ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 125

ਮਾਝ ਮਹਲਾ ੩ ॥ ਗੁਰਮੁਖਿ ਮਿਲੈ ਮਿਲਾਏ ਆਪੇ ॥ ਕਾਲੁ ਨ ਜੋਹੈ ਦੁਖੁ ਨ ਸੰਤਾਪੇ ॥ ਹਉਮੈ ਮਾਰਿ ਬੰਧਨ ਸਭ ਤੋੜੈ ਗੁਰਮੁਖਿ ਸਬਦਿ ਸੁਹਾਵਣਿਆ ॥੧॥ ਹਉ ਵਾਰੀ ਜੀਉ ਵਾਰੀ ਹਰਿ ਹਰਿ ਨਾਮਿ ਸੁਹਾਵਣਿਆ ॥ ਗੁਰਮੁਖਿ ਗਾਵੈ ਗੁਰਮੁਖਿ ਨਾਚੈ ਹਰਿ ਸੇਤੀ ਚਿਤੁ ਲਾਵਣਿਆ ॥੧॥ ਰਹਾਉ ॥ ਗੁਰਮੁਖਿ ਜੀਵੈ ਮਰੈ ਪਰਵਾਣੁ ॥ ਆਰਜਾ ਨ ਛੀਜੈ ਸਬਦੁ ਪਛਾਣੁ ॥ ਗੁਰਮੁਖਿ ਮਰੈ ਨ ਕਾਲੁ ਨ ਖਾਏ ਗੁਰਮੁਖਿ ਸਚਿ ਸਮਾਵਣਿਆ ॥੨॥ ਗੁਰਮੁਖਿ ਹਰਿ ਦਰਿ ਸੋਭਾ ਪਾਏ ॥ ਗੁਰਮੁਖਿ ਵਿਚਹੁ ਆਪੁ ਗਵਾਏ ॥ ਆਪਿ ਤਰੈ ਕੁਲ ਸਗਲੇ ਤਾਰੇ ਗੁਰਮੁਖਿ ਜਨਮੁ ਸਵਾਰਣਿਆ ॥੩॥ ਗੁਰਮੁਖਿ ਦੁਖੁ ਕਦੇ ਨ ਲਗੈ ਸਰੀਰਿ ॥ ਗੁਰਮੁਖਿ ਹਉਮੈ ਚੂਕੈ ਪੀਰ ॥ ਗੁਰਮੁਖਿ ਮਨੁ ਨਿਰਮਲੁ ਫਿਰਿ ਮੈਲੁ ਨ ਲਾਗੈ ਗੁਰਮੁਖਿ ਸਹਜਿ ਸਮਾਵਣਿਆ ॥੪॥ ਗੁਰਮੁਖਿ ਨਾਮੁ ਮਿਲੈ ਵਡਿਆਈ ॥ ਗੁਰਮੁਖਿ ਗੁਣ ਗਾਵੈ ਸੋਭਾ ਪਾਈ ॥ ਸਦਾ ਅਨੰਦਿ ਰਹੈ ਦਿਨੁ ਰਾਤੀ ਗੁਰਮੁਖਿ ਸਬਦੁ ਕਰਾਵਣਿਆ ॥੫॥ ਗੁਰਮੁਖਿ ਅਨਦਿਨੁ ਸਬਦੇ ਰਾਤਾ ॥ ਗੁਰਮੁਖਿ ਜੁਗ ਚਾਰੇ ਹੈ ਜਾਤਾ ॥ ਗੁਰਮੁਖਿ ਗੁਣ ਗਾਵੈ ਸਦਾ ਨਿਰਮਲੁ ਸਬਦੇ ਭਗਤਿ ਕਰਾਵਣਿਆ ॥੬॥ ਬਾਝੁ ਗੁਰੂ ਹੈ ਅੰਧ ਅੰਧਾਰਾ ॥ ਜਮਕਾਲਿ ਗਰਠੇ ਕਰਹਿ ਪੁਕਾਰਾ ॥ ਅਨਦਿਨੁ ਰੋਗੀ ਬਿਸਟਾ ਕੇ ਕੀੜੇ ਬਿਸਟਾ ਮਹਿ ਦੁਖੁ ਪਾਵਣਿਆ ॥੭॥ ਗੁਰਮੁਖਿ ਆਪੇ ਕਰੇ ਕਰਾਏ ॥ ਗੁਰਮੁਖਿ ਹਿਰਦੈ ਵੁਠਾ ਆਪਿ ਆਏ ॥ ਨਾਨਕ ਨਾਮਿ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ॥੮॥੨੫॥੨੬॥ {ਪੰਨਾ 125}

ਪਦ ਅਰਥ: ਗੁਰਮੁਖਿ = ਗੁਰੂ ਦੀ ਰਾਹੀਂ, ਗੁਰੂ ਵਲ ਮੂੰਹ ਕੀਤਿਆਂ, ਗੁਰੂ ਦੀ ਸਰਨ ਪਿਆ। ਕਾਲੁ = ਆਤਮਕ ਮੌਤ। ਜੋਹੈ– ਤੱਕਦੀ। ਸਬਦਿ = ਸ਼ਬਦ ਵਿਚ ਜੁੜ ਕੇ। ਸੁਹਾਵਣਿਆ = ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ।1।

ਨਾਮਿ = ਨਾਮ ਦੀ ਰਾਹੀਂ। ਨਾਚੈ = ਹੁਲਾਰੇ ਵਿਚ ਆਉਂਦਾ ਹੈ।1। ਰਹਾਉ।

ਜੀਵੈ = ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ। ਮਰੈ (ਹਉਮੈ ਵਲੋਂ) ਮਰਦਾ ਹੈ, ਹਉਮੈ ਮਾਰ ਲੈਂਦਾ ਹੈ। ਆਰਜਾ = ਉਮਰ। ਨ ਛੀਜੈ = ਵਿਅਰਥ ਨਹੀਂ ਜਾਂਦੀ। ਪਛਾਣੁ = ਪਛਾਣੂ, ਸਾਥੀ। ਮਰੈ ਨ = ਆਤਮਕ ਮੌਤ ਨਹੀਂ ਸਹੇੜਦਾ। ਕਾਲੁ = ਆਤਮਕ ਮੌਤ।2।

ਦਰਿ = ਦਰ ਤੇ। ਆਪੁ = ਆਪਾ-ਭਾਵ।3।

ਸਰੀਰਿ = ਸਰੀਰ ਵਿਚ। ਪੀਰ = ਪੀੜ। ਸਹਜਿ = ਆਤਮਕ ਅਡੋਲਤਾ ਵਿਚ।4।

ਅਨੰਦਿ = ਆਨੰਦ ਵਿਚ। ਸਬਦੁ = ਸਿਫ਼ਤਿ-ਸਾਲਾਹ ਦੀ ਕਾਰ।5।

ਅਨਦਿਨੁ = ਹਰ ਰੋਜ਼। ਜਗੁ ਚਾਰੇ = ਚੌਹਾਂ ਜੁਗਾਂ ਵਿਚ, ਸਦਾ ਹੀ।6।

ਅੰਧ ਅੰਧਾਰਾ = ਮਾਇਆ ਦੇ ਮੋਹ ਦਾ ਘੁੱਪ ਹਨੇਰਾ। ਜਮਕਾਲਿ = ਜਮਕਾਲ ਨੇ, ਆਤਮਕ ਮੌਤ ਨੇ। ਗਰਠੇ = ਗ੍ਰਸੇ ਹੋਏ, ਜਕੜੇ ਹੋਏ।7।

ਵੁਠਾ = ਵੁੱਠਾ, ਆ ਵੱਸਿਆ। ਨਾਮਿ = ਨਾਮ ਵਿਚ।8।

ਅਰਥ: ਜੇਹੜਾ ਮਨੁੱਖ ਗੁਰੂ ਦਾ ਆਸਰਾ-ਪਰਨਾ ਲੈਂਦਾ ਹੈ, ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ, ਪਰਮਾਤਮਾ ਆਪ ਹੀ ਉਸ ਨੂੰ ਗੁਰੂ ਮਿਲਾਂਦਾ ਹੈ, (ਅਜੇਹੇ ਮਨੁੱਖ ਨੂੰ) ਆਤਮਕ ਮੌਤ ਆਪਣੀ ਤੱਕ ਵਿਚ ਨਹੀਂ ਰੱਖਦੀ, ਉਸ ਨੂੰ ਕੋਈ ਦੁੱਖ ਕਲੇਸ਼ ਸਤਾ ਨਹੀਂ ਸਕਦਾ। ਗੁਰੂ ਦੇ ਆਸਰੇ ਰਹਿਣ ਵਾਲਾ ਮਨੁੱਖ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ (ਮਾਇਆ ਦੇ ਮੋਹ ਦੇ) ਸਾਰੇ ਬੰਧਨ ਤੋੜ ਲੈਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦਾ ਜੀਵਨ ਸੋਹਣਾ ਬਣ ਜਾਂਦਾ ਹੈ।1।

ਮੈਂ ਉਸ ਮਨੁੱਖ ਤੋਂ ਸਦਾ ਸਦਕੇ ਜਾਂਦਾ ਹਾਂ, ਜੇਹੜਾ ਪਰਮਾਤਮਾ ਦੇ ਨਾਮ ਵਿਚ ਜੁੜ ਕੇ ਆਪਣਾ ਜੀਵਨ ਸੁੰਦਰ ਬਣਾ ਲੈਂਦਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ, ਉਸ ਦਾ ਮਨ (ਨਾਮ ਸਿਮਰਨ ਦੇ) ਹੁਲਾਰੇ ਵਿਚ ਆਇਆ ਰਹਿੰਦਾ ਹੈ, ਗੁਰੂ ਦਾ ਆਸਰਾ ਰੱਖਣ ਵਾਲਾ ਮਨੁੱਖ ਪਰਮਾਤਮਾ (ਦੇ ਚਰਨਾਂ) ਨਾਲ ਆਪਣਾ ਮਨ ਜੋੜੀ ਰੱਖਦਾ ਹੈ।1। ਰਹਾਉ।

ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ ਤੇ ਹਉਮੈ ਵਲੋਂ ਮਰਿਆ ਰਹਿੰਦਾ ਹੈ (ਇਸ ਤਰ੍ਹਾਂ ਉਹ ਪ੍ਰਭੂ ਦੀਆਂ ਨਜਰਾਂ ਵਿਚ) ਕਬੂਲ ਹੋ ਜਾਂਦਾ ਹੈ। ਉਸ ਦੀ ਉਮਰ ਵਿਅਰਥ ਨਹੀਂ ਜਾਂਦੀ, ਗੁਰੂ ਦਾ ਸ਼ਬਦ ਉਸ ਦਾ ਜੀਵਨ = ਸਾਥੀ ਬਣਿਆ ਰਹਿੰਦਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਤਮਕ ਮੌਤ ਤੋਂ ਬਚਿਆ ਰਹਿੰਦਾ ਹੈ। ਆਤਮਕ ਮੌਤ ਉਸ ਉੱਤੇ ਜ਼ੋਰ ਨਹੀਂ ਪਾ ਸਕਦੀ, ਉਹ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਲੀਨ ਰਹਿੰਦਾ ਹੈ।2।

ਗੁਰੂ ਦੇ ਆਸਰੇ ਪਰਨੇ ਰਹਿਣ ਵਾਲਾ ਮਨੁੱਖ ਪਰਮਾਤਮਾ ਦੇ ਦਰ ਤੇ ਸੋਭਾ ਖੱਟਦਾ ਹੈ, ਉਹ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰੀ ਰੱਖਦਾ ਹੈ, ਉਹ ਆਪ ਸੰਸਾਰ-ਸਮੁੰਦਰ (ਦੇ ਵਿਕਾਰਾਂ) ਤੋਂ ਪਾਰ ਲੰਘ ਜਾਂਦਾ ਹੈ, ਆਪਣੀਆਂ ਸਾਰੀਆਂ ਕੁਲਾਂ ਨੂੰ (ਭੀ) ਪਾਰ ਲੰਘਾ ਲੈਂਦਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਪਣਾ ਜੀਵਨ ਸਵਾਰ ਲੈਂਦਾ ਹੈ।3।

ਜੇਹੜਾ ਮਨੁੱਖ ਗੁਰੂ ਦੀ ਸਰਨ ਲੈਂਦਾ ਹੈ, ਉਸ ਦੇ ਸਰੀਰ ਵਿਚ ਕਦੇ ਹਉਮੈ ਦਾ ਰੋਗ ਨਹੀਂ ਲੱਗਦਾ, ਉਸ ਦੇ ਅੰਦਰੋਂ ਹਉਮੈ ਦੀ ਪੀੜ ਖ਼ਤਮ ਹੋ ਜਾਂਦੀ ਹੈ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦਾ ਮਨ ਹਉਮੈ ਦੀ ਮੈਲ ਤੋਂ ਸਾਫ਼ ਰਹਿੰਦਾ ਹੈ, (ਗੁਰੂ ਦਾ ਆਸਰਾ ਲੈਣ ਕਰਕੇ ਉਸ ਨੂੰ) ਫਿਰ (ਹਉਮੈ ਦੀ) ਮੈਲ ਨਹੀਂ ਚੰਬੜਦੀ, ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ।4।

ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ, ਉਹ ਪਰਮਾਤਮਾ ਦੇ ਗੁਣ ਗਾਂਦਾ ਹੈ ਤੇ (ਹਰ ਥਾਂ) ਸੋਭਾ ਖੱਟਦਾ ਹੈ। ਗੁਰੂ ਦੇ ਦਰ ਤੇ ਟਿਕੇ ਰਹਿਣ ਨਾਲ ਮਨੁੱਖ ਸਦਾ ਦਿਨ ਰਾਤ ਆਤਮਕ ਆਨੰਦ ਵਿਚ ਮਗਨ ਰਹਿੰਦਾ ਹੈ, ਉਹ ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਕਾਰ ਕਰਦਾ ਹੈ।5।

ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹਰ ਵੇਲੇ ਗੁਰੂ ਦੇ ਸ਼ਬਦ ਵਿਚ ਰੰਗਿਆ ਰਹਿੰਦਾ ਹੈ। ਸਦਾ ਤੋਂ ਹੀ ਇਹ ਨਿਯਮ ਹੈ ਕਿ ਗੁਰੂ ਦੇ ਦਰ ਤੇ ਰਹਿਣ ਵਾਲਾ ਮਨੁੱਖ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ, ਉਹ ਸਦਾ ਪਰਮਾਤਮਾ ਦੇ ਗੁਣ ਗਾਂਦਾ ਹੈ ਤੇ ਪਵਿਤ੍ਰ ਜੀਵਨ ਵਾਲਾ ਬਣਿਆ ਰਹਿੰਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਹ ਪਰਮਾਤਮਾ ਦੀ ਭਗਤੀ ਕਰਦਾ ਹੈ।6।

ਗੁਰੂ ਦੀ ਸਰਨ ਤੋਂ ਬਿਨਾ (ਮਾਇਆ ਦੇ ਮੋਹ ਦਾ) ਘੁੱਪ ਹਨੇਰਾ ਛਾਇਆ ਰਹਿੰਦਾ ਹੈ। (ਇਸ ਹਨੇਰੇ ਦੇ ਕਾਰਨ) ਜਿਨ੍ਹਾਂ ਨੂੰ ਆਤਮਕ ਮੌਤ ਨੇ ਗ੍ਰਸ ਲਿਆ ਹੁੰਦਾ ਹੈ ਉਹ (ਦੁਖੀ ਹੋ ਹੋ ਕੇ) ਪੁਕਾਰਾਂ ਕਰਦੇ ਰਹਿੰਦੇ ਹਨ (ਦੁੱਖਾਂ ਦੇ ਗਿਲੇ ਕਰਦੇ ਰਹਿੰਦੇ ਹਨ) । ਉਹ ਹਰ ਵੇਲੇ ਵਿਕਾਰਾਂ ਦੇ ਰੋਗ ਵਿਚ ਫਸੇ ਰਹਿੰਦੇ ਹਨ ਤੇ ਦੁੱਖ ਸਹਿੰਦੇ ਰਹਿੰਦੇ ਹਨ ਜਿਵੇਂ ਗੰਦ ਦੇ ਕੀੜੇ ਗੰਦ ਵਿਚ ਹੀ ਕੁਰਬਲ ਕੁਰਬਲ ਕਰਦੇ ਰਹਿੰਦੇ ਹਨ।7।

ਜੇਹੜਾ ਮਨੁੱਖ ਗੁਰੂ ਦੀ ਸਰਨ ਵਿਚ ਰਹਿੰਦਾ ਹੈ, ਉਸ ਦੇ ਹਿਰਦੇ ਵਿਚ ਪਰਮਾਤਮਾ ਆਪ ਆ ਵਸਦਾ ਹੈ, ਉਸ ਨੂੰ ਫਿਰ ਇਹ ਨਿਸਚਾ ਹੋ ਜਾਂਦਾ ਹੈ ਕਿ (ਪ੍ਰਭੂ ਸਭ ਜੀਵਾਂ ਵਿਚ ਵਿਆਪਕ ਹੋ ਕੇ) ਆਪ ਹੀ ਸਭ ਕੁਝ ਕਰਦਾ ਹੈ ਤੇ (ਜੀਵਾਂ ਪਾਸੋਂ) ਕਰਾਂਦਾ ਹੈ।

ਹੇ ਨਾਨਕ! ਪਰਮਾਤਮਾ ਦੇ ਨਾਮ ਵਿਚ ਜੁੜਿਆਂ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ, ਤੇ (ਪ੍ਰਭੂ ਦਾ ਨਾਮ) ਪੂਰੇ ਗੁਰੂ ਪਾਸੋਂ (ਹੀ) ਮਿਲਦਾ ਹੈ।8। 25। 26।

ਮਾਝ ਮਹਲਾ ੩ ॥ ਏਕਾ ਜੋਤਿ ਜੋਤਿ ਹੈ ਸਰੀਰਾ ॥ ਸਬਦਿ ਦਿਖਾਏ ਸਤਿਗੁਰੁ ਪੂਰਾ ॥ ਆਪੇ ਫਰਕੁ ਕੀਤੋਨੁ ਘਟ ਅੰਤਰਿ ਆਪੇ ਬਣਤ ਬਣਾਵਣਿਆ ॥੧॥ ਹਉ ਵਾਰੀ ਜੀਉ ਵਾਰੀ ਹਰਿ ਸਚੇ ਕੇ ਗੁਣ ਗਾਵਣਿਆ ॥ ਬਾਝੁ ਗੁਰੂ ਕੋ ਸਹਜੁ ਨ ਪਾਏ ਗੁਰਮੁਖਿ ਸਹਜਿ ਸਮਾਵਣਿਆ ॥੧॥ ਰਹਾਉ ॥ ਤੂੰ ਆਪੇ ਸੋਹਹਿ ਆਪੇ ਜਗੁ ਮੋਹਹਿ ॥ ਤੂੰ ਆਪੇ ਨਦਰੀ ਜਗਤੁ ਪਰੋਵਹਿ ॥ ਤੂੰ ਆਪੇ ਦੁਖੁ ਸੁਖੁ ਦੇਵਹਿ ਕਰਤੇ ਗੁਰਮੁਖਿ ਹਰਿ ਦੇਖਾਵਣਿਆ ॥੨॥ ਆਪੇ ਕਰਤਾ ਕਰੇ ਕਰਾਏ ॥ ਆਪੇ ਸਬਦੁ ਗੁਰ ਮੰਨਿ ਵਸਾਏ ॥ ਸਬਦੇ ਉਪਜੈ ਅੰਮ੍ਰਿਤ ਬਾਣੀ ਗੁਰਮੁਖਿ ਆਖਿ ਸੁਣਾਵਣਿਆ ॥੩॥ ਆਪੇ ਕਰਤਾ ਆਪੇ ਭੁਗਤਾ ॥ ਬੰਧਨ ਤੋੜੇ ਸਦਾ ਹੈ ਮੁਕਤਾ ॥ ਸਦਾ ਮੁਕਤੁ ਆਪੇ ਹੈ ਸਚਾ ਆਪੇ ਅਲਖੁ ਲਖਾਵਣਿਆ ॥੪॥ ਆਪੇ ਮਾਇਆ ਆਪੇ ਛਾਇਆ ॥ ਆਪੇ ਮੋਹੁ ਸਭੁ ਜਗਤੁ ਉਪਾਇਆ ॥ ਆਪੇ ਗੁਣਦਾਤਾ ਗੁਣ ਗਾਵੈ ਆਪੇ ਆਖਿ ਸੁਣਾਵਣਿਆ ॥੫॥ ਆਪੇ ਕਰੇ ਕਰਾਏ ਆਪੇ ॥ ਆਪੇ ਥਾਪਿ ਉਥਾਪੇ ਆਪੇ ॥ ਤੁਝ ਤੇ ਬਾਹਰਿ ਕਛੂ ਨ ਹੋਵੈ ਤੂੰ ਆਪੇ ਕਾਰੈ ਲਾਵਣਿਆ ॥੬॥ ਆਪੇ ਮਾਰੇ ਆਪਿ ਜੀਵਾਏ ॥ ਆਪੇ ਮੇਲੇ ਮੇਲਿ ਮਿਲਾਏ ॥ ਸੇਵਾ ਤੇ ਸਦਾ ਸੁਖੁ ਪਾਇਆ ਗੁਰਮੁਖਿ ਸਹਜਿ ਸਮਾਵਣਿਆ ॥੭॥ ਆਪੇ ਊਚਾ ਊਚੋ ਹੋਈ ॥ ਜਿਸੁ ਆਪਿ ਵਿਖਾਲੇ ਸੁ ਵੇਖੈ ਕੋਈ ॥ ਨਾਨਕ ਨਾਮੁ ਵਸੈ ਘਟ ਅੰਤਰਿ ਆਪੇ ਵੇਖਿ ਵਿਖਾਲਣਿਆ ॥੮॥੨੬॥੨੭॥ {ਪੰਨਾ 125}

ਪਦ ਅਰਥ: ਸਬਦਿ = ਸ਼ਬਦ ਦੀ ਰਾਹੀਂ। ਕੀਤੋਨੁ = ਕੀਤਾ ਉਨਿ, ਉਸ ਪ੍ਰਭੂ ਨੇ ਕੀਤਾ ਹੈ।1।

ਕੋ = ਕੋਈ ਭੀ ਮਨੁੱਖ। ਸਹਜੁ = ਆਤਮਕ ਅਡੋਲਤਾ।1। ਰਹਾਉ।

ਸੋਹਹਿ = ਸੋਭ ਰਿਹਾ ਹੈਂ। ਮੋਹਹਿ = ਮੋਹ ਰਿਹਾ ਹੈਂ। ਕਰਤੇ = ਹੇ ਕਰਤਾਰ!।2।

ਮੰਨਿ = ਮਨਿ, ਮਨ ਵਿਚ। ਸਬਦੇ = ਸ਼ਬਦ ਦੀ ਰਾਹੀਂ ਹੀ। ਆਖਿ = ਆਖ ਕੇ, ਉਚਾਰ ਕੇ।3।

ਭੁਗਤਾ = ਭੋਗਣ ਵਾਲਾ। ਮੁਕਤਾ-ਆਜ਼ਾਦ। ਅਲਖੁ = ਅਦ੍ਰਿਸ਼ਟ।4।

ਛਾਇਆ = ਪ੍ਰਭਾਵ।5।

ਥਾਪਿ = ਪੈਦਾ ਕਰ ਕੇ। ਉਥਾਪੇ = ਨਾਸ ਕਰਦਾ ਹੈ। ਕਾਰੈ = ਕਾਰ ਵਿਚ।6।

ਮਾਰੇ = ਆਤਮਕ ਮੌਤ ਦੇਂਦਾ ਹੈ। ਜੀਵਾਏ = ਆਤਮਕ ਜੀਵਨ ਦੇਂਦਾ ਹੈ।7।

ਕੋਈ = ਕੋਈ ਵਿਰਲਾ। ਵੇਖਿ = ਵੇਖ ਕੇ।8।

ਅਰਥ: ਪੂਰਾ ਗੁਰੂ ਆਪਣੇ ਸ਼ਬਦ ਵਿਚ ਜੋੜ ਕੇ (ਸਰਨ ਆਏ ਮਨੁੱਖ ਨੂੰ) ਵਿਖਾ ਦੇਂਦਾ ਹੈ (ਨਿਸਚਾ ਕਰਾ ਦੇਂਦਾ ਹੈ) ਕਿ ਸਭ ਸਰੀਰਾਂ ਵਿਚ ਪਰਮਾਤਮਾ ਦੀ ਹੀ ਜੋਤਿ ਵਿਆਪਕ ਹੈ, ਪਰਮਾਤਮਾ ਨੇ ਆਪ ਹੀ ਸਭ ਜੀਵਾਂ ਦੀ ਬਨਾਵਟ ਬਣਾਈ ਹੈ (ਪੈਦਾ ਕੀਤੇ ਹਨ) ਤੇ ਆਪ ਹੀ ਉਸ ਨੇ ਸਾਰੇ ਸਰੀਰਾਂ ਵਿਚ (ਆਤਮਕ ਜੀਵਨ ਦਾ) ਫ਼ਰਕ ਬਣਾਇਆ ਹੋਇਆ ਹੈ।1।

ਮੈਂ ਸਦਾ ਉਹਨਾਂ ਮਨੁੱਖਾਂ ਤੋਂ ਸਦਕੇ ਕੁਰਬਾਨ ਜਾਂਦਾ ਹਾਂ, ਜੇਹੜੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ (ਆਤਮਕ ਅਡੋਲਤਾ ਵਿਚ ਰਹਿ ਕੇ ਹੀ ਸਿਫ਼ਤਿ-ਸਾਲਾਹ ਕੀਤੀ ਜਾ ਸਕਦੀ ਹੈ, ਤੇ) ਗੁਰੂ ਦੀ ਸਰਨ ਤੋਂ ਬਿਨਾ ਕੋਈ ਮਨੁੱਖ ਆਤਮਕ ਅਡੋਲਤਾ ਹਾਸਲ ਨਹੀਂ ਕਰ ਸਕਦਾ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਹੀ ਆਤਮਕ ਅਡੋਲਤਾ ਵਿਚ ਲੀਨ ਰਹਿੰਦੇ ਹਨ।1। ਰਹਾਉ।

ਹੇ ਕਰਤਾਰ! ਤੂੰ ਆਪ ਹੀ (ਜਗਤ ਰਚ ਕੇ ਜਗਤ-ਰਚਨਾ ਦੀ ਰਾਹੀਂ ਆਪਣੀ) ਸੁੰਦਰਤਾ ਵਿਖਾ ਰਿਹਾ ਹੈਂ, ਤੇ (ਉਸ ਸੁੰਦਰਤਾ ਨਾਲ) ਤੂੰ ਆਪ ਹੀ ਜਗਤ ਨੂੰ ਮੋਹਿਤ ਕਰਦਾ ਹੈਂ। ਤੂੰ ਆਪ ਹੀ ਆਪਣੀ ਮਿਹਰ ਦੀ ਨਿਗਾਹ ਨਾਲ ਜਗਤ ਨੂੰ (ਆਪਣੀ ਕਾਇਮ ਕੀਤੀ ਮਰਯਾਦਾ ਦੇ ਧਾਗੇ ਵਿਚ) ਪ੍ਰੋਈ ਰੱਖਦਾ ਹੈਂ। ਹੇ ਕਰਤਾਰ! ਤੂੰ ਆਪ ਹੀ ਜੀਵਾਂ ਨੂੰ ਦੁਖ ਦੇਂਦਾ ਹੈਂ ਆਪ ਹੀ ਜੀਵਾਂ ਨੂੰ ਸੁਖ ਦੇਂਦਾ ਹੈਂ, ਹੇ ਹਰੀ! ਗੁਰੂ ਦੀ ਸਰਨ ਪੈਣ ਵਾਲੇ ਬੰਦੇ (ਹਰ ਥਾਂ) ਤੇਰਾ ਦਰਸਨ ਕਰਦੇ ਹਨ।

(ਹੇ ਭਾਈ! ਸਾਰੇ ਜੀਵਾਂ ਵਿਚ ਵਿਆਪਕ ਹੋ ਕੇ) ਕਰਤਾਰ ਆਪ ਹੀ ਸਭ ਕੁਝ ਕਰ ਰਿਹਾ ਹੈ ਤੇ (ਜੀਵਾਂ ਪਾਸੋਂ) ਕਰਾ ਰਿਹਾ ਹੈ। ਕਰਤਾਰ ਆਪ ਹੀ ਗੁਰੂ ਦਾ ਸ਼ਬਦ (ਜੀਵਾਂ ਦੇ) ਮਨ ਵਿਚ ਵਸਾਂਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਹੀ ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਦੀ ਬਾਣੀ (ਦੀ ਲਗਨ ਜੀਵਾਂ ਦੇ ਹਿਰਦੇ ਵਿਚ) ਪੈਦਾ ਹੁੰਦੀ ਹੈ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਸਿਫ਼ਤਿ-ਸਾਲਾਹ ਦੀ ਬਾਣੀ) ਉਚਾਰ ਕੇ (ਹੋਰਨਾਂ ਨੂੰ ਭੀ) ਸੁਣਾਂਦਾ ਹੈ।3।

ਕਰਤਾਰ ਆਪ ਹੀ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਆਪ ਹੀ ਦੁਨੀਆ ਦੇ ਪਦਾਰਥ ਭੋਗਣ ਵਾਲਾ ਹੈ, ਕਰਤਾਰ ਆਪ ਹੀ (ਸਾਰੇ ਜੀਵਾਂ ਦੇ ਮਾਇਆ ਦੇ ਮੋਹ ਦੇ) ਬੰਧਨ ਤੋੜਦਾ ਹੈ, ਉਹ ਆਪ ਸਦਾ ਹੀ ਬੰਧਨਾਂ ਤੋਂ ਸੁਤੰਤਰ ਹੈ। ਸਦਾ-ਥਿਰ ਰਹਿਣ ਵਾਲਾ ਕਰਤਾਰ ਆਪ ਸਦਾ ਹੀ ਨਿਰਲੇਪ ਹੈ, ਆਪ ਹੀ ਅਦ੍ਰਿਸ਼ਟ (ਭੀ) ਹੈ, ਤੇ ਆਪ ਹੀ ਆਪਣਾ ਸਰੂਪ (ਜੀਵਾਂ ਨੂੰ) ਵਿਖਾਲਣ ਵਾਲਾ ਹੈ।4।

(ਹੇ ਭਾਈ!) ਕਰਤਾਰ ਨੇ ਆਪ ਹੀ ਮਾਇਆ ਪੈਦਾ ਕੀਤੀ ਹੈ, ਉਸ ਨੇ ਆਪ ਹੀ ਮਾਇਆ ਦਾ ਪ੍ਰਭਾਵ ਪੈਦਾ ਕੀਤਾ ਹੈ; ਕਰਤਾਰ ਨੇ ਆਪ ਹੀ ਮਾਇਆ ਦਾ ਮੋਹ ਪੈਦਾ ਕੀਤਾ ਹੈ ਤੇ ਆਪ ਹੀ ਸਾਰਾ ਜਗਤ ਪੈਦਾ ਕੀਤਾ ਹੈ। ਕਰਤਾਰ ਆਪ ਹੀ ਆਪਣੇ ਗੁਣਾਂ ਦੀ ਦਾਤਿ (ਜੀਵਾਂ ਨੂੰ) ਦੇਣ ਵਾਲਾ ਹੈ, ਆਪ ਹੀ (ਆਪਣੇ) ਗੁਣ (ਜੀਵਾਂ ਵਿਚ ਵਿਆਪਕ ਹੋ ਕੇ) ਗਾਂਦਾ ਹੈ, ਆਪ ਹੀ (ਆਪਣੇ ਗੁਣ) ਉਚਾਰ ਕੇ (ਹੋਰਨਾਂ ਨੂੰ) ਸੁਣਾਂਦਾ ਹੈ।5।

(ਹੇ ਭਾਈ! ਸਭ ਜੀਵਾਂ ਵਿਚ ਵਿਆਪਕ ਹੋ ਕੇ) ਕਰਤਾਰ ਆਪ ਹੀ ਸਭ ਕੁਝ ਕਰ ਰਿਹਾ ਹੈ ਤੇ ਆਪ ਹੀ (ਜੀਵਾਂ ਪਾਸੋਂ) ਕਰਾ ਰਿਹਾ ਹੈ। ਕਰਤਾਰ ਆਪ ਹੀ ਜਗਤ ਦੀ ਰਚਨਾ ਕਰਕੇ ਆਪ ਹੀ (ਜਗਤ ਦਾ) ਨਾਸ ਕਰਦਾ ਹੈ।

(ਹੇ ਪ੍ਰਭੂ! ਜੋ ਕੁਝ ਜਗਤ ਵਿਚ ਹੋ ਰਿਹਾ ਹੈ) ਤੇਰੇ ਹੁਕਮ ਤੋਂ ਬਾਹਰ ਕੁਝ ਨਹੀਂ ਹੁੰਦਾ, ਤੂੰ ਆਪ ਹੀ (ਸਭ ਜੀਵਾਂ ਨੂੰ) ਕਾਰ ਵਿਚ ਲਾ ਰਿਹਾ ਹੈਂ।6।

(ਹੇ ਭਾਈ!) ਪਰਮਾਤਮਾ ਆਪ ਹੀ (ਕਿਸੇ ਜੀਵ ਨੂੰ) ਆਤਮਕ ਮੌਤ ਦੇ ਰਿਹਾ ਹੈ (ਕਿਸੇ ਨੂੰ) ਆਤਮਕ ਜੀਵਨ ਬਖ਼ਸ਼ ਰਿਹਾ ਹੈ। ਪ੍ਰਭੂ ਆਪ ਹੀ (ਜੀਵਾਂ ਨੂੰ ਗੁਰੂ) ਮਿਲਾਂਦਾ ਹੈ ਤੇ (ਗੁਰੂ) ਮਿਲਾ ਕੇ ਆਪਣੇ ਚਰਨਾਂ ਵਿਚ ਜੋੜਦਾ ਹੈ। (ਗੁਰੂ ਦੀ ਦੱਸੀ) ਸੇਵਾ ਕਰਨ ਵਾਲੇ ਨੇ ਸਦਾ ਆਤਮਕ ਅਨੰਦ ਮਾਣਿਆ ਹੈ, ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ।7।

(ਹੇ ਭਾਈ! ਪਰਮਾਤਮਾ ਆਪਣੀ ਸਮਰੱਥਾ ਨਾਲ) ਆਪ ਹੀ ਮਾਇਆ ਦੇ ਪ੍ਰਭਾਵ ਤੋਂ) ਬਹੁਤ ਹੀ ਉੱਚਾ ਹੈ, ਜਿਸ ਕਿਸੇ (ਵਡ-ਭਾਗੀ ਮਨੁੱਖ) ਨੂੰ (ਆਪਣੀ ਇਹ ਸਮਰੱਥਾ) ਪਰਮਾਤਮਾ ਆਪ ਵਿਖਾਲਦਾ ਹੈ ਉਹ ਵੇਖ ਲੈਂਦਾ ਹੈ (ਕਿ ਪ੍ਰਭੂ ਬੜੀਆਂ ਤਾਕਤਾਂ ਵਾਲਾ ਹੈ) ।

ਹੇ ਨਾਨਕ! (ਪਰਮਾਤਮਾ ਦੀ ਆਪਣੀ ਹੀ ਮਿਹਰ ਨਾਲ ਕਿਸੇ ਵਡਭਾਗੀ ਮਨੁੱਖ ਦੇ) ਹਿਰਦੇ ਵਿਚ ਉਸ ਦਾ ਨਾਮ ਵੱਸਦਾ ਹੈ (ਉਸ ਮਨੁੱਖ ਵਿਚ ਪਰਗਟ ਹੋ ਕੇ ਪ੍ਰਭੂ ਆਪ ਹੀ ਆਪਣੇ ਸਰੂਪ ਦਾ) ਦਰਸਨ ਕਰ ਕੇ (ਹੋਰਨਾਂ ਨੂੰ) ਦਰਸਨ ਕਰਾਂਦਾ ਹੈ।8। 26। 27।

TOP OF PAGE

Sri Guru Granth Darpan, by Professor Sahib Singh