ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 112 ਮਾਝ ਮਹਲਾ ੩ ॥ ਅੰਦਰਿ ਹੀਰਾ ਲਾਲੁ ਬਣਾਇਆ ॥ ਗੁਰ ਕੈ ਸਬਦਿ ਪਰਖਿ ਪਰਖਾਇਆ ॥ ਜਿਨ ਸਚੁ ਪਲੈ ਸਚੁ ਵਖਾਣਹਿ ਸਚੁ ਕਸਵਟੀ ਲਾਵਣਿਆ ॥੧॥ ਹਉ ਵਾਰੀ ਜੀਉ ਵਾਰੀ ਗੁਰ ਕੀ ਬਾਣੀ ਮੰਨਿ ਵਸਾਵਣਿਆ ॥ ਅੰਜਨ ਮਾਹਿ ਨਿਰੰਜਨੁ ਪਾਇਆ ਜੋਤੀ ਜੋਤਿ ਮਿਲਾਵਣਿਆ ॥੧॥ ਰਹਾਉ ॥ ਇਸੁ ਕਾਇਆ ਅੰਦਰਿ ਬਹੁਤੁ ਪਸਾਰਾ ॥ ਨਾਮੁ ਨਿਰੰਜਨੁ ਅਤਿ ਅਗਮ ਅਪਾਰਾ ॥ ਗੁਰਮੁਖਿ ਹੋਵੈ ਸੋਈ ਪਾਏ ਆਪੇ ਬਖਸਿ ਮਿਲਾਵਣਿਆ ॥੨॥ ਮੇਰਾ ਠਾਕੁਰੁ ਸਚੁ ਦ੍ਰਿੜਾਏ ॥ ਗੁਰ ਪਰਸਾਦੀ ਸਚਿ ਚਿਤੁ ਲਾਏ ॥ ਸਚੋ ਸਚੁ ਵਰਤੈ ਸਭਨੀ ਥਾਈ ਸਚੇ ਸਚਿ ਸਮਾਵਣਿਆ ॥੩॥ ਵੇਪਰਵਾਹੁ ਸਚੁ ਮੇਰਾ ਪਿਆਰਾ ॥ ਕਿਲਵਿਖ ਅਵਗਣ ਕਾਟਣਹਾਰਾ ॥ ਪ੍ਰੇਮ ਪ੍ਰੀਤਿ ਸਦਾ ਧਿਆਈਐ ਭੈ ਭਾਇ ਭਗਤਿ ਦ੍ਰਿੜਾਵਣਿਆ ॥੪॥ ਤੇਰੀ ਭਗਤਿ ਸਚੀ ਜੇ ਸਚੇ ਭਾਵੈ ॥ ਆਪੇ ਦੇਇ ਨ ਪਛੋਤਾਵੈ ॥ ਸਭਨਾ ਜੀਆ ਕਾ ਏਕੋ ਦਾਤਾ ਸਬਦੇ ਮਾਰਿ ਜੀਵਾਵਣਿਆ ॥੫॥ ਹਰਿ ਤੁਧੁ ਬਾਝਹੁ ਮੈ ਕੋਈ ਨਾਹੀ ॥ ਹਰਿ ਤੁਧੈ ਸੇਵੀ ਤੈ ਤੁਧੁ ਸਾਲਾਹੀ ॥ ਆਪੇ ਮੇਲਿ ਲੈਹੁ ਪ੍ਰਭ ਸਾਚੇ ਪੂਰੈ ਕਰਮਿ ਤੂੰ ਪਾਵਣਿਆ ॥੬॥ ਮੈ ਹੋਰੁ ਨ ਕੋਈ ਤੁਧੈ ਜੇਹਾ ॥ ਤੇਰੀ ਨਦਰੀ ਸੀਝਸਿ ਦੇਹਾ ॥ ਅਨਦਿਨੁ ਸਾਰਿ ਸਮਾਲਿ ਹਰਿ ਰਾਖਹਿ ਗੁਰਮੁਖਿ ਸਹਜਿ ਸਮਾਵਣਿਆ ॥੭॥ ਤੁਧੁ ਜੇਵਡੁ ਮੈ ਹੋਰੁ ਨ ਕੋਈ ॥ ਤੁਧੁ ਆਪੇ ਸਿਰਜੀ ਆਪੇ ਗੋਈ ॥ ਤੂੰ ਆਪੇ ਹੀ ਘੜਿ ਭੰਨਿ ਸਵਾਰਹਿ ਨਾਨਕ ਨਾਮਿ ਸੁਹਾਵਣਿਆ ॥੮॥੫॥੬॥ {ਪੰਨਾ 112} ਪਦ ਅਰਥ: ਅੰਦਰਿ = ਮਨੁੱਖਾ ਸਰੀਰ ਵਿਚ। ਸਬਦਿ = ਸ਼ਬਦ ਦੀ ਰਾਹੀਂ। ਪਰਖਿ = ਪਰਖ ਕੇ। ਪਰਖਾਇਆ = ਪਰਖ ਕਰਾਈ। ਜਿਨ ਪਲੈ = ਜਿਨ੍ਹਾਂ ਦੇ ਪਾਸ। ਸਚੁ = ਸਦਾ-ਥਿਰ ਪ੍ਰਭੂ ਦਾ ਨਾਮ। ਕਸਵਟੀ = ਕੱਸ ਲਾਣ ਵਾਲੀ ਵੱਟੀ (ਪੱਥਰੀ) ।1। ਹਉ = ਮੈਂ। ਮੰਨਿ = ਮਨਿ, ਮਨ ਵਿਚ। ਅੰਜਨ = ਕਾਲਖ, ਮਾਇਆ। ਨਿਰੰਜਨੁ = ਮਾਇਆ ਦੇ ਪ੍ਰਭਾਵ ਤੋਂ ਰਹਿਤ ਪ੍ਰਭੂ!।1। ਰਹਾਉ। ਪਸਾਰਾ = ਮਾਇਆ ਦਾ ਖਿਲਾਰਾ। ਅਗਮ = ਅਪਹੁੰਚ। ਅਪਾਰਾ = ਬੇਅੰਤ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ।2। ਦ੍ਰਿੜਾਏ = ਪੱਕਾ ਟਿਕਾਂਦਾ ਹੈ। ਗੁਰ ਪਰਸਾਦੀ = ਗੁਰ ਪਰਸਾਦਿ, ਗੁਰੂ ਦੀ ਕਿਰਪਾ ਨਾਲ। ਸਚਿ = ਸਦਾ-ਥਿਰ ਪ੍ਰਭੂ ਦੇ ਨਾਮ ਵਿਚ। ਸਚੋ ਸਚੁ = ਸਚ ਹੀ ਸਚ, ਸਦਾ-ਥਿਰ ਪ੍ਰਭੂ ਹੀ। ਸਚੇ ਸਚਿ = ਸਚਿ ਹੀ ਸਚਿ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਹੀ।3। ਕਿਲਵਿਖ = ਪਾਪ। ਭੈ = ਡਰ-ਅਦਬ ਵਿਚ ਰਹਿ ਕੇ। ਭਾਇ = ਪ੍ਰੇਮ ਵਿਚ।4। ਸਚੀ = ਸਦਾ-ਥਿਰ ਰਹਿਣ ਵਾਲੀ। ਸਚੇ = ਹੇ ਸਦਾ-ਥਿਰ ਪ੍ਰਭੂ! ਦੇਇ = ਦੇਂਦਾ ਹੈ। ਸਬਦੇ = ਸਬਦਿ, ਸ਼ਬਦ ਵਿਚ ਜੋੜ ਕੇ। ਮਾਰਿ = (ਵਿਕਾਰਾਂ ਵਲੋਂ) ਮਾਰ ਕੇ।5। ਤੁਧੈ = ਤੈਨੂੰ ਹੀ। ਸੇਵੀ = ਸੇਵੀਂ, ਮੈਂ ਸੇਂਵਦਾ ਹਾਂ। ਤੈ = ਅਤੇ। ਸਾਲਾਹੀ = ਮੈਂ ਸਲਾਹੁੰਦਾ ਹਾਂ। ਪ੍ਰਭੂ = ਹੇ ਪ੍ਰਭੂ। ਪੂਰੈ ਕਰਮਿ = ਤੇਰੀ ਪੂਰੀ ਬਖ਼ਸ਼ਸ਼ ਨਾਲ। ਤੂੰ = ਤੈਨੂੰ।6। ਜੇਹਾ = ਵਰਗਾ। ਨਦਰੀ = ਮਿਹਰ ਦੀ ਨਿਗਾਹ ਨਾਲ। ਸੀਝਸਿ = ਸਫਲ ਹੁੰਦੀ ਹੈ। ਦੇਹਾ = ਕਾਇਆਂ, ਸਰੀਰ। ਸਾਰਿ = ਸਾਰ ਲੈ ਕੇ। ਸਮਾਲਿ = ਸੰਭਾਲ ਕੇ। ਹਰਿ = ਹੇ ਹਰੀ! ਸਹਜਿ = ਆਤਮਕ ਅਡੋਲਤਾ ਵਿਚ।7। ਸਿਰਜੀ = ਪੈਦਾ ਕੀਤੀ। ਗੋਈ = ਲੀਨ ਕਰ ਲਈ। ਘੜਿ = ਘੜ ਕੇ, ਸਾਜ ਕੇ। ਭੰਨਿ = ਤੋੜ ਕੇ, ਨਾਸ ਕਰ ਕੇ। ਨਾਮਿ = ਨਾਮ ਵਿਚ।8। ਅਰਥ: ਪਰਮਾਤਮਾ ਨੇ ਹਰੇਕ ਸਰੀਰ ਦੇ ਅੰਦਰ (ਆਪਣੀ ਜੋਤਿ-ਰੂਪ) ਹੀਰਾ ਲਾਲ ਟਿਕਾਇਆਾ ਹੋਇਆ ਹੈ, (ਪਰ ਵਿਰਲੇ ਭਾਗਾਂ ਵਾਲਿਆਂ ਨੇ) ਗੁਰੂ ਦੇ ਸ਼ਬਦ ਦੀ ਰਾਹੀਂ (ਉਸ ਹੀਰੇ ਲਾਲ ਦੀ) ਪਰਖ ਕਰ ਕੇ (ਸਾਧ ਸੰਗਤਿ ਵਿਚ) ਪਰਖ ਕਰਾਈ ਹੈ। ਜਿਨ੍ਹਾਂ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਦਾ ਨਾਮ-ਹੀਰਾ ਵੱਸ ਪਿਆ ਹੈ, ਉਹ ਸਦਾ-ਥਿਰ ਨਾਮ ਸਿਮਰਦੇ ਹਨ, ਉਹ ਆਪਣੇ ਆਤਮਕ ਜੀਵਨ ਦੀ ਪਰਖ ਵਾਸਤੇ) ਸਦਾ-ਥਿਰ ਨਾਮ ਨੂੰ ਹੀ ਕਸਵੱਟੀ (ਦੇ ਤੌਰ ਤੇ) ਵਰਤਦੇ ਹਨ।1। ਮੈਂ ਸਦਾ ਉਹਨਾਂ ਤੋਂ ਸਦਕੇ ਕੁਰਬਾਨ ਜਾਂਦਾ ਹਾਂ, ਜੋ ਗੁਰੂ ਦੀ ਬਾਣੀ ਨੂੰ ਆਪਣੇ ਮਨ ਵਿਚ ਵਸਾਂਦੇ ਹਨ, ਉਹਨਾਂ ਨੇ ਮਾਇਆ ਵਿਚ ਵਿਚਰਦਿਆਂ ਹੀ (ਇਸ ਬਾਣੀ ਦੀ ਬਰਕਤਿ ਨਾਲ) ਨਿਰੰਜਨ ਪ੍ਰਭੂ ਨੂੰ ਲੱਭ ਲਿਆ ਹੈ, ਉਹ ਆਪਣੀ ਸੁਰਤਿ ਨੂੰ ਪ੍ਰਭੂ ਦੀ ਜੋਤਿ ਵਿਚ ਮਿਲਾਈ ਰੱਖਦੇ ਹਨ।1। (ਇਕ ਪਾਸੇ) ਇਸ ਮਨੁੱਖਾ ਸਰੀਰ ਵਿਚ (ਮਾਇਆ ਦਾ) ਬਹੁਤ ਖਿਲਾਰਾ ਖਿਲਾਰਿਆ ਹੋਇਆ ਹੈ, (ਦੂਜੇ ਪਾਸੇ) ਪ੍ਰਭੂ ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੈ ਅਪਹੁੰਚ ਹੈ ਬੇਅੰਤ ਹੈ, ਉਸ ਦਾ ਨਾਮ (ਮਨੁੱਖ ਨੂੰ ਪ੍ਰਾਪਤ ਕਿਵੇਂ ਹੋਵੇ?) । ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ, ਉਹੀ (ਨਿਰੰਜਨ ਦੇ ਨਾਮ ਨੂੰ) ਪ੍ਰਾਪਤ ਕਰਦਾ ਹੈ, ਪ੍ਰਭੂ ਆਪ ਹੀ ਮਿਹਰ ਕਰ ਕੇ (ਉਸ ਨੂੰ ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ।2। ਪਾਲਣਹਾਰਾ ਪਿਆਰਾ ਪ੍ਰਭੂ (ਜਿਸ ਮਨੁੱਖ ਦੇ ਹਿਰਦੇ ਵਿਚ ਆਪਣਾ) ਸਦਾ-ਥਿਰ ਨਾਮ ਦ੍ਰਿੜ੍ਹ ਕਰਦਾ ਹੈ, ਉਹ ਮਨੁੱਖ ਗੁਰੂ ਦੀ ਕਿਰਪਾ ਨਾਲ ਸਦਾ-ਥਿਰ ਪ੍ਰਭੂ ਵਿਚ ਆਪਣਾ ਮਨ ਜੋੜਦਾ ਹੈ। (ਉਸ ਨੂੰ ਯਕੀਨ ਬਣ ਜਾਂਦਾ ਹੈ ਕਿ) ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਹੀ ਸਭ ਥਾਵਾਂ ਵਿਚ ਮੌਜੂਦ ਹੈ, ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦਾ ਹੈ।3। (ਹੇ ਭਾਈ!) ਮੇਰਾ ਪਿਆਰਾ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਨੂੰ ਕਿਸੇ ਕਿਸਮ ਦੀ ਮੁਥਾਜੀ ਭੀ ਨਹੀਂ ਹੈ। ਉਹ ਸਭ ਜੀਵਾਂ ਦੇ ਪਾਪ ਤੇ ਔਗੁਣ ਦੂਰ ਕਰਨ ਦੀ ਤਾਕਤ ਰੱਖਦਾ ਹੈ। ਪ੍ਰੇਮ ਪਿਆਰ ਨਾਲ ਉਸ ਦਾ ਧਿਆਨ ਧਰਨਾ ਚਾਹੀਦਾ ਹੈ। ਉਸ ਦੇ ਡਰ-ਅਦਬ ਵਿਚ ਰਹਿ ਕੇ ਪਿਆਰ ਨਾਲ ਉਸਦੀ ਭਗਤੀ (ਆਪਣੇ ਹਿਰਦੇ ਵਿਚ) ਪੱਕੀ ਕਰਨੀ ਚਾਹੀਦੀ ਹੈ।4। ਹੇ ਸਦਾ-ਥਿਰ ਪ੍ਰਭੂ! ਤੇਰੀ ਭਗਤੀ (ਦੀ ਦਾਤਿ ਜੀਵ ਨੂੰ ਤਦੋਂ ਹੀ ਮਿਲਦੀ ਹੈ ਜੇ) ਤੇਰੀ ਰਜ਼ਾ ਹੋਵੇ। (ਹੇ ਭਾਈ! ਭਗਤੀ ਅਤੇ ਹੋਰ ਸੰਸਾਰਕ ਪਦਾਰਥਾਂ ਦੀ ਦਾਤਿ) ਪ੍ਰਭੂ ਆਪ ਹੀ (ਜੀਵਾਂ ਨੂੰ) ਦੇਂਦਾ ਹੈ, (ਦੇ ਦੇ ਕੇ ਉਹ) ਪਛਤਾਂਦਾ ਭੀ ਨਹੀਂ (ਕਿਉਂਕਿ) ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਉਹ ਆਪ ਹੀ ਆਪ ਹੈ। ਗੁਰੂ ਦੇ ਸ਼ਬਦ ਦੀ ਰਾਹੀਂ (ਜੀਵ ਨੂੰ ਵਿਕਾਰਾਂ ਵਲੋਂ) ਮਾਰ ਕੇ ਆਪ ਹੀ ਆਤਮਕ ਜੀਵਨ ਦੇਣ ਵਾਲਾ ਹੈ।5। ਹੇ ਹਰੀ! ਤੈਥੋਂ ਬਿਨਾ ਮੈਨੂੰ (ਆਪਣਾ) ਕੋਈ ਹੋਰ (ਸਹਾਰਾ) ਨਹੀਂ ਦਿੱਸਦਾ। ਹੇ ਹਰੀ! ਮੈਂ ਤੇਰੀ ਹੀ ਸੇਵਾ-ਭਗਤੀ ਕਰਦਾ ਹਾਂ, ਮੈ ਤੇਰੀ ਹੀ ਸਿਫ਼ਤਿ-ਸਾਲਾਹ ਕਰਦਾ ਹਾਂ। ਹੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ! ਤੂੰ ਆਪ ਹੀ ਮੈਨੂੰ ਆਪਣੇ ਚਰਨਾਂ ਵਿਚ ਜੋੜੀ ਰੱਖ। ਤੇਰੀ ਪੂਰੀ ਮਿਹਰ ਨਾਲ ਹੀ ਤੈਨੂੰ ਮਿਲ ਸਕੀਦਾ ਹੈ।6। ਹੇ ਪ੍ਰਭੂ! ਤੇਰੇ ਵਰਗਾ ਮੈਨੂੰ ਹੋਰ ਕੋਈ ਨਹੀਂ ਦਿੱਸਦਾ। ਤੇਰੀ ਮਿਹਰ ਦੀ ਨਿਗਾਹ ਨਾਲ ਹੀ (ਜੇ ਤੇਰੀ ਭਗਤੀ ਦੀ ਦਾਤਿ ਮਿਲੇ ਤਾਂ ਮੇਰਾ ਇਹ) ਸਰੀਰ ਸਫਲ ਹੋ ਸਕਦਾ ਹੈ। ਹੇ ਹਰੀ! ਤੂੰ ਆਪ ਹੀ ਹਰ ਵੇਲੇ ਜੀਵਾਂ ਦੀ ਸੰਭਾਲ ਕਰ ਕੇ (ਵਿਕਾਰਾਂ ਵਲੋਂ) ਰਾਖੀ ਕਰਦਾ ਹੈਂ। (ਤੇਰੀ ਮਿਹਰ ਨਾਲ) ਜੇਹੜੇ ਬੰਦੇ ਗੁਰੂ ਦੀ ਸਰਨ ਪੈਂਦੇ ਹਨ, ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦੇ ਹਨ।7। ਹੇ ਪ੍ਰਭੂ! ਤੇਰੇ ਬਰਾਬਰ ਦਾ ਮੈਨੂੰ ਕੋਈ ਹੋਰ ਨਹੀਂ ਦਿੱਸਦਾ। ਤੂੰ ਆਪ ਹੀ ਰਚਨਾ ਰਚੀ ਹੈ, ਤੂੰ ਆਪ ਹੀ ਇਸ ਨੂੰ ਨਾਸ ਕਰਦਾ ਹੈਂ। ਹੇ ਨਾਨਕ! (ਆਖ– ਹੇ ਪ੍ਰਭੂ!) ਤੂੰ ਆਪ ਹੀ ਘੜ ਕੇ ਭੰਨ ਕੇ ਸੰਵਾਰਦਾ ਹੈਂ, ਤੂੰ ਆਪ ਹੀ ਆਪਣੇ ਨਾਮ ਦੀ ਬਰਕਤਿ ਨਾਲ (ਜੀਵਾਂ ਦੇ ਜੀਵਨ) ਸੋਹਣੇ ਬਣਾਂਦਾ ਹੈਂ।8।5।6। |
Sri Guru Granth Darpan, by Professor Sahib Singh |