ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 131

ਮਾਝ ਮਹਲਾ ੫ ॥ ਕਉਣੁ ਸੁ ਮੁਕਤਾ ਕਉਣੁ ਸੁ ਜੁਗਤਾ ॥ ਕਉਣੁ ਸੁ ਗਿਆਨੀ ਕਉਣੁ ਸੁ ਬਕਤਾ ॥ ਕਉਣੁ ਸੁ ਗਿਰਹੀ ਕਉਣੁ ਉਦਾਸੀ ਕਉਣੁ ਸੁ ਕੀਮਤਿ ਪਾਏ ਜੀਉ ॥੧॥ ਕਿਨਿ ਬਿਧਿ ਬਾਧਾ ਕਿਨਿ ਬਿਧਿ ਛੂਟਾ ॥ ਕਿਨਿ ਬਿਧਿ ਆਵਣੁ ਜਾਵਣੁ ਤੂਟਾ ॥ ਕਉਣ ਕਰਮ ਕਉਣ ਨਿਹਕਰਮਾ ਕਉਣੁ ਸੁ ਕਹੈ ਕਹਾਏ ਜੀਉ ॥੨॥ ਕਉਣੁ ਸੁ ਸੁਖੀਆ ਕਉਣੁ ਸੁ ਦੁਖੀਆ ॥ ਕਉਣੁ ਸੁ ਸਨਮੁਖੁ ਕਉਣੁ ਵੇਮੁਖੀਆ ॥ ਕਿਨਿ ਬਿਧਿ ਮਿਲੀਐ ਕਿਨਿ ਬਿਧਿ ਬਿਛੁਰੈ ਇਹ ਬਿਧਿ ਕਉਣੁ ਪ੍ਰਗਟਾਏ ਜੀਉ ॥੩॥ ਕਉਣੁ ਸੁ ਅਖਰੁ ਜਿਤੁ ਧਾਵਤੁ ਰਹਤਾ ॥ ਕਉਣੁ ਉਪਦੇਸੁ ਜਿਤੁ ਦੁਖੁ ਸੁਖੁ ਸਮ ਸਹਤਾ ॥ ਕਉਣੁ ਸੁ ਚਾਲ ਜਿਤੁ ਪਾਰਬ੍ਰਹਮੁ ਧਿਆਏ ਕਿਨਿ ਬਿਧਿ ਕੀਰਤਨੁ ਗਾਏ ਜੀਉ ॥੪॥ ਗੁਰਮੁਖਿ ਮੁਕਤਾ ਗੁਰਮੁਖਿ ਜੁਗਤਾ ॥ ਗੁਰਮੁਖਿ ਗਿਆਨੀ ਗੁਰਮੁਖਿ ਬਕਤਾ ॥ ਧੰਨੁ ਗਿਰਹੀ ਉਦਾਸੀ ਗੁਰਮੁਖਿ ਗੁਰਮੁਖਿ ਕੀਮਤਿ ਪਾਏ ਜੀਉ ॥੫॥ ਹਉਮੈ ਬਾਧਾ ਗੁਰਮੁਖਿ ਛੂਟਾ ॥ ਗੁਰਮੁਖਿ ਆਵਣੁ ਜਾਵਣੁ ਤੂਟਾ ॥ ਗੁਰਮੁਖਿ ਕਰਮ ਗੁਰਮੁਖਿ ਨਿਹਕਰਮਾ ਗੁਰਮੁਖਿ ਕਰੇ ਸੁ ਸੁਭਾਏ ਜੀਉ ॥੬॥ ਗੁਰਮੁਖਿ ਸੁਖੀਆ ਮਨਮੁਖਿ ਦੁਖੀਆ ॥ ਗੁਰਮੁਖਿ ਸਨਮੁਖੁ ਮਨਮੁਖਿ ਵੇਮੁਖੀਆ ॥ ਗੁਰਮੁਖਿ ਮਿਲੀਐ ਮਨਮੁਖਿ ਵਿਛੁਰੈ ਗੁਰਮੁਖਿ ਬਿਧਿ ਪ੍ਰਗਟਾਏ ਜੀਉ ॥੭॥ ਗੁਰਮੁਖਿ ਅਖਰੁ ਜਿਤੁ ਧਾਵਤੁ ਰਹਤਾ ॥ ਗੁਰਮੁਖਿ ਉਪਦੇਸੁ ਦੁਖੁ ਸੁਖੁ ਸਮ ਸਹਤਾ ॥ ਗੁਰਮੁਖਿ ਚਾਲ ਜਿਤੁ ਪਾਰਬ੍ਰਹਮੁ ਧਿਆਏ ਗੁਰਮੁਖਿ ਕੀਰਤਨੁ ਗਾਏ ਜੀਉ ॥੮॥ ਸਗਲੀ ਬਣਤ ਬਣਾਈ ਆਪੇ ॥ ਆਪੇ ਕਰੇ ਕਰਾਏ ਥਾਪੇ ॥ ਇਕਸੁ ਤੇ ਹੋਇਓ ਅਨੰਤਾ ਨਾਨਕ ਏਕਸੁ ਮਾਹਿ ਸਮਾਏ ਜੀਉ ॥੯॥੨॥੩੬॥ {ਪੰਨਾ 131}

ਪਦ ਅਰਥ: ਸੁ = ਉਹ ਮਨੁੱਖ। ਮੁਕਤਾ = ਮਾਇਆ ਦੇ ਬੰਧਨਾਂ ਤੋਂ ਆਜ਼ਾਦ। ਜੁਗਤਾ = ਪ੍ਰਭੂ-ਚਰਨਾਂ ਵਿਚ ਜੁੜਿਆ ਹੋਇਆ। ਗਿਆਨੀ = ਪਰਮਾਤਮਾ ਨਾਲ ਡੂੰਘੀ ਸਾਂਝ ਪਾਣ ਵਾਲਾ। ਬਕਤਾ = ਪ੍ਰਭੂ ਦੇ ਗੁਣ ਵਰਣਨ ਕਰਨ ਵਾਲਾ। ਗਿਰਹੀ = (ਸੁਚੱਜਾ) ਗ੍ਰਿਹਸਤੀ।1।

ਕਿਨਿ ਬਿਧਿ = ਕਿਸ ਤਰੀਕੇ ਨਾਲ? ਕਉਣ ਕਰਮ = (ਸੁਚੱਜੇ) ਕੰਮ ਕਿਹੜੇ ਹਨ? ਨਿਹਕਰਮਾ = ਕਿਰਤ-ਕਾਰ ਕਰਦਾ ਹੋਇਆ ਭੀ ਵਾਸਨਾ-ਰਹਿਤ।2।

ਇਹ ਬਿਧਿ = ਇਹ ਢੰਗ।3।

ਅਖਰੁ = ਸ਼ਬਦ। ਧਾਵਤੁ = (ਵਿਕਾਰਾਂ ਵਲ) ਦੌੜਦਾ (ਮਨ) । ਸਮ = ਇਕੋ ਜਿਹਾ।4।

ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਧੰਨੁ = ਭਾਗਾਂ ਵਾਲਾ।5।

ਸੁਭਾਏ = ਸੁਭਾਇ, ਪ੍ਰੇਮ ਵਿਚ ਟਿਕ ਕੇ।6।

ਅਰਥ: ਉਹ ਕੇਹੜਾ ਮਨੁੱਖ ਹੈ ਜੋ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਰਹਿੰਦਾ ਹੈ ਤੇ ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ? ਉਹ ਕੇਹੜਾ ਮਨੁੱਖ ਹੈ ਜੋ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ ਤੇ ਉਸ ਦੀ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ? (ਸੁਚੱਜਾ) ਗ੍ਰਿਹਸਤੀ ਕੌਣ ਹੋ ਸਕਦਾ ਹੈ? ਮਾਇਆ ਤੋਂ ਨਿਰਲੇਪ ਕੌਣ ਹੈ? ਉਹ ਕੇਹੜਾ ਮਨੁੱਖ ਹੈ ਜੋ (ਮਨੁੱਖਾ ਜਨਮ ਦੀ) ਕਦਰ ਸਮਝਦਾ ਹੈ?।1।

ਮਨੁੱਖ (ਮਾਇਆ ਦੇ ਮੋਹ ਦੇ ਬੰਧਨਾਂ ਵਿਚ) ਕਿਵੇਂ ਬੱਝ ਜਾਂਦਾ ਹੈ ਤੇ ਕਿਵੇਂ (ਉਹਨਾਂ ਬੰਧਨਾਂ ਤੋਂ) ਸੁਤੰਤਰ ਹੁੰਦਾ ਹੈ? ਕਿਸ ਤਰੀਕੇ ਨਾਲ ਜਨਮ ਮਰਨ ਦਾ ਗੇੜ ਮੁੱਕਦਾ ਹੈ? ਸੁਚੱਜੇ ਕੰਮ ਕੇਹੜੇ ਹਨ? ਉਹ ਕੇਹੜਾ ਮਨੁੱਖ ਹੈ ਜੋ ਦੁਨੀਆ ਵਿਚ ਵਿਚਰਦਾ ਹੋਇਆ ਭੀ ਵਾਸਨਾ-ਰਹਿਤ ਹੈ? ਉਹ ਕੇਹੜਾ ਮਨੁੱਖ ਹੈ ਜੋ ਆਪ ਸਿਫ਼ਤਿ-ਸਾਲਾਹ ਕਰਦਾ ਹੈ ਤੇ (ਹੋਰਨਾਂ ਪਾਸੋਂ) ਕਰਾਂਦਾ ਹੈ?।2।

ਸੁਖੀ ਜੀਵਨ ਵਾਲਾ ਕੌਣ ਹੈ? ਕੌਣ ਦੁੱਖਾਂ ਵਿਚ ਘਿਰਿਆ ਹੋਇਆ ਹੈ? ਸਨਮੁਖ ਕਿਸ ਨੂੰ ਕਿਹਾ ਜਾਂਦਾ ਹੈ? ਬੇਮੁਖ ਕਿਸ ਨੂੰ ਆਖੀਦਾ ਹੈ? ਪ੍ਰਭੂ-ਚਰਨਾਂ ਵਿਚ ਕਿਸ ਤਰ੍ਹਾਂ ਮਿਲ ਸਕੀਦਾ ਹੈ? ਮਨੁੱਖ ਪ੍ਰਭੂ ਤੋਂ ਕਿਵੇਂ ਵਿੱਛੁੜ ਜਾਂਦਾ ਹੈ? ਇਹ ਜਾਚ ਕੌਣ ਸਿਖਾਂਦਾ ਹੈ?।3।

ਉਹ ਕੇਹੜਾ ਸ਼ਬਦ ਹੈ ਜਿਸ ਦੀ ਰਾਹੀਂ ਵਿਕਾਰਾਂ ਵਲ ਦੌੜਦਾ ਮਨ ਟਿਕ ਜਾਂਦਾ ਹੈ? ਉਹ ਕੇਹੜਾ ਉਪਦੇਸ਼ ਹੈ ਜਿਸ ਉੱਤੇ ਤੁਰ ਕੇ ਮਨੁੱਖ ਦੁੱਖ ਸੁਖ ਇਕੋ ਜਿਹੇ ਸਹਾਰ ਸਕਦਾ ਹੈ? ਉਹ ਕੇਹੜਾ ਜੀਵਨ-ਢੰਗ ਹੈ ਜਿਸ ਨਾਲ ਮਨੁੱਖ ਪਰਮਾਤਮਾ ਨੂੰ ਸਿਮਰ ਸਕੇ? ਕਿਸ ਤਰ੍ਹਾਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਰਹੇ?।4।

ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਰਹਿੰਦਾ ਹੈ ਤੇ ਪਰਮਾਤਮਾ ਦੀ ਯਾਦ ਵਿਚ ਜੁੜਿਆ ਰਹਿੰਦਾ ਹੈ। ਗੁਰੂ ਦੀ ਸਰਨ ਵਿਚ ਰਹਿਣ ਵਾਲਾ ਮਨੁੱਖ ਹੀ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ ਤੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹੀ ਭਾਗਾਂ ਵਾਲਾ ਗ੍ਰਿਹਸਤ ਹੈ, ਉਹ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਭੀ ਨਿਰਲੇਪ ਰਹਿੰਦਾ ਹੈ। ਉਹੀ ਮਨੁੱਖਾ ਜਨਮ ਦੀ ਕਦਰ ਸਮਝਦਾ ਹੈ।5।

(ਆਪਣੇ ਮਨ ਦੇ ਪਿੱਛੇ ਤੁਰ ਕੇ ਮਨੁੱਖ ਆਪਣੀ ਹੀ) ਹਉਮੈ ਦੇ ਕਾਰਨ (ਮਾਇਆ ਦੇ ਬੰਧਨਾਂ ਵਿਚ) ਬੱਝ ਜਾਂਦਾ ਹੈ, ਗੁਰੂ ਦੀ ਸਰਨ ਪੈ ਕੇ (ਇਹਨਾਂ ਬੰਧਨਾਂ ਤੋਂ) ਆਜ਼ਾਦ ਹੋ ਜਾਂਦਾ ਹੈ। ਗੁਰੂ ਦੇ ਦੱਸੇ ਰਾਹ ਉੱਤੇ ਤੁਰਿਆਂ ਮਨੁੱਖ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ। ਗੁਰੂ ਦੇ ਸਨਮੁਖ ਰਹਿ ਕੇ ਹੀ ਸੁਚੱਜੇ ਕੰਮ ਹੋ ਸਕਦੇ ਹਨ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਵਾਸਨਾ ਰਹਿਤ ਰਹਿੰਦਾ ਹੈ। ਅਜੇਹਾ ਮਨੁੱਖ ਜੋ ਕੁਝ ਭੀ ਕਰਦਾ ਹੈ ਪ੍ਰਭੂ ਦੇ ਪ੍ਰੇਮ ਵਿਚ ਟਿਕ ਕੇ ਕਰਦਾ ਹੈ।6।

ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸੁਖੀ ਜੀਵਨ ਵਾਲਾ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਨਿੱਤ ਦੁਖੀ ਰਹਿੰਦਾ ਹੈ। ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਪਰਮਾਤਮਾ ਵਲ ਮੂੰਹ ਰੱਖਣ ਵਾਲਾ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਰੱਬ ਵਲੋਂ ਮੂੰਹ ਮੋੜੀ ਰੱਖਦਾ ਹੈ। ਗੁਰੂ ਦੇ ਸਨਮੁਖ ਰਿਹਾਂ ਪਰਮਾਤਮਾ ਨੂੰ ਮਿਲ ਸਕੀਦਾ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਪਰਮਾਤਮਾ ਤੋਂ ਵਿੱਛੁੜ ਜਾਂਦਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹੀ (ਸਹੀ ਜੀਵਨ ਦੀ) ਜਾਚ ਸਿਖਾਂਦਾ ਹੈ।7।

ਗੁਰੂ ਦੇ ਮੂੰਹੋਂ ਨਿਕਲਿਆ ਸ਼ਬਦ ਹੀ ਉਹ ਬੋਲ ਹੈ ਜਿਸ ਦੀ ਬਰਕਤਿ ਨਾਲ ਵਿਕਾਰਾਂ ਵਲ ਦੌੜਦਾ ਮਨ ਖਲੋ ਜਾਂਦਾ ਹੈ, ਗੁਰੂ ਤੋਂ ਮਿਲਿਆ ਉਪਦੇਸ਼ ਹੀ (ਇਹ ਸਮਰੱਥਾ ਰੱਖਦਾ ਹੈ ਕਿ ਮਨੁੱਖ ਉਸ ਦੇ ਆਸਰੇ) ਦੁਖ ਸੁਖ ਨੂੰ ਇਕੋ ਜਿਹਾ ਕਰ ਕੇ ਸਹਾਰਦਾ ਹੈ। ਗੁਰੂ ਦੇ ਰਾਹ ਤੇ ਤੁਰਨਾ ਹੀ ਅਜੇਹੀ ਜੀਵਨ ਚਾਲ ਹੈ ਕਿ ਇਸ ਦੀ ਰਾਹੀਂ ਮਨੁੱਖ ਪਰਮਾਤਮਾ ਦਾ ਧਿਆਨ ਧਰ ਸਕਦਾ ਹੈ ਤੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ।8।

(ਪਰ ਗੁਰਮੁਖ ਤੇ ਮਨਮੁਖ = ਇਹ) ਸਾਰੀ ਬਣਤਰ ਪਰਮਾਤਮਾ ਨੇ ਆਪ ਹੀ ਬਣਾਈ ਹੈ, (ਸਭ ਜੀਵਾਂ ਵਿਚ ਵਿਆਪਕ ਹੋ ਕੇ) ਉਹ ਆਪ ਹੀ ਸਭ ਕੁਝ ਕਰਦਾ ਹੈ ਤੇ (ਜੀਵਾਂ ਪਾਸੋਂ) ਕਰਾਂਦਾ ਹੈ, ਉਹ ਆਪ ਹੀ ਜਗਤ ਦੀ ਸਾਰੀ ਖੇਡ ਚਲਾ ਰਿਹਾ ਹੈ।

ਹੇ ਨਾਨਕ! ਉਹ ਆਪ ਹੀ ਆਪਣੇ ਇੱਕ ਸਰੂਪ ਤੋਂ ਬੇਅੰਤ ਰੂਪਾਂ ਰੰਗਾਂ ਵਾਲਾ ਬਣਿਆ ਹੋਇਆ ਹੈ। (ਇਹ ਸਾਰਾ ਬਹੁ ਰੰਗੀ ਜਗਤ) ਉਸ ਇੱਕ ਵਿਚ ਹੀ ਲੀਨ ਹੋ ਜਾਂਦਾ ਹੈ।8।2। 36।

ਮਾਝ ਮਹਲਾ ੫ ॥ ਪ੍ਰਭੁ ਅਬਿਨਾਸੀ ਤਾ ਕਿਆ ਕਾੜਾ ॥ ਹਰਿ ਭਗਵੰਤਾ ਤਾ ਜਨੁ ਖਰਾ ਸੁਖਾਲਾ ॥ ਜੀਅ ਪ੍ਰਾਨ ਮਾਨ ਸੁਖਦਾਤਾ ਤੂੰ ਕਰਹਿ ਸੋਈ ਸੁਖੁ ਪਾਵਣਿਆ ॥੧॥ ਹਉ ਵਾਰੀ ਜੀਉ ਵਾਰੀ ਗੁਰਮੁਖਿ ਮਨਿ ਤਨਿ ਭਾਵਣਿਆ ॥ ਤੂੰ ਮੇਰਾ ਪਰਬਤੁ ਤੂੰ ਮੇਰਾ ਓਲਾ ਤੁਮ ਸੰਗਿ ਲਵੈ ਨ ਲਾਵਣਿਆ ॥੧॥ ਰਹਾਉ ॥ ਤੇਰਾ ਕੀਤਾ ਜਿਸੁ ਲਾਗੈ ਮੀਠਾ ॥ ਘਟਿ ਘਟਿ ਪਾਰਬ੍ਰਹਮੁ ਤਿਨਿ ਜਨਿ ਡੀਠਾ ॥ ਥਾਨਿ ਥਨੰਤਰਿ ਤੂੰਹੈ ਤੂੰਹੈ ਇਕੋ ਇਕੁ ਵਰਤਾਵਣਿਆ ॥੨॥ ਸਗਲ ਮਨੋਰਥ ਤੂੰ ਦੇਵਣਹਾਰਾ ॥ ਭਗਤੀ ਭਾਇ ਭਰੇ ਭੰਡਾਰਾ ॥ ਦਇਆ ਧਾਰਿ ਰਾਖੇ ਤੁਧੁ ਸੇਈ ਪੂਰੈ ਕਰਮਿ ਸਮਾਵਣਿਆ ॥੩॥ ਅੰਧ ਕੂਪ ਤੇ ਕੰਢੈ ਚਾੜੇ ॥ ਕਰਿ ਕਿਰਪਾ ਦਾਸ ਨਦਰਿ ਨਿਹਾਲੇ ॥ ਗੁਣ ਗਾਵਹਿ ਪੂਰਨ ਅਬਿਨਾਸੀ ਕਹਿ ਸੁਣਿ ਤੋਟਿ ਨ ਆਵਣਿਆ ॥੪॥ ਐਥੈ ਓਥੈ ਤੂੰਹੈ ਰਖਵਾਲਾ ॥ ਮਾਤ ਗਰਭ ਮਹਿ ਤੁਮ ਹੀ ਪਾਲਾ ॥ ਮਾਇਆ ਅਗਨਿ ਨ ਪੋਹੈ ਤਿਨ ਕਉ ਰੰਗਿ ਰਤੇ ਗੁਣ ਗਾਵਣਿਆ ॥੫॥ ਕਿਆ ਗੁਣ ਤੇਰੇ ਆਖਿ ਸਮਾਲੀ ॥ ਮਨ ਤਨ ਅੰਤਰਿ ਤੁਧੁ ਨਦਰਿ ਨਿਹਾਲੀ ॥ ਤੂੰ ਮੇਰਾ ਮੀਤੁ ਸਾਜਨੁ ਮੇਰਾ ਸੁਆਮੀ ਤੁਧੁ ਬਿਨੁ ਅਵਰੁ ਨ ਜਾਨਣਿਆ ॥੬॥ ਜਿਸ ਕਉ ਤੂੰ ਪ੍ਰਭ ਭਇਆ ਸਹਾਈ ॥ ਤਿਸੁ ਤਤੀ ਵਾਉ ਨ ਲਗੈ ਕਾਈ ॥ ਤੂ ਸਾਹਿਬੁ ਸਰਣਿ ਸੁਖਦਾਤਾ ਸਤਸੰਗਤਿ ਜਪਿ ਪ੍ਰਗਟਾਵਣਿਆ ॥੭॥ ਤੂੰ ਊਚ ਅਥਾਹੁ ਅਪਾਰੁ ਅਮੋਲਾ ॥ ਤੂੰ ਸਾਚਾ ਸਾਹਿਬੁ ਦਾਸੁ ਤੇਰਾ ਗੋਲਾ ॥ ਤੂੰ ਮੀਰਾ ਸਾਚੀ ਠਕੁਰਾਈ ਨਾਨਕ ਬਲਿ ਬਲਿ ਜਾਵਣਿਆ ॥੮॥੩॥੩੭॥ {ਪੰਨਾ 131-132}

ਪਦ ਅਰਥ: ਕਾੜਾ = ਫ਼ਿਕਰ, ਚਿੰਤਾ। ਭਗਵੰਤਾ = ਸਭ ਸੁਖਾਂ ਦਾ ਮਾਲਕ। ਖਰਾ = ਬਹੁਤ। ਮਾਨ = ਮਨ ਦਾ।1।

ਮਨਿ = ਮਨ ਵਿਚ। ਤਨਿ = ਤਨ ਵਿਚ, ਹਿਰਦੇ ਵਿਚ। ਓਲਾ = ਆਸਰਾ। ਲਵੈ = ਨੇੜੇ। ਲਵੈ ਨ ਲਾਵਣਿਆ = ਨੇੜੇ ਭੇੜੇ ਦਾ ਨਹੀਂ, ਬਰਾਬਰ ਦਾ ਨਹੀਂ।1। ਰਹਾਉ।

ਘਟਿ ਘਟਿ = ਹਰੇਕ ਸਰੀਰ ਵਿਚ। ਤਿਨਿ = ਉਸ ਨੇ। ਜਨਿ = ਜਨ ਨੇ। ਤਿਨਿ ਜਨਿ = ਉਸ ਜਨ ਨੇ। ਥਾਨਿ ਥਨੰਤਰਿ = ਥਾਨਿ ਥਾਨ ਅੰਤਰ, ਹਰੇਕ ਥਾਂ ਵਿਚ। ਅੰਤਰਿ = ਵਿਚ।2।

ਭਾਇ = ਪ੍ਰੇਮ ਨਾਲ। ਸੇਈ = ਉਹੀ ਬੰਦੇ। ਕਰਮਿ = ਬਖ਼ਸ਼ਸ਼ ਨਾਲ।3।

ਕੂਪ = ਖੂਹ। ਅੰਧ ਕੂਪ ਤੇ = ਮਾਇਆ ਦੇ ਮੋਹ ਦੇ ਅੰਨ੍ਹੇ ਖੂਹ ਤੋਂ। ਨਦਰਿ = ਮਿਹਰ ਦੀ ਨਿਗਾਹ ਨਾਲ। ਨਿਹਾਲੇ = ਵੇਖਦਾ। ਕਰਿ = ਕਰ ਕੇ। ਸੁਣਿ = ਸੁਣ ਕੇ।4।

ਗਰਭ ਮਹਿ = ਪੇਟ ਵਿਚ। ਰੰਗ ਰਤੇ = ਪ੍ਰੇਮ-ਰੰਗ ਵਿਚ ਰੰਗੇ ਹੋਏ।5।

ਸਮਾਲੀ = ਸਮਾਲੀਂ, ਮੈਂ ਸੰਭਾਲਾਂ, ਮੈਂ ਚੇਤੇ ਕਰਾਂ। ਤੁਧੁ = ਤੈਨੂੰ ਹੀ। ਨਦਰਿ ਨਿਹਾਲੀ = ਨਜ਼ਰ ਨਾਲ ਮੈਂ ਵੇਖਦਾ ਹਾਂ।6।

ਸਹਾਈ = ਮਦਦਗਾਰ। ਕਾਈ = ਕੋਈ। ਸਰਣਿ = {_r&X = A protector} ਰੱਖਿਆ ਕਰਨ ਦੇ ਸਮਰੱਥ। ਜਪਿ = ਜਪ ਕੇ।7।

ਸਾਚਾ = ਸਦਾ-ਥਿਰ ਰਹਿਣ ਵਾਲਾ। ਗੋਲਾ = ਗ਼ੁਲਾਮ। ਮੀਰਾ = ਮਾਲਕ। ਸਾਚੀ = ਸਦਾ ਕਾਇਮ ਰਹਿਣ ਵਾਲੀ। ਠਕੁਰਾਈ = ਮਾਲਕੀ।8।

ਅਰਥ: (ਜਿਸ ਮਨੁੱਖ ਨੂੰ ਇਹ ਯਕੀਨ ਹੋਵੇ ਕਿ ਮੇਰੇ ਸਿਰ ਉੱਤੇ) ਅਬਿਨਾਸੀ ਪ੍ਰਭੂ (ਰਾਖਾ ਹੈ ਉਸ ਨੂੰ) ਕੋਈ ਚਿੰਤਾ-ਫ਼ਿਕਰ ਨਹੀਂ ਹੁੰਦਾ। (ਜਦੋਂ ਮਨੁੱਖ ਨੂੰ ਇਹ ਨਿਸਚਾ ਹੋਵੇ ਕਿ) ਸਭ ਸੁਖਾਂ ਦਾ ਮਾਲਕ ਹਰੀ (ਮੇਰਾ ਰਾਖਾ ਹੈ) ਤਾਂ ਉਹ ਬਹੁਤ ਸੌਖਾ ਜੀਵਨ ਬਿਤੀਤ ਕਰਦਾ ਹੈ।

ਹੇ ਪ੍ਰਭੂ! ਜਿਸ ਨੂੰ ਇਹ ਨਿਸਚਾ ਹੈ ਕਿ ਤੂੰ ਜਿੰਦ ਦਾ ਪ੍ਰਾਣਾਂ ਦਾ ਮਨ ਦਾ ਸੁਖ ਦਾਤਾ ਹੈਂ, ਤੇ ਜੋ ਕੁਝ ਤੂੰ ਕਰਦਾ ਹੈਂ ਉਹੀ ਹੁੰਦਾ ਹੈ, ਉਹ ਮਨੁੱਖ ਆਤਮਕ ਆਨੰਦ ਮਾਣਦਾ ਹੈ।1।

(ਹੇ ਪ੍ਰਭੂ!) ਮੈਂ ਤੈਥੋਂ ਸਦਕੇ ਹਾਂ ਕੁਰਬਾਨ ਹਾਂ, ਗੁਰੂ ਦੀ ਸਰਨ ਪਿਆਂ ਤੂੰ ਮਨ ਵਿਚ ਹਿਰਦੇ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈਂ। ਹੇ ਪ੍ਰਭੂ! ਤੂੰ ਮੇਰੇ ਲਈ ਪਰਬਤ (ਸਮਾਨ ਸਹਾਰਾ) ਹੈਂ, ਤੂੰ ਮੇਰਾ ਆਸਰਾ ਹੈਂ। ਮੈਂ ਤੇਰੇ ਨਾਲ ਕਿਸੇ ਹੋਰ ਨੂੰ ਬਰਾਬਰੀ ਨਹੀਂ ਦੇ ਸਕਦਾ।1। ਰਹਾਉ।

ਹੇ ਪ੍ਰਭੂ! ਤੂੰ ਪਾਰਬ੍ਰਹਮ (ਹਰੇਕ ਹਿਰਦੇ ਵਿਚ ਵੱਸ ਰਿਹਾ) ਹੈਂ। ਜਿਸ ਮਨੁੱਖ ਨੂੰ ਤੇਰਾ ਭਾਣਾ ਮਿੱਠਾ ਲੱਗਣ ਲੱਗ ਪੈਂਦਾ ਹੈ, ਉਸ ਮਨੁੱਖ ਨੇ ਤੈਨੂੰ ਹਰੇਕ ਹਿਰਦੇ ਵਿਚ ਵੱਸਦਾ ਵੇਖ ਲਿਆ ਹੈ। ਹਰੇਕ ਥਾਂ ਵਿਚ ਤੂੰ ਹੀ ਤੂੰ ਹੀ, ਸਿਰਫ਼ ਇਕ ਤੂੰ ਹੀ ਵੱਸ ਰਿਹਾ ਹੈਂ।2।

ਹੇ ਪ੍ਰਭੂ! ਸਭ ਜੀਵਾਂ ਦੀਆਂ ਮਨ-ਮੰਗੀਆਂ ਲੋੜਾਂ ਤੂੰ ਹੀ ਪੂਰੀਆਂ ਕਰਨ ਵਾਲਾ ਹੈਂ। ਤੇਰੇ ਘਰ ਵਿਚ ਭਗਤੀ-ਧਨ ਨਾਲ ਪ੍ਰੇਮ-ਧਨ ਨਾਲ ਖ਼ਜ਼ਾਨੇ ਭਰੇ ਪਏ ਹਨ। ਜੇਹੜੇ ਬੰਦੇ ਤੇਰੀ ਪੂਰੀ ਮਿਹਰ ਨਾਲ ਤੇਰੇ ਚਰਨਾਂ ਵਿਚ ਲੀਨ ਰਹਿੰਦੇ ਹਨ, ਦਇਆ ਕਰ ਕੇ ਉਹਨਾਂ ਨੂੰ ਤੂੰ (ਮਾਇਆ ਦੇ ਹੱਲਿਆਂ ਤੋਂ) ਬਚਾ ਲੈਂਦਾ ਹੈ।3।

(ਹੇ ਭਾਈ!) ਪਰਮਾਤਮਾ ਆਪਣੇ ਸੇਵਕਾਂ ਉੱਤੇ ਮਿਹਰ ਕਰਦਾ ਹੈ, ਉਹਨਾਂ ਨੂੰ ਮਿਹਰ ਦੀ ਨਜ਼ਰ ਨਾਲ ਵੇਖਦਾ ਹੈ ਉਹਨਾਂ ਨੂੰ ਮਾਇਆ ਦੇ ਮੋਹ ਦੇ ਹਨੇਰੇ ਖੂਹ ਵਿਚੋਂ ਬਾਹਰ ਕੰਢੇ ਉੱਤੇ ਚੜ੍ਹਾ ਦੇਂਦਾ ਹੈ। ਉਹ ਸੇਵਕ ਅਬਿਨਾਸ਼ੀ ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ।

(ਹੇ ਭਾਈ! ਪ੍ਰਭੂ ਦੇ ਗੁਣ ਬੇਅੰਤ ਹਨ) ਆਖਣ ਨਾਲ ਸੁਣਨ ਨਾਲ (ਉਸ ਦੇ ਗੁਣਾਂ ਦਾ) ਖ਼ਾਤਮਾ ਨਹੀਂ ਹੋ ਸਕਦਾ।4।

ਹੇ ਪ੍ਰਭੂ! ਇਸ ਲੋਕ ਵਿਚ ਪਰਲੋਕ ਵਿਚ ਤੂੰ ਹੀ (ਸਭ ਜੀਵਾਂ ਦਾ) ਰਾਖਾ ਹੈਂ। ਮਾਂ ਦੇ ਪੇਟ ਵਿਚ ਤੂੰ ਹੀ (ਜੀਵਾਂ ਦੀ) ਪਾਲਣਾ ਕਰਦਾ ਹੈਂ। ਉਹਨਾਂ ਬੰਦਿਆਂ ਨੂੰ ਮਾਇਆ (ਦੀ ਤ੍ਰਿਸ਼ਨਾ) ਦੀ ਅੱਗ ਪੋਹ ਨਹੀਂ ਸਕਦੀ, ਜੇਹੜੇ ਤੇਰੇ ਪ੍ਰੇਮ-ਰੰਗ ਵਿਚ ਰੰਗੇ ਹੋਏ ਤੇਰੇ ਗੁਣ ਗਾਂਦੇ ਰਹਿੰਦੇ ਹਨ।5।

ਹੇ ਪ੍ਰਭੂ! ਮੈਂ ਤੇਰੇ ਕੇਹੜੇ ਕੇਹੜੇ ਗੁਣ ਆਖ ਕੇ ਚੇਤੇ ਕਰਾਂ? ਮੈਂ ਆਪਣੇ ਮਨ ਵਿਚ ਤੇ ਤਨ ਵਿਚ ਤੈਨੂੰ ਹੀ ਵੱਸਦਾ ਵੇਖ ਰਿਹਾ ਹਾਂ। ਹੇ ਪ੍ਰਭੂ! ਤੂੰ ਹੀ ਮੇਰਾ ਮਾਲਕ ਹੈਂ। ਤੈਥੋਂ ਬਿਨਾ ਮੈਂ ਕਿਸੇ ਹੋਰ ਨੂੰ (ਤੇਰੇ ਵਰਗਾ ਮਿਤ੍ਰ) ਨਹੀਂ ਸਮਝਦਾ।6।

ਹੇ ਪ੍ਰਭੂ! ਜਿਸ ਮਨੁੱਖ ਵਾਸਤੇ ਤੂੰ ਰਾਖਾ ਬਣ ਜਾਂਦਾ ਹੈਂ, ਉਸ ਨੂੰ ਕੋਈ ਦੁੱਖ ਕਲੇਸ਼ ਪੋਹ ਨਹੀਂ ਸਕਦਾ। ਤੂੰ ਹੀ ਉਸ ਦਾ ਮਾਲਕ ਹੈ, ਤੂੰ ਹੀ ਉਸ ਦਾ ਰਾਖਾ ਹੈਂ ਤੂੰ ਹੀ ਉਸ ਨੂੰ ਸੁਖ ਦੇਣ ਵਾਲਾ ਹੈਂ। ਸਾਧ ਸੰਗਤਿ ਵਿਚ ਤੇਰਾ ਨਾਮ ਜਪ ਕੇ ਉਹ ਤੈਨੂੰ ਆਪਣੇ ਹਿਰਦੇ ਵਿਚ ਪਰਤੱਖ ਵੇਖਦਾ ਹੈ।7।

ਹੇ ਪ੍ਰਭੂ! (ਆਤਮਕ ਜੀਵਨ ਵਿਚ) ਤੂੰ (ਸਭ ਜੀਵਾਂ ਤੋਂ) ਉੱਚਾ ਹੈਂ ਤੂੰ (ਮਾਨੋ, ਗੁਣਾਂ ਦਾ ਸਮੁੰਦਰ) ਹੈਂ ਜਿਸ ਦੀ ਡੂੰਘਾਈ ਨਹੀਂ ਲੱਭ ਸਕਦੀ, ਤੇਰੀ ਹਸਤੀ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਤੇਰਾ ਮੁੱਲ ਨਹੀਂ ਪੈ ਸਕਦਾ (ਕਿਸੇ ਭੀ ਪਦਾਰਥ ਦੇ ਵੱਟੇ ਤੇਰੀ ਪ੍ਰਾਪਤੀ ਨਹੀਂ ਹੋ ਸਕਦੀ) । ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ। ਮੈਂ ਤੇਰਾ ਦਾਸ ਹਾਂ, ਗ਼ੁਲਾਮ ਹਾਂ। ਹੇ ਨਾਨਕ! (ਆਖ– ਹੇ ਪ੍ਰਭੂ! ਤੂੰ (ਮੇਰਾ) ਮਾਲਕ ਹੈ, ਤੇਰੀ ਸਦਾ ਮਾਲਕੀ ਕਾਇਮ ਰਹਿਣ ਵਾਲੀ ਹੈ, ਮੈਂ ਤੈਥੋਂ ਸਦਾ ਸਦਕੇ ਹਾਂ ਕੁਰਬਾਨ ਹਾਂ।8।3। 37।

TOP OF PAGE

Sri Guru Granth Darpan, by Professor Sahib Singh