ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 115

ਮਾਝ ਮਹਲਾ ੩ ॥ ਆਪੁ ਵੰਞਾਏ ਤਾ ਸਭ ਕਿਛੁ ਪਾਏ ॥ ਗੁਰ ਸਬਦੀ ਸਚੀ ਲਿਵ ਲਾਏ ॥ ਸਚੁ ਵਣੰਜਹਿ ਸਚੁ ਸੰਘਰਹਿ ਸਚੁ ਵਾਪਾਰੁ ਕਰਾਵਣਿਆ ॥੧॥ ਹਉ ਵਾਰੀ ਜੀਉ ਵਾਰੀ ਹਰਿ ਗੁਣ ਅਨਦਿਨੁ ਗਾਵਣਿਆ ॥ ਹਉ ਤੇਰਾ ਤੂੰ ਠਾਕੁਰੁ ਮੇਰਾ ਸਬਦਿ ਵਡਿਆਈ ਦੇਵਣਿਆ ॥੧॥ ਰਹਾਉ ॥ ਵੇਲਾ ਵਖਤ ਸਭਿ ਸੁਹਾਇਆ ॥ ਜਿਤੁ ਸਚਾ ਮੇਰੇ ਮਨਿ ਭਾਇਆ ॥ ਸਚੇ ਸੇਵਿਐ ਸਚੁ ਵਡਿਆਈ ਗੁਰ ਕਿਰਪਾ ਤੇ ਸਚੁ ਪਾਵਣਿਆ ॥੨॥ ਭਾਉ ਭੋਜਨੁ ਸਤਿਗੁਰਿ ਤੁਠੈ ਪਾਏ ॥ ਅਨ ਰਸੁ ਚੂਕੈ ਹਰਿ ਰਸੁ ਮੰਨਿ ਵਸਾਏ ॥ ਸਚੁ ਸੰਤੋਖੁ ਸਹਜ ਸੁਖੁ ਬਾਣੀ ਪੂਰੇ ਗੁਰ ਤੇ ਪਾਵਣਿਆ ॥੩॥ ਸਤਿਗੁਰੁ ਨ ਸੇਵਹਿ ਮੂਰਖ ਅੰਧ ਗਵਾਰਾ ॥ ਫਿਰਿ ਓਇ ਕਿਥਹੁ ਪਾਇਨਿ ਮੋਖ ਦੁਆਰਾ ॥ ਮਰਿ ਮਰਿ ਜੰਮਹਿ ਫਿਰਿ ਫਿਰਿ ਆਵਹਿ ਜਮ ਦਰਿ ਚੋਟਾ ਖਾਵਣਿਆ ॥੪॥ ਸਬਦੈ ਸਾਦੁ ਜਾਣਹਿ ਤਾ ਆਪੁ ਪਛਾਣਹਿ ॥ ਨਿਰਮਲ ਬਾਣੀ ਸਬਦਿ ਵਖਾਣਹਿ ॥ ਸਚੇ ਸੇਵਿ ਸਦਾ ਸੁਖੁ ਪਾਇਨਿ ਨਉ ਨਿਧਿ ਨਾਮੁ ਮੰਨਿ ਵਸਾਵਣਿਆ ॥੫॥ ਸੋ ਥਾਨੁ ਸੁਹਾਇਆ ਜੋ ਹਰਿ ਮਨਿ ਭਾਇਆ ॥ ਸਤਸੰਗਤਿ ਬਹਿ ਹਰਿ ਗੁਣ ਗਾਇਆ ॥ ਅਨਦਿਨੁ ਹਰਿ ਸਾਲਾਹਹਿ ਸਾਚਾ ਨਿਰਮਲ ਨਾਦੁ ਵਜਾਵਣਿਆ ॥੬॥ ਮਨਮੁਖ ਖੋਟੀ ਰਾਸਿ ਖੋਟਾ ਪਾਸਾਰਾ ॥ ਕੂੜੁ ਕਮਾਵਨਿ ਦੁਖੁ ਲਾਗੈ ਭਾਰਾ ॥ ਭਰਮੇ ਭੂਲੇ ਫਿਰਨਿ ਦਿਨ ਰਾਤੀ ਮਰਿ ਜਨਮਹਿ ਜਨਮੁ ਗਵਾਵਣਿਆ ॥੭॥ ਸਚਾ ਸਾਹਿਬੁ ਮੈ ਅਤਿ ਪਿਆਰਾ ॥ ਪੂਰੇ ਗੁਰ ਕੈ ਸਬਦਿ ਅਧਾਰਾ ॥ ਨਾਨਕ ਨਾਮਿ ਮਿਲੈ ਵਡਿਆਈ ਦੁਖੁ ਸੁਖੁ ਸਮ ਕਰਿ ਜਾਨਣਿਆ ॥੮॥੧੦॥੧੧॥ {ਪੰਨਾ 115-116}

ਪਦ ਅਰਥ: ਆਪੁ = ਆਪਾ-ਭਾਵ, ਅਪਣੱਤ, ਹਉਮੈ। ਸਭ ਕਿਛੁ = ਉੱਚੇ ਆਤਮਕ ਜੀਵਨ ਵਾਲਾ ਹਰੇਕ ਗੁਣ। ਸਚੀ = ਸਦਾ ਕਾਇਮ ਰਹਿਣ ਵਾਲੀ। ਵਣੰਜਹਿ = ਵਣਜ ਕਰਦੇ ਹਨ, ਵਿਹਾਝਦੇ ਹਨ। ਸੰਘਰਹਿ = (ਸੰਗ੍ਰਹਿ) , ਇਕੱਠਾ ਕਰਦੇ ਹਨ।1।

ਸਬਦਿ = ਸ਼ਬਦ ਵਿਚ (ਜੋੜ ਕੇ) ।1। ਰਹਾਉ।

ਸਭਿ = ਸਾਰੇ। ਸੁਹਾਇਆ = ਸੋਹਣੇ। ਜਿਤੁ = ਜਿਸ (ਵੇਲੇ) ਵਿਚ। ਮਨਿ = ਮਨ ਵਿਚ। ਤੇ = ਤੋਂ, ਨਾਲ।2।

ਭਾਉ = ਪ੍ਰੇਮ। ਸਤਿਗੁਰਿ ਤੁਠੈ = ਜੇ ਗੁਰੂ ਪ੍ਰਸੰਨ ਹੋ ਜਾਏ। ਅਨ ਰਸੁ = ਹੋਰ ਪਦਾਰਥਾਂ ਦਾ ਚਸਕਾ। ਮੰਨਿ = ਮਨਿ, ਮਨ ਵਿਚ। ਬਾਣੀ = (ਗੁਰੂ ਦੀ) ਬਾਣੀ ਦੀ ਰਾਹੀਂ।3।

ਅੰਧ = ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਮਨੁੱਖ। ਓਇ = {ਲਫ਼ਜ਼ 'ਓਹੁ' ਤੋਂ ਬਹੁ-ਵਚਨ}। ਪਾਇਨਿ = ਪਾਂਦੇ ਹਨ, ਪਾ ਸਕਦੇ ਹਨ। ਮਰਿ = ਆਤਮਕ ਮੌਤ ਸਹੇੜ ਕੇ। ਦਰਿ = ਦਰ ਤੇ।4।

ਸਬਦੈ ਸਾਦੁ = ਸ਼ਬਦ ਦਾ ਸੁਆਦ। ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ। ਵਖਾਣਹਿ = ਨਾਮ ਸਿਮਰਦੇ ਹਨ। ਸੇਵਿ = ਸੇਵਾ ਕਰ ਕੇ, ਸਿਮਰ ਕੇ। ਨਉ ਨਿਧਿ = ਨੌ ਖ਼ਜ਼ਾਨੇ, ਦੁਨੀਆ ਦਾ ਸਾਰਾ ਹੀ ਧਨ-ਪਦਾਰਥ।5।

ਥਾਨੁ = ਹਿਰਦਾ। ਮਨਿ = ਮਨ ਵਿਚ। ਬਹਿ = ਬੈਠ ਕੇ। ਨਾਦੁ = ਵਾਜਾ।6।

ਰਾਸਿ = ਪੂੰਜੀ, ਸਰਮਾਇਆ। ਖੋਟੀ = ਜੇਹੜੀ ਸਰਕਾਰੀ ਖ਼ਜ਼ਾਨੇ ਵਿਚ ਦਾਖ਼ਲ ਨਾਹ ਕੀਤੀ ਜਾਏ। ਪਾਸਾਰਾ = ਖਿਲਾਰਾ। ਭਰਮੇ = ਭਰਮਿ, ਭਟਕਣਾ ਵਿਚ ਪੈ ਕੇ। ਭੂਲੈ = ਕੁਰਾਹੇ ਪਏ ਹੋਏ। ਮਰਿ ਜਨਮਹਿ = ਮਰ ਕੇ ਜੰਮਦੇ ਹਨ, ਜਨਮ ਮਰਨ ਦੇ ਗੇੜ ਵਿਚ ਪੈਂਦੇ ਹਨ।7।

ਮੈ = ਮੈਨੂੰ। ਕੈ ਸਬਦਿ = ਦੇ ਸਬਦ ਦੀ ਰਾਹੀਂ। ਅਧਾਰਾ = ਆਸਰਾ। ਨਾਮਿ = ਨਾਮ ਵਿਚ (ਜੁੜਿਆਂ) । ਸਮ = ਬਰਾਬਰ, ਇਕੋ ਜਿਹਾ।8।

ਅਰਥ: ਜੇਹੜਾ ਮਨੁੱਖ (ਆਪਣੇ ਅੰਦਰੋਂ) ਆਪਾ-ਭਾਵ (ਹਉਮੈ ਮਮਤਾ) ਦੂਰ ਕਰਦਾ ਹੈ, ਉਹ (ਉੱਚ ਆਤਮਕ ਜੀਵਨ ਵਾਲਾ) ਹਰੇਕ ਗੁਣ ਗ੍ਰਹਿਣ ਕਰ ਲੈਂਦਾ ਹੈ, ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਦੇ ਚਰਨਾਂ ਵਿਚ ਸਦਾ ਟਿਕੀ ਰਹਿਣ ਵਾਲੀ ਲਗਨ ਬਣਾ ਲੈਂਦਾ ਹੈ। (ਆਪਾ-ਭਾਵ ਦੂਰ ਕਰਨ ਵਾਲੇ ਮਨੁੱਖ) ਸਦਾ-ਥਿਰ ਪ੍ਰਭੂ ਦਾ ਨਾਮ ਸੌਦਾ ਵਿਹਾਝਦੇ ਹਨ, ਨਾਮ ਧਨ ਇਕੱਠਾ ਕਰਦੇ ਹਨ ਤੇ ਨਾਮ ਦਾ ਹੀ ਵਪਾਰ ਕਰਦੇ ਹਨ (ਭਾਵ, ਸਤਸੰਗੀਆਂ ਵਿਚ ਬੈਠ ਕੇ ਭੀ ਸਿਫ਼ਤਿ-ਸਾਲਾਹ ਕਰਦੇ ਰਹਿੰਦੇ ਹਨ) ।1।

ਮੈਂ ਸਦਾ ਉਹਨਾਂ ਤੋਂ ਸਦਕੇ ਕੁਰਬਾਨ ਜਾਂਦਾ ਹਾਂ, ਜੇਹੜੇ ਹਰ ਰੋਜ਼ ਪਰਮਾਤਮਾ ਦੇ ਗੁਣ ਗਾਂਦੇ ਹਨ। ਹੇ ਪ੍ਰਭੂ! ਤੂੰ ਮੇਰਾ ਮਾਲਕ ਹੈਂ ਮੈਂ ਤੇਰਾ ਸੇਵਕ ਹਾਂ, (ਤੂੰ ਆਪ ਹੀ) ਗੁਰੂ ਦੇ ਸ਼ਬਦ ਵਿਚ ਜੋੜ ਕੇ (ਆਪਣੀ ਸਿਫ਼ਤਿ-ਸਾਲਾਹ ਦੀ) ਵਡਿਆਈ ਬਖ਼ਸ਼ਦਾ ਹੈਂ (ਮੈਨੂੰ ਭੀ ਇਹ ਦਾਤਿ ਦੇਹ) ।1। ਰਹਾਉ।

(ਹੇ ਭਾਈ!) ਮੈਨੂੰ ਉਹ ਸਾਰੇ ਵੇਲੇ ਸੋਹਣੇ ਲੱਗਦੇ ਹਨ ਉਹ ਸਾਰੇ ਵਕਤ ਸੋਹਣੇ ਲੱਗਦੇ ਹਨ ਜਿਸ ਵੇਲੇ ਜਿਸ ਵਕਤ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਮੇਰੇ ਮਨ ਵਿਚ ਪਿਆਰਾ ਲੱਗੇ। ਸਦਾ-ਥਿਰ ਪ੍ਰਭੂ ਦਾ ਆਸਰਾ ਲਿਆਂ ਸਦਾ-ਥਿਰ ਪ੍ਰਭੂ ਦਾ ਨਾਮ (-ਰੂਪ) ਇੱਜ਼ਤ ਮਿਲਦੀ ਹੈ। ਗੁਰੂ ਦੀ ਕਿਰਪਾ ਨਾਲ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ ਹਾਸਲ ਹੋ ਜਾਂਦਾ ਹੈ।2।

ਜੇ ਗੁਰੂ ਪ੍ਰਸੰਨ ਹੋ ਜਾਏ, ਤਾਂ ਮਨੁੱਖ ਨੂੰ ਪਰਮਾਤਮਾ ਦਾ ਪ੍ਰੇਮ (ਆਤਮਕ ਜੀਵਨ ਵਾਸਤੇ) ਖ਼ੁਰਾਕ ਮਿਲ ਜਾਂਦੀ ਹੈ। ਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਦਾ ਆਨੰਦ ਆਪਣੇ ਮਨ ਵਿਚ ਵਸਾਂਦਾ ਹੈ, ਉਸ ਦਾ ਦੁਨੀਆ ਦੇ ਪਦਾਰਥਾਂ ਦਾ ਚਸਕਾ ਮੁੱਕ ਜਾਂਦਾ ਹੈ। ਉਹ ਸਤਿਗੁਰੂ ਦੀ ਬਾਣੀ ਵਿਚ ਜੁੜ ਕੇ ਪੂਰੇ ਗੁਰੂ ਪਾਸੋਂ ਪਰਮਾਤਮਾ ਦਾ ਸਦਾ-ਥਿਰ ਨਾਮ ਪ੍ਰਾਪਤ ਕਰਦਾ ਹੈ, ਸੰਤੋਖ ਅਤੇ ਆਤਮਕ ਅਡੋਲਤਾ ਦਾ ਆਨੰਦ ਹਾਸਲ ਕਰਦਾ ਹੈ।3।

ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਮੂਰਖ ਗੰਵਾਰ ਬੰਦੇ ਗੁਰੂ ਦਾ ਆਸਰਾ-ਪਰਨਾ ਨਹੀਂ ਲੈਂਦੇ, ਉਹ ਫਿਰ ਹੋਰ ਕਿਸੇ ਭੀ ਥਾਂ ਤੋਂ ਵਿਕਾਰਾਂ ਤੋਂ ਖ਼ਲਾਸੀ ਦਾ ਰਸਤਾ ਨਹੀਂ ਲੱਭ ਸਕਦੇ। ਉਹ (ਇਸ ਤਰ੍ਹਾਂ) ਆਤਮਕ ਮੌਤ ਸਹੇੜ ਕੇ ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ, ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਤੇ ਜਮਰਾਜ ਦੇ ਦਰ ਤੇ ਸੱਟਾਂ ਖਾਂਦੇ ਰਹਿੰਦੇ ਹਨ।4।

ਜਦੋਂ ਕੋਈ (ਵਡ-ਭਾਗੀ ਬੰਦੇ) ਗੁਰੂ ਦੇ ਸ਼ਬਦ ਦਾ ਸੁਆਦ ਜਾਣ ਲੈਂਦੇ ਹਨ, ਤਦੋਂ ਉਹ ਆਪਣੇ ਆਤਮਕ ਜੀਵਨ ਨੂੰ ਪਛਾਣਦੇ ਹਨ (ਪਰਖਦੇ ਪੜਤਾਲਦੇ ਰਹਿੰਦੇ ਹਨ) । ਗੁਰੂ ਦੀ ਪਵਿਤ੍ਰ ਬਾਣੀ ਦੀ ਰਾਹੀਂ ਗੁਰੂ ਦੇ ਸ਼ਬਦ ਦੀ ਰਾਹੀਂ ਉਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਉਚਾਰਦੇ ਰਹਿੰਦੇ ਹਨ। ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਸਿਮਰਨ ਕਰਕੇ ਉਹ ਸਦਾ ਆਤਮਕ ਆਨੰਦ ਮਾਣਦੇ ਹਨ, ਤੇ ਪਰਮਾਤਮਾ ਦੇ ਨਾਮ ਨੂੰ ਉਹ ਆਪਣੇ ਮਨ ਵਿਚ (ਇਉਂ) ਵਸਾਂਦੇ ਹਨ (ਜਿਵੇਂ ਉਹ ਦੁਨੀਆ ਦੇ ਸਾਰੇ) ਨੌ ਖ਼ਜ਼ਾਨੇ (ਹੈ) ।5।

(ਹੇ ਭਾਈ!) ਉਹ ਹਿਰਦਾ ਥਾਂ ਸੋਹਣਾ ਬਣ ਜਾਂਦਾ ਹੈ ਜੇਹੜਾ ਪਰਮਾਤਮਾ ਦੇ ਮਨ ਵਿਚ ਪਿਆਰਾ ਲੱਗਦਾ ਹੈ (ਤੇ ਉਸੇ ਮਨੁੱਖ ਦਾ ਹਿਰਦਾ ਥਾਂ ਸੋਹਣਾ ਬਣਦਾ ਹੈ ਜਿਸ ਨੇ) ਸਾਧ ਸੰਗਤਿ ਵਿਚ ਬੈਠ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਏ ਹਨ। ਅਜੇਹੇ ਮਨੁੱਖ ਹਰ ਰੋਜ਼ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਹਨ, ਸਿਫ਼ਤਿ-ਸਾਲਾਹ ਦਾ ਪਵਿਤ੍ਰ ਵਾਜਾ ਵਜਾਂਦੇ ਹਨ।6।

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਉਹੀ ਪੂੰਜੀ ਜੋੜਦੇ ਹਨ, ਉਹੀ ਖਿਲਾਰਾ ਖਿਲਾਰਦੇ ਹਨ, ਜੇਹੜਾ ਰੱਬੀ ਟਕਸਾਲ ਵਿਚ ਖੋਟਾ ਮੰਨਿਆ ਜਾਂਦਾ ਹੈ। ਉਹ ਨਿਰੀ ਨਾਸਵੰਤ ਕਮਾਈ ਹੀ ਕਰਦੇ ਹਨ ਤੇ ਬਹੁਤ ਆਤਮਕ ਦੁੱਖ ਕਲੇਸ਼ ਪਾਂਦੇ ਹਨ। ਉਹ ਮਾਇਆ ਦੀ ਭਟਕਣਾ ਵਿਚ ਪੈ ਕੇ ਦਿਨ ਰਾਤ ਕੁਰਾਹੇ ਫਿਰਦੇ ਰਹਿੰਦੇ ਹਨ, ਜਨਮ ਮਰਨ ਦੇ ਗੇੜ ਵਿਚ ਪੈਂਦੇ ਹਨ ਤੇ ਮਨੁੱਖਾ ਜਨਮ ਵਿਅਰਥ ਗਵਾ ਜਾਂਦੇ ਹਨ।7।

(ਹੇ ਭਾਈ!) ਸਦਾ-ਥਿਰ ਰਹਿਣ ਵਾਲਾ ਮਾਲਕ ਮੈਨੂੰ (ਹੁਣ) ਬਹੁਤ ਪਿਆਰਾ ਲੱਗਦਾ ਹੈ, ਪੂਰੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਮੈਂ ਉਸ ਮਾਲਕ ਨੂੰ (ਆਪਣੀ ਜ਼ਿੰਦਗੀ ਦਾ) ਆਸਰਾ ਬਣਾ ਲਿਆ ਹੈ।

ਹੇ ਨਾਨਕ! ਪ੍ਰਭੂ ਦੇ ਨਾਮ ਵਿਚ ਜੁੜਿਆਂ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ। ਪ੍ਰਭੂ-ਨਾਮ ਵਿਚ ਜੁੜਨ ਵਾਲੇ ਬੰਦੇ ਦੁਨੀਆ ਦੇ ਦੁੱਖ ਤੇ ਸੁਖ) ਨੂੰ ਇਕੋ ਜਿਹਾ ਜਾਣਦੇ ਹਨ।8।10।11।

TOP OF PAGE

Sri Guru Granth Darpan, by Professor Sahib Singh