ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 136

ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ ॥ ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ ॥ ਜਨਮ ਕਰਮ ਮਲੁ ਉਤਰੈ ਮਨ ਤੇ ਜਾਇ ਗੁਮਾਨੁ ॥ ਕਾਮਿ ਕਰੋਧਿ ਨ ਮੋਹੀਐ ਬਿਨਸੈ ਲੋਭੁ ਸੁਆਨੁ ॥ ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ ॥ ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ ॥ ਜਿਸ ਨੋ ਦੇਵੈ ਦਇਆ ਕਰਿ ਸੋਈ ਪੁਰਖੁ ਸੁਜਾਨੁ ॥ ਜਿਨਾ ਮਿਲਿਆ ਪ੍ਰਭੁ ਆਪਣਾ ਨਾਨਕ ਤਿਨ ਕੁਰਬਾਨੁ ॥ ਮਾਘਿ ਸੁਚੇ ਸੇ ਕਾਂਢੀਅਹਿ ਜਿਨ ਪੂਰਾ ਗੁਰੁ ਮਿਹਰਵਾਨੁ ॥੧੨॥ {ਪੰਨਾ 136}

ਪਦ ਅਰਥ: ਮਾਘ = ਮਾਘ ਨਖ੍ਹਤ੍ਰ ਵਾਲੀ ਪੂਰਨਮਾਸੀ ਦਾ ਮਹੀਨਾ। ਮਾਘਿ = ਮਾਘ ਮਹੀਨੇ ਵਿਚ। {ਨੋਟ: ਇਸ ਮਹੀਨੇ ਦਾ ਪਹਿਲਾ ਦਿਨ ਹਿੰਦੂ-ਸ਼ਾਸਤ੍ਰਾਂ, ਅਨੁਸਾਰ ਬੜਾ ਪਵਿਤ੍ਰ ਹੈ, ਹਿੰਦੂ ਸੱਜਣ ਮਾਘੀ ਵਾਲੇ ਦਿਨ ਪ੍ਰਯਾਗ ਤੀਰਥ ਤੇ ਇਸ਼ਨਾਨ ਕਰਨਾ ਬਹੁਤ ਪੁੰਨ ਕੰਮ ਸਮਝਦੇ ਹਨ}। ਮਜਨੁ = ਚੁੱਭੀ। ਦਾਨੁ = ਨਾਮੁ ਦਾ ਦਾਨ। ਜਨਮ ਕਰਮ ਮਲੁ = ਕਈ ਜਨਮਾਂ ਦੇ ਕੀਤੇ ਕਰਮਾਂ ਤੋਂ ਪੈਦਾ ਹੋਈ ਵਿਕਾਰਾਂ ਦੀ ਮੈਲ। ਗੁਮਾਨੁ = ਅਹੰਕਾਰ। ਕਾਮਿ = ਕਾਮ ਵਿਚ। ਕਰੋਧਿ = ਕ੍ਰੋਧ ਵਿਚ। ਮੋਹੀਐ = ਠੱਗੇ ਜਾਈਦਾ। ਸੁਆਨੁ = ਕੁੱਤਾ। ਮਾਰਗਿ = ਰਸਤੇ ਉੱਤੇ। ਉਸਤਤਿ = ਸੋਭਾ। ਅਠਸਠਿ = ਅਠਾਹਠ। ਪਰਵਾਨੁ = ਮੰਨਿਆ-ਪ੍ਰਮੰਨਿਆ (ਧਾਰਮਿਕ ਕੰਮ) । ਕਰਿ = ਕਰ ਕੇ। ਸੁਜਾਨੁ = ਸਿਆਣਾ। ਕਾਂਢੀਅਹਿ = ਆਖੇ ਜਾਂਦੇ ਹਨ।

ਅਰਥ: ਮਾਘ ਵਿਚ (ਮਾਘੀ ਵਾਲੇ ਦਿਨ ਲੋਕ ਪ੍ਰਯਾਗ ਆਦਿਕ ਤੀਰਥਾਂ ਤੇ ਇਸ਼ਨਾਨ ਕਰਨਾ ਬੜਾ ਪੁੰਨ ਸਮਝਦੇ ਹਨ, ਪਰ ਤੂੰ ਹੇ ਭਾਈ!) ਗੁਰਮੁਖਾਂ ਦੀ ਸੰਗਤਿ ਵਿਚ (ਬੈਠ, ਇਹੀ ਹੈ ਤੀਰਥਾਂ ਦਾ) ਇਸ਼ਨਾਨ, ਉਹਨਾਂ ਦੀ ਚਰਨ ਧੂੜ ਵਿਚ ਇਸ਼ਨਾਨ ਕਰ (ਨਿਮ੍ਰਤਾ-ਭਾਵ ਨਾਲ ਗੁਰਮੁਖਾਂ ਦੀ ਸੰਗਤਿ ਕਰ, ਉਥੇ) ਪਰਮਾਤਮਾ ਦਾ ਨਾਮ ਜਪ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣ, ਹੋਰ ਸਭਨਾਂ ਨੂੰ ਇਹ ਨਾਮ ਦੀ ਦਾਤਿ ਵੰਡ, (ਇਸ ਤਰ੍ਹਾਂ) ਕਈ ਜਨਮਾਂ ਦੇ ਕੀਤੇ ਕਰਮਾਂ ਤੋਂ ਪੈਦਾ ਹੋਈ ਵਿਕਾਰਾਂ ਦੀ ਮੈਲ (ਤੇਰੇ ਮਨ ਤੋਂ) ਲਹਿ ਜਾਇਗੀ, ਤੇਰੇ ਮਨ ਵਿਚੋਂ ਅਹੰਕਾਰ ਦੂਰ ਹੋ ਜਾਇਗਾ।

(ਸਿਮਰਨ ਦੀ ਬਰਕਤਿ ਨਾਲ) ਕਾਮ ਵਿਚ ਕ੍ਰੋਧ ਵਿਚ ਨਹੀਂ ਫਸੀਦਾ, ਲੋਭ-ਕੁੱਤਾ ਭੀ ਮੁੱਕ ਜਾਂਦਾ ਹੈ (ਲੋਭ, ਜਿਸ ਦੇ ਅਸਰ ਹੇਠ ਮਨੁੱਖ ਕੁੱਤੇ ਵਾਂਗ ਦਰ ਦਰ ਤੇ ਭਟਕਦਾ ਹੈ) । ਇਸ ਸੱਚੇ ਰਸਤੇ ਉੱਤੇ ਤੁਰਿਆਂ ਜਗਤ ਦੀ ਸੋਭਾ ਕਰਦਾ ਹੈ। ਅਠਾਹਠ ਤੀਰਥਾਂ ਦਾ ਇਸ਼ਨਾਨ, ਸਾਰੇ ਪੁੰਨ ਕਰਮ, ਜੀਵਾਂ ਉੱਤੇ ਦਇਆ ਕਰਨੀ ਜੋ ਧਾਰਮਿਕ ਕੰਮ ਮੰਨੀ ਗਈ ਹੈ (ਇਹ ਸਭ ਕੁਝ ਸਿਮਰਨ ਦੇ ਵਿਚ ਹੀ ਆ ਜਾਂਦਾ ਹੈ) ।

ਪਰਮਾਤਮਾ ਕਿਰਪਾ ਕਰ ਕੇ ਜਿਸ ਮਨੁੱਖ ਨੂੰ (ਸਿਮਰਨ ਦੀ ਦਾਤਿ) ਦੇਂਦਾ ਹੈ, ਉਹ ਮਨੁੱਖ (ਜ਼ਿੰਦਗੀ ਦੇ ਸਹੀ ਰਸਤੇ ਦੀ ਪਛਾਣ ਵਾਲਾ) ਸਿਆਣਾ ਹੋ ਜਾਂਦਾ ਹੈ।

ਹੇ ਨਾਨਕ! (ਆਖ–) ਜਿਨ੍ਹਾਂ ਨੂੰ ਪਿਆਰਾ ਪ੍ਰਭੂ ਮਿਲ ਪਿਆ ਹੈ, ਮੈਂ ਉਹਨਾਂ ਤੋਂ ਸਦਕੇ ਹਾਂ। ਮਾਘ ਮਹੀਨੇ ਵਿਚ ਸਿਰਫ਼ ਉਹੀ ਸੁੱਚੇ ਬੰਦੇ ਆਖੇ ਜਾਂਦੇ ਹਨ, ਜਿਨ੍ਹਾਂ ਉੱਤੇ ਪੂਰਾ ਸਤਿਗੁਰੂ ਦਇਆਵਾਨ ਹੁੰਦਾ ਹੈ (ਤੇ ਜਿਨ੍ਹਾਂ ਨੂੰ ਸਿਮਰਨ ਦੀ ਦਾਤਿ ਦੇਂਦਾ ਹੈ) ।12।

ਫਲਗੁਣਿ ਅਨੰਦ ਉਪਾਰਜਨਾ ਹਰਿ ਸਜਣ ਪ੍ਰਗਟੇ ਆਇ ॥ ਸੰਤ ਸਹਾਈ ਰਾਮ ਕੇ ਕਰਿ ਕਿਰਪਾ ਦੀਆ ਮਿਲਾਇ ॥ ਸੇਜ ਸੁਹਾਵੀ ਸਰਬ ਸੁਖ ਹੁਣਿ ਦੁਖਾ ਨਾਹੀ ਜਾਇ ॥ ਇਛ ਪੁਨੀ ਵਡਭਾਗਣੀ ਵਰੁ ਪਾਇਆ ਹਰਿ ਰਾਇ ॥ ਮਿਲਿ ਸਹੀਆ ਮੰਗਲੁ ਗਾਵਹੀ ਗੀਤ ਗੋਵਿੰਦ ਅਲਾਇ ॥ ਹਰਿ ਜੇਹਾ ਅਵਰੁ ਨ ਦਿਸਈ ਕੋਈ ਦੂਜਾ ਲਵੈ ਨ ਲਾਇ ॥ ਹਲਤੁ ਪਲਤੁ ਸਵਾਰਿਓਨੁ ਨਿਹਚਲ ਦਿਤੀਅਨੁ ਜਾਇ ॥ ਸੰਸਾਰ ਸਾਗਰ ਤੇ ਰਖਿਅਨੁ ਬਹੁੜਿ ਨ ਜਨਮੈ ਧਾਇ ॥ ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਇ ॥ ਫਲਗੁਣਿ ਨਿਤ ਸਲਾਹੀਐ ਜਿਸ ਨੋ ਤਿਲੁ ਨ ਤਮਾਇ ॥੧੩॥ {ਪੰਨਾ 136}

ਪਦ ਅਰਥ: ਫਲਗੁਣਿ = ਫੱਗਣ (ਮਹੀਨੇ) ਵਿਚ। ਉਪਾਰਜਨਾ = ਉਪਜ, ਪ੍ਰਕਾਸ਼। ਰਾਮ ਕੇ ਸਹਾਈ = ਪਰਮਾਤਮਾ ਨਾਲ ਮਿਲਣ ਵਿਚ ਸਹਾਇਤਾ ਕਰਨ ਵਾਲੇ। ਸੇਜ = ਹਿਰਦਾ। ਜਾਇ = ਥਾਂ। ਵਰੁ = ਖਸਮ-ਪ੍ਰਭੂ। ਗਾਵਹੀ = ਗਾਵਹਿ, ਗਾਂਦੀਆਂ ਹਨ। ਮੰਗਲੁ = ਖ਼ੁਸ਼ੀ ਦਾ ਗੀਤ, ਆਤਮਕ ਆਨੰਦ ਪੈਦਾ ਕਰਨ ਵਾਲਾ ਗੀਤ, ਸਿਫ਼ਤਿ-ਸਾਲਾਹ ਦੀ ਬਾਣੀ। ਅਲਾਇ-ਉਚਾਰ ਕੇ, ਅਲਾਪ ਕੇ। ਦਿਸਦੀ = ਦਿੱਸਦਾ। ਲਵੈ = ਨੇੜੇ। ਲਵੈ ਲਾਉਣੇ = ਨੇੜੇ ਤੇੜੇ, ਇਰਦ-ਗਿਰਦ। ਲਵੈ ਨ ਲਾਇ = ਲਵੈ ਲਾਉਣੇ ਨਹੀਂ, ਨੇੜੇ ਤੇੜੇ ਦਾ ਨਹੀਂ, ਬਰਾਬਰੀ ਕਰਨ ਜੋਗਾ ਨਹੀਂ। ਹਲਤੁ = {A>} ਇਹ ਲੋਕ। ਪਲਤੁ = {pr>} ਪਰ ਲੋਕ। ਸਵਾਰਿਓਨੁ = ਉਸ (ਪ੍ਰਭੂ) ਨੇ ਸਵਾਰ ਦਿੱਤਾ। ਦਿਤੀਅਨੁ = ਉਸ (ਪ੍ਰਭੂ) ਨੇ ਦਿੱਤੀ। ਜਾਇ = ਥਾਂ। ਤੇ = ਤੋਂ। ਰਖਿਅਨੁ = ਉਸ (ਹਰੀ) ਨੇ ਰੱਖ ਲਏ। ਧਾਇ = ਧਾਈ, ਭਟਕਣਾ। ਪਾਇ = ਪੈ ਕੇ। ਤਿਲੁ = ਰਤਾ ਭੀ। ਤਮਾਇ = ਤਮ੍ਹਾ, ਲਾਲਚ।

ਅਰਥ: (ਸਿਆਲੀ ਰੁੱਤ ਦੀ ਕਰੜੀ ਸਰਦੀ ਪਿੱਛੋਂ ਬਹਾਰ ਫਿਰਨ ਤੇ ਫੱਗਣ ਦੇ ਮਹੀਨੇ ਵਿਚ ਲੋਕ ਹੋਲੀਆਂ ਦੇ ਰੰਗ-ਤਮਾਸ਼ਿਆਂ ਦੀ ਰਾਹੀਂ ਖ਼ੁਸ਼ੀਆਂ ਮਨਾਂਦੇ ਹਨ, ਪਰ) ਫੱਗਣ ਵਿਚ (ਉਹਨਾਂ ਜੀਵ-ਇਸਤ੍ਰੀਆਂ ਦੇ ਅੰਦਰ) ਆਤਮਕ ਆਨੰਦ ਪੈਦਾ ਹੁੰਦਾ ਹੈ, ਜਿਨ੍ਹਾਂ ਦੇ ਹਿਰਦੇ ਵਿਚ ਸੱਜਣ-ਹਰੀ ਪਰਤੱਖ ਆ ਵੱਸਦਾ ਹੈ, ਪਰਮਾਤਮਾ ਨਾਲ ਮਿਲਣ ਵਿਚ ਸਹਾਇਤਾ ਕਰਨ ਵਾਲੇ ਸੰਤ ਜਨ ਮਿਹਰ ਕਰ ਕੇ ਉਹਨਾਂ ਨੂੰ ਪ੍ਰਭੂ ਨਾਲ ਜੋੜ ਦੇਂਦੇ ਹਨ, ਉਹਨਾਂ ਦੀ ਹਿਰਦਾ-ਸੇਜ ਸੁੰਦਰ ਬਣ ਜਾਂਦੀ ਹੈ, ਉਹਨਾਂ ਨੂੰ ਸਾਰੇ ਹੀ ਸੁੱਖ ਪ੍ਰਾਪਤ ਹੋ ਜਾਂਦੇ ਹਨ, ਫਿਰ ਦੁੱਖਾਂ ਲਈ (ਉਹਨਾਂ ਦੇ ਹਿਰਦੇ ਵਿਚ) ਕਿਤੇ ਰਤਾ ਥਾਂ ਨਹੀਂ ਰਹਿ ਜਾਂਦੀ। ਉਹਨਾਂ ਵਡ-ਭਾਗਣ ਜੀਵ-ਇਸਤ੍ਰੀਆਂ ਦੀ ਮਨੋ-ਕਾਮਨਾ ਪੂਰੀ ਹੋ ਜਾਂਦੀ ਹੈ, ਉਹਨਾਂ ਨੂੰ ਹਰੀ-ਪ੍ਰਭੂ ਖਸਮ ਮਿਲ ਪੈਂਦਾ ਹੈ, ਉਹ ਸਤ-ਸੰਗੀ ਸਹੇਲੀਆਂ ਨਾਲ ਰਲ ਕੇ ਗੋਵਿੰਦ ਦੀ ਸਿਫ਼ਤਿ-ਸਾਲਾਹ ਦੇ ਗੀਤ ਅਲਾਪ ਕੇ ਆਤਮਕ ਆਨੰਦ ਪੈਦਾ ਕਰਨ ਵਾਲੀ ਗੁਰਬਾਣੀ ਗਾਂਦੀਆਂ ਹਨ। ਪਰਮਾਤਮਾ ਵਰਗਾ ਕੋਈ ਹੋਰ, ਉਸ ਦੀ ਬਰਾਬਰੀ ਕਰ ਸਕਣ ਵਾਲਾ ਕੋਈ ਦੂਜਾ ਉਹਨਾਂ ਨੂੰ ਕਿਤੇ ਦਿੱਸਦਾ ਹੀ ਨਹੀਂ।

ਉਸ ਪਰਮਾਤਮਾ ਨੇ (ਉਹਨਾਂ ਸਤ-ਸੰਗੀਆਂ ਦਾ) ਲੋਕ ਪਰਲੋਕ ਸਵਾਰ ਦਿੱਤਾ ਹੈ, ਉਹਨਾਂ ਨੂੰ (ਆਪਣੇ ਚਰਨਾਂ ਵਿਚ ਲਿਵ-ਲੀਨਤਾ ਵਾਲੀ) ਐਸੀ ਥਾਂ ਬਖ਼ਸ਼ੀ ਹੈ ਜੋ ਕਦੇ ਡੋਲਦੀ ਹੀ ਨਹੀਂ। ਪ੍ਰਭੂ ਨੇ ਸੰਸਾਰ-ਸਮੁੰਦਰ ਤੋਂ ਉਹਨਾਂ ਨੂੰ (ਹੱਥ ਦੇ ਕੇ) ਰੱਖ ਲਿਆ ਹੈ, ਜਨਮਾਂ ਦੇ ਗੇੜ ਵਿਚ ਮੁੜ ਉਹਨਾਂ ਦੀ ਦੌੜ ਭੱਜ ਨਹੀਂ ਹੁੰਦੀ।

ਹੇ ਨਾਨਕ! (ਆਖ–) ਸਾਡੀ ਇਕ ਜੀਭ ਹੈ, ਪ੍ਰਭੂ ਦੇ ਅਨੇਕਾਂ ਹੀ ਗੁਣ ਹਨ (ਅਸੀਂ ਉਹਨਾਂ ਨੂੰ ਬਿਆਨ ਕਰਨ ਜੋਗੇ ਨਹੀਂ ਹਾਂ, ਪਰ) ਜੇਹੜੇ ਜੀਵ ਉਸ ਦੀ ਚਰਨੀਂ ਪੈਂਦੇ ਹਨ (ਉਸ ਦਾ ਆਸਰਾ ਤੱਕਦੇ ਹਨ) ਉਹ (ਸੰਸਾਰ-ਸਮੁੰਦਰ ਤੋਂ) ਤਰ ਜਾਂਦੇ ਹਨ।

ਫੱਗਣ ਦੇ ਮਹੀਨੇ ਵਿਚ (ਹੋਲੀਆਂ ਆਦਿਕ ਵਿਚੋਂ ਅਨੰਦ ਲੱਭਣ ਦੇ ਥਾਂ) ਸਦਾ ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, ਜਿਸ ਨੂੰ (ਆਪਣੀ ਵਡਿਆਈ ਕਰਾਣ ਦਾ) ਰਤਾ ਭਰ ਭੀ ਲਾਲਚ ਨਹੀਂ ਹੈ (ਇਸ ਵਿਚ ਸਾਡਾ ਹੀ ਭਲਾ ਹੈ) ।13

ਜਿਨਿ ਜਿਨਿ ਨਾਮੁ ਧਿਆਇਆ ਤਿਨ ਕੇ ਕਾਜ ਸਰੇ ॥ ਹਰਿ ਗੁਰੁ ਪੂਰਾ ਆਰਾਧਿਆ ਦਰਗਹ ਸਚਿ ਖਰੇ ॥ ਸਰਬ ਸੁਖਾ ਨਿਧਿ ਚਰਣ ਹਰਿ ਭਉਜਲੁ ਬਿਖਮੁ ਤਰੇ ॥ ਪ੍ਰੇਮ ਭਗਤਿ ਤਿਨ ਪਾਈਆ ਬਿਖਿਆ ਨਾਹਿ ਜਰੇ ॥ ਕੂੜ ਗਏ ਦੁਬਿਧਾ ਨਸੀ ਪੂਰਨ ਸਚਿ ਭਰੇ ॥ ਪਾਰਬ੍ਰਹਮੁ ਪ੍ਰਭੁ ਸੇਵਦੇ ਮਨ ਅੰਦਰਿ ਏਕੁ ਧਰੇ ॥ ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ ॥ ਨਾਨਕੁ ਮੰਗੈ ਦਰਸ ਦਾਨੁ ਕਿਰਪਾ ਕਰਹੁ ਹਰੇ ॥੧੪॥੧॥ {ਪੰਨਾ 136}

ਪਦ ਅਰਥ: ਜਿਨਿ = ਜਿਸ (ਮਨੁੱਖ) ਨੇ। ਸਰੇ = ਨੇਪਰੇ ਚੜ੍ਹ ਜਾਂਦੇ ਹਨ। ਖਰੇ = ਸੁਰਖ਼ਰੂ। ਦਰਗਹ ਸਚਿ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ ਵਿਚ। ਨਿਧਿ = ਖ਼ਜ਼ਾਨਾ। ਭਉਜਲੁ = ਸੰਸਾਰ-ਸਮੁੰਦਰ। ਬਿਖਮੁ = ਔਖਾ। ਤਿਨ = ਉਹਨਾਂ (ਬੰਦਿਆਂ) ਨੇ। ਬਿਖਿਆ = ਮਾਇਆ। ਜਰੇ = ਸੜਦੇ। ਕੂੜ = ਵਿਅਰਥ ਝੂਠੇ ਲਾਲਚ। ਦੁਬਿਧਾ = ਦੁਚਿੱਤਾ-ਪਨ, ਮਨ ਦੀ ਭਟਕਣਾ। ਸਚਿ = ਸੱਚੇ ਪ੍ਰਭੂ ਵਿਚ। ਭਰੇ = ਟਿਕੇ ਰਹਿੰਦੇ ਹਨ। ਧਰੇ = ਧਰਿ, ਧਰ ਕੇ। ਮਾਹ = ਮਹੀਨੇ। ਦਿਵਸ = ਦਿਹਾੜੇ। ਮੂਰਤ = ਮੁਹੂਰਤ। ਜਿਨ ਕਉ = ਜਿਨ੍ਹਾਂ ਉੱਤੇ। ਹਰੇ = ਹੇ ਹਰੀ।

ਅਰਥ: ਜਿਸ ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਹੈ, ਉਹਨਾਂ ਦੇ ਸਾਰੇ ਕਾਰਜ ਸਫਲ ਹੋ ਜਾਂਦੇ ਹਨ, ਜਿਨ੍ਹਾਂ ਨੇ ਪ੍ਰਭੂ ਨੂੰ ਪੂਰੇ ਗੁਰੂ ਨੂੰ ਆਰਾਧਿਆ ਹੈ, ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ ਵਿਚ ਸੁਰਖ਼ਰੂ ਹੁੰਦੇ ਹਨ। ਪ੍ਰਭੂ ਦੇ ਚਰਨ ਹੀ ਸਾਰੇ ਸੁੱਖਾਂ ਦਾ ਖ਼ਜ਼ਾਨਾ ਹਨ, (ਜਿਹੜੇ ਜੀਵ ਚਰਨੀਂ ਲੱਗਦੇ ਹਨ, ਉਹ) ਔਖੇ ਸੰਸਾਰ-ਸਮੁੰਦਰ ਵਿਚੋਂ (ਸਹੀ-ਸਲਾਮਤ) ਪਾਰ ਲੰਘ ਜਾਂਦੇ ਹਨ, ਉਹਨਾਂ ਨੂੰ ਪ੍ਰਭੂ ਦਾ ਪਿਆਰ ਪ੍ਰਭੂ ਦੀ ਭਗਤੀ ਪ੍ਰਾਪਤ ਹੁੰਦੀ ਹੈ, ਮਾਇਆ ਦੀ ਤ੍ਰਿਸ਼ਨਾ-ਅੱਗ ਵਿਚ ਉਹ ਨਹੀਂ ਸੜਦੇ। ਉਹਨਾਂ ਦੇ ਵਿਅਰਥ ਝੂਠੇ ਲਾਲਚ ਖ਼ਤਮ ਹੋ ਜਾਂਦੇ ਹਨ, ਉਹਨਾਂ ਦੇ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ, ਉਹ ਮੁਕੰਮਲ ਤੌਰ ਤੇ ਸਦਾ-ਥਿਰ ਹਰੀ ਵਿਚ ਟਿਕੇ ਰਹਿੰਦੇ ਹਨ, ਉਹ ਆਪਣੇ ਮਨ ਵਿਚ ਇਕੋ ਪਰਮ ਜੋਤਿ ਪਰਮਾਤਮਾ ਨੂੰ ਵਸਾ ਕੇ ਸਦਾ ਉਸ ਨੂੰ ਸਿਮਰਦੇ ਹਨ।

ਜਿਨ੍ਹਾਂ ਉੱਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ (ਆਪਣੇ ਨਾਮ ਦੀ ਦਾਤਿ ਦੇਂਦਾ ਹੈ) ਉਹਨਾਂ ਵਾਸਤੇ ਸਾਰੇ ਮਹੀਨੇ ਸਾਰੇ ਦਿਹਾੜੇ ਸਾਰੇ ਹੀ ਮੁਹੂਰਤ ਸੁਲੱਖਣੇ ਹਨ (ਸੰਗ੍ਰਾਂਦ ਆਦਿਕ ਦੀ ਪਵਿਤ੍ਰਤਾ ਦੇ ਭਰਮ-ਭੁਲੇਖੇ ਉਹਨਾਂ ਨੂੰ ਨਹੀਂ ਪੈਂਦੇ) । ਹੇ ਹਰੀ! (ਮੇਰੇ ਉੱਤੇ) ਮਿਹਰ ਕਰ, ਮੈਂ ਨਾਨਕ (ਤੇਰੇ ਦਰ ਤੋਂ ਤੇਰੇ) ਦੀਦਾਰ ਦੀ ਦਾਤਿ ਮੰਗਦਾ ਹਾਂ।14।

ਮਾਝ ਮਹਲਾ ੫ ਦਿਨ ਰੈਣਿ ੴ ਸਤਿਗੁਰ ਪ੍ਰਸਾਦਿ ॥ ਸੇਵੀ ਸਤਿਗੁਰੁ ਆਪਣਾ ਹਰਿ ਸਿਮਰੀ ਦਿਨ ਸਭਿ ਰੈਣ ॥ ਆਪੁ ਤਿਆਗਿ ਸਰਣੀ ਪਵਾਂ ਮੁਖਿ ਬੋਲੀ ਮਿਠੜੇ ਵੈਣ ॥ ਜਨਮ ਜਨਮ ਕਾ ਵਿਛੁੜਿਆ ਹਰਿ ਮੇਲਹੁ ਸਜਣੁ ਸੈਣ ॥ ਜੋ ਜੀਅ ਹਰਿ ਤੇ ਵਿਛੁੜੇ ਸੇ ਸੁਖਿ ਨ ਵਸਨਿ ਭੈਣ ॥ ਹਰਿ ਪਿਰ ਬਿਨੁ ਚੈਨੁ ਨ ਪਾਈਐ ਖੋਜਿ ਡਿਠੇ ਸਭਿ ਗੈਣ ॥ ਆਪ ਕਮਾਣੈ ਵਿਛੁੜੀ ਦੋਸੁ ਨ ਕਾਹੂ ਦੇਣ ॥ ਕਰਿ ਕਿਰਪਾ ਪ੍ਰਭ ਰਾਖਿ ਲੇਹੁ ਹੋਰੁ ਨਾਹੀ ਕਰਣ ਕਰੇਣ ॥ ਹਰਿ ਤੁਧੁ ਵਿਣੁ ਖਾਕੂ ਰੂਲਣਾ ਕਹੀਐ ਕਿਥੈ ਵੈਣ ॥ ਨਾਨਕ ਕੀ ਬੇਨੰਤੀਆ ਹਰਿ ਸੁਰਜਨੁ ਦੇਖਾ ਨੈਣ ॥੧॥ {ਪੰਨਾ 136}

ਪਦ ਅਰਥ: ਰੈਣਿ = {rjin, rAix} ਰਾਤ। ਸੇਵੀ = ਸੇਵੀਂ, ਮੈਂ ਸੇਵਾਂ। ਸਿਮਰੀ = ਸਿਮਰੀਂ, ਮੈਂ ਸਿਮਰਾਂ। ਸਭਿ = ਸਾਰੇ। ਆਪੁ = ਆਪਾ-ਭਾਵ। ਮੁਖਿ = ਮੂੰਹ ਨਾਲ। ਬੋਲੀ = ਬੋਲੀਂ, ਮੈਂ ਬੋਲਾਂ। ਵੈਣ = {vcn, vAx} ਬੋਲ। ਜਨਮ ਜਨਮ ਕਾ = ਕਈ ਜਨਮਾਂ ਦਾ। ਸੈਣ = ਸੱਜਣ। ਜੀਅ = {ਲਫ਼ਜ਼ 'ਜੀਉ' ਤੋਂ ਬਹੁ-ਵਚਨ}। ਜੋ ਜੀਅ = ਜੇਹੜੇ ਜੀਵ। ਸੁਖਿ = ਸੁਖ ਨਾਲ। ਭੈਣ = ਹੇ ਭੈਣ! {"ਡਣੁਹ}। ਚੈਨੁ = ਸ਼ਾਂਤੀ। ਗੈਣ = {ਣਣੁ} ਆਕਾਸ਼। ਆਪ ਕਮਾਣੈ = ਆਪਣੇ ਕੀਤੇ ਕਰਮਾਂ ਅਨੁਸਾਰ। ਕਾਹੂ = ਕਿਸੇ (ਹੋਰ) ਨੂੰ। ਪ੍ਰਭ = ਹੇ ਪ੍ਰਭੂ! ਕਰਣ ਕਰੇਣ = ਕਰਨ ਕਰਾਵਨ ਜੋਗਾ। ਹਰਿ = ਹੇ ਹਰੀ! ਖਾਕੂ = ਖ਼ਾਕ ਵਿਚ {ਲਫ਼ਜ਼ 'ਖਾਕੁ' ਤੋਂ 'ਖਾਕੂ'। ਵੇਖੋ 'ਗੁਰਬਾਣੀ ਵਿਆਕਰਣ}। ਕਹੀਐ = (ਅਸੀਂ ਜੀਵ) ਆਖੀਏ। ਵੈਣ = ਬਚਨ, ਤਰਲੇ, ਬੇਨਤੀਆਂ। ਸੁਰਜਨੁ = ਉੱਤਮ ਪੁਰਖ। ਦੇਖਾ = ਦੇਖਾਂ, ਮੈਂ ਵੇਖਾਂ।1।

ਅਰਥ: (ਹੇ ਭੈਣ! ਪ੍ਰਭੂ ਮਿਹਰ ਕਰੇ) ਮੈਂ ਆਪਣੇ ਗੁਰੂ ਦੀ ਸਰਨ ਪਵਾਂ, ਤੇ ਮੈਂ ਆਪਣੀ ਜ਼ਿੰਦਗੀ ਦੇ ਸਾਰੇ ਦਿਨ ਤੇ ਸਾਰੀਆਂ ਰਾਤਾਂ ਪਰਮਾਤਮਾ ਦਾ ਸਿਮਰਨ ਕਰਦੀ ਰਹਾਂ। ਆਪਾ-ਭਾਵ ਤਿਆਗ ਕੇ (ਹਉਮੈ ਅਹੰਕਾਰ ਛੱਡ ਕੇ) ਮੈਂ ਗੁਰੂ ਦੀ ਸਰਨ ਪਵਾਂ ਤੇ ਮੂੰਹ ਨਾਲ (ਉਸ ਅੱਗੇ ਇਹ) ਮਿੱਠੇ ਬੋਲ ਬੋਲਾਂ (ਕਿ ਹੇ ਸਤਿਗੁਰੂ!) ਮੈਨੂੰ ਸੱਜਣ ਪ੍ਰਭੂ ਮਿਲਾ ਦੇਹ, ਮੇਰਾ ਮਨ ਕਈ ਜਨਮਾਂ ਦਾ ਉਸ ਤੋਂ ਵਿੱਛੁੜਿਆ ਹੋਇਆ ਹੈ।

ਹੇ ਭੈਣ! ਜੇਹੜੇ ਜੀਵ ਪਰਮਾਤਮਾ ਤੋਂ ਵਿੱਛੁੜੇ ਰਹਿੰਦੇ ਹਨ ਉਹ ਸੁਖ ਨਾਲ ਨਹੀਂ ਵੱਸ ਸਕਦੇ। ਮੈਂ ਸਾਰੇ (ਧਰਤੀ) ਆਕਾਸ਼ ਖੋਜ ਕੇ ਵੇਖ ਲਿਆ ਹੈ ਕਿ ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਆਤਮਕ ਸੁਖ ਨਹੀਂ ਮਿਲ ਸਕਦਾ।

(ਹੇ ਭੈਣ!) ਮੈਂ ਆਪਣੇ ਕੀਤੇ ਕਰਮਾਂ ਅਨੁਸਾਰ (ਪ੍ਰਭੂ-ਪਤੀ ਤੋਂ) ਵਿੱਛੁੜੀ ਹੋਈ ਹਾਂ (ਇਸ ਬਾਰੇ) ਮੈਂ ਕਿਸੇ ਹੋਰ ਨੂੰ ਦੋਸ਼ ਨਹੀਂ ਦੇ ਸਕਦੀ।

ਹੇ ਪ੍ਰਭੂ! ਮਿਹਰ ਕਰ, ਮੇਰੀ ਰੱਖਿਆ ਕਰ, ਤੈਥੋਂ ਬਿਨਾ ਹੋਰ ਕੋਈ ਕੁਝ ਕਰਨ ਕਰਾਵਨ ਦੀ ਸਮਰੱਥਾ ਨਹੀਂ ਰੱਖਦਾ। ਹੇ ਹਰੀ! ਤੇਰੇ ਮਿਲਾਪ ਤੋਂ ਬਿਨਾ ਮਿੱਟੀ ਵਿਚ ਰੁਲ ਜਾਈਦਾ ਹੈ। (ਇਸ ਦੁੱਖ ਦੇ) ਕੀਰਨੇ ਹੋਰ ਕਿਸ ਨੂੰ ਦੱਸੀਏ?

(ਹੇ ਭੈਣ!) ਨਾਨਕ ਦੀ ਇਹ ਬੇਨਤੀ ਹੈ ਕਿ ਮੈਂ ਕਿਸੇ ਤਰ੍ਹਾਂ ਆਪਣੀ ਅੱਖੀਂ ਉਸ ਉੱਤਮ ਪੁਰਖ ਪਰਮਾਤਮਾ ਦਾ ਦਰਸਨ ਕਰਾਂ।1।

TOP OF PAGE

Sri Guru Granth Darpan, by Professor Sahib Singh