ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 132 ਮਾਝ ਮਹਲਾ ੫ ਘਰੁ ੨ ॥ ਨਿਤ ਨਿਤ ਦਯੁ ਸਮਾਲੀਐ ॥ ਮੂਲਿ ਨ ਮਨਹੁ ਵਿਸਾਰੀਐ ॥ ਰਹਾਉ ॥ ਸੰਤਾ ਸੰਗਤਿ ਪਾਈਐ ॥ ਜਿਤੁ ਜਮ ਕੈ ਪੰਥਿ ਨ ਜਾਈਐ ॥ ਤੋਸਾ ਹਰਿ ਕਾ ਨਾਮੁ ਲੈ ਤੇਰੇ ਕੁਲਹਿ ਨ ਲਾਗੈ ਗਾਲਿ ਜੀਉ ॥੧॥ ਜੋ ਸਿਮਰੰਦੇ ਸਾਂਈਐ ॥ ਨਰਕਿ ਨ ਸੇਈ ਪਾਈਐ ॥ ਤਤੀ ਵਾਉ ਨ ਲਗਈ ਜਿਨ ਮਨਿ ਵੁਠਾ ਆਇ ਜੀਉ ॥੨॥ ਸੇਈ ਸੁੰਦਰ ਸੋਹਣੇ ॥ ਸਾਧਸੰਗਿ ਜਿਨ ਬੈਹਣੇ ॥ ਹਰਿ ਧਨੁ ਜਿਨੀ ਸੰਜਿਆ ਸੇਈ ਗੰਭੀਰ ਅਪਾਰ ਜੀਉ ॥੩॥ ਹਰਿ ਅਮਿਉ ਰਸਾਇਣੁ ਪੀਵੀਐ ॥ ਮੁਹਿ ਡਿਠੈ ਜਨ ਕੈ ਜੀਵੀਐ ॥ ਕਾਰਜ ਸਭਿ ਸਵਾਰਿ ਲੈ ਨਿਤ ਪੂਜਹੁ ਗੁਰ ਕੇ ਪਾਵ ਜੀਉ ॥੪॥ ਜੋ ਹਰਿ ਕੀਤਾ ਆਪਣਾ ॥ ਤਿਨਹਿ ਗੁਸਾਈ ਜਾਪਣਾ ॥ ਸੋ ਸੂਰਾ ਪਰਧਾਨੁ ਸੋ ਮਸਤਕਿ ਜਿਸ ਦੈ ਭਾਗੁ ਜੀਉ ॥੫॥ ਮਨ ਮੰਧੇ ਪ੍ਰਭੁ ਅਵਗਾਹੀਆ ॥ ਏਹਿ ਰਸ ਭੋਗਣ ਪਾਤਿਸਾਹੀਆ ॥ ਮੰਦਾ ਮੂਲਿ ਨ ਉਪਜਿਓ ਤਰੇ ਸਚੀ ਕਾਰੈ ਲਾਗਿ ਜੀਉ ॥੬॥ ਕਰਤਾ ਮੰਨਿ ਵਸਾਇਆ ॥ ਜਨਮੈ ਕਾ ਫਲੁ ਪਾਇਆ ॥ ਮਨਿ ਭਾਵੰਦਾ ਕੰਤੁ ਹਰਿ ਤੇਰਾ ਥਿਰੁ ਹੋਆ ਸੋਹਾਗੁ ਜੀਉ ॥੭॥ ਅਟਲ ਪਦਾਰਥੁ ਪਾਇਆ ॥ ਭੈ ਭੰਜਨ ਕੀ ਸਰਣਾਇਆ ॥ ਲਾਇ ਅੰਚਲਿ ਨਾਨਕ ਤਾਰਿਅਨੁ ਜਿਤਾ ਜਨਮੁ ਅਪਾਰ ਜੀਉ ॥੮॥੪॥੩੮॥ {ਪੰਨਾ 132} ਅਰਥ: ਦਯੁ = {dX` = to love} ਪਿਆਰ ਕਰਨ ਵਾਲਾ ਪਰਮਾਤਮਾ। ਮੂਲਿ ਨ = ਕਦੇ ਨਾਹ। ਰਹਾਉ। ਜਿਤੁ = ਜਿਸ (ਸਾਧ ਸੰਗਤਿ) ਦੀ ਰਾਹੀਂ। ਪੰਥਿ = ਰਸਤੇ ਉੱਤੇ। ਜਮ ਕੈ ਪੰਥਿ = ਜਮਾਂ ਦੇ ਰਾਹ ਤੇ, ਉਸ ਰਾਹ ਤੇ ਜਿੱਥੇ ਜਮਾਂ ਨਾਲ ਵਾਹ ਪਏ, ਆਤਮਕ ਮੌਤ ਵਲ ਲੈ ਜਾਣ ਵਾਲੇ ਰਸਤੇ ਉੱਤੇ। ਤੋਸਾ = ਰਸਤੇ ਦਾ ਖ਼ਰਚ। ਕੁਲਹਿ = ਕੁਲ ਨੂੰ। ਗਾਲਿ = ਗਾਲ, ਕਲੰਕ, ਬਦਨਾਮੀ।1। ਸਾਂਈਐ = ਸਾਈਂ ਨੂੰ। ਨਰਕਿ = ਨਰਕ ਵਿਚ। ਸੇਈ = ਉਹਨਾਂ ਨੂੰ। ਪਾਈਐ = ਪਾਇਆ ਜਾਂਦਾ। ਮਨਿ = ਮਨ ਵਿਚ। ਵੁਠਾ = ਵੁੱਠਾ, ਵੱਸਿਆ।2। ਬੈਹਣੇ = ਬਹਣ-ਖਲੋਣ। ਸੰਜਿਆ = ਸਿੰਚਿਆ, ਇਕੱਠਾ ਕੀਤਾ। ਗੰਭੀਰ = ਡੂੰਘੇ ਜਿਗਰੇ ਵਾਲੇ।3। ਅਮਿਉ = ਨਾਮ-ਅੰਮ੍ਰਿਤ। ਰਸਾਇਣੁ = {rs AXੁ} ਰਸਾਂ ਦਾ ਘਰ। ਮੁਹਿ ਡਿਠੈ = ਜੇ ਮੂੰਹ ਵੇਖ ਲਿਆ ਜਾਏ। ਜੀਵੀਐ = ਆਤਮਕ ਜੀਵਨ ਮਿਲੇ। ਸਭਿ = ਸਾਰੇ। ਪਾਵ = {ਲਫ਼ਜ਼ 'ਪਾਉ' ਤੋਂ ਬਹੁ-ਵਚਨ} ਪੈਰ।4। ਜੋ = ਜਿਸ ਨੂੰ। ਤਿਨਹਿ = ਤਿਨਿ ਹੀ, ਉਸ ਨੇ ਹੀ {ਲਫ਼ਜ਼ 'ਤਿਨਿ' ਦੀ ਿ ਉੱਡ ਗਈ ਹੈ। ਵੇਖੋ 'ਗੁਰਬਾਣੀ ਵਿਆਕਰਣ'}। ਸੂਰਾ = ਸੂਰਮਾ। ਮਸਤਕਿ = ਮੱਥੇ ਉਤੇ।5। ਮੰਧੇ = {mÆX} ਵਿਚਿ। ਅਵਗਾਹੀਆ = {Avgwh, to bathe one self into, to plunge} ਚੁੱਭੀ ਲਾਣੀ ਚਾਹੀਦੀ ਹੈ। ਏਹਿ = {ਲਫ਼ਜ਼ 'ਏਹ' ਤੋਂ ਬਹੁ-ਵਚਨ}।6। ਮੰਨਿ = ਮਨਿ ਵਿਚ। ਭਾਵੰਦਾ = ਪਸੰਦ। ਥਿਰੁ = ਕਾਇਮ।7। ਭੈ ਭੰਜਨ = ਡਰ ਦੂਰ ਕਰਨ ਵਾਲਾ। ਅੰਚਲਿ = ਪੱਲੇ ਨਾਲ, ਲੜ ਨਾਲ। ਤਾਰਿਅਨੁ = ਤਾਰੇ ਉਸ ਨੇ।8। ਅਰਥ: (ਹੇ ਭਾਈ!) ਸਦਾ ਹੀ ਉਸ ਪਰਮਾਤਮਾ ਨੂੰ ਹਿਰਦੇ ਵਿਚ ਵਸਾਣਾ ਚਾਹੀਦਾ ਹੈ ਜੋ ਸਭ ਜੀਵਾਂ ਉੱਤੇ ਤਰਸ ਕਰਦਾ ਹੈ, ਉਸ ਨੂੰ ਆਪਣੇ ਮਨ ਤੋਂ ਭੁਲਾਣਾ ਨਹੀਂ ਚਾਹੀਦਾ। ਰਹਾਉ। (ਹੇ ਭਾਈ!) ਸੰਤ ਜਨਾਂ ਦੀ ਸੰਗਤਿ ਵਿਚ ਰਿਹਾਂ ਪਰਮਾਤਮਾ ਦਾ ਨਾਮ ਮਿਲਦਾ ਹੈ, ਸਾਧ ਸੰਗਤਿ ਦੀ ਬਰਕਤਿ ਨਾਲ ਆਤਮਕ ਮੌਤ ਵਲ ਲੈ ਜਾਣ ਵਾਲੇ ਰਸਤੇ ਉੱਤੇ ਨਹੀਂ ਪਈਦਾ। (ਹੇ ਭਾਈ! ਜੀਵਨ-ਸਫ਼ਰ ਵਾਸਤੇ) ਪਰਮਾਤਮਾ ਦਾ ਨਾਮ ਖ਼ਰਚ (ਆਪਣੇ ਪੱਲੇ ਬੰਨ੍ਹ) ਲੈ, (ਇਸ ਤਰ੍ਹਾਂ) ਤੇਰੀ ਕੁਲ ਨੂੰ (ਭੀ) ਕੋਈ ਬਦਨਾਮੀ ਨਹੀਂ ਆਵੇਗੀ।1। ਜੇਹੜੇ ਮਨੁੱਖ ਖਸਮ-ਪਰਮਾਤਮਾ ਦਾ ਸਿਮਰਨ ਕਰਦੇ ਹਨ ਉਹਨਾਂ ਨੂੰ ਨਰਕ ਵਿਚ ਨਹੀਂ ਪਾਇਆ ਜਾਂਦਾ। (ਹੇ ਭਾਈ!) ਜਿੰਨ੍ਹਾਂ ਦੇ ਮਨ ਵਿਚ ਪਰਮਾਤਮਾ ਆ ਵੱਸਦਾ ਹੈ, ਉਹਨਾਂ ਨੂੰ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦਾ।2। ਉਹੀ ਮਨੁੱਖ ਸੋਹਣੇ ਸੁੰਦਰ (ਜੀਵਨ ਵਾਲੇ) ਹਨ, ਜਿੰਨ੍ਹਾਂ ਦਾ ਬਹਣ ਖਲੋਣ ਸਾਧ ਸੰਗਤਿ ਵਿਚ ਹੈ। ਜਿੰਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਧਨ ਇਕੱਠਾ ਕਰ ਲਿਆ, ਉਹ ਬੇਅੰਤ ਡੂੰਘੇ ਜਿਗਰੇ ਵਾਲੇ ਬਣ ਜਾਂਦੇ ਹਨ।3। (ਹੇ ਭਾਈ!) ਪਰਮਾਤਮਾ ਦਾ ਨਾਮ ਅੰਮ੍ਰਿਤ ਪੀਣਾ ਚਾਹੀਦਾ ਹੈ, (ਇਹ ਨਾਮ-ਅੰਮ੍ਰਿਤ) ਸਾਰੇ ਰਸਾਂ ਦਾ ਸੋਮਾ ਹੈ। (ਹੇ ਭਾਈ!) ਪਰਮਾਤਮਾ ਦੇ ਸੇਵਕ ਦਾ ਦਰਸਨ ਕੀਤਿਆਂ ਆਤਮਕ ਜੀਵਨ ਮਿਲਦਾ ਹੈ, (ਇਸ ਵਾਸਤੇ ਤੂੰ ਭੀ) ਸਦਾ ਗੁਰੂ ਦੇ ਪੈਰ ਪੂਜ (ਗੁਰੂ ਦੀ ਸਰਨ ਪਿਆ ਰਹੁ, ਤੇ ਇਸ ਤਰ੍ਹਾਂ) ਆਪਣੇ ਸਾਰੇ ਕੰਮ ਸਿਰੇ ਚਾੜ੍ਹ ਲੈ।4। ਜਿਸ ਮਨੁੱਖ ਨੂੰ ਪਰਮਾਤਮਾ ਨੇ ਆਪਣਾ (ਸੇਵਕ) ਬਣਾ ਲਿਆ ਹੈ, ਉਸ ਨੇ ਹੀ ਖਸਮ-ਪ੍ਰਭੂ ਦਾ ਸਿਮਰਨ ਕਰਦੇ ਰਹਿਣਾ ਹੈ। ਜਿਸ ਮਨੁੱਖ ਦੇ ਮੱਥੇ ਉੱਤੇ (ਪ੍ਰਭੂ ਦੀ ਇਸ ਦਾਤਿ ਦਾ) ਭਾਗ ਜਾਗ ਪਏ, ਉਹ (ਵਿਕਾਰਾਂ ਦਾ ਟਾਕਰਾ ਕਰ ਸਕਣ ਦੇ ਸਮਰੱਥ) ਸੂਰਮਾ ਬਣ ਜਾਂਦਾ ਹੈ ਉਹ (ਮਨੁੱਖਾਂ ਵਿਚ) ਸ੍ਰੇਸ਼ਟ ਮਨੁੱਖ ਮੰਨਿਆ ਜਾਂਦਾ ਹੈ।5। ਹੇ ਭਾਈ! ਆਪਣੇ ਮਨ ਵਿਚ ਹੀ ਚੁੱਭੀ ਲਾਉ ਤੇ ਪ੍ਰਭੂ ਦਾ ਦਰਸਨ ਕਰੋ = ਇਹੀ ਹੈ ਦੁਨੀਆ ਦੇ ਸਾਰੇ ਰਸਾਂ ਦੇ ਭੋਗ ਇਹੀ ਹੈ ਦੁਨੀਆ ਦੀਆਂ ਬਾਦਸ਼ਾਹੀਆਂ। (ਜਿੰਨ੍ਹਾਂ ਮਨੁੱਖਾਂ ਨੇ ਪਰਮਾਤਮਾ ਨੂੰ ਆਪਣੇ ਅੰਦਰ ਹੀ ਵੇਖ ਲਿਆਾ, ਉਹਨਾਂ ਦੇ ਮਨ ਵਿਚ) ਕਦੇ ਕੋਈ ਵਿਕਾਰ ਪੈਦਾ ਨਹੀਂ ਹੁੰਦਾ, ਉਹ ਸਿਮਰਨ ਦੀ ਸੱਚੀ ਕਾਰ ਵਿਚ ਲੱਗ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ।6। ਜਿਸ ਮਨੁੱਖ ਨੇ ਕਰਤਾਰ ਨੂੰ ਆਪਣੇ ਮਨ ਵਿਚ ਵਸਾ ਲਿਆ, ਉਸ ਨੇ ਮਨੁੱਖਾ ਜਨਮ ਦਾ ਫਲ ਪ੍ਰਾਪਤ ਕਰ ਲਿਆ। (ਹੇ ਜੀਵ-ਇਸਤ੍ਰੀ!) ਜੇ ਤੈਨੂੰ ਕੰਤ-ਹਰੀ ਆਪਣੇ ਮਨ ਵਿਚ ਪਿਆਰਾ ਲੱਗਣ ਲੱਗ ਪਏ ਤਾਂ ਤੇਰਾ ਇਹ ਸੁਹਾਗ ਸਦਾ ਲਈ (ਤੇਰੇ ਸਿਰ ਉੱਤੇ) ਕਾਇਮ ਰਹੇਗਾ।7। (ਪਰਮਾਤਮਾ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਧਨ ਹੈ, ਜਿਨ੍ਹਾਂ ਨੇ) ਇਹ ਸਦਾ ਕਾਇਮ ਰਹਿਣ ਵਾਲਾ ਧਨ ਲੱਭ ਲਿਆ, ਜੇਹੜੇ ਬੰਦੇ ਸਾਰੇ ਡਰ ਨਾਸ ਕਰਨ ਵਾਲੇ ਪਰਮਾਤਮਾ ਦੀ ਸਰਨ ਆ ਗਏ, ਉਹਨਾਂ ਨੂੰ, ਹੇ ਨਾਨਕ! ਪਰਮਾਤਮਾ ਨੇ ਆਪਣੇ ਲੜ ਲਾ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਿਆ। ਉਹਨਾਂ ਨੇ ਮਨੁੱਖਾ ਜਨਮ ਦੀ ਬਾਜ਼ੀ ਜਿੱਤ ਲਈ।8।4। 38। |
Sri Guru Granth Darpan, by Professor Sahib Singh |