ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 142 ਮਃ ੧ ॥ ਭਾਰ ਅਠਾਰਹ ਮੇਵਾ ਹੋਵੈ ਗਰੁੜਾ ਹੋਇ ਸੁਆਉ ॥ ਚੰਦੁ ਸੂਰਜੁ ਦੁਇ ਫਿਰਦੇ ਰਖੀਅਹਿ ਨਿਹਚਲੁ ਹੋਵੈ ਥਾਉ ॥ ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ ॥੨॥ {ਪੰਨਾ 142} ਪਦ ਅਰਥ: ਭਾਰ ਅਠਾਰਹ = 18 ਭਾਰ, ਸਾਰੀ ਬਨਸਪਤੀ {ਪੁਰਾਤਨ ਖ਼ਿਆਲ ਤੁਰਿਆ ਆ ਰਿਹਾ ਹੈ ਕਿ ਜੇ ਹਰੇਕ ਕਿਸਮ ਦੇ ਬ੍ਰਿਛ-ਬੂਟੇ ਦਾ ਇਕ ਇਕ ਪੱਤਰ ਲੈ ਕੇ ਇਕੱਠੇ ਤੋਲੇ ਜਾਣ ਤਾਂ ਸਾਰਾ ਤੋਲ '18 ਭਾਰ' ਬਣਦਾ ਹੈ। ਇਕ ਭਾਰ ਦਾ ਵਜ਼ਨ ਹੈ 5 ਮਣ ਕੱਚੇ}। ਗਰੁੜਾ = ਮੂੰਹ ਵਿਚ ਘੁਲ ਜਾਣ ਵਾਲਾ, ਰਸੀਲਾ। ਸੁਆਉ = ਸੁਆਦ। ਅਰਥ: ਜੇ ਸਾਰੀ ਬਨਸਪਤੀ ਮੇਵਾ ਬਣ ਜਾਏ, ਜਿਸ ਦਾ ਸੁਆਦ ਬਹੁਤ ਰਸੀਲਾ ਹੋਵੇ, ਜੇ ਮੇਰੀ ਰਹਿਣ ਦੀ ਥਾਂ ਅਟੱਲ ਹੋ ਜਾਏ ਤੇ ਚੰਦ ਅਤੇ ਸੂਰਜ ਦੋਵੇਂ (ਮੇਰੀ ਰਿਹੈਸ਼ ਦੀ ਸੇਵਾ ਕਰਨ ਲਈ) ਸੇਵਾ ਤੇ ਲਾਏ ਜਾਣ, (ਤਾਂ ਭੀ ਹੇ ਪ੍ਰਭੂ! ਮੈਂ ਇਹਨਾਂ ਵਿਚ ਨਾਹ ਫਸਾਂ ਤੇ) ਤੇਰੀ ਹੀ ਸਿਫ਼ਤਿ-ਸਾਲਾਹ ਕਰਾਂ, ਤੇਰੀ ਵਡਿਆਈ ਕਰਨ ਦਾ ਮੇਰਾ ਚਾਉ ਮੁੱਕ ਨਾਹ ਜਾਏ।2। ਮਃ ੧ ॥ ਜੇ ਦੇਹੈ ਦੁਖੁ ਲਾਈਐ ਪਾਪ ਗਰਹ ਦੁਇ ਰਾਹੁ ॥ ਰਤੁ ਪੀਣੇ ਰਾਜੇ ਸਿਰੈ ਉਪਰਿ ਰਖੀਅਹਿ ਏਵੈ ਜਾਪੈ ਭਾਉ ॥ ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ ॥੩॥ {ਪੰਨਾ 142} ਪਦ ਅਰਥ: ਦੇਹੈ– ਸਰੀਰ ਨੂੰ। ਰਾਹੁ = ਰਾਹੂ। ਦੁਇ = ਦੋਵੇਂ ਰਾਹੂ ਤੇ ਕੇਤੂ। ਪਾਪ ਗਰਹ = ਪਾਪਾਂ ਦੇ ਗ੍ਰਹ, ਮਨਹੂਸ ਤਾਰੇ। ਰਤੁ ਪੀਣੇ-ਜ਼ਾਲਮ। ਏਵੈ = ਇਹੋ ਜਿਹੀ। ਭਾਉ = ਪਿਆਰ। ਜਾਪੈ = ਪਰਗਟ ਹੋਵੇ। ਏਵੈ = ਇਸੇ ਤਰ੍ਹਾਂ {ਪੁਰਾਣਾਂ ਦੀ ਕਥਾ ਹੈ ਕਿ ਮੋਹਨੀ ਅਵਤਾਰ ਦੀ ਅਗਵਾਈ ਵਿਚ ਦੇਵਤਿਆਂ ਨੇ ਸਮੁੰਦਰ ਰਿੜਕ ਕੇ 14 ਰਤਨ ਕੱਢੇ, ਉਹਨਾਂ ਵਿਚੋਂ ਇਕ ਸੀ 'ਅੰਮ੍ਰਿਤ' ਜਦੋਂ ਦੇਵਤੇ ਰਲ ਕੇ ਅੰਮ੍ਰਿਤ ਪੀਣ ਲੱਗੇ, ਤਾਂ 'ਰਾਹੂ' ਦੈਂਤ ਭੀ ਭੇਸ ਵਟਾ ਕੇ ਆ ਬੈਠਾ ਤੇ 'ਅੰਮ੍ਰਿਤ' ਪੀ ਗਿਆ। ਚੰਦਰਮਾ ਤੇ ਸੂਰਜ ਨੇ ਪਛਾਣ ਲਿਆ, ਉਹਨਾਂ ਮੋਹਨੀ ਅਵਤਾਰ ਨੂੰ ਦੱਸਿਆ ਜਿਸ ਨੇ ਸੁਦਰਸ਼ਨ ਚੱਕਰ ਨਾਲ ਇਸ ਦਾ ਸਿਰ ਕੱਟ ਦਿੱਤਾ। 'ਅੰਮ੍ਰਿਤ' ਪੀਣ ਕਰਕੇ ਇਹ ਮਰ ਨ ਸਕਿਆ ਹੁਣ ਤਕ ਵੈਰ ਲੈਣ ਲਈ ਕਦੇ ਕਦੇ ਚੰਦਰਮਾ ਤੇ ਸੂਰਜ ਨੂੰ ਆ ਗ੍ਰਸਦਾ ਹੈ, ਜਦੋਂ ਗ੍ਰਹਣ ਲੱਗ ਜਾਂਦਾ ਹੈ}। ਅਰਥ: ਜੇ (ਮੇਰੇ) ਸਰੀਰ ਨੂੰ ਦੁੱਖ ਲੱਗ ਜਾਏ, ਦੋਵੇਂ ਮਨਹੂਸ ਤਾਰੇ ਰਾਹੂ ਤੇ ਕੇਤੂ (ਮੇਰੇ ਲਾਗੂ ਹੋ ਜਾਣ) , ਜ਼ਾਲਮ ਰਾਜੇ ਮੇਰੇ ਸਿਰ ਤੇ ਹੋਣ, ਜੇ ਤੇਰਾ ਪਿਆਰ ਇਸੇ ਤਰ੍ਹਾਂ (ਭਾਵ, ਇਹਨਾਂ ਦੁੱਖਾਂ ਦੀ ਸ਼ਕਲ ਵਿਚ ਹੀ ਮੇਰੇ ਉੱਤੇ) ਪਰਗਟ ਹੋਵੇ, ਤਾਂ ਭੀ (ਹੇ ਪ੍ਰਭੂ! ਮੈਂ ਇਸ ਤੋਂ ਘਾਬਰ ਕੇ ਤੈਨੂੰ ਵਿਸਾਰ ਨਾ ਦਿਆਂ) ਤੇਰੀ ਹੀ ਸਿਫ਼ਤਿ-ਸਾਲਾਹ ਕਰਾਂ, ਤੇਰੀ ਵਡਿਆਈ ਕਰਨ ਦਾ ਮੇਰਾ ਚਾਉ ਨਾਹ ਮੁੱਕ ਜਾਏ।3। ਮਃ ੧ ॥ ਅਗੀ ਪਾਲਾ ਕਪੜੁ ਹੋਵੈ ਖਾਣਾ ਹੋਵੈ ਵਾਉ ॥ ਸੁਰਗੈ ਦੀਆ ਮੋਹਣੀਆ ਇਸਤਰੀਆ ਹੋਵਨਿ ਨਾਨਕ ਸਭੋ ਜਾਉ ॥ ਭੀ ਤੂਹੈ ਸਾਲਾਹਣਾ ਆਖਣ ਲਹੈ ਨ ਚਾਉ ॥੪॥ {ਪੰਨਾ 142} ਪਦ ਅਰਥ: ਅਗੀ = ਅੱਗ, ਗਰਮੀਆਂ ਵਿਚ ਸੂਰਜ ਦੀ ਤਪਦੀ ਧੁੱਪ ਤੇ ਸੇਕ। ਪਾਲਾ = ਸਿਆਲੀ ਠੰਢ। ਵਾਉ = ਹਵਾ। ਮੋਹਣੀਆ = ਮਨ ਨੂੰ ਮੋਹ ਲੈਣ ਵਾਲੀਆਂ। ਜਾਉ = ਨਾਸਵੰਤ। ਅਰਥ: (ਜੇ ਗਰਮੀਆਂ ਦੀ) ਧੁੱਪ ਤੇ (ਸਿਆਲ ਦਾ) ਪਾਲਾ ਮੇਰੇ (ਪਹਿਨਣ ਦਾ) ਕੱਪੜਾ ਹੋਣ (ਭਾਵ, ਜੇ ਮੈਂ ਨੰਗਾ ਰਹਿ ਕੇ ਧੁੱਪ ਤੇ ਪਾਲਾ ਭੀ ਸਹਾਰਾਂ) , ਜੇ ਹਵਾ ਮੇਰੀ ਖ਼ੁਰਾਕ ਹੋਵੇ (ਭਾਵ, ਜੇ ਮੈਂ ਪਉਣ-ਅਹਾਰੀ ਹੋ ਜਾਵਾਂ, ਤਾਂ ਭੀ, ਹੇ ਪ੍ਰਭੂ! ਤੇਰੀ ਸਿਫ਼ਤਿ-ਸਾਲਾਹ ਦੇ ਸਾਹਮਣੇ ਇਹ ਤੁੱਛ ਹਨ) । ਜੇ ਸੁਰਗ ਦੀਆਂ ਅਪੱਛਰਾਂ ਭੀ ਮੇਰੇ ਘਰ ਵਿਚ ਹੋਣ ਤਾਂ ਭੀ, ਹੇ ਨਾਨਕ! ਇਹ ਤਾਂ ਨਾਸਵੰਤ ਹਨ (ਇਹਨਾਂ ਦੇ ਮੋਹ ਵਿਚ ਫਸ ਕੇ ਮੈਂ ਤੈਨੂੰ ਨਾਹ ਵਿਸਾਰਾਂ) ਤੇਰੀ ਹੀ ਸਿਫ਼ਤਿ-ਸਾਲਾਹ ਕਰਦਾ ਰਹਾਂ, ਤੇਰੀ ਵਡਿਆਈ ਕਰਨ ਦਾ ਮੇਰਾ ਚਾਉ ਨਾ ਮੁੱਕੇ।4। ਪਵੜੀ ॥ ਬਦਫੈਲੀ ਗੈਬਾਨਾ ਖਸਮੁ ਨ ਜਾਣਈ ॥ ਸੋ ਕਹੀਐ ਦੇਵਾਨਾ ਆਪੁ ਨ ਪਛਾਣਈ ॥ ਕਲਹਿ ਬੁਰੀ ਸੰਸਾਰਿ ਵਾਦੇ ਖਪੀਐ ॥ ਵਿਣੁ ਨਾਵੈ ਵੇਕਾਰਿ ਭਰਮੇ ਪਚੀਐ ॥ ਰਾਹ ਦੋਵੈ ਇਕੁ ਜਾਣੈ ਸੋਈ ਸਿਝਸੀ ॥ ਕੁਫਰ ਗੋਅ ਕੁਫਰਾਣੈ ਪਇਆ ਦਝਸੀ ॥ ਸਭ ਦੁਨੀਆ ਸੁਬਹਾਨੁ ਸਚਿ ਸਮਾਈਐ ॥ ਸਿਝੈ ਦਰਿ ਦੀਵਾਨਿ ਆਪੁ ਗਵਾਈਐ ॥੯॥ {ਪੰਨਾ 142} ਪਦ ਅਰਥ: ਬਦਫੈਲੀ = ਮੰਦੀ ਕਰਤੂਤ। ਗੈਬਾਨਾ = ਲੁਕ ਕੇ। ਕਲਹਿ = (ਜੋ ਸ਼ਾਂਤੀ ਦਾ ਨਾਸ ਕਰੇ) ਬਿਖਾਂਧ, ਝਗੜਾ। ਵਾਦੇ = ਝਗੜੇ ਵਿਚ ਹੀ। ਕੁਫਰ = ਝੂਠ। ਕੁਫਰਗੋਅ = ਝੂਠ ਬੋਲਣ ਵਾਲਾ। ਦਝਸੀ = ਸੜੇਗਾ। ਸੁਬਹਾਨੁ = ਸੁੰਦਰ। ਦੋਵੈ ਰਾਹ = (ਵੇਖੋ ਪਉੜੀ ਨੰ: 8 ਵਿਚ) ਧਨ ਤੇ ਨਾਮ। ਅਰਥ: (ਜੋ ਮਨੁੱਖ) ਲੁਕ ਕੇ ਪਾਪ ਕਮਾਂਦਾ ਹੈ ਤੇ ਮਾਲਕ ਨੂੰ (ਹਰ ਥਾਂ ਹਾਜ਼ਰ ਨਾਜ਼ਰ) ਨਹੀਂ ਸਮਝਦਾ, ਉਸ ਨੂੰ ਪਾਗਲ ਕਹਣਾ ਚਾਹੀਦਾ ਹੈ, ਉਹ ਆਪਣੇ ਅਸਲੇ ਨੂੰ ਪਛਾਣਦਾ ਨਹੀਂ। ਜਗਤ ਵਿਚ (ਵਿਕਾਰਾਂ ਦੀ) ਬਿਖਾਂਧ (ਐਸੀ) ਚੰਦਰੀ ਹੈ (ਵਿਕਾਰਾਂ ਵਿਚ ਪਿਆ ਮਨੁੱਖ ਵਿਕਾਰਾਂ ਦੇ) ਝੰਬੇਲੇ ਵਿਚ ਹੀ ਖਪਦਾ ਰਹਿੰਦਾ ਹੈ ਪ੍ਰਭੂ ਦਾ ਨਾਮ ਛੱਡ ਕੇ ਮੰਦ ਕਰਮ ਤੇ ਭਟਕਣਾ ਵਿਚ ਖ਼ੁਆਰ ਹੁੰਦਾ ਹੈ। (ਮਨੁੱਖਾ ਜੀਵਨ ਦੇ) ਦੋ ਰਸਤੇ ਹਨ (ਮਾਇਆ ਤੇ ਨਾਮ) , ਇਸ (ਜੀਵਨ ਵਿਚ) ਉਹੀ ਕਾਮਯਾਬ ਹੁੰਦਾ ਹੈ ਜੋ (ਦੋਹਾਂ ਰਸਤਿਆਂ ਵਿਚੋਂ) ਇਕ ਪਰਮਾਤਮਾ ਨੂੰ ਚੇਤੇ ਰੱਖਦਾ ਹੈ, (ਨਹੀਂ ਤਾਂ) ਝੂਠ ਵਿਚ ਗ਼ਲਤਾਨ ਹੋਇਆ ਹੋਇਆ ਹੀ ਸੜਦਾ ਹੈ। ਜੋ ਮਨੁੱਖ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਜੁੜਿਆ ਹੋਇਆ ਹੈ, ਉਸ ਲਈ ਸਾਰਾ ਜਗਤ ਸੋਹਣਾ ਹੈ, ਉਹ ਖ਼ੁਦੀ ਮਿਟਾ ਕੇ ਪ੍ਰਭੂ ਦੇ ਦਰ ਤੇ ਪ੍ਰਭੂ ਦੀ ਦਰਗਾਹ ਵਿਚ ਸੁਰਖ਼ਰੂ ਹੁੰਦਾ ਹੈ।9। ਮਃ ੧ ਸਲੋਕੁ ॥ ਸੋ ਜੀਵਿਆ ਜਿਸੁ ਮਨਿ ਵਸਿਆ ਸੋਇ ॥ ਨਾਨਕ ਅਵਰੁ ਨ ਜੀਵੈ ਕੋਇ ॥ ਜੇ ਜੀਵੈ ਪਤਿ ਲਥੀ ਜਾਇ ॥ ਸਭੁ ਹਰਾਮੁ ਜੇਤਾ ਕਿਛੁ ਖਾਇ ॥ ਰਾਜਿ ਰੰਗੁ ਮਾਲਿ ਰੰਗੁ ॥ ਰੰਗਿ ਰਤਾ ਨਚੈ ਨੰਗੁ ॥ ਨਾਨਕ ਠਗਿਆ ਮੁਠਾ ਜਾਇ ॥ ਵਿਣੁ ਨਾਵੈ ਪਤਿ ਗਇਆ ਗਵਾਇ ॥੧॥ {ਪੰਨਾ 142} ਪਦ ਅਰਥ: ਰਾਜਿ = ਰਾਜ ਵਿਚ। ਰੰਗੁ = ਪਿਆਰ। ਨੰਗੁ = ਬੇ-ਸ਼ਰਮ, ਨਿਲੱਜ। ਮੁਠਾ = ਲੁੱਟਿਆ। ਅਰਥ: (ਅਸਲ ਵਿਚ) ਉਹ ਮਨੁੱਖ ਜੀਊਂਦਾ ਹੈ, ਜਿਸ ਦੇ ਮਨ ਵਿਚ ਪਰਮਾਤਮਾ ਵੱਸ ਰਿਹਾ ਹੈ। ਹੇ ਨਾਨਕ! (ਬੰਦਗੀ ਵਾਲੇ ਤੋਂ ਬਿਨਾ) ਕੋਈ ਹੋਰ ਜੀਊਂਦਾ ਨਹੀਂ ਹੈ। ਜੇ ਨਾਮ-ਵਿਹੂਣਾ (ਵੇਖਣ ਨੂੰ) ਜੀਊਂਦਾ (ਭੀ) ਹੈ ਤਾਂ ਉਹ ਇੱਜ਼ਤ ਗਵਾ ਕੇ (ਏਥੋਂ) ਜਾਂਦਾ ਹੈ, ਜੋ ਕੁਝ (ਏਥੇ) ਖਾਂਦਾ ਪੀਂਦਾ ਹੈ, ਹਰਾਮ ਹੀ ਖਾਂਦਾ ਹੈ। ਜਿਸ ਮਨੁੱਖ ਦਾ ਰਾਜ ਵਿਚ ਪਿਆਰ ਹੈ, ਮਾਲ ਵਿਚ ਮੋਹ ਹੈ, ਉਹ ਇਸ ਮੋਹ ਵਿਚ ਮਸਤਿਆ ਹੋਇਆ ਬੇ-ਸ਼ਰਮ ਹੋ ਕੇ ਨੱਚਦਾ ਹੈ (ਭਾਵ, ਮੱਚਦਾ ਹੈ, ਆਕੜਦਾ ਹੈ) । ਹੇ ਨਾਨਕ! ਪ੍ਰਭੂ ਦੇ ਨਾਮ ਤੋਂ ਸੱਖਣਾ ਮਨੁੱਖ ਠੱਗਿਆ ਜਾ ਰਿਹਾ ਹੈ, ਲੁੱਟਿਆ ਜਾ ਰਿਹਾ ਹੈ, ਇੱਜ਼ਤ ਗਵਾ ਕੇ (ਇਥੋਂ) ਜਾਂਦਾ ਹੈ।1। ਮਃ ੧ ॥ ਕਿਆ ਖਾਧੈ ਕਿਆ ਪੈਧੈ ਹੋਇ ॥ ਜਾ ਮਨਿ ਨਾਹੀ ਸਚਾ ਸੋਇ ॥ ਕਿਆ ਮੇਵਾ ਕਿਆ ਘਿਉ ਗੁੜੁ ਮਿਠਾ ਕਿਆ ਮੈਦਾ ਕਿਆ ਮਾਸੁ ॥ ਕਿਆ ਕਪੜੁ ਕਿਆ ਸੇਜ ਸੁਖਾਲੀ ਕੀਜਹਿ ਭੋਗ ਬਿਲਾਸ ॥ ਕਿਆ ਲਸਕਰ ਕਿਆ ਨੇਬ ਖਵਾਸੀ ਆਵੈ ਮਹਲੀ ਵਾਸੁ ॥ ਨਾਨਕ ਸਚੇ ਨਾਮ ਵਿਣੁ ਸਭੇ ਟੋਲ ਵਿਣਾਸੁ ॥੨॥ {ਪੰਨਾ 142} ਪਦ ਅਰਥ: ਕੀਜਹਿ = ਕੀਤੇ ਜਾਣ। ਭੋਗ ਬਿਲਾਸ = ਰੰਗ-ਰਲੀਆਂ। ਨੇਬ = ਚੋਬਦਾਰ। ਖਵਾਸੀ = ਚੌਰੀ-ਬਰਦਾਰ। ਟੋਲ = ਪਦਾਰਥ। ਅਰਥ: (ਜਿਸ ਪ੍ਰਭੂ ਨੇ ਸਾਰੇ ਸੋਹਣੇ ਪਦਾਰਥ ਦਿੱਤੇ ਹਨ) ਜੇ ਉਹ ਸੱਚਾ ਪ੍ਰਭੂ ਹਿਰਦੇ ਵਿਚ ਨਹੀਂ ਵੱਸਦਾ, ਤਾਂ (ਸੋਹਣੇ ਭੋਜਨ) ਖਾਣ ਤੇ (ਸੋਹਣੇ ਕਪੜੇ) ਹੰਢਾਣ ਦਾ ਕੀਹ ਸੁਆਦ? ਕੀਹ ਹੋਇਆ ਜੇ ਮੇਵੇ, ਘਿਉ, ਮਿੱਠਾ ਗੁੜ ਮੈਦਾ ਤੇ ਮਾਸ ਆਦਿਕ ਪਦਾਰਥ ਵਰਤੇ? ਕੀ ਹੋਇਆ ਜੇ (ਸੋਹਣੇ) ਕੱਪੜੇ ਤੇ ਸੌਖੀ ਸੇਜ ਮਿਲ ਗਈ ਤੇ ਜੇ ਮੌਜਾਂ ਮਾਣ ਲਈਆਂ? ਤਾਂ ਕੀਹ ਬਣ ਗਿਆ ਜੇ ਫ਼ੌਜ, ਚੋਬਦਾਰ, ਚੋਰੀ-ਬਰਦਾਰ ਮਿਲ ਗਏ ਤੇ ਮਹਲਾਂ ਵਿਚ ਵੱਸਣਾ ਨਸੀਬ ਹੋਇਆ? ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਬਿਨਾ ਸਾਰੇ ਪਦਾਰਥ ਨਾਸਵੰਤ ਹਨ।2। ਪਵੜੀ ॥ ਜਾਤੀ ਦੈ ਕਿਆ ਹਥਿ ਸਚੁ ਪਰਖੀਐ ॥ ਮਹੁਰਾ ਹੋਵੈ ਹਥਿ ਮਰੀਐ ਚਖੀਐ ॥ ਸਚੇ ਕੀ ਸਿਰਕਾਰ ਜੁਗੁ ਜੁਗੁ ਜਾਣੀਐ ॥ ਹੁਕਮੁ ਮੰਨੇ ਸਿਰਦਾਰੁ ਦਰਿ ਦੀਬਾਣੀਐ ॥ ਫੁਰਮਾਨੀ ਹੈ ਕਾਰ ਖਸਮਿ ਪਠਾਇਆ ॥ ਤਬਲਬਾਜ ਬੀਚਾਰ ਸਬਦਿ ਸੁਣਾਇਆ ॥ ਇਕਿ ਹੋਏ ਅਸਵਾਰ ਇਕਨਾ ਸਾਖਤੀ ॥ ਇਕਨੀ ਬਧੇ ਭਾਰ ਇਕਨਾ ਤਾਖਤੀ ॥੧੦॥ {ਪੰਨਾ 142} ਪਦ ਅਰਥ: ਸਿਰਕਾਰ = ਰਾਜ, ਹਕੂਮਤ। ਜੁਗੁ ਜੁਗੁ = ਹਰੇਕ ਜੁਗ ਵਿਚ, ਸਦਾ ਹੀ। ਦੀਬਾਣੀਐ = ਦੀਵਾਨ ਵਿਚ, ਦਰਗਾਹ ਵਿਚ। ਫੁਰਮਾਨੀ = ਹੁਕਮ ਮੰਨਣਾ। ਖਸਮਿ = ਖਸਮ ਨੇ। ਪਠਾਇਆ = ਭੇਜਿਆ। ਤਬਲਬਾਜ = ਨਗਾਰਚੀ (ਗੁਰੂ) । ਸਾਖਤੀ = ਦੁਮਚੀ, (ਦੁਮਚੀਆਂ ਪਾ ਲਈਆਂ = ਤਿਆਰ ਹੋ ਗਏ) । ਤਾਖਤੀ = ਦੌੜ, (ਭਾਵ) , ਦੌੜ ਪਈ। ਅਰਥ: (ਪ੍ਰਭੂ ਦੇ ਦਰ ਤੇ ਤਾਂ) ਸੱਚਾ ਨਾਮ (-ਰੂਪ ਸਉਦਾ) ਪਰਖਿਆ ਜਾਂਦਾ ਹੈ, ਜਾਤਿ ਦੇ ਹੱਥ ਵਿਚ ਕੁਝ ਨਹੀਂ ਹੈ (ਭਾਵ, ਕਿਸੇ ਜਾਤਿ ਵਰਣ ਦਾ ਕੋਈ ਲਿਹਾਜ਼ ਨਹੀਂ ਹੁੰਦਾ) । (ਜਾਤਿ ਦਾ ਅਹੰਕਾਰ ਮਹੁਰੇ ਸਮਾਨ ਹੈ) ਜੇ ਕਿਸੇ ਪਾਸ ਮਹੁਰਾ ਹੋਵੇ (ਭਾਵੇਂ ਕਿਸੇ ਜਾਤਿ ਦਾ ਹੋਵੇ) ਜੇ ਮਹੁਰਾ ਖਾਇਗਾ ਤਾਂ ਮਰੇਗਾ = ਅਕਾਲ ਪੁਰਖ ਦਾ ਇਹ ਨਿਆਂ ਹਰੇਕ ਜੁਗ ਵਿਚ ਵਰਤਦਾ ਸਮਝ ਲਵੋ (ਭਾਵ, ਕਿਸੇ ਭੀ ਜੁਗ ਵਿਚ ਜਾਤਿ ਦਾ ਲਿਹਾਜ਼ ਨਹੀਂ ਹੋਇਆ) । ਪ੍ਰਭੂ ਦੇ ਦਰ ਤੇ, ਪ੍ਰਭੂ ਦੀ ਦਰਗਾਹ ਵਿਚ ਉਹੀ ਇੱਜ਼ਤ ਵਾਲਾ ਹੈ ਜੋ ਪ੍ਰਭੂ ਦਾ ਹੁਕਮ ਮੰਨਦਾ ਹੈ। ਖਸਮ (ਪ੍ਰਭੂ) ਨੇ (ਜੀਵ ਨੂੰ) ਹੁਕਮ ਮੰਨਣ-ਰੂਪ ਕਾਰ ਦੇ ਕੇ (ਜਗਤ ਵਿਚ) ਭੇਜਿਆ ਹੈ। ਨਗਾਚਰੀ ਗੁਰੂ ਨੇ ਸ਼ਬਦ ਦੀ ਰਾਹੀਂ ਇਹੀ ਗੱਲ ਸੁਣਾਈ ਹੈ (ਭਾਵ, ਗੁਰੂ ਨੇ ਸ਼ਬਦ ਦੀ ਰਾਹੀਂ ਇਸੇ ਗੱਲ ਦਾ ਢੰਡੋਰਾ ਦੇ ਦਿੱਤਾ ਹੈ) । (ਇਹ ਢੰਡੋਰਾ ਸੁਣ ਕੇ) ਕਈ (ਗੁਰਮੁਖ) ਤਾਂ ਅਸਵਾਰ ਹੋ ਗਏ ਹਨ (ਭਾਵ, ਇਸ ਰਾਹ ਤੇ ਤੁਰ ਪਏ ਹਨ) , ਕਈ ਬੰਦੇ ਤਿਆਰ ਹੋ ਪਏ ਹਨ, ਕਈਆਂ ਨੇ ਅਸਬਾਬ ਲੱਦ ਲਏ ਹਨ, ਤੇ ਕਈ ਛੇਤੀ ਦੌੜ ਪਏ ਹਨ।10। ਸਲੋਕੁ ਮਃ ੧ ॥ ਜਾ ਪਕਾ ਤਾ ਕਟਿਆ ਰਹੀ ਸੁ ਪਲਰਿ ਵਾੜਿ ॥ ਸਣੁ ਕੀਸਾਰਾ ਚਿਥਿਆ ਕਣੁ ਲਇਆ ਤਨੁ ਝਾੜਿ ॥ ਦੁਇ ਪੁੜ ਚਕੀ ਜੋੜਿ ਕੈ ਪੀਸਣ ਆਇ ਬਹਿਠੁ ॥ ਜੋ ਦਰਿ ਰਹੇ ਸੁ ਉਬਰੇ ਨਾਨਕ ਅਜਬੁ ਡਿਠੁ ॥੧॥ ਮਃ ੧ ॥ {ਪੰਨਾ 142} ਪਦ ਅਰਥ: ਪਲਰਿ = ਨਾੜ, ਬੂਟੇ ਦੀ ਨਾਲੀ ਜਿਸ ਉੱਤੇ ਸਿੱਟਾ ਉਗਿਆ ਹੁੰਦਾ ਹੈ। ਸਣੁ = ਸਮੇਤ। ਕੀਸਾਰਾ = ਸਿੱਟੇ ਦੇ ਤਿੱਖੇ ਕੰਡੇ। ਕਣੁ = ਦਾਣੇ। ਤਨੁ ਝਾੜਿ = (ਬੂਟਿਆਂ ਦਾ) ਤਨ ਝਾੜ ਕੇ, ਬੋਹਲ ਉਡਾ ਕੇ। ਬਹਿਠੁ = ਬੈਠੇ। ਅਜਬੁ = ਅਚਰਜ ਤਮਾਸ਼ਾ। ਅਰਥ: ਜਦੋਂ (ਕਣਕ ਆਦਿਕ ਫ਼ਸਲ ਦਾ ਬੂਟਾ) ਪੱਕ ਜਾਂਦਾ ਹੈ ਤਾਂ (ਉਤੋਂ ਉਤੋਂ) ਵੱਢ ਲਈਦਾ ਹੈ, (ਕਣਕ ਦੀ) ਨਾੜ ਤੇ (ਪੈਲੀ ਦੀ) ਵਾੜ ਪਿੱਛੇ ਰਹਿ ਜਾਂਦੀ ਹੈ। ਇਸ ਨੂੰ ਸਿੱਟਿਆਂ ਸਮੇਤ ਗਾਹ ਲਈਦਾ ਹੈ, ਤੇ ਬੋਹਲ ਉਡਾ ਕੇ ਦਾਣੇ ਕੱਢ ਲਈਦੇ ਹਨ। ਚੱਕੀ ਦੇ ਦੋਵੇਂ ਪੁੜ ਰੱਖ ਕੇ (ਇਹਨਾਂ ਦਾਣਿਆਂ ਨੂੰ) ਪੀਹਣ ਲਈ (ਪ੍ਰਾਣੀ) ਆ ਬੈਠਦਾ ਹੈ, (ਪਰ) ਹੇ ਨਾਨਕ! ਇਕ ਅਚਰਜ ਤਮਾਸ਼ਾ ਵੇਖਿਆ ਹੈ, ਜੋ ਦਾਣੇ (ਚੱਕੀ ਦੇ) ਦਰ ਤੇ (ਭਾਵ, ਕਿੱਲੀ ਦੇ ਨੇੜੇ) ਰਹਿੰਦੇ ਹਨ, ਉਹ ਪੀਸਣੋਂ ਬਚ ਜਾਂਦੇ ਹਨ (ਇਸੇ ਤਰ੍ਹਾਂ, ਜੋ ਮਨੁੱਖ ਪ੍ਰਭੂ ਦੇ ਦਰ ਤੇ ਰਹਿੰਦੇ ਹਨ ਉਹਨਾਂ ਨੂੰੰ ਜਗਤ ਦੇ ਵਿਕਾਰ ਪੋਹ ਨਹੀਂ ਸਕਦੇ) ।1। |
Sri Guru Granth Darpan, by Professor Sahib Singh |