ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 143

ਵੇਖੁ ਜਿ ਮਿਠਾ ਕਟਿਆ ਕਟਿ ਕੁਟਿ ਬਧਾ ਪਾਇ ॥ ਖੁੰਢਾ ਅੰਦਰਿ ਰਖਿ ਕੈ ਦੇਨਿ ਸੁ ਮਲ ਸਜਾਇ ॥ ਰਸੁ ਕਸੁ ਟਟਰਿ ਪਾਈਐ ਤਪੈ ਤੈ ਵਿਲਲਾਇ ॥ ਭੀ ਸੋ ਫੋਗੁ ਸਮਾਲੀਐ ਦਿਚੈ ਅਗਿ ਜਾਲਾਇ ॥ ਨਾਨਕ ਮਿਠੈ ਪਤਰੀਐ ਵੇਖਹੁ ਲੋਕਾ ਆਇ ॥੨॥ {ਪੰਨਾ 143}

ਪਦ ਅਰਥ: ਮਿਠਾ = ਗੰਨਾ। ਕਟਿ ਕੁਟਿ = ਕੱਟ ਕੁੱਟ ਕੇ (ਭਾਵ,) ਵੱਢਣ ਤੋਂ ਪਿਛੋਂ ਬਾਕੀ ਦੀ ਤਿਆਰੀ ਕਰ ਕੇ, ਛਿੱਲ ਛਿੱਲ ਕੇ। ਪਾਇ = ਪਾ ਕੇ, ਰੱਸੀਆਂ ਪਾ ਕੇ। ਖੁੰਢਾ = ਵੇਲਣੇ ਦੀਆਂ ਲੱਠਾਂ। ਮਲ = ਮੱਲ, ਭਲਵਾਨ। ਰਸੁ ਕਸੁ = ਕੱਢੀ ਹੋਈ ਰਹੁ। ਟਟਰਿ = ਕੜਾਹੇ ਵਿਚ। ਸਮਾਲੀਐ = ਇਕੱਠਾ ਕਰ ਲਈਦਾ ਹੈ। ਮਿਠੈ = ਮਿੱਠੇ ਦੇ ਕਾਰਣ। ਪਤਰੀਐ = ਖ਼ੁਆਰ ਹੋਈਦਾ ਹੈ {ਸੰ: ਪ੍ਰ+ਤ੍ਰੀ, ਇਸ ਧਾਤੂ ਤੋਂ 'ਪ੍ਰੇਰਣਾਰਥਕ ਕ੍ਰਿਆ' ਦਾ ਰੂਪ ਹੈ 'ਪ੍ਰਤਾਰੀਯ' ਜਿਸ ਤੋਂ ਪੰਜਾਬੀ ਲਫ਼ਜ਼ ਹੈ 'ਪਤਾਰਨਾ'। ਇਸ ਦਾ ਅਰਥ ਹੈ 'ਖ਼ੁਆਰ ਕਰਨਾ, ਬਦਨਾਮ ਕਰਨਾ, ਧੋਖਾ ਦੇਣਾ। ' ਲਫ਼ਜ਼ 'ਪਤਾਰੀਐ' 'ਕ੍ਰਿਆ ਹੈ। 'ਮਿਠੈ ਪਤਰੀਐ' ਦਾ ਅਰਥ 'ਮਿੱਠੇ ਪਤਰਾਂ ਵਾਲੇ ਨੂੰ' ਗ਼ਲਤ ਹੈ, ਗੰਨੇ ਦੇ ਪਤਰਾਂ ਵਿਚ ਮਿਠਾਸ ਨਹੀਂ, ਮਿਠਾਸ ਤਾਂ ਗੰਨੇ ਵਿਚ ਹੈ, ਪੱਤਰ (ਛੋਈ) ਤਾਂ ਲਾਹ ਕੇ ਸੁੱਟ ਦੇਈਏ ਹਨ। ਵੇਖੋ 'ਕਉਨੁ ਕਉਨੁ ਨਹੀ ਪਤਰਿਆ' = ਬਿਲਾਵਲ ਮ: 5।

ਅਰਥ: (ਹੇ ਭਾਈ!) ਵੇਖ ਕਿ ਗੰਨਾ ਵੱਢੀਦਾ ਹੈ, ਛਿੱਲ ਛਿੱਲ ਕੇ, ਰੱਸੀ ਪਾ ਕੇ ਬੰਨ੍ਹ ਲਈਦਾ ਹੈ (ਭਾਵ, ਭਰੀਆਂ ਬੰਨ੍ਹ ਲਈਦੀਆਂ ਹਨ) । ਫਿਰ ਵੇਲਣੇ ਦੀਆਂ ਲੱਠਾਂ ਵਿਚ ਰੱਖ ਕੇ ਭਲਵਾਨ (ਭਾਵ, ਜ਼ਿਮੀਦਾਰ) ਇਸ ਨੂੰ (ਮਾਨੋ) ਸਜ਼ਾ ਦੇਂਦੇ ਹਨ (ਭਾਵ, ਪੀੜਦੇ ਹਨ) । ਸਾਰੀ ਰਹੁ ਕੜਾਹੇ ਵਿਚ ਪਾ ਲਈਦੀ ਹੈ, (ਅੱਗ ਦੇ ਸੇਕ ਨਾਲ ਇਹ ਰਹੁ) ਕੜ੍ਹਦੀ ਹੈ ਤੇ (ਮਾਨੋ) ਵਿਲਕਦੀ ਹੈ। (ਗੰਨੇ ਦਾ) ਉਹ ਫੋਗ (ਚੂਰਾ) ਭੀ ਸਾਂਭ ਲਈਦਾ ਹੈ ਤੇ (ਸੁਕਾ ਕੇ ਕੜਾਹੇ ਹੇਠ) ਅੱਗ ਵਿਚ ਸਾੜ ਦੇਈਦਾ ਹੈ। ਹੇ ਨਾਨਕ! (ਆਖ–) ਹੇ ਲੋਕੋ! ਆ ਕੇ (ਗੰਨੇ ਦਾ ਹਾਲ) ਵੇਖੋ, ਮਿੱਠੇ ਦੇ ਕਾਰਣ (ਮਾਇਆ ਦੀ ਮਿਠਾਸ ਦੇ ਮੋਹ ਦੇ ਕਾਰਨ ਗੰਨੇ ਵਾਂਗ ਇਉਂ ਹੀ) ਖ਼ੁਆਰ ਹੋਈਦਾ ਹੈ।2।

{ਨੋਟ: ਇਥੇ ਭਾਵ ਇਹ ਨਹੀਂ ਹੈ ਕਿ ਚੰਗਿਆਂ ਨੂੰ ਦੁੱਖ ਸਹਾਰਨੇ ਪੈਂਦੇ ਹਨ। ਸਲੋਕ ਦਾ ਭਾਵ "ਮਿਠੈ ਪਤਰੀਐ" ਵਿਚ ਆ ਗਿਆ ਹੈ, ਇਹੀ ਖ਼ਿਆਲ ਪਉੜੀ ਵਿਚ ਹੈ}।

ਪਵੜੀ ॥ ਇਕਨਾ ਮਰਣੁ ਨ ਚਿਤਿ ਆਸ ਘਣੇਰਿਆ ॥ ਮਰਿ ਮਰਿ ਜੰਮਹਿ ਨਿਤ ਕਿਸੈ ਨ ਕੇਰਿਆ ॥ ਆਪਨੜੈ ਮਨਿ ਚਿਤਿ ਕਹਨਿ ਚੰਗੇਰਿਆ ॥ ਜਮਰਾਜੈ ਨਿਤ ਨਿਤ ਮਨਮੁਖ ਹੇਰਿਆ ॥ ਮਨਮੁਖ ਲੂਣ ਹਾਰਾਮ ਕਿਆ ਨ ਜਾਣਿਆ ॥ ਬਧੇ ਕਰਨਿ ਸਲਾਮ ਖਸਮ ਨ ਭਾਣਿਆ ॥ ਸਚੁ ਮਿਲੈ ਮੁਖਿ ਨਾਮੁ ਸਾਹਿਬ ਭਾਵਸੀ ॥ ਕਰਸਨਿ ਤਖਤਿ ਸਲਾਮੁ ਲਿਖਿਆ ਪਾਵਸੀ ॥੧੧॥ {ਪੰਨਾ 143}

ਅਰਥ: ਕਈ ਬੰਦੇ (ਦੁਨੀਆ ਦੀਆਂ) ਬੜੀਆਂ ਆਸਾਂ (ਮਨ ਵਿਚ ਬਣਾਂਦੇ ਰਹਿੰਦੇ ਹਨ, ਮੌਤ ਦਾ ਖ਼ਿਆਲ ਉਹਨਾਂ ਦੇ) ਚਿੱਤ ਵਿਚ ਨਹੀਂ ਆਉਂਦਾ, ਉਹ ਨਿੱਤ ਜੰਮਦੇ ਮਰਦੇ ਹਨ, (ਭਾਵ, ਹਰ ਵੇਲੇ ਸਹਸਿਆਂ ਵਿਚ ਦੁਖੀ ਹੁੰਦੇ ਹਨ; ਕਦੇ ਘੜੀ ਸੁਖਾਲੇ ਤੇ ਫਿਰ ਦੁਖੀ ਦੇ ਦੁਖੀ) । ਕਿਸੇ ਦੇ ਭੀ ਉਹ (ਕਦੇ ਯਾਰ) ਨਹੀਂ ਬਣਦੇ। ਉਹ ਲੋਕ ਆਪਣੇ ਮਨ ਵਿਚ ਚਿੱਤ ਵਿਚ (ਆਪਣੇ ਆਪ ਨੂੰ) ਚੰਗੇ ਆਖਦੇ ਹਨ, (ਪਰ) ਉਹਨਾਂ ਮਨਮੁਖਾਂ ਨੂੰ ਸਦਾ ਹੀ ਜਮਰਾਜ ਵੇਖਦਾ ਰਹਿੰਦਾ ਹੈ (ਭਾਵ, ਸਮਝਦੇ ਤਾਂ ਆਪਣੇ ਆਪ ਨੂੰ ਨੇਕ ਹਨ, ਪਰ ਕਰਤੂਤਾਂ ਉਹ ਹਨ ਜਿਨ੍ਹਾਂ ਕਰਕੇ ਜਮਾਂ ਦੇ ਵੱਸ ਪੈਂਦੇ ਹਨ) । ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਲੂਣ-ਹਰਾਮੀ ਬੰਦੇ ਪਰਮਾਤਮਾ ਦੇ ਕੀਤੇ ਉਪਕਾਰ (ਦੀ ਸਾਰ) ਨਹੀਂ ਜਾਣਦੇ। ਬੱਧੇ-ਰੁੱਧੇ ਹੀ (ਉਸ ਨੂੰ) ਸਲਾਮਾਂ ਕਰਦੇ ਹਨ, (ਇਸ ਤਰ੍ਹਾਂ) ਉਸ ਖਸਮ ਨੂੰ ਪਿਆਰੇ ਨਹੀਂ ਲੱਗ ਸਕਦੇ।

(ਜਿਸ ਮਨੁੱਖ ਨੂੰ) ਰੱਬ ਮਿਲ ਪਿਆ ਹੈ, ਜਿਸ ਦੇ ਮੂੰਹ ਵਿਚ ਰੱਬ ਦਾ ਨਾਮ ਹੈ, ਉਹ ਖਸਮ (ਰੱਬ) ਨੂੰ ਪਿਆਰਾ ਲੱਗਦਾ ਹੈ। ਉਸ ਨੂੰ ਤਖਤ ਉਤੇ (ਬੈਠੇ ਨੂੰ) ਸਾਰੇ ਲੋਕ ਸਲਾਮ ਕਰਦੇ ਹਨ, (ਧੁਰੋਂ ਰੱਬ ਵਲੋਂ) ਲਿਖੇ ਇਸ ਲੇਖ (ਦੇ ਫਲ ਨੂੰ) ਉਹ ਪ੍ਰਾਪਤ ਕਰਦਾ ਹੈ।11।

ਮਃ ੧ ਸਲੋਕੁ ॥ ਮਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸੁ ॥ ਪਥਰ ਪਾਲਾ ਕਿਆ ਕਰੇ ਖੁਸਰੇ ਕਿਆ ਘਰ ਵਾਸੁ ॥ ਕੁਤੇ ਚੰਦਨੁ ਲਾਈਐ ਭੀ ਸੋ ਕੁਤੀ ਧਾਤੁ ॥ ਬੋਲਾ ਜੇ ਸਮਝਾਈਐ ਪੜੀਅਹਿ ਸਿੰਮ੍ਰਿਤਿ ਪਾਠ ॥ ਅੰਧਾ ਚਾਨਣਿ ਰਖੀਐ ਦੀਵੇ ਬਲਹਿ ਪਚਾਸ ॥ ਚਉਣੇ ਸੁਇਨਾ ਪਾਈਐ ਚੁਣਿ ਚੁਣਿ ਖਾਵੈ ਘਾਸੁ ॥ ਲੋਹਾ ਮਾਰਣਿ ਪਾਈਐ ਢਹੈ ਨ ਹੋਇ ਕਪਾਸ ॥ ਨਾਨਕ ਮੂਰਖ ਏਹਿ ਗੁਣ ਬੋਲੇ ਸਦਾ ਵਿਣਾਸੁ ॥੧॥ {ਪੰਨਾ 143}

ਪਦ ਅਰਥ: ਤਾਰੂ ਤਾਰੂ ਪਾਣੀ, ਬਹੁਤ ਡੂੰਘਾ ਪਾਣੀ ਜਿਸ ਵਿਚੋਂ ਤਰ ਕੇ ਹੀ ਲੰਘਿਆ ਜਾ ਸਕੇ। ਧਾਤੁ = ਅਸਲਾ, ਖਮੀਰ। ਪੜਿਅਹਿ = ਪੜ੍ਹੇ ਜਾਣ। ਚਉਣਾ = ਗਾਈਆਂ ਦਾ ਵੱਗ ਜੋ ਪਿੰਡੋਂ ਬਾਹਰ ਘਾਹ ਚੁਗਣ ਲਈ ਛੱਡਿਆ ਜਾਂਦਾ ਹੈ। ਮਾਰਣਿ = ਮਾਰਨ ਲਈ, ਕੁਸ਼ਤਾ ਕਰਨ ਲਈ। ਢਹੈ– ਢਹਿ, ਢਲ ਕੇ। ਗੁਣ = ਖ਼ੋਆਂ, ਵਾਦੀਆਂ। ਵਿਣਾਸੁ = ਨੁਕਸਾਨ।

ਅਰਥ: ਤਾਰੂ ਪਾਣੀ ਮੱਛੀ ਨੂੰ ਕੀਹ ਕਰ ਸਕਦਾ ਹੈ? (ਭਾਵੇਂ ਕਿਤਨਾ ਹੀ ਡੂੰਘਾ ਹੋਵੇ ਮੱਛੀ ਨੂੰ ਪਰਵਾਹ ਨਹੀਂ) । ਆਕਾਸ਼ ਪੰਛੀ ਨੂੰ ਕੀਹ ਕਰ ਸਕਦਾ ਹੈ? (ਆਕਾਸ਼ ਕਿਤਨਾ ਹੀ ਖੁਲ੍ਹਾ ਹੋਵੇ ਪੰਛੀ ਨੂੰ ਪਰਵਾਹ ਨਹੀਂ) (ਪਾਣੀ ਆਪਣੀ ਡੂੰਘਾਈ ਦਾ ਤੇ ਆਕਾਸ਼ ਆਪਣੀ ਖੁਲ੍ਹਾ ਦਾ ਅਸਰ ਨਹੀਂ ਪਾ ਸਕਦਾ) । ਪਾਲਾ (ਕੱਕਰ) ਪੱਥਰ ਉਤੇ ਅਸਰ ਨਹੀਂ ਪਾ ਸਕਦਾ, ਘਰ ਦੇ ਵਸੇਬੇ ਦਾ ਅਸਰ ਖੁਸਰੇ (ਹੀਜੜੇ) ਉਤੇ ਨਹੀਂ ਪੈਂਦਾ। ਜੇ ਕੁੱਤੇ ਨੂੰ ਚੰਦਨ ਭੀ ਲਾ ਦੇਈਏ, ਤਾਂ ਭੀ ਉਸ ਦਾ ਅਸਲਾ ਕੁੱਤਿਆਂ ਵਾਲਾ ਹੀ ਰਹਿੰਦਾ ਹੈ। ਬੋਲੇ ਮਨੁੱਖ ਨੂੰ ਜੇ ਮੱਤਾਂ ਦੇਈਏ ਤੇ ਸਿੰਮ੍ਰਿਤੀਆਂ ਦੇ ਪਾਠ ਉਸ ਦੇ ਕੋਲ ਕਰੀਏ (ਉਹ ਤਾਂ ਸੁਣ ਹੀ ਨਹੀਂ ਸਕਦਾ) । ਅੰਨ੍ਹੇ ਮਨੁੱਖ ਨੂੰ ਚਾਨਣ ਵਿਚ ਰੱਖਿਆ ਜਾਏ, (ਉਸ ਦੇ ਪਾਸ ਭਾਵੇਂ) ਪੰਜਾਹ ਦੀਵੇ ਪਏ ਬਲਣ (ਉਸ ਨੂੰ ਕੁਝ ਨਹੀਂ ਦਿੱਸਣਾ) । ਚੁਗਣ ਗਏ ਪਸ਼ੂਆਂ ਦੇ ਵੱਗ ਅਗੇ ਜੇ ਸੋਨਾ ਖਿਲਾਰ ਦੇਈਏ, ਤਾਂ ਭੀ ਉਹ ਘਾਹ ਚੁਗ ਚੁਗ ਕੇ ਹੀ ਖਾਏਗਾ (ਸੋਨੇ ਦੀ ਉਸ ਨੂੰ ਕਦਰ ਨਹੀਂ ਪੈ ਸਕਦੀ) । ਲੋਹੇ ਦਾ ਕੁਸ਼ਤਾ ਕਰ ਦੇਈਏ, ਤਾਂ ਭੀ ਢਲ ਕੇ ਉਹ ਕਪਾਹ (ਵਰਗਾ ਨਰਮ) ਨਹੀਂ ਬਣ ਸਕਦਾ।

ਹੇ ਨਾਨਕ! ਇਹੀ ਖ਼ੋਆਂ ਮੂਰਖ ਦੀਆਂ ਹਨ, ਕਿਤਨੀ ਮਤ ਦਿਓ, ਉਹ ਜਦੋਂ ਭੀ ਬੋਲਦਾ ਹੈ ਸਦਾ (ਉਹੀ ਬੋਲਦਾ ਹੈ ਜਿਸ ਨਾਲ ਕਿਸੇ ਦਾ) ਨੁਕਸਾਨ ਹੀ ਹੋਵੇ।6।

ਮਃ ੧ ॥ ਕੈਹਾ ਕੰਚਨੁ ਤੁਟੈ ਸਾਰੁ ॥ ਅਗਨੀ ਗੰਢੁ ਪਾਏ ਲੋਹਾਰੁ ॥ ਗੋਰੀ ਸੇਤੀ ਤੁਟੈ ਭਤਾਰੁ ॥ ਪੁਤੀ ਗੰਢੁ ਪਵੈ ਸੰਸਾਰਿ ॥ ਰਾਜਾ ਮੰਗੈ ਦਿਤੈ ਗੰਢੁ ਪਾਇ ॥ ਭੁਖਿਆ ਗੰਢੁ ਪਵੈ ਜਾ ਖਾਇ ॥ ਕਾਲਾ ਗੰਢੁ ਨਦੀਆ ਮੀਹ ਝੋਲ ॥ ਗੰਢੁ ਪਰੀਤੀ ਮਿਠੇ ਬੋਲ ॥ ਬੇਦਾ ਗੰਢੁ ਬੋਲੇ ਸਚੁ ਕੋਇ ॥ ਮੁਇਆ ਗੰਢੁ ਨੇਕੀ ਸਤੁ ਹੋਇ ॥ ਏਤੁ ਗੰਢਿ ਵਰਤੈ ਸੰਸਾਰੁ ॥ ਮੂਰਖ ਗੰਢੁ ਪਵੈ ਮੁਹਿ ਮਾਰ ॥ ਨਾਨਕੁ ਆਖੈ ਏਹੁ ਬੀਚਾਰੁ ॥ ਸਿਫਤੀ ਗੰਢੁ ਪਵੈ ਦਰਬਾਰਿ ॥੨॥ {ਪੰਨਾ 143}

ਪਦ ਅਰਥ: ਕੰਚਨੁ = ਸੋਨਾ। ਸਾਰੁ = ਲੋਹਾ। ਗੰਢੁ = ਗਾਂਢਾ। ਗੋਰੀ = ਇਸਤ੍ਰੀ, ਵਹੁਟੀ। ਕਾਲ੍ਹ੍ਹਾ ਗੰਢੁ = ਕਾਲਾਂ ਦਾ ਖ਼ਾਤਮਾ। ਝੋਲ = ਬਹੁਤ ਮੀਂਹ। ਮੁਇਆ ਗੰਢੁ = ਮੋਏ ਮਨੁੱਖਾਂ ਦਾ ਦੁਨੀਆ ਨਾਲ ਸੰਬੰਧ। ਸਤੁ = ਦਾਨ। ਏਤੁ ਗੰਢਿ = ਇਸ ਗਾਂਢੇ ਨਾਲ, ਇਸ ਸੰਬੰਧ ਨਾਲ। ਮੁਹਿ = ਮੂੰਹ ਉਤੇ।

ਅਰਥ: ਜੇ ਕੈਹਾਂ, ਸੋਨਾ ਜਾਂ ਲੋਹਾ ਟੁੱਟ ਜਾਏ, ਅੱਗ ਨਾਲ ਲੋਹਾਰ (ਆਦਿਕ) ਗਾਂਢਾ ਲਾ ਦੇਂਦਾ ਹੈ, ਜੇ ਵਹੁਟੀ ਨਾਲ ਖਸਮ ਨਾਰਾਜ਼ ਹੋ ਜਾਏ, ਤਾਂ ਜਗਤ ਵਿਚ (ਇਹਨਾਂ ਦਾ) ਜੋੜ ਪੁੱਤ੍ਰਾਂ ਦੀ ਰਾਹੀਂ ਬਣਦਾ ਹੈ। ਰਾਜਾ (ਪਰਜਾ ਪਾਸੋਂ ਮਾਮਲਾ) ਮੰਗਦਾ ਹੈ (ਨਾਹ ਦਿੱਤਾ ਜਾਏ ਤਾਂ ਰਾਜਾ ਪਰਜਾ ਦੀ ਵਿਗੜਦੀ ਹੈ, ਮਾਮਲਾ) ਦਿੱਤਿਆਂ (ਰਾਜਾ ਪਰਜਾ ਦਾ) ਮੇਲ ਬਣਦਾ ਹੈ। ਭੁੱਖ ਨਾਲ ਆਤੁਰ ਹੋਏ ਬੰਦੇ ਦਾ (ਆਪਣੇ ਸਰੀਰ ਨਾਲ ਤਾਂ ਹੀ) ਸੰਬੰਧ ਬਣਿਆ ਰਹਿੰਦਾ ਹੈ ਜੇ ਉਹ (ਰੋਟੀ) ਖਾਏ। ਕਾਲਾਂ ਨੂੰ ਗੰਢ ਪੈਂਦੀ ਹੈ (ਭਾਵ, ਕਾਲ ਮੁੱਕ ਜਾਂਦੇ ਹਨ) ਜੇ ਬਹੁਤੇ ਮੀਂਹ ਪੈ ਕੇ ਨਦੀਆਂ ਚੱਲਣ। ਮਿੱਠੇ ਬਚਨਾਂ ਨਾਲ ਪਿਆਰ ਦੀ ਗੰਢ ਪੈਂਦੀ ਹੈ (ਭਾਵ, ਪਿਆਰ ਪੱਕਾ ਹੁੰਦਾ ਹੈ। ਵੈਦ (ਆਦਿਕ ਧਰਮ ਪੁਸਤਕਾਂ) ਨਾਲ (ਮਨੁੱਖ ਦਾ ਤਦੋਂ) ਜੋੜ ਜੋੜਦਾ ਹੈ ਜੇ ਮਨੁੱਖ ਸੱਚ ਬੋਲੇ। ਮੁਏ ਬੰਦਿਆਂ ਦਾ (ਜਗਤ ਨਾਲ) ਸੰਬੰਧ ਬਣਿਆ ਰਹਿੰਦਾ ਹੈ (ਭਾਵ, ਪਿਛੋਂ ਲੋਕ ਯਾਦ ਕਰਦੇ ਹਨ) ਜੇ ਮਨੁੱਖ ਭਲਾਈ ਤੇ ਦਾਨ ਕਰਦਾ ਰਹੇ। (ਸੋ) ਇਸ ਤਰ੍ਹਾਂ ਦੇ ਸੰਬੰਧ ਨਾਲ ਜਗਤ (ਦਾ ਵਿਹਾਰ) ਚੱਲਦਾ ਹੈ। ਮੂੰਹ ਤੇ ਮਾਰ ਪਿਆਂ ਮੂਰਖ (ਦੇ ਮੂਰਖ-ਪੁਣੇ) ਨੂੰ ਰੋਕ ਪਾਂਦੀ ਹੈ।

ਨਾਨਕ ਇਹ ਵਿਚਾਰ (ਦੀ ਗੱਲ) ਦੱਸਦਾ ਹੈ, ਕਿ (ਪਰਮਾਤਮਾ ਦੀ) ਸਿਫ਼ਤਿ-ਸਾਲਾਹ ਦੀ ਰਾਹੀਂ (ਪ੍ਰਭੂ ਦੇ ਦਰਬਾਰ ਵਿਚ (ਆਦਰ-ਪਿਆਰ ਦਾ) ਜੋੜ ਜੁੜਦਾ ਹੈ।2।

ਪਉੜੀ ॥ ਆਪੇ ਕੁਦਰਤਿ ਸਾਜਿ ਕੈ ਆਪੇ ਕਰੇ ਬੀਚਾਰੁ ॥ ਇਕਿ ਖੋਟੇ ਇਕਿ ਖਰੇ ਆਪੇ ਪਰਖਣਹਾਰੁ ॥ ਖਰੇ ਖਜਾਨੈ ਪਾਈਅਹਿ ਖੋਟੇ ਸਟੀਅਹਿ ਬਾਹਰ ਵਾਰਿ ॥ ਖੋਟੇ ਸਚੀ ਦਰਗਹ ਸੁਟੀਅਹਿ ਕਿਸੁ ਆਗੈ ਕਰਹਿ ਪੁਕਾਰ ॥ ਸਤਿਗੁਰ ਪਿਛੈ ਭਜਿ ਪਵਹਿ ਏਹਾ ਕਰਣੀ ਸਾਰੁ ॥ ਸਤਿਗੁਰੁ ਖੋਟਿਅਹੁ ਖਰੇ ਕਰੇ ਸਬਦਿ ਸਵਾਰਣਹਾਰੁ ॥ ਸਚੀ ਦਰਗਹ ਮੰਨੀਅਨਿ ਗੁਰ ਕੈ ਪ੍ਰੇਮ ਪਿਆਰਿ ॥ ਗਣਤ ਤਿਨਾ ਦੀ ਕੋ ਕਿਆ ਕਰੇ ਜੋ ਆਪਿ ਬਖਸੇ ਕਰਤਾਰਿ ॥੧੨॥ {ਪੰਨਾ 143}

ਪਦ ਅਰਥ: ਬਾਹਰਵਾਰਿ = ਬਾਹਰਲੇ ਪਾਸੇ। ਸਾਰੁ = ਸ੍ਰੇਸ਼ਟ। ਮੰਨੀਅਨਿ = ਮੰਨੇ ਜਾਂਦੇ ਹਨ, (ਭਾਵ,) ਆਦਰ ਪਾਂਦੇ ਹਨ। ਗਣਤ = ਦੰਦ ਕਥਾ, ਨਿੰਦਿਆ।

ਅਰਥ: ਪਰਮਾਤਮਾ ਆਪ ਹੀ ਦੁਨੀਆ ਪੈਦਾ ਕਰ ਕੇ ਆਪ ਹੀ ਇਸ ਦਾ ਧਿਆਨ ਰੱਖਦਾ ਹੈ, (ਪਰ ਇਥੇ) ਕਈ ਜੀਵ ਖੋਟੇ ਹਨ (ਭਾਵ, ਮਨੁੱਖਤਾ ਦੇ ਮਾਪ ਤੋਂ ਹੌਲੇ ਹਨ) ਤੇ ਕਈ (ਸ਼ਾਹੀ ਸਿੱਕੇ ਵਾਂਗ ਖਰੇ ਹਨ, (ਇਹਨਾਂ ਸਭਨਾਂ ਦੀ) ਪਰਖ ਕਰਨ ਵਾਲਾ ਭੀ ਆਪ ਹੀ ਹੈ। (ਰੁਪਏ ਆਦਿਕ ਵਾਂਗ) ਖਰੇ ਬੰਦੇ (ਪ੍ਰਭੂ ਦੇ) ਖ਼ਜ਼ਾਨੇ ਵਿਚ ਪਾਏ ਜਾਂਦੇ ਹਨ (ਭਾਵ, ਉਹਨਾਂ ਦਾ ਜੀਵਨ ਪ੍ਰਵਾਨ ਹੁੰਦਾ ਹੈ ਤੇ) ਖੋਟੇ ਬਾਹਰਲੇ ਪਾਸੇ ਸੁੱਟੇ ਜਾਂਦੇ ਹਨ (ਭਾਵ, ਇਹ ਜੀਵ ਭਲਿਆਂ ਵਿਚ ਰਲ ਨਹੀਂ ਸਕਦੇ) , ਸੱਚੀ ਦਰਗਾਹ ਵਿਚੋਂ ਇਹਨਾਂ ਨੂੰ ਧੱਕਾ ਮਿਲਦਾ ਹੈ। ਕੋਈ ਹੋਰ ਥਾਂ ਐਸਾ ਨਹੀਂ ਜਿਥੇ ਇਹ (ਸਹੈਤਾ ਲਈ) ਫ਼ਰਿਆਦ ਕਰ ਸਕਣ।

(ਇਹਨਾਂ ਹੌਲੇ ਜੀਵਨ ਵਾਲੇ ਜੀਵਾਂ ਲਈ) ਸਭ ਤੋਂ ਚੰਗੀ ਕਰਨ ਵਾਲੀ ਗੱਲ ਇਹੀ ਹੈ ਕਿ ਸਤਿਗੁਰੂ ਦੀ ਸਰਨੀ ਜਾ ਪੈਣ। ਗੁਰੂ ਖੋਟਿਆਂ ਤੋਂ ਖਰੇ ਬਣਾ ਦੇਂਦਾ ਹੈ (ਕਿਉਂਕਿ ਗੁਰੂ ਆਪਣੇ) ਸ਼ਬਦ ਦੀ ਰਾਹੀਂ ਖਰੇ ਬਣਾਣ ਦੇ ਸਮਰੱਥ ਹੈ, (ਫਿਰ ਉਹ) ਸਤਿਗੁਰ ਦੇ ਬਖ਼ਸ਼ੇ ਪ੍ਰੇਮ ਪਿਆਰ ਦੇ ਕਾਰਨ ਪਰਾਮਤਮਾ ਦੀ ਦਰਗਾਹ ਵਿਚ ਆਦਰ ਪਾਂਦੇ ਹਨ ਤੇ ਜਿਨ੍ਹਾਂ ਨੂੰ ਕਰਤਾਰ ਨੇ ਆਪ ਬਖ਼ਸ਼ ਲਿਆ ਉਹਨਾਂ ਦੀ ਐਬ-ਜੋਈ ਕਿਸੇ ਕੀਹ ਕਰਨੀ ਹੋਈ?।12।

ਸਲੋਕੁ ਮਃ ੧ ॥ ਹਮ ਜੇਰ ਜਿਮੀ ਦੁਨੀਆ ਪੀਰਾ ਮਸਾਇਕਾ ਰਾਇਆ ॥ ਮੇ ਰਵਦਿ ਬਾਦਿਸਾਹਾ ਅਫਜੂ ਖੁਦਾਇ ॥ ਏਕ ਤੂਹੀ ਏਕ ਤੁਹੀ ॥੧॥ {ਪੰਨਾ 143}

ਪਦ ਅਰਥ: ਹਮ = ਹਮਹ (ਫ਼ਾਰਸੀ) ਸਾਰੀ। ਜੇਰ = ਜ਼ੇਰ, ਹੇਠਾਂ, ਥੱਲੇ। ਜਿਮੀ-ਜ਼ਿਮੀ, ਧਰਤੀ। ਮੇਰਵਦਿ = ਜਾਂਦਾ ਹੈ, (ਭਾਵ) ਨਾਸਵੰਤ ਹੈ। ਅਫਜੂ = ਬਾਕੀ ਰਹਿਣ ਵਾਲਾ।

ਅਰਥ: ਪੀਰ, ਸ਼ੇਖ਼, ਰਾਇ (ਆਦਿਕ) ਸਾਰੀ ਦੁਨੀਆ ਧਰਤੀ ਦੇ ਥੱਲੇ (ਅੰਤ ਨੂੰ ਆ ਜਾਂਦੇ ਹਨ) (ਇਸ ਧਰਤੀ ਤੇ ਹੁਕਮ ਕਰਨ ਵਾਲੇ) ਬਾਦਸ਼ਾਹ ਭੀ ਨਾਸ ਹੋ ਜਾਂਦੇ ਹਨ, ਸਦਾ ਟਿਕੇ ਰਹਿਣ ਵਾਲਾ, ਹੇ ਖ਼ੁਦਾਇ! ਇਕ ਤੂੰ ਹੀ ਹੈਂ, ਇਕ ਤੂੰ ਹੀ ਹੈਂ।1।

ਮਃ ੧ ॥ ਨ ਦੇਵ ਦਾਨਵਾ ਨਰਾ ॥ ਨ ਸਿਧ ਸਾਧਿਕਾ ਧਰਾ ॥ ਅਸਤਿ ਏਕ ਦਿਗਰਿ ਕੁਈ ॥ ਏਕ ਤੁਈ ਏਕ ਤੁਈ ॥੨॥ {ਪੰਨਾ 143}

ਪਦ ਅਰਥ: ਦਾਨਵ ਦੈਂਤ। ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਧਰਾ = ਧਰਤੀ। ਅਸਤਿ = ਹੈ, ਕਾਇਮ ਹੈ। ਦਿਗਰਿ = ਦੀਗਰੇ, ਦੂਜਾ। ਕੁਈ = ਕੌਣ?

ਅਰਥ: ਨਾਹ ਦੇਵਤੇ, ਨਾਹ ਦੈਂਤ, ਨਾਹ ਮਨੁੱਖ, ਨਾਹ ਜੋਗ-ਸਾਧਨਾਂ ਵਿਚ ਪੁੱਗੇ ਜੋਗੀ, ਨਾਹ ਜੋਗ-ਸਾਧਨ ਕਰਨ ਵਾਲੇ, ਕੋਈ ਭੀ ਧਰਤੀ ਤੇ ਨਾਹ ਰਿਹਾ। ਸਦਾ-ਥਿਰ ਰਹਿਣ ਵਾਲਾ ਹੋਰ ਦੂਜਾ ਕੌਣ ਹੈ? ਸਦਾ ਕਾਇਮ ਰਹਿਣ ਵਾਲਾ, ਹੇ ਪ੍ਰਭੂ! ਇਕ ਤੂੰ ਹੀ ਹੈਂ, ਇਕ ਤੂੰ ਹੀ ਹੈਂ।2।

TOP OF PAGE

Sri Guru Granth Darpan, by Professor Sahib Singh