ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 113

ਮਾਝ ਮਹਲਾ ੩ ॥ ਸਭ ਘਟ ਆਪੇ ਭੋਗਣਹਾਰਾ ॥ ਅਲਖੁ ਵਰਤੈ ਅਗਮ ਅਪਾਰਾ ॥ ਗੁਰ ਕੈ ਸਬਦਿ ਮੇਰਾ ਹਰਿ ਪ੍ਰਭੁ ਧਿਆਈਐ ਸਹਜੇ ਸਚਿ ਸਮਾਵਣਿਆ ॥੧॥ ਹਉ ਵਾਰੀ ਜੀਉ ਵਾਰੀ ਗੁਰ ਸਬਦੁ ਮੰਨਿ ਵਸਾਵਣਿਆ ॥ ਸਬਦੁ ਸੂਝੈ ਤਾ ਮਨ ਸਿਉ ਲੂਝੈ ਮਨਸਾ ਮਾਰਿ ਸਮਾਵਣਿਆ ॥੧॥ ਰਹਾਉ ॥ ਪੰਚ ਦੂਤ ਮੁਹਹਿ ਸੰਸਾਰਾ ॥ ਮਨਮੁਖ ਅੰਧੇ ਸੁਧਿ ਨ ਸਾਰਾ ॥ ਗੁਰਮੁਖਿ ਹੋਵੈ ਸੁ ਅਪਣਾ ਘਰੁ ਰਾਖੈ ਪੰਚ ਦੂਤ ਸਬਦਿ ਪਚਾਵਣਿਆ ॥੨॥ ਇਕਿ ਗੁਰਮੁਖਿ ਸਦਾ ਸਚੈ ਰੰਗਿ ਰਾਤੇ ॥ ਸਹਜੇ ਪ੍ਰਭੁ ਸੇਵਹਿ ਅਨਦਿਨੁ ਮਾਤੇ ॥ ਮਿਲਿ ਪ੍ਰੀਤਮ ਸਚੇ ਗੁਣ ਗਾਵਹਿ ਹਰਿ ਦਰਿ ਸੋਭਾ ਪਾਵਣਿਆ ॥੩॥ ਏਕਮ ਏਕੈ ਆਪੁ ਉਪਾਇਆ ॥ ਦੁਬਿਧਾ ਦੂਜਾ ਤ੍ਰਿਬਿਧਿ ਮਾਇਆ ॥ ਚਉਥੀ ਪਉੜੀ ਗੁਰਮੁਖਿ ਊਚੀ ਸਚੋ ਸਚੁ ਕਮਾਵਣਿਆ ॥੪॥ ਸਭੁ ਹੈ ਸਚਾ ਜੇ ਸਚੇ ਭਾਵੈ ॥ ਜਿਨਿ ਸਚੁ ਜਾਤਾ ਸੋ ਸਹਜਿ ਸਮਾਵੈ ॥ ਗੁਰਮੁਖਿ ਕਰਣੀ ਸਚੇ ਸੇਵਹਿ ਸਾਚੇ ਜਾਇ ਸਮਾਵਣਿਆ ॥੫॥ ਸਚੇ ਬਾਝਹੁ ਕੋ ਅਵਰੁ ਨ ਦੂਆ ॥ ਦੂਜੈ ਲਾਗਿ ਜਗੁ ਖਪਿ ਖਪਿ ਮੂਆ ॥ ਗੁਰਮੁਖਿ ਹੋਵੈ ਸੁ ਏਕੋ ਜਾਣੈ ਏਕੋ ਸੇਵਿ ਸੁਖੁ ਪਾਵਣਿਆ ॥੬॥ ਜੀਅ ਜੰਤ ਸਭਿ ਸਰਣਿ ਤੁਮਾਰੀ ॥ ਆਪੇ ਧਰਿ ਦੇਖਹਿ ਕਚੀ ਪਕੀ ਸਾਰੀ ॥ ਅਨਦਿਨੁ ਆਪੇ ਕਾਰ ਕਰਾਏ ਆਪੇ ਮੇਲਿ ਮਿਲਾਵਣਿਆ ॥੭॥ ਤੂੰ ਆਪੇ ਮੇਲਹਿ ਵੇਖਹਿ ਹਦੂਰਿ ॥ ਸਭ ਮਹਿ ਆਪਿ ਰਹਿਆ ਭਰਪੂਰਿ ॥ ਨਾਨਕ ਆਪੇ ਆਪਿ ਵਰਤੈ ਗੁਰਮੁਖਿ ਸੋਝੀ ਪਾਵਣਿਆ ॥੮॥੬॥੭॥ {ਪੰਨਾ 113}

ਪਦ ਅਰਥ: ਸਭ ਘਟ = ਸਾਰੇ ਸਰੀਰ। ਆਪੇ = ਪ੍ਰਭੂ ਆਪ ਹੀ। ਅਲਖੁ = {Al™X = Invisible, Unobserved} ਅਦ੍ਰਿਸ਼ਟ। ਅਗਮ = ਅਪਹੁੰਚ। ਸਬਦਿ = ਸ਼ਬਦ ਵਿਚ (ਜੁੜ ਕੇ) । ਸਹਜੇ = ਸਹਜਿ, ਆਤਮਕ ਅਡੋਲਤਾ ਵਿਚ। ਸਚਿ = ਸਦਾ-ਥਿਰ ਪ੍ਰਭੂ ਵਿਚ।1।

ਮੰਨਿ = ਮਨਿ, ਮਨ ਵਿਚ। ਸੂਝੈ = ਸੁੱਝ ਪੈਂਦਾ ਹੈ, ਅੰਤਰ-ਆਤਮੇ ਟਿਕਾਂਦਾ ਹੈ। ਸਿਉ = ਨਾਲ। ਲੂਝੈ = ਲੜਦਾ ਹੈ, ਟਾਕਰਾ ਕਰਦਾ ਹੈ। ਮਨਸਾ = {mnI = w} ਕਾਮਨਾ।1। ਰਹਾਉ।

ਮੁਹਹਿ = ਠੱਗ ਰਹੇ ਹਨ। ਅੰਧੇ = ਮਾਇਆ ਵਿਚ ਅੰਨ੍ਹੇ ਹੋਏ ਜੀਵ ਨੂੰ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨੂੰ। ਸੁਧਿ = {suDI = Intelligence} ਅਕਲ। ਸਾਰ = ਖ਼ਬਰ। ਸਬਦਿ = ਸ਼ਬਦ ਦੀ ਰਾਹੀਂ। ਪਚਾਵਣਿਆ = ਸਾੜ ਦੇਂਦਾ ਹੈ, ਮਾਰ ਲੈਂਦਾ ਹੈ।2।

ਇਕਿ = (ਲਫ਼ਜ਼ 'ਇਕ' ਤੋਂ ਬਹੁ-ਵਚਨ) । ਰੰਗਿ = ਪ੍ਰੇਮ ਵਿਚ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ। ਅਨਦਿਨੁ = ਹਰ ਰੋਜ਼। ਮਾਤੇ = ਮਸਤ। ਸਾਚੇ = ਸਦਾ-ਥਿਰ ਪ੍ਰਭੂ ਦੇ।3।

ਏਕਮ = ਪਹਿਲਾਂ ਪਹਿਲ। ਏਕੈ = ਇਕ ਨੇ ਹੀ, ਇਕ ਨਿਰਗੁਣ-ਰੂਪ ਨੇ ਹੀ। ਆਪੁ = ਆਪਣੇ ਆਪ ਨੂੰ। ਉਪਾਇਆ = ਪਰਗਟ ਕੀਤਾ। ਦੁਬਿਧਾ = ਦੁ-ਕਿਸਮਾ, ਨਿਰਗੁਣ ਤੇ ਸਰਗੁਣ ਸਰੂਪਾਂ ਵਾਲਾ। ਦੂਜਾ = ਦੂਜਾ (ਕੰਮ ਉਸ ਨੇ ਇਹ ਕੀਤਾ) । ਤ੍ਰਿਬਿਧਿ = ਤਿੰਨ ਗੁਣਾਂ ਵਾਲੀ। ਪਉੜੀ = ਦਰਜਾ, ਟਿਕਾਣਾ। ਚਉਥੀ = ਤਿੰਨ ਗੁਣਾਂ ਤੋਂ ਉਤਲੀ।4।

ਸਭੁ = ਹਰ ਥਾਂ। ਸਚੇ = ਸਦਾ-ਥਿਰ ਪ੍ਰਭੂ ਨੂੰ। ਭਾਵੈ = ਚੰਗਾ ਲੱਗੇ। ਜਿਨਿ = ਜਿਸ (ਮਨੁੱਖ) ਨੇ। ਜਾਤਾ = ਡੂੰਘੀ ਸਾਂਝ ਪਾ ਲਈ। ਕਰਣੀ = ਕਰਤੱਵ।5।

ਦੂਆ = ਦੂਜਾ, ਉਸ ਵਰਗਾ। ਦੂਜੈ = ਮਾਇਆ ਦੇ ਮੋਹ ਵਿਚ। ਲਾਗਿ = ਲੱਗ ਕੇ। ਖਪਿ ਖਪਿ = ਦੁਖੀ ਹੋ ਹੋ ਕੇ। ਮੂਆ = ਆਤਮਕ ਮੌਤ ਸਹੇੜਦਾ ਹੈ।6।

ਸਭਿ = ਸਾਰੇ। ਧਰਿ = ਰੱਖ ਕੇ। ਸਾਰੀ = ਨਰਦ।7।

ਹਦੂਰਿ = ਅੰਗ-ਸੰਗ ਰਹਿ ਕੇ। ਵੇਖਹਿ = ਸੰਭਾਲ ਕਰਦਾ ਹੈ।8।

ਅਰਥ: (ਹੇ ਭਾਈ!) ਸਾਰੇ ਸਰੀਰਾਂ ਵਿਚ (ਵਿਆਪਕ ਹੋ ਕੇ ਪ੍ਰਭੂ) ਆਪ ਹੀ (ਜਗਤ ਦੇ ਸਾਰੇ ਪਦਾਰਥ) ਭੋਗ ਰਿਹਾ ਹੈ, (ਫਿਰ ਭੀ ਉਹ) ਅਦ੍ਰਿਸ਼ਟ ਰੂਪ ਵਿਚ ਮੌਜੂਦ ਹੈ ਅਪਹੁੰਚ ਹੈ ਤੇ ਬੇਅੰਤ ਹੈ। ਉਸ ਪਿਆਰੇ ਹਰਿ-ਪ੍ਰਭੂ ਨੂੰ ਗੁਰੂ ਦੇ ਸ਼ਬਦ ਵਿਚ ਜੁੜ ਕੇ ਸਿਮਰਨਾ ਚਾਹੀਦਾ ਹੈ। (ਜੇਹੜੇ ਮਨੁੱਖ ਸਿਮਰਦੇ ਹਨ ਉਹ) ਆਤਮਕ ਅਡੋਲਤਾ ਵਿਚ ਸਦਾ-ਥਿਰ ਪ੍ਰਭੂ ਵਿਚ ਸਮਾਏ ਰਹਿੰਦੇ ਹਨ।1।

(ਹੇ ਭਾਈ!) ਮੈਂ ਸਦਾ ਉਸ ਮਨੁੱਖ ਤੋਂ ਸਦਕੇ ਕੁਰਬਾਨ ਜਾਂਦਾ ਹਾਂ ਜੇਹੜਾ ਸਤਿਗੁਰੂ ਦੇ ਸ਼ਬਦ ਨੂੰ (ਆਪਣੇ) ਮਨ ਵਿਚ ਵਸਾਂਦਾ ਹੈ। ਜਦੋਂ ਗੁਰੂ ਦਾ ਸ਼ਬਦ ਮਨੁੱਖ ਦੇ ਅੰਤਰ-ਆਤਮੇ ਟਿਕਦਾ ਹੈ, ਤਾਂ ਉਹ ਆਪਣੇ ਮਨ ਨਾਲ ਟਾਕਰਾ ਕਰਦਾ ਹੈ, ਤੇ ਮਨ ਦੀਆਂ ਕਾਮਨਾ ਮਾਰ ਕੇ (ਪ੍ਰਭੂ-ਚਰਨਾਂ ਵਿਚ) ਲੀਨ ਰਹਿੰਦਾ ਹੈ।1। ਰਹਾਉ।

(ਹੇ ਭਾਈ! ਕਾਮਾਦਿਕ) ਪੰਜ ਵੈਰੀ ਜਗਤ (ਦੇ ਆਤਮਕ ਜੀਵਨ) ਨੂੰ ਲੁੱਟ ਰਹੇ ਹਨ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਤੇ ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਮਨੁੱਖ ਨੂੰ ਨਾਹ ਅਕਲ ਹੈ ਨਾਹ (ਇਸ ਲੁੱਟ ਦੀ) ਖ਼ਬਰ ਹੈ। ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਆਪਣਾ ਘਰ ਬਚਾ ਲੈਂਦਾ ਹੈ, ਉਹ ਗੁਰੂ ਦੇ ਸ਼ਬਦ ਵਿਚ ਟਿਕ ਕੇ ਇਹਨਾਂ ਪੰਜਾਂ ਵੈਰੀਆਂ ਦਾ ਨਾਸ ਕਰ ਲੈਂਦਾ ਹੈ।2।

ਜੇਹੜੇ ਮਨੁੱਖ ਗੁਰੂ ਦੇ ਸਨਮੁਖ ਹੁੰਦੇ ਹਨ, ਉਹ ਸਦਾ ਸਦਾ-ਥਿਰ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹ ਆਤਮਕ ਅਡੋਲਤਾ ਵਿਚ ਮਸਤ ਹਰ ਵੇਲੇ ਪ੍ਰਭੂ ਦਾ ਸਿਮਰਨ ਕਰਦੇ ਹਨ, ਉਹ ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਉਸ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦੇ ਹਨ ਤੇ ਪ੍ਰਭੂ ਦੇ ਦਰ ਤੇ ਇੱਜ਼ਤ ਹਾਸਲ ਕਰਦੇ ਹਨ।3।

ਪਹਿਲਾਂ ਪ੍ਰਭੂ ਇਕੱਲਾ ਆਪ (ਨਿਰਗੁਣ-ਸਰੂਪ) ਸੀ ਉਸ ਨੇ ਆਪਣੇ ਆਪ ਨੂੰ ਪਰਗਟ ਕੀਤਾ, ਇਸ ਤਰ੍ਹਾਂ ਫਿਰ ਉਹ ਦੋ ਕਿਸਮਾਂ ਵਾਲਾ (ਨਿਰਗੁਣ ਤੇ ਸਰਗੁਣ ਰੂਪਾਂ ਵਾਲਾ) ਬਣ ਗਿਆ ਤੇ ਉਸ ਨੇ ਤਿੰਨ ਗੁਣਾਂ ਵਾਲੀ ਮਾਇਆ ਰਚ ਦਿੱਤੀ।

ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਸ ਦਾ ਆਤਮਕ ਟਿਕਾਣਾ ਮਾਇਆ ਦੇ ਤਿੰਨ ਗੁਣਾਂ (ਦੇ ਪ੍ਰਭਾਵ) ਤੋਂ ਉਤਾਂਹ ਉੱਚਾ ਰਹਿੰਦਾ ਹੈ। ਉਹ ਸਦਾ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਦੀ ਕਮਾਈ ਕਰਦਾ ਰਹਿੰਦਾ ਹੈ।4।

ਜੇ ਸਦਾ-ਥਿਰ ਪ੍ਰਭੂ ਦੀ ਰਜ਼ਾ ਹੋਵੇ (ਤਾਂ ਜਿਸ ਮਨੁੱਖ ਉਤੇ ਉਹ ਮਿਹਰ ਕਰਦਾ ਹੈ, ਉਸ ਨੂੰ ਇਹ ਨਿਸਚਾ ਹੋ ਜਾਂਦਾ ਹੈ ਕਿ) ਸਦਾ-ਥਿਰ ਪਰਮਾਤਮਾ ਹਰ ਥਾਂ ਮੌਜੂਦ ਹੈ। (ਪ੍ਰਭੂ ਦੀ ਮਿਹਰ ਨਾਲ) ਜਿਸ ਮਨੁੱਖ ਨੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ, ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ।

(ਹੇ ਭਾਈ!) ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦਾ ਕਰਤੱਵ ਹੀ ਇਹ ਹੈ, ਕਿ ਉਹ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦੇ ਰਹਿੰਦੇ ਹਨ, ਤੇ ਸਦਾ-ਥਿਰ ਪ੍ਰਭੂ ਵਿਚ ਹੀ ਜਾ ਕੇ ਲੀਨ ਹੋ ਜਾਂਦੇ ਹਨ।5।

ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਤੋਂ ਬਿਨਾ ਕੋਈ ਹੋਰ ਦੂਜਾ (ਆਤਮਕ ਆਨੰਦ ਦੇਣ ਵਾਲਾ ਨਹੀਂ ਹੈ) ਜਗਤ (ਉਸ ਨੂੰ ਵਿਸਾਰ ਕੇ ਤੇ ਸੁਖ ਦੀ ਖ਼ਾਤਰ) ਮਾਇਆ ਦੇ ਮੋਹ ਵਿਚ ਫਸ ਕੇ ਦੁਖੀ ਹੋ ਕੇ ਆਤਮਕ ਮੌਤ ਸਹੇੜਦਾ ਹੈ। ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ, ਉਹ ਇਕ ਪਰਮਾਤਮਾ ਨਾਲ ਹੀ ਡੂੰਘੀ ਸਾਂਝ ਪਾਂਦਾ ਹੈ, ਉਹ ਇਕ ਪਰਮਾਤਮਾ ਦਾ ਹੀ ਸਿਮਰਨ ਕਰ ਕੇ ਆਤਮਕ ਆਨੰਦ ਮਾਣਦਾ ਹੈ।6।

(ਹੇ ਪ੍ਰਭੂ! ਜਗਤ ਦੇ) ਸਾਰੇ ਜੀਵ ਤੇਰਾ ਹੀ ਆਸਰਾ ਤੱਕ ਸਕਦੇ ਹਨ (ਹੇ ਪ੍ਰਭੂ! ਇਹ ਤੇਰਾ ਰਚਿਆ ਜਗਤ, ਮਾਨੋ, ਚਉਪੜ ਦੀ ਖੇਡ ਹੈ) , ਤੂੰ ਆਪ ਹੀ (ਇਸ ਚਉਪੜ ਉੱਤੇ) ਕੱਚੀਆਂ ਪੱਕੀਆਂ ਨਰਦਾਂ (ਭਾਵ, ਉੱਚੇ ਤੇ ਕੱਚੇ ਜੀਵਨ ਵਾਲੇ ਜੀਵ) ਰਚ ਕੇ ਇਹਨਾਂ ਦੀ ਸੰਭਾਲ ਕਰਦਾ ਹੈਂ।

(ਹੇ ਭਾਈ!) ਹਰ ਰੋਜ਼ (ਹਰ ਵੇਲੇ) ਪ੍ਰਭੂ ਆਪ ਹੀ (ਜੀਵਾਂ ਵਿਚ ਵਿਆਪਕ ਹੋ ਕੇ ਜੀਵਾਂ ਪਾਸੋਂ) ਕਾਰ ਕਰਾਂਦਾ ਹੈ, ਤੇ ਆਪ ਹੀ ਆਪਣੇ ਚਰਨਾਂ ਵਿਚ ਮਿਲਾਂਦਾ ਹੈ।7।

(ਹੇ ਭਾਈ!) ਤੂੰ ਆਪ ਹੀ ਜੀਵਾਂ ਦੇ ਅੰਗ-ਸੰਗ ਹੋ ਕੇ ਸਭ ਦੀ ਸੰਭਾਲ ਕਰਦਾ ਹੈਂ ਤੇ ਆਪਣੇ ਚਰਨਾਂ ਵਿਚ ਜੋੜਦਾ ਹੈਂ।

(ਹੇ ਭਾਈ!) ਸਭ ਜੀਵਾਂ ਵਿਚ ਪ੍ਰਭੂ ਆਪ ਹੀ ਹਾਜ਼ਰ-ਨਾਜ਼ਰ ਮੌਜੂਦ ਹੈ।

ਹੇ ਨਾਨਕ! ਸਭ ਥਾਈਂ ਪ੍ਰਭੂ ਆਪ ਹੀ ਵਰਤ ਰਿਹਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦਿਆਂ ਨੂੰ ਇਹ ਸਮਝ ਆ ਜਾਂਦੀ ਹੈ।8।6।7।

ਮਾਝ ਮਹਲਾ ੩ ॥ ਅੰਮ੍ਰਿਤ ਬਾਣੀ ਗੁਰ ਕੀ ਮੀਠੀ ॥ ਗੁਰਮੁਖਿ ਵਿਰਲੈ ਕਿਨੈ ਚਖਿ ਡੀਠੀ ॥ ਅੰਤਰਿ ਪਰਗਾਸੁ ਮਹਾ ਰਸੁ ਪੀਵੈ ਦਰਿ ਸਚੈ ਸਬਦੁ ਵਜਾਵਣਿਆ ॥੧॥ ਹਉ ਵਾਰੀ ਜੀਉ ਵਾਰੀ ਗੁਰ ਚਰਣੀ ਚਿਤੁ ਲਾਵਣਿਆ ॥ ਸਤਿਗੁਰੁ ਹੈ ਅੰਮ੍ਰਿਤ ਸਰੁ ਸਾਚਾ ਮਨੁ ਨਾਵੈ ਮੈਲੁ ਚੁਕਾਵਣਿਆ ॥੧॥ ਰਹਾਉ ॥ ਤੇਰਾ ਸਚੇ ਕਿਨੈ ਅੰਤੁ ਨ ਪਾਇਆ ॥ ਗੁਰ ਪਰਸਾਦਿ ਕਿਨੈ ਵਿਰਲੈ ਚਿਤੁ ਲਾਇਆ ॥ ਤੁਧੁ ਸਾਲਾਹਿ ਨ ਰਜਾ ਕਬਹੂੰ ਸਚੇ ਨਾਵੈ ਕੀ ਭੁਖ ਲਾਵਣਿਆ ॥੨॥ ਏਕੋ ਵੇਖਾ ਅਵਰੁ ਨ ਬੀਆ ॥ ਗੁਰ ਪਰਸਾਦੀ ਅੰਮ੍ਰਿਤੁ ਪੀਆ ॥ ਗੁਰ ਕੈ ਸਬਦਿ ਤਿਖਾ ਨਿਵਾਰੀ ਸਹਜੇ ਸੂਖਿ ਸਮਾਵਣਿਆ ॥੩॥ ਰਤਨੁ ਪਦਾਰਥੁ ਪਲਰਿ ਤਿਆਗੈ ॥ ਮਨਮੁਖੁ ਅੰਧਾ ਦੂਜੈ ਭਾਇ ਲਾਗੈ ॥ ਜੋ ਬੀਜੈ ਸੋਈ ਫਲੁ ਪਾਏ ਸੁਪਨੈ ਸੁਖੁ ਨ ਪਾਵਣਿਆ ॥੪॥ ਅਪਨੀ ਕਿਰਪਾ ਕਰੇ ਸੋਈ ਜਨੁ ਪਾਏ ॥ ਗੁਰ ਕਾ ਸਬਦੁ ਮੰਨਿ ਵਸਾਏ ॥ ਅਨਦਿਨੁ ਸਦਾ ਰਹੈ ਭੈ ਅੰਦਰਿ ਭੈ ਮਾਰਿ ਭਰਮੁ ਚੁਕਾਵਣਿਆ ॥੫॥ ਭਰਮੁ ਚੁਕਾਇਆ ਸਦਾ ਸੁਖੁ ਪਾਇਆ ॥ ਗੁਰ ਪਰਸਾਦਿ ਪਰਮ ਪਦੁ ਪਾਇਆ ॥ ਅੰਤਰੁ ਨਿਰਮਲੁ ਨਿਰਮਲ ਬਾਣੀ ਹਰਿ ਗੁਣ ਸਹਜੇ ਗਾਵਣਿਆ ॥੬॥ ਸਿਮ੍ਰਿਤਿ ਸਾਸਤ ਬੇਦ ਵਖਾਣੈ ॥ ਭਰਮੇ ਭੂਲਾ ਤਤੁ ਨ ਜਾਣੈ ॥ ਬਿਨੁ ਸਤਿਗੁਰ ਸੇਵੇ ਸੁਖੁ ਨ ਪਾਏ ਦੁਖੋ ਦੁਖੁ ਕਮਾਵਣਿਆ ॥੭॥ ਆਪਿ ਕਰੇ ਕਿਸੁ ਆਖੈ ਕੋਈ ॥ ਆਖਣਿ ਜਾਈਐ ਜੇ ਭੂਲਾ ਹੋਈ ॥ ਨਾਨਕ ਆਪੇ ਕਰੇ ਕਰਾਏ ਨਾਮੇ ਨਾਮਿ ਸਮਾਵਣਿਆ ॥੮॥੭॥੮॥ {ਪੰਨਾ 113-114}

ਪਦ ਅਰਥ: ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ, ਆਤਮਕ ਮੌਤ ਤੋਂ ਬਚਾਣ ਵਾਲੀ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ। ਕਿਨੈ = ਕਿਸੇ ਨੇ। ਚਖਿ = ਚੱਖ ਕੇ। ਅੰਤਰਿ = ਅੰਦਰ, ਹਿਰਦੇ ਵਿਚ। ਪਰਗਾਸੁ = ਸਹੀ ਜੀਵਨ ਦੀ ਸੂਝ, ਚਾਨਣ। ਦਰਿ = ਦਰਿ ਤੇ।1।

ਅੰਮ੍ਰਿਤਸਰੁ = ਅੰਮ੍ਰਿਤ ਦਾ ਕੁੰਡ। ਸਾਚਾ = ਸਦਾ ਕਾਇਮ ਰਹਿਣ ਵਾਲਾ। ਨਾਵੈ = ਇਸ਼ਨਾਨ ਕਰਦਾ ਹੈ।1। ਰਹਾਉ।

ਸਚੇ = ਹੇ ਸਦਾ-ਥਿਰ ਰਹਿਣ ਵਾਲੇ! ਪਰਸਾਦਿ = ਕਿਰਪਾ ਨਾਲ। ਨ ਰਜਾ = ਨ ਰੱਜਾਂ, ਮੈਂ ਨਹੀਂ ਰੱਜਦਾ। ਸਾਲਾਹਿ = ਸਿਫ਼ਤਿ-ਸਾਲਾਹ ਕਰ ਕੇ। ਕਬ ਹੂੰ = ਕਬ ਹੀ, ਕਦੇ ਭੀ। ਨਾਵੈ ਕੀ = ਨਾਮ ਦੀ।2।

ਵੇਖਾ = ਵੇਖਾਂ, ਮੈਂ ਵੇਖਦਾ ਹਾਂ। ਬੀਆ = ਦੂਜਾ। ਤਿਖਾ = (ਮਾਇਆ ਦੀ) ਤ੍ਰੇਹ, ਤ੍ਰਿਸ਼ਨਾ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ।3।

ਪਲਰਿ = ਤੋਰੀਏ ਦਾ ਨਾੜ। ਦੂਜੈ ਭਾਇ = ਦੂਜੇ ਦੇ ਪਿਆਰ ਵਿਚ, ਪ੍ਰਭੂ ਤੋਂ ਬਿਨਾ ਹੋਰ ਦੇ ਪ੍ਰੇਮ ਵਿਚ।4।

ਮੰਨਿ = ਮਨਿ, ਮਨ ਵਿਚ। ਅਨਦਿਨੁ = ਹੋਰ ਰੋਜ਼। ਭੈ ਅੰਦਰਿ = {ਲਫ਼ਜ਼ 'ਭਉ' ਸੰਬੰਧਕ 'ਅੰਦਰਿ' ਦੇ ਕਾਰਨ 'ਭੈ' ਬਣ ਗਿਆ ਹੈ। ਵੇਖੋ 'ਗੁਰਬਾਣੀ ਵਿਆਕਰਣ'}। ਭੈ = ਭਉ ਦੀ ਰਾਹੀਂ। ਮਾਰਿ = (ਮਨ ਨੂੰ) ਮਾਰ ਕੇ।5।

ਭਰਮੁ = ਭਟਕਣਾ। ਪਰਮ ਪਦੁ = ਸਭ ਤੋਂ ਉੱਚੀ ਆਤਮਕ ਅਵਸਥਾ। ਅੰਤਰੁ = ਅੰਦਰਲਾ, ਮਨ {ਨੋਟ: ਲਫ਼ਜ਼ 'ਅੰਤਰਿ' ਸੰਬੰਧਕ ਹੈ, ਲਫ਼ਜ਼ 'ਅੰਤਰੁ' ਨਾਂਵ ਹੈ}।6।

ਵਖਾਣੈ = ਉਚਾਰਦਾ ਹੈ, ਹੋਰਨਾਂ ਨੂੰ ਸੁਣਾਂਦਾ ਹੈ। ਭਰਮੇ = ਭਰਮਿ ਹੀ, ਭਟਕਣਾ ਵਿਚ ਹੀ। ਭਲਾ = ਕੁਰਾਹੇ ਪਿਆ ਰਹਿੰਦਾ ਹੈ। ਤਤੁ = ਅਸਲੀਅਤ {qÄvz = The real nature of the human soul or the meterial world as being identical with the Supreme Being}।7।

ਨਾਮੇ ਨਾਮਿ = ਨਾਮਿ ਹੀ ਨਾਮਿ, ਨਾਮ ਵਿਚ ਹੀ ਨਾਮ ਵਿਚ ਹੀ।8।

ਅਰਥ: ਸਤਿਗੁਰੂ ਦੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ ਤੇ ਜੀਵਨ ਵਿਚ ਮਿਠਾਸ ਭਰਨ ਵਾਲੀ ਹੈ, ਪਰ ਕਿਸੇ ਵਿਰਲੇ ਗੁਰਮੁਖਿ ਨੇ ਇਸ ਬਾਣੀ ਦਾ ਰਸ ਲੈ ਕੇ ਇਹ ਤਬਦੀਲੀ ਵੇਖੀ ਹੈ। ਜੇਹੜਾ ਮਨੁੱਖ ਗੁਰੂ ਦੀ ਬਾਣੀ ਦਾ ਸ੍ਰੇਸ਼ਟ ਰਸ ਲੈਂਦਾ ਹੈ, ਉਸ ਦੇ ਅੰਦਰ ਸਹੀ ਜੀਵਨ ਦੀ ਸੂਝ ਪੈਦਾ ਹੋ ਜਾਂਦੀ ਹੈ, ਉਹ ਸਦਾ-ਥਿਰ ਪ੍ਰਭੂ ਦੇ ਦਰ ਤੇ ਟਿਕਿਆ ਰਹਿੰਦਾ ਹੈ, ਉਸ ਦੇ ਅੰਦਰ ਗੁਰੂ ਦਾ ਸ਼ਬਦ ਆਪਣਾ ਪੂਰਾ ਪ੍ਰਭਾਵ ਪਾਈ ਰੱਖਦਾ ਹੈ।1।

ਮੈਂ ਸਦਾ ਉਸ ਮਨੁੱਖ ਤੋਂ ਸਦਕੇ ਕੁਰਬਾਨ ਜਾਂਦਾ ਹਾਂ, ਜੇਹੜੇ ਗੁਰੂ ਦੇ ਚਰਨਾਂ ਵਿਚ ਆਪਣਾ ਚਿੱਤ ਜੋੜੀ ਰੱਖਦਾ ਹੈ। ਸਤਿਗੁਰੂ ਆਤਮਕ ਜੀਵਨ ਦੇਣ ਵਾਲੇ ਜਲ ਦਾ ਕੁੰਡ ਹੈ, ਉਹ ਕੁੰਡ ਸਦਾ ਕਾਇਮ ਰਹਿਣ ਵਾਲਾ (ਭੀ) ਹੈ। (ਜਿਸ ਮਨੁੱਖ ਦਾ) ਮਨ (ਉਸ ਕੁੰਡ ਵਿਚ) ਇਸ਼ਨਾਨ ਕਰਦਾ ਹੈ, (ਉਹ ਆਪਣੇ ਮਨ ਦੀ ਵਿਕਾਰਾਂ ਦੀ) ਮੈਲ ਦੂਰ ਕਰ ਲੈਂਦਾ ਹੈ।1। ਰਹਾਉ।

ਹੇ ਸਦਾ-ਥਿਰ ਰਹਿਣ ਵਾਲੇ ਪ੍ਰਭੂ! ਕਿਸੇ ਜੀਵ ਨੇ ਤੇਰੇ ਗੁਣਾਂ ਦਾ ਅਖ਼ੀਰ ਨਹੀਂ ਲੱਭਾ। ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ (ਤੇਰੇ ਚਰਨਾਂ ਵਿਚ ਆਪਣਾ) ਚਿੱਤ ਜੋੜਿਆ ਹੈ। (ਹੇ ਪ੍ਰਭੂ! ਮਿਹਰ ਕਰ ਕਿ) ਮੈਂ ਤੇਰੀ ਸਿਫ਼ਤਿ-ਸਾਲਾਹ ਕਰਦਾ ਕਰਦਾ ਕਦੇ ਭੀ ਨਾਹ ਰੱਜਾਂ, ਤੇਰੇ ਸਦਾ-ਥਿਰ ਰਹਿਣ ਵਾਲੇ ਨਾਮ ਦੀ ਭੁੱਖ ਮੈਨੂੰ ਸਦਾ ਲੱਗੀ ਰਹੇ।2।

(ਹੇ ਭਾਈ!) ਗੁਰੂ ਦੀ ਕਿਰਪਾ ਨਾਲ ਮੈਂ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਰਸ ਪੀਤਾ ਹੈ, ਹੁਣ ਮੈਂ (ਹਰ ਥਾਂ) ਇਕ ਪਰਮਾਤਮਾ ਨੂੰ ਹੀ ਵੇਖਦਾ ਹਾਂ, (ਉਸ ਤੋਂ ਬਿਨਾ ਮੈਨੂੰ) ਕੋਈ ਹੋਰ ਨਹੀਂ (ਦਿੱਸਦਾ) । ਗੁਰੂ ਦੇ ਸ਼ਬਦ ਵਿਚ ਜੁੜ ਕੇ ਮੈਂ ਮਾਇਆ ਦੀ ਤ੍ਰਿਸ਼ਨਾ ਦੂਰ ਕਰ ਲਈ ਹੈ, ਹੁਣ ਮੈਂ ਆਤਮਕ ਅਡੋਲਤਾ ਵਿਚ ਆਤਮਕ ਆਨੰਦ ਵਿਚ ਲੀਨ ਰਹਿੰਦਾ ਹਾਂ।3।

ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਪ੍ਰਭੂ ਨੂੰ ਭੁਲਾ ਕੇ) ਮਾਇਆ ਦੇ ਪਿਆਰ ਵਿਚ ਫਸਿਆ ਰਹਿੰਦਾ ਹੈ, ਉਹ ਪਰਮਾਤਮਾ ਦੇ ਨਾਮ-ਰਤਨ ਨੂੰ (ਦੁਨੀਆ ਦੇ ਸਭ ਪਦਾਰਥਾਂ ਨਾਲੋਂ ਸ੍ਰੇਸ਼ਟ) ਪਦਾਰਥ ਨੂੰ ਤੋਰੀਏ ਦੇ ਨਾੜ ਦੇ ਵੱਟੇ ਵਿਚ ਹੱਥੋਂ ਗਵਾਂਦਾ ਰਹਿੰਦਾ ਹੈ। ਜੇਹੜਾ (ਦੁਖਦਾਈ ਬੀਜ) ਉਹ ਮਨਮੁਖ ਬੀਜਦਾ ਹੈ, ਉਸ ਦਾ ਉਹੀ (ਦੁਖਦਾਈ) ਫਲ ਉਹ ਹਾਸਲ ਕਰਦਾ ਹੈ, ਉਹ ਕਦੇ ਸੁਪਨੇ ਵਿਚ ਭੀ ਆਤਮਕ ਆਨੰਦ ਨਹੀਂ ਪਾਂਦਾ।4।

ਜਿਸ ਮਨੁੱਖ ਉੱਤੇ ਪਰਮਾਤਮਾ ਆਪਣੀ ਕਿਰਪਾ ਕਰਦਾ ਹੈ ਉਹੀ ਮਨੁੱਖ (ਆਤਮਕ ਆਨੰਦ) ਪ੍ਰਾਪਤ ਕਰਦਾ ਹੈ (ਕਿਉਂਕਿ ਉਹ) ਗੁਰੂ ਦਾ ਸ਼ਬਦ ਆਪਣੇ ਮਨ ਵਿਚ ਵਸਾਈ ਰੱਖਦਾ ਹੈ। ਉਹ ਮਨੁੱਖ ਹਰ ਰੋਜ਼ ਹਰ ਵੇਲੇ ਪਰਮਾਤਮਾ ਦੇ ਡਰ-ਅਦਬ ਵਿਚ ਟਿਕਿਆ ਰਹਿੰਦਾ ਹੈ, ਤੇ ਉਸ ਡਰ-ਅਦਬ ਦੀ ਬਰਕਤਿ ਨਾਲ ਆਪਣੇ ਮਨ ਨੂੰ ਮਾਰ ਕੇ (ਵਿਕਾਰਾਂ ਵਲੋਂ ਮਾਰ ਕੇ ਵਿਕਾਰਾਂ ਵਲ ਦੀ) ਦੌੜ-ਭੱਜ ਦੂਰ ਕਰੀ ਰੱਖਦਾ ਹੈ।5।

ਜਿਸ ਮਨੁੱਖ ਨੇ (ਆਪਣੇ ਮਨ ਦੀ ਵਿਕਾਰਾਂ ਵਲ ਦੀ) ਦੌੜ-ਭੱਜ ਮੁਕਾ ਲਈ, ਉਸ ਨੇ ਸਦਾ ਆਤਮਕ ਆਨੰਦ ਮਾਣਿਆ, ਗੁਰੂ ਦੀ ਕਿਰਪਾ ਨਾਲ ਉਸ ਨੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ। ਜੀਵਨ ਨੂੰ ਪਵਿੱਤ੍ਰ ਕਰਨ ਵਾਲੀ ਗੁਰਬਾਣੀ ਦੀ ਸਹਾਇਤਾ ਨਾਲ ਉਸ ਦਾ ਮਨ ਪਵਿੱਤ੍ਰ ਹੋ ਗਿਆ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ।6।

(ਪੰਡਿਤ) ਵੈਦ ਸ਼ਾਸਤ੍ਰ ਸਿਮ੍ਰਿਤੀਆਂ (ਆਦਿਕ ਧਰਮ-ਪੁਸਤਕ) ਹੋਰਨਾਂ ਨੂੰ ਪੜ੍ਹ ਪੜ੍ਹ ਕੇ ਸੁਣਾਂਦਾ ਰਹਿੰਦਾ ਹੈ, ਪਰ ਆਪ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ। ਉਹ ਅਸਲੀਅਤ ਨੂੰ ਨਹੀਂ ਸਮਝਦਾ। ਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ ਉਹ ਆਤਮਕ ਆਨੰਦ ਨਹੀਂ ਮਾਣ ਸਕਦਾ, ਦੁੱਖ ਹੀ ਦੁੱਖ (ਪੈਦਾ ਕਰਨ ਵਾਲੀ) ਕਮਾਈ ਕਰਦਾ ਰਹਿੰਦਾ ਹੈ।7।

(ਪਰ ਇਹ ਸਾਰੀ ਖੇਡ ਪਰਮਾਤਮਾ ਦੇ ਆਪਣੇ ਹੱਥ ਵਿਚ ਹੈ। ਸਭ ਜੀਵਾਂ ਵਿਚ ਵਿਆਪਕ ਹੋ ਕੇ ਪਰਮਾਤਮਾ) ਆਪ ਹੀ (ਸਭ ਕੁਝ) ਕਰਦਾ ਹੈ। ਕਿਸ ਨੂੰ ਕੋਈ ਆਖ ਸਕਦਾ ਹੈ (ਕਿ ਤੂੰ ਕੁਰਾਹੇ ਜਾ ਰਿਹਾ ਹੈਂ) ? ਕਿਸੇ ਨੂੰ ਸਮਝਾਣ ਦੀ ਲੋੜ ਤਦੋਂ ਹੀ ਪੈ ਸਕਦੀ ਹੈ, ਜੇ ਉਹ (ਆਪ) ਕੁਰਾਹੇ ਪਿਆ ਹੋਇਆ ਹੋਵੇ। ਹੇ ਨਾਨਕ! ਪਰਮਾਤਮਾ ਆਪ ਹੀ (ਸਭ ਜੀਵਾਂ ਵਿਚ ਵਿਆਪਕ ਹੋ ਕੇ ਸਭ ਕੁਝ) ਕਰ ਰਿਹਾ ਹੈ ਤੇ (ਜੀਵਾਂ ਪਾਸੋਂ) ਕਰਾ ਰਿਹਾ ਹੈ, ਉਹ ਆਪ ਹੀ (ਸਰਬ-ਵਿਆਪਕ ਹੋ ਕੇ ਆਪਣੇ) ਨਾਮ ਵਿਚ ਹੀ ਲੀਨ ਹੋ ਸਕਦਾ ਹੈ।8।7।8।

TOP OF PAGE

Sri Guru Granth Darpan, by Professor Sahib Singh