ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 133

ੴ ਸਤਿਗੁਰ ਪ੍ਰਸਾਦਿ ॥ ਮਾਝ ਮਹਲਾ ੫ ਘਰੁ ੩ ॥ ਹਰਿ ਜਪਿ ਜਪੇ ਮਨੁ ਧੀਰੇ ॥੧॥ ਰਹਾਉ ॥ ਸਿਮਰਿ ਸਿਮਰਿ ਗੁਰਦੇਉ ਮਿਟਿ ਗਏ ਭੈ ਦੂਰੇ ॥੧॥ ਸਰਨਿ ਆਵੈ ਪਾਰਬ੍ਰਹਮ ਕੀ ਤਾ ਫਿਰਿ ਕਾਹੇ ਝੂਰੇ ॥੨॥ ਚਰਨ ਸੇਵ ਸੰਤ ਸਾਧ ਕੇ ਸਗਲ ਮਨੋਰਥ ਪੂਰੇ ॥੩॥ ਘਟਿ ਘਟਿ ਏਕੁ ਵਰਤਦਾ ਜਲਿ ਥਲਿ ਮਹੀਅਲਿ ਪੂਰੇ ॥੪॥ ਪਾਪ ਬਿਨਾਸਨੁ ਸੇਵਿਆ ਪਵਿਤ੍ਰ ਸੰਤਨ ਕੀ ਧੂਰੇ ॥੫॥ ਸਭ ਛਡਾਈ ਖਸਮਿ ਆਪਿ ਹਰਿ ਜਪਿ ਭਈ ਠਰੂਰੇ ॥੬॥ ਕਰਤੈ ਕੀਆ ਤਪਾਵਸੋ ਦੁਸਟ ਮੁਏ ਹੋਇ ਮੂਰੇ ॥੭॥ ਨਾਨਕ ਰਤਾ ਸਚਿ ਨਾਇ ਹਰਿ ਵੇਖੈ ਸਦਾ ਹਜੂਰੇ ॥੮॥੫॥੩੯॥੧॥੩੨॥੧॥੫॥੩੯॥ {ਪੰਨਾ 133}

ਪਦ ਅਰਥ: ਜਪੇ = ਜਪਿ, ਜਪ ਕੇ। ਧੀਰੇ = ਧੀਰਜ ਫੜਦਾ ਹੈ।1। ਰਹਾਉ।

ਭੈ = ਸਾਰੇ ਡਰ। ਸਿਮਰਿ = ਸਿਮਰ ਕੇ।1।

ਕਾਹੇ ਝੂਰੇ = ਕੋਈ ਝੋਰਾ ਨਹੀਂ ਰਹਿ ਜਾਂਦਾ। ਕਿਉਂ ਝੂਰੇਗਾ?।2।

ਸੰਤ ਸਾਧ ਕੇ = ਗੁਰੂ ਦੇ।3।

ਘਟਿ ਘਟਿ = ਹਰੇਕ ਸਰੀਰ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉੱਤੇ, ਆਕਾਸ਼ ਵਿਚ।4।

ਧੂਰੇ = ਚਰਨ-ਧੂੜ।5।

ਖਸਮਿ = ਖਸਮ ਨੇ। ਠਰੂਰੇ = ਸ਼ਾਂਤ-ਚਿੱਤ, ਸੀਤਲ।6।

ਕਰਤੈ = ਕਰਤਾਰ ਨੇ। ਤਪਾਵਸੋ = {ਅਰਬੀ ਲਫ਼ਜ਼ 'ਤਫ਼ਾਹੁਸ'} ਨਿਰਨਾ, ਨਿਆਂ। ਮੂਰਾ = ਘਾਹ ਆਦਿਕ ਨਾਲ ਭਰੀ ਹੋਈ ਵੱਛੇ ਕੱਟੇ ਦੀ ਖੱਲ ਜੋ ਵੇਖਣ ਨੂੰ ਹੀ ਵੱਛਾ ਕੱਟਾ ਜਾਪੇ। ਵੇਖਣ ਨੂੰ ਹੀ ਜੀਊਂਦਾ, ਪਰ ਅਸਲ ਵਿਚ ਮੁਰਦਾ।7।

ਸਚਿ = ਸਦਾ-ਥਿਰ ਪ੍ਰਭੂ ਵਿਚ। ਨਾਇ = ਨਾਮ ਵਿਚ। ਹਜੂਰੇ = ਅੰਗ-ਸੰਗ।8।

ਅਰਥ: ਪਰਮਾਤਮਾ ਦਾ ਨਾਮ ਜਪ ਜਪ ਕੇ (ਮਨੁੱਖ ਦਾ) ਮਨ ਧੀਰਜਵਾਨ ਹੋ ਜਾਂਦਾ ਹੈ (ਦੁਨੀਆ ਦੇ ਸੁੱਖਾਂ ਦੁੱਖਾਂ ਵਿਚ ਡੋਲਦਾ ਨਹੀਂ) । ਰਹਾਉ।

ਸਭ ਤੋਂ ਵੱਡੇ ਅਕਾਲਪੁਰਖ ਨੂੰ ਸਿਮਰ ਸਿਮਰ ਕੇ ਸਾਰੇ ਡਰ ਸਹਮ ਮਿਟ ਜਾਂਦੇ ਹਨ, ਦੂਰ ਹੋ ਜਾਂਦੇ ਹਨ।1।

ਜਦੋਂ ਮਨੁੱਖ ਪਰਮਾਤਮਾ ਦਾ ਆਸਰਾ ਲੈ ਲੈਂਦਾ ਹੈ, ਉਸ ਨੂੰ ਕੋਈ ਚਿੰਤਾ ਝੋਰਾ ਨਹੀਂ ਪੋਹ ਸਕਦਾ।2।

ਗੁਰੂ ਦੇ ਚਰਨਾਂ ਦੀ ਸੇਵਾ ਕੀਤਿਆਂ (ਗੁਰੂ ਦਾ ਦਰ ਮੰਨਿਆਂ) ਮਨੁੱਖ ਦੇ ਮਨ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹਨ।3।

(ਇਹ ਨਿਸਚਾ ਬਣ ਜਾਂਦਾ ਹੈ ਕਿ) ਹਰੇਕ ਸਰੀਰ ਵਿਚ ਪਰਮਾਤਮਾ ਹੀ ਵੱਸ ਰਿਹਾ ਹੈ, ਜਲ ਵਿਚ ਧਰਤੀ ਵਿਚ ਆਕਾਸ਼ ਵਿਚ ਪਰਮਾਤਮਾ ਹੀ ਵਿਆਪਕ ਹੈ।4।

ਜੇਹੜੇ ਮਨੁੱਖ ਸੰਤ ਜਨਾਂ ਦੀ ਚਰਨ ਧੂੜ ਲੈ ਕੇ ਸਾਰੇ ਪਾਪਾਂ ਦੇ ਨਾਸ ਕਰਨ ਵਾਲੇ ਪਰਮਾਤਮਾ ਨੂੰ ਸਿਮਰਦੇ ਹਨ, ਉਹ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ।5।

ਪਰਮਾਤਮਾ ਦਾ ਨਾਮ ਜਪ ਕੇ ਸਾਰੀ ਲੁਕਾਈ ਸੀਤਲ-ਮਨ ਹੋ ਜਾਂਦੀ ਹੈ, ਉਸ ਸਾਰੀ ਲੁਕਾਈ ਨੂੰ ਖਸਮ ਪ੍ਰਭੂ ਨੇ (ਵਿਕਾਰਾਂ ਦੀ ਤਪਸ਼ ਤੋਂ) ਬਚਾ ਲਿਆ।6।

ਕਰਤਾਰ ਨੇ ਇਹ (ਚੰਗਾ) ਨਿਆਂ ਕੀਤਾ ਹੈ ਕਿ ਵਿਕਾਰੀ ਮਨੁੱਖ ਵੇਖਣ ਨੂੰ ਹੀ ਜੀਊਂਦੇ ਦਿੱਸ ਕੇ ਆਤਮਕ ਮੌਤੇ ਮਰ ਜਾਂਦੇ ਹਨ।7।

ਹੇ ਨਾਨਕ! ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਲੀਨ ਹੁੰਦਾ ਹੈ, ਉਹ ਉਸ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਵੇਖਦਾ ਹੈ।8।5। 39।

ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪ ੴ ਸਤਿਗੁਰ ਪ੍ਰਸਾਦਿ ॥ ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ ॥ ਚਾਰਿ ਕੁੰਟ ਦਹ ਦਿਸ ਭ੍ਰਮੇ ਥਕਿ ਆਏ ਪ੍ਰਭ ਕੀ ਸਾਮ ॥ ਧੇਨੁ ਦੁਧੈ ਤੇ ਬਾਹਰੀ ਕਿਤੈ ਨ ਆਵੈ ਕਾਮ ॥ ਜਲ ਬਿਨੁ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ ॥ ਹਰਿ ਨਾਹ ਨ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ ॥ ਜਿਤੁ ਘਰਿ ਹਰਿ ਕੰਤੁ ਨ ਪ੍ਰਗਟਈ ਭਠਿ ਨਗਰ ਸੇ ਗ੍ਰਾਮ ॥ ਸ੍ਰਬ ਸੀਗਾਰ ਤੰਬੋਲ ਰਸ ਸਣੁ ਦੇਹੀ ਸਭ ਖਾਮ ॥ ਪ੍ਰਭ ਸੁਆਮੀ ਕੰਤ ਵਿਹੂਣੀਆ ਮੀਤ ਸਜਣ ਸਭਿ ਜਾਮ ॥ ਨਾਨਕ ਕੀ ਬੇਨੰਤੀਆ ਕਰਿ ਕਿਰਪਾ ਦੀਜੈ ਨਾਮੁ ॥ ਹਰਿ ਮੇਲਹੁ ਸੁਆਮੀ ਸੰਗਿ ਪ੍ਰਭ ਜਿਸ ਕਾ ਨਿਹਚਲ ਧਾਮ ॥੧॥ {ਪੰਨਾ 133}

{ਵੇਖੋ ਬਾਰਾ ਮਾਹਾ ਮ: 1 ਤੁਖਾਰੀ ਰਾਗ, ਪੋਥੀ ਅਠਵੀਂ} {ਪੰਨਾ 133}

ਪਦ ਅਰਥ: ਕਿਰਤਿ = {øiq} ਕਮਾਈ (Performance) । ਕੇ = ਅਨੁਸਾਰ। ਰਾਮ = ਹੇ ਪ੍ਰਭੂ! ਕੁੰਟ = ਕੂਟ, ਪਾਸਾ। ਦਹਦਿਸ = ਦਸ ਪਾਸੇ, (ਉੱਤਰ, ਪੱਛਮ, ਦੱਖਣ, ਪੂਰਬ, ਚਾਰ ਨੁੱਕਰਾਂ, ਉਪਰਲਾ ਪਾਸਾ, ਹੇਠਲਾ ਪਾਸਾ) । ਸਾਮ = ਸਰਨ। ਧੇਨੁ = ਗਾਂ। ਬਾਹਰੀ = ਬਿਨਾ। ਸਾਖ = ਖੇਤੀ, ਫ਼ਸਲ। ਦਾਮ = ਪੈਸੇ, ਧਨ। ਨਾਹ = {ੁਕਢਕ} ਖਸਮ। ਕਤ = ਕਿਵੇਂ, ਕਿਥੇ? ਬਿਸਰਾਮ = ਸੁਖ। ਜਿਤੁ = ਜਿਸ ਵਿਚ। ਜਿਤੁ ਘਰਿ = ਜਿਸ (ਹਿਰਦੇ-) ਘਰ ਵਿਚ। ਭਠਿ = ਤਪਦੀ ਭੱਠੀ। ਸੇ = ਵਰਗੇ। ਗ੍ਰਾਮ = ਪਿੰਡ। ਸ੍ਰਬ = ਸਾਰੇ। ਤੰਬੋਲ = ਪਾਨ ਦੇ ਬੀੜੇ। ਸਣੁ = ਸਣੇ, ਸਮੇਤ। ਦੇਹੀ = ਸਰੀਰ। ਖਾਮ = ਕੱਚੇ, ਨਾਸਵੰਤ, ਵਿਅਰਥ। ਸਭਿ = ਸਾਰੇ। ਜਾਮ = ਜਮ, ਜਿੰਦ ਦੇ ਵੈਰੀ। ਸੰਗਿ = (ਆਪਣੇ) ਨਾਲ। ਧਾਮ = ਟਿਕਾਣਾ।

ਅਰਥ: ਹੇ ਪ੍ਰਭੂ! ਅਸੀਂ ਆਪਣੇ ਕਰਮਾਂ ਦੀ ਕਮਾਈ ਅਨੁਸਾਰ (ਤੈਥੋਂ) ਵਿੱਛੁੜੇ ਹੋਏ ਹਾਂ (ਤੈਨੂੰ ਵਿਸਾਰੀ ਬੈਠੇ ਹਾਂ) , ਮਿਹਰ ਕਰ ਕੇ ਸਾਨੂੰ ਆਪਣੇ ਨਾਲ ਮਿਲਾਵੋ। (ਮਾਇਆ ਦੇ ਮੋਹ ਵਿਚ ਫਸ ਕੇ) ਚੁਫੇਰੇ ਹਰ ਪਾਸੇ (ਸੁਖਾਂ ਦੀ ਖ਼ਾਤਰ) ਭਟਕਦੇ ਰਹੇ ਹਾਂ, ਹੁਣ, ਹੇ ਪ੍ਰਭੂ! ਥੱਕ ਕੇ ਤੇਰੀ ਸਰਨ ਆਏ ਹਾਂ।

(ਜਿਵੇਂ) ਦੁੱਧ ਤੋਂ ਸੱਖਣੀ ਗਾਂ ਕਿਸੇ ਕੰਮ ਨਹੀਂ ਆਉਂਦੀ, (ਜਿਵੇਂ) ਪਾਣੀ ਤੋਂ ਬਿਨਾ ਖੇਤੀ ਸੁੱਕ ਜਾਂਦੀ ਹੈ (ਫ਼ਸਲ ਨਹੀਂ ਪੱਕਦੀ, ਤੇ ਉਸ ਖੇਤੀ ਵਿਚੋਂ) ਧਨ ਦੀ ਕਮਾਈ ਨਹੀਂ ਹੋ ਸਕਦੀ (ਤਿਵੇਂ ਪ੍ਰਭੂ ਦੇ ਨਾਮ ਤੋਂ ਬਿਨਾ ਸਾਡਾ ਜੀਵਨ ਵਿਅਰਥ ਚਲਾ ਜਾਂਦਾ ਹੈ) । ਸੱਜਣ ਖਸਮ-ਪ੍ਰਭੂ ਨੂੰ ਮਿਲਣ ਤੋਂ ਬਿਨਾ ਕਿਸੇ ਹੋਰ ਥਾਂ ਸੁਖ ਭੀ ਨਹੀਂ ਮਿਲਦਾ। (ਸੁਖ ਮਿਲੇ ਭੀ ਕਿਵੇਂ?) ਜਿਸ ਹਿਰਦੇ-ਘਰ ਵਿਚ ਪਤੀ ਪ੍ਰਭੂ ਆ ਵੱਸੇ, ਉਸ ਦੇ ਭਾ ਦੇ (ਵੱਸਦੇ) ਪਿੰਡ ਤੇ ਸ਼ਹਰ ਤੱਪਦੀ ਭੱਠੀ ਵਰਗੇ ਹੁੰਦੇ ਹਨ। (ਇਸਤ੍ਰੀ ਨੂੰ ਪਤੀ ਤੋਂ ਬਿਨਾ) ਸਰੀਰ ਦੇ ਸਾਰੇ ਸ਼ਿੰਗਾਰ ਪਾਨਾਂ ਦੇ ਬੀੜੇ ਤੇ ਹੋਰ ਰਸ (ਆਪਣੇ) ਸਰੀਰ ਸਮੇਤ ਹੀ ਵਿਅਰਥ ਦਿੱਸਦੇ ਹਨ, (ਤਿਵੇਂ) ਮਾਲਕ ਖਸਮ-ਪ੍ਰਭੂ (ਦੀ ਯਾਦ) ਤੋਂ ਬਿਨਾ ਸਾਰੇ ਸੱਜਣ ਮਿਤ੍ਰ ਜਿੰਦ ਦੇ ਵੈਰੀ ਹੋ ਢੁਕਦੇ ਹਨ।

(ਤਾਹੀਏਂ) ਨਾਨਕ ਦੀ ਬੇਨਤੀ ਹੈ ਕਿ (ਹੇ ਪ੍ਰਭੂ!) ਕਿਰਪਾ ਕਰ ਕੇ ਆਪਣੇ ਨਾਮ ਦੀ ਦਾਤਿ ਬਖ਼ਸ਼। ਹੇ ਹਰੀ! ਆਪਣੇ ਚਰਨਾਂ ਵਿਚ (ਮੈਨੂੰ) ਜੋੜੀ ਰੱਖ, (ਹੋਰ ਸਾਰੇ ਆਸਰੇ-ਪਰਨੇ ਨਾਸਵੰਤ ਹਨ) ਇਕ ਤੇਰਾ ਘਰ ਸਦਾ ਅਟੱਲ ਰਹਿਣ ਵਾਲਾ ਹੈ।1।

ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ॥ ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ ॥ ਜਿਨਿ ਪਾਇਆ ਪ੍ਰਭੁ ਆਪਣਾ ਆਏ ਤਿਸਹਿ ਗਣਾ ॥ ਇਕੁ ਖਿਨੁ ਤਿਸੁ ਬਿਨੁ ਜੀਵਣਾ ਬਿਰਥਾ ਜਨਮੁ ਜਣਾ ॥ ਜਲਿ ਥਲਿ ਮਹੀਅਲਿ ਪੂਰਿਆ ਰਵਿਆ ਵਿਚਿ ਵਣਾ ॥ ਸੋ ਪ੍ਰਭੁ ਚਿਤਿ ਨ ਆਵਈ ਕਿਤੜਾ ਦੁਖੁ ਗਣਾ ॥ ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗੁ ਮਣਾ ॥ ਹਰਿ ਦਰਸਨ ਕੰਉ ਮਨੁ ਲੋਚਦਾ ਨਾਨਕ ਪਿਆਸ ਮਨਾ ॥ ਚੇਤਿ ਮਿਲਾਏ ਸੋ ਪ੍ਰਭੂ ਤਿਸ ਕੈ ਪਾਇ ਲਗਾ ॥੨॥ {ਪੰਨਾ 133}

ਪਦ ਅਰਥ: ਚੇਤਿ = ਚੇਤ ਦੇ ਮਹੀਨੇ ਵਿਚ। ਘਣਾ = ਬਹੁਤ। ਮਿਲਿ = ਮਿਲ ਕੇ। ਰਸਨਾ = ਜੀਭ। ਭਣਾ = ਉਚਾਰਨ। ਜਿਨਿ = ਜਿਸ ਮਨੁੱਖ ਨੇ। ਤਿਸਹਿ = ਉਸ ਨੂੰ। ਆਏ ਗਣਾ = ਆਇਆ ਸਮਝੋ। ਜਣਾ = ਜਾਣੋ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉੱਤੇ, ਪੁਲਾੜ ਵਿਚ, ਆਕਾਸ਼ ਵਿਚ। ਮਣਾ = ਮਣਾ-ਮੂੰਹੀਂ, ਬਹੁਤ। ਕੰਉ = ਨੂੰ। ਮਨਾ = ਮਨਿ, ਮਨ ਵਿਚ। ਤਿਸ ਕੈ ਪਾਇ = ਉਸ ਮਨੁੱਖ ਦੇ ਪੈਰੀਂ। ਲਗਾ = ਲੱਗਾਂ, ਮੈਂ ਲੱਗਦਾ ਹਾਂ।

ਅਰਥ: ਚੇਤ ਵਿਚ (ਬਸੰਤ ਰੁੱਤ ਆਉਂਦੀ ਹੈ, ਹਰ ਪਾਸੇ ਖਿੜੀ ਫੁਲਵਾੜੀ ਮਨ ਨੂੰ ਆਨੰਦ ਦੇਂਦੀ ਹੈ, ਜੇ) ਪਰਮਾਤਮਾ ਨੂੰ ਸਿਮਰੀਏ (ਤਾਂ ਸਿਮਰਨ ਦੀ ਬਰਕਤਿ ਨਾਲ) ਬਹੁਤ ਆਤਮਕ ਆਨੰਦ ਹੋ ਸਕਦਾ ਹੈ। ਪਰ ਜੀਭ ਨਾਲ ਪ੍ਰਭੂ ਦਾ ਨਾਮ ਜਪਣ ਦੀ ਦਾਤਿ ਸੰਤ ਜਨਾਂ ਨੂੰ ਮਿਲ ਕੇ ਹੀ ਪ੍ਰਾਪਤ ਹੁੰਦੀ ਹੈ। ਉਸੇ ਬੰਦੇ ਨੂੰ ਜਗਤ ਵਿਚ ਜੰਮਿਆ ਜਾਣੋ (ਉਸੇ ਦਾ ਜਨਮ ਸਫਲਾ ਸਮਝੋ) ਜਿਸ ਨੇ (ਸਿਮਰਨ ਦੀ ਸਹਾਇਤਾ ਨਾਲ) ਆਪਣੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ (ਕਿਉਂਕਿ) ਪਰਮਾਤਮਾ ਦੀ ਯਾਦ ਤੋਂ ਬਿਨਾ ਇਕ ਖਿਨ ਮਾਤ੍ਰ ਸਮਾ ਗੁਜ਼ਾਰਿਆਂ ਭੀ ਜ਼ਿੰਦਗੀ ਵਿਅਰਥ ਬੀਤਦੀ ਜਾਣੋ।

ਜੇਹੜਾ ਪ੍ਰਭੂ ਪਾਣੀ ਵਿਚ ਧਰਤੀ ਵਿਚ ਅਕਾਸ਼ ਵਿਚ ਜੰਗਲਾਂ ਵਿਚ ਹਰ ਥਾਂ ਵਿਅਪਕ ਹੈ, ਜੇ ਐਸਾ ਪ੍ਰਭੂ ਕਿਸੇ ਮਨੁੱਖ ਦੇ ਹਿਰਦੇ ਵਿਚ ਨਾਹ ਵੱਸੇ, ਤਾਂ ਉਸ ਮਨੁੱਖ ਦਾ (ਮਾਨਸਕ) ਦੁੱਖ ਬਿਆਨ ਨਹੀਂ ਹੋ ਸਕਦਾ। (ਪਰ) ਜਿਨ੍ਹਾਂ ਬੰਦਿਆਂ ਨੇ ਉਸ (ਸਰਬ ਵਿਆਪਕ) ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਇਆ ਹੈ, ਉਹਨਾਂ ਦਾ ਬੜਾ ਭਾਗ ਜਾਗ ਪੈਂਦਾ ਹੈ।

ਨਾਨਕ ਦਾ ਮਨ (ਭੀ ਹਰੀ ਦੇ ਦੀਦਾਰ ਨੂੰ ਤਾਂਘਦਾ ਹੈ, ਨਾਨਕ ਦੇ ਮਨ ਵਿਚ ਹਰੀ-ਦਰਸਨ ਦੀ ਪਿਆਸ ਹੈ। ਜੇਹੜਾ ਮਨੁੱਖ ਮੈਨੂੰ ਹਰੀ ਦਾ ਮਿਲਾਪ ਕਰਾ ਦੇਵੇ ਮੈਂ ਉਸ ਦੀ ਚਰਨੀਂ ਲੱਗਾਂਗਾ।2।

ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ ॥ ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ ॥ ਪੁਤ੍ਰ ਕਲਤ੍ਰ ਨ ਸੰਗਿ ਧਨਾ ਹਰਿ ਅਵਿਨਾਸੀ ਓਹੁ ॥ ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ ॥ ਇਕਸੁ ਹਰਿ ਕੇ ਨਾਮ ਬਿਨੁ ਅਗੈ ਲਈਅਹਿ ਖੋਹਿ ॥ ਦਯੁ ਵਿਸਾਰਿ ਵਿਗੁਚਣਾ ਪ੍ਰਭ ਬਿਨੁ ਅਵਰੁ ਨ ਕੋਇ ॥ ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਇ ॥ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪਰਾਪਤਿ ਹੋਇ ॥ ਵੈਸਾਖੁ ਸੁਹਾਵਾ ਤਾਂ ਲਗੈ ਜਾ ਸੰਤੁ ਭੇਟੈ ਹਰਿ ਸੋਇ ॥੩॥ {ਪੰਨਾ 133}

ਪਦ ਅਰਥ: ਵੈਸਾਖਿ = ਵੈਸਾਖ ਵਿਚ। ਕਿਉ ਧੀਰਨਿ = ਕਿਵੇਂ ਧੀਰਜ ਕਰਨ? ਵਾਢਿਆ = ਪਤੀ ਤੋਂ ਵਿੱਛੁੜੀਆਂ ਹੋਈਆਂ। ਬਿਛੋਹੁ = ਵਿਛੋੜਾ। ਪ੍ਰੇਮ ਬਿਛੋਹੁ = ਪ੍ਰੇਮ ਦੀ ਅਣਹੋਂਦ। ਮਾਇਆ ਧੋਹੁ = ਧੋਹ ਰੂਪ ਮਾਇਆ, ਮਨ-ਮੋਹਣੀ ਮਾਇਆ। ਕਲਤ੍ਰ = ਇਸਤ੍ਰੀ। ਪਲਚਿ = ਫਸ ਕੇ, ਉਲਝ ਕੇ। ਸਗਲੀ = ਸਾਰੀ (ਸ੍ਰਿਸ਼ਟੀ) । ਧੰਧੈ ਮੋਹੁ = ਧੰਧੇ ਦਾ ਮੋਹ। ਖੋਹਿ ਲਈਅਹਿ = ਖੋਹੇ ਜਾਂਦੇ ਹਨ। ਆਗੈ = ਪਹਿਲਾਂ ਹੀ। ਦਯੁ = ਪਿਆਰਾ ਪ੍ਰਭੂ। ਵਿਗੁਚਣਾ = ਖ਼ੁਆਰ ਹੋਈਦਾ ਹੈ। ਸੋਇ = ਸੋਭਾ। ਪਰਾਪਤਿ ਹੋਇ = {pXwLÈqz = to one's heart's content} ਜਿਸ ਨਾਲ (ਮੇਰੇ) ਦਿਲ ਦੀ ਰੀਝ ਪੂਰੀ ਹੋ ਜਾਏ। ਸੰਤੁ ਹਰਿ = ਹਰੀ-ਸੰਤ। ਭੇਟੈ = ਮਿਲਿ ਪਏ।

ਅਰਥ: (ਵੈਸਾਖੀ ਵਾਲਾ ਦਿਨ ਹਰੇਕ ਇਸਤ੍ਰੀ ਮਰਦ ਵਾਸਤੇ ਰੀਝਾਂ ਵਾਲਾ ਦਿਨ ਹੁੰਦਾ ਹੈ, ਪਰ) ਵੈਸਾਖ ਵਿਚ ਉਹਨਾਂ ਇਸਤ੍ਰੀਆਂ ਦਾ ਦਿਲ ਕਿਵੇਂ ਖਲੋਵੇ ਜੋ ਪਤੀ ਤੋਂ ਵਿੱਛੁੜੀਆਂ ਪਈਆਂ ਹਨ, ਜਿਨ੍ਹਾਂ ਦੇ ਅੰਦਰ ਪਿਆਰ (ਦੇ ਪ੍ਰਗਟਾਵੇ) ਦੀ ਅਣਹੋਂਦ ਹੈ, (ਇਸ ਤਰ੍ਹਾਂ ਉਸ ਜੀਵ ਨੂੰ ਧੀਰਜ ਕਿਵੇਂ ਆਵੇ ਜਿਸ ਨੂੰ) ਸੱਜਣ-ਪ੍ਰਭੂ ਵਿਸਾਰ ਕੇ ਮਨ-ਮੋਹਣੀ ਮਾਇਆ ਚੰਬੜੀ ਹੋਈ ਹੈ?

ਨਾਹ ਪੁਤ੍ਰ, ਨਾਹ ਇਸਤ੍ਰੀ, ਨਾਹ ਧਨ, ਕੋਈ ਭੀ ਮਨੁੱਖ ਦੇ ਨਾਲ ਨਹੀਂ ਨਿਭਦਾ ਇਕ ਅਬਿਨਾਸੀ ਪਰਮਾਤਮਾ ਹੀ ਅਸਲ ਸਾਥੀ ਹੈ। ਨਾਸਵੰਤ ਧੰਧੇ ਦਾ ਮੋਹ (ਸਾਰੀ ਲੁਕਾਈ ਨੂੰ ਹੀ) ਵਿਆਪ ਰਿਹਾ ਹੈ, (ਮਾਇਆ ਦੇ ਮੋਹ ਵਿਚ) ਮੁੜ ਮੁੜ ਫਸ ਕੇ ਸਾਰੀ ਲੁਕਾਈ ਹੀ (ਆਤਮਕ ਮੌਤੇ) ਮਰ ਰਹੀ ਹੈ। ਇਕ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਹੋਰ ਜਿਤਨੇ ਭੀ ਕਰਮ ਇਥੇ ਕਰੀਦੇ ਹਨ, ਉਹ ਸਾਰੇ ਮਰਨ ਤੋਂ ਪਹਿਲਾਂ ਹੀ ਖੋਹ ਲਏ ਜਾਂਦੇ ਹਨ (ਭਾਵ, ਉਹ ਉੱਚੇ ਆਤਮਕ ਜੀਵਨ ਦਾ ਅੰਗ ਨਹੀਂ ਬਣ ਸਕਦੇ) ।

ਪਿਆਰ-ਸਰੂਪ ਪ੍ਰਭੂ ਨੂੰ ਵਿਸਾਰ ਕੇ ਖ਼ੁਆਰੀ ਹੀ ਹੁੰਦੀ ਹੈ, ਪਰਮਾਤਮਾ ਤੋਂ ਬਿਨਾ ਜਿੰਦ ਦਾ ਹੋਰ ਕੋਈ ਸਾਥੀ ਹੀ ਨਹੀਂ ਹੁੰਦਾ। ਪ੍ਰਭੂ ਪ੍ਰੀਤਮ ਦੀ ਚਰਨੀਂ ਜੇਹੜੇ ਬੰਦੇ ਲਗਦੇ ਹਨ, ਉਹਨਾਂ ਦੀ (ਲੋਕ ਪਰਲੋਕ ਵਿਚ) ਭਲੀ ਸੋਭਾ ਹੁੰਦੀ ਹੈ।

ਹੇ ਪ੍ਰਭੂ! (ਤੇਰੇ ਦਰ ਤੇ) ਮੇਰੀ ਬੇਨਤੀ ਹੈ ਕਿ ਮੈਨੂੰ ਤੇਰਾ ਦਿਲ-ਰੱਜਵਾਂ ਮਿਲਾਪ ਨਸੀਬ ਹੋਵੇ। (ਰੁੱਤ ਫਿਰਨ ਨਾਲ ਚੁਫੇਰੇ ਬਨਸਪਤੀ ਪਈ ਸੁਹਾਵਣੀ ਹੋ ਜਾਏ, ਪਰ) ਜਿੰਦ ਨੂੰ ਵੈਸਾਖ ਦਾ ਮਹੀਨਾ ਤਦੋਂ ਹੀ ਸੋਹਣਾ ਲੱਗ ਸਕਦਾ ਹੈ ਜੇ ਹਰੀ ਸੰਤ-ਪ੍ਰਭੂ ਮਿਲ ਪਏ।3।

TOP OF PAGE

Sri Guru Granth Darpan, by Professor Sahib Singh