ-ਰਚਨਾ ਕਰਨ ਵਾਲਾ। ਕਰਮ ਬਿਧਾਤਾ = ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਪੈਦਾ ਕਰਨ ਵਾਲਾ। ਤੇ = ਤੋਂ, ਨਾਲ। ਜੁਗ ਚਾਰੇ = ਚੌਹਾਂ ਜੁਗਾਂ ਵਿਚ, ਸਦਾ ਲਈ। ਜਾਤੇ = ਪ੍ਰਸਿੱਧ ਹੋ ਜਾਂਦੇ ਹਨ। ਦੇਇ = ਦੇਂਦਾ ਹੈ। ਨਾਮਿ = ਨਾਮ ਵਿਚ।3। ਮੋਹਿ = ਮੋਹ ਵਿਚ (ਫਸ ਕੇ) । ਜਮ ਪੁਰਿ = ਜਮ ਦੀ ਨਗਰੀ ਵਿਚ। ਸਹਾਹੀ = ਸਹੈ, ਸਹਾਰਦਾ ਹੈ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਪਾਪਿ = ਪਾਪ ਵਿਚ। ਪਚਾਵਣਿਆ = {Èlu = = ਸੜਨਾ} ਸੜਦੇ ਹਨ, ਦੁਖੀ ਹੁੰਦੇ ਹਨ।4। ਇਕਿ = {ਲਫ਼ਜ਼ 'ਇਕ ਤੋਂ ਬਹੁ-ਵਚਨ}। ਤੁਧੁ = ਤੂੰ। ਭਾਇ = ਪ੍ਰੇਮ ਵਿਚ। ਮਨ = ਮਨ ਵਿਚ। ਭਾਏ = ਪਿਆਰੇ ਲੱਗੇ। ਸੇਵਨਿ = ਸੇਂਵਦੇ ਹਨ।5। ਹਰਿ ਜੀਉ = ਹੇ ਪ੍ਰਭੂ ਜੀ! ਦੇ = ਦੇ ਕੇ। ਜਮ ਕਾਲੁ = ਮੌਤ, ਆਤਮਕ ਮੌਤ।6। ਪ੍ਰਭਿ = ਪ੍ਰਭੂ ਨੇ। ਮੇਲਿ = ਮਿਲਾਪ ਵਿਚ। ਸਚੇ = ਹੇ ਸਦਾ-ਥਿਰ ਪ੍ਰਭੂ! ਸਚੁ = ਸਦਾ-ਥਿਰ ਨਾਮ।7। ਜਾਤਾ = ਸਾਂਝ ਪਾ ਲਈ, ਪਛਾਣ ਲਿਆ। ਸਚਿ = ਸਦਾ-ਥਿਰ ਪ੍ਰਭੂ ਵਿਚ। ਵਖਾਣੇ = ਵਖਾਣਿ, ਵਖਾਣ ਕੇ, ਉਚਾਰ ਕੇ। ਬੈਰਾਗੀ = ਵੈਰਾਗਵਾਨ, ਮਾਇਆ ਤੋਂ ਉਪਰਾਮ। ਨਿਜ ਘਰਿ = ਆਪਣੇ ਘਰ ਵਿਚ। ਤਾੜੀ = ਸਮਾਧੀ।8। ਅਰਥ: (ਦ੍ਰਿਸ਼ਟ-ਮਾਨ ਜਗਤ-ਰੂਪ ਪਰਦੇ ਵਿਚ) ਢੱਕਿਆ ਹੋਇਆ ਪਰਮਾਤਮਾ ਆਪ ਹੀ ਆਪ (ਸਾਰੇ ਜਗਤ ਵਿਚ) ਵਿਚਰ ਰਿਹਾ ਹੈ। ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਸਰਨ ਪੈ ਕੇ (ਉਸ ਗੁਪਤ ਪ੍ਰਭੂ ਨੂੰ) ਜਦੋਂ ਵੇਖ ਲਿਆ ਤਦੋਂ ਉਹਨਾਂ ਦਾ ਮਨ (ਉਸ ਦੇ ਪ੍ਰੇਮ-ਰਸ ਵਿਚ) ਭਿੱਜ ਗਿਆ। (ਮਾਇਆ ਦੀ) ਤ੍ਰਿਸ਼ਨਾ ਛੱਡ ਕੇ ਉਹਨਾਂ ਆਤਮਕ ਅਡੋਲਤਾ ਦਾ ਆਨੰਦ ਹਾਸਲ ਕਰ ਲਿਆ, ਇਕ ਪਰਮਾਤਮਾ ਹੀ ਪਰਮਾਤਮਾ ਉਹਨਾਂ ਦੇ ਮਨ ਵਿਚ ਵਸ ਪਿਆ। ਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਹਾਂ ਕੁਰਬਾਨ ਹਾਂ, ਜੇਹੜੇ ਇਕ ਪਰਮਾਤਮਾ ਦੇ ਨਾਲ ਹੀ ਚਿੱਤ ਜੋੜਦੇ ਹਨ। ਗੁਰੂ ਦੀ ਸਿਖਿਆ ਲੈ ਕੇ ਜਿਨ੍ਹਾਂ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਟਿਕ ਗਿਆ ਹੈ, ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਪ੍ਰੇਮ-ਰੰਗ ਵਿਚ (ਸਦਾ ਲਈ) ਰੰਗੇ ਗਏ।1। ਰਹਾਉ। (ਹੇ ਪ੍ਰਭੂ!) ਇਹ ਜਗਤ ਕੁਰਾਹੇ ਪਿਆ ਹੋਇਆ ਹੈ (ਪਰ ਇਸ ਦੇ ਕੀਹ ਵੱਸ?) ਤੂੰ ਆਪ ਹੀ ਇਸ ਨੂੰ ਕੁਰਾਹੇ ਪਾਇਆ ਹੋਇਆ ਹੈ, ਤੈਨੂੰ ਇਕ ਨੂੰ ਭੁਲ ਕੇ ਮਾਇਆ ਦੇ ਮੋਹ ਵਿਚ ਫਸਿਆ ਹੋਇਆ ਹੈ। ਭਟਕਣਾ ਦੇ ਕਾਰਨ ਕੁਰਾਹੇ ਪਿਆ ਹੋਇਆ ਜਗਤ ਸਦਾ ਹਰ ਵੇਲੇ ਭਟਕਦਾ ਫਿਰਦਾ ਹੈ, ਤੇ ਤੇਰੇ ਨਾਮ ਤੋਂ ਖੁੰਝ ਕੇ ਦੁੱਖ ਸਹਾਰ ਰਿਹਾ ਹੈ।2। ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਪੈਦਾ ਕਰਨ ਵਾਲੇ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਜੇਹੜੇ ਬੰਦੇ ਮਸਤ ਰਹਿੰਦੇ ਹਨ, ਉਹ ਗੁਰੂ ਦੀ ਦੱਸੀ ਸੇਵਾ ਦੇ ਕਾਰਨ ਸਦਾ ਲਈ ਪ੍ਰਸਿੱਧ ਹੋ ਜਾਂਦੇ ਹਨ। (ਪਰ ਇਹ ਉਸ ਦੀ ਆਪਣੀ ਹੀ ਮੇਹਰ ਹੈ) ਪਰਮਾਤਮਾ ਆਪ ਹੀ ਜਿਸ ਮਨੁੱਖ ਨੂੰ ਇੱਜ਼ਤ ਦੇਂਦਾ ਹੈ, ਉਹ ਮੁਨੱਖ ਪਰਮਾਤਮਾ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ।3। ਜੇਹੜਾ ਮਨੁੱਖ ਮਾਇਆ ਦੇ ਮੋਹ ਵਿਚ ਫਸ ਕੇ ਪਰਮਾਤਮਾ ਨੂੰ ਚੇਤੇ ਨਹੀਂ ਰਖਦਾ, ਉਹ (ਆਪਣੇ ਕੀਤੇ ਕਰਮਾਂ ਦੇ ਵਿਕਾਰਾਂ ਦਾ ਬੱਝਾ ਹੋਇਆ ਜਮ ਦੀ ਨਗਰੀ ਵਿਚ (ਆਤਮਕ ਮੌਤ ਦੇ ਕਾਬੂ ਵਿਚ ਆਇਆ ਹੋਇਆ) ਦੁੱਖ ਸਹਾਰਦਾ ਹੈ। ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਉਹ ਮਨੁੱਖ (ਪਰਮਾਤਮਾ ਦੀ ਸਿਫ਼ਤਿ-ਸਾਲਾਹ) ਸੁਣਨ ਤੋਂ ਅਸਮਰਥ ਰਹਿੰਦਾ ਹੈ (ਮਾਇਆ ਤੋਂ ਬਿਨਾ) ਉਸ ਨੂੰ ਹੋਰ ਕੁਝ ਦਿੱਸਦਾ ਭੀ ਨਹੀਂ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਪਾਪ (ਵਾਲੇ ਜੀਵਨ) ਵਿਚ ਹੀ ਸੜਦੇ ਰਹਿੰਦੇ ਹਨ।4। (ਹੇ ਪ੍ਰਭੂ!) ਜਿਨ੍ਹਾਂ ਬੰਦਿਆਂ ਨੂੰ ਤੂੰ ਆਪ ਆਪਣੇ ਨਾਮ ਦੀ ਲਗਨ ਲਾਈ ਹੈ, ਉਹ ਤੇਰੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, (ਤੇਰੇ ਚਰਨਾਂ ਨਾਲ) ਪ੍ਰੇਮ ਦੇ ਕਾਰਨ (ਤੇਰੀ) ਭਗਤੀ ਦੇ ਕਾਰਨ ਉਹ ਤੈਨੂੰ ਤੇਰੇ ਮਨ ਵਿਚ ਪਿਆਰੇ ਲੱਗਦੇ ਹਨ। ਉਹ ਮਨੁੱਖ ਆਤਮਕ ਆਨੰਦ ਦੇਣ ਵਾਲੇ ਗੁਰੂ ਦੀ ਦੱਸੀ ਸੇਵਾ ਸਦਾ ਕਰਦੇ ਹਨ। ਹੇ ਪ੍ਰਭੂ! ਤੂੰ ਆਪ ਉਹਨਾਂ ਦੀ ਹਰੇਕ ਇੱਛਾ ਪੂਰੀ ਕਰਦਾ ਹੈਂ।5। ਹੇ ਪ੍ਰਭੂ ਜੀ! ਮੈਂ ਤੇਰਾ ਸਦਾ ਹੀ ਆਸਰਾ ਤੱਕਦਾ ਹਾਂ। ਤੂੰ ਜੀਵਾਂ ਨੂੰ ਵਡਿਆਈ ਦੇ ਕੇ ਆਪ ਹੀ ਬਖ਼ਸ਼ਸ਼ ਕਰਦਾ ਹੈਂ। (ਹੇ ਭਾਈ!) ਜੋ ਮਨੁੱਖ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ, ਆਤਮਕ ਮੌਤ ਉਸਦੇ ਨੇੜੇ ਨਹੀਂ ਢੁਕ ਸਕਦੀ।6। ਜੇਹੜੇ ਮਨੁੱਖ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ, ਉਹ ਹਰ ਵੇਲੇ (ਹਰ ਰੋਜ਼) ਉਸ ਦੇ ਪ੍ਰੇਮ ਵਿਚ ਮਸਤ ਰਹਿੰਦੇ ਹਨ। ਮੇਰੇ ਪ੍ਰਭੂ ਨੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਹੈ, ਆਪਣੇ ਚਰਨਾਂ ਵਿਚ ਜੋੜ ਲਿਆ ਹੈ। ਹੇ ਸਦਾ-ਥਿਰ ਰਹਿਣ ਵਾਲੇ ਪ੍ਰਭੂ! ਉਹ ਮਨੁੱਖ ਸਦਾ ਹੀ ਸਦਾ ਹੀ ਤੇਰਾ ਪੱਲਾ ਫੜੀ ਰੱਖਦੇ ਹਨ, ਤੂੰ ਆਪ ਹੀ ਉਹਨਾਂ ਨੂੰ ਆਪਣੇ ਸਦਾ-ਥਿਰ ਨਾਮ ਦੀ ਸੂਝ ਬਖ਼ਸ਼ਦਾ ਹੈਂ।7। ਜਿਨ੍ਹਾਂ ਬੰਦਿਆਂ ਨੇ ਸਦਾ-ਥਿਰ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਹੈ, ਉਹ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਲੀਨ ਰਹਿੰਦੇ ਹਨ, ਉਹ ਸਦਾ-ਥਿਰ ਪ੍ਰਭੂ ਦਾ ਨਾਮ ਉਚਾਰ ਉਚਾਰ ਕੇ ਸਦਾ ਉਸਦੇ ਗੁਣ ਗਾਂਦੇ ਹਨ। ਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਰੰਗੇ ਰਹਿੰਦੇ ਹਨ, ਉਹ ਮਾਇਆ ਦੇ ਮੋਹ ਵੱਲੋਂ ਉਪਰਾਮ ਹੋ ਜਾਂਦੇ ਹਨ, ਉਹ (ਬਾਹਰ ਮਾਇਆ ਦੇ ਪਿੱਛੇ ਭਟਕਣ ਦੀ ਥਾਂ) ਆਪਣੇ ਹਿਰਦੇ-ਘਰ ਵਿਚ ਟਿਕੇ ਰਹਿੰਦੇ ਹਨ।8।3।4। ਮਾਝ ਮਹਲਾ ੩ ॥ ਸਬਦਿ ਮਰੈ ਸੁ ਮੁਆ ਜਾਪੈ ॥ ਕਾਲੁ ਨ ਚਾਪੈ ਦੁਖੁ ਨ ਸੰਤਾਪੈ ॥ ਜੋਤੀ ਵਿਚਿ ਮਿਲਿ ਜੋਤਿ ਸਮਾਣੀ ਸੁਣਿ ਮਨ ਸਚਿ ਸਮਾਵਣਿਆ ॥੧॥ ਹਉ ਵਾਰੀ ਜੀਉ ਵਾਰੀ ਹਰਿ ਕੈ ਨਾਇ ਸੋਭਾ ਪਾਵਣਿਆ ॥ ਸਤਿਗੁਰੁ ਸੇਵਿ ਸਚਿ ਚਿਤੁ ਲਾਇਆ ਗੁਰਮਤੀ ਸਹਜਿ ਸਮਾਵਣਿਆ ॥੧॥ ਰਹਾਉ ॥ ਕਾਇਆ ਕਚੀ ਕਚਾ ਚੀਰੁ ਹੰਢਾਏ ॥ ਦੂਜੈ ਲਾਗੀ ਮਹਲੁ ਨ ਪਾਏ ॥ ਅਨਦਿਨੁ ਜਲਦੀ ਫਿਰੈ ਦਿਨੁ ਰਾਤੀ ਬਿਨੁ ਪਿਰ ਬਹੁ ਦੁਖੁ ਪਾਵਣਿਆ ॥੨॥ ਦੇਹੀ ਜਾਤਿ ਨ ਆਗੈ ਜਾਏ ॥ ਜਿਥੈ ਲੇਖਾ ਮੰਗੀਐ ਤਿਥੈ ਛੁਟੈ ਸਚੁ ਕਮਾਏ ॥ ਸਤਿਗੁਰੁ ਸੇਵਨਿ ਸੇ ਧਨਵੰਤੇ ਐਥੈ ਓਥੈ ਨਾਮਿ ਸਮਾਵਣਿਆ ॥੩॥ ਭੈ ਭਾਇ ਸੀਗਾਰੁ ਬਣਾਏ ॥ ਗੁਰ ਪਰਸਾਦੀ ਮਹਲੁ ਘਰੁ ਪਾਏ ॥ ਅਨਦਿਨੁ ਸਦਾ ਰਵੈ ਦਿਨੁ ਰਾਤੀ ਮਜੀਠੈ ਰੰਗੁ ਬਣਾਵਣਿਆ ॥੪॥ ਸਭਨਾ ਪਿਰੁ ਵਸੈ ਸਦਾ ਨਾਲੇ ॥ ਗੁਰ ਪਰਸਾਦੀ ਕੋ ਨਦਰਿ ਨਿਹਾਲੇ ॥ ਮੇਰਾ ਪ੍ਰਭੁ ਅਤਿ ਊਚੋ ਊਚਾ ਕਰਿ ਕਿਰਪਾ ਆਪਿ ਮਿਲਾਵਣਿਆ ॥੫॥ ਮਾਇਆ ਮੋਹਿ ਇਹੁ ਜਗੁ ਸੁਤਾ ॥ ਨਾਮੁ ਵਿਸਾਰਿ ਅੰਤਿ ਵਿਗੁਤਾ ॥ ਜਿਸ ਤੇ ਸੁਤਾ ਸੋ ਜਾਗਾਏ ਗੁਰਮਤਿ ਸੋਝੀ ਪਾਵਣਿਆ ॥੬॥ ਅਪਿਉ ਪੀਐ ਸੋ ਭਰਮੁ ਗਵਾਏ ॥ ਗੁਰ ਪਰਸਾਦਿ ਮੁਕਤਿ ਗਤਿ ਪਾਏ ॥ ਭਗਤੀ ਰਤਾ ਸਦਾ ਬੈਰਾਗੀ ਆਪੁ ਮਾਰਿ ਮਿਲਾਵਣਿਆ ॥੭॥ ਆਪਿ ਉਪਾਏ ਧੰਧੈ ਲਾਏ ॥ ਲਖ ਚਉਰਾਸੀ ਰਿਜਕੁ ਆਪਿ ਅਪੜਾਏ ॥ ਨਾਨਕ ਨਾਮੁ ਧਿਆਇ ਸਚਿ ਰਾਤੇ ਜੋ ਤਿਸੁ ਭਾਵੈ ਸੁ ਕਾਰ ਕਰਾਵਣਿਆ ॥੮॥੪॥੫॥ {ਪੰਨਾ 111-112} ਪਦ ਅਰਥ: ਮਰੈ = ਮਰਦਾ ਹੈ। ਮੁਆ = (ਹਉਮੈ ਮਮਤਾ ਵਲੋਂ) ਮਾਰਿਆ ਹੋਇਆ। ਜਾਪੈ = ਉੱਘਾ ਹੋ ਜਾਂਦਾ ਹੈ। ਕਾਲੁ = ਮੌਤ, ਆਤਮਕ ਮੌਤ। ਚਾਪੈ = {cwp = ਧਨੁਖ} ਫਾਹੀ ਪਾ ਸਕਦਾ। ਮਿਲਿ = ਮਿਲ ਕੇ। ਮਨ = ਹੇ ਮਨ! ਸਚਿ = ਸਦਾ-ਥਿਰ ਪ੍ਰਭੂ ਵਿਚ।1। ਕੈ ਨਾਇ = ਦੇ ਨਾਮ ਵਿਚ। ਸੇਵਿ = ਸੇਵ ਕੇ, ਸੇਵਾ ਕਰ ਕੇ। ਸਹਜਿ = ਆਤਮਕ ਅਡੋਲਤਾ ਵਿਚ।1। ਰਹਾਉ। ਕਚੀ = ਨਾਸਵੰਤ। ਚੀਰੁ = ਕੱਪੜਾ। ਦੂਜੈ = ਮਾਇਆ ਦੇ ਮੋਹ ਵਿਚ। ਮਹਲੁ = ਪ੍ਰਭੂ-ਚਰਨਾਂ ਵਿਚ ਨਿਵਾਸ। ਜਲਦੀ = ਸੜਦੀ।2। ਦੇਹੀ = ਸਰੀਰ। ਜਾਤਿ = (ਉੱਚੀ) ਜਾਤਿ (ਦਾ ਮਾਣ) । ਆਗੈ = ਪਰਲੋਕ ਵਿਚ। ਛੁਟੈ = ਸੁਰਖ਼ਰੂ ਹੁੰਦਾ ਹੈ। ਕਮਾਏ = ਕਮਾਇ, ਕਮਾ ਕੇ। ਸਚੁ ਕਮਾਏ = ਸਦਾ-ਥਿਰ ਨਾਮ ਸਿਮਰਨ ਦੀ ਕਮਾਈ ਕਰ ਕੇ। ਐਥੈ ਓਥੈ = ਇਸ ਲੋਕ ਵਿਚ ਤੇ ਪਰਲੋਕ ਵਿਚ। ਨਾਮਿ = ਨਾਮ ਵਿਚ।3। ਭੈ = (ਪ੍ਰਭੂ ਦੇ) ਡਰ-ਅਦਬ ਵਿਚ (ਰਹਿ ਕੇ) । ਭਾਇ = (ਪ੍ਰਭੂ ਦੇ) ਪਿਆਰ ਵਿਚ (ਜੁੜ ਕੇ) । ਸੀਗਾਰੁ = ਗਹਣਾ। ਰਵੈ = ਸਿਮਰਦਾ ਹੈ। ਮਜੀਠੈ ਰੰਗੁ = ਮਜੀਠ ਵਾਲਾ ਪੱਕਾ ਰੰਗ।4। ਕੋ = ਕੋਈ ਵਿਰਲਾ। ਨਦਰਿ ਨਿਹਾਲੇ = ਅੱਖਾਂ ਨਾਲ ਵੇਖਦਾ ਹੈ।5। ਮੋਹਿ = ਮੋਹ ਵਿਚ। ਅੰਤ = ਆਖ਼ਰ। ਵਿਗੁਤਾ = ਖ਼ੁਆਰ ਹੁੰਦੀ ਹੈ। ਜਿਸ ਤੇ = ਜਿਸ ਪਰਮਾਤਮਾ ਦੇ ਹੁਕਮ ਅਨੁਸਾਰ।6। ਅਪਿਉ = ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਭਰਮੁ = ਭਟਕਣਾ। ਮੁਕਤਿ = ਮਾਇਆ ਦੇ ਮੋਹ ਤੋਂ ਖ਼ਲਾਸੀ। ਗਤਿ = ਉੱਚੀ ਆਤਮਕ ਅਵਸਥਾ। ਬੈਰਾਗੀ = ਵੈਰਾਗਵਾਨ, ਮਾਇਆ ਦੇ ਮੋਹ ਤੋਂ ਉਤਾਂਹ। ਆਪੁ = ਆਪਾ-ਭਾਵ।7। ਧੰਧੈ = ਝੰਬੇਲੇ ਵਿਚ। ਸਚਿ = ਸਦਾ-ਥਿਰ ਪ੍ਰਭੂ ਵਿਚ।8। ਅਰਥ: ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਾ-ਭਾਵ ਵਲੋਂ) ਮਰਦਾ ਹੈ, ਉਹ (ਆਪਾ-ਭਾਵ ਵਲੋਂ) ਮਰਿਆ ਹੋਇਆ ਮਨੁੱਖ (ਜਗਤ ਵਿਚ) ਆਦਰ-ਮਾਣ ਪਾਂਦਾ ਹੈ, ਉਸ ਨੂੰ ਆਤਮਕ ਮੌਤ (ਆਪਣੇ ਪੰਜੇ ਵਿਚ) ਫਸਾ ਨਹੀਂ ਸਕਦੀ, ਉਸ ਨੂੰ ਕੋਈ ਦੁੱਖ-ਕਲੇਸ਼ ਦੁਖੀ ਨਹੀਂ ਕਰ ਸਕਦਾ। ਪ੍ਰਭੂ ਦੀ ਜੋਤਿ ਵਿਚ ਮਿਲ ਕੇ ਉਸ ਦੀ ਸੁਰਤਿ ਪ੍ਰਭੂ ਵਿਚ ਹੀ ਲੀਨ ਰਹਿੰਦੀ ਹੈ। ਤੇ, ਹੇ ਮਨ! ਉਹ ਮਨੁੱਖ (ਪ੍ਰਭੂ ਦੀ ਸਿਫ਼ਤਿ-ਸਾਲਾਹ) ਸੁਣ ਕੇ ਸਦਾ-ਥਿਰ ਪਰਮਾਤਮਾ ਵਿਚ ਸਮਾਇਆ ਰਹਿੰਦਾ ਹੈ।1। ਮੈਂ ਸਦਾ ਉਹਨਾਂ ਤੋਂ ਸਦਕੇ ਕੁਰਬਾਨ ਜਾਂਦਾ ਹਾਂ, ਜੋ ਪਰਮਾਤਮਾ ਦੇ ਨਾਮ ਵਿਚ ਜੁੜ ਕੇ (ਲੋਕ ਪਰਲੋਕ ਵਿਚ) ਸੋਭਾ ਖੱਟਦੇ ਹਨ, ਜੇਹੜੇ ਗੁਰੂ ਦੀ ਦੱਸੀ ਸੇਵਾ ਕਰ ਕੇ ਸਦਾ-ਥਿਰ ਪ੍ਰਭੂ ਵਿਚ ਚਿੱਤ ਜੋੜਦੇ ਹਨ ਅਤੇ ਗੁਰੂ ਦੀ ਮਤਿ ਤੇ ਤੁਰ ਕੇ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ।1। ਰਹਾਉ। ਇਹ ਸਰੀਰ ਨਾਸਵੰਤ ਹੈ, ਮਾਨੋ, ਕਮਜ਼ੋਰ ਜਿਹਾ ਕੱਪੜਾ ਹੈ (ਪਰ ਮਨੁੱਖ ਦੀ ਜਿੰਦ ਇਸ) ਜਰਜਰੇ ਕੱਪੜੇ ਨੂੰ ਹੀ ਹਢਾਂਦੀ ਰਹਿੰਦੀ ਹੈ (ਭਾਵ, ਜਿੰਦ ਸਰੀਰਕ ਭੋਗਾਂ ਵਿਚ ਹੀ ਮਗਨ ਰਹਿੰਦੀ ਹੈ) । (ਜਿੰਦ) ਮਾਇਆ ਦੇ ਪਿਆਰ ਵਿਚ ਲੱਗੀ ਰਹਿੰਦੀ ਹੈ (ਇਸ ਵਾਸਤੇ ਇਹ ਪ੍ਰਭੂ-ਚਰਨਾਂ ਵਿਚ) ਟਿਕਾਣਾ ਹਾਸਲ ਨਹੀਂ ਕਰ ਸਕਦੀ। (ਮਾਇਆ ਦੇ ਮੋਹ ਦੇ ਕਾਰਨ ਜਿੰਦ) ਹਰ ਵੇਲੇ ਦਿਨ ਰਾਤ ਸੜਦੀ ਤੇ ਭਟਕਦੀ ਹੈ, ਪ੍ਰਭੂ-ਪਤੀ (ਦੇ ਮਿਲਾਪ) ਤੋਂ ਬਿਨਾ ਬਹੁਤ ਦੁੱਖ ਝੱਲਦੀ ਹੈ।2। ਪ੍ਰਭੂ ਦੀ ਹਜ਼ੂਰੀ ਵਿਚ (ਮਨੁੱਖ ਦਾ) ਸਰੀਰ ਨਹੀਂ ਜਾ ਸਕਦਾ, ਉੱਚੀ ਜਾਤਿ ਭੀ ਨਹੀਂ ਪਹੁੰਚ ਸਕਦੀ (ਜਿਸ ਦਾ ਮਨੁੱਖ ਇਤਨਾ ਮਾਣ ਕਰਦਾ ਹੈ) । ਜਿਥੇ (ਪਰਲੋਕ ਵਿਚ ਹਰੇਕ ਮਨੁੱਖ ਪਾਸੋਂ ਕੀਤੇ ਕਰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ, ਉਥੇ ਤਾਂ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਦੀ ਕਮਾਈ ਕਰਕੇ ਹੀ ਸੁਰਖ਼ਰੂ ਹੋਈਦਾ ਹੈ। ਜੇਹੜੇ ਮਨੁੱਖ ਗੁਰੂ ਦੀ ਦੱਸੀ ਸੇਵਾ ਕਰਦੇ ਹਨ, ਉਹ (ਪ੍ਰਭੂ ਦੇ ਨਾਮ-ਧਨ ਨਾਲ) ਧਨਾਢ ਬਣ ਜਾਂਦੇ ਹਨ, ਉਹ ਇਸ ਲੋਕ ਵਿਚ ਭੀ ਤੇ ਪਰਲੋਕ ਵਿਚ ਸਦਾ ਪ੍ਰਭੂ ਦੇ ਨਾਮ ਵਿਚ ਹੀ ਲੀਨ ਰਹਿੰਦੇ ਹਨ।3। ਜੇਹੜਾ ਮਨੁੱਖ ਪ੍ਰਭੂ ਦੇ ਡਰ-ਅਦਬ ਵਿਚ ਰਹਿ ਕੇ ਪ੍ਰਭੂ ਦੇ ਪ੍ਰੇਮ ਵਿਚ ਮਗਨ ਹੋ ਕੇ (ਪ੍ਰਭੂ ਦੇ ਨਾਮ ਨੂੰ ਆਪਣੇ ਜੀਵਨ ਦਾ) ਗਹਣਾ ਬਣਾਂਦਾ ਹੈ, ਉਹ ਗੁਰੂ ਦੀ ਕਿਰਪਾ ਨਾਲ ਪ੍ਰਭੂ-ਚਰਨਾਂ ਵਿਚ ਟਿਕਾਣਾ ਬਣਾ ਲੈਂਦਾ ਹੈ ਪ੍ਰਭੂ-ਚਰਨਾਂ ਵਿਚ ਘਰ ਪ੍ਰਾਪਤ ਕਰ ਲੈਂਦਾ ਹੈ, ਉਹ ਹਰ ਰੋਜ਼ ਦਿਨੇ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਹੈ (ਉਹ ਆਪਣੀ ਜਿੰਦ ਨੂੰ) ਮਜੀਠ ਵਰਗਾ (ਪੱਕਾ ਪ੍ਰਭੂ ਦਾ) ਨਾਮ-ਰੰਗ ਚਾੜ੍ਹ ਲੈਂਦਾ ਹੈ।4। (ਹੇ ਭਾਈ!) ਪ੍ਰਭੂ-ਪਤੀ ਸਦਾ ਸਭ ਜੀਵਾਂ ਦੇ ਨਾਲ (ਸਭ ਦੇ ਅੰਦਰ) ਵੱਸਦਾ ਹੈ, ਪਰ ਕੋਈ ਵਿਰਲਾ ਜੀਵ ਗੁਰੂ ਦੀ ਕਿਰਪਾ ਨਾਲ (ਉਸ ਨੂੰ ਹਰ ਥਾਂ) ਆਪਣੀ ਅੱਖੀਂ ਵੇਖਦਾ ਹੈ। (ਹੇ ਭਾਈ!) ਪਿਆਰਾ ਪ੍ਰਭੂ ਬਹੁਤ ਹੀ ਉੱਚਾ ਹੈ (ਬੇਅੰਤ ਉੱਚੇ ਆਤਮਕ ਜੀਵਨ ਦਾ ਮਾਲਕ ਹੈ, ਤੇ ਅਸੀਂ ਜੀਵ ਨੀਵੇਂ ਜੀਵਨ ਵਾਲੇ ਹਾਂ) ਉਹ ਆਪ ਹੀ ਮਿਹਰ ਕਰ ਕੇ (ਜੀਵਾਂ ਨੂੰ ਆਪਣੇ ਚਰਨਾਂ ਵਿਚ) ਮਿਲਾਂਦਾ ਹੈ।5। ਇਹ ਜਗਤ ਮਾਇਆ ਦੇ ਮੋੇਹ ਵਿਚ ਫਸ ਕੇ ਸੁੱਤਾ ਪਿਆ ਹੈ (ਆਤਮਕ ਜੀਵਨ ਵਲੋਂ ਅਵੇਸਲਾ ਹੋ ਰਿਹਾ ਹੈ) ਪਰਮਾਤਮਾ ਦਾ ਨਾਮ ਭੁਲਾ ਕੇ ਆਖ਼ਰ ਖ਼ੁਆਰ ਭੀ ਹੁੰਦਾ ਹੈ, (ਫਿਰ ਭੀ ਇਹ ਇਸ ਨੀਂਦ ਵਿਚੋਂ ਜਾਗਦਾ ਨਹੀਂ। ਜਾਗੇ ਭੀ ਕਿਵੇਂ? ਇਸ ਦੇ ਵੱਸ ਦੀ ਗੱਲ ਨਹੀਂ) ਜਿਸਦੇ ਹੁਕਮ ਅਨੁਸਾਰ (ਜਗਤ ਮਾਇਆ ਦੇ ਮੋਹ ਦੀ ਨੀਂਦ ਵਿਚ) ਸੌਂ ਰਿਹਾ ਹੈ, ਉਹੀ ਇਸ ਨੂੰ ਜਗਾਂਦਾ ਹੈ, (ਉਹ ਪ੍ਰਭੂ ਆਪ ਹੀ ਇਸ ਨੂੰ) ਗੁਰੂ ਦੀ ਮਤਿ ਤੇ ਤੋਰ ਕੇ (ਆਤਮਕ ਜੀਵਨ ਦੀ) ਸਮਝ ਬਖ਼ਸ਼ਦਾ ਹੈ।6। ਜੇਹੜਾ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਹੈ, ਉਹ (ਮਾਇਆ ਦੇ ਮੋਹ ਵਾਲੀ) ਭਟਕਣਾ ਦੂਰ ਕਰ ਲੈਂਦਾ ਹੈ। ਗੁਰੂ ਦੀ ਕਿਰਪਾ ਨਾਲ ਉਹ ਮਾਇਆ ਦੇ ਮੋਹ ਤੋਂ ਖ਼ਲਾਸੀ ਪਾ ਲੈਂਦਾ ਹੈ, ਉਹ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ। ਉਹ ਮਨੁੱਖ ਪਰਮਾਤਮਾ ਦੀ ਭਗਤੀ (ਦੇ ਰੰਗ) ਵਿਚ ਰੰਗਿਆ ਜਾਂਦਾ ਹੈ, (ਇਸ ਦੀ ਬਰਕਤਿ ਨਾਲ ਉਹੀ) ਮਾਇਆ ਦੇ ਮੋਹ ਤੋਂ ਨਿਰਲੇਪ ਰਹਿੰਦਾ ਹੈ, ਤੇ ਆਪਾ-ਭਾਵ ਮਾਰ ਕੇ ਉਹ ਆਪਣੇ ਆਪ ਨੂੰ ਪ੍ਰਭੂ-ਚਰਨਾਂ ਵਿਚ ਮਿਲਾ ਲੈਂਦਾ ਹੈ।7। ਹੇ ਨਾਨਕ! ਪ੍ਰਭੂ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ ਤੇ ਆਪ ਹੀ ਮਾਇਆ ਦੀ ਦੌੜ ਭੱਜ ਵਿਚ ਜੋੜ ਦੇਂਦਾ ਹੈ, ਚੌਰਾਸੀ ਲੱਖ ਜੂਨਾਂ ਦੇ ਜੀਵਾਂ ਨੂੰ ਰਿਜ਼ਕ ਭੀ ਪ੍ਰਭੂ ਆਪ ਹੀ ਅਪੜਾਂਦਾ ਹੈ। ਪਰ ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰ ਕੇ ਉਸ ਸਦਾ-ਥਿਰ ਪ੍ਰਭੂ (ਦੇ ਨਾਮ-ਰੰਗ) ਵਿਚ ਰੰਗੇ ਰਹਿੰਦੇ ਹਨ, ਉਹ ਉਹੀ ਕਾਰ ਕਰਦੇ ਹਨ ਜੋ ਉਸ ਪਰਮਾਤਮਾ ਨੂੰ ਪਰਵਾਨ ਹੁੰਦੀ ਹੈ।8।4।5। |
Sri Guru Granth Darpan, by Professor Sahib Singh |