ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 144

ਮਃ ੧ ॥ ਨ ਦਾਦੇ ਦਿਹੰਦ ਆਦਮੀ ॥ ਨ ਸਪਤ ਜੇਰ ਜਿਮੀ ॥ ਅਸਤਿ ਏਕ ਦਿਗਰਿ ਕੁਈ ॥ ਏਕ ਤੁਈ ਏਕ ਤੁਈ ॥੩॥ {ਪੰਨਾ 144}

ਪਦ ਅਰਥ: ਦਾਦ = ਇਨਸਾਫ਼। ਦਿਹੰਦ = ਦੇਣ ਵਾਲੇ। ਦਾਦੇ ਦਿਹੰਦ = ਇਨਸਾਫ਼ ਕਰਨ ਵਾਲੇ। ਸਪਤ = ਸੱਤ।

ਅਰਥ: ਨਾਹ ਹੀ ਇਨਸਾਫ਼ ਕਰਨ ਵਾਲੇ (ਭਾਵ, ਦੂਜਿਆਂ ਦੇ ਝਗੜੇ ਨਿਬੇੜਨ ਵਾਲੇ) ਆਦਮੀ ਸਦਾ ਟਿਕੇ ਰਹਿਣ ਵਾਲੇ ਹਨ, ਨਾਹ ਹੀ ਧਰਤੀ ਦੇ ਹੇਠਲੇ ਸੱਤ (ਪਤਾਲ ਹੀ) ਸਦਾ ਰਹਿ ਸਕਦੇ ਹਨ। ਸਦਾ ਰਹਿਣ ਵਾਲਾ ਹੋਰ ਦੂਜਾ ਕੌਣ ਹੈ? ਹੇ ਪ੍ਰਭੂ! ਸਦਾ ਕਾਇਮ ਰਹਿਣ ਵਾਲਾ ਇਕ ਤੂੰ ਹੀ ਹੈ।3।

ਮਃ ੧ ॥ ਨ ਸੂਰ ਸਸਿ ਮੰਡਲੋ ॥ ਨ ਸਪਤ ਦੀਪ ਨਹ ਜਲੋ ॥ ਅੰਨ ਪਉਣ ਥਿਰੁ ਨ ਕੁਈ ॥ ਏਕੁ ਤੁਈ ਏਕੁ ਤੁਈ ॥੪॥ {ਪੰਨਾ 144}

ਪਦ ਅਰਥ: ਸੂਰ = ਸੂਰਜ। ਸਸਿ = ਚੰਦ੍ਰਮਾ। ਮੰਡਲ = ਦਿੱਸਦਾ ਆਕਾਸ਼। ਦੀਪ = ਦ੍ਵੀਪ, ਪੁਰਾਣੇ ਸਮੇਂ ਤੋਂ ਇਸ ਧਰਤੀ ਦੇ ਸੱਤ ਹਿੱਸੇ ਮਿੱਥੇ ਗਏ ਹਨ, ਹਰੇਕ ਨੂੰ 'ਦੀਪ' ਕਿਹਾ ਗਿਆ ਹੈ। ਕੇਂਦਰੀ ਦੀਪ ਦਾ ਨਾਮ 'ਜੰਬੂ ਦੀਪ' ਹੈ ਜਿਸ ਵਿਚ ਹਿੰਦੁਸਤਾਨ ਦੇਸ ਹੈ। ਪਉਣ-ਹਵਾ।

ਅਰਥ: ਨਾ ਸੂਰਜ, ਨਾਹ ਚੰਦਰਮਾ, ਨਾਹ ਇਹ ਦਿੱਸਦਾ ਆਕਾਸ਼, ਨਾਹ ਧਰਤੀ ਦੇ ਸੱਤ ਦੀਪ, ਨਾਹ ਪਾਣੀ, ਨ ਅੰਨ, ਨਾਹ ਹਵਾ = ਕੋਈ ਭੀ ਥਿਰ ਰਹਿਣ ਵਾਲਾ ਨਹੀਂ। ਸਦਾ ਰਹਿਣ ਵਾਲਾ, ਹੇ ਪ੍ਰਭੂ! ਇਕ ਤੂੰ ਹੀ ਹੈਂ, ਇਕ ਤੂੰ ਹੀ ਹੈਂ।4।

ਮਃ ੧ ॥ ਨ ਰਿਜਕੁ ਦਸਤ ਆ ਕਸੇ ॥ ਹਮਾ ਰਾ ਏਕੁ ਆਸ ਵਸੇ ॥ ਅਸਤਿ ਏਕੁ ਦਿਗਰ ਕੁਈ ॥ ਏਕ ਤੁਈ ਏਕੁ ਤੁਈ ॥੫॥ {ਪੰਨਾ 144}

ਪਦ ਅਰਥ: ਦਸਤ = ਹੱਥ। ਦਸਤ ਆ ਕਸੇ = ਕਿਸੇ ਹੋਰ ਸ਼ਖ਼ਸ ਦੇ ਹੱਥ ਵਿਚ। ਹਮਾ = (ਹਮਹ) ਸਭ। ਰਾ = (ਫ:) ਨੂੰ। ਵਸੇ = ਬੱਸ, ਕਾਫ਼ੀ।

ਅਰਥ: (ਜੀਵਾਂ ਦਾ) ਰਿਜ਼ਕ (ਪਰਮਾਤਮਾ ਤੋਂ ਬਿਨਾ) ਕਿਸੇ ਹੋਰ ਦੇ ਹੱਥ ਵਿਚ ਨਹੀਂ ਹੈ। ਸਭ ਜੀਵਾਂ ਨੂੰ, ਬੱਸ, ਇਕ ਪ੍ਰਭੂ ਦੀ ਆਸ ਹੈ (ਕਿਉਂਕਿ ਸਦਾ-ਥਿਰ) ਹੋਰ ਹੈ ਹੀ ਕੋਈ ਨਹੀਂ। ਸਦਾ ਰਹਿਣ ਵਾਲਾ, ਹੇ ਪ੍ਰਭੂ! ਇਕ ਤੂੰ ਹੀ ਹੈਂ।5।

ਮਃ ੧ ॥ ਪਰੰਦਏ ਨ ਗਿਰਾਹ ਜਰ ॥ ਦਰਖਤ ਆਬ ਆਸ ਕਰ ॥ ਦਿਹੰਦ ਸੁਈ ॥ ਏਕ ਤੁਈ ਏਕ ਤੁਈ ॥੬॥ {ਪੰਨਾ 144}

ਪਦ ਅਰਥ: ਪਰੰਦਏ ਗਿਰਾਹ = ਪੰਛੀਆਂ ਦੇ ਗੰਢ-ਪੱਲੇ। ਜਰ = ਜ਼ਰ, ਧਨ। ਆਬ = ਪਾਣੀ। ਦਿਹੰਦ = ਦੇਣ ਵਾਲਾ।

ਅਰਥ: ਪੰਛੀਆਂ ਦੇ ਗੰਢੇ-ਪੱਲੇ ਧਨ ਨਹੀਂ ਹੈ, ਉਹ (ਪ੍ਰਭੂ ਦੇ ਬਣਾਏ ਹੋਏ) ਰੁੱਖਾਂ ਤੇ ਪਾਣੀ ਦਾ ਆਸਰਾ ਹੀ ਲੈਂਦੇ ਹਨ, ਉਹਨਾਂ ਨੂੰ ਰੋਜ਼ੀ ਦੇਣ ਵਾਲਾ ਉਹੀ ਪ੍ਰਭੂ ਹੈ।

(ਹੇ ਪ੍ਰਭੂ! ਇਹਨਾਂ ਦਾ ਰਿਜ਼ਕ-ਦਾਤਾ) ਇਕ ਤੂੰ ਹੀ ਹੈਂ ਇਕ ਤੂੰ ਹੀ ਹੈਂ।6।

ਮਃ ੧ ॥ ਨਾਨਕ ਲਿਲਾਰਿ ਲਿਖਿਆ ਸੋਇ ॥ ਮੇਟਿ ਨ ਸਾਕੈ ਕੋਇ ॥ ਕਲਾ ਧਰੈ ਹਿਰੈ ਸੁਈ ॥ ਏਕੁ ਤੁਈ ਏਕੁ ਤੁਈ ॥੭॥ {ਪੰਨਾ 144}

ਪਦ ਅਰਥ: ਲਿਲਾਰਿ = ਲਿਲਾਟ, ਮੱਥੇ ਉਤੇ। ਕਲਾ = ਸੱਤਿਆ। ਹਿਰੈ = ਚੁਰਾ ਲੈਂਦਾ ਹੈ, ਲੈ ਜਾਂਦਾ ਹੈ।

ਅਰਥ: ਹੇ ਨਾਨਕ! (ਜੀਵ ਦੇ) ਮੱਥੇ ਉਤੇ (ਜੋ ਕੁਝ ਕਰਤਾਰ ਵਲੋਂ) ਲਿਖਿਆ ਗਿਆ ਹੈ, ਉਸ ਨੂੰ ਕੋਈ ਮਿਟਾ ਨਹੀਂ ਸਕਦਾ। (ਜੀਵ ਦੇ ਅੰਦਰ) ਉਹੀ ਸੱਤਿਆ ਪਾਂਦਾ ਹੈ, ਉਹੀ ਖੋਹ ਲੈਂਦਾ ਹੈ।

(ਹੇ ਪ੍ਰਭੂ! ਜੀਵਾਂ ਨੂੰ ਸੱਤਿਆ ਦੇਣ ਤੇ ਖੋਹ ਲੈਣ ਵਾਲਾ) ਇਕ ਤੂੰ ਹੀ ਹੈਂ ਇਕ ਤੂੰ ਹੀ ਹੈਂ।7।

ਪਉੜੀ ॥ ਸਚਾ ਤੇਰਾ ਹੁਕਮੁ ਗੁਰਮੁਖਿ ਜਾਣਿਆ ॥ ਗੁਰਮਤੀ ਆਪੁ ਗਵਾਇ ਸਚੁ ਪਛਾਣਿਆ ॥ ਸਚੁ ਤੇਰਾ ਦਰਬਾਰੁ ਸਬਦੁ ਨੀਸਾਣਿਆ ॥ ਸਚਾ ਸਬਦੁ ਵੀਚਾਰਿ ਸਚਿ ਸਮਾਣਿਆ ॥ ਮਨਮੁਖ ਸਦਾ ਕੂੜਿਆਰ ਭਰਮਿ ਭੁਲਾਣਿਆ ॥ ਵਿਸਟਾ ਅੰਦਰਿ ਵਾਸੁ ਸਾਦੁ ਨ ਜਾਣਿਆ ॥ ਵਿਣੁ ਨਾਵੈ ਦੁਖੁ ਪਾਇ ਆਵਣ ਜਾਣਿਆ ॥ ਨਾਨਕ ਪਾਰਖੁ ਆਪਿ ਜਿਨਿ ਖੋਟਾ ਖਰਾ ਪਛਾਣਿਆ ॥੧੩॥ {ਪੰਨਾ 144}

ਪਦ ਅਰਥ: ਆਪੁ = ਆਪਣੇ ਆਪ ਨੂੰ। ਆਪਿ = ਖ਼ੁਦ ਹੀ। {ਨੋਟ: ਲਫ਼ਜ਼ 'ਆਪੁ' ਅਤੇ 'ਆਪਿ' ਦਾ ਫ਼ਰਕ ਸਮਝਣ-ਜੋਗ ਹੈ। } ਨੀਸਾਣਿਆ = ਨੀਸਾਣ, ਰਾਹਦਾਰੀ, ਪਰਵਾਨਾ। ਕੂੜਿਆਰ = ਕੂੜ ਦੇ ਵਪਾਰੀ (ਜਿਵੇਂ ਸੁਨਿਆਰ, ਲੋਹਾਰ) ।

ਅਰਥ: (ਹੇ ਪ੍ਰਭੂ!) ਤੇਰਾ ਹੁਕਮ ਸਦਾ-ਥਿਰ ਰਹਿਣ ਵਾਲਾ ਹੈ, ਗੁਰੂ ਦੇ ਸਨਮੁਖ ਹੋਇਆਂ ਇਸ ਦੀ ਸਮਝ ਪੈਂਦੀ ਹੈ। ਜਿਸ ਨੇ ਗੁਰੂ ਦੀ ਮਤਿ ਲੈ ਕੇ ਆਪਾ-ਭਾਵ ਦੂਰ ਕੀਤਾ ਹੈ, ਉਸ ਨੇ ਤੈਨੂੰ ਸਦਾ ਕਾਇਮ ਰਹਿਣ ਵਾਲੇ ਨੂੰ ਪਛਾਣ ਲਿਆ ਹੈ। ਹੇ ਪ੍ਰਭੂ! ਤੇਰਾ ਦਰਬਾਰ ਸਦਾ-ਥਿਰ ਹੈ, (ਇਸ ਤਕ ਅੱਪੜਨ ਲਈ ਗੁਰੂ ਦਾ) ਸ਼ਬਦ ਰਾਹਦਾਰੀ ਹੈ। ਜਿਨ੍ਹਾਂ ਨੇ ਸੱਚੇ ਸ਼ਬਦ ਨੂੰ ਵਿਚਾਰਿਆ ਹੈ, ਉਹ ਸੱਚ ਵਿਚ ਲੀਨ ਹੋ ਜਾਂਦੇ ਹਨ।

(ਪਰ) ਮਨ ਦੇ ਪਿੱਛੇ ਤੁਰਨ ਵਾਲੇ ਕੂੜ (ਹੀ) ਵਿਹਾਝਦੇ ਹਨ, ਭਟਕਣਾ ਵਿਚ ਖੁੰਝੇ ਫਿਰਦੇ ਹਨ। ਉਹਨਾਂ ਦਾ ਵਸੇਬਾ ਗੰਦ ਵਿਚ ਹੀ ਰਹਿੰਦਾ ਹੈ, (ਸ਼ਬਦ ਦਾ) ਆਨੰਦ ਉਹ ਨਹੀਂ ਸਮਝ ਸਕੇ; ਪਰਮਾਤਮਾ ਦੇ ਨਾਮ ਤੋਂ ਬਿਨਾ ਦੁੱਖ ਪਾ ਕੇ ਜਨਮ ਮਰਨ (ਦੇ ਚੱਕਰ ਵਿਚ ਪਏ ਰਹਿੰਦੇ ਹਨ) ।

ਹੇ ਨਾਨਕ! ਪਰਖਣ ਵਾਲਾ ਪ੍ਰਭੂ ਆਪ ਹੀ ਹੈ, ਜਿਸ ਨੇ ਖੋਟੇ ਖਰੇ ਨੂੰ ਪਛਾਣਿਆ ਹੈ (ਭਾਵ, ਪ੍ਰਭੂ ਆਪ ਹੀ ਜਾਣਦਾ ਹੈ ਕਿ ਖੋਟਾ ਕੌਣ ਹੈ ਤੇ ਖਰਾ ਕੌਣ ਹੈ) ।13।

ਸਲੋਕੁ ਮਃ ੧ ॥ ਸੀਹਾ ਬਾਜਾ ਚਰਗਾ ਕੁਹੀਆ ਏਨਾ ਖਵਾਲੇ ਘਾਹ ॥ ਘਾਹੁ ਖਾਨਿ ਤਿਨਾ ਮਾਸੁ ਖਵਾਲੇ ਏਹਿ ਚਲਾਏ ਰਾਹ ॥ ਨਦੀਆ ਵਿਚਿ ਟਿਬੇ ਦੇਖਾਲੇ ਥਲੀ ਕਰੇ ਅਸਗਾਹ ॥ ਕੀੜਾ ਥਾਪਿ ਦੇਇ ਪਾਤਿਸਾਹੀ ਲਸਕਰ ਕਰੇ ਸੁਆਹ ॥ ਜੇਤੇ ਜੀਅ ਜੀਵਹਿ ਲੈ ਸਾਹਾ ਜੀਵਾਲੇ ਤਾ ਕਿ ਅਸਾਹ ॥ ਨਾਨਕ ਜਿਉ ਜਿਉ ਸਚੇ ਭਾਵੈ ਤਿਉ ਤਿਉ ਦੇਇ ਗਿਰਾਹ ॥੧॥ {ਪੰਨਾ 144}

ਪਦ ਅਰਥ: ਅਸਗਾਹ = ਡੂੰਘੇ ਪਾਣੀ। ਗਿਰਾਹ = ਗਿਰਾਹੀ, ਰੋਟੀ। ਕਿਅ ਸਾਹ = ਕਿਆ ਸਾਹ? ਸਾਹ ਦੀ ਕੀਹ ਲੋੜ ਪੈਂਦੀ ਹੈ? ਲਫ਼ਜ਼ 'ਕਿਆ' ਦੇ ਥਾਂ 'ਕਿਆ ਵਰਤਿਆ ਗਿਆ ਹੈ। ਇਸ 'ਵਾਰ' ਵਿਚ ਲਫ਼ਜ਼ 'ਕਿਆ' ਬਹੁਤ ਵਾਰੀ ਆਇਆ ਹੈ; ਜਿਵੇਂ "ਕਿਆ ਮੈਦਾ.......", "ਮਛੀ ਤਾਰੂ ਕਿਆ ਕਰੇ", ਇਸ ਲਫ਼ਜ਼ 'ਕਿਅ' ਤੇ 'ਕਿਆ ਦਾ ਭਾਵ ਮਿਲਦਾ ਹੈ। ਪਰ ਲਫ਼ਜ਼ 'ਕਿ' ਨੂੰ ਤੇ 'ਅਸਾਹ' ਨੂੰ ਵੱਖ ਕਰਕੇ 'ਕਿ' ਦਾ ਅਰਥ "ਕੀ ਅਚਰਜ" "ਕੀ ਵੱਡੀ ਗੱਲ" ਕਰਨਾ ਅਸੁੱਧ ਹੈ। 'ਗੁਰਬਾਣੀ' ਵਿਚੋਂ ਹੋਰਥੈ ਕਿਤੇ ਭੀ ਐਸਾ ਪ੍ਰਮਾਣ ਮਿਲਣਾ ਚਾਹੀਦਾ ਹੈ। , ਸੋ, ਪਦ-ਛੇਦ 'ਕਿਅ ਸਾਹ' ਚਾਹੀਦਾ ਹੈ।

ਅਰਥ: ਇਹਨਾਂ ਸ਼ੇਰਾਂ, ਬਾਜਾਂ, ਚਰਗਾਂ, ਕੁਹੀਆ (ਆਦਿਕ ਮਾਸਾਹਾਰੀਆਂ ਨੂੰ ਜੇ ਚਾਹੇ ਤਾਂ) ਘਾਹ ਖਵਾ ਦੇਂਦਾ ਹੈ (ਭਾਵ, ਉਹਨਾਂ ਦੀ ਮਾਸ ਖਾਣ ਦੀ ਵਾਦੀ ਤਬਦੀਲ ਕਰ ਦੇਂਦਾ ਹੈ) । ਜੋ ਘਾਹ ਖਾਂਦੇ ਹਨ ਉਹਨਾਂ ਨੂੰ ਮਾਸ ਖਵਾ ਦੇਂਦਾ ਹੈ– ਸੋ, ਪ੍ਰਭੂ ਇਹੋ ਜਿਹੇ ਰਾਹ ਤੋਰ ਦੇਂਦਾ ਹੈ। ਪ੍ਰਭੂ (ਵਗਦੀਆਂ) ਨਦੀਆਂ ਵਿਚ ਟਿੱਬੇ ਵਿਖਾਲ ਦੇਂਦਾ ਹੈ, ਰੇਤਲੇ ਥਾਵਾਂ ਨੂੰ ਡੂੰਘੇ ਪਾਣੀ ਬਣਾ ਦੇਂਦਾ ਹੈ। ਕੀੜੇ ਨੂੰ ਬਾਦਸ਼ਾਹੀ (ਤਖ਼ਤ) ਉੱਤੇ ਥਾਪ ਦੇਂਦਾ ਹੈ (ਬਿਠਾ ਦੇਂਦਾ ਹੈ) , (ਤੇ ਬਾਦਸ਼ਾਹਾਂ ਦੇ) ਲਸ਼ਕਰਾਂ ਨੂੰ ਸੁਆਹ ਕਰ ਦੇਂਦਾ ਹੈ। ਜਿਤਨੇ ਭੀ ਜੀਵ (ਜਗਤ ਵਿਚ) ਜੀਊਂਦੇ ਹਨ, ਸਾਹ ਲੈ ਕੇ ਜੀਊਂਦੇ ਹਨ, (ਭਾਵ, ਤਦ ਤਕ ਜੀਊਂਦੇ ਹਨ ਜਦ ਤਕ ਸਾਹ ਲੈਂਦੇ ਹਨ, (ਪਰ ਜੇ ਪ੍ਰਭੂ) ਜੀਊਂਦੇ ਰੱਖਣੇ ਚਾਹੇ, ਤਾਂ 'ਸਾਹ' ਦੀ ਭੀ ਕੀਹ ਮੁਥਾਜੀ ਹੈ?

ਹੇ ਨਾਨਕ! ਜਿਵੇਂ ਜਿਵੇਂ ਪ੍ਰਭੂ ਦੀ ਰਜ਼ਾ ਹੈ, ਤਿਵੇਂ ਤਿਵੇਂ (ਜੀਵਾਂ) ਨੂੰ ਰੋਜ਼ੀ ਦੇਂਦਾ ਹੈ।1।

ਮਃ ੧ ॥ ਇਕਿ ਮਾਸਹਾਰੀ ਇਕਿ ਤ੍ਰਿਣੁ ਖਾਹਿ ॥ ਇਕਨਾ ਛਤੀਹ ਅੰਮ੍ਰਿਤ ਪਾਹਿ ॥ ਇਕਿ ਮਿਟੀਆ ਮਹਿ ਮਿਟੀਆ ਖਾਹਿ ॥ ਇਕਿ ਪਉਣ ਸੁਮਾਰੀ ਪਉਣ ਸੁਮਾਰਿ ॥ ਇਕਿ ਨਿਰੰਕਾਰੀ ਨਾਮ ਆਧਾਰਿ ॥ ਜੀਵੈ ਦਾਤਾ ਮਰੈ ਨ ਕੋਇ ॥ ਨਾਨਕ ਮੁਠੇ ਜਾਹਿ ਨਾਹੀ ਮਨਿ ਸੋਇ ॥੨॥ {ਪੰਨਾ 144}

ਪਦ ਅਰਥ: ਪਾਹਿ = ਮਿਲਦੇ ਹਨ। ਪਉਣ = ਹਵਾ, ਸੁਆਸ। ਪਉਣ ਸੁਮਾਰੀ = ਸੁਆਸਾਂ ਨੂੰ ਗਿਣਨ ਵਾਲੇ, ਪ੍ਰਾਣਾਯਾਮ ਕਰਨ ਵਾਲੇ। ਪਉਣ ਸੁਮਾਰਿ = ਸੁਆਸਾਂ ਦੇ ਗਿਣਨ ਵਿਚ, ਪ੍ਰਾਣਾਯਾਮ ਵਿਚ। ਆਧਾਰਿ = ਆਸਰੇ ਹੇਠ। ਜੀਵੈ = ਜੀਉਂਦਾ ਹੈ, (ਭਾਵ,) ਰਾਖਾ ਹੈ। ਮੁਠੇ ਜਾਹਿ = ਠੱਗੇ ਜਾਂਦੇ ਹਨ। ਕੋਇ = ਜੋ ਕੋਈ, ਜੋ ਮਨੁੱਖ।

ਅਰਥ: ਕਈ ਜੀਵ ਮਾਸ ਖਾਣ ਵਾਲੇ ਹਨ, ਕਈ ਘਾਹ ਖਾਂਦੇ ਹਨ। ਕਈ ਪ੍ਰਣੀਆਂ ਨੂੰ ਕਈ ਕਿਸਮਾਂ ਦੇ ਸੁਆਦਲੇ ਭੋਜਨ ਮਿਲਦੇ ਹਨ, ਤੇ ਕਈ ਮਿੱਟੀ ਵਿਚ (ਰਹਿ ਕੇ) ਮਿੱਟੀ ਖਾਂਦੇ ਹਨ।

ਕਈ ਪ੍ਰਾਣਾਯਾਮ ਦੇ ਅੱਭਿਆਸੀ ਪ੍ਰਾਣਾਯਾਮ ਵਿਚ ਲੱਗੇ ਰਹਿੰਦੇ ਹਨ, ਕਈ ਨਿਰੰਕਾਰ ਦੇ ਉਪਾਸ਼ਕ (ਉਸ ਦੇ) ਨਾਮ ਦੇ ਆਸਰੇ ਜੀਉਂਦੇ ਹਨ।

ਜੋ ਮਨੁੱਖ (ਇਹ ਮੰਨਦਾ ਹੈ ਕਿ) ਸਿਰ ਤੇ ਦਾਤਾ ਰਾਖਾ ਹੈ ਉਹ (ਪ੍ਰਭੂ ਨੂੰ ਵਿਸਾਰ ਕੇ ਆਤਮਕ ਮੌਤ) ਨਹੀਂ ਮਰਦਾ। ਹੇ ਨਾਨਕ! ਉਹ ਜੀਵ ਠੱਗੇ ਜਾਂਦੇ ਹਨ, ਜਿਨ੍ਹਾਂ ਦੇ ਮਨ ਵਿਚ ਉਹ ਪ੍ਰਭੂ ਨਹੀਂ ਹੈ।2।

ਪਉੜੀ ॥ ਪੂਰੇ ਗੁਰ ਕੀ ਕਾਰ ਕਰਮਿ ਕਮਾਈਐ ॥ ਗੁਰਮਤੀ ਆਪੁ ਗਵਾਇ ਨਾਮੁ ਧਿਆਈਐ ॥ ਦੂਜੀ ਕਾਰੈ ਲਗਿ ਜਨਮੁ ਗਵਾਈਐ ॥ ਵਿਣੁ ਨਾਵੈ ਸਭ ਵਿਸੁ ਪੈਝੈ ਖਾਈਐ ॥ ਸਚਾ ਸਬਦੁ ਸਾਲਾਹਿ ਸਚਿ ਸਮਾਈਐ ॥ ਵਿਣੁ ਸਤਿਗੁਰੁ ਸੇਵੇ ਨਾਹੀ ਸੁਖਿ ਨਿਵਾਸੁ ਫਿਰਿ ਫਿਰਿ ਆਈਐ ॥ ਦੁਨੀਆ ਖੋਟੀ ਰਾਸਿ ਕੂੜੁ ਕਮਾਈਐ ॥ ਨਾਨਕ ਸਚੁ ਖਰਾ ਸਾਲਾਹਿ ਪਤਿ ਸਿਉ ਜਾਈਐ ॥੧੪॥ {ਪੰਨਾ 144} {ਪੰਨਾ 144}

ਪਦ ਅਰਥ: ਕਰਮਿ = ਮਿਹਰ ਨਾਲ। ਵਿਸੁ = ਵਿਹੁ, ਜ਼ਹਿਰ। ਪੈਝੈ ਖਾਈਐ = ਜੋ ਕੁਝ ਪਹਿਨੀਦਾ ਤੇ ਖਾਈਦਾ ਹੈ। ਸੁਖਿ = ਸੁਖ ਵਿਚ। ਰਾਸਿ = ਪੂੰਜੀ।

ਅਰਥ: ਪੂਰੇ ਸਤਿਗੁਰੂ ਦੀ ਦੱਸੀ ਹੋਈ ਕਾਰ (ਪ੍ਰਭੂ ਦੀ) ਮਿਹਰ ਨਾਲ ਹੀ ਕੀਤੀ ਜਾ ਸਕਦੀ ਹੈ, ਗੁਰੂ ਦੀ ਮਤਿ ਨਾਲ ਆਪਾ-ਭਾਵ ਗਵਾ ਕੇ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਹੈ।

(ਪ੍ਰਭੂ ਦੀ ਬੰਦਗੀ ਵਿਸਾਰ ਕੇ) ਹੋਰ ਕੰਮ ਵਿਚ ਰੁੱਝਿਆਂ ਮਨੁੱਖਾ-ਜਨਮ ਵਿਅਰਥ ਜਾਂਦਾ ਹੈ, (ਕਿਉਂਕਿ) ਨਾਮ ਨੂੰ ਵਿਸਾਰ ਕੇ ਜੋ ਕੁਝ ਪਹਿਨੀ ਖਾਈਦਾ ਹੈ, ਉਹ (ਆਤਮਕ ਜੀਵਨ ਵਾਸਤੇ) ਜ਼ਹਿਰ (ਸਮਾਨ) ਹੋ ਜਾਂਦਾ ਹੈ।

ਸਤਿਗੁਰੂ ਦਾ ਸੱਚਾ ਸ਼ਬਦ ਗਾਵਿਆਂ ਸੱਚੇ ਪ੍ਰਭੂ ਵਿਚ ਜੁੜੀਦਾ ਹੈ। ਗੁਰੂ ਦੀ ਦੱਸੀ ਕਾਰ ਕਰਨ ਤੋਂ ਬਿਨਾ ਸੁਖ ਵਿਚ (ਮਨ ਦਾ) ਟਿਕਾਉ ਨਹੀਂ ਹੋ ਸਕਦਾ, ਮੁੜ ਮੁੜ ਜਨਮ (ਮਰਨ) ਵਿਚ ਆਈਦਾ ਹੈ। ਦੁਨੀਆ (ਦਾ ਪਿਆਰ) ਖੋਟੀ ਪੂੰਜੀ ਹੈ, ਇਹ ਕਮਾਈ ਕੂੜ (ਦਾ ਵਪਾਰ ਹੈ) ।

ਹੇ ਨਾਨਕ! ਨਿਰੋਲ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਕੇ (ਏਥੋਂ) ਇੱਜ਼ਤ ਨਾਲ ਜਾਈਦਾ ਹੈ।14।

TOP OF PAGE

Sri Guru Granth Darpan, by Professor Sahib Singh