ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 137 ਜੀਅ ਕੀ ਬਿਰਥਾ ਸੋ ਸੁਣੇ ਹਰਿ ਸੰਮ੍ਰਿਥ ਪੁਰਖੁ ਅਪਾਰੁ ॥ ਮਰਣਿ ਜੀਵਣਿ ਆਰਾਧਣਾ ਸਭਨਾ ਕਾ ਆਧਾਰੁ ॥ ਸਸੁਰੈ ਪੇਈਐ ਤਿਸੁ ਕੰਤ ਕੀ ਵਡਾ ਜਿਸੁ ਪਰਵਾਰੁ ॥ ਊਚਾ ਅਗਮ ਅਗਾਧਿ ਬੋਧ ਕਿਛੁ ਅੰਤੁ ਨ ਪਾਰਾਵਾਰੁ ॥ ਸੇਵਾ ਸਾ ਤਿਸੁ ਭਾਵਸੀ ਸੰਤਾ ਕੀ ਹੋਇ ਛਾਰੁ ॥ ਦੀਨਾ ਨਾਥ ਦੈਆਲ ਦੇਵ ਪਤਿਤ ਉਧਾਰਣਹਾਰੁ ॥ ਆਦਿ ਜੁਗਾਦੀ ਰਖਦਾ ਸਚੁ ਨਾਮੁ ਕਰਤਾਰੁ ॥ ਕੀਮਤਿ ਕੋਇ ਨ ਜਾਣਈ ਕੋ ਨਾਹੀ ਤੋਲਣਹਾਰੁ ॥ ਮਨ ਤਨ ਅੰਤਰਿ ਵਸਿ ਰਹੇ ਨਾਨਕ ਨਹੀ ਸੁਮਾਰੁ ॥ ਦਿਨੁ ਰੈਣਿ ਜਿ ਪ੍ਰਭ ਕੰਉ ਸੇਵਦੇ ਤਿਨ ਕੈ ਸਦ ਬਲਿਹਾਰ ॥੨॥ {ਪੰਨਾ 137} ਪਦ ਅਰਥ: ਜੀਅ ਕੀ = ਜਿੰਦ ਦੀ। ਬਿਰਥਾ = {ÒXQw} ਪੀੜਾ। ਸੰਮ੍ਰਿਥ = {smQL} ਹਰੇਕ ਕਿਸਮ ਦੀ ਤਾਕਤ ਰੱਖਣ ਵਾਲਾ। ਪੁਰਖੁ = ਸਭ ਵਿਚ ਵਿਆਪਕ। ਮਰਣਿ ਜੀਵਣਿ = ਸਾਰੀ ਉਮਰ। ਆਧਾਰੁ = ਆਸਰਾ। ਸਸੁਰੈ = ਸਹੁਰੇ ਘਰ ਵਿਚ, ਪਰਲੋਕ ਵਿਚ। ਪੇਈਐ = ਪੇਕੇ ਘਰ ਵਿਚ, ਇਸ ਲੋਕ ਵਿਚ। ਜਿਸੁ = ਜਿਸ (ਕੰਤ) ਦਾ। ਅਗਾਧਿ ਬੋਧ = ਜਿਸ ਦਾ ਬੋਧ ਅਗਾਧ ਹੈ, ਅਥਾਹ ਗਿਆਨ ਦਾ ਮਾਲਕ। ਛਾਰੁ = ਸੁਆਹ, ਚਰਨ-ਧੂੜ। ਦੈਆਲ = {ਨ;ਕ ਵਕੇ;} ਦਇਆ ਦਾ ਘਰ। ਆਦਿ ਜੁਗਾਦੀ = ਮੁੱਢ ਤੋਂ ਹੀ। ਸੁਮਾਰੁ = ਗਿਣਤੀ, ਅੰਦਾਜ਼ਾ। ਤਿਨ ਕੈ = ਉਹਨਾਂ ਤੋਂ। ਸਦ = ਸਦਾ।2। ਅਰਥ: ਪਰਮਾਤਮਾ ਸਭ ਤਾਕਤਾਂ ਦਾ ਮਾਲਕ ਹੈ, ਸਭ ਵਿਚ ਵਿਆਪਕ ਹੈ ਤੇ ਬੇਅੰਤ ਹੈ, ਉਹੀ ਜਿੰਦ ਦਾ ਦੁਖ-ਦਰਦ ਸੁਣਦਾ ਹੈ। ਸਾਰੀ ਹੀ ਉਮਰ ਉਸਦਾ ਆਰਾਧਨ ਕਰਨਾ ਚਾਹੀਦਾ ਹੈ, ਉਹ ਸਭ ਜੀਵਾਂ ਦਾ ਆਸਰਾ-ਪਰਨਾ ਹੈ। (ਸ੍ਰਿਸ਼ਟੀ ਦੇ ਬੇਅੰਤ ਹੀ ਜੀਵ) ਜਿਸ ਪ੍ਰਭੂ-ਪਤੀ ਦਾ (ਬੇਅੰਤ) ਵੱਡਾ ਪਰਵਾਰ ਹੈ, ਜੀਵ-ਇਸਤ੍ਰੀ ਲੋਕ ਪਰਲੋਕ ਵਿਚ ਉਸੇ ਦੇ ਆਸਰੇ ਹੀ ਰਹਿ ਸਕਦੀ ਹੈ। ਉਹ ਪਰਮਾਤਮਾ (ਆਤਮਾ ਉਡਾਰੀਆਂ ਵਿਚ ਸਭ ਤੋਂ) ਉੱਚਾ ਹੈ, ਅਪਹੁੰਚ ਹੈ, ਅਥਾਹ ਗਿਆਨ ਦਾ ਮਾਲਕ ਹੈ, ਉਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ। ਉਹੀ ਸੇਵਾ ਉਸ ਪ੍ਰਭੂ ਨੂੰ ਪਸੰਦ ਆਉਂਦੀ ਹੈ, ਜੇਹੜੀ ਉਸਦੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣ ਕੇ ਕੀਤੀ ਜਾਏ, ਉਹ ਗਰੀਬਾਂ ਦਾ ਖਸਮ-ਸਹਾਰਾ ਹੈ, ਉਹ ਵਿਕਾਰਾਂ ਵਿਚ ਡਿੱਗੇ ਜੀਵਾਂ ਨੂੰ ਬਚਾਣ ਵਾਲਾ ਹੈ। ਉਹ ਕਰਤਾਰ ਸ਼ੁਰੂ ਤੋਂ ਹੀ (ਜੀਵਾਂ) ਦੀ ਰੱਖਿਆ ਕਰਦਾ ਆ ਰਿਹਾ ਹੈ, ਉਸ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਹੈ। ਕੋਈ ਜੀਵ ਉਸ ਦਾ ਮੁੱਲ ਨਹੀਂ ਪਾ ਸਕਦਾ, ਕੋਈ ਜੀਵ ਉਸਦੀ ਹਸਤੀ ਦਾ ਅੰਦਾਜ਼ਾ ਨਹੀਂ ਲਾ ਸਕਦਾ। ਹੇ ਨਾਨਕ! ਉਹ ਪ੍ਰਭੂ ਜੀ ਹਰੇਕ ਜੀਵ ਦੇ ਮਨ ਵਿਚ ਤਨ ਵਿਚ ਮੌਜੂਦ ਹਨ। ਉਸ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਮੈਂ ਉਹਨਾਂ ਬੰਦਿਆਂ ਤੋਂ ਸਦਾ ਕੁਰਬਾਨ ਜਾਂਦਾ ਹਾਂ, ਜੇਹੜੇ ਦਿਨ ਰਾਤ ਪ੍ਰਭੂ ਦਾ ਸਿਮਰਨ ਕਰਦੇ ਰਹਿੰਦੇ ਹਨ।2। ਸੰਤ ਅਰਾਧਨਿ ਸਦ ਸਦਾ ਸਭਨਾ ਕਾ ਬਖਸਿੰਦੁ ॥ ਜੀਉ ਪਿੰਡੁ ਜਿਨਿ ਸਾਜਿਆ ਕਰਿ ਕਿਰਪਾ ਦਿਤੀਨੁ ਜਿੰਦੁ ॥ ਗੁਰ ਸਬਦੀ ਆਰਾਧੀਐ ਜਪੀਐ ਨਿਰਮਲ ਮੰਤੁ ॥ ਕੀਮਤਿ ਕਹਣੁ ਨ ਜਾਈਐ ਪਰਮੇਸੁਰੁ ਬੇਅੰਤੁ ॥ ਜਿਸੁ ਮਨਿ ਵਸੈ ਨਰਾਇਣੋ ਸੋ ਕਹੀਐ ਭਗਵੰਤੁ ॥ ਜੀਅ ਕੀ ਲੋਚਾ ਪੂਰੀਐ ਮਿਲੈ ਸੁਆਮੀ ਕੰਤੁ ॥ ਨਾਨਕੁ ਜੀਵੈ ਜਪਿ ਹਰੀ ਦੋਖ ਸਭੇ ਹੀ ਹੰਤੁ ॥ ਦਿਨੁ ਰੈਣਿ ਜਿਸੁ ਨ ਵਿਸਰੈ ਸੋ ਹਰਿਆ ਹੋਵੈ ਜੰਤੁ ॥੩॥ {ਪੰਨਾ 137} ਪਦ ਅਰਥ: ਅਰਾਧਨਿ = ਆਰਾਧਦੇ ਹਨ। ਸਦ = ਸਦਾ। ਬਖਸਿੰਦੁ = ਬਖਸ਼ਣ ਵਾਲਾ। ਜੀਉ = ਜਿੰਦ, ਜੀਵਾਤਮਾ। ਪਿੰਡੁ = ਸਰੀਰ। ਜਿਨਿ = ਜਿਸ (ਪਰਮਾਤਮਾ) ਨੇ। ਦਿਤੀਨੁ = ਦਿਤੀ ਉਨਿ, ਉਸ ਨੇ ਦਿੱਤੀ ਹੈ। ਜਪੀਐ = ਜਪਣਾ ਚਾਹੀਦਾ ਹੈ। ਮੰਤੁ = ਮੰਤਰ, ਜਾਪ। ਮਨਿ = ਮਨ ਵਿਚ। ਨਰਾਇਣੋ = ਨਰਾਇਣੁ। ਭਗਵੰਤੁ = ਭਾਗਾਂ ਵਾਲਾ। ਜੀਅ ਕੀ = ਜਿੰਦ ਦੀ। ਲੋਚਾ = ਤਾਂਘ। ਦੋਖ = ਪਾਪ। ਹੰਤੁ = ਨਾਸ ਹੋ ਜਾਂਦੇ ਹਨ। ਹਰਿਆ = ਆਤਮਕ ਜੀਵਨ ਵਾਲਾ (ਜਿਵੇਂ ਸੁੱਕਾ ਹੋਇਆ ਰੁੱਖ ਪਾਣੀ ਨਾਲ ਹਰਾ ਹੋ ਜਾਂਦਾ ਹੈ, ਜਿਊ ਪੈਂਦਾ ਹੈ) ।3। ਅਰਥ: ਜਿਸ (ਪਰਮਾਤਮਾ) ਨੇ (ਸਭ ਜੀਵਾਂ ਦੀ) ਜਿੰਦ ਸਾਜੀ ਹੈ (ਸਭ ਦਾ) ਸਰੀਰ ਪੈਦਾ ਕੀਤਾ ਹੈ, ਮਿਹਰ ਕਰ ਕੇ (ਸਭ ਨੂੰ) ਜਿੰਦ ਦਿੱਤੀ ਹੈ, ਜੋ ਸਭ ਜੀਵਾਂ ਉੱਤੇ ਬਖ਼ਸ਼ਸ਼ਾਂ ਕਰਨ ਵਾਲਾ ਹੈ, ਜਿਸ ਨੂੰ ਸੰਤ ਜਨ ਸਦਾ ਹੀ ਆਰਾਧਦੇ ਹਨ, ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦਾ ਸਿਮਰਨ ਕਰਨਾ ਚਾਹੀਦਾ ਹੈ ਉਸ ਦਾ ਪਵਿਤ੍ਰ ਜਾਪ ਜਪਣਾ ਚਾਹੀਦਾ ਹੈ। ਉਹ ਪਰਮਾਤਮਾ ਸਭ ਤੋਂ ਵਡਾ ਮਾਲਕ (ਈਸ਼ਰ) ਹੈ, ਉਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਜਿਸ ਮਨੁੱਖ ਨੂੰ ਨਾਹ ਦਿਨੇ ਨਾਹ ਰਾਤ ਕਿਸੇ ਵੇਲੇ ਭੀ ਪਰਮਾਤਮਾ ਨਹੀਂ ਭੁਲਦਾ ਉਸ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ, ਉਹ ਮਨੁੱਖ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ (ਜਿਵੇਂ ਪਾਣੀ ਖੁਣੋਂ ਸੁੱਕ ਰਿਹਾ ਰੁੱਖ ਪਾਣੀ ਨਾਲ ਹਰਾ ਹੋ ਜਾਂਦਾ ਹੈ) ।3। ਸਰਬ ਕਲਾ ਪ੍ਰਭ ਪੂਰਣੋ ਮੰਞੁ ਨਿਮਾਣੀ ਥਾਉ ॥ ਹਰਿ ਓਟ ਗਹੀ ਮਨ ਅੰਦਰੇ ਜਪਿ ਜਪਿ ਜੀਵਾਂ ਨਾਉ ॥ ਕਰਿ ਕਿਰਪਾ ਪ੍ਰਭ ਆਪਣੀ ਜਨ ਧੂੜੀ ਸੰਗਿ ਸਮਾਉ ॥ ਜਿਉ ਤੂੰ ਰਾਖਹਿ ਤਿਉ ਰਹਾ ਤੇਰਾ ਦਿਤਾ ਪੈਨਾ ਖਾਉ ॥ ਉਦਮੁ ਸੋਈ ਕਰਾਇ ਪ੍ਰਭ ਮਿਲਿ ਸਾਧੂ ਗੁਣ ਗਾਉ ॥ ਦੂਜੀ ਜਾਇ ਨ ਸੁਝਈ ਕਿਥੈ ਕੂਕਣ ਜਾਉ ॥ ਅਗਿਆਨ ਬਿਨਾਸਨ ਤਮ ਹਰਣ ਊਚੇ ਅਗਮ ਅਮਾਉ ॥ ਮਨੁ ਵਿਛੁੜਿਆ ਹਰਿ ਮੇਲੀਐ ਨਾਨਕ ਏਹੁ ਸੁਆਉ ॥ ਸਰਬ ਕਲਿਆਣਾ ਤਿਤੁ ਦਿਨਿ ਹਰਿ ਪਰਸੀ ਗੁਰ ਕੇ ਪਾਉ ॥੪॥੧॥ {ਪੰਨਾ 137} ਪਦ ਅਰਥ: ਪੂਰਣੋ = ਪੂਰਣੁ। ਕਲਾ = ਸ਼ਕਤੀ। ਸਰਬ ਕਲਾ ਪੂਰਣੋ = ਸਾਰੀਆਂ ਸ਼ਕਤੀਆਂ ਨਾਲ ਭਰਪੂਰ। ਪ੍ਰਭੂ = ਹੇ ਪ੍ਰਭੂ! ਮੰਞੁ = ਮੇਰਾ। ਥਾਉ = ਥਾਂ, ਆਸਰਾ। ਹਰੀ = ਹੇ ਹਰੀ! ਓਟ = ਸਹਾਰਾ, ਆਸਰਾ। ਗਹੀ = ਫੜੀ। ਜੀਵਾਂ = ਮੈਂ ਜੀਊਂਦਾ ਹਾਂ, ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ। ਪ੍ਰਭ = ਹੇ ਪ੍ਰਭੂ! ਸਮਾਉ = ਸਮਾਉਂ, ਮੈਂ ਸਮਾਇਆ ਰਹਾਂ। ਮਿਲਿ = ਮਿਲਿ ਕੇ। ਸਾਧੂ = ਗੁਰੂ। ਜਾਇ ਥਾਂ। ਅਗਿਆਨ ਬਿਨਾਸਨ = ਹੇ ਅਗਿਆਨ ਨਾਸ ਕਰਨ ਵਾਲੇ! ਤਮ ਹਰਨ = ਹੇ ਹਨੇਰਾ ਦੂਰ ਕਰਨ ਵਾਲੇ! ਅਮਾਉ = ਅਮਾਪ, ਅਮਿੱਤ। ਹਰਿ = ਹੇ ਹਰੀ! ਸੁਆਉ = ਸੁਆਰਥ, ਮਨੋਰਥ। ਤਿਤੁ = ਉਸ ਵਿਚ। ਦਿਨਿ = ਦਿਨ ਵਿਚ। ਤਿਤ ਦਿਨਿ = ਉਸ ਦਿਨ ਵਿਚ। ਹਰਿ = ਹੇ ਹਰੀ! ਪਰਸੀ = ਪਰਸੀਂ, ਮੈਂ ਛੁਹਾਂ। ਪਾਉ = ਪੈਰ।4। ਅਰਥ: ਹੇ ਪ੍ਰਭੂ! ਤੂੰ ਸਾਰੀਆਂ ਸ਼ਕਤੀਆਂ ਨਾਲ ਭਰਪੂਰ ਹੈਂ, ਮੈੰ ਨਿਮਾਣੀ ਦਾ ਤੂੰ ਆਸਰਾ ਹੈਂ। ਹੇ ਹਰੀ! ਮੈਂ ਆਪਣੇ ਮਨ ਵਿਚ ਤੇਰੀ ਓਟ ਲਈ ਹੈ, ਤੇਰਾ ਨਾਮ ਜਪ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ। ਹੇ ਪ੍ਰਭੂ! ਆਪਣੀ ਮਿਹਰ ਕਰ ਮੈਂ ਤੇਰੇ ਸੰਤ ਜਨਾਂ ਦੀ ਚਰਨ-ਧੂੜ ਵਿਚ ਸਮਾਇਆ ਰਹਾਂ। ਜਿਸ ਹਾਲ ਵਿਚ ਤੂੰ ਮੈਨੂੰ ਰੱਖਦਾ ਹੈਂ ਮੈਂ (ਖ਼ੁਸ਼ੀ ਨਾਲ) ਉਸੇ ਹਾਲ ਵਿਚ ਰਹਿੰਦਾ ਹਾਂ, ਜੋ ਕੁਝ ਤੂੰ ਮੈਨੂੰ ਦੇਂਦਾ ਹੈਂ ਉਹੀ ਮੈਂ ਪਹਿਨਦਾ ਹਾਂ ਉਹੀ ਮੈਂ ਖਾਂਦਾ ਹਾਂ। ਹੇ ਪ੍ਰਭੂ! ਮੇਰੇ ਪਾਸੋਂ ਉਹੀ ਉੱਦਮ ਕਰਾ (ਜਿਸ ਦੀ ਬਰਕਤਿ ਨਾਲ) ਮੈਂ ਗੁਰੂ ਨੂੰ ਮਿਲ ਕੇ ਤੇਰੇ ਗੁਣ ਗਾਂਦਾ ਰਹਾਂ। (ਤੈਥੋਂ ਬਿਨਾ) ਮੈਨੂੰ ਹੋਰ ਕੋਈ ਥਾਂ ਨਹੀਂ ਸੁੱਝਦੀ। ਤੈਥੋਂ ਬਿਨਾ ਮੈਂ ਹੋਰ ਕਿਸ ਦੇ ਅੱਗੇ ਫਰਿਆਦ ਕਰਾਂ? ਹੇ ਅਗਿਆਨਤਾ ਦਾ ਨਾਸ ਕਰਨ ਵਾਲੇ ਹਰੀ! ਹੇ (ਮੋਹ ਦਾ) ਹਨੇਰਾ ਦੂਰ ਕਰਨ ਵਾਲੇ ਹਰੀ! ਹੇ (ਸਭ ਤੋਂ) ਉੱਚੇ! ਹੇ ਅਪਹੁੰਚ! ਹੇ ਅਮਿੱਤ ਹਰੀ! ਨਾਨਕ ਦਾ ਇਹ ਮਨੋਰਥ ਹੈ ਕਿ (ਨਾਨਕ ਦੇ) ਵਿੱਛੁੜੇ ਹੋਏ ਮਨ ਨੂੰ (ਆਪਣੇ ਚਰਨਾਂ ਵਿਚ ਮਿਲਾ ਲੈ। ਹੇ ਹਰੀ! (ਮੈਨੂੰ ਨਾਨਕ ਨੂੰ) ਉਸ ਦਿਨ ਸਾਰੇ ਹੀ ਸੁਖ (ਪ੍ਰਾਪਤ ਹੋ ਜਾਂਦੇ ਹਨ) ਜਦੋਂ ਮੈਂ ਗੁਰੂ ਦੇ ਚਰਨ ਛੁੰਹਦਾ ਹਾਂ।4।1। ਮਾਝ ਕੀ ਵਾਰ ਮਹਲਾ 1 ਪਉੜੀ-ਵਾਰ ਭਾਵ: (1) ਇਸ ਬਹੁ-ਰੰਗੀ ਜਗਤ ਵਿਚ ਜੀਵ 'ਨਾਮ' ਤੋਂ ਬਿਨਾ ਦੁਖੀ ਹੋ ਰਿਹਾ ਹੈ। (2) ਬਹੁ-ਰੰਗੀ ਪਦਾਰਥਾਂ ਦੇ ਮੋਹ ਵਿਚ ਜੀਵ ਕਰਤਾਰ ਨੂੰ ਭੁੱਲ ਜਾਂਦਾ ਹੈ ਤੇ ਇਸ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਭੜਕਦੀ ਹੈ। (3) ਇਹ ਬਹੁ-ਰੰਗੀ ਜਗਤ ਹੈ ਤਾਂ ਪ੍ਰਭੂ ਆਪਣਾ ਸਰੂਪ, ਪਰ ਹਉਮੈ ਅਹੰਕਾਰ ਤੇ ਲੋਭ ਦੇ ਕਾਰਣ ਜੀਵ ਨੂੰ ਇਸ ਅਸਲੀਅਤ ਦੀ ਸਮਝ ਨਹੀਂ ਪੈਂਦੀ। (4) ਮੂਰਖ ਪਰਾਈ ਵਸਤ ਨੂੰ ਆਪਣੀ ਜਾਣ ਕੇ ਭੋਗਾਂ ਵਿਚ ਪ੍ਰਵਿਰਤ ਹੁੰਦਾ ਹੈ ਤੇ ਦੁੱਖ ਉਠਾਂਦਾ ਹੈ। (5) ਜਿਤਨਾ ਚਿਰ ਜੀਵ ਦੇ ਅੰਦਰ ਤ੍ਰਿਸ਼ਨਾ ਦਾ ਭਾਂਬੜ ਮਚਿਆ ਪਿਆ ਹੈ, ਤਦ ਤਕ ਜੰਗਲ ਵਿਚ ਭੀ ਜਾ ਡੇਰਾ ਲਾਇਆਂ ਸ਼ਾਂਤੀ ਨਹੀਂ ਮਿਲਦੀ। (6) ਵਿੱਦਿਆ ਪ੍ਰਾਪਤ ਕਰ ਕੇ ਆਗੂ-ਪ੍ਰਚਾਰਕ ਬਣਿਆਂ ਭੀ ਜੀਵ ਦਾ ਆਪਣਾ ਕੁਝ ਨਹੀਂ ਸਉਰਦਾ। ਮੂਰਖ ਦਾ ਮੂਰਖ ਹੀ ਰਹਿੰਦਾ ਹੈ। (7) ਜਦ ਤਕ ਜੀਵ ਕੱਚ ਦਾ ਵਪਾਰੀ ਹੈ ਜਦ ਤਕ ਮਾਇਆ ਵਿਚ ਫਸਿਆ ਹੋਇਆ ਹੈ ਤਦ ਤਾਈਂ ਇਹ ਕੰਗਾਲ ਹੀ ਹੈ ਦੁਖੀ ਹੈ। (8) ਮੂਰਖ ਇਸ ਬਾਗ਼ ਮਿਲਖ ਘਰ ਬਾਰ ਨੂੰ 'ਆਪਣਾ' ਸਮਝਦਾ ਹੈ, ਇਹ 'ਅਪਣੱਤ' ਹੀ ਇਸ ਦੇ ਦੁੱਖਾਂ ਦਾ ਮੂਲ ਹੈ। (9) 'ਅਪਣੱਤ' ਵਿਚ ਪੈ ਕੇ ਜੀਵ 'ਆਪੇ' ਨੂੰ ਨਹੀਂ ਪਛਾਣਦਾ, ਮਾਇਕ ਪਦਾਰਥਾਂ ਦੇ ਮੋਹ ਵਿਚ ਦੀਵਾਨਾ ਜਿਹਾ ਹੈ ਤੇ ਖਪਦਾ ਦੋਖੀ ਹੁੰਦਾ ਹੈ। (10) ਬਹੁ-ਰੰਗੀ ਪਦਾਰਥਾਂ ਦੇ ਭੋਗ ਮਹੁਰੇ-ਸਮਾਨ ਹਨ। ਜੋ ਭੀ ਇਹਨਾਂ ਵਿਚ ਵਸਿਆ, ਉਹੀ ਮਾਰਿਆ ਗਿਆ ਭਾਵੇਂ ਕਿਸੇ ਜਾਤਿ ਦਾ ਹੋਵੇ। 'ਜਾਤਿ' ਭੀ ਮਦਦ ਨਹੀਂ ਕਰਦੀ। (11) ਬਹੁ-ਰੰਗੀ ਪਦਾਰਥਾਂ ਦੀਆਂ 'ਆਸਾਂ' ਬਣਾ ਬਣਾ ਕੇ ਜੀਵ ਮੌਤ ਨੂੰ ਭੀ ਭੁਲਾ ਦੇਂਦਾ ਹੈ, ਆਪਣੇ ਆਪ ਨੂੰ ਚੰਗਾ ਸਮਝਦਾ ਹੈ, ਲੂਣ-ਹਰਾਮੀ ਜੀਵ ਪ੍ਰਭੂ ਦੇ ਉਪਕਾਰ ਵਿਸਾਰ ਕੇ ਦੁਖੀ ਹੁੰਦਾ ਹੈ। (12) ਜਦ ਤਕ ਜੀਵ ਦੇ ਅੰਦਰ 'ਮਾਇਆ' ਵਾਲਾ 'ਖੋਟ' ਹੈ ਤਦ ਤਕ ਇਹ ਰੱਬੀ ਦਰਗਾਹ ਤੋਂ ਦੂਰ ਹੈ। ਪਰ ਜਿਸ ਨੂੰ ਗੁਰੂ ਦੀ 'ਸਰਣ' ਪ੍ਰਾਪਤ ਹੋ ਜਾਏ ਉਹ ਖੋਟਿਓਂ ਖਰਾ ਹੋ ਜਾਂਦਾ ਹੈ। (13) ਗੁਰੂ ਦੇ ਸਨਮੁਖ ਹੋਇਆਂ 'ਅਪਣੱਤ' ਦਾ ਨਾਸ ਹੁੰਦਾ ਹੈ, ਬਹੁ-ਰੰਗੀ ਪਦਾਰਥਾਂ ਦੇ ਥਾਂ ਜੀਵ ਕਰਤਾਰ ਨੂੰ ਸੱਚਾ ਸਾਥੀ ਸਮਝਣ ਲੱਗ ਪੈਂਦਾ ਹੈ। (14) ਪਰ, ਗੁਰੂ ਦੇ ਸਨਮੁਖ ਤਾਂ ਹੀ ਹੋ ਸਕਦਾ ਹੈ ਜੇ ਪ੍ਰਭੂ ਦੀ ਮਿਹਰ ਹੋਵੇ। ਗੁਰੂ ਦੀ ਸਿੱਖਿਆ ਤੇ ਤੁਰ ਕੇ 'ਨਾਮ' ਸਿਮਰ ਕੇ 'ਆਪਾ' ਗਵਾਈਦਾ ਹੈ, ਇਸ ਤਰ੍ਹਾਂ ਪ੍ਰਭੂ ਵਿਚ ਜੁੜਿਆਂ ਸੁਖੀ ਹੋਈਦਾ ਹੈ। (15) ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰਿਆਂ ਪ੍ਰਭੂ ਦਾ 'ਨਾਮ' ਪ੍ਰਾਪਤ ਹੁੰਦਾ ਹੈ ਤੇ ਪ੍ਰਭੂ ਵਿਚ ਲੀਨ ਹੋ ਜਾਈਦਾ ਹੈ। (16) ਪਰ ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਹਉਮੈ ਦੇ ਕਾਰਣ ਦੁਖੀ ਹੁੰਦੇ ਹਨ। (17) 'ਨਾਮ' ਪੂਰੇ ਗੁਰੂ ਤੋਂ ਹੀ ਮਿਲਦਾ ਹੈ, ਪਰ, ਗੁਰੂ ਦਾ ਰਾਹ ਛੱਡ ਕੇ ਮਨ ਦੇ ਮਗਰ ਤੁਰਨ ਵਾਲੇ ਦੁਨੀਆ ਦੇ ਧੰਧਿਆਂ ਵਿਚ ਹੀ ਠੱਗੇ ਜਾਂਦੇ ਹਨ ਤੇ ਜ਼ਿੰਦਗੀ ਵਿਅਰਥ ਗੁਆ ਲੈਂਦੇ ਹਨ। (18) ਆਤਮਾ ਲਈ 'ਭਾਉ'-ਰੂਪ 'ਭੋਜਨ' ਸਤਿਗੁਰੂ ਤੋਂ ਹੀ ਮਿਲਦਾ ਹੈ। ਗੁਰੂ ਨੇ ਤ੍ਰੱੁਠ ਕੇ ਜਿਸ ਨੂੰ ਇਹ ਦਾਤਿ ਦਿੱਤੀ, ਉਸ ਦਾ ਆਤਮਾ ਖਿੜਿਆ ਰਹਿੰਦਾ ਹੈ। (19) ਜਗਤ ਤ੍ਰਿਸ਼ਨਾ ਦੀ ਅੱਗ ਵਿਚ ਸੜ ਰਿਹਾ ਹੈ; ਜਿਉਂ ਜਿਉਂ ਲਾਲਚ ਵਿਚ ਪ੍ਰਵਿਰਤ ਹੁੰਦਾ ਹੈ, ਇਹ ਅੱਗ ਹੋਰ ਭੜਕਦੀ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਇਹ ਬੁੱਝਦੀ ਹੈ। (20) ਦੁਨੀਆ ਦੇ ਸਿਰ ਤੇ ਹਰ ਵੇਲੇ ਮੌਤ ਦਾ ਸਹਮ ਕਾਇਮ ਹੈ; ਦੁਨੀਆ ਦੇ ਪਦਾਰਥਾਂ ਦਾ ਸਾਥ ਨਿਭਦਾ ਨਹੀਂ ਸਾਥ ਨਿਭਦਾ ਨਹੀਂ, ਪਰ ਧੰਧਿਆਂ ਵਿਚ ਫਸਿਆ ਜੀਵ ਸਮਝਦਾ ਨਹੀਂ। ਇਹ ਸਮਝ ਸਤਿਗੁਰੂ ਦੀ ਮਿਹਰ ਨਾਲ ਹੀ ਆਉਂਦੀ ਹੈ। (21) ਮਨੁੱਖ ਪਿਛਲੀਆਂ ਬਣੀਆਂ 'ਵਾਦੀਆਂ' ਦੇ ਆਸਰੇ ਤੁਰਦਾ ਹੈ, ਧਾਰਮਿਕ ਪੁਸਤਕਾਂ ਦੇ ਪਾਠ ਤੇ ਵਿਖਿਆਨ ਜਾਂ ਧਾਰਮਿਕ ਭੇਖ ਦੀ ਰਾਹੀਂ 'ਵਾਦੀਆਂ' ਦੀ ਲੀਹ ਵਿਚੋਂ ਨਿਕਲ ਕੇ 'ਨਾਮ' ਵਿਚ ਲੀਨ ਨਹੀਂ ਹੋ ਸਕੀਦਾ। ਸਤਿਗੁਰੂ ਦੇ ਸ਼ਬਦ ਦੀ ਰਾਹੀਂ ਸਿਫ਼ਤਿ-ਸਾਲਾਹ ਹੀ ਪ੍ਰਭੂ ਵਿਚ ਜੋੜਦੀ ਹੈ। (22) ਜੋ ਮਨੁੱਖ ਗੁਰ-ਸ਼ਬਦ ਰਾਹੀਂ ਸਿਫ਼ਤਿ-ਸਾਲਾਹ ਕਰਦੇ ਹਨ, ਉਹ ਖਸਮ-ਪ੍ਰਭੂ ਦੇ ਨੇੜੇ ਹੋਣ ਕਰਕੇ ਸੋਹਣੇ ਲਗਦੇ ਹਨ, ਉਹਨਾਂ ਨਾਲ ਖਸਮ-ਪ੍ਰਭੂ ਪਿਆਰ ਕਰਦਾ ਹੈ। (23) ਖਸਮ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਕੇ ਢਾਡੀ ਦਾ ਹਿਰਦਾ-ਕਉਲ ਖਿੜ ਜਾਂਦਾ ਹੈ, ਵਿਕਾਰ ਉਸ ਦੇ ਨੇੜੇ ਨਹੀਂ ਢੁਕਦੇ। ਇਹ ਸੱਚਾ ਰਸਤਾ ਉਸ ਨੂੰ ਗੁਰੂ ਤੋਂ ਮਿਲਦਾ ਹੈ। (24) ਜਿਸ ਮਨੁੱਖ ਉਤੇ ਪ੍ਰਭੂ ਮਿਹਰ ਕਰੇ, ਉਸ ਨੂੰ ਸਤਿਗੁਰੂ ਦੀ ਸਿਫ਼ਤਿ-ਸਾਲਾਹ ਦੀ ਦਾਤਿ ਦੇਂਦਾ ਹੈ, ਉਸ ਨੂੰ ਅੰਦਰੋਂ ਹੀ 'ਨਾਮ'-ਰਤਨ ਲੱਭ ਪੈਂਦਾ ਹੈ, ਉਸ ਦੇ ਅੰਦਰ ਚਾਨਣ ਹੋ ਜਾਂਦਾ ਹੈ। (25) ਜਿਸ ਉਤੇ ਗੁਰੂ ਤ੍ਰੁੱਠਦਾ ਹੈ ਉਸ ਨੂੰ 'ਨਾਮ' ਮਿਲਦਾ ਹੈ, ਕੋਈ ਚਿੰਤਾ ਝੋਰਾ ਜਾਂ ਮੌਤ ਦਾ ਡਰ ਉਸ ਨੂੰ ਪੋਹ ਨਹੀਂ ਸਕਦਾ। (26) ਪ੍ਰਭੂ ਦੇ ਦਰ ਤੋਂ ਸਿਫ਼ਤਿ-ਸਾਲਾਹ ਦੀ ਦਾਤਿ ਹੀ ਮੰਗਣੀ ਚਾਹੀਦੀ ਹੈ। 'ਨਾਮ' ਦੀ ਦਾਤਿ ਜਿਨ੍ਹਾਂ ਨੂੰ ਮਿਲਦੀ ਹੈ ਉਹ ਪ੍ਰਭੂ ਦਾ ਰੂਪ ਹੋ ਜਾਂਦੇ ਹਨ। (27) ਜਿਨ੍ਹਾਂ ਨੂੰ ਸਿਫ਼ਤਿ-ਸਾਲਾਹ ਦੀ ਦਾਤਿ ਮਿਲਦੀ ਹੈ, ਸਿਫ਼ਤਿ ਹੀ ਉਹਨਾਂ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦੀ ਹੈ, ਸਿਫ਼ਤਿ-ਸਾਲਾਹ ਹੀ ਉਹਨਾਂ ਲਈ ਆਦਰ-ਸਤਕਾਰ ਹੈ ਕਿਉਂਕਿ ਸਿਫ਼ਤਿ ਦੀ ਰਾਹੀਂ ਉਹਨਾਂ ਨੂੰ ਸਿਫ਼ਤਾਂ ਦਾ ਮਾਲਕ ਮਿਲ ਪੈਂਦਾ ਹੈ। ਸਮੁੱਚਾ ਭਾਵ: (1) ਇਹ ਬਹੁ-ਰੰਗੀ ਜਗਤ ਕਰਤਾਰ ਨੇ ਰਚਿਆ ਹੈ, ਤੇ ਕਰਤਾਰ ਦਾ ਰੂਪ ਹੈ। ਪਰ, ਜੀਵ ਇਸ ਦੇ ਮੋਹ ਵਿਚ ਤ੍ਰਿਸ਼ਨਾ-ਅਧੀਨ ਹੋ ਕੇ ਕਰਤਾਰ ਨੂੰ ਵਿਸਾਰ ਕੇ ਅਸਲੀਅਤ ਭੁੱਲ ਜਾਂਦਾ ਹੈ ਤੇ ਦੁਖੀ ਹੁੰਦਾ ਹੈ। (1 ਤੋਂ 4) (2) ਇਸ ਤ੍ਰਿਸ਼ਨਾ ਦੇ ਭਾਂਬੜ ਤੋਂ ਬਚਣ ਲਈ ਨਾਹ ਜੰਗਲ ਵਿਚ ਡੇਰਾ, ਨਾਹ ਵਿੱਦਿਆ ਤੇ ਆਗੂ-ਪਨ, ਨਾਹ ਉੱਚੀ ਜਾਤਿ ਸਹੈਤਾ ਕਰ ਸਕਦੇ ਹਨ। ਇਸ ਬਾਗ਼-ਮਿਲਖ ਘਰ ਬਾਰ ਨੂੰ 'ਆਪਣਾ' ਸਮਝਣਾ ਮੂਰਖਤਾ ਹੈ, ਇਹ 'ਅਪਣੱਤ' ਹੀ ਮਨੁੱਖ ਨੂੰ ਪਾਗਲ ਕਰੀ ਰੱਖਦੀ ਹੈ, ਇਹ ਮਹੁਰਾ ਹੈ ਜੋ ਇਸ ਦੇ ਆਤਮਕ ਜੀਵਨ ਨੂੰ ਮਾਰਿ ਮੁਕਾਂਦਾ ਹੈ, ਕਿਉਂਕਿ ਇਸ 'ਅਪਣੱਤ' ਤੋਂ ਪੈਦਾ ਹੋਈਆਂ 'ਆਸਾਂ' ਦੇ ਕਾਰਨ ਜੀਵ ਕਰਤਾਰ-ਦਾਤਾਰ ਨੂੰ ਵਿਸਾਰ ਦੇਂਦਾ ਹੈ। (5 ਤੋਂ 11) (3) ਇਹ 'ਅਪਣੱਤ' ਗੁਰੂ ਦੀ ਸਰਨ ਪਿਆਂ ਮਿਟਦੀ ਹੈ; ਗੁਰੂ ਤੋਂ 'ਨਾਮ' ਮਿਲਦਾ ਹੈ 'ਪ੍ਰੇਮ' ਪ੍ਰਾਪਤ ਹੁੰਦਾ ਹੈ ਜੋ ਆਤਮਾ ਦੀ ਖ਼ੁਰਾਕ ਹੈ, ਜਿਉਂ ਜਿਉਂ ਇਹ ਆਤਮਕ ਖ਼ੁਰਾਕ ਮਿਲਦੀ ਹੈ ਤ੍ਰਿਸ਼ਨਾ ਦੀ ਅੱਗ ਬੁੱਝਦੀ ਹੈ ਮੌਤ ਦਾ ਸਹਮ ਦੂਰ ਹੁੰਦਾ ਹੈ ਤੇ ਪਰਮਾਤਮਾ ਸੱਚਾ ਸਾਥੀ ਪਰਤੀਤ ਹੋਣ ਲੱਗ ਪੈਂਦਾ ਹੈ। (12 ਤੋਂ 20) (4) ਮਨੁੱਖ ਪਿਛਲੀਆਂ ਬਣੀਆਂ 'ਵਾਦੀਆਂ' ਦੇ ਆਸਰੇ ਤੁਰਦਾ ਹੈ, ਇਹਨਾਂ ਲੀਹਾਂ ਵਿਚੋਂ ਕੋਈ ਧਾਰਮਿਕ ਭੇਖ ਜਾਂ ਪਾਠ-ਵਖਿਆਨ ਕੱਢ ਨਹੀਂ ਸਕਦੇ। ਜਦੋਂ ਗੁਰ-ਸ਼ਬਦ ਦੀ ਰਾਹੀਂ ਮਨੁੱਖ ਸਿਫ਼ਤਿ-ਸਾਲਾਹ ਵਿਚ ਲੱਗਦਾ ਹੈ ਤਾਂ ਇਸ ਦਾ ਹਿਰਦਾ ਖਿੜਨ ਲੱਗ ਪੈਂਦਾ ਹੈ, ਇਸ ਦੇ ਅੰਦਰ ਨਾਮ ਰਤਨ ਨਾਲ ਚਾਨਣ ਹੋ ਜਾਂਦਾ ਹੈ, ਤੇ ਕੋਈ ਚਿੰਤਾ ਝੋਰਾ ਜਾਂ ਮੌਤ ਦਾ ਦਰ ਇਸ ਨੂੰ ਪੋਹ ਨਹੀਂ ਸਕਦਾ। ਸੋ, ਪ੍ਰਭੂ ਦਰ ਤੋਂ ਸਿਫ਼ਤਿ-ਸਾਲਾਹ ਦੀ ਹੀ ਦਾਤਿ ਮੰਗੀਏ; ਜਿਉਂ ਜਿਉਂ ਸਿਫ਼ਤਿ-ਸਾਲਾਹ ਵਿਚ ਜੁੜੀਏ, ਇਹੀ ਜ਼ਿੰਦਗੀ ਦਾ ਆਸਰਾ ਬਣ ਜਾਂਦੀ ਹੈ, ਦੁਨੀਆ ਵਾਲੇ ਆਦਰ-ਮਾਣ ਇਸ ਦੇ ਸਾਹਮਣੇ ਤੁੱਛ ਜਾਪਦੇ ਹਨ ਕਿਉਂਕਿ ਸਿਫ਼ਤਿ ਦੀ ਰਾਹੀਂ ਸਿਫ਼ਤਾਂ ਦਾ ਮਾਲਕ ਮਿਲ ਪੈਂਦਾ ਹੈ। (21 ਤੋਂ 27) ਮੁੱਖ-ਭਾਵ: ਕਰਤਾਰ ਦੇ ਰਚੇ ਬਹੁ-ਰੰਗੀ ਜਗਤ ਦੀ ਮਮਤਾ ਮਨੁੱਖ ਲਈ ਦੁੱਖਾਂ ਦਾ ਮੂਲ ਹੈ। ਗੁਰੂ ਦੀ ਸਰਨ ਪੈ ਕੇ ਪ੍ਰਭੂ ਦਾ ਨਾਮ ਸਿਮਰਿਆਂ ਹੀ ਇਸ ਤੋਂ ਬਚ ਸਕੀਦਾ ਹੈ; ਜੰਗਲ ਵਾਸ, ਵਿੱਦਿਆ, ਉੱਚੀ ਜਾਤਿ, ਧਾਰਮਿਕ ਭੇਖ, ਪਾਠ, ਜਾਂ ਕੋਈ ਸਿਆਣਪ ਚਤੁਰਾਈ ਇਸ ਤੋਂ ਬਚਾ ਨਹੀਂ ਸਕਦੇ। ਪ੍ਰਭੂ ਦੇ ਦਰ ਤੋਂ ਗੁਰੂ ਦੀ ਸਰਨ ਤੇ ਸਿਮਰਨ ਦੀ ਦਾਤਿ ਹੀ ਸਦਾ ਮੰਗੀਏ। ਵਾਰ ਮਾਝ ਕੀ ਤਥਾ ਸਲੋਕ ਮਹਲਾ ੧ ਤਥਾ = ਅਤੇ। ਅਰਥ: ਰਾਗ ਮਾਝ ਦੀ ਇਹ ਵਾਰ ਅਤੇ ਇਸ ਨਾਲ ਦਿੱਤੇ ਹੋਏ ਸਲੋਕ ਗੁਰੂ ਨਾਨਕ ਦੇਵ ਜੀ ਦੇ (ਉਚਾਰੇ ਹੋਏ) ਹਨ। ਪਰ, ਇਸ ਦਾ ਇਹ ਭਾਵ ਨਹੀਂ ਕਿ ਇਸ 'ਵਾਰ' ਦੀਆਂ 'ਪਉੜੀਆਂ ਤੇ ਸਲੋਕ' ਗੁਰੂ ਨਾਨਕ ਦੇਵ ਨੇ ਇਕੱਠੇ ਹੀ ਉਚਾਰੇ ਸਨ। 'ਵਾਰ' ਸਿਰਫ਼ 'ਪਉੜੀਆਂ' ਦਾ ਸੰਗ੍ਰਹ ਹੈ, 'ਵਾਰ' ਦਾ ਅਸਲ ਰੂਪ ਕੇਵਲ 'ਪਉੜੀਆਂ' ਹਨ। ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਨ ਵੇਲੇ ਇਹ ਸਲੋਕ ਗੁਰੂ ਅਰਜਨ ਸਾਹਿਬ ਨੇ ਰਲਾ ਦਿੱਤੇ ਸਨ। 'ਵਾਰਾ' ਨਾਲ ਦਰਜ ਕਰਨ ਤੋਂ ਪਿਛੋਂ ਜਿਹੜੇ ਸਲੋਕ ਵਧ ਰਹੇ, ਉਹ ਉਹਨਾਂ ਅਖ਼ੀਰ ਤੇ ਇਕੱਠੇ ਲਿਖ ਦਿੱਤੇ ਤੇ ਸਿਰ-ਲੇਖ ਲਿਖਿਆ 'ਸਲੋਕ ਵਾਰਾਂ ਤੇ ਵਧੀਕ'। ਇਸ 'ਵਾਰ' ਦੀ ਸਾਰੀ ਬਣਤਰ ਨੂੰ ਰਤਾ ਗਹੁ ਨਾਲ ਵੇਖਿਆਂ ਹੀ ਇਹ ਗੱਲ ਸਾਫ਼ ਦਿੱਸ ਪੈਂਦੀ ਹੈ ਕਿ ਪਹਿਲਾਂ ਸਿਰਫ਼ 'ਪਉੜੀਆਂ ਸਨ। 'ਬਣਤਰ' ਵਿਚ ਹੇਠ-ਲਿਖੀਆਂ ਗੱਲਾਂ ਧਿਆਨ-ਜੋਗ ਹਨ: ਕੁੱਲ 27 ਪਉੜੀਆਂ ਹਨ ਤੇ ਹਰੇਕ ਪਉੜੀ ਦੀਆਂ ਅੱਠ ਅੱਠ ਤੁਕਾਂ ਹਨ। 27 ਪਉੜੀਆਂ ਵਿਚੋਂ ਸਿਰਫ਼ 14 ਐਸੀਆਂ ਹਨ, ਜਿਨ੍ਹਾਂ ਨਾਲ ਸਲੋਕ ਸਿਰਫ਼ ਗੁਰੂ ਨਾਨਕ ਦੇਵ ਜੀ ਦੇ ਹਨ। ਪਰ, ਇਹਨਾਂ ਸਲੋਕਾਂ ਦੀ ਗਿਣਤੀ ਹਰੇਕ ਪਉੜੀ ਨਾਲ ਇਕੋ ਜੇਹੀ ਨਹੀਂ।10 ਪਉੜੀਆਂ ਨਾਲ ਦੋ ਦੋ ਸਲੋਕ ਹਨ ਤੇ ਹੇਠ-ਲਿਖੀਆਂ 4 ਪਉੜੀਆਂ ਦੇ ਸਲੋਕ ਇਉਂ ਹਨ: ਪਉੜੀ ਨੰ: 1 ਨਾਲ 3 ਸਲੋਕ " 7 " 3 " " 9 " 4 " " 13 " 7 " (4) ਪਉੜੀ ਨੰ: 3, 18, 22 ਤੇ 25 ਨਾਲ ਕੋਈ ਭੀ ਸਲੋਕ ਗੁਰੂ ਨਾਨਕ ਸਾਹਿਬ ਦਾ ਨਹੀਂ ਹੈ। (5) ਬਾਕੀ ਰਹਿ ਗਈਆਂ 9 ਪਉੜੀਆਂ; ਇਹਨਾਂ ਨਾਲ ਇਕ ਇਕ ਸਲੋਕ ਗੁਰੂ ਨਾਨਕ ਦੇਵ ਜੀ ਦਾ ਹੈ ਇਕ ਇਕ ਅਤੇ ਹੋਰ ਗੁਰ-ਵਿਅਕਤੀ ਦਾ। ਹਰੇਕ 'ਪਉੜੀ' ਵਿਚ ਤੁਕਾਂ ਦੀ ਗਿਣਤੀ ਇਕੋ ਜਿਹੀ ਹੋਣ ਤੋਂ ਇਹ ਗੱਲ ਸਾਫ਼ ਜਾਪਦੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਇਹ 'ਵਾਰ' ਲਿਖਣ ਵੇਲੇ 'ਕਵਿਤਾ' ਦੇ ਸੋਹਜ ਦਾ ਭੀ ਖ਼ਿਆਲ ਰੱਖਿਆ ਹੈ। ਪਰ ਜਿਸ ਕਵੀ-ਗੁਰੂ ਨੇ ਪਉੜੀਆਂ ਦੀ ਬਣਤਰ ਵਲ ਇਤਨਾ ਧਿਆਨ ਦਿੱਤਾ ਹੈ, ਉਸ ਸੰਬੰਧੀ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਸਲੋਕ ਲਿਖਣ ਵੇਲੇ ਕਿਤੇ ਦੋ ਦੋ ਲਿਖਦੇ, ਕਿਤੇ 3, ਕਿਤੇ 4, ਕਿਤੇ 7 ਲਿਖਦੇ ਤੇ ਕਈ ਪਉੜੀਆਂ ਖ਼ਾਲੀ ਹੀ ਰਹਣ ਦੇਂਦੇ। ਅਸਲ ਗੱਲ ਇਹੀ ਹੈ ਕਿ 'ਵਾਰ' ਦਾ ਪਹਿਲਾ ਸਰੂਪ ਸਿਰਫ਼ 'ਪਉੜੀਆਂ' ਹੈ। ਸਲੋਕ ਗੁਰੂ ਅਰਜਨ ਦੇਵ ਜੀ ਨੇ ਦਰਜ ਕੀਤੇ। ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ ਗਾਵਣੀ ॥ ਮੁਰੀਦ ਖ਼ਾਂ ਤੇ ਚੰਦ੍ਰਹੜਾ ਦੋ ਰਾਜਪੂਤ ਸਰਦਾਰ ਹੋਏ ਹਨ ਅਕਬਰ ਦੇ ਦਰਬਾਰ ਵਿਚ; ਪਹਿਲੇ ਦੀ ਜਾਤਿ ਸੀ 'ਮਲਕ' ਦੂਜੇ ਦੀ 'ਸੋਹੀ'। ਦੋਹਾਂ ਦੀ ਆਪੋ ਵਿਚ ਲੱਗਦੀ ਸੀ। ਇਕ ਵਾਰੀ ਬਾਦਸ਼ਾਹ ਨੇ ਮੁਰੀਦ ਖ਼ਾਂ ਨੂੰ ਕਾਬਲ ਦੀ ਮੁਹਿੰਮ ਤੇ ਘੱਲਿਆ, ਉਸ ਨੇ ਵੈਰੀ ਨੂੰ ਜਿੱਤ ਤਾਂ ਲਿਆ, ਪਰ ਰਾਜ-ਪ੍ਰਬੰਧ ਵਿਚ ਕੁਝ ਦੇਰ ਲੱਗ ਗਈ। ਚੰਦ੍ਰਹੜੇ ਨੇ ਅਕਬਰ ਪਾਸ ਚੁਗ਼ਲੀ ਖਾਧੀ ਕਿ ਮੁਰੀਦ ਖ਼ਾਂ ਆਕੀ ਹੋ ਬੈਠਾ ਹੈ। ਸੋ, ਮਾਲਕ ਦੇ ਵਿਰੁਧ ਫ਼ੌਜ ਦੇ ਕੇ ਇਸ ਨੂੰ ਘੱਲਿਆ ਗਿਆ। ਦੋਵੇ ਜੰਗ ਵਿਚ ਆਪੋ ਵਿਚ ਲੜ ਕੇ ਮਾਰੇ ਗਏ। ਢਾਡੀਆਂ ਨੇ ਇਸ ਜੰਗ ਦੀ 'ਵਾਰ' ਲਿਖੀ, ਦੇਸ ਵਿਚ ਪ੍ਰਚਲਤ ਹੋਈ। ਗੁਰੂ ਅਰਜਨ ਸਾਹਿਬ ਨੇ ਉਪਰ ਲਿਖਿਆਂ ਸਿਰ-ਲੇਖ ਦੇ ਕੇ ਆਗਿਆ ਕੀਤੀ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਇਹ ਮਾਝ ਦੀ ਵਾਰ ਉਸ ਧੁਨੀ (ਸੁਰ) ਵਿਚ ਗਾਉਣੀ ਹੈ ਜਿਸ ਵਿਚ ਮੁਰੀਦ ਖਾਂ ਵਾਲੀ ਗਾਵੀਂ ਜਾਂਦੀ ਸੀ। ਮੁਰੀਦ ਖ਼ਾਂ ਵਾਲੀ ਵਾਰ ਦਾ ਨਮੂਨਾ: "ਕਾਬਲ ਵਿਚ ਮੁਰੀਦ ਖ਼ਾਂ ਫੜਿਆ ਵਡ ਜੋਰ। " ੴ ਸਤਿਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥ ਸਲੋਕ ਮ: 1 ॥ ਗੁਰੁ ਦਾਤਾ, ਗੁਰੁ ਹਿਵੈ ਘਰੁ, ਗੁਰੁ ਦੀਪਕੁ ਤਿਹੁ ਲੋਇ ॥ ਅਮਰ ਪਦਾਰਥੁ ਨਾਨਕਾ ਮਨਿ ਮਾਨਿਐ ਸੁਖੁ ਹੋਇ ॥1॥ ਪਦ ਅਰਥ: ਹਿਵੈ ਘਰੁ = ਬਰਫ਼ ਦਾ ਘਰ, ਠੰਢਾ ਦਾ ਸੋਮਾ। ਦੀਪਕੁ = ਦੀਵਾ। ਤਿਹੁ ਲੋਇ = ਤ੍ਰਿਲੋਕੀ ਵਿਚ। ਅਮਰ = ਨਾਹ ਮਰਨ ਵਾਲਾ, ਨਾਹ ਮੁੱਕਣ ਵਾਲਾ। ਮਨਿ ਮਾਨਿਐ = ਜੇ ਮਨ ਮੰਨ ਜਾਏ, ਜੇ ਮਨ ਪਤੀਜ ਜਾਏ। ਅਰਥ: ਸਤਿਗੁਰੂ (ਨਾਮ ਦੀ ਦਾਤਿ) ਦੇਣ ਵਾਲਾ ਹੈ, ਗੁਰੂ ਠੰਡ ਦਾ ਸੋਮਾ ਹੈ, ਗੁਰੂ (ਹੀ) ਤ੍ਰਿਲੋਕੀ ਵਿਚ ਚਾਨਣ ਕਰਨ ਵਾਲਾ ਹੈ। ਹੇ ਨਾਨਕ! ਕਦੇ ਨਾਹ ਮੁੱਕਣ ਵਾਲਾ (ਨਾਮ-ਰੂਪ) ਪਦਾਰਥ (ਗੁਰੂ ਤੋਂ ਹੀ ਮਿਲਦਾ ਹੈ) । ਜਿਸ ਦਾ ਮਨ ਗੁਰੂ ਵਿਚ ਪਤੀਜ ਜਾਏ, ਉਸ ਨੂੰ ਸੁਖ ਹੋ ਜਾਂਦਾ ਹੈ।1। ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥ ਸਲੋਕੁ ਮਃ ੧ ॥ ਗੁਰੁ ਦਾਤਾ ਗੁਰੁ ਹਿਵੈ ਘਰੁ ਗੁਰੁ ਦੀਪਕੁ ਤਿਹ ਲੋਇ ॥ ਅਮਰ ਪਦਾਰਥੁ ਨਾਨਕਾ ਮਨਿ ਮਾਨਿਐ ਸੁਖੁ ਹੋਇ ॥੧॥ ਮਃ ੧ ॥ ਪਹਿਲੈ ਪਿਆਰਿ ਲਗਾ ਥਣ ਦੁਧਿ ॥ ਦੂਜੈ ਮਾਇ ਬਾਪ ਕੀ ਸੁਧਿ ॥ ਤੀਜੈ ਭਯਾ ਭਾਭੀ ਬੇਬ ॥ ਚਉਥੈ ਪਿਆਰਿ ਉਪੰਨੀ ਖੇਡ ॥ ਪੰਜਵੈ ਖਾਣ ਪੀਅਣ ਕੀ ਧਾਤੁ ॥ ਛਿਵੈ ਕਾਮੁ ਨ ਪੁਛੈ ਜਾਤਿ ॥ ਸਤਵੈ ਸੰਜਿ ਕੀਆ ਘਰ ਵਾਸੁ ॥ ਅਠਵੈ ਕ੍ਰੋਧੁ ਹੋਆ ਤਨ ਨਾਸੁ ॥ ਨਾਵੈ ਧਉਲੇ ਉਭੇ ਸਾਹ ॥ ਦਸਵੈ ਦਧਾ ਹੋਆ ਸੁਆਹ ॥ ਗਏ ਸਿਗੀਤ ਪੁਕਾਰੀ ਧਾਹ ॥ ਉਡਿਆ ਹੰਸੁ ਦਸਾਏ ਰਾਹ ॥ ਆਇਆ ਗਇਆ ਮੁਇਆ ਨਾਉ ॥ ਪਿਛੈ ਪਤਲਿ ਸਦਿਹੁ ਕਾਵ ॥ ਨਾਨਕ ਮਨਮੁਖਿ ਅੰਧੁ ਪਿਆਰੁ ॥ ਬਾਝੁ ਗੁਰੂ ਡੁਬਾ ਸੰਸਾਰੁ ॥੨॥ ਪਦ ਅਰਥ: ਪਹਿਲੈ = ਪਹਿਲੀ ਅਵਸਥਾ ਵਿਚ। ਪਿਆਰਿ = ਪਿਆਰ ਨਾਲ। ਥਣ ਦੁਧਿ = ਥਣਾਂ ਦੇ ਦੁੱਧ ਵਿਚ। ਸੁਧਿ = ਸੂਝ, ਸੋਝੀ। ਭਯਾ = ਭਾਈਆ, ਭਾਈ। ਭਾਭੀ = ਭਰਜਾਈ। ਬੇਬ = ਭੈਣ। ਧਾਤੁ = ਧੌੜ, ਕਾਮਨਾ। ਸੰਜਿ = (ਪਦਾਰਥ) ਇਕੱਠੇ ਕਰ ਕੇ। ਸਿਗੀਤ = ਸੰਗੀ, ਸਾਥੀ। ਦਸਾਏ = ਪੁੱਛਦਾ ਹੈ। ਮੁਇਆ = ਭੁੱਲ ਗਿਆ, ਮੁੱਕ ਗਿਆ। ਅੰਧੁ = ਅੰਨ੍ਹਾ, ਅਗਿਆਨਤਾ ਵਾਲਾ। ਅਰਥ: (ਜੇ ਮਨੁੱਖ ਦੀ ਸਾਰੀ ਉਮਰ ਨੂੰ ਦਸ ਹਿੱਸਿਆਂ ਵਿਚ ਵੰਡੀਏ, ਤਾਂ ਇਸ ਦੀ ਸਾਰੀ ਉਮਰ ਦੇ ਕੀਤੇ ਉੱਦਮਾਂ ਦੀ ਤਸਵੀਰ ਇਉਂ ਬਣਦੀ ਹੈ:) ਪਹਿਲੀ ਅਵਸਥਾ ਵਿਚ (ਜੀਵ) ਪਿਆਰ ਨਾਲ (ਮਾਂ ਦੇ) ਥਣਾਂ ਦੇ ਦੁੱਧ ਵਿਚ ਰੁੱਝਦਾ ਹੈ; ਦੂਜੀ ਅਵਸਥਾ ਵਿਚ (ਭਾਵ, ਜਦੋਂ ਰਤਾ ਕੁ ਸਿਆਣਾ ਹੁੰਦਾ ਹੈ) (ਇਸ ਨੂੰ) ਮਾਂ ਤੇ ਪਿਉ ਦੀ ਸੋਝੀ ਹੋ ਜਾਂਦੀ ਹੈ, ਤੀਜੀ ਅਵਸਥਾ ਵਿਚ (ਅਪੜਿਆਂ ਜੀਵ ਨੂੰ) ਭਰਾ ਭਾਈ ਤੇ ਭੈਣ ਦੀ ਪਛਾਣ ਆਉਂਦੀ ਹੈ। ਚੌਥੀ ਅਵਸਥਾ ਵੇਲੇ ਖੇਡਾਂ ਵਿਚ ਪਿਆਰ ਦੇ ਕਾਰਣ (ਜੀਵ ਦੇ ਅੰਦਰ ਖੇਡਾਂ ਖੇਡਣ ਦੀ ਰੁਚੀ) ਉਪਜਦੀ ਹੈ, ਪੰਜਵੀਂ ਅਵਸਥਾ ਵਿਚ ਖਾਣ ਪੀਣ ਦੀ ਲਾਲਸਾ ਬਣਦੀ ਹੈ, ਛੇਵੀਂ ਅਵਸਥਾ ਵਿਚ (ਅੱਪੜ ਕੇ ਜੀਵ ਦੇ ਅੰਦਰ) ਕਾਮ (ਜਾਗਦਾ ਹੈ ਜੋ) ਜਾਤਿ ਕੁਜਾਤਿ ਭੀ ਨਹੀਂ ਵੇਖਦਾ। ਸਤਵੀਂ ਅਵਸਥਾ ਵੇਲੇ (ਜੀਵ ਪਦਾਰਥ) ਇਕੱਠੇ ਕਰ ਕੇ (ਆਪਣਾ) ਘਰ ਦਾ ਵਸੇਬਾ ਬਣਾਂਦਾ ਹੈ; ਅਠਵੀਂ ਅਵਸਥਾ ਵਿਚ (ਜੀਵ ਦੇ ਅੰਦਰ) ਗੁੱਸਾ (ਪੈਦਾ ਹੁੰਦਾ ਹੈ ਜੋ) ਸਰੀਰ ਦਾ ਨਾਸ ਕਰਦਾ ਹੈ। (ਉਮਰ ਦੇ) ਨਾਂਵੇਂ ਹਿੱਸੇ ਵਿਚ ਕੇਸ ਚਿੱਟੇ ਹੋ ਜਾਂਦੇ ਹਨ ਤੇ ਸਾਹ ਖਿੱਚ ਕੇ ਆਉਂਦੇ ਹਨ (ਭਾਵ, ਦਮ ਚੜ੍ਹਨ ਲੱਗ ਪੈਂਦਾ ਹੈ) , ਦਸਵੇਂ ਦਰਜੇ ਤੇ ਜਾ ਕੇ ਸੜ ਕੇ ਸੁਆਹ ਹੋ ਜਾਂਦਾ ਹੈ। ਜੋ ਸਾਥੀ (ਮਸਾਣਾਂ ਤਕ ਨਾਲ) ਜਾਂਦੇ ਹਨ, ਉਹ ਢਾਹਾਂ ਮਾਰ ਦੇਂਦੇ ਹਨ, ਜੀਵਾਤਮਾ (ਸਰੀਰ ਵਿਚੋਂ) ਨਿਕਲ ਕੇ (ਅਗਾਂਹ ਦੇ) ਰਾਹ ਪੁੱਛਦਾ ਹੈ। ਜੀਵ ਜਗਤ ਵਿਚ ਆਇਆ ਤੇ ਤੁਰ ਗਿਆ, (ਜਗਤ ਵਿਚ ਉਸ ਦਾ) ਨਾਮ ਭੀ ਭੁੱਲ ਗਿਆ, (ਉਸ ਦੇ ਮਰਨ) ਪਿਛੋਂ ਪੁੱਤਰਾਂ ਉਤੇ (ਪਿੰਡ ਭਰਾ ਕੇ) ਕਾਂਵਾਂ ਨੂੰ ਹੀ ਸੱਦੀਦਾ ਹੈ (ਉਸ ਜੀਵ ਨੂੰ ਕੁਝ ਨਹੀਂ ਅੱਪੜਦਾ) । ਹੇ ਨਾਨਕ! ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ (ਜਗਤ ਨਾਲ) ਪਿਆਰ ਅੰਨ੍ਹਿਆਂ ਵਾਲਾ ਪਿਆਰ ਹੈ, ਗੁਰੂ (ਦੀ ਸਰਣ ਆਉਣ) ਤੋਂ ਬਿਨਾ ਜਗਤ (ਇਸ 'ਅੰਧ ਪਿਆਰ' ਵਿਚ) ਡੁੱਬ ਰਿਹਾ ਹੈ।2। |
Sri Guru Granth Darpan, by Professor Sahib Singh |