ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 126 ਮਾਝ ਮਹਲਾ ੩ ॥ ਮੇਰਾ ਪ੍ਰਭੁ ਭਰਪੂਰਿ ਰਹਿਆ ਸਭ ਥਾਈ ॥ ਗੁਰ ਪਰਸਾਦੀ ਘਰ ਹੀ ਮਹਿ ਪਾਈ ॥ ਸਦਾ ਸਰੇਵੀ ਇਕ ਮਨਿ ਧਿਆਈ ਗੁਰਮੁਖਿ ਸਚਿ ਸਮਾਵਣਿਆ ॥੧॥ ਹਉ ਵਾਰੀ ਜੀਉ ਵਾਰੀ ਜਗਜੀਵਨੁ ਮੰਨਿ ਵਸਾਵਣਿਆ ॥ ਹਰਿ ਜਗਜੀਵਨੁ ਨਿਰਭਉ ਦਾਤਾ ਗੁਰਮਤਿ ਸਹਜਿ ਸਮਾਵਣਿਆ ॥੧॥ ਰਹਾਉ ॥ ਘਰ ਮਹਿ ਧਰਤੀ ਧਉਲੁ ਪਾਤਾਲਾ ॥ ਘਰ ਹੀ ਮਹਿ ਪ੍ਰੀਤਮੁ ਸਦਾ ਹੈ ਬਾਲਾ ॥ ਸਦਾ ਅਨੰਦਿ ਰਹੈ ਸੁਖਦਾਤਾ ਗੁਰਮਤਿ ਸਹਜਿ ਸਮਾਵਣਿਆ ॥੨॥ ਕਾਇਆ ਅੰਦਰਿ ਹਉਮੈ ਮੇਰਾ ॥ ਜੰਮਣ ਮਰਣੁ ਨ ਚੂਕੈ ਫੇਰਾ ॥ ਗੁਰਮੁਖਿ ਹੋਵੈ ਸੁ ਹਉਮੈ ਮਾਰੇ ਸਚੋ ਸਚੁ ਧਿਆਵਣਿਆ ॥੩॥ ਕਾਇਆ ਅੰਦਰਿ ਪਾਪੁ ਪੁੰਨੁ ਦੁਇ ਭਾਈ ॥ ਦੁਹੀ ਮਿਲਿ ਕੈ ਸ੍ਰਿਸਟਿ ਉਪਾਈ ॥ ਦੋਵੈ ਮਾਰਿ ਜਾਇ ਇਕਤੁ ਘਰਿ ਆਵੈ ਗੁਰਮਤਿ ਸਹਜਿ ਸਮਾਵਣਿਆ ॥੪॥ ਘਰ ਹੀ ਮਾਹਿ ਦੂਜੈ ਭਾਇ ਅਨੇਰਾ ॥ ਚਾਨਣੁ ਹੋਵੈ ਛੋਡੈ ਹਉਮੈ ਮੇਰਾ ॥ ਪਰਗਟੁ ਸਬਦੁ ਹੈ ਸੁਖਦਾਤਾ ਅਨਦਿਨੁ ਨਾਮੁ ਧਿਆਵਣਿਆ ॥੫॥ ਅੰਤਰਿ ਜੋਤਿ ਪਰਗਟੁ ਪਾਸਾਰਾ ॥ ਗੁਰ ਸਾਖੀ ਮਿਟਿਆ ਅੰਧਿਆਰਾ ॥ ਕਮਲੁ ਬਿਗਾਸਿ ਸਦਾ ਸੁਖੁ ਪਾਇਆ ਜੋਤੀ ਜੋਤਿ ਮਿਲਾਵਣਿਆ ॥੬॥ ਅੰਦਰਿ ਮਹਲ ਰਤਨੀ ਭਰੇ ਭੰਡਾਰਾ ॥ ਗੁਰਮੁਖਿ ਪਾਏ ਨਾਮੁ ਅਪਾਰਾ ॥ ਗੁਰਮੁਖਿ ਵਣਜੇ ਸਦਾ ਵਾਪਾਰੀ ਲਾਹਾ ਨਾਮੁ ਸਦ ਪਾਵਣਿਆ ॥੭॥ ਆਪੇ ਵਥੁ ਰਾਖੈ ਆਪੇ ਦੇਇ ॥ ਗੁਰਮੁਖਿ ਵਣਜਹਿ ਕੇਈ ਕੇਇ ॥ ਨਾਨਕ ਜਿਸੁ ਨਦਰਿ ਕਰੇ ਸੋ ਪਾਏ ਕਰਿ ਕਿਰਪਾ ਮੰਨਿ ਵਸਾਵਣਿਆ ॥੮॥੨੭॥੨੮॥ {ਪੰਨਾ 126} ਪਦ ਅਰਥ: ਸਰੇਵੀ = ਸਰੇਵੀਂ, ਮੈਂ ਸੇਵਾ ਕਰਦਾ ਹਾਂ। ਇਕ ਮਨਿ = ਇਕ ਮਨ ਨਾਲ, ਇਕਾਗਰ ਹੋ ਕੇ।1। ਜਗ ਜੀਵਨੁ = ਜਗਤ ਦਾ ਜੀਵਨ ਪਰਮਾਤਮਾ। ਮੰਨਿ = ਮਨਿ, ਮਨ ਵਿਚ।1। ਰਹਾਉ। ਧਉਲੁ = ਬਲਦ, ਆਸਰਾ। ਬਾਲਾ-ਜਵਾਨ। ਅਨੰਦਿ = ਆਨੰਦ ਵਿਚ।2। ਕਾਇਆ = ਸਰੀਰ। ਸਚੋ ਸਚੁ = ਸਦਾ-ਥਿਰ ਪ੍ਰਭੂ ਨੂੰ ਹੀ।3। ਦੇਇ = ਦੇਵੇ। ਦੁਹੀ = ਦੁਹਾਂ ਨੇ ਹੀ। ਇਕਤੁ = ਇਕ ਵਿਚ। ਇਕਤੁ ਘਰਿ = ਇਕ ਘਰਿ ਵਿਚ।4। ਦੂਜੈ ਭਾਇ = ਮਾਇਆ ਦੇ ਮੋਹ ਦੇ ਕਾਰਨ। ਅਨੇਰਾ = ਹਨੇਰਾ।5। ਸਾਖੀ = ਸਿਖਿਆ ਨਾਲ। ਬਿਗਾਸਿ = ਖਿੜ ਕੇ।6। ਰਤਨੀ = ਰਤਨਾਂ ਦੇ।7। ਵਥੁ = {vÔqu} ਵਸਤੁ, ਨਾਮ ਪਦਾਰਥ। ਦੇਇ = ਦੇਂਦਾ ਹੈ। ਕੇਈ ਕੇਇ = ਕਈ ਅਨੇਕਾਂ।8। ਅਰਥ: (ਹੇ ਭਾਈ!) ਮੇਰਾ ਪ੍ਰਭੂ ਸਭ ਥਾਵਾਂ ਵਿਚ ਪੂਰਨ ਤੌਰ ਤੇ ਮੌਜੂਦ ਹੈ, ਗੁਰੂ ਦੀ ਕਿਰਪਾ ਨਾਲ ਮੈਂ ਉਸ ਨੂੰ ਆਪਣੇ ਹਿਰਦੇ-ਘਰ ਵਿਚ ਹੀ ਲੱਭ ਲਿਆ ਹੈ। ਮੈਂ ਹੁਣ ਸਦਾ ਉਸ ਨੂੰ ਸਿਮਰਦਾ ਹਾਂ, ਸਦਾ ਇਕਾਗਰ ਮਨ ਹੋ ਕੇ ਉਸਦਾ ਧਿਆਨ ਧਰਦਾ ਹਾਂ। ਜੇਹੜਾ ਭੀ ਮਨੁੱਖ ਗੁਰੂ ਦਾ ਆਸਰਾ = ਪਰਨਾ ਲੈਂਦਾ ਹੈ, ਉਹ ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿੰਦਾ ਹੈ।1। (ਹੇ ਭਾਈ!) ਮੈਂ ਉਹਨਾਂ ਬੰਦਿਆਂ ਤੋਂ ਸਦਾ ਕੁਰਬਾਨ ਜਾਂਦਾ ਹਾਂ ਜੇਹੜੇ ਜਗਤ ਦੀ ਜ਼ਿੰਦਗੀ ਦੇ ਆਸਰੇ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਂਦੇ ਹਨ। ਪਰਮਾਤਮਾ ਜਗਤ ਨੂੰ ਜ਼ਿੰਦਗੀ ਦੇਣ ਵਾਲਾ ਹੈ, ਕਿਸੇ ਦਾ ਉਸ ਨੂੰ ਡਰ ਨਹੀਂ, ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। ਜੇਹੜਾ ਮਨੁੱਖ ਦੀ ਮਤਿ ਲੈ ਕੇ ਉਸ ਨੂੰ ਮਨ ਆਪਣੇ ਵਿਚ ਵਸਾਂਦਾ ਹੈ ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ।1। ਰਹਾਉ। ਜੇਹੜਾ ਪਰਮਾਤਮਾ ਧਰਤੀ ਤੇ ਪਾਤਾਲ ਦਾ ਆਸਰਾ ਹੈ, ਉਹ ਮਨੁੱਖ ਦੇ ਹਿਰਦੇ ਵਿਚ (ਭੀ) ਵੱਸਦਾ ਹੈ, ਉਹ ਪ੍ਰੀਤਮ ਪ੍ਰਭੂ ਸਦਾ ਜਵਾਨ ਰਹਿਣ ਵਾਲਾ ਹੈ ਉਹ ਹਰੇਕ ਹਿਰਦੇ ਵਿਚ ਹੀ ਵੱਸਦਾ ਹੈ। ਜੇਹੜਾ ਮਨੁੱਖ ਗੁਰੂ ਦੀ ਮਤਿ ਲੈ ਕੇ ਉਸ ਸੁਖਦਾਤੇ ਪ੍ਰਭੂ ਨੂੰ ਸਿਮਰਦਾ ਹੈ, ਉਹ ਸਦਾ ਆਤਮਕ ਆਨੰਦ ਵਿਚ ਰਹਿੰਦਾ ਹੈ, ਉਹ ਆਤਮਕ ਅਡੋਲਤਾ ਵਿਚ ਸਮਾਇਆ ਰਹਿਂਦਾ ਹੈ।2। ਪਰ ਜਿਸ ਮਨੁੱਖ ਦੇ ਸਰੀਰ ਵਿਚ ਹਉਮੈ ਪ੍ਰਬਲ ਹੈ ਮਮਤਾ ਪ੍ਰਬਲ ਹੈ, ਉਸ ਮਨੁੱਖ ਦਾ ਜਨਮ ਮਰਨ = ਰੂਪ ਗੇੜ ਨਹੀਂ ਮੁੱਕਦਾ। ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ (ਆਪਣੇ ਅੰਦਰੋਂ) ਹਉਮੈ ਮਾਰ ਲੈਂਦਾ ਹੈ, ਤੇ ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਹੀ ਸਿਮਰਦਾ ਹੈ।4। (ਹਉਮੈ ਦੇ ਪ੍ਰਭਾਵ ਹੇਠ ਰਹਿਣ ਵਾਲੇ ਮਨੁੱਖ ਦੇ) ਸਰੀਰ ਵਿਚ (ਹਉਮੈ ਤੋਂ ਪੈਦਾ ਹੋਏ ਹੋਏ) ਦੋਵੇਂ ਭਰਾ ਪਾਪ ਤੇ ਪੁੰਨ ਵੱਸਦੇ ਹਨ, ਇਹਨਾਂ ਦੋਹਾਂ ਨੇ ਹੀ ਮਿਲ ਕੇ ਜਗਤ-ਰਚਨਾ ਕੀਤੀ ਹੈ। ਜੇਹੜਾ ਮਨੁੱਖ ਗੁਰੂ ਦੀ ਮਤਿ ਲੈ ਕੇ ਇਹਨਾਂ ਦੋਹਾਂ (ਦੇ ਪ੍ਰਭਾਵ) ਨੂੰ ਮਾਰਦਾ ਹੈ, ਉਹ ਇਕੋ ਘਰ ਵਿਚ (ਪ੍ਰਭੂ-ਚਰਨਾਂ ਵਿਚ ਹੀ) ਟਿਕ ਜਾਂਦਾ ਹੈ, ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ।3। ਪਰਮਾਤਮਾ ਮਨੁੱਖ ਦੇ ਹਿਰਦੇ-ਘਰ ਵਿਚ ਹੀ ਵੱਸਦਾ ਹੈ, ਪਰ ਮਾਇਆ ਦੇ ਪਿਆਰ ਦੇ ਕਾਰਨ ਮਨੁੱਖ ਦੇ ਅੰਦਰ ਅਗਿਆਨਤਾ ਦਾ ਹਨੇਰਾ ਪਿਆ ਰਹਿੰਦਾ ਹੈ। ਜਦੋਂ ਮਨੁੱਖ ਗੁਰੂ ਦੀ ਸਰਨ ਲੈ ਕੇ (ਆਪਣੇ ਅੰਦਰੋਂ) ਹਉਮੈ ਤੇ ਮਮਤਾ ਦੂਰ ਕਰਦਾ ਹੈ, ਤਦੋਂ (ਇਸ ਦੇ ਅੰਦਰ ਪਰਮਾਤਮਾ ਦੀ ਜੋਤਿ ਦਾ ਆਤਮਕ) ਚਾਨਣ ਹੋ ਜਾਂਦਾ ਹੈ, ਆਤਮਕ ਆਨੰਦ ਦੇਣ ਵਾਲੀ ਪਰਮਾਤਮਾ ਦੀ ਸਿਫ਼ਤਿ-ਸਾਲਾਹ (ਇਸ ਦੇ ਅੰਦਰ) ਉੱਘੜ ਪੈਂਦੀ ਹੈ, ਤੇ ਇਹ ਹਰ ਵੇਲੇ ਪ੍ਰਭੂ ਦਾ ਨਾਮ ਸਿਮਰਦਾ ਹੈ।5। ਜਿਸ ਪ੍ਰਭੂ ਜੋਤਿ ਨੇ ਸਾਰਾ ਜਗਤ-ਪਸਾਰਾ ਪਸਾਰਿਆ ਹੈ, ਗੁਰੂ ਦੀ ਸਿਖਿਆ ਦੀ ਰਾਹੀਂ ਉਹ ਜਿਸ ਮਨੁੱਖ ਦੇ ਅੰਦਰ ਪਰਗਟ ਹੋ ਜਾਂਦੀ ਹੈ, ਉਸ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ, ਉਸ ਦਾ ਹਿਰਦਾ-ਕਮਲਫੁੱਲ ਖਿੜ ਪੈਂਦਾ ਹੈ, ਉਹ ਸਦਾ ਆਤਮਕ ਆਨੰਦ ਮਾਣਦਾ ਹੈ, ਉਸ ਦੀ ਸੁਰਤਿ ਪ੍ਰਭੂ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ।6। ਮਨੁੱਖ ਦੇ ਸਰੀਰ ਵਿਚ (ਪਰਮਾਤਮਾ ਦੇ ਗੁਣ-ਰੂਪ) ਰਤਨਾਂ ਦੇ ਖ਼ਜਾਨੇ ਭਰੇ ਪਏ ਹਨ, (ਪਰ ਇਹ ਉਸ ਮਨੁੱਖ ਨੂੰ ਲੱਭਦੇ ਹਨ) ਜੇਹੜਾ ਗੁਰੂ ਦੀ ਸਰਨ ਪੈ ਕੇ ਬੇਅੰਤ ਪ੍ਰਭੂ ਦਾ ਨਾਮ ਪ੍ਰਾਪਤ ਕਰਦਾ ਹੈ। ਗੁਰੂ ਦੀ ਸਰਨ ਪੈਣ ਵਾਲਾ ਮਨੁੱਖ (ਪ੍ਰਭੂ-ਨਾਮ ਦਾ) ਵਪਾਰੀ (ਬਣ ਕੇ ਆਤਮਕ ਗੁਣਾਂ ਦੇ ਰਤਨਾਂ ਦਾ) ਵਪਾਰ ਕਰਦਾ ਹੈ, ਤੇ ਸਦਾ ਪ੍ਰਭੂ-ਨਾਮ ਦੀ ਖੱਟੀ ਖੱਟਦਾ ਹੈ।7। (ਪਰ ਜੀਵਾਂ ਦੇ ਵੱਸ ਦੀ ਗੱਲ ਨਹੀਂ) ਪਰਮਾਤਮਾ ਆਪ ਹੀ ਜੀਵਾਂ ਦੇ ਅੰਦਰ ਆਪਣਾ ਨਾਮ-ਪਦਾਰਥ ਟਿਕਾਂਦਾ ਹੈ, ਪਰਮਾਤਮਾ ਆਪ ਹੀ (ਇਹ ਦਾਤਿ) ਜੀਵਾਂ ਨੂੰ ਦੇਂਦਾ ਹੈ। ਗੁਰੂ ਦੀ ਸਰਨ ਪੈ ਕੇ ਅਨੇਕਾਂ (ਵਡ-ਭਾਗੀ) ਮਨੁੱਖ ਨਾਮ-ਵੱਖਰ ਦਾ ਸੌਦਾ ਕਰਦੇ ਹਨ। ਹੇ ਨਾਨਕ! ਜਿਸ ਮਨੁੱਖ ਉੱਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ, ਉਹ ਪ੍ਰਭੂ-ਨਾਮ ਪ੍ਰਾਪਤ ਕਰਦਾ ਹੈ, ਪ੍ਰਭੂ ਆਪਣੀ ਕਿਰਪਾ ਕਰ ਕੇ ਆਪਣਾ ਨਾਮ ਉਸਦੇ ਮਨ ਵਿਚ ਵਸਾਂਦਾ ਹੈ।8। 27। 28। ਮਾਝ ਮਹਲਾ ੩ ॥ ਹਰਿ ਆਪੇ ਮੇਲੇ ਸੇਵ ਕਰਾਏ ॥ ਗੁਰ ਕੈ ਸਬਦਿ ਭਾਉ ਦੂਜਾ ਜਾਏ ॥ ਹਰਿ ਨਿਰਮਲੁ ਸਦਾ ਗੁਣਦਾਤਾ ਹਰਿ ਗੁਣ ਮਹਿ ਆਪਿ ਸਮਾਵਣਿਆ ॥੧॥ ਹਉ ਵਾਰੀ ਜੀਉ ਵਾਰੀ ਸਚੁ ਸਚਾ ਹਿਰਦੈ ਵਸਾਵਣਿਆ ॥ ਸਚਾ ਨਾਮੁ ਸਦਾ ਹੈ ਨਿਰਮਲੁ ਗੁਰ ਸਬਦੀ ਮੰਨਿ ਵਸਾਵਣਿਆ ॥੧॥ ਰਹਾਉ ॥ ਆਪੇ ਗੁਰੁ ਦਾਤਾ ਕਰਮਿ ਬਿਧਾਤਾ ॥ ਸੇਵਕ ਸੇਵਹਿ ਗੁਰਮੁਖਿ ਹਰਿ ਜਾਤਾ ॥ ਅੰਮ੍ਰਿਤ ਨਾਮਿ ਸਦਾ ਜਨ ਸੋਹਹਿ ਗੁਰਮਤਿ ਹਰਿ ਰਸੁ ਪਾਵਣਿਆ ॥੨॥ ਇਸੁ ਗੁਫਾ ਮਹਿ ਇਕੁ ਥਾਨੁ ਸੁਹਾਇਆ ॥ ਪੂਰੈ ਗੁਰਿ ਹਉਮੈ ਭਰਮੁ ਚੁਕਾਇਆ ॥ ਅਨਦਿਨੁ ਨਾਮੁ ਸਲਾਹਨਿ ਰੰਗਿ ਰਾਤੇ ਗੁਰ ਕਿਰਪਾ ਤੇ ਪਾਵਣਿਆ ॥੩॥ ਗੁਰ ਕੈ ਸਬਦਿ ਇਹੁ ਗੁਫਾ ਵੀਚਾਰੇ ॥ ਨਾਮੁ ਨਿਰੰਜਨੁ ਅੰਤਰਿ ਵਸੈ ਮੁਰਾਰੇ ॥ ਹਰਿ ਗੁਣ ਗਾਵੈ ਸਬਦਿ ਸੁਹਾਏ ਮਿਲਿ ਪ੍ਰੀਤਮ ਸੁਖੁ ਪਾਵਣਿਆ ॥੪॥ ਜਮੁ ਜਾਗਾਤੀ ਦੂਜੈ ਭਾਇ ਕਰੁ ਲਾਏ ॥ ਨਾਵਹੁ ਭੂਲੇ ਦੇਇ ਸਜਾਏ ॥ ਘੜੀ ਮੁਹਤ ਕਾ ਲੇਖਾ ਲੇਵੈ ਰਤੀਅਹੁ ਮਾਸਾ ਤੋਲ ਕਢਾਵਣਿਆ ॥੫॥ ਪੇਈਅੜੈ ਪਿਰੁ ਚੇਤੇ ਨਾਹੀ ॥ ਦੂਜੈ ਮੁਠੀ ਰੋਵੈ ਧਾਹੀ ॥ ਖਰੀ ਕੁਆਲਿਓ ਕੁਰੂਪਿ ਕੁਲਖਣੀ ਸੁਪਨੈ ਪਿਰੁ ਨਹੀ ਪਾਵਣਿਆ ॥੬॥ ਪੇਈਅੜੈ ਪਿਰੁ ਮੰਨਿ ਵਸਾਇਆ ॥ ਪੂਰੈ ਗੁਰਿ ਹਦੂਰਿ ਦਿਖਾਇਆ ॥ ਕਾਮਣਿ ਪਿਰੁ ਰਾਖਿਆ ਕੰਠਿ ਲਾਇ ਸਬਦੇ ਪਿਰੁ ਰਾਵੈ ਸੇਜ ਸੁਹਾਵਣਿਆ ॥੭॥ ਆਪੇ ਦੇਵੈ ਸਦਿ ਬੁਲਾਏ ॥ ਆਪਣਾ ਨਾਉ ਮੰਨਿ ਵਸਾਏ ॥ ਨਾਨਕ ਨਾਮੁ ਮਿਲੈ ਵਡਿਆਈ ਅਨਦਿਨੁ ਸਦਾ ਗੁਣ ਗਾਵਣਿਆ ॥੮॥੨੮॥੨੯॥ {ਪੰਨਾ 126-127} ਪਦ ਅਰਥ: ਸੇਵ = ਸੇਵਾ ਭਗਤੀ। ਸਬਦਿ = ਸ਼ਬਦ ਵਿਚ ਜੁੜਿਆਂ। ਦੂਜਾ ਭਾਉ = ਮਾਇਆ ਦਾ ਪਿਆਰ।1। ਸਚੁ ਸਚਾ = ਸਦਾ-ਥਿਰ ਰਹਿਣ ਵਾਲਾ ਪਰਮਾਤਮਾ।1। ਰਹਾਉ। ਕਰਮਿ = ਹਰੇਕ ਜੀਵ ਦੇ ਕੀਤੇ ਕਰਮ ਅਨੁਸਾਰ। ਬਿਧਾਤਾ = ਪੈਦਾ ਕਰਨ ਵਾਲਾ।2। ਗੁਰਿ = ਗੁਰੂ ਨੇ। ਅਨਦਿਨੁ = ਹਰ ਰੋਜ਼।3। ਇਹੁ = ਇਹ ਜੀਵ। ਨਿਰੰਜਨੁ = (ਨਿਰ-ਅੰਜਨ) ਮਾਇਆ ਦੇ ਮੋਹ-ਰੂਪ ਕਾਲਖ ਤੋਂ ਰਹਿਤ।4। ਜਾਗਾਤੀ = ਮਸੂਲੀਆ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਕਰੁ = ਮਸੂਲ। ਰਤੀਅਹੁ = ਇਕ ਰੱਤੀ ਤੋਂ।5। ਪੇਈਅੜੈ = ਪੇਕੇ ਘਰ ਵਿਚ, ਇਸ ਲੋਕ ਵਿਚ। ਦੂਜੈ = (ਪ੍ਰਭੂ ਤੋਂ ਬਿਨਾ) ਹੋਰ ਵਿਚ। ਧਾਹੀ = ਢਾਹਾਂ ਮਾਰ ਮਾਰ ਕੇ। ਖਰੀ = ਬਹੁਤ। ਕੁਆਲਿਓ = {ਕੁ-ਆਲਯ} ਭੈੜੇ ਘਰ ਦੀ।6। ਮੰਨਿ = ਮਨਿ, ਮਨ ਵਿਚ। ਹਦੂਰਿ = ਅੰਗ ਸੰਗ। ਕਾਮਣਿ = (ਜੀਵ-) ਇਸਤ੍ਰੀ। ਕੰਠਿ = ਗਲ ਨਾਲ। ਸਦਿ = ਸੱਦ ਕੇ। ਬੁਲਾਏ = ਬੁਲਾਇ, ਬੁਲਾ ਕੇ।8। ਅਰਥ: ਪਰਮਾਤਮਾ ਆਪ ਹੀ (ਜੀਵ ਨੂੰ ਆਪਣੇ ਚਰਨਾਂ ਵਿਚ) ਜੋੜਦਾ ਹੈ, (ਆਪਣੀ) ਸੇਵਾ ਭਗਤੀ ਕਰਾਂਦਾ ਹੈ। (ਜਿਸ ਮਨੁੱਖ ਨੂੰ ਪ੍ਰਭੂ) ਗੁਰੂ ਦੇ ਸ਼ਬਦ ਵਿਚ (ਜੋੜਦਾ ਹੈ ਉਸ ਦੇ ਅੰਦਰੋਂ) ਮਾਇਆ ਦਾ ਪਿਆਰ ਦੂਰ ਹੋ ਜਾਂਦਾ ਹੈ। ਪਰਮਾਤਮਾ (ਆਪ) ਸਦਾ ਪਵਿਤ੍ਰ-ਸਰੂਪ ਹੈ, (ਸਭ ਜੀਵਾਂ ਨੂੰ ਆਪਣੇ) ਗੁਣ ਦੇਣ ਵਾਲਾ ਹੈ, ਪਰਮਾਤਮਾ ਆਪ (ਆਪਣੇ) ਗੁਣਾਂ ਵਿਚ (ਜੀਵ ਨੂੰ) ਲੀਨ ਕਰਦਾ ਹੈ।1। ਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਕੁਰਬਾਨ ਜਾਂਦਾ ਹਾਂ, ਜੇਹੜੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਂਦੇ ਹਨ। ਪਰਮਾਤਮਾ ਦਾ ਸਦਾ ਕਾਇਮ ਰਹਿਣ ਵਾਲਾ ਨਾਮ ਸਦਾ ਪਵਿਤ੍ਰ ਹੈ, (ਵਡ-ਭਾਗੀ ਮਨੁੱਖ) ਗੁਰੂ ਦੇ ਸ਼ਬਦ ਦੀ ਰਾਹੀਂ (ਇਸ ਨਾਮ ਨੂੰ ਆਪਣੇ) ਮਨ ਵਿਚ ਵਸਾਂਦੇ ਹਨ।1। ਰਹਾਉ। ਪਰਮਾਤਮਾ ਆਪ ਹੀ ਗੁਰੂ (-ਰੂਪ) ਹੈ, ਆਪ ਹੀ ਦਾਤਾਂ ਦੇਣ ਵਾਲਾ ਹੈ, ਆਪ ਹੀ (ਜੀਵ ਨੂੰ ਉਸ ਦੇ ਕੀਤੇ) ਕਰਮ ਅਨੁਸਾਰ ਪੈਦਾ ਕਰਨ ਵਾਲਾ ਹੈ। ਪ੍ਰਭੂ ਦੇ ਸੇਵਕ ਗੁਰੂ ਦੀ ਸਰਨ ਪੈ ਕੇ ਉਸ ਦੀ ਸੇਵਾ ਭਗਤੀ ਕਰਦੇ ਹਨ, ਤੇ ਉਸ ਨਾਲ ਡੂੰਘੀ ਸਾਂਝ ਪਾਂਦੇ ਹਨ। ਆਤਮਕ ਜੀਵਨ ਦੇਣ ਵਾਲੇ ਹਰਿ ਨਾਮ ਵਿਚ ਜੁੜ ਕੇ ਸੇਵਕ ਜਨ ਆਪਣਾ ਜੀਵਨ ਸੋਹਣਾ ਬਣਾਂਦੇ ਹਨ, ਗੁਰੂ ਦੀ ਮਤਿ ਉੱਤੇ ਤੁਰ ਕੇ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਦੇ ਹਨ।2। (ਜਿਸ ਮਨੁੱਖ ਦੇ ਹਿਰਦੇ ਵਿਚੋਂ) ਪੂਰੇ ਗੁਰੂ ਨੇ ਹਉਮੈ ਦੂਰ ਕਰ ਦਿੱਤੀ, ਭਟਕਣਾ ਮੁਕਾ ਦਿੱਤੀ, ਉਸ ਦੇ ਇਸ ਸਰੀਰ = ਗੁਫ਼ਾ ਵਿਚ ਪਰਮਾਤਮਾ ਪ੍ਰਗਟ ਹੋ ਪਿਆ, ਤੇ ਉਸ ਦਾ ਹਿਰਦਾ = ਥਾਂ ਸੁੰਦਰ ਬਣ ਗਿਆ। (ਵਡ-ਭਾਗੀ ਮਨੁੱਖ ਗੁਰੂ ਦੀ ਸ਼ਰਨ ਪੈ ਕੇ) ਹਰ ਵੇਲੇ ਪਰਮਾਤਮਾ ਦਾ ਨਾਮ ਸਲਾਹੁੰਦੇ ਹਨ, ਉਸ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਗੁਰੂ ਦੀ ਕਿਰਪਾ ਨਾਲ ਉਸ ਦਾ ਮਿਲਾਪ ਪ੍ਰਾਪਤ ਕਰਦੇ ਹਨ।4। ਇਹ ਜੀਵ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਆਪਣੇ ਸਰੀਰ = ਗੁਫ਼ਾ ਵਿਚ ਪ੍ਰਭੂ ਦੇ ਗੁਣ ਵਿਚਾਰਦਾ ਹੈ, ਤੇ ਉਸ ਦੇ ਹਿਰਦੇ ਵਿਚ ਮੁਰਾਰੀ ਪ੍ਰਭੂ ਦਾ ਮਾਇਆ ਦੇ ਮੋਹ ਦੀ ਕਾਲਖ ਤੋਂ ਬਚਾਣ ਵਾਲਾ ਨਾਮ ਵੱਸ ਪੈਂਦਾ ਹੈ। ਉਸ ਗੁਰੂ ਦੇ ਸ਼ਬਦ ਵਿਚ {ਜੁੜ ਕੇ ਜਿਉਂ ਜਿਉਂ} ਪਰਮਾਤਮਾ ਦੇ ਗੁਣ ਗਾਂਦਾ ਹੈ, ਉਸ ਦਾ ਜੀਵਨ ਸੁੰਦਰ ਬਣ ਜਾਂਦਾ ਹੈ, ਪ੍ਰੀਤਮ ਨੂੰ ਮਿਲ ਕੇ ਆਤਮਕ ਆਨੰਦ ਮਾਣਦਾ ਹੈ।4। ਜੇਹੜਾ ਮਨੁੱਖ ਮਾਇਆ ਦੇ ਪਿਆਰ ਵਿਚ (ਫਸਿਆ ਰਹਿੰਦਾ ਹੈ, ਉਸ ਪਾਸੋਂ) ਮਸੂਲੀਆ ਜਮ = ਰਾਜ ਮਸੂਲ ਲੈਂਦਾ ਹੈ, ਪਰਮਾਤਮਾ ਦੇ ਨਾਮ ਤੋਂ ਖੁੰਝੇ ਹੋਏ ਉਸ ਮਨੁੱਖ ਨੂੰ ਸਜ਼ਾ ਦੇਂਦਾ ਹੈ। ਜਮਰਾਜ ਮਸੂਲੀਆ ਉਸ ਪਾਸੋਂ ਉਸ ਦੀ ਜ਼ਿੰਦਗੀ ਦੀ ਇਕ ਇਕ ਘੜੀ ਦਾ, ਅੱਧੀ ਅੱਧੀ ਘੜੀ ਦਾ ਲੇਖਾ ਲੈਂਦਾ ਹੈ। ਇਕ ਇਕ ਰੱਤੀ ਕਰ ਕੇ, ਇਕ ਇਕ ਮਾਸਾ ਕਰ ਕੇ ਜਮਰਾਜ ਉਸ ਦੇ ਜੀਵਨ = ਕਰਮਾਂ ਦਾ ਤੋਲ ਕਰਾਂਦਾ ਹੈ।5। ਜੇਹੜੀ ਜੀਵ-ਇਸਤ੍ਰੀ ਪੇਕੇ ਘਰ ਵਿਚ (ਇਸ ਜੀਵਨ ਵਿਚ) ਪ੍ਰਭੂ ਪਤੀ ਨੂੰ ਯਾਦ ਨਹੀਂ ਕਰਦੀ, ਤੇ ਮਾਇਆ ਦੇ ਮੋਹ ਵਿਚ ਪੈ ਕੇ (= ਆਤਮਕ ਗੁਣਾਂ ਦੀ ਰਾਸਿ ਪੂੰਜੀ) ਲੁਟਾਂਦੀ ਰਹਿੰਦੀ ਹੈ, ਉਹ (ਲੇਖਾ ਦੇਣ ਵੇਲੇ) ਢਾਹਾਂ ਮਾਰ ਮਾਰ ਕੇ ਰੋਂਦੀ ਹੈ, ਉਹ ਜੀਵ-ਇਸਤ੍ਰੀ ਭੈੜੇ ਘਰ ਦੀ ਭੈੜੇ ਰੂਪ ਵਾਲੀ ਭੈੜੇ ਲੱਛਣਾਂ ਵਾਲੀ ਹੀ ਕਹੀ ਜਾਂਦੀ ਹੈ, (ਪੇਕੇ ਘਰ ਰਹਿੰਦਿਆਂ) ਉਸ ਨੇ ਕਦੇ ਸੁਪਨੇ ਵਿਚ ਭੀ ਪ੍ਰਭੂ ਮਿਲਾਪ ਨਾਹ ਕੀਤਾ।6। ਪੇਕੇ ਘਰ ਵਿਚ ਜਿਸ ਜੀਵ-ਇਸਤ੍ਰੀ ਨੇ ਪ੍ਰਭੂ ਪਤੀ ਨੂੰ ਆਪਣੇ ਮਨ ਵਿਚ ਰੱਖਿਆ, ਜਿਸ ਨੂੰ ਪੂਰੇ ਗੁਰੂ ਨੇ (ਪ੍ਰਭੂ-ਪਤੀ ਉਸ ਦੇ) ਅੰਗ-ਸੰਗ (ਵੱਸਦਾ) ਵਿਖਾ ਦਿੱਤਾ ਜਿਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਨੂੰ ਸਦਾ ਆਪਣੇ ਗਲ ਨਾਲ ਲਾਈ ਰੱਖਿਆ, ਉਹ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ-ਪਤੀ ਦੇ ਮਿਲਾਪ ਦਾ ਆਨੰਦ ਮਾਣਦੀ ਰਹਿੰਦੀ ਹੈ, ਉਸ ਦੇ ਹਿਰਦੇ ਦੀ ਸੇਜ ਸੋਹਣੀ ਬਣੀ ਰਹਿੰਦੀ ਹੈ।7। (ਪਰ ਜੀਵਾਂ ਦੇ ਵੱਸ ਦੀ ਗੱਲ ਨਹੀਂ) ਪਰਮਾਤਮਾ ਆਪ ਹੀ (ਜੀਵ ਨੂੰ) ਸੱਦ ਕੇ ਬੁਲਾ ਕੇ (ਆਪਣੇ ਨਾਮ ਦੀ ਦਾਤਿ) ਦੇਂਦਾ ਹੈ, ਆਪ ਹੀ ਆਪਣਾ ਨਾਮ (ਜੀਵ ਦੇ) ਮਨ ਵਿਚ ਵਸਾਂਦਾ ਹੈ। ਹੇ ਨਾਨਕ! ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਮਿਲਦਾ ਹੈ, ਉਸ ਨੂੰ (ਲੋਕ ਪਰਲੋਕ ਵਿਚ) ਵਡਿਆਈ ਮਿਲਦੀ ਹੈ, ਉਹ ਹਰ ਵੇਲੇ ਸਦਾ ਹੀ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ।8। 28। 29। |
Sri Guru Granth Darpan, by Professor Sahib Singh |