ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 116 ਮਾਝ ਮਹਲਾ ੩ ॥ ਤੇਰੀਆ ਖਾਣੀ ਤੇਰੀਆ ਬਾਣੀ ॥ ਬਿਨੁ ਨਾਵੈ ਸਭ ਭਰਮਿ ਭੁਲਾਣੀ ॥ ਗੁਰ ਸੇਵਾ ਤੇ ਹਰਿ ਨਾਮੁ ਪਾਇਆ ਬਿਨੁ ਸਤਿਗੁਰ ਕੋਇ ਨ ਪਾਵਣਿਆ ॥੧॥ ਹਉ ਵਾਰੀ ਜੀਉ ਵਾਰੀ ਹਰਿ ਸੇਤੀ ਚਿਤੁ ਲਾਵਣਿਆ ॥ ਹਰਿ ਸਚਾ ਗੁਰ ਭਗਤੀ ਪਾਈਐ ਸਹਜੇ ਮੰਨਿ ਵਸਾਵਣਿਆ ॥੧॥ ਰਹਾਉ ॥ ਸਤਿਗੁਰੁ ਸੇਵੇ ਤਾ ਸਭ ਕਿਛੁ ਪਾਏ ॥ ਜੇਹੀ ਮਨਸਾ ਕਰਿ ਲਾਗੈ ਤੇਹਾ ਫਲੁ ਪਾਏ ॥ ਸਤਿਗੁਰੁ ਦਾਤਾ ਸਭਨਾ ਵਥੂ ਕਾ ਪੂਰੈ ਭਾਗਿ ਮਿਲਾਵਣਿਆ ॥੨॥ ਇਹੁ ਮਨੁ ਮੈਲਾ ਇਕੁ ਨ ਧਿਆਏ ॥ ਅੰਤਰਿ ਮੈਲੁ ਲਾਗੀ ਬਹੁ ਦੂਜੈ ਭਾਏ ॥ ਤਟਿ ਤੀਰਥਿ ਦਿਸੰਤਰਿ ਭਵੈ ਅਹੰਕਾਰੀ ਹੋਰੁ ਵਧੇਰੈ ਹਉਮੈ ਮਲੁ ਲਾਵਣਿਆ ॥੩॥ ਸਤਿਗੁਰੁ ਸੇਵੇ ਤਾ ਮਲੁ ਜਾਏ ॥ ਜੀਵਤੁ ਮਰੈ ਹਰਿ ਸਿਉ ਚਿਤੁ ਲਾਏ ॥ ਹਰਿ ਨਿਰਮਲੁ ਸਚੁ ਮੈਲੁ ਨ ਲਾਗੈ ਸਚਿ ਲਾਗੈ ਮੈਲੁ ਗਵਾਵਣਿਆ ॥੪॥ ਬਾਝੁ ਗੁਰੂ ਹੈ ਅੰਧ ਗੁਬਾਰਾ ॥ ਅਗਿਆਨੀ ਅੰਧਾ ਅੰਧੁ ਅੰਧਾਰਾ ॥ ਬਿਸਟਾ ਕੇ ਕੀੜੇ ਬਿਸਟਾ ਕਮਾਵਹਿ ਫਿਰਿ ਬਿਸਟਾ ਮਾਹਿ ਪਚਾਵਣਿਆ ॥੫॥ ਮੁਕਤੇ ਸੇਵੇ ਮੁਕਤਾ ਹੋਵੈ ॥ ਹਉਮੈ ਮਮਤਾ ਸਬਦੇ ਖੋਵੈ ॥ ਅਨਦਿਨੁ ਹਰਿ ਜੀਉ ਸਚਾ ਸੇਵੀ ਪੂਰੈ ਭਾਗਿ ਗੁਰੁ ਪਾਵਣਿਆ ॥੬॥ ਆਪੇ ਬਖਸੇ ਮੇਲਿ ਮਿਲਾਏ ॥ ਪੂਰੇ ਗੁਰ ਤੇ ਨਾਮੁ ਨਿਧਿ ਪਾਏ ॥ ਸਚੈ ਨਾਮਿ ਸਦਾ ਮਨੁ ਸਚਾ ਸਚੁ ਸੇਵੇ ਦੁਖੁ ਗਵਾਵਣਿਆ ॥੭॥ ਸਦਾ ਹਜੂਰਿ ਦੂਰਿ ਨ ਜਾਣਹੁ ॥ ਗੁਰ ਸਬਦੀ ਹਰਿ ਅੰਤਰਿ ਪਛਾਣਹੁ ॥ ਨਾਨਕ ਨਾਮਿ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ॥੮॥੧੧॥੧੨॥ {ਪੰਨਾ 116} ਪਦ ਅਰਥ: ਖਾਣੀ = {Kwin। ਅੰਡਜ, ਜੇਰਜ, ਉਤਭੁਜ, ਸੇਤਜ। ਚੌਰਾਸੀ ਲੱਖ ਜੂਨਾਂ ਦੇ ਜੀਵਾਂ ਦੇ ਪੈਦਾ ਹੋਣ ਦੇ ਵਸੀਲੇ}। ਬਾਣੀ = ਬਣਤਰ। ਸਭ = ਸਾਰੀ ਸ੍ਰਿਸ਼ਟੀ। ਭਰਮਿ = ਭਟਕਣਾ ਵਿਚ (ਪੈ ਕੇ) । ਭੁਲਾਣੀ = ਕੁਰਾਹੇ ਪਈ ਹੋਈ।1। ਸੇਤੀ = ਨਾਲ। ਸਚਾ = ਸੱਚਾ, ਸਦਾ-ਥਿਰ। ਗੁਰ ਭਗਤੀ = ਗੁਰੂ ਵਿਚ ਸਰਧਾ ਰੱਖਿਆਂ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ। ਮੰਨਿ = ਮਨਿ, ਮਨ ਵਿਚ।1। ਰਹਾਉ। ਸਭ ਕਿਛੁ = ਹਰੇਕ ਚੀਜ਼। ਮਨਸਾ = {mnI = w} ਕਾਮਨਾ। ਕਰਿ = ਕਰ ਕੇ। ਵਥੂ ਕਾ = ਵਸਤਾਂ ਦਾ {ਸੰਸਕ੍ਰਿਤ ਲਫ਼ਜ਼ ਵਸਥੁ vÔqu ਤੋਂ ਪ੍ਰਾਕ੍ਰਿਤ ਰੂਪ 'ਵਥੁ' ਹੈ}।2। ਇਕੁ = ਪਰਮਾਤਮਾ ਨੂੰ। ਬਹੁ = ਬਹੁਤੀ। ਦੂਜੈ ਭਾਏ = ਦੂਜੈ ਭਾਇ, ਮਾਇਆ ਵਿਚ ਪਿਆਰ ਦੇ ਕਾਰਨ। ਤਟਿ = (ਨਦੀ ਦੇ) ਕੰਢੇ ਉਤੇ। ਤੀਰਥਿ = ਤੀਰਥ ਉਤੇ। ਦਿਸੰਤਰਿ = ਦੇਸ ਅੰਤਰਿ, (ਹੋਰ ਹੋਰ) ਦੇਸ ਵਿਚ। ਅਹੰਕਾਰੀ ਹੋਰੁ = ਹੋਰ (ਵਧੀਕ) ਅਹੰਕਾਰੀ (ਹੁੰਦਾ ਹੈ) ।3। ਜੀਵਤੁ ਮਰੈ = ਜੀਊਂਦਾ ਮਰਦਾ ਹੈ, ਕਾਰ-ਵਿਹਾਰ ਕਰਦਾ ਹੋਇਆ ਹੀ ਮਾਇਆ ਦੇ ਮੋਹ ਤੋਂ ਉਤਾਂਹ ਰਹਿੰਦਾ ਹੈ। ਸਿਉ = ਨਾਲ। ਸਚੁ = ਸੱਚ, ਸਦਾ-ਥਿਰ ਰਹਿਣ ਵਾਲਾ। ਸਚਿ = ਸਦਾ-ਥਿਰ ਪ੍ਰਭੂ ਵਿਚ।4। ਅੰਧ ਗੁਬਾਰਾ = ਘੁੱਪ ਹਨੇਰਾ। ਬਿਸਟਾ = ਗੰਦ, ਮੈਲਾ। ਪਚਾਵਣਿਆ = ਸੜਦੇ ਹਨ।5। ਮੁਕਤਾ = ਮਾਇਆ ਦੇ ਮੋਹ ਤੋਂ ਆਜ਼ਾਦ। ਮਮਤਾ = ਅਪਣੱਤ। ਸਬਦੇ = ਸਬਦਿ, ਸ਼ਬਦ ਦੀ ਰਾਹੀਂ। ਸੇਵੀ = ਸੇਵਿ, ਸੇਵ ਕੇ। ਮੇਲਿ = ਮੇਲ ਵਿਚ, ਚਰਨਾਂ ਵਿਚ। ਤੇ = ਤੋਂ, ਪਾਸੋਂ। ਨਿਧਿ = ਖ਼ਜ਼ਾਨਾ। ਨਾਮਿ = ਨਾਮ ਵਿਚ।7। ਹਜੂਰਿ = ਹਾਜ਼ਰ-ਨਾਜ਼ਰ, ਅੰਗ-ਸੰਗ। ਪਛਾਣਹੁ = ਜਾਣ-ਪਛਾਣ ਬਣਾਓ।8। ਅਰਥ: ਹੇ ਪ੍ਰਭੂ! (ਅੰਡਜ ਜੇਰਜ ਸੇਤਜ ਉਤਭੁਜ = ਚੌਰਾਸੀ ਲੱਖ ਜੀਵਾਂ ਦੀ ਉਤਪੱਤੀ ਦੀਆਂ ਇਹ) ਖਾਣਾਂ ਤੇਰੀਆਂ ਹੀ ਬਣਾਈਆਂ ਹੋਈਆਂ ਹਨ। ਸਭ ਜੀਵਾਂ ਦੀ ਬਣਤਰ (ਰਚਨਾ) ਤੇਰੀ ਹੀ ਰਚੀ ਹੋਈ ਹੈ। (ਪਰ, ਹੇ ਭਾਈ! ਉਸ ਰਚਨਹਾਰ ਪ੍ਰਭੂ ਦੇ) ਨਾਮ ਤੋਂ ਬਿਨਾ ਸਾਰੀ ਸ੍ਰਿਸ਼ਟੀ ਭਟਕਣਾ ਵਿਚ ਪੈ ਕੇ ਕੁਰਾਹੇ ਜਾ ਰਹੀ ਹੈ। ਪਰਮਾਤਮਾ ਦਾ ਨਾਮ ਗੁਰੂ ਦੀ ਦੱਸੀ ਸੇਵਾ ਕੀਤਿਆਂ ਮਿਲਦਾ ਹੈ। ਗੁਰੂ (ਦੀ ਸਰਨ) ਤੋਂ ਬਿਨਾ ਕੋਈ ਮਨੁੱਖ (ਪਰਮਾਤਮਾ ਦੀ ਭਗਤੀ) ਪ੍ਰਾਪਤ ਨਹੀਂ ਕਰ ਸਕਦਾ।1। (ਹੇ ਭਾਈ!) ਮੈਂ ਉਹਨਾਂ (ਵਡ-ਭਾਗੀ ਬੰਦਿਆਂ ਤੋਂ) ਸਦਕੇ ਕੁਰਬਾਨ ਜਾਂਦਾ ਹਾਂ, ਜੇਹੜੇ ਪਰਮਾਤਮਾ (ਦੇ ਚਰਨਾਂ) ਨਾਲ ਆਪਣਾ ਚਿੱਤ ਜੋੜਦੇ ਹਨ। (ਪਰ) ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਗੁਰੂ ਉੱਤੇ ਸਰਧਾ ਰੱਖਿਆਂ ਹੀ ਮਿਲਦਾ ਹੈ। (ਜੇਹੜੇ ਮਨੁੱਖ ਗੁਰੂ ਉੱਤੇ ਸਰਧਾ ਬਣਾਂਦੇ ਹਨ ਉਹ) ਆਤਮਕ ਅਡੋਲਤਾ ਵਿਚ ਟਿਕ ਕੇ (ਪਰਮਾਤਮਾ ਦੇ ਨਾਮ ਨੂੰ ਆਪਣੇ) ਮਨ ਵਿਚ ਵਸਾਂਦੇ ਹਨ।1। ਰਹਾਉ। ਜੇ ਮਨੁੱਖ ਗੁਰੂ ਦਾ ਪੱਲਾ ਫੜੇ ਤਾਂ ਉਹ ਹਰੇਕ ਚੀਜ਼ ਪ੍ਰਾਪਤ ਕਰ ਲੈਂਦਾ ਹੈ। ਮਨੁੱਖ ਜਿਹੋ ਜਿਹੀ ਕਾਮਨਾ ਮਨ ਵਿਚ ਧਾਰ ਕੇ (ਗੁਰੂ ਦੀ ਚਰਨੀਂ ਲੱਗਦਾ ਹੈ, ਉਹੋ ਜਿਹਾ ਫਲ ਪਾ ਲੈਂਦਾ ਹੈ। ਗੁਰੂ ਸਭ ਪਦਾਰਥਾਂ ਦਾ ਦੇਣ ਵਾਲਾ ਹੈ। (ਪਰਮਾਤਮਾ ਜੀਵ ਨੂੰ ਉਸ ਦੀ) ਪੂਰੀ ਕਿਸਮਤਿ ਦਾ ਸਦਕਾ (ਗੁਰੂ ਨਾਲ) ਮਿਲਾਂਦਾ ਹੈ।2। (ਜਿਤਨਾ ਚਿਰ ਮਨੁੱਖ ਦਾ) ਇਹ ਮਨ (ਵਿਕਾਰਾਂ ਦੀ ਮੈਲ ਨਾਲ) ਮੈਲ਼ਾ (ਰਹਿੰਦਾ) ਹੈ, (ਤਦੋਂ ਤਕ ਮਨੁੱਖ) ਇਕ ਪਰਮਾਤਮਾ ਨੂੰ ਨਹੀਂ ਸਿਮਰਦਾ। ਮਾਇਆ ਵਿਚ ਪਿਆਰ ਪਾਣ ਦੇ ਕਾਰਨ ਮਨੁੱਖ ਦੇ ਅੰਦਰ (ਮਨ ਵਿਚ ਵਿਕਾਰਾਂ ਦੀ) ਬਹੁਤ ਮੈਲ ਲੱਗੀ ਰਹਿੰਦੀ ਹੈ। (ਅਜੇਹੇ ਜੀਵਨ ਵਾਲਾ ਮਨੁੱਖ ਕਿਸੇ) ਨਦੀ ਦੇ ਕੰਢੇ ਤੇ ਜਾਂਦਾ ਹੈ (ਕਿਸੇ) ਤੀਰਥ ਉੱਤੇ (ਭੀ) ਜਾਂਦਾ ਹੈ, (ਹੋਰ ਹੋਰ) ਦੇਸ ਵਿਚ ਭੀ ਭੌਂਦਾ ਹੈ (ਪਰ ਇਸ ਤਰ੍ਹਾਂ ਉਹ ਤੀਰਥ-ਜਾਤ੍ਰਾ ਆਦਿ ਦੇ ਮਾਣ ਨਾਲ) ਹੋਰ ਵਧੀਕ ਅਹੰਕਾਰੀ ਹੋ ਜਾਂਦਾ ਹੈ। ਉਹ ਆਪਣੇ ਅੰਦਰ ਵਧੇਰੀ ਹਉਮੈ ਦੀ ਮੈਲ ਇਕੱਠੀ ਕਰ ਲੈਂਦਾ ਹੈ।3। ਜਦੋਂ ਮਨੁੱਖ ਗੁਰੂ ਦੀ ਸਰਨ ਆਉਂਦਾ ਹੈ, ਤਦੋਂ (ਉਸ ਦੇ ਮਨ ਵਿਚੋਂ ਹਉਮੈ ਦੀ) ਮੈਲ ਦੂਰ ਹੋ ਜਾਂਦੀ ਹੈ ਉਹ ਦੁਨੀਆ ਦੇ ਕਾਰ-ਵਿਹਾਰ ਕਰਦਾ ਹੋਇਆ ਭੀ ਆਪਾ-ਭਾਵ ਤੋਂ ਮਰਿਆ ਰਹਿੰਦਾ ਹੈ, ਤੇ ਪਰਮਾਤਮਾ (ਦੇ ਚਰਨਾਂ) ਨਾਲ ਆਪਣਾ ਚਿੱਤ ਜੋੜੀ ਰੱਖਦਾ ਹੈ। ਪਰਮਾਤਮਾ ਸਦਾ-ਥਿਰ ਰਹਿਣ ਵਾਲਾ ਹੈ, ਤੇ ਪਵਿਤ੍ਰ-ਸਰੂਪ ਹੈ, ਉਸ ਨੂੰ (ਹਉਮੈ ਆਦਿਕ ਵਿਕਾਰਾਂ ਦੀ) ਮੈਲ ਪੋਹ ਨਹੀਂ ਸਕਦੀ। ਜੇਹੜਾ ਮਨੁੱਖ ਉਸ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਲੱਗਦਾ ਹੈ, ਉਹ (ਆਪਣੇ ਅੰਦਰੋਂ ਵਿਕਾਰਾਂ ਦੀ) ਮੈਲ਼ ਦੂਰ ਕਰ ਲੈਂਦਾ ਹੈ।4। ਗੁਰੂ ਤੋਂ ਬਿਨਾ (ਜਗਤ ਵਿਚ ਮਾਇਆ ਦੇ ਮੋਹ ਦਾ) ਘੁੱਪ ਹਨੇਰਾ ਪਿਆ ਰਹਿੰਦਾ ਹੈ। ਗੁਰੂ ਦੇ ਗਿਆਨ ਤੋਂ ਸੱਖਣਾ ਮਨੁੱਖ (ਉਸ ਮੋਹ ਵਿਚ) ਅੰਨ੍ਹਾ ਹੋਇਆ ਰਹਿੰਦਾ ਹੈ। (ਮੋਹ ਦੇ ਹਨੇਰੇ ਵਿਚ ਫਸੇ ਹੋਏ ਦੀ ਉਹੀ ਹਾਲਤ ਹੁੰਦੀ ਹੈ ਜਿਵੇਂ) ਗੰਦ ਦੇ ਕੀੜੇ ਗੰਦ (ਖਾਣ ਦੀ) ਕਮਾਈ ਹੀ ਕਰਦੇ ਹਨ ਤੇ ਫਿਰ ਗੰਦ ਵਿਚ ਹੀ ਦੁਖੀ ਹੁੰਦੇ ਰਹਿੰਦੇ ਹਨ।5। ਜੇਹੜਾ ਮਨੁੱਖ (ਮਾਇਆ ਦੇ ਮੋਹ ਤੋਂ) ਮੁਕਤ (ਗੁਰੂ) ਦੀ ਸਰਨ ਲੈਂਦਾ ਹੈ, ਉਹ ਭੀ ਮਾਇਆ ਦੇ ਮੋਹ ਤੋਂ ਸੁਤੰਤਰ ਹੋ ਜਾਂਦਾ ਹੈ, ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ ਅੰਦਰੋਂ) ਹਉਮੈ ਤੇ ਅਪਣੱਤ ਦੂਰ ਕਰ ਲੈਂਦਾ ਹੈ। (ਗੁਰ-ਸਰਨ ਦੀ ਬਰਕਤਿ ਨਾਲ) ਉਹ ਹਰ ਰੋਜ਼ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦਾ ਹੈ। ਪਰ ਗੁਰੂ (ਭੀ) ਪੂਰੀ ਕਿਸਮਤਿ ਨਾਲ ਹੀ ਮਿਲਦਾ ਹੈ।6। ਜਿਸ ਮਨੁੱਖ ਨੂੰ ਪ੍ਰਭੂ ਆਪ ਹੀ ਬਖ਼ਸ਼ਸ਼ ਕਰਦਾ ਹੈ ਤੇ ਗੁਰੂ-ਚਰਨਾਂ ਵਿਚ ਮਿਲਾਂਦਾ ਹੈ, ਉਹ ਮਨੁੱਖ ਪੂਰੇ ਗੁਰੂ ਪਾਸੋਂ ਨਾਮ-ਖ਼ਜ਼ਾਨਾ ਹਾਸਲ ਕਰ ਲੈਂਦਾ ਹੈ। ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਸਦਾ ਟਿਕੇ ਰਹਿਣ ਕਰਕੇ ਉਸ ਦਾ ਮਨ (ਵਿਕਾਰਾਂ ਵਲੋਂ) ਅਡੋਲ ਹੋ ਜਾਂਦਾ ਹੈ। ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਸਿਮਰਨ ਕਰ ਕੇ ਉਹ ਆਪਣਾ (ਹਰੇਕ ਕਿਸਮ ਦਾ) ਦੁੱਖ ਮਿਟਾ ਲੈਂਦਾ ਹੈ।7। (ਹੇ ਭਾਈ!) ਪਰਮਾਤਮਾ ਸਦਾ (ਸਭ ਜੀਵਾਂ ਦੇ) ਅੰਗ-ਸੰਗ (ਵੱਸਦਾ) ਹੈ, ਉਸ ਨੂੰ ਆਪਣੇ ਤੋਂ ਦੂਰ ਵੱਸਦਾ ਨਾਹ ਸਮਝੋ। ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਪਰਮਾਤਮਾ ਨਾਲ ਆਪਣੇ ਹਿਰਦੇ ਵਿਚ ਜਾਣ-ਪਛਾਣ ਬਣਾਓ। ਹੇ ਨਾਨਕ! ਪ੍ਰਭੂ ਦੇ ਨਾਮ ਵਿਚ ਜੁੜਿਆਂ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ, (ਪਰ ਪ੍ਰਭੂ ਦਾ ਨਾਮ) ਪੂਰੇ ਗੁਰੂ ਤੋਂ (ਹੀ) ਮਿਲਦਾ ਹੈ।8।11।12। ਮਾਝ ਮਹਲਾ ੩ ॥ ਐਥੈ ਸਾਚੇ ਸੁ ਆਗੈ ਸਾਚੇ ॥ ਮਨੁ ਸਚਾ ਸਚੈ ਸਬਦਿ ਰਾਚੇ ॥ ਸਚਾ ਸੇਵਹਿ ਸਚੁ ਕਮਾਵਹਿ ਸਚੋ ਸਚੁ ਕਮਾਵਣਿਆ ॥੧॥ ਹਉ ਵਾਰੀ ਜੀਉ ਵਾਰੀ ਸਚਾ ਨਾਮੁ ਮੰਨਿ ਵਸਾਵਣਿਆ ॥ ਸਚੇ ਸੇਵਹਿ ਸਚਿ ਸਮਾਵਹਿ ਸਚੇ ਕੇ ਗੁਣ ਗਾਵਣਿਆ ॥੧॥ ਰਹਾਉ ॥ ਪੰਡਿਤ ਪੜਹਿ ਸਾਦੁ ਨ ਪਾਵਹਿ ॥ ਦੂਜੈ ਭਾਇ ਮਾਇਆ ਮਨੁ ਭਰਮਾਵਹਿ ॥ ਮਾਇਆ ਮੋਹਿ ਸਭ ਸੁਧਿ ਗਵਾਈ ਕਰਿ ਅਵਗਣ ਪਛੋਤਾਵਣਿਆ ॥੨॥ ਸਤਿਗੁਰੁ ਮਿਲੈ ਤਾ ਤਤੁ ਪਾਏ ॥ ਹਰਿ ਕਾ ਨਾਮੁ ਮੰਨਿ ਵਸਾਏ ॥ ਸਬਦਿ ਮਰੈ ਮਨੁ ਮਾਰੈ ਅਪੁਨਾ ਮੁਕਤੀ ਕਾ ਦਰੁ ਪਾਵਣਿਆ ॥੩॥ ਕਿਲਵਿਖ ਕਾਟੈ ਕ੍ਰੋਧੁ ਨਿਵਾਰੇ ॥ ਗੁਰ ਕਾ ਸਬਦੁ ਰਖੈ ਉਰ ਧਾਰੇ ॥ ਸਚਿ ਰਤੇ ਸਦਾ ਬੈਰਾਗੀ ਹਉਮੈ ਮਾਰਿ ਮਿਲਾਵਣਿਆ ॥੪॥ ਅੰਤਰਿ ਰਤਨੁ ਮਿਲੈ ਮਿਲਾਇਆ ॥ ਤ੍ਰਿਬਿਧਿ ਮਨਸਾ ਤ੍ਰਿਬਿਧਿ ਮਾਇਆ ॥ ਪੜਿ ਪੜਿ ਪੰਡਿਤ ਮੋਨੀ ਥਕੇ ਚਉਥੇ ਪਦ ਕੀ ਸਾਰ ਨ ਪਾਵਣਿਆ ॥੫॥ ਆਪੇ ਰੰਗੇ ਰੰਗੁ ਚੜਾਏ ॥ ਸੇ ਜਨ ਰਾਤੇ ਗੁਰ ਸਬਦਿ ਰੰਗਾਏ ॥ ਹਰਿ ਰੰਗੁ ਚੜਿਆ ਅਤਿ ਅਪਾਰਾ ਹਰਿ ਰਸਿ ਰਸਿ ਗੁਣ ਗਾਵਣਿਆ ॥੬॥ ਗੁਰਮੁਖਿ ਰਿਧਿ ਸਿਧਿ ਸਚੁ ਸੰਜਮੁ ਸੋਈ ॥ ਗੁਰਮੁਖਿ ਗਿਆਨੁ ਨਾਮਿ ਮੁਕਤਿ ਹੋਈ ॥ ਗੁਰਮੁਖਿ ਕਾਰ ਸਚੁ ਕਮਾਵਹਿ ਸਚੇ ਸਚਿ ਸਮਾਵਣਿਆ ॥੭॥ ਗੁਰਮੁਖਿ ਥਾਪੇ ਥਾਪਿ ਉਥਾਪੇ ॥ ਗੁਰਮੁਖਿ ਜਾਤਿ ਪਤਿ ਸਭੁ ਆਪੇ ॥ ਨਾਨਕ ਗੁਰਮੁਖਿ ਨਾਮੁ ਧਿਆਏ ਨਾਮੇ ਨਾਮਿ ਸਮਾਵਣਿਆ ॥੮॥੧੨॥੧੩॥ {ਪੰਨਾ 116-117} ਪਦ ਅਰਥ: ਐਥੈ = ਇਸ ਲੋਕ ਵਿਚ, ਇਸ ਮਨੁੱਖਾ ਜਨਮ ਵਿਚ। ਸਾਚੇ = ਸਦਾ-ਥਿਰ ਪ੍ਰਭੂ ਨਾਲ ਇਕ-ਮਿਕ, ਅਡੋਲ-ਚਿੱਤ। ਸੁ = ਉਹ ਬੰਦੇ। ਆਗੈ = ਪਰਲੋਕ ਵਿਚ। ਸਚਾ = ਸਦਾ-ਥਿਰ, ਅਡੋਲ।1। ਮੰਨਿ = ਮਨਿ, ਮਨ ਵਿਚ। ਸਚਿ = ਸਦਾ-ਥਿਰ ਪ੍ਰਭੂ ਵਿਚ।1। ਰਹਾਉ। ਸਾਦੁ = ਸੁਆਦ, ਆਤਮਕ ਆਨੰਦ। ਭਾਇ = ਪਿਆਰ ਵਿਚ। ਦੂਜੈ ਭਾਇ = ਮਾਇਆ ਦੇ ਮੋਹ ਵਿਚ। ਭਰਮਾਵਹਿ = ਭਟਕਾਂਦੇ ਹਨ, ਦੁੜਾਂਦੇ ਹਨ। ਮੋਹਿ = ਮੋਹ ਵਿਚ। ਸੁਧਿ = ਸੂਝ। ਕਰਿ = ਕਰ ਕੇ।2। ਤਾ = ਤਦੋਂ। ਤਤੁ = ਅਸਲੀਅਤ। ਮਰੈ = ਮਰਦਾ ਹੈ, ਮੋਹ ਵਲੋਂ ਉੱਚਾ ਹੋ ਜਾਂਦਾ ਹੈ।3। ਕਿਲਵਿਖ = ਪਾਪ। ਨਿਵਾਰੇ = ਦੂਰ ਕਰਦਾ ਹੈ। ਉਰ = ਹਿਰਦਾ। ਧਾਰੇ = ਧਾਰਿ, ਧਾਰ ਕੇ, ਸਾਂਭ ਕੇ। ਬੈਰਾਗੀ = ਮਾਇਆ ਦੇ ਮੋਹ ਵਲੋਂ ਉਪਰਾਮ।4। ਅੰਤਰਿ = ਸਰੀਰ ਦੇ ਅੰਦਰ। ਤ੍ਰਿਬਿਧਿ = ਤਿੰਨ ਕਿਸਮਾਂ ਵਾਲੀ। ਮਨਸਾ = {mnI = w} ਕਾਮਨਾ। ਤ੍ਰਿਬਿਧਿ = {i>ibiD} ਤਿੰਨ ਗੁਣਾਂ ਵਾਲੀ। ਮੋਨੀ = ਮੋਨਧਾਰੀ ਰਿਸ਼ੀ, ਸਮਾਧੀਆਂ ਲਾਣ ਵਾਲੇ। ਚਉਥਾ ਪਦੁ = ਉਹ ਆਤਮਕ ਅਵਸਥਾ ਜੋ ਮਾਇਆ ਦੇ ਤਿੰਨ ਗੁਣਾਂ ਦੇ ਅਸਰ ਤੋਂ ਉਤਾਂਹ ਰਹਿੰਦੀ ਹੈ। ਸਾਰ = ਸੂਝ।5। ਸੇ ਜਨ = ਉਹ ਬੰਦੇ। ਸਬਦਿ = ਸ਼ਬਦ ਵਿਚ। ਅਪਾਰਾ = ਬੇਅੰਤ। ਰਸਿ = ਰਸ ਵਿਚ। ਰਸਿ = ਰਸ ਨਾਲ, ਆਨੰਦ ਨਾਲ।6। ਸਚੁ ਸੋਈ = ਉਹ ਸਦਾ-ਥਿਰ ਪਰਮਾਤਮਾ ਹੀ। ਨਾਮਿ = ਨਾਮ ਵਿਚ।7। ਥਾਪੇ = ਸਾਜਦਾ ਹੈ। ਥਾਪਿ = ਸਾਜ ਕੇ। ਉਥਾਪੇ = ਨਾਸ ਕਰਦਾ ਹੈ। ਆਪੇ = ਪ੍ਰਭੂ ਆਪ ਹੀ।8। ਅਰਥ: (ਹੇ ਭਾਈ!) ਜੇਹੜੇ ਮਨੁੱਖ ਇਸ ਲੋਕ ਵਿਚ ਅਡੋਲ-ਚਿੱਤ ਰਹਿੰਦੇ ਹਨ, ਉਹ ਪਰਲੋਕ ਵਿਚ ਭੀ ਪ੍ਰਭੂ ਨਾਲ ਇਕ-ਮਿਕ ਹੋਏ ਰਹਿੰਦੇ ਹਨ। ਜੇਹੜੇ ਬੰਦੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ ਰਚੇ ਰਹਿੰਦੇ ਹਨ, ਉਹਨਾਂ ਦਾ ਮਨ ਅਡੋਲ ਹੋ ਜਾਂਦਾ ਹੈ। ਉਹ ਸਦਾ ਹੀ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦੇ ਹਨ, ਸਿਮਰਨ ਦੀ ਹੀ ਕਮਾਈ ਕਰਦੇ ਹਨ, ਸਦਾ-ਥਿਰ ਪ੍ਰਭੂ ਨੂੰ ਹੀ ਸਿਮਰਦੇ ਰਹਿੰਦੇ ਹਨ।1। ਮੈਂ ਉਹਨਾਂ ਤੋਂ ਸਦਕੇ ਕੁਰਬਾਨ ਹਾਂ, ਜੋ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਈ ਰੱਖਦੇ ਹਨ। ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦੇ ਹਨ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦੇ ਹਨ, ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦੇ ਹਨ।1। ਰਹਾਉ। ਪੰਡਿਤ ਲੋਕ (ਵੇਦ ਆਦਿਕ ਧਰਮ-ਪੁਸਤਕਾਂ) ਪੜ੍ਹਦੇ (ਤਾਂ) ਹਨ (ਪਰ) ਆਤਮਕ ਆਨੰਦ ਨਹੀਂ ਮਾਣ ਸਕਦੇ (ਕਿਉਂਕਿ) ਉਹ ਮਾਇਆ ਦੇ ਮੋਹ ਵਿਚ ਫਸ ਕੇ ਮਾਇਆ ਵਲ ਹੀ ਆਪਣੇ ਮਨ ਨੂੰ ਦੁੜਾਂਦੇ ਰਹਿੰਦੇ ਹਨ। ਮਾਇਆ ਦੇ ਮੋਹ ਦੇ ਕਾਰਨ ਉਹਨਾਂ ਨੇ (ਉੱਚੇ ਆਤਮਕ ਜੀਵਨ ਬਾਰੇ) ਸਾਰੀ ਸੂਝ ਗਵਾ ਲਈ ਹੁੰਦੀ ਹੈ, (ਮਾਇਆ ਦੀ ਖ਼ਾਤਰ) ਔਗੁਣ ਕਰ ਕਰ ਕੇ ਪਛੁਤਾਂਦੇ ਰਹਿੰਦੇ ਹਨ।2। ਜਦੋਂ ਮਨੁੱਖ ਨੂੰ ਗੁਰੂ ਮਿਲ ਪਏ ਤਾਂ ਉਹ ਅਸਲੀਅਤ ਸਮਝ ਲੈਂਦਾ ਹੈ, ਉਹ ਪਰਮਾਤਮਾ ਦਾ ਨਾਮ (ਆਪਣੇ) ਮਨ ਵਿਚ ਵਸਾ ਲੈਂਦਾ ਹੈ। ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਮਾਇਆ ਦੇ ਮੋਹ ਵਲੋਂ ਅਡੋਲ ਹੋ ਜਾਂਦਾ ਹੈ, ਆਪਣੇ ਮਨ ਨੂੰ ਕਾਬੂ ਕਰ ਲੈਂਦਾ ਹੈ, ਤੇ ਮੋਹ ਤੋਂ ਖ਼ਲਾਸੀ ਪਾਣ ਦਾ ਦਰਵਾਜ਼ਾ ਲੱਭ ਲੈਂਦਾ ਹੈ।3। ਜੇਹੜਾ ਮਨੁੱਖ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿਚ ਟਿਕਾ ਰੱਖਦਾ ਹੈ ਉਹ (ਆਪਣੇ ਅੰਦਰੋਂ) ਪਾਪ ਕੱਟ ਲੈਂਦਾ ਹੈ, ਕ੍ਰੋਧ ਦੂਰ ਕਰ ਲੈਂਦਾ ਹੈ। ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ (ਦੇ ਪ੍ਰੇਮ-ਰੰਗ) ਵਿਚ ਰੰਗੇ ਰਹਿੰਦੇ ਹਨ, ਉਹ ਮਾਇਆ ਦੇ ਮੋਹ ਤੋਂ ਸਦਾ ਉਪਰਾਮ ਰਹਿੰਦੇ ਹਨ। ਉਹ (ਆਪਣੇ ਅੰਦਰੋਂ) ਹਉਮੈ ਮਾਰ ਕੇ (ਪ੍ਰਭੂ-ਚਰਨਾਂ ਵਿਚ) ਮਿਲੇ ਰਹਿੰਦੇ ਹਨ।4। (ਹੇ ਭਾਈ! ਹਰੇਕ ਜੀਵ) ਦੇ ਅੰਦਰ (ਪ੍ਰਭੂ ਦੀ ਜੋਤਿ-) ਰਤਨ ਮੌਜੂਦ ਹੈ, ਪਰ ਇਹ ਰਤਨ ਤਦੋਂ ਹੀ ਮਿਲਦਾ ਹੈ ਜੇ (ਗੁਰੂ) ਮਿਲਾ ਦੇਵੇ (ਮਨੁੱਖ ਆਪਣੇ ਉੱਦਮ ਸਿਆਣਪ ਨਾਲ ਹਾਸਲ ਨਹੀਂ ਕਰ ਸਕਦਾ, ਕਿਉਂਕਿ) ਤਿੰਨ ਗੁਣਾਂ ਵਾਲੀ ਮਾਇਆ ਦੇ ਪ੍ਰਭਾਵ ਹੇਠ ਮਨੁੱਖ ਦੀ ਮਨੋ ਕਾਮਨਾ ਤਿੰਨਾਂ ਗੁਣਾਂ ਅਨੁਸਾਰ (ਵੰਡੀ ਰਹਿੰਦੀ) ਹੈ। ਪੰਡਿਤ ਤੇ ਹੋਰ ਸਿਆਣੇ ਸਮਾਧੀਆਂ ਲਾਣ ਵਾਲੇ (ਵੇਦ ਆਦਿਕ ਧਰਮ-ਪੁਸਤਕਾਂ) ਪੜ੍ਹ ਪੜ੍ਹ ਕੇ ਥੱਕ ਪੈਂਦੇ ਹਨ (ਪਰ ਤ੍ਰਿਗੁਣੀ ਮਾਇਆ ਦੇ ਪ੍ਰਭਾਵ ਦੇ ਕਾਰਨ) ਉਹ ਉਸ ਆਤਮਕ ਅਵਸਥਾ ਦੀ ਸੂਝ ਪ੍ਰਾਪਤ ਨਹੀਂ ਕਰ ਸਕਦੇ ਜੇਹੜੀ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਉਤਾਂਹ ਟਿਕਾਈ ਰੱਖਦੀ ਹੈ।5। (ਹੇ ਭਾਈ! ਇਸ ਤ੍ਰਿਗੁਣੀ ਮਾਇਆ ਦੇ ਸਾਹਮਣੇ ਜੀਵਾਂ ਦੀ ਪੇਸ਼ ਨਹੀਂ ਜਾ ਸਕਦੀ, ਜੀਵਾਂ ਨੂੰ) ਪ੍ਰਭੂ ਆਪ ਹੀ (ਆਪਣੇ ਨਾਮ-ਰੰਗ ਵਿਚ) ਰੰਗਦਾ ਹੈ, ਆਪ ਹੀ (ਆਪਣਾ ਪ੍ਰੇਮ-) ਰੰਗ (ਜੀਵਾਂ ਦੇ ਹਿਰਦਿਆਂ ਉੱਤੇ) ਚਾੜ੍ਹਦਾ ਹੈ। ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਗੁਰੂ ਦੇ ਸ਼ਬਦ ਵਿਚ ਰੰਗਦਾ ਹੈ, ਉਹ ਮਨੁੱਖ ਉਸ ਦੇ ਪ੍ਰੇਮ ਵਿਚ ਮਸਤ ਰਹਿੰਦੇ ਹਨ। ਉਹਨਾਂ ਨੂੰ ਉਸ ਬੇਅੰਤ ਹਰੀ ਦਾ ਪ੍ਰੇਮ-ਰੰਗ ਬਹੁਤ ਚੜ੍ਹਿਆ ਰਹਿੰਦਾ ਹੈ। ਉਹ ਹਰੀ ਦੇ ਨਾਮ-ਰਸ ਵਿਚ (ਭਿੱਜ ਕੇ) ਆਤਮਕ ਆਨੰਦ ਨਾਲ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ।6। ਜੇਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ, ਉਹਨਾਂ ਵਾਸਤੇ ਸਦਾ-ਥਿਰ ਪ੍ਰਭੂ (ਦਾ ਨਾਮ) ਹੀ ਰਿੱਧੀਆਂ ਸਿੱਧੀਆਂ ਤੇ ਸੰਜਮ ਹੈ। ਗੁਰੂ ਦੇ ਸਨਮੁਖ ਰਹਿ ਕੇ ਉਹ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦੇ ਹਨ, ਪਰਮਾਤਮਾ ਦੇ ਨਾਮ ਵਿਚ ਲੀਨ ਹੋਣ ਕਰਕੇ ਉਹਨਾਂ ਨੂੰ ਮਾਇਆ ਦੇ ਮੋਹ ਤੋਂ) ਖ਼ਲਾਸੀ ਮਿਲੀ ਰਹਿੰਦੀ ਹੈ। ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ (ਦੀ) ਕਾਰ (ਨਿੱਤ) ਕਰਦੇ ਹਨ, (ਇਸ ਤਰ੍ਹਾਂ) ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਹੀ ਸਦਾ ਲੀਨ ਰਹਿੰਦੇ ਹਨ।7। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਇਹ ਨਿਸਚਾ ਰੱਖਦਾ ਹੈ ਕਿ ਪ੍ਰਭੂ ਆਪ ਹੀ ਸ੍ਰਿਸ਼ਟੀ ਰਚਦਾ ਹੈ, ਰਚ ਕੇ ਆਪ ਹੀ ਇਸ ਦਾ ਨਾਸ ਕਰਦਾ ਹੈ। ਪਰਮਾਤਮਾ ਆਪ ਹੀ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਲਈ (ਉੱਚੀ) ਜਾਤਿ ਹੈ ਤੇ (ਲੋਕ ਪਰਲੋਕ ਦੀ) ਇੱਜ਼ਤ ਹੈ। ਹੇ ਨਾਨਕ! ਗੁਰੂ ਦੇ ਆਸਰੇ ਰਹਿਣ ਵਾਲਾ ਮਨੁੱਖ (ਸਦਾ ਪ੍ਰਭੂ ਦਾ) ਨਾਮ ਸਿਮਰਦਾ ਹੈ, ਤੇ ਸਦਾ ਪ੍ਰਭੂ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ।8।12।13। |
Sri Guru Granth Darpan, by Professor Sahib Singh |