ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 141 ਮਃ ੧ ॥ ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥ ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ ॥ ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ ॥ ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ ॥ ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ ॥੨॥ {ਪੰਨਾ 141} ਪਦ ਅਰਥ: ਹਾਮਾ ਭਰੇ = ਸਿਫ਼ਾਰਸ਼ ਕਰਦਾ ਹੈ {ਕਿਸੇ ਮੁਸਲਮਾਨ ਨਾਲ ਵਿਚਾਰ ਹੋਣ ਕਰ ਕੇ ਉਹਨਾਂ ਦੇ ਹੀ ਅਕੀਦੇ ਦਾ ਜ਼ਿਕਰ ਕੀਤਾ ਹੈ}। ਮੁਰਦਾਰੁ = ਮਸਾਲੇ ਪਰਾਇਆ ਹੱਕ। ਭਿਸਤਿ = ਬਹਿਸ਼ਤ ਵਿਚ। ਛੁਟੈ = ਨਜਾਤ ਮਿਲਦੀ ਹੈ, ਮੁਕਤੀ ਹਾਸਲ ਹੁੰਦੀ ਹੈ। ਕਮਾਇ = ਕਮਾ ਕੇ, ਅਮਲੀ ਜੀਵਨ ਵਿਚ ਵਰਤਿਆਂ। ਮਾਰਣ = ਮਸਾਲੇ (ਬਹਸ ਆਦਿਕ ਚੁਤਰਾਈ ਦੀਆਂ ਗੱਲਾਂ) । ਕੂੜੀਈ ਗਲੀ = (ਬਹਸ ਆਦਿਕ ਦੀਆਂ) ਕੂੜੀਆਂ ਗੱਲਾਂ ਨਾਲ। ਪਲੈ ਪਾਇ = ਮਿਲਦਾ ਹੈ। ਅਰਥ: ਹੇ ਨਾਨਕ! ਪਰਾਇਆ ਹੱਕ ਮੁਸਲਮਾਨ ਲਈ ਸੂਰ ਹੈ ਤੇ ਹਿੰਦੂ ਲਈ ਗਾਂ ਹੈ। ਗੁਰੂ ਪੈਗ਼ੰਬਰ ਤਾਂ ਹੀ ਸਿਫ਼ਾਰਿਸ਼ ਕਰਦਾ ਹੈ ਜੇ ਮਨੁੱਖ ਪਰਾਇਆ ਹੱਕ ਨਾਹ ਵਰਤੇ। ਨਿਰੀਆਂ ਗੱਲਾਂ ਕਰਨ ਨਾਲ ਬਹਿਸ਼ਤ ਵਿਚ ਨਹੀਂ ਅੱਪੜ ਸਕੀਦਾ। ਸੱਚ ਨੂੰ (ਭਾਵ, ਜਿਸ ਨੂੰ ਸੱਚਾ ਰਸਤਾ ਆਖਦੇ ਹਉ, ਉਸ ਨੂੰ) ਅਮਲੀ ਜੀਵਨ ਵਿਚ ਵਰਤਿਆਂ ਹੀ ਨਜਾਤ ਮਿਲਦੀ ਹੈ। (ਬਹਿਸ ਆਦਿਕ ਗੱਲਾਂ ਦੇ) ਮਸਾਲੇ ਹਰਾਮ ਮਾਲ ਵਿਚ ਪਾਇਆਂ ਉਹ ਹੱਕ ਦਾ ਮਾਲ ਨਹੀਂ ਬਣ ਜਾਂਦਾ। ਹੇ ਨਾਨਕ! ਕੂੜੀਆਂ ਗੱਲਾਂ ਕੀਤਿਆਂ ਕੂੜ ਹੀ ਮਿਲਦਾ ਹੈ।2। ਮਃ ੧ ॥ ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ ॥ ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ ॥ ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ ॥ ਕਰਣੀ ਕਲਮਾ ਆਖਿ ਕੈ ਤਾ ਮੁਸਲਮਾਣੁ ਸਦਾਇ ॥ ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ ॥੩॥ {ਪੰਨਾ 141} ਪਦ ਅਰਥ: ਵਖਤ = ਵਕਤ, ਸਮੇ। ਦੁਇ = ਦੂਜੀ। ਖੈਰ ਖੁਦਾਇ = ਰੱਬ ਤੋਂ ਸਭ ਦਾ ਭਲਾ ਮੰਗਣਾ। ਰਾਸਿ = ਰਾਸਤ, ਸਾਫ਼। ਸਨਾਇ = ਵਡਿਆਈ। ਪਾਇ = ਪਾਂਇਆਂ, ਇੱਜ਼ਤ। ਅਰਥ: (ਮੁਸਲਮਾਨਾਂ ਦੀਆਂ ਪੰਜ ਨਿਮਾਜ਼ਾਂ ਹਨ, (ਉਹਨਾਂ ਦੇ) ਪੰਜ ਵਕਤ ਹਨ ਤੇ ਪੰਜਾਂ ਹੀ ਨਿਮਾਜ਼ਾਂ ਦੇ (ਵਖੋ ਵਖਰੇ) ਪੰਜ ਨਾਮ। (ਪਰ ਅਸਾਡੇ ਮਤ ਵਿਚ ਅਸਲ ਨਿਮਾਜ਼ਾਂ ਇਉਂ ਹਨ–) ਸੱਚ ਬੋਲਣਾ ਨਮਾਜ਼ ਦਾ ਪਹਿਲਾ ਨਾਮ ਹੈ (ਭਾਵ, ਸਵੇਰ ਦੀ ਪਹਿਲੀ ਨਿਮਾਜ਼ ਹੈ) , ਹੱਕ ਦੀ ਕਮਾਈ ਦੂਜੀ ਨਮਾਜ਼ ਹੈ, ਰੱਬ ਤੋਂ ਸਭ ਦਾ ਭਲਾ ਮੰਗਣਾ ਨਿਮਾਜ਼ ਦਾ ਤੀਜਾ ਨਾਮ ਹੈ। ਨੀਅਤਿ ਨੂੰ ਸਾਫ਼ ਕਰਨਾ ਮਨ ਨੂੰ ਸਾਫ਼ ਰੱਖਣਾ ਇਹ ਚਉਥੀ ਨਿਮਾਜ਼ ਹੈ ਤੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਤੇ ਵਡਿਆਈ ਕਰਨੀ ਇਹ ਪੰਜਵੀਂ ਨਮਾਜ਼ ਹੈ। (ਇਹਨਾਂ ਪੰਜਾਂ ਨਮਾਜ਼ਾਂ ਦੇ ਨਾਲ ਨਾਲ) ਉੱਚਾ ਆਚਰਣ ਬਨਾਣ-ਰੂਪ ਕਲਮਾ ਪੜ੍ਹੇ ਤਾਂ (ਆਪਣੇ ਆਪ ਨੂੰ) ਮੁਸਲਮਾਨ ਅਖਵਾਏ (ਭਾਵ, ਤਾਂ ਹੀ ਸੱਚਾ ਮੁਸਲਮਾਨ ਅਖਵਾ ਸਕਦਾ ਹੈ) । ਹੇ ਨਾਨਕ! (ਇਹਨਾਂ ਨਮਾਜ਼ਾਂ ਤੇ ਕਲਮੇ ਤੋਂ ਖੁੰਝੇ ਹੋਏ) ਜਿਤਨੇ ਭੀ ਹਨ ਉਹ ਕੂੜ ਦੇ ਵਪਾਰੀ ਹਨ ਤੇ ਕੂੜੇ ਦੀ ਇੱਜ਼ਤ ਭੀ ਕੂੜੀ ਹੀ ਹੁੰਦੀ ਹੈ।3। ਪਉੜੀ ॥ ਇਕਿ ਰਤਨ ਪਦਾਰਥ ਵਣਜਦੇ ਇਕਿ ਕਚੈ ਦੇ ਵਾਪਾਰਾ ॥ ਸਤਿਗੁਰਿ ਤੁਠੈ ਪਾਈਅਨਿ ਅੰਦਰਿ ਰਤਨ ਭੰਡਾਰਾ ॥ ਵਿਣੁ ਗੁਰ ਕਿਨੈ ਨ ਲਧਿਆ ਅੰਧੇ ਭਉਕਿ ਮੁਏ ਕੂੜਿਆਰਾ ॥ ਮਨਮੁਖ ਦੂਜੈ ਪਚਿ ਮੁਏ ਨਾ ਬੂਝਹਿ ਵੀਚਾਰਾ ॥ ਇਕਸੁ ਬਾਝਹੁ ਦੂਜਾ ਕੋ ਨਹੀ ਕਿਸੁ ਅਗੈ ਕਰਹਿ ਪੁਕਾਰਾ ॥ ਇਕਿ ਨਿਰਧਨ ਸਦਾ ਭਉਕਦੇ ਇਕਨਾ ਭਰੇ ਤੁਜਾਰਾ ॥ ਵਿਣੁ ਨਾਵੈ ਹੋਰੁ ਧਨੁ ਨਾਹੀ ਹੋਰੁ ਬਿਖਿਆ ਸਭੁ ਛਾਰਾ ॥ ਨਾਨਕ ਆਪਿ ਕਰਾਏ ਕਰੇ ਆਪਿ ਹੁਕਮਿ ਸਵਾਰਣਹਾਰਾ ॥੭॥ {ਪੰਨਾ 141} ਪਦ ਅਰਥ: ਇਕਿ = ਕਈ ਮਨੁੱਖ। ਪਾਈਅਨਿ = ਮਿਲਦੇ ਹਨ। ਤੁਜਾਰਾ = ਖ਼ਜ਼ਾਨੇ। ਬਿਖਿਆ = ਮਾਇਆ। ਛਾਰ = ਸੁਆਹ, ਤੁੱਛ, ਨਿਕੰਮਾ। ਅਰਥ: ਕਈ ਮਨੁੱਖ (ਪਰਮਾਤਮਾ ਦੀ ਸਿਫ਼ਤਿ-ਸਾਲਾਹ-ਰੂਪ) ਕੀਮਤੀ-ਸਉਦੇ ਵਿਹਾਝਦੇ ਹਨ, ਤੇ ਕਈ (ਦੁਨੀਆ-ਰੂਪ) ਕੱਚ ਦੇ ਵਪਾਰੀ ਹਨ। (ਪ੍ਰਭੂ ਦੇ ਗੁਣ-ਰੂਪ ਇਹ) ਰਤਨਾਂ ਦੇ ਖ਼ਜ਼ਾਨੇ (ਮਨੁੱਖ ਦੇ) ਅੰਦਰ ਹੀ ਹਨ, ਪਰ ਸਤਿਗੁਰੂ ਦੇ ਤਰੁੱਠਿਆਂ ਇਹ ਮਿਲਦੇ ਹਨ। ਗੁਰੂ (ਦੀ ਸਰਨ ਆਉਣ) ਤੋਂ ਬਿਨਾ ਕਿਸੇ ਨੇ ਇਹ ਖ਼ਜ਼ਾਨਾ ਨਹੀਂ ਲੱਭਾ, ਕੂੜ ਦੇ ਵਪਾਰੀ ਅੰਨ੍ਹੇ ਬੰਦੇ (ਮਾਇਆ ਦੀ ਖ਼ਾਤਰ ਹੀ ਦਰ ਦਰ ਤੇ) ਤਰਲੇ ਲੈਂਦੇ ਮਰ ਜਾਂਦੇ ਹਨ। ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ, ਉਹ ਮਾਇਆ ਵਿਚ ਖਚਿਤ ਹੁੰਦੇ ਹਨ, ਉਹਨਾਂ ਨੂੰ ਅਸਲ ਵਿਚਾਰ ਸੁੱਝਦੀ ਨਹੀਂ। (ਇਸ ਦੁਖੀ ਹਾਲਤ ਦੀ) ਪੁਕਾਰ ਭੀ ਉਹ ਲੋਕ ਕਿਸ ਦੇ ਸਾਹਮਣੇ ਕਰਨ? ਇਕ ਪ੍ਰਭੂ ਤੋਂ ਬਿਨਾ ਹੋਰ ਕੋਈ (ਸਹੈਤਾ ਕਰਨ ਵਾਲਾ ਹੀ) ਨਹੀਂ ਹੈ। (ਨਾਮ-ਰੂਪ ਖ਼ਜ਼ਾਨੇ ਤੋਂ ਬਿਨਾ) ਕਈ ਕੰਗਾਲ ਸਦਾ (ਦਰ ਦਰ ਤੇ) ਤਰਲੇ ਲੈਂਦੇ ਫਿਰਦੇ ਹਨ, ਇਹਨਾਂ ਦੇ (ਹਿਰਦੇ-ਰੂਪ) ਖ਼ਜ਼ਾਨੇ (ਬੰਦਗੀ-ਰੂਪ ਧਨ ਨਾਲ) ਭਰੇ ਪਏ ਹਨ, (ਪਰਮਾਤਮਾ ਦੇ) ਨਾਮ ਤੋਂ ਬਿਨਾ ਹੋਰ ਕੋਈ (ਨਾਲ ਨਿਭਣ ਵਾਲਾ) ਧਨ ਨਹੀਂ ਹੈ, ਹੋਰ ਮਾਇਆ ਵਾਲਾ ਧਨ ਸੁਆਹ (ਸਮਾਨ) ਹੈ। (ਪਰ) ਹੇ ਨਾਨਕ! ਸਭ (ਜੀਵਾਂ ਵਿਚ ਬੈਠਾ ਪ੍ਰਭੂ) ਆਪ ਹੀ (ਕੱਚ ਤੇ ਰਤਨਾਂ ਦੇ ਵਪਾਰ) ਕਰ ਰਿਹਾ ਹੈ, (ਜਿਨ੍ਹਾਂ ਨੂੰ ਸੁਧਾਰਦਾ ਹੈ ਉਹਨਾਂ ਨੂੰ ਆਪਣੇ) ਹੁਕਮ ਵਿਚ ਹੀ ਸਿੱਧੇ ਰਾਹੇ ਪਾਂਦਾ ਹੈ।7। ਸਲੋਕੁ ਮਃ ੧ ॥ ਮੁਸਲਮਾਣੁ ਕਹਾਵਣੁ ਮੁਸਕਲੁ ਜਾ ਹੋਇ ਤਾ ਮੁਸਲਮਾਣੁ ਕਹਾਵੈ ॥ ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੈ ॥ ਹੋਇ ਮੁਸਲਿਮੁ ਦੀਨ ਮੁਹਾਣੈ ਮਰਣ ਜੀਵਣ ਕਾ ਭਰਮੁ ਚੁਕਾਵੈ ॥ ਰਬ ਕੀ ਰਜਾਇ ਮੰਨੇ ਸਿਰ ਉਪਰਿ ਕਰਤਾ ਮੰਨੇ ਆਪੁ ਗਵਾਵੈ ॥ ਤਉ ਨਾਨਕ ਸਰਬ ਜੀਆ ਮਿਹਰੰਮਤਿ ਹੋਇ ਤ ਮੁਸਲਮਾਣੁ ਕਹਾਵੈ ॥੧॥ {ਪੰਨਾ 141} ਪਦ ਅਰਥ: ਅਵਲਿ ਅਉਲਿ = ਅਵਲਿ ਅਉਲਿ, ਪਹਿਲਾਂ ਪਹਿਲ, ਸਭ ਤੋਂ ਪਹਿਲਾਂ {ਨੋਟ: ਅੱਖਰ 'ੳ' ਤੇ 'ਵ' ਆਪੋ ਵਿਚ ਬਦਲ ਜਾਂਦੇ ਹਨ ਕਿਉਂਕਿ ਦੋਹਾਂ ਦਾ ਉਚਾਰਨ-ਅਸਥਾਨ ਇਹੋ ਹੀ ਹੈ। ਇਸੇ ਹੀ 'ਵਾਰ' ਵਿਚ ਲਫ਼ਜ਼ 'ਪਉੜੀ' ਤੇ 'ਪਵੜੀ' ਵਰਤੇ ਜਾ ਰਹੇ ਹਨ, ਵੇਖੋ ਨੰ: 9, 10, 11}। ਮਸਕਲ = ਮਿਸਕਲਾ, ਜੰਗਾਲੁ ਲਾਹੁਣ ਵਾਲਾ ਹਥਿਆਰ। ਮਾਨਾ = ਮਾਨਿੰਦ, ਵਾਂਗ। ਮੁਸਾਵੈ = ਠਗਾਵੈ, ਲੁਟਾਏ, ਵੰਡੇ। ਦੀਨ ਮੁਹਾਣੈ = ਦੀਨ ਦੀ ਅਗਵਾਈ ਵਿਚ, ਦੀਨ ਦੇ ਸਨਮੁਖ, ਧਰਮ ਦੇ ਅਨੁਸਾਰ। ਮਰਣ ਜੀਵਣ = ਸਾਰੀ ਉਮਰ। ਆਪੁ = ਆਪਾ-ਭਾਵ, ਹਉਮੈ, ਖ਼ੁਦੀ। ਮਿਹਰੰਮਤਿ = ਮਿਹਰ, ਤਰਸ। ਅਰਥ: (ਅਸਲ) ਮੁਸਲਮਾਨ ਅਖਵਾਣਾ ਬੜਾ ਔਖਾ ਹੈ ਜੇ (ਉਹੋ ਜਿਹਾ) ਬਣੇ ਤਾਂ ਮਨੁੱਖ ਆਪਣੇ ਆਪ ਨੂੰ ਮੁਸਲਮਾਨ ਅਖਾਏ। (ਅਸਲੀ ਮੁਸਲਮਾਨ ਬਣਨ ਲਈ) ਸਭ ਤੋਂ ਪਹਿਲਾਂ (ਇਹ ਜ਼ਰੂਰੀ ਹੈ ਕਿ) ਮਜ਼ਹਬ ਪਿਆਰਾ ਲੱਗੇ, (ਫਿਰ) ਜਿਵੇਂ ਮਿਸਕਲੇ ਨਾਲ ਜੰਗਾਲ ਲਾਹੀਦਾ ਹੈ ਤਿਵੇਂ (ਆਪਣੀ ਕਮਾਈ ਦਾ) ਧਨ (ਲੋੜਵੰਦਿਆਂ ਨਾਲ) ਵੰਡ ਕੇ ਵਰਤੇ (ਤੇ ਇਸ ਤਰ੍ਹਾਂ ਦੌਲਤ ਦਾ ਅਹੰਕਾਰ ਦੂਰ ਕਰੇ) । ਮਜ਼ਹਬ ਦੀ ਅਗਵਾਈ ਵਿਚ ਤੁਰ ਕੇ ਮੁਸਲਮਾਨ ਬਣੇ, ਤੇ ਸਾਰੀ ਉਮਰ ਦੀ ਭਟਕਣਾ ਮੁਕਾ ਦੇਵੇ (ਭਾਵ, ਸਾਰੀ ਉਮਰ ਕਦੇ ਮਜ਼ਹਬ ਦੇ ਦੱਸੇ ਰਾਹ ਤੋਂ ਲਾਂਭੇ ਨਾਹ ਜਾਏ) । ਰੱਬ ਦੇ ਕੀਤੇ ਨੂੰ ਸਿਰ ਮੱਥੇ ਤੇ ਮੰਨੇ, ਕਾਦਰ ਨੂੰ ਹੀ (ਸਭ ਕੁਝ ਕਰਨ ਵਾਲਾ) ਮੰਨੇ ਤੇ ਖ਼ੁਦੀ ਮਿਟਾ ਦੇਵੇ। ਇਸ ਤਰ੍ਹਾਂ, ਹੇ ਨਾਨਕ! (ਰੱਬ ਦੇ ਪੈਦਾ ਕੀਤੇ) ਸਾਰੇ ਬੰਦਿਆਂ ਨਾਲ ਪਿਆਰ ਕਰੇ, ਇਹੋ ਜਿਹਾ ਬਣੇ, ਤਾਂ ਮੁਸਲਮਾਨ ਅਖਵਾਏ।1। ਮਹਲਾ ੪ ॥ ਪਰਹਰਿ ਕਾਮ ਕ੍ਰੋਧੁ ਝੂਠੁ ਨਿੰਦਾ ਤਜਿ ਮਾਇਆ ਅਹੰਕਾਰੁ ਚੁਕਾਵੈ ॥ ਤਜਿ ਕਾਮੁ ਕਾਮਿਨੀ ਮੋਹੁ ਤਜੈ ਤਾ ਅੰਜਨ ਮਾਹਿ ਨਿਰੰਜਨੁ ਪਾਵੈ ॥ ਤਜਿ ਮਾਨੁ ਅਭਿਮਾਨੁ ਪ੍ਰੀਤਿ ਸੁਤ ਦਾਰਾ ਤਜਿ ਪਿਆਸ ਆਸ ਰਾਮ ਲਿਵ ਲਾਵੈ ॥ ਨਾਨਕ ਸਾਚਾ ਮਨਿ ਵਸੈ ਸਾਚ ਸਬਦਿ ਹਰਿ ਨਾਮਿ ਸਮਾਵੈ ॥੨॥ {ਪੰਨਾ 141} ਪਦ ਅਰਥ: ਪਰਹਰਿ = ਤਿਆਗ ਕੇ, ਛੱਡ ਕੇ। ਤਜਿ = ਛੱਡ ਕੇ। ਕਾਮਿਨੀ-ਇਸਤ੍ਰੀ। ਅਜੰਨ = ਕਾਲਖ, ਮਾਇਆ ਦਾ ਹਨੇਰਾ। ਨਿਰੰਜਨੁ = ਉਹ ਪ੍ਰਭੂ ਜਿਸ ਉਤੇ ਮਾਇਆ ਦਾ ਅਸਰ ਨਹੀਂ ਪੈ ਸਕਦਾ। ਸੁਤ = ਪੁਤ੍ਰ। ਦਾਰਾ = ਇਸਤ੍ਰੀ, ਵਹੁਟੀ। ਪਿਆਸ = ਤ੍ਰਿਸ਼ਨਾ। ਅਰਥ: (ਜੇ ਮਨੁੱਖ) ਕਾਮ ਗੁੱਸਾ ਝੂਠ ਨਿੰਦਿਆ ਛੱਡ ਦੇਵੇ, ਜੇ ਮਾਇਆ ਦਾ ਲਾਲਚ ਛੱਡ ਕੇ ਅਹੰਕਾਰ (ਭੀ) ਦੂਰ ਕਰ ਲਏ, ਜੇ ਵਿਸ਼ੇ ਦੀ ਵਾਸ਼ਨਾ ਛੱਡ ਕੇ ਇਸਤ੍ਰੀ ਦਾ ਮੋਹ ਤਿਆਗ ਦੇਵੇ ਤਾਂ ਮਨੁੱਖ ਮਾਇਆ ਦੀ ਕਾਲਖ ਵਿਚ ਰਹਿੰਦਾ ਹੋਇਆ ਹੀ ਮਾਇਆ-ਰਹਿਤ ਪ੍ਰਭੂ ਨੂੰ ਲੱਭ ਲੈਂਦਾ ਹੈ। (ਜੇ ਮਨੁੱਖ) ਅਹੰਕਾਰ ਦੂਰ ਕਰ ਕੇ ਪੁੱਤ੍ਰ ਵਹੁਟੀ ਦਾ ਮੋਹ ਛੱਡ ਦੇਵੇ, ਜੇ (ਦੁਨੀਆ ਦੇ ਪਦਾਰਥਾਂ ਦੀਆਂ) ਆਸਾਂ ਤੇ ਤ੍ਰਿਸ਼ਨਾ ਛੱਡ ਕੇ ਪਰਮਾਤਮਾ ਨਾਲ ਸੁਰਤਿ ਜੋੜ ਲਏ, ਤਾਂ, ਹੇ ਨਾਨਕ! ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਉਸ ਦੇ ਮਨ ਵੱਸ ਪੈਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਨਾਮ ਵਿਚ ਉਹ ਲੀਨ ਹੋ ਜਾਂਦਾ ਹੈ।2। ਪਉੜੀ ॥ ਰਾਜੇ ਰਯਤਿ ਸਿਕਦਾਰ ਕੋਇ ਨ ਰਹਸੀਓ ॥ ਹਟ ਪਟਣ ਬਾਜਾਰ ਹੁਕਮੀ ਢਹਸੀਓ ॥ ਪਕੇ ਬੰਕ ਦੁਆਰ ਮੂਰਖੁ ਜਾਣੈ ਆਪਣੇ ॥ ਦਰਬਿ ਭਰੇ ਭੰਡਾਰ ਰੀਤੇ ਇਕਿ ਖਣੇ ॥ ਤਾਜੀ ਰਥ ਤੁਖਾਰ ਹਾਥੀ ਪਾਖਰੇ ॥ ਬਾਗ ਮਿਲਖ ਘਰ ਬਾਰ ਕਿਥੈ ਸਿ ਆਪਣੇ ॥ ਤੰਬੂ ਪਲੰਘ ਨਿਵਾਰ ਸਰਾਇਚੇ ਲਾਲਤੀ ॥ ਨਾਨਕ ਸਚ ਦਾਤਾਰੁ ਸਿਨਾਖਤੁ ਕੁਦਰਤੀ ॥੮॥ {ਪੰਨਾ 141} ਪਦ ਅਰਥ: ਸਿਕਦਾਰ = ਚੌਧਰੀ,। ਪਟਣ = ਸ਼ਹਿਰ। ਬੰਕ = ਸੋਹਣੇ, ਬਾਂਕੇ। ਦਰਬਿ = ਧਨ ਨਾਲ। ਰੀਤੇ = ਸੱਖਣੇ। ਇਕਿ = ਇਕ ਵਿਚ। ਇਕਿ ਖਣੇ = ਇਕ ਖਿਨ ਵਿਚ। ਤਾਜੀ = ਅਰਬੀ ਨਸਲ ਦੇ ਘੋੜੇ। ਤੁਖਾਰ = ਊਠ। ਪਾਖਰ = ਹਉਦੇ, ਪਲਾਣੇ। ਸਿ = ਉਹ। ਸਰਾਇਚੇ = ਕਨਾਤਾਂ। ਲਾਲਤੀ = ਅਤਲਸੀ। ਸਿਨਾਖਤੁ = ਪਛਾਣ। ਸਚੁ = ਸਦਾ ਕਾਇਮ ਰਹਿਣ ਵਾਲਾ। ਅਰਥ: ਰਾਜੇ, ਪਰਜਾ, ਚੌਧਰੀ, ਕੋਈ ਭੀ ਸਦਾ ਨਹੀਂ ਰਹੇਗਾ। ਹੱਟ, ਸ਼ਹਰ, ਬਾਜ਼ਾਰ, ਪ੍ਰਭੂ ਦੇ ਹੁਕਮ ਵਿਚ (ਅੰਤ) ਢਹਿ ਜਾਣਗੇ। ਸੋਹਣੇ ਪੱਕੇ (ਘਰਾਂ ਦੇ) ਦਰਵਾਜ਼ਿਆਂ ਨੂੰ ਮੂਰਖ ਮਨੁੱਖ ਆਪਣੇ ਸਮਝਦਾ ਹੈ, (ਪਰ ਇਹ ਨਹੀਂ ਜਾਣਦਾ ਕਿ) ਧਨ ਨਾਲ ਭਰੇ ਹੋਏ ਖ਼ਜ਼ਾਨੇ ਇਕ ਪਲਕ ਵਿਚ ਖ਼ਾਲੀ ਹੋ ਜਾਂਦੇ ਹਨ। ਵਧੀਆ ਘੋੜੇ, ਰਥ, ਊਠ, ਹਾਥੀ, ਹਉਦੇ, ਬਾਗ਼ ਜ਼ਮੀਨਾਂ, ਘਰ-ਘਾਟ, ਤੰਬੂ, ਨਿਵਾਰੀ ਪਲੰਘ ਤੇ ਅਤਲਸੀ ਕਨਾਤਾਂ ਜਿਨ੍ਹਾਂ ਨੂੰ ਮਨੁੱਖ ਆਪਣੇ ਸਮਝਦਾ ਹੈ ਕਿਤੇ ਜਾਂਦੇ ਨਹੀਂ ਲੱਭਦੇ। ਹੇ ਨਾਨਕ! ਸਦਾ ਰਹਿਣ ਵਾਲਾ ਸਿਰਫ਼ ਉਹੀ ਹੈ, ਜੋ ਇਹਨਾਂ ਪਦਾਰਥਾਂ ਦੇ ਦੇਣ ਵਾਲਾ ਹੈ, ਉਸ ਦੀ ਪਛਾਣ ਉਸ ਦੀ ਰਚੀ ਕੁਦਰਤਿ ਵਿਚੋਂ ਹੁੰਦੀ ਹੈ।8। ਸਲੋਕੁ ਮਃ ੧ ॥ ਨਦੀਆ ਹੋਵਹਿ ਧੇਣਵਾ ਸੁੰਮ ਹੋਵਹਿ ਦੁਧੁ ਘੀਉ ॥ ਸਗਲੀ ਧਰਤੀ ਸਕਰ ਹੋਵੈ ਖੁਸੀ ਕਰੇ ਨਿਤ ਜੀਉ ॥ ਪਰਬਤੁ ਸੁਇਨਾ ਰੁਪਾ ਹੋਵੈ ਹੀਰੇ ਲਾਲ ਜੜਾਉ ॥ ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ ॥੧॥ {ਪੰਨਾ 141} ਪਦ ਅਰਥ: ਧੇਣਵਾ = ਗਾਈਆਂ। ਸੁੰਮ = ਸੋਮੇ, ਚਸ਼ਮੇ। ਜੀਉ = ਜਿੰਦ, ਜੀਵ। ਰੁਪਾ = ਰੁੱਪਾ, ਚਾਂਦੀ। ਆਖਣ ਚਾਉ = ਤੇਰੀ ਵਡਿਆਈ ਕਰਨ ਦਾ ਚਾਉ। ਤੂੰ ਹੈ– ਤੈਨੂੰ ਹੀ। ਅਰਥ: ਜੇ ਸਾਰੀਆਂ ਨਦੀਆਂ (ਮੇਰੇ ਵਾਸਤੇ) ਗਾਈਆਂ ਬਣ ਜਾਣ (ਪਾਣੀ ਦੇ) ਚਸ਼ਮੇ ਦੁੱਧ ਤੇ ਘਿਉ ਬਣ ਜਾਣ, ਸਾਰੀ ਜ਼ਮੀਨ ਸ਼ਕਰ ਬਣ ਜਾਏ, (ਇਹਨਾਂ ਪਦਾਰਥਾਂ ਨੂੰ ਵੇਖ ਕੇ) ਮੇਰੀ ਜਿੰਦ ਨਿੱਤ ਖ਼ੁਸ਼ ਹੋਵੇ, ਜੇ ਹੀਰੇ ਤੇ ਲਾਲਾਂ ਨਾਲ ਜੜਿਆ ਹੋਇਆ ਸੋਨੇ ਤੇ ਚਾਂਦੀ ਦਾ ਪਹਾੜ ਬਣ ਜਾਏ, ਤਾਂ ਭੀ (ਹੇ ਪ੍ਰਭੂ! ਮੈਂ ਇਹਨਾਂ ਪਦਾਰਥਾਂ ਵਿਚ ਨਾਹ ਫਸਾਂ ਤੇ) ਤੇਰੀ ਹੀ ਸਿਫ਼ਤਿ-ਸਾਲਾਹ ਕਰਾਂ, ਤੇਰੀ ਵਡਿਆਈ ਕਰਨ ਦਾ ਮੇਰਾ ਚਾਉ ਮੁੱਕ ਨਾਹ ਜਾਏ।1। |
Sri Guru Granth Darpan, by Professor Sahib Singh |