ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 114 ਮਾਝ ਮਹਲਾ ੩ ॥ ਆਪੇ ਰੰਗੇ ਸਹਜਿ ਸੁਭਾਏ ॥ ਗੁਰ ਕੈ ਸਬਦਿ ਹਰਿ ਰੰਗੁ ਚੜਾਏ ॥ ਮਨੁ ਤਨੁ ਰਤਾ ਰਸਨਾ ਰੰਗਿ ਚਲੂਲੀ ਭੈ ਭਾਇ ਰੰਗੁ ਚੜਾਵਣਿਆ ॥੧॥ ਹਉ ਵਾਰੀ ਜੀਉ ਵਾਰੀ ਨਿਰਭਉ ਮੰਨਿ ਵਸਾਵਣਿਆ ॥ ਗੁਰ ਕਿਰਪਾ ਤੇ ਹਰਿ ਨਿਰਭਉ ਧਿਆਇਆ ਬਿਖੁ ਭਉਜਲੁ ਸਬਦਿ ਤਰਾਵਣਿਆ ॥੧॥ ਰਹਾਉ ॥ ਮਨਮੁਖ ਮੁਗਧ ਕਰਹਿ ਚਤੁਰਾਈ ॥ ਨਾਤਾ ਧੋਤਾ ਥਾਇ ਨ ਪਾਈ ॥ ਜੇਹਾ ਆਇਆ ਤੇਹਾ ਜਾਸੀ ਕਰਿ ਅਵਗਣ ਪਛੋਤਾਵਣਿਆ ॥੨॥ ਮਨਮੁਖ ਅੰਧੇ ਕਿਛੂ ਨ ਸੂਝੈ ॥ ਮਰਣੁ ਲਿਖਾਇ ਆਏ ਨਹੀ ਬੂਝੈ ॥ ਮਨਮੁਖ ਕਰਮ ਕਰੇ ਨਹੀ ਪਾਏ ਬਿਨੁ ਨਾਵੈ ਜਨਮੁ ਗਵਾਵਣਿਆ ॥੩॥ ਸਚੁ ਕਰਣੀ ਸਬਦੁ ਹੈ ਸਾਰੁ ॥ ਪੂਰੈ ਗੁਰਿ ਪਾਈਐ ਮੋਖ ਦੁਆਰੁ ॥ ਅਨਦਿਨੁ ਬਾਣੀ ਸਬਦਿ ਸੁਣਾਏ ਸਚਿ ਰਾਤੇ ਰੰਗਿ ਰੰਗਾਵਣਿਆ ॥੪॥ ਰਸਨਾ ਹਰਿ ਰਸਿ ਰਾਤੀ ਰੰਗੁ ਲਾਏ ॥ ਮਨੁ ਤਨੁ ਮੋਹਿਆ ਸਹਜਿ ਸੁਭਾਏ ॥ ਸਹਜੇ ਪ੍ਰੀਤਮੁ ਪਿਆਰਾ ਪਾਇਆ ਸਹਜੇ ਸਹਜਿ ਮਿਲਾਵਣਿਆ ॥੫॥ ਜਿਸੁ ਅੰਦਰਿ ਰੰਗੁ ਸੋਈ ਗੁਣ ਗਾਵੈ ॥ ਗੁਰ ਕੈ ਸਬਦਿ ਸਹਜੇ ਸੁਖਿ ਸਮਾਵੈ ॥ ਹਉ ਬਲਿਹਾਰੀ ਸਦਾ ਤਿਨ ਵਿਟਹੁ ਗੁਰ ਸੇਵਾ ਚਿਤੁ ਲਾਵਣਿਆ ॥੬॥ ਸਚਾ ਸਚੋ ਸਚਿ ਪਤੀਜੈ ॥ ਗੁਰ ਪਰਸਾਦੀ ਅੰਦਰੁ ਭੀਜੈ ॥ ਬੈਸਿ ਸੁਥਾਨਿ ਹਰਿ ਗੁਣ ਗਾਵਹਿ ਆਪੇ ਕਰਿ ਸਤਿ ਮਨਾਵਣਿਆ ॥੭॥ ਜਿਸ ਨੋ ਨਦਰਿ ਕਰੇ ਸੋ ਪਾਏ ॥ ਗੁਰ ਪਰਸਾਦੀ ਹਉਮੈ ਜਾਏ ॥ ਨਾਨਕ ਨਾਮੁ ਵਸੈ ਮਨ ਅੰਤਰਿ ਦਰਿ ਸਚੈ ਸੋਭਾ ਪਾਵਣਿਆ ॥੮॥੮॥੯॥ {ਪੰਨਾ 114} ਪਦ ਅਰਥ: ਆਪੇ = (ਪ੍ਰਭੂ) ਆਪ ਹੀ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਏ = ਸੁਭਾਇ, ਸੋਹਣੇ ਪ੍ਰੇਮ ਵਿਚ। ਸਬਦਿ = ਸ਼ਬਦ ਦੀ ਰਾਹੀਂ। ਰਤਾ = ਰੱਤਾ, ਰੰਗਿਆ ਜਾਂਦਾ ਹੈ। ਰਸਨਾ = ਜੀਭ। ਚਲੂਲੀ = ਗੂੜ੍ਹੇ ਰੰਗ ਵਾਲੀ। ਭੈ = (ਪ੍ਰਭੂ ਦੇ) ਡਰ-ਅਦਬ ਵਿਚ। ਭਾਇ = (ਪ੍ਰਭੂ ਦੇ) ਪ੍ਰੇਮ ਵਿਚ।1। ਮੰਨਿ = ਮਨਿ, ਮਨ ਵਿਚ। ਤੇ = ਤੋਂ, ਨਾਲ। ਬਿਖੁ = ਜ਼ਹਰ। ਭਉਜਲੁ = ਸੰਸਾਰ-ਸਮੁੰਦਰ।1। ਰਹਾਉ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਮੁਗਧ = ਮੂਰਖ। ਥਾਇ = ਥਾਂ ਵਿਚ। ਥਾਇ ਨ ਪਾਈ = ਪਰਵਾਨ ਨਹੀਂ ਹੁੰਦਾ। ਜਾਸੀ = ਜਾਇਗਾ।2। ਕਿਛੂ ਨਾ ਸੂਝੈ = (ਸਹੀ ਜੀਵਨ-ਜੁਗਤਿ ਬਾਰੇ) ਕੁਝ ਭੀ ਨਹੀਂ ਅਹੁੜਦਾ।3। ਸਚੁ = ਸਦਾ-ਥਿਰ ਪ੍ਰਭੂ ਦਾ ਨਾਮ। ਕਰਣੀ = {krxIX} ਕਰਨ-ਜੋਗ ਕੰਮ। ਸਰੁ = ਸ੍ਰੇਸ਼ਟ (ਕੰਮ) । ਗੁਰਿ = ਗੁਰੂ ਦੀ ਰਾਹੀਂ। ਮੋਖ ਦੁਆਰੁ = (ਵਿਕਾਰਾਂ ਤੋਂ) ਖ਼ਲਾਸੀ ਦਾ ਦਰਵਾਜ਼ਾ। ਅਨਦਿਨੁ = ਹਰ ਰੋਜ਼। ਸਬਦਿ = ਸ਼ਬਦ ਦੀ ਰਾਹੀਂ। ਸਚਿ = ਸਦਾ-ਥਿਰ ਪ੍ਰਭੂ ਵਿਚ।4। ਰਸਿ = ਰਸ ਵਿਚ। ਸਹਜੇ = ਆਤਮਕ ਅਡੋਲਤਾ ਵਿਚ (ਟਿਕ ਕੇ) ।5। ਰੰਗੁ = ਲਗਨ। ਸੁਖਿ = ਆਤਮਕ ਆਨੰਦ ਵਿਚ। ਵਿਟਹੁ = ਤੋਂ।6। ਪਤੀਜੈ = ਗਿੱਝ ਜਾਂਦਾ ਹੈ। ਅੰਦਰੁ = ਹਿਰਦਾ {ਲਫ਼ਜ਼ 'ਅੰਦਰ' ਨਾਂਵ ਹੈ, ਲਫ਼ਜ਼ 'ਅੰਦਰਿ' ੁਸੰਬੰਧਕ ਹੈ। ਦੋਹਾਂ ਦਾ ਫ਼ਰਕ ਚੇਤੇ ਰੱਖਣ-ਜੋਗ ਹੈ}। ਬੈਸਿ = ਬੈਠ ਕੇ, ਟਿਕ ਕੇ। ਸੁਥਾਨਿ = ਸ੍ਰੇਸ਼ਟ ਥਾਂ ਵਿਚ। ਆਪੇ = ਪ੍ਰਭੂ ਆਪ ਹੀ। ਸਤਿ = {sÄX} ਠੀਕ।7। ਜਿਸ ਨੋ = {ਵੇਖੋ 'ਜਿਸੁ ਅੰਦਰਿ'। ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ। ਵੇਖੋ 'ਗੁਰਬਾਣੀ ਵਿਆਕਰਣ'}। ਅੰਤਰਿ = ਵਿਚ। ਦਰਿ = ਦਰ ਤੇ।8। ਅਰਥ: ਪ੍ਰਭੂ ਆਪ ਹੀ (ਜਿਨ੍ਹਾਂ ਮਨੁੱਖਾਂ ਨੂੰ) ਆਤਮਕ ਅਡੋਲਤਾ ਦੇ (ਰੰਗ) ਵਿਚ ਰੰਗਦਾ ਹੈ, ਸ੍ਰੇਸ਼ਟ ਪਿਆਰ (ਦੇ ਰੰਗ) ਵਿਚ ਰੰਗਦਾ ਹੈ, ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਵਿਚ (ਜੋੜ ਕੇ ਇਹ) ਰੰਗ ਚਾੜ੍ਹਦਾ ਹੈ, ਉਹਨਾਂ ਦਾ ਮਨ ਰੰਗਿਆ ਜਾਂਦਾ ਹੈ ਉਹਨਾਂ ਦਾ ਸਰੀਰ ਰੰਗਿਆ ਜਾਂਦਾ ਹੈ, ਉਹਨਾਂ ਦੀ ਜੀਭ (ਨਾਮ-) ਰੰਗ ਵਿਚ ਗੂੜ੍ਹੀ ਲਾਲ ਹੋ ਜਾਂਦੀ ਹੈ। ਗੁਰੂ ਉਹਨਾਂ ਨੂੰ ਪ੍ਰਭੂ ਦੇ ਡਰ-ਅਦਬ ਵਿਚ ਰੱਖ ਕੇ ਪ੍ਰਭੂ ਦੇ ਪਿਆਰ ਵਿਚ ਜੋੜ ਕੇ ਨਾਮ-ਰੰਗ ਚਾੜ੍ਹਦਾ ਹੈ। ਮੈਂ ਸਦਾ ਉਹਨਾਂ ਤੋਂ ਸਦਕੇ ਕੁਰਬਾਨ ਜਾਂਦਾ ਹਾਂ ਜੋ ਉਸ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਂਦੇ ਹਨ ਜਿਸ ਨੂੰ ਕਿਸੇ ਦਾ ਡਰ ਖ਼ਤਰਾ ਨਹੀਂ। ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਨਿਰਭਉ ਪਰਮਾਤਮਾ ਦਾ ਧਿਆਨ ਧਰਿਆ ਹੈ, ਪਰਮਾਤਮਾ ਉਹਨਾਂ ਨੂੰ ਗੁਰੂ ਦੇ ਸ਼ਬਦ ਵਿਚ ਜੋੜ ਕੇ ਜ਼ਹਰ-ਰੂਪ ਸੰਸਾਰ-ਸੰਮੁਦਰ ਤੋਂ ਪਾਰ ਲੰਘਾ ਲੈਂਦਾ ਹੈ (ਭਾਵ, ਉਸ ਸੰਸਾਰ-ਸਮੁੰਦਰ ਤੋਂ ਪਾਰ ਲੰਘਾਂਦਾ ਹੈ ਜਿਸ ਦਾ ਮੋਹ ਆਤਮਕ ਜੀਵਨ ਵਾਸਤੇ ਜ਼ਹਰ ਵਰਗਾ ਹੈ) ।1। ਰਹਾਉ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ ਚਤੁਰਾਈਆਂ ਕਰਦੇ ਹਨ (ਤੇ ਆਖਦੇ ਹਨ ਕਿ ਅਸੀਂ ਤੀਰਥ-ਇਸ਼ਨਾਨ ਆਦਿਕ ਪੁੰਨ-ਕਰਮ ਕਰਦੇ ਹਾਂ) (ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ) ਬਾਹਰੋਂ ਕਿਤਨਾ ਭੀ ਪਵਿਤ੍ਰ ਕਰਮ ਕਰਨ ਵਾਲਾ ਹੋਵੇ (ਪਰਮਾਤਮਾ ਦੀ ਹਜ਼ੂਰੀ ਵਿਚ) ਪਰਵਾਨ ਨਹੀਂ ਹੁੰਦਾ। (ਉਹ ਜਗਤ ਵਿਚ ਆਤਮਕ ਜੀਵਨ ਵਲੋਂ) ਜਿਹੋ ਜਿਹਾ (ਖ਼ਾਲੀ ਆਉਂਦਾ ਹੈ ਉਹੋ ਜਿਹਾ (ਖ਼ਾਲੀ) ਹੀ ਚਲਾ ਜਾਂਦਾ ਹੈ (ਜਗਤ ਵਿਚ) ਔਗੁਣ ਕਰ ਕਰ ਕੇ (ਆਖ਼ਰ) ਪਛਤਾਂਦਾ ਹੀ (ਜਾਂਦਾ) ਹੈ।2। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ, ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਮਨੁੱਖ ਨੂੰ (ਸਹੀ ਜੀਵਨ-ਜੁਗਤਿ ਬਾਰੇ) ਕੁਝ ਨਹੀਂ ਅਹੁੜਦਾ (ਪਿਛਲੇ ਜਨਮਾਂ ਵਿਚ ਮਨਮੁਖਤਾ ਦੇ ਅਧੀਨ ਕੀਤੇ ਕਰਮਾਂ ਅਨੁਸਾਰ) ਆਤਮਕ ਮੌਤ (ਦੇ ਸੰਸਕਾਰ ਆਪਣੇ ਮਨ ਦੀ ਪੱਟੀ ਉੱਤੇ) ਲਿਖਾ ਕੇ ਉਹ (ਜਗਤ ਵਿਚ) ਆਉਂਦਾ ਹੈ (ਇਥੇ ਭੀ ਉਸ ਨੂੰ) ਸਮਝ ਨਹੀਂ ਪੈਂਦੀ, ਆਪਣੇ ਮਨ ਦੇ ਪਿੱਛੇ ਤੁਰ ਕੇ ਹੀ ਕਰਮ ਕਰਦਾ ਰਹਿੰਦਾ ਹੈ, (ਸਹੀ ਜੀਵਨ-ਜੁਗਤਿ ਦੀ ਸੂਝ) ਹਾਸਲ ਨਹੀਂ ਕਰਦਾ, ਤੇ ਪਰਮਾਤਮਾ ਦੇ ਨਾਮ ਤੋਂ ਵਾਂਜਿਆਂ ਰਹਿ ਕੇ ਮਨੁੱਖਾ ਜਨਮ ਅਜਾਈਂ ਗਵਾ ਜਾਂਦਾ ਹੈ।3। (ਹੇ ਭਾਈ!) ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਹੀ ਕਰਨ-ਜੋਗ ਕੰਮ ਹੈ, ਗੁਰੂ ਦਾ ਸ਼ਬਦ (ਹਿਰਦੇ ਵਿਚ ਵਸਾਣਾ ਹੀ) ਸ੍ਰੇਸ਼ਟ (ਉੱਦਮ) ਹੈ। ਪੂਰੇ ਗੁਰੂ ਦੀ ਰਾਹੀਂ ਹੀ ਵਿਕਾਰਾਂ ਤੋਂ ਖ਼ਲਾਸੀ ਪਾਣ ਦਾ ਦਰਵਾਜ਼ਾ ਲੱਭਦਾ ਹੈ। (ਗੁਰੂ ਜਿਨ੍ਹਾਂ ਨੂੰ) ਹਰ ਵੇਲੇ ਆਪਣੀ ਬਾਣੀ ਦੀ ਰਾਹੀਂ ਆਪਣੇ ਸ਼ਬਦ ਦੀ ਰਾਹੀਂ (ਪਰਮਾਤਮਾ ਦੀ ਸਿਫ਼ਤਿ-ਸਾਲਾਹ) ਸੁਣਾਂਦਾ ਰਹਿੰਦਾ ਹੈ, ਉਹ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਰੰਗੇ ਜਾਂਦੇ ਹਨ, ਉਹ ਉਸ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ।4। ਜਿਸ ਮਨੁੱਖ ਦੀ ਜੀਭ ਪੂਰੀ ਲਗਨ ਲਾ ਕੇ ਪਰਮਾਤਮਾ ਦੇ ਨਾਮ-ਰਸ ਵਿਚ ਰੰਗੀ ਜਾਂਦੀ ਹੈ, ਉਸ ਦਾ ਮਨ ਆਤਮਕ ਅਡੋਲਤਾ ਵਿਚ ਮਸਤ ਰਹਿੰਦਾ ਹੈ, ਉਸ ਦਾ ਸਰੀਰ ਪ੍ਰੇਮ-ਰੰਗ ਵਿਚ ਮਗਨ ਰਹਿੰਦਾ ਹੈ। ਆਤਮਕ ਅਡੋਲਤਾ ਵਿਚ ਟਿਕ ਕੇ ਉਹ ਪਿਆਰੇ ਪ੍ਰੀਤਮ ਪ੍ਰਭੂ ਨੂੰ ਮਿਲ ਪੈਂਦਾ ਹੈ, ਉਹ ਸਦਾ ਆਤਮਕ ਅਡੋਲਤਾ ਵਿਚ ਹੀ ਲੀਨ ਰਹਿੰਦਾ ਹੈ।5। ਜਿਸ ਮਨੁੱਖ ਦੇ ਹਿਰਦੇ ਵਿਚ ਲਗਨ ਹੈ, ਉਹੀ ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹੈ। ਉਹ ਗੁਰੂ ਦੇ ਸ਼ਬਦ ਵਿਚ ਜੁਝ ਕੇ ਆਤਮਕ ਅਡੋਲਤਾ ਵਿਚ ਆਤਮਕ ਆਨੰਦ ਵਿਚ ਮਗਨ ਹੋਇਆ ਰਹਿੰਦਾ ਹੈ। ਮੈਂ ਸਦਾ ਉਹਨਾਂ ਬੰਦਿਆਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਗੁਰੂ ਦੀ ਦੱਸੀ ਕਾਰ ਵਿਚ ਆਪਣਾ ਚਿੱਤ ਲਾਇਆ ਹੋਇਆ ਹੈ।6। ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਮਨੁੱਖਾਂ ਦਾ ਹਿਰਦਾ (ਸਿਫ਼ਤਿ-ਸਾਲਾਹ ਦੇ ਰਸ ਨਾਲ) ਭਿੱਜਿਆ ਰਹਿੰਦਾ ਹੈ, ਜਿਨ੍ਹਾਂ ਦਾ ਮਨ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰ ਕੇ ਸਦਾ-ਥਿਰ ਦੀ ਯਾਦ ਵਿਚ ਗਿੱਝਿਆ ਰਹਿੰਦਾ ਹੈ ਉਹ ਸ੍ਰੇਸ਼ਟ ਅੰਤਰ ਆਤਮੇ ਵਿਚ ਟਿਕ ਕੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ। ਪ੍ਰਭੂ ਆਪ ਹੀ ਉਹਨਾਂ ਨੂੰ ਇਹ ਸਰਧਾ ਬਖ਼ਸ਼ਦਾ ਹੈ ਕਿ ਸਿਫ਼ਤਿ-ਸਾਲਾਹ ਦੀ ਕਾਰ ਹੀ ਸਹੀ ਜੀਵਨ-ਕਾਰ ਹੈ।7। ਪਰ ਪ੍ਰਭੂ ਦਾ ਨਾਮ ਸਿਮਰਨ ਦੀ ਸੂਝ ਉਹੀ ਮਨੁੱਖ ਹਾਸਲ ਕਰਦਾ ਹੈ, ਜਿਸ ਉੱਤੇ ਪ੍ਰਭੂ ਮਿਹਰ ਦੀ ਨਿਗਾਹ ਕਰਦਾ ਹੈ। ਗੁਰੂ ਦੀ ਕਿਰਪਾ ਨਾਲ (ਨਾਮ ਸਿਮਰਿਆਂ) ਉਸ ਦੀ ਹਉਮੈ ਦੂਰ ਹੋ ਜਾਂਦੀ ਹੈ। ਹੇ ਨਾਨਕ! ਉਸ ਮਨੁੱਖ ਦੇ ਮਨ ਵਿਚ ਪ੍ਰਭੂ ਦਾ ਨਾਮ ਵੱਸ ਪੈਂਦਾ ਹੈ, ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਉਸ ਨੂੰ ਸੋਭਾ ਮਿਲਦੀ ਹੈ।8। 8।9। ਮਾਝ ਮਹਲਾ ੩ ॥ ਸਤਿਗੁਰੁ ਸੇਵਿਐ ਵਡੀ ਵਡਿਆਈ ॥ ਹਰਿ ਜੀ ਅਚਿੰਤੁ ਵਸੈ ਮਨਿ ਆਈ ॥ ਹਰਿ ਜੀਉ ਸਫਲਿਓ ਬਿਰਖੁ ਹੈ ਅੰਮ੍ਰਿਤੁ ਜਿਨਿ ਪੀਤਾ ਤਿਸੁ ਤਿਖਾ ਲਹਾਵਣਿਆ ॥੧॥ ਹਉ ਵਾਰੀ ਜੀਉ ਵਾਰੀ ਸਚੁ ਸੰਗਤਿ ਮੇਲਿ ਮਿਲਾਵਣਿਆ ॥ ਹਰਿ ਸਤਸੰਗਤਿ ਆਪੇ ਮੇਲੈ ਗੁਰ ਸਬਦੀ ਹਰਿ ਗੁਣ ਗਾਵਣਿਆ ॥੧॥ ਰਹਾਉ ॥ ਸਤਿਗੁਰੁ ਸੇਵੀ ਸਬਦਿ ਸੁਹਾਇਆ ॥ ਜਿਨਿ ਹਰਿ ਕਾ ਨਾਮੁ ਮੰਨਿ ਵਸਾਇਆ ॥ ਹਰਿ ਨਿਰਮਲੁ ਹਉਮੈ ਮੈਲੁ ਗਵਾਏ ਦਰਿ ਸਚੈ ਸੋਭਾ ਪਾਵਣਿਆ ॥੨॥ ਬਿਨੁ ਗੁਰ ਨਾਮੁ ਨ ਪਾਇਆ ਜਾਇ ॥ ਸਿਧ ਸਾਧਿਕ ਰਹੇ ਬਿਲਲਾਇ ॥ ਬਿਨੁ ਗੁਰ ਸੇਵੇ ਸੁਖੁ ਨ ਹੋਵੀ ਪੂਰੈ ਭਾਗਿ ਗੁਰੁ ਪਾਵਣਿਆ ॥੩॥ ਇਹੁ ਮਨੁ ਆਰਸੀ ਕੋਈ ਗੁਰਮੁਖਿ ਵੇਖੈ ॥ ਮੋਰਚਾ ਨ ਲਾਗੈ ਜਾ ਹਉਮੈ ਸੋਖੈ ॥ ਅਨਹਤ ਬਾਣੀ ਨਿਰਮਲ ਸਬਦੁ ਵਜਾਏ ਗੁਰ ਸਬਦੀ ਸਚਿ ਸਮਾਵਣਿਆ ॥੪॥ ਬਿਨੁ ਸਤਿਗੁਰ ਕਿਹੁ ਨ ਦੇਖਿਆ ਜਾਇ ॥ ਗੁਰਿ ਕਿਰਪਾ ਕਰਿ ਆਪੁ ਦਿਤਾ ਦਿਖਾਇ ॥ ਆਪੇ ਆਪਿ ਆਪਿ ਮਿਲਿ ਰਹਿਆ ਸਹਜੇ ਸਹਜਿ ਸਮਾਵਣਿਆ ॥੫॥ ਗੁਰਮੁਖਿ ਹੋਵੈ ਸੁ ਇਕਸੁ ਸਿਉ ਲਿਵ ਲਾਏ ॥ ਦੂਜਾ ਭਰਮੁ ਗੁਰ ਸਬਦਿ ਜਲਾਏ ॥ ਕਾਇਆ ਅੰਦਰਿ ਵਣਜੁ ਕਰੇ ਵਾਪਾਰਾ ਨਾਮੁ ਨਿਧਾਨੁ ਸਚੁ ਪਾਵਣਿਆ ॥੬॥ ਗੁਰਮੁਖਿ ਕਰਣੀ ਹਰਿ ਕੀਰਤਿ ਸਾਰੁ ॥ ਗੁਰਮੁਖਿ ਪਾਏ ਮੋਖ ਦੁਆਰੁ ॥ ਅਨਦਿਨੁ ਰੰਗਿ ਰਤਾ ਗੁਣ ਗਾਵੈ ਅੰਦਰਿ ਮਹਲਿ ਬੁਲਾਵਣਿਆ ॥੭॥ ਸਤਿਗੁਰੁ ਦਾਤਾ ਮਿਲੈ ਮਿਲਾਇਆ ॥ ਪੂਰੈ ਭਾਗਿ ਮਨਿ ਸਬਦੁ ਵਸਾਇਆ ॥ ਨਾਨਕ ਨਾਮੁ ਮਿਲੈ ਵਡਿਆਈ ਹਰਿ ਸਚੇ ਕੇ ਗੁਣ ਗਾਵਣਿਆ ॥੮॥੯॥੧੦॥ {ਪੰਨਾ 114-115} ਪਦ ਅਰਥ: ਸੇਵਿਐ = ਜੇ ਸੇਵਾ ਕੀਤੀ ਜਾਏ, ਜੇ ਆਸਰਾ ਬਣਾਇਆ ਜਾਏ {syv` = To be take oneself to}। ਅਚਿੰਤੁ = ਜਿਸ ਨੂੰ ਕੋਈ ਚਿੰਤਾ ਪੋਹ ਨ ਸਕੇ। ਮਨਿ = ਮਨ ਵਿਚ। ਆਈ = ਆਇ, ਆ ਕੇ। ਸਫਲਿਓ = ਫਲਾਂ ਵਾਲਾ। ਜਿਨਿ = ਜਿਸ (ਮਨੁੱਖ) ਨੇ। ਤਿਸੁ ਤਿਖਾ = ਉਸ ਦੀ ਤ੍ਰੇਹ।1। ਸਚੁ = ਸਦਾ-ਥਿਰ ਪ੍ਰਭੂ। ਮੇਲਿ = ਮਿਲਾ ਕੇ।1। ਰਹਾਉ। ਸੇਵੀ = ਸੇਵੀਂ, ਮੈਂ ਸੇਂਵਦਾ ਹਾਂ। ਜਿਨਿ = ਜਿਸ (ਗੁਰੂ) ਨੇ। ਮੰਨਿ = ਮਨਿ, ਮਨ ਵਿਚ।2। ਬਿਨੁ ਗੁਰ = ਗੁਰੂ ਤੋਂ ਬਿਨਾ। ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਸਾਧਨ ਕਰਨ ਵਾਲੇ। ਪੂਰੈ ਭਾਗਿ = ਪੂਰੀ ਕਿਸਮਤਿ ਨਾਲ।3। ਆਰਸੀ = ਮੂੰਹ ਵੇਖਣ ਵਾਲਾ ਸ਼ੀਸ਼ਾ। ਮੋਰਚਾ = ਜੰਗਾਲ। ਸੋਖੈ = ਸੁਕਾ ਦੇਵੇ। ਅਨਹਤ = ਇਕ-ਰਸ, ਲਗਾਤਾਰ {Anwhq = An`-Awhq}। ਸਚਿ = ਸਦਾ-ਥਿਰ ਪ੍ਰਭੂ ਵਿਚ।4। ਕਿਹੁ = ਕਿਸੇ ਪਾਸੋਂ। ਗੁਰਿ = ਗੁਰੂ ਨੇ। ਆਪੁ = ਆਪਾ, ਆਪਣਾ ਆਤਮਕ ਜੀਵਨ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ।5। ਇਕਸੁ ਸਿਉ = ਇਕ (ਪਰਮਾਤਮਾ) ਨਾਲ ਹੀ। ਲਿਵ = ਲਗਨ, ਪਿਆਰ। ਸਬਦਿ = ਸ਼ਬਦ ਦੀ ਰਾਹੀਂ। ਨਿਧਾਨੁ = ਖ਼ਜ਼ਾਨਾ।6। ਕੀਰਤਿ = ਸਿਫ਼ਤਿ-ਸਾਲਾਹ। ਕਰਣੀ = ਕਰਨ-ਜੋਗ ਕੰਮ {krxIX}। ਸਾਰੁ = ਸ੍ਰੇਸ਼ਟ। ਮੋਖ ਦੁਆਰੁ = ਵਿਕਾਰਾਂ ਤੋਂ ਖ਼ਲਾਸੀ ਦਾ ਦਰਵਾਜ਼ਾ। ਅਨਦਿਨੁ = {Anuidn} ਹਰ ਰੋਜ਼। ਮਹਲਿ = ਪ੍ਰਭੂ ਦੇ ਮਹਲ ਵਿਚ।7। ਵਡਿਆਈ = ਇੱਜ਼ਤ। ਸਚੇ ਕੇ = ਸਦਾ-ਥਿਰ ਰਹਿਣ ਵਾਲੇ ਦੇ।8। ਅਰਥ: ਜੇ (ਮਨੁੱਖ) ਗੁਰੂ ਨੂੰ (ਆਪਣੀ ਜ਼ਿੰਦਗੀ ਦਾ) ਆਸਰਾ-ਪਰਨਾ ਬਣਾ ਲਏ, ਤਾਂ ਉਸ ਨੂੰ ਇਹ ਭਾਰੀ ਇੱਜ਼ਤ ਮਿਲਦੀ ਹੈ ਕਿ ਉਹ ਪਰਮਾਤਮਾ ਉਸ ਦੇ ਮਨ ਵਿਚ ਆ ਵੱਸਦਾ ਹੈ ਜਿਸ ਨੂੰ ਦੁਨੀਆ ਵਾਲੀ ਕੋਈ ਚਿੰਤਾ ਪੋਹ ਨਹੀਂ ਸਕਦੀ। (ਹੇ ਭਾਈ!) ਪਰਮਾਤਮਾ (ਮਾਨੋ) ਇਕ ਫਲਦਾਰ ਰੁੱਖ ਹੈ ਜਿਸ ਵਿਚੋਂ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਚੋਂਦਾ ਹੈ। ਜਿਸ ਮਨੁੱਖ ਨੇ (ਉਹ ਰਸ) ਪੀ ਲਿਆ, ਨਾਮ-ਰਸ ਨੇ ਉਸ ਦੀ (ਮਾਇਆ ਦੀ) ਤ੍ਰੇਹ ਦੂਰ ਕਰ ਦਿੱਤੀ।1। ਮੈਂ ਸਦਕੇ ਹਾਂ ਕੁਰਬਾਨ ਹਾਂ (ਪਰਮਾਤਮਾ ਤੋਂ) , ਉਹ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਸਾਧ-ਸੰਗਤਿ ਵਿਚ ਮਿਲਾ ਕੇ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ। ਪਰਮਾਤਮਾ ਆਪ ਹੀ ਸਾਧ ਸੰਗਤਿ ਦਾ ਮੇਲ ਕਰਦਾ ਹੈ। (ਜੇਹੜਾ ਮਨੁੱਖ ਸਾਧ ਸੰਗਤਿ ਵਿਚ ਜੁੜਦਾ ਹੈ ਉਹ) ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਗੁਣ ਗਾਂਦਾ ਹੈ।1। ਰਹਾਉ। (ਹੇ ਭਾਈ!) ਮੈਂ ਉਸ ਗੁਰੂ ਨੂੰ ਆਪਣਾ ਆਸਰਾ-ਪਰਨਾ ਬਣਾਇਆ ਹੈ, ਜਿਸ ਨੇ ਆਪਣੇ ਸ਼ਬਦ ਦੀ ਰਾਹੀਂ ਮੇਰਾ ਜੀਵਨ ਸੰਵਾਰ ਦਿੱਤਾ ਹੈ, ਜਿਸ ਨੇ ਪਰਮਾਤਮਾ ਦਾ ਨਾਮ ਮੇਰੇ ਮਨ ਵਿਚ ਵਸਾ ਦਿੱਤਾ ਹੈ। (ਹੇ ਭਾਈ!) ਪਰਮਾਤਮਾ ਦਾ ਨਾਮ ਪਵਿਤ੍ਰ ਹੈ, ਹਉਮੈ ਦੀ ਮੈਲ ਦੂਰ ਕਰ ਦੇਂਦਾ ਹੈ। (ਜੇਹੜਾ ਮਨੁੱਖ ਪ੍ਰਭੂ-ਨਾਮ ਨੂੰ ਆਪਣੇ ਮਨ ਵਿਚ ਵਸਾਂਦਾ ਹੈ ਉਹ) ਸਦਾ-ਥਿਰ ਪ੍ਰਭੂ ਦੇ ਦਰ ਤੇ ਸੋਭਾ ਖੱਟਦਾ ਹੈ।2। ਪਰ ਜੋਗ-ਸਾਧਨ ਕਰਨ ਵਾਲੇ ਤੇ ਜੋਗ-ਸਾਧਨ ਵਿਚ ਪੁੱਗੇ ਹੋਏ ਅਨੇਕਾਂ ਜੋਗੀ ਤਰਲੇ ਲੈਂਦੇ ਰਹਿ ਗਏ, ਪਰਮਾਤਮਾ ਦਾ ਨਾਮ ਗੁਰੂ (ਦੀ ਸਰਨ) ਤੋਂ ਬਿਨਾ ਨਹੀਂ ਮਿਲਦਾ। ਗੁਰੂ ਦੀ ਸਰਨ ਆਉਣ ਤੋਂ ਬਿਨਾ ਆਤਮਕ ਆਨੰਦ ਨਹੀਂ ਬਣਦਾ, ਵੱਡੀ ਕਿਸਮਤਿ ਨਾਲ ਗੁਰੂ ਮਿਲਦਾ ਹੈ।3। ਮਨੁੱਖ ਦਾ ਇਹ ਮਨ ਆਰਸੀ (looking-glass) ਸਮਾਨ ਹੈ (ਇਸ ਦੀ ਰਾਹੀਂ ਹੀ ਮਨੁੱਖ ਆਪਣਾ ਆਤਮਕ ਜੀਵਨ ਵੇਖ ਸਕਦਾ ਹੈ, ਪਰ) ਸਿਰਫ਼ ਉਹੀ ਮਨੁੱਖ ਵੇਖਦਾ ਹੈ ਜੇਹੜਾ ਗੁਰੂ ਦੀ ਸਰਨ ਪਏ (ਗੁਰੂ ਦਾ ਆਸਰਾ ਲੈਣ ਤੋਂ ਬਿਨਾ ਇਸ ਮਨ ਨੂੰ ਹਉਮੈ ਦਾ ਜੰਗਾਲ ਲੱਗਾ ਰਹਿੰਦਾ ਹੈ) ਜਦੋਂ (ਗੁਰੂ ਦੇ ਦਰ ਤੇ ਪੈ ਕੇ ਮਨੁੱਖ ਆਪਣੇ ਅੰਦਰੋਂ ਹਉਮੈ ਮੁਕਾਂਦਾ ਹੈ ਤਾਂ (ਫਿਰ ਮਨ ਨੂੰ ਹਉਮੈ ਦਾ) ਜੰਗਾਲ ਨਹੀਂ ਲੱਗਦਾ (ਤੇ ਮਨੁੱਖ ਇਸ ਦੀ ਰਾਹੀਂ ਆਪਣੇ ਜੀਵਨ ਨੂੰ ਵੇਖ-ਪਰਖ ਸਕਦਾ ਹੈ) । (ਗੁਰੂ ਦੀ ਸਰਨ ਪਿਆ ਮਨੁੱਖ) ਗੁਰੂ ਦੀ ਪਵਿਤ੍ਰ ਬਾਣੀ ਨੂੰ ਗੁਰੂ ਦੇ ਸ਼ਬਦ ਨੂੰ ਇਕ-ਰਸ (ਆਪਣੇ ਅੰਦਰ) ਪ੍ਰਬਲ ਕਰੀ ਰੱਖਦਾ ਹੈ ਤੇ (ਇਸ ਤਰ੍ਹਾਂ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ।4। ਗੁਰੂ ਦੀ ਸਰਨ ਪੈਣ ਤੋਂ ਬਿਨਾ ਕਿਸੇ ਪਾਸੋਂ ਭੀ (ਆਪਣਾ ਆਤਮਕ ਜੀਵਨ) ਵੇਖਿਆ-ਪਰਖਿਆ ਨਹੀਂ ਜਾ ਸਕਦਾ, (ਜਿਸ ਨੂੰ ਵਿਖਾਇਆ ਹੈ) ਗੁਰੂ ਨੇ (ਹੀ) ਕਿਰਪਾ ਕਰ ਕੇ (ਉਸਦਾ) ਆਪਣਾ ਆਤਮਕ ਜੀਵਨ ਵਿਖਾਇਆ ਹੈ। (ਫਿਰ ਉਸ ਵਡਭਾਗੀ ਨੂੰ ਇਹ ਨਿਸਚਾ ਬਣ ਜਾਂਦਾ ਹੈ ਕਿ) ਪਰਮਾਤਮਾ ਆਪ ਹੀ ਆਪ ਹੀ (ਸਭ ਜੀਵਾਂ ਵਿਚ) ਵਿਆਪਕ ਹੋ ਰਿਹਾ ਹੈ (ਆਪਣੇ ਆਪੇ ਦੀ ਵੇਖ-ਪਰਖ ਕਰਨ ਵਾਲਾ ਮਨੁੱਖ) ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ।5। ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ, ਉਹ ਸਿਰਫ਼ ਪਰਮਾਤਮਾ ਨਾਲ ਹੀ ਪ੍ਰੇਮ ਪਾਈ ਰੱਖਦਾ ਹੈ, ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ ਅੰਦਰੋਂ) ਮਾਇਆ ਵਾਲੀ ਭਟਕਣਾ ਦੂਰ ਕਰ ਲੈਂਦਾ ਹੈ। ਉਹ ਆਪਣੇ ਸਰੀਰ ਦੇ ਵਿਚ ਹੀ ਰਹਿ ਕੇ (ਭਾਵ, ਮਨ ਨੂੰ ਬਾਹਰ ਭਟਕਣੋਂ ਰੋਕ ਕੇ) ਪ੍ਰਭੂ-ਨਾਮ ਦਾ ਵਣਜ ਵਪਾਰ ਕਰਦਾ ਹੈ, ਤੇ ਪ੍ਰਭੂ ਦਾ ਸਦਾ-ਥਿਰ ਰਹਿਣ ਵਾਲਾ ਨਾਮ-ਖ਼ਜ਼ਾਨਾ ਪ੍ਰਾਪਤ ਕਰਦਾ ਹੈ।6। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਨੂੰ ਹੀ ਕਰਨ-ਜੋਗ ਕੰਮ ਸਮਝਦਾ ਹੈ ਸਭ ਤੋਂ ਸ੍ਰੇਸ਼ਟ ਉੱਦਮ ਜਾਣਦਾ ਹੈ। ਗੁਰੂ ਦੇ ਸਨਮੁਖ ਰਹਿ ਕੇ ਉਹ (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਵਿਕਾਰਾਂ ਤੋਂ ਖ਼ਲਾਸੀ ਦਾ ਦਰਵਾਜ਼ਾ ਲੱਭ ਲੈਂਦਾ ਹੈ। ਉਹ ਹਰ ਵੇਲੇ ਪ੍ਰਭੂ ਦੇ ਨਾਮ-ਰੰਗ ਵਿਚ ਰੰਗਿਆ ਰਹਿ ਕੇ ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ। ਪ੍ਰਭੂ ਉਸ ਨੂੰ ਆਪਣੇ ਚਰਨਾਂ ਵਿਚ ਆਪਣੀ ਹਜ਼ੂਰੀ ਵਿਚ ਬੁਲਾਈ ਰੱਖਦਾ ਹੈ (ਜੋੜੀ ਰੱਖਦਾ ਹੈ) । ਗੁਰੂ ਹੀ (ਸਿਫ਼ਤਿ-ਸਾਲਾਹ ਦੀ, ਨਾਮ ਦੀ) ਦਾਤ ਦੇਣ ਵਾਲਾ ਹੈ (ਪਰ ਗੁਰੂ ਤਦੋਂ ਹੀ) ਮਿਲਦਾ ਹੈ (ਜਦੋਂ ਪਰਮਾਤਮਾ ਆਪ) ਮਿਲਾਏ। (ਜਿਸ ਮਨੁੱਖ ਨੂੰ) ਪੂਰੀ ਕਿਸਮਤਿ ਨਾਲ (ਗੁਰੂ ਮਿਲ ਪੈਂਦਾ ਹੈ ਉਹ ਆਪਣੇ) ਮਨ ਵਿਚ ਗੁਰੂ ਦਾ ਸ਼ਬਦ ਵਸਾਈ ਰੱਖਦਾ ਹੈ। ਹੇ ਨਾਨਕ! ਉਸ ਮਨੁੱਖ ਨੂੰ ਇਹ ਵਡਿਆਈ ਮਿਲਦੀ ਹੈ ਕਿ ਉਹ ਪ੍ਰਭੂ ਦਾ ਨਾਮ ਜਪਦਾ ਰਹਿੰਦਾ ਹੈ ਉਹ ਸਦਾ-ਥਿਰ ਹਰੀ ਦੇ ਗੁਣ ਗਾਂਦਾ ਰਹਿੰਦਾ ਹੈ।8।9।10। |
Sri Guru Granth Darpan, by Professor Sahib Singh |