ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 145 ਸਲੋਕੁ ਮਃ ੧ ॥ ਤੁਧੁ ਭਾਵੈ ਤਾ ਵਾਵਹਿ ਗਾਵਹਿ ਤੁਧੁ ਭਾਵੈ ਜਲਿ ਨਾਵਹਿ ॥ ਜਾ ਤੁਧੁ ਭਾਵਹਿ ਤਾ ਕਰਹਿ ਬਿਭੂਤਾ ਸਿੰਙੀ ਨਾਦੁ ਵਜਾਵਹਿ ॥ ਜਾ ਤੁਧੁ ਭਾਵੈ ਤਾ ਪੜਹਿ ਕਤੇਬਾ ਮੁਲਾ ਸੇਖ ਕਹਾਵਹਿ ॥ ਜਾ ਤੁਧੁ ਭਾਵੈ ਤਾ ਹੋਵਹਿ ਰਾਜੇ ਰਸ ਕਸ ਬਹੁਤੁ ਕਮਾਵਹਿ ॥ ਜਾ ਤੁਧੁ ਭਾਵੈ ਤੇਗ ਵਗਾਵਹਿ ਸਿਰ ਮੁੰਡੀ ਕਟਿ ਜਾਵਹਿ ॥ ਜਾ ਤੁਧੁ ਭਾਵੈ ਜਾਹਿ ਦਿਸੰਤਰਿ ਸੁਣਿ ਗਲਾ ਘਰਿ ਆਵਹਿ ॥ ਜਾ ਤੁਧੁ ਭਾਵੈ ਨਾਇ ਰਚਾਵਹਿ ਤੁਧੁ ਭਾਣੇ ਤੂੰ ਭਾਵਹਿ ॥ ਨਾਨਕੁ ਏਕ ਕਹੈ ਬੇਨੰਤੀ ਹੋਰਿ ਸਗਲੇ ਕੂੜੁ ਕਮਾਵਹਿ ॥੧॥ {ਪੰਨਾ 145} ਪਦ ਅਰਥ: ਤੁਧੁ ਭਾਵੈ = ਜੇ ਤੇਰੀ ਰਜ਼ਾ ਹੋਵੇ। ਵਾਵਹਿ = (ਸਾਜ਼) ਵਜਾਂਦੇ ਹਨ। ਜਲਿ = ਪਾਣੀ ਵਿਚ। ਬਿਭੂਤਾ = ਸੁਆਹ। ਰਸ ਕਸ = ਕਈ ਕਿਸਮ ਦੇ ਸੁਆਦਲੇ ਭੋਜਨ। ਮੁੰਡੀ = ਧੌਣ। ਦਿਸੰਤਰਿ = ਹੋਰ ਦੇਸ਼ ਵਿਚ। ਸੁਣਿ = ਸੁਣ ਕੇ। ਨਾਇ = ਨਾਮ ਵਿਚ। ਤੁਧੁ ਭਾਣੇ = ਜੋ ਤੇਰੇ ਭਾਣੇ (ਰਜ਼ਾ) ਵਿਚ ਹਨ। ਤੂੰ = ਤੈਨੂੰ। ਨਾਵਹਿ = ਪਿਆਰੇ ਲੱਗਦੇ ਹਨ। ਅਰਥ: ਜਦੋਂ ਤੇਰੀ ਰਜ਼ਾ ਹੁੰਦੀ ਹੈ (ਭਾਵ, ਇਹ ਤੇਰੀ ਰਜ਼ਾ ਹੈ ਕਿ ਕਈ ਜੀਵ ਸਾਜ਼) ਵਜਾਂਦੇ ਹਨ ਤੇ ਗਾਉਂਦੇ ਹਨ, (ਤੀਰਥਾਂ ਦੇ) ਜਲ ਵਿਚ ਇਸ਼ਨਾਨ ਕਰਦੇ ਹਨ, ਕਈ (ਪਿੰਡੇ ਉਤੇ) ਸੁਆਹ ਮਲਦੇ ਹਨ ਤੇ ਸਿੰਙੀ ਦਾ ਨਾਦ ਵਜਾਂਦੇ ਹਨ ਕਈ ਜੀਵ ਕੁਰਾਨ ਆਦਿਕ ਧਰਮ ਪੁਸਤਕਾਂ ਪੜ੍ਹਦੇ ਹਨ ਤੇ ਆਪਣੇ ਆਪ ਨੂੰ ਮੁੱਲਾਂ ਤੇ ਸ਼ੇਖ਼ ਅਖਵਾਂਦੇ ਹਨ, ਕੋਈ ਰਾਜੇ ਬਣ ਜਾਂਦੇ ਹਨ ਤੇ ਕਈ ਸੁਆਦਾਂ ਦੇ ਭੋਜਨ ਵਰਤਦੇ ਹਨ, ਕੋਈ ਤਲਵਾਰ ਚਲਾਂਦੇ ਹਨ ਤੇ ਧੌਣ ਨਾਲੋਂ ਸਿਰ ਵੱਢੇ ਜਾਂਦੇ ਹਨ, ਕੋਈ ਪਰਦੇਸ ਜਾਂਦੇ ਹਨ (ਉਧਰ ਦੀਆਂ) ਗੱਲਾਂ ਸੁਣ ਕੇ (ਮੁੜ ਆਪਣੇ) ਘਰ ਆਉਂਦੇ ਹਨ। (ਹੇ ਪ੍ਰਭੂ! ਇਹ ਭੀ ਤੇਰੀ ਹੀ ਰਜ਼ਾ ਹੈ ਕਿ ਕਈ ਜੀਵ) ਤੇਰੇ ਨਾਮ ਵਿਚ ਜੁੜਦੇ ਹਨ, ਜੋ ਤੇਰੀ ਰਜ਼ਾ ਵਿਚ ਤੁਰਦੇ ਹਨ ਤੈਨੂੰ ਪਿਆਰੇ ਲੱਗਦੇ ਹਨ। ਨਾਨਕ ਇਕ ਅਰਜ਼ ਕਰਦਾ ਹੈ (ਕਿ ਰਜ਼ਾ ਵਿਚ ਤੁਰਨ ਤੋਂ ਬਿਨਾ) ਹੋਰ ਸਾਰੇ (ਜਿਨ੍ਹਾਂ ਦਾ ਉਪਰ ਜ਼ਿਕਰ ਕੀਤਾ ਹੈ) ਕੂੜ ਕਮਾ ਰਹੇ ਹਨ (ਭਾਵ, ਉਹ ਸਉਦਾ ਕਰਦੇ ਹਨ ਜੋ ਵਿਅਰਥ ਜਾਂਦਾ ਹੈ) ।1। ਮਃ ੧ ॥ ਜਾ ਤੂੰ ਵਡਾ ਸਭਿ ਵਡਿਆਂਈਆ ਚੰਗੈ ਚੰਗਾ ਹੋਈ ॥ ਜਾ ਤੂੰ ਸਚਾ ਤਾ ਸਭੁ ਕੋ ਸਚਾ ਕੂੜਾ ਕੋਇ ਨ ਕੋਈ ॥ ਆਖਣੁ ਵੇਖਣੁ ਬੋਲਣੁ ਚਲਣੁ ਜੀਵਣੁ ਮਰਣਾ ਧਾਤੁ ॥ ਹੁਕਮੁ ਸਾਜਿ ਹੁਕਮੈ ਵਿਚਿ ਰਖੈ ਨਾਨਕ ਸਚਾ ਆਪਿ ॥੨॥ {ਪੰਨਾ 145} ਪਦ ਅਰਥ: ਧਾਤੁ = ਮਾਇਆ। ਜਾ = ਜਦੋਂ। ਅਰਥ: ਜਦੋਂ (ਇਹ ਗੱਲ ਠੀਕ ਹੈ ਕਿ) ਤੂੰ ਵੱਡਾ (ਪ੍ਰਭੂ ਜਗਤ ਦਾ ਕਰਤਾਰ ਹੈਂ ਤਾਂ ਜਗਤ ਵਿਚ ਜੋ ਕੁਝ ਹੋ ਰਿਹਾ ਹੈ) ਸਭ ਤੇਰੀਆਂ ਹੀ ਵਡਿਆਈਆਂ ਹਨ (ਕਿਉਂਕਿ) ਚੰਗੇ ਤੋਂ ਚੰਗਿਆਈ ਹੀ ਉਤਪੰਨ ਹੁੰਦੀ ਹੈ। (ਜਦੋਂ ਇਹ ਯਕੀਨ ਬੱਝ ਜਾਏ ਕਿ) ਤੂੰ ਸੱਚਾ ਪ੍ਰਭੂ ਸਿਰਜਣਹਾਰ ਹੈਂ (ਤਾਂ) ਹਰੇਕ ਜੀਵ ਸੱਚਾ (ਦਿੱਸਦਾ ਹੈ ਕਿਉਂਕਿ ਹਰੇਕ ਜੀਵ ਵਿਚ ਤੂੰ ਆਪ ਮੌਜੂਦ ਹੈਂ ਤਾਂ ਫਿਰ ਇਸ ਜਗਤ ਵਿਚ) ਕੋਈ ਕੂੜਾ ਨਹੀਂ ਹੋ ਸਕਦਾ। (ਜੋ ਕੁਝ ਬਾਹਰ ਵਿਖਾਵੇ ਮਾਤ੍ਰ ਦਿੱਸ ਰਿਹਾ ਹੈ ਇਹ) ਆਖਣਾ-ਵੇਖਣਾ, ਇਹ ਬੋਲ-ਚਾਲ, ਇਹ ਜੀਉਂਣਾ ਤੇ ਮਰਨਾ (ਇਹ ਸਭ ਕੁਝ) ਮਾਇਆ-ਰੂਪ ਹੈ (ਅਸਲੀਅਤ ਨਹੀਂ ਹੈ, ਅਸਲੀਅਤ ਪ੍ਰਭੂ ਆਪ ਹੀ ਹੈ) । ਹੇ ਨਾਨਕ! ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਆਪ (ਆਪਣੀ) ਹੁਕਮ (-ਰੂਪ ਸੱਤਿਆ) ਰਚ ਕੇ ਸਭ ਜੀਵਾਂ ਨੂੰ ਉਸ ਹੁਕਮ ਵਿਚ ਤੋਰ ਰਿਹਾ ਹੈ।2। ਪਉੜੀ ॥ ਸਤਿਗੁਰੁ ਸੇਵਿ ਨਿਸੰਗੁ ਭਰਮੁ ਚੁਕਾਈਐ ॥ ਸਤਿਗੁਰੁ ਆਖੈ ਕਾਰ ਸੁ ਕਾਰ ਕਮਾਈਐ ॥ ਸਤਿਗੁਰੁ ਹੋਇ ਦਇਆਲੁ ਤ ਨਾਮੁ ਧਿਆਈਐ ॥ ਲਾਹਾ ਭਗਤਿ ਸੁ ਸਾਰੁ ਗੁਰਮੁਖਿ ਪਾਈਐ ॥ ਮਨਮੁਖਿ ਕੂੜੁ ਗੁਬਾਰੁ ਕੂੜੁ ਕਮਾਈਐ ॥ ਸਚੇ ਦੈ ਦਰਿ ਜਾਇ ਸਚੁ ਚਵਾਂਈਐ ॥ ਸਚੈ ਅੰਦਰਿ ਮਹਲਿ ਸਚਿ ਬੁਲਾਈਐ ॥ ਨਾਨਕ ਸਚੁ ਸਦਾ ਸਚਿਆਰੁ ਸਚਿ ਸਮਾਈਐ ॥੧੫॥ {ਪੰਨਾ 145} ਪਦ ਅਰਥ: ਨਿਸੰਗੁ = ਝਾਕਾ ਉਤਾਰ ਕੇ, ਸੱਚੇ ਦਿਲੋਂ। ਸਾਰੁ = ਸ੍ਰੇਸ਼ਟ। ਲਾਹਾ = ਲਾਭ, ਨਫ਼ਾ। ਚਵਾਂਈਐ = ਬੋਲੀਐ। ਸਚਿ = ਸਚੇ ਦੀ ਰਾਹੀਂ। ਸਚਿਆਰੁ = ਸੱਚ ਦਾ ਵਪਾਰੀ। ਅਰਥ: ਜੇ ਸੱਚੇ ਦਿਲੋਂ ਗੁਰੂ ਦਾ ਹੁਕਮ ਮੰਨੀਏ, ਤਾਂ ਭਟਕਣਾ ਦੂਰ ਹੋ ਜਾਂਦੀ ਹੈ। ਉਹੀ ਕੰਮ ਕਰਨਾ ਚਾਹੀਦਾ ਹੈ, ਜੋ ਗੁਰੂ ਕਰਨ ਲਈ ਆਖੇ। ਜੇ ਸਤਿਗੁਰੂ ਮਿਹਰ ਕਰੇ, ਤਾਂ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਹੈ। ਗੁਰੂ ਦੇ ਸਨਮੁਖ ਹੋਇਆਂ ਪ੍ਰਭੂ ਦੀ ਬੰਦਗੀ-ਰੂਪ ਸਭ ਤੋਂ ਚੰਗਾ ਲਾਭ ਮਿਲਦਾ ਹੈ। ਪਰ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਨਿਰਾ ਕੂੜ ਨਿਰਾ ਹਨੇਰਾ ਹੀ ਖੱਟਦਾ ਹੈ। ਜੇ ਸੱਚੇ ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਸੱਚੇ ਦਾ ਨਾਮ ਜਪੀਏ, ਤਾਂ ਇਸ ਸੱਚੇ ਨਾਮ ਦੀ ਰਾਹੀਂ ਸੱਚੇ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਮਿਲਦਾ ਹੈ। ਹੇ ਨਾਨਕ! (ਜਿਸ ਦੇ ਪੱਲੇ) ਸਦਾ ਸੱਚ ਹੈ ਉਹ ਸੱਚ ਦਾ ਵਪਾਰੀ ਹੈ ਉਹ ਸੱਚ ਵਿਚ ਲੀਨ ਰਹਿੰਦਾ ਹੈ।15। ਸਲੋਕੁ ਮਃ ੧ ॥ ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥ ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ॥ ਹਉ ਭਾਲਿ ਵਿਕੁੰਨੀ ਹੋਈ ॥ ਆਧੇਰੈ ਰਾਹੁ ਨ ਕੋਈ ॥ ਵਿਚਿ ਹਉਮੈ ਕਰਿ ਦੁਖੁ ਰੋਈ ॥ ਕਹੁ ਨਾਨਕ ਕਿਨਿ ਬਿਧਿ ਗਤਿ ਹੋਈ ॥੧॥ {ਪੰਨਾ 145} ਪਦ ਅਰਥ: ਕਲਿ = ਕਲਜੁਗੀ ਸੁਭਾਉ। ਕਾਤੀ = ਛੁਰੀ। ਕਾਸਾਈ = ਕਸਾਈ, ਕੁਹਣ ਵਾਲੇ, ਜ਼ਾਲਮ। ਪੰਖ = ਖੰਭ। ਅਮਾਵਸ = ਹਨੇਰੀ ਰਾਤ। ਕਹ = ਕਿਥੇ? ਹਉ = ਮੈ। ਵਿਕੁੰਨੀ = ਵਿਆਕੁਲ। ਦੁਖੁ ਰੋਈ = ਦੁੱਖ ਰੋ ਰਹੀ ਹੈ। ਕਿਨਿ ਬਿਧਿ = ਕਿਸ ਤਰ੍ਹਾਂ? ਗਤਿ = ਮੁਕਤਿ, ਖ਼ਲਾਸੀ। ਅਰਥ: ਇਹ ਘੋਰ ਕਲ-ਜੁਗੀ ਸੁਭਾਉ (ਮਾਨੋਂ) ਛੁਰੀ ਹੈ (ਜਿਸ ਦੇ ਕਾਰਨ) ਰਾਜੇ ਜ਼ਾਲਮ ਹੋ ਰਹੇ ਹਨ, (ਇਸ ਵਾਸਤੇ) ਧਰਮ ਖੰਭ ਲਾ ਕੇ ਉੱਡ ਗਿਆ ਹੈ। ਕੂੜ (ਮਾਨੋ) ਮੱਸਿਆ ਦੀ ਰਾਤ ਹੈ, (ਇਸ ਵਿਚ) ਸੱਚ-ਰੂਪ ਚੰਦ੍ਰਮਾ ਕਿਤੇ ਚੜ੍ਹਿਆ ਦਿੱਸਦਾ ਨਹੀਂ ਹੈ। ਮੈਂ ਇਸ ਚੰਦ੍ਰਮਾ ਨੂੰ ਲੱਭ ਲੱਭ ਕੇ ਵਿਆਕੁਲ ਹੋ ਗਈ ਹਾਂ, ਹਨੇਰੇ ਵਿਚ ਕੋਈ ਰਾਹ ਦਿੱਸਦਾ ਨਹੀਂ। (ਇਸ ਹਨੇਰੇ) ਵਿਚ (ਸ੍ਰਿਸ਼ਟੀ) ਹਉਮੈ ਦੇ ਕਾਰਨ ਦੁਖੀ ਹੋ ਰਹੀ ਹੈ, ਹੇ ਨਾਨਕ! ਕਿਵੇਂ ਇਸ ਤੋਂ ਖਲਾਸੀ ਹੋਵੇ?।1। ਮਃ ੩ ॥ ਕਲਿ ਕੀਰਤਿ ਪਰਗਟੁ ਚਾਨਣੁ ਸੰਸਾਰਿ ॥ ਗੁਰਮੁਖਿ ਕੋਈ ਉਤਰੈ ਪਾਰਿ ॥ ਜਿਸ ਨੋ ਨਦਰਿ ਕਰੇ ਤਿਸੁ ਦੇਵੈ ॥ ਨਾਨਕ ਗੁਰਮੁਖਿ ਰਤਨੁ ਸੋ ਲੇਵੈ ॥੨॥ {ਪੰਨਾ 145} ਪਦ ਅਰਥ: ਸੰਸਾਰਿ = ਸੰਸਾਰ ਵਿਚ। ਗੁਰਮੁਖਿ = ਜੋ ਮਨੁੱਖ ਗੁਰੂ ਦੇ ਸਨਮੁਖ ਹੈ। ਅਰਥ: ਇਸ ਕਲਜੁਗੀ ਸੁਭਾਵ (-ਰੂਪ ਹਨੇਰੇ ਨੂੰ ਦੂਰ ਕਰਨ) ਲਈ (ਪ੍ਰਭੂ ਦੀ) ਸਿਫ਼ਤਿ-ਸਾਲਾਹ (ਸਮਰੱਥ) ਹੈ, (ਇਹ ਸਿਫ਼ਤਿ-ਸਾਲਾਹ) ਜਗਤ ਵਿਚ ਉੱਘਾ ਚਾਨਣ ਹੈ, (ਪਰ) ਕੋਈ (ਵਿਰਲਾ) ਜੋ ਗੁਰੂ ਦੇ ਸਨਮੁਖ ਹੁੰਦਾ ਹੈ (ਇਸ ਚਾਨਣ ਦਾ ਆਸਰਾ ਲੈ ਕੇ ਇਸ ਹਨੇਰੇ ਵਿਚੋਂ) ਪਾਰ ਲੰਘਦਾ ਹੈ। ਹੇ ਨਾਨਕ! ਪ੍ਰਭੂ ਜਿਸ ਉਤੇ ਮਿਹਰ ਦੀ ਨਜ਼ਰ ਕਰਦਾ ਹੈ, ਉਸ ਨੂੰ (ਇਹ ਕੀਰਤਿ-ਰੂਪ ਚਾਨਣ) ਦੇਂਦਾ ਹੈ, ਉਹ ਮਨੁੱਖ ਗੁਰੂ ਦੇ ਸਨਮੁਖ ਹੋ ਕੇ (ਨਾਮ-ਰੂਪ) ਰਤਨ ਲੱਭ ਲੈਂਦਾ ਹੈ।2। ਨੋਟ: ਪਹਿਲਾ ਸਲੋਕ ਗੁਰੂ ਨਾਨਕ ਦੇਵ ਜੀ ਦਾ ਹੈ, ਜਿਸ ਵਿਚ ਉਹਨਾਂ ਸਿਰਫ਼ ਪੁੱਛ ਕਰ ਦਿੱਤੀ ਹੈ ਕਿ ਇਸ ਕਲਜੁਗੀ ਸੁਭਾਵ ਵਿਚੋਂ ਜੀਵ ਦੀ ਖਲਾਸੀ ਕਿਵੇਂ ਹੋਵੇ। ਇਸ ਦੂਜੇ ਸਲੋਕ ਵਿਚ ਗੁਰੂ ਅਮਰਦਾਸ ਜੀ ਨੇ ਉੱਤਰ ਦਿੱਤਾ ਹੈ, ਕਿ ਪ੍ਰਭੂ ਦੀ ਸਿਫ਼ਤਿ-ਸਾਲਾਹ ਇਸ ਤੋਂ ਬਚਾਉਂਦੀ ਹੈ। ਸੋ ਇਹ ਸਲੋਕ ਉਚਾਰਨ ਵਾਲੇ ਗੁਰੂ ਅਮਰਦਾਸ ਜੀ ਦੇ ਪਾਸ ਗੁਰੂ ਨਾਨਕ ਸਾਹਿਬ ਦਾ ਉਪਰਲਾ ਸ਼ਲੋਕ ਮੌਜੂਦ ਸੀ। ਇਹ ਗੱਲ ਅਣਹੋਣੀ ਜਿਹੀ ਹੈ, ਕਿ ਇਕੱਲਾ ਇਹੀ ਸਲੋਕ ਗੁਰੂ ਅਮਰਦਾਸ ਜੀ ਨੂੰ ਕਿਤੋਂ ਸਬੱਬ ਨਾਲ ਮਿਲ ਗਿਆ ਹੋਵੇਗਾ। ਅਸਲ ਗੱਲ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੀ ਸਾਰੀ ਬਾਣੀ ਆਪਣੀ ਹੱਥੀਂ ਲਿਖੀ ਤੇ ਸਾਂਭੀ ਹੋਈ ਗੁਰੂ ਅੰਗਦ ਸਾਹਿਬ ਨੂੰ ਦਿੱਤੀ, ਤੇ ਉਹਨਾਂ ਗੁਰੂ ਅਮਰਦਾਸ ਜੀ ਨੂੰ {ਵੇਖੋ, ਮੇਰੀ ਪੁਸਤਕ 'ਗੁਰਬਾਣੀ ਅਤੇ ਇਤਿਹਾਸ ਬਾਰੇ'} ਪਉੜੀ ॥ ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ ॥ ਕਰਤਾ ਆਪਿ ਅਭੁਲੁ ਹੈ ਨ ਭੁਲੈ ਕਿਸੈ ਦਾ ਭੁਲਾਇਆ ॥ ਭਗਤ ਆਪੇ ਮੇਲਿਅਨੁ ਜਿਨੀ ਸਚੋ ਸਚੁ ਕਮਾਇਆ ॥ ਸੈਸਾਰੀ ਆਪਿ ਖੁਆਇਅਨੁ ਜਿਨੀ ਕੂੜੁ ਬੋਲਿ ਬੋਲਿ ਬਿਖੁ ਖਾਇਆ ॥ ਚਲਣ ਸਾਰ ਨ ਜਾਣਨੀ ਕਾਮੁ ਕਰੋਧੁ ਵਿਸੁ ਵਧਾਇਆ ॥ ਭਗਤ ਕਰਨਿ ਹਰਿ ਚਾਕਰੀ ਜਿਨੀ ਅਨਦਿਨੁ ਨਾਮੁ ਧਿਆਇਆ ॥ ਦਾਸਨਿ ਦਾਸ ਹੋਇ ਕੈ ਜਿਨੀ ਵਿਚਹੁ ਆਪੁ ਗਵਾਇਆ ॥ ਓਨਾ ਖਸਮੈ ਕੈ ਦਰਿ ਮੁਖ ਉਜਲੇ ਸਚੈ ਸਬਦਿ ਸੁਹਾਇਆ ॥੧੬॥ {ਪੰਨਾ 145} ਪਦ ਅਰਥ: ਮੇਲਿਅਨੁ = ਮੇਲੇ ਹਨ ਉਸ (ਪ੍ਰਭੂ) ਨੇ। ਖੁਆਇਅਨੁ = ਖੁੰਝਾਏ ਹਨ ਉਸ ਨੇ। ਬਿਖੁ = ਵਿਹੁ। ਸਾਰ = ਸਮਝ। ਵਿਸੁ = ਵਿਹੁ। ਅਨਦਿਨੁ = ਹਰ ਰੋਜ਼, ਹਰ ਵੇਲੇ। ਦਾਸਨਿਦਾਸ = ਦਾਸਾਂ ਦੇ ਦਾਸ। ਸੁਹਾਇਆ = ਸੋਹਣੇ ਲੱਗਦੇ ਹਨ। ਅਰਥ: (ਜਗਤ ਵਿਚ ਇਹ ਨਿੱਤ ਵੇਖ ਰਹੇ ਹਾਂ ਕਿ) ਭਗਤਾਂ ਤੇ ਦੁਨੀਆਦਾਰਾਂ ਦਾ ਕਦੇ ਜੋੜ ਨਹੀਂ ਬਣਦਾ (ਪਰ, ਜਗਤ-ਰਚਨਾ ਵਿਚ ਪ੍ਰਭੂ ਵਲੋਂ ਇਹ ਕੋਈ ਉਕਾਈ ਨਹੀਂ ਹੈ) । ਕਰਤਾਰ ਆਪ ਤਾਂ ਉਕਾਈ ਖਾਣ ਵਾਲਾ ਨਹੀਂ ਹੈ, ਤੇ ਕਿਸੇ ਦਾ ਖੁੰਝਾਇਆ (ਭੀ) ਖੁੰਝਦਾ ਨਹੀਂ (ਇਹ ਉਸ ਦੀ ਆਪਣੀ ਰਜ਼ਾ ਹੈ ਕਿ) ਉਸ ਨੇ ਆਪ ਹੀ ਭਗਤ (ਆਪਣੇ ਚਰਨਾਂ ਵਿਚ) ਜੋੜੇ ਹੋਏ ਹਨ, ਉਹ ਨਿਰੋਲ ਬੰਦਗੀ-ਰੂਪ ਕਾਰ ਕਰਦੇ ਹਨ, ਦੁਨੀਆਦਾਰ ਭੀ ਉਸ ਨੇ ਆਪ ਹੀ ਖੁੰਝਾਏ ਹਨ, ਉਹ ਝੂਠ ਬੋਲ ਬੋਲ ਕੇ (ਆਤਮਕ ਮੌਤ ਦਾ ਮੂਲ) ਵਿਹੁ ਖਾ ਰਹੇ ਹਨ। ਉਹਨਾਂ ਨੂੰ ਇਹ ਸਮਝ ਹੀ ਨਹੀਂ ਆਈ, ਕਿ ਇਥੋਂ ਤੁਰ ਭੀ ਜਾਣਾ ਹੈ। ਸੋ, ਉਹ ਕਾਮ ਕਰੋਧ-ਰੂਪ ਜ਼ਹਿਰ (ਜ਼ਗਤ ਵਿਚ) ਵਧਾ ਰਹੇ ਹਨ। (ਉਸ ਦੀ ਆਪਣੀ ਰਜ਼ਾ ਵਿਚ) ਭਗਤ ਉਸ ਪ੍ਰਭੂ ਦੀ ਬੰਦਗੀ ਕਰ ਰਹੇ ਹਨ, ਉਹ ਹਰ ਵੇਲੇ ਨਾਮ ਸਿਮਰ ਰਹੇ ਹਨ। ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਦੇ ਸੇਵਕਾਂ ਦਾ ਸੇਵਕ ਬਣ ਕੇ ਆਪਣੇ ਅੰਦਰੋਂ ਹਉਮੈ ਦੂਰ ਕੀਤੀ ਹੈ, ਪ੍ਰਭੂ ਦੇ ਦਰ ਤੇ ਉਹਨਾਂ ਦੇ ਮੂੰਹ ਉਜਲੇ ਹੁੰਦੇ ਹਨ, ਸੱਚੇ ਸ਼ਬਦ ਦੇ ਕਾਰਨ ਉਹ ਪ੍ਰਭੂ-ਦਰ ਤੇ ਸੋਭਾ ਪਾਂਦੇ ਹਨ।16। ਸਲੋਕੁ ਮਃ ੧ ॥ ਸਬਾਹੀ ਸਾਲਾਹ ਜਿਨੀ ਧਿਆਇਆ ਇਕ ਮਨਿ ॥ ਸੇਈ ਪੂਰੇ ਸਾਹ ਵਖਤੈ ਉਪਰਿ ਲੜਿ ਮੁਏ ॥ ਦੂਜੈ ਬਹੁਤੇ ਰਾਹ ਮਨ ਕੀਆ ਮਤੀ ਖਿੰਡੀਆ ॥ ਬਹੁਤੁ ਪਏ ਅਸਗਾਹ ਗੋਤੇ ਖਾਹਿ ਨ ਨਿਕਲਹਿ ॥ ਤੀਜੈ ਮੁਹੀ ਗਿਰਾਹ ਭੁਖ ਤਿਖਾ ਦੁਇ ਭਉਕੀਆ ॥ ਖਾਧਾ ਹੋਇ ਸੁਆਹ ਭੀ ਖਾਣੇ ਸਿਉ ਦੋਸਤੀ ॥ ਚਉਥੈ ਆਈ ਊਂਘ ਅਖੀ ਮੀਟਿ ਪਵਾਰਿ ਗਇਆ ॥ ਭੀ ਉਠਿ ਰਚਿਓਨੁ ਵਾਦੁ ਸੈ ਵਰ੍ਹ੍ਹਿਆ ਕੀ ਪਿੜ ਬਧੀ ॥ ਸਭੇ ਵੇਲਾ ਵਖਤ ਸਭਿ ਜੇ ਅਠੀ ਭਉ ਹੋਇ ॥ ਨਾਨਕ ਸਾਹਿਬੁ ਮਨਿ ਵਸੈ ਸਚਾ ਨਾਵਣੁ ਹੋਇ ॥੧॥ {ਪੰਨਾ 145-146} ਪਦ ਅਰਥ: ਸਬਾਹੀ = ਸੁਬਹ ਵੇਲੇ, ਅੰਮ੍ਰਿਤ ਵੇਲੇ। ਇਕਿ ਮਨਿ = ਇਕ-ਮਨ ਹੋ ਕੇ। ਵਖਤੈ ਉਪਰਿ-ਵੇਲੇ ਸਿਰ। ਦੂਜੈ = ਦੂਜੇ ਪਹਰ (ਭਾਵ, ਦਿਨ ਚੜ੍ਹੇ) । ਅਸਗਾਹ = ਜਗਤ ਦੇ ਝੰਬੇਲੇ (-ਰੂਪ) ਅਥਾਹ ਸਮੁੰਦਰ। ਤੀਜੈ = ਤੀਜੇ ਪਹਿਰ। ਮੁਹਿ-ਮੂੰਹ ਵਿਚ। ਗਿਰਾਹ = ਗਾਹੀਆਂ, ਰੋਟੀ। ਭਉਕੀਆ = ਚਮਕੀਆਂ। ਊਂਘ = ਨੀਂਦਰ। ਪਵਾਰਿ = ਪਰਲੋਕ ਵਿਚ, (ਭਾਵ,) ਡੂੰਘੀ ਨੀਂਦਰ ਵਿਚ। {ਇਹ ਆਮ ਪ੍ਰਚਲਤ ਹੈ ਕਿ ਕਈ ਵਾਰੀ ਕਿਸੇ ਬੰਦੇ ਦੇ ਪ੍ਰਾਣ ਜਮ ਭੁਲੇਖੇ ਨਾਲ ਲੈ ਜਾਂਦੇ ਹਨ ਤੇ ਫਿਰ ਮੋੜ ਜਾਂਦੇ ਹਨ। ਇਤਨਾਂ ਸਮਾਂ ਉਸ ਬੰਦੇ ਨੂੰ 'ਪਵਾਰਿ ਗਿਆ' ਆਖੀਦਾ ਹੈ}। ਵਾਦੁ = ਝਗੜਾ। ਪਿੜ = ਅਖਾੜਾ। ਅਰਥ: ਜੋ ਮਨੁੱਖ ਸਵੇਰੇ ਹੀ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਹਨ, ਇਕ-ਮਨ ਹੋ ਕੇ ਪ੍ਰਭੂ ਨੂੰ ਸਿਮਰਦੇ ਹਨ, ਵੇਲੇ-ਸਿਰ (ਭਾਵ, ਅੰਮ੍ਰਿਤ ਵੇਲੇ) ਮਨ ਨਾਲ ਜੰਗ ਕਰਦੇ ਹਨ (ਭਾਵ, ਆਲਸ ਵਿਚੋਂ ਨਿਕਲ ਕੇ ਬੰਦਗੀ ਦਾ ਆਹਰ ਕਰਦੇ ਹਨ) , ਉਹੀ ਪੂਰੇ ਸ਼ਾਹ ਹਨ। ਦਿਨ-ਚੜ੍ਹੇ ਮਨ ਦੀਆਂ ਵਾਸਨਾਂ ਖਿੱਲਰ ਜਾਂਦੀਆਂ ਹਨ, ਮਨ ਕਈ ਰਾਹੀਂ ਦੌੜਦਾ ਹੈ; ਮਨੁੱਖ ਦੁਨੀਆ ਦੇ ਧੰਧਿਆਂ ਦੇ ਡੂੰਘੇ ਸਮੁੰਦਰ ਵਿਚ ਪੈ ਜਾਂਦੇ ਹਨ, ਇਥੇ ਹੀ ਅਜੇਹੇ ਗੋਤੇ ਖਾਂਦੇ ਹਨ (ਭਾਵ, ਫਸਦੇ ਹਨ) ਕਿ ਨਿਕਲ ਨਹੀਂ ਸਕਦੇ। ਤੀਜੇ ਪਹਰ ਭੁੱਖ ਤੇ ਤ੍ਰਿਹ ਦੋਵੇਂ ਚਮਕ ਪੈਂਦੀਆਂ ਹਨ, ਰੋਟੀ ਖਾਣ ਦੇ ਆਹਰੇ (ਜੀਵ) ਲੱਗ ਜਾਂਦੇ ਹਨ, (ਜਦੋਂ) ਜੋ ਕੁੱਝ ਖਾਧਾ ਹੁੰਦਾ ਹੈ ਭਸਮ ਹੋ ਜਾਂਦਾ ਹੈ, ਤਾਂ ਹੋਰ ਖਾਣ ਦੀ ਤਾਂਘ ਪੈਦਾ ਹੁੰਦੀ ਹੈ। ਚਉਥੇ ਪਹਰ ਨੀਂਦ ਆ ਦਬਾਂਦੀ ਹੈ, ਅੱਖਾਂ ਮੀਟ ਕੇ ਘੂਕ ਨੀਂਦਰ ਵਿਚ ਸਉਂ ਜਾਂਦਾ ਹੈ; ਨੀਂਦਰੋਂ ਉਠ ਕੇ ਮੁੜ ਜਗਤ ਦੇ ਧੰਧਿਆਂ ਦਾ ਉਹੀ ਝਮੇਲਾ, ਮਾਨੋ, ਮਨੁੱਖ ਨੇ (ਇਥੇ) ਸੈਂਕੜੇ ਵਰ੍ਹਿਆਂ ਦੇ ਜੀਊਣ ਦਾ ਘੋਲ ਮਚਾਇਆ ਹੋਇਆ ਹੈ। (ਸੋ, ਅੰਮ੍ਰਿਤ ਵੇਲਾ ਹੀ ਸਿਮਰਨ ਲਈ ਜ਼ਰੂਰੀ ਹੈ, ਪਰ) ਜਦੋਂ (ਅੰਮ੍ਰਿਤ ਵੇਲੇ ਦੇ ਅੱਭਿਆਸ ਨਾਲ) ਅੱਠੇ ਪਹਰ ਪਰਮਾਤਮਾ ਦਾ ਡਰ-ਅਦਬ (ਮਨ ਵਿਚ) ਟਿਕ ਜਾਏ ਤਾਂ ਸਾਰੇ ਵੇਲੇ ਵਕਤਾਂ ਵਿਚ (ਮਨ ਪ੍ਰਭੂ-ਚਰਨਾਂ ਵਿਚ ਜੁੜ ਸਕਦਾ ਹੈ) । (ਇਸ ਤਰ੍ਹਾਂ) ਹੇ ਨਾਨਕ! (ਜੇ ਅੱਠੇ ਪਹਰ) ਮਾਲਕ ਮਨ ਵਿਚ ਵੱਸਿਆ ਰਹੇ, ਤਾਂ ਸਦਾ ਟਿਕੇ ਰਹਿਣ ਵਾਲਾ (ਆਤਮਕ) ਇਸ਼ਨਾਨ ਪ੍ਰਾਪਤ ਹੁੰਦਾ ਹੈ।1। |
Sri Guru Granth Darpan, by Professor Sahib Singh |