ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 146

ਮਃ ੨ ॥ ਸੇਈ ਪੂਰੇ ਸਾਹ ਜਿਨੀ ਪੂਰਾ ਪਾਇਆ ॥ ਅਠੀ ਵੇਪਰਵਾਹ ਰਹਨਿ ਇਕਤੈ ਰੰਗਿ ॥ ਦਰਸਨਿ ਰੂਪਿ ਅਥਾਹ ਵਿਰਲੇ ਪਾਈਅਹਿ ॥ ਕਰਮਿ ਪੂਰੈ ਪੂਰਾ ਗੁਰੂ ਪੂਰਾ ਜਾ ਕਾ ਬੋਲੁ ॥ ਨਾਨਕ ਪੂਰਾ ਜੇ ਕਰੇ ਘਟੈ ਨਾਹੀ ਤੋਲੁ ॥੨॥ {ਪੰਨਾ 146}

ਪਦ ਅਰਥ: ਅਠੀ = ਅੱਠੇ ਪਹਰ। ਪਾਈਅਹਿ = ਲੱਭਦੇ ਹਨ। ਅਥਾਹ ਦਰਸਨਿ ਰੂਪਿ = ਅੱਤ ਡੂੰਘੇ ਪ੍ਰਭੂ ਦੇ ਦਰਸਨ ਵਿਚ ਤੇ ਸਰੂਪ ਵਿਚ (ਜੁੜੇ ਹੋਏ) । ਕਰਮਿ = ਬਖ਼ਸ਼ਸ਼ ਨਾਲ।

ਅਰਥ: ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਮਿਲ ਪੈਂਦਾ ਹੈ ਉਹੀ ਪੂਰੇ ਸ਼ਾਹ ਹਨ, ਉਹ ਇੱਕ ਪਰਮਾਤਮਾ ਦੇ ਰੰਗ (ਪਿਆਰ) ਵਿਚ ਅੱਠੇ ਪਹਰ (ਦੁਨੀਆ ਵਲੋਂ) ਬੇ-ਪਰਵਾਹ ਰਹਿੰਦੇ ਹਨ (ਭਾਵ, ਕਿਸੇ ਦੇ ਮੁਥਾਜ ਨਹੀਂ ਹੁੰਦੇ) । (ਪਰ ਅਜੇਹੇ ਬੰਦੇ) ਬੜੇ ਘੱਟ ਮਿਲਦੇ ਹਨ, ਜੋ ਅਥਾਹ ਪ੍ਰਭੂ ਦੇ ਦੀਦਾਰ ਵਿਚ ਤੇ ਸਰੂਪ ਵਿਚ (ਹਰ ਵੇਲੇ ਜੁੜੇ ਰਹਿਣ) ।

ਪੂਰੇ ਬੋਲ ਵਾਲਾ ਪੂਰਨ ਗੁਰੂ ਪੂਰੇ ਭਾਗਾਂ ਨਾਲ, ਹੇ ਨਾਨਕ! ਜਿਸ ਮਨੁੱਖ ਨੂੰ ਪੂਰਨ ਬਣਾ ਦੇਂਦਾ ਹੈ, ਉਸ ਦਾ ਤੋਲ ਘਟਦਾ ਨਹੀਂ, (ਭਾਵ, ਰੱਬ ਨਾਲ ਉਸ ਦਾ ਅੱਠੇ ਪਹਰ ਦਾ ਸੰਬੰਧ ਘਟਦਾ ਨਹੀਂ) ।2।

ਨੋਟ: ਇਸ ਸਲੋਕ ਦੇ ਲਫ਼ਜ਼ ਗਹੁ ਨਾਲ ਪਹਿਲੇ ਸਲੋਕ ਦੇ ਲਫ਼ਜ਼ਾਂ ਨਾਲ ਰਲਾ ਕੇ ਵੇਖੋ। ਸਾਫ਼ ਪਿਆ ਦਿੱਸਦਾ ਹੈ ਕਿ ਇਹ ਸਲੋਕ ਉਚਾਰਨ ਵੇਲੇ ਗੁਰੂ ਅੰਗਦ ਸਾਹਿਬ ਦੇ ਸਾਹਮਣੇ ਗੁਰੂ ਨਾਨਕ ਦੇਵ ਜੀ ਦਾ ਸ਼ਲੋਕ ਮੌਜੂਦ ਸੀ। ਤੇ ਇਹ ਇਕੱਲਾ ਸਲੋਕ ਕਿਉਂ ਹੋਵੇਗਾ? ਗੂਰੂ ਨਾਨਕ ਸਾਹਿਬ ਦੀ ਸਾਰੀ ਬਾਣੀ ਉਹਨਾਂ ਪਾਸ ਹੋਵੇਗੀ। ਸੋ, ਗੁਰੂ ਅਰਜਨ ਸਾਹਿਬ ਤੋਂ ਪਹਿਲਾਂ ਹੀ ਹਰੇਕ ਗੁਰੂ ਦੇ ਪਾਸ ਆਪਣੇ ਤੋਂ ਪਹਿਲੇ ਗੁਰ-ਵਿਅਕਤੀਆਂ ਦੀ ਸਾਰੀ ਬਾਣੀ ਗੁਰਿਆਈ ਦੇ ਵਿਰਸੇ ਵਿਚ ਚਲੀ ਆ ਰਹੀ ਸੀ। (ਵੇਖੋ, ਪੁਸਤਕ 'ਗੁਰਬਾਣੀ ਅਤੇ ਇਤਿਹਾਸ ਬਾਰੇ') ।

ਪਉੜੀ ॥ ਜਾ ਤੂੰ ਤਾ ਕਿਆ ਹੋਰਿ ਮੈ ਸਚੁ ਸੁਣਾਈਐ ॥ ਮੁਠੀ ਧੰਧੈ ਚੋਰਿ ਮਹਲੁ ਨ ਪਾਈਐ ॥ ਏਨੈ ਚਿਤਿ ਕਠੋਰਿ ਸੇਵ ਗਵਾਈਐ ॥ ਜਿਤੁ ਘਟਿ ਸਚੁ ਨ ਪਾਇ ਸੁ ਭੰਨਿ ਘੜਾਈਐ ॥ ਕਿਉ ਕਰਿ ਪੂਰੈ ਵਟਿ ਤੋਲਿ ਤੁਲਾਈਐ ॥ ਕੋਇ ਨ ਆਖੈ ਘਟਿ ਹਉਮੈ ਜਾਈਐ ॥ ਲਈਅਨਿ ਖਰੇ ਪਰਖਿ ਦਰਿ ਬੀਨਾਈਐ ॥ ਸਉਦਾ ਇਕਤੁ ਹਟਿ ਪੂਰੈ ਗੁਰਿ ਪਾਈਐ ॥੧੭॥ {ਪੰਨਾ 146}

ਪਦ ਅਰਥ: ਕਿਆ ਹੋਰਿ = ਹੋਰ ਜੀਵ ਕੀਹ ਹਨ? ਮੈਨੂੰ ਕਿਸੇ ਦੀ ਮੁਥਾਜੀ ਨਹੀਂ। ਧੰਧੈ ਚੋਰਿ = ਧੰਧੇ-ਰੂਪ ਚੋਰ ਨੇ। ੲੈਨੇ = ਏਸ ਨੇ। ਚਿਤਿ ਕਠੋਰਿ = ਕਠੋਰ ਚਿੱਤ ਦੇ ਕਾਰਨ। ਜਿਤੁ ਘਟਿ = ਜਿਸ ਸਰੀਰ ਵਿਚ। ਭੰਨਿ ਘੜਾਈਐ = ਭੱਜਦਾ ਘੜੀਦਾ ਰਹਿੰਦਾ ਹੈ। ਪੂਰੈ ਵਟਿ = ਪੂਰੇ ਵੱਟੇ ਨਾਲ। ਤੁਲਾਈਐ = ਤੁਲ ਸਕੇ, ਪੂਰਾ ਉਤਰ ਸਕੇ। ਜਾਈਐ = ਜੇ ਚਲੀ ਜਾਏ। ਲਈਅਨਿ ਪਰਖਿ = ਪਰਖ ਲਏ ਜਾਂਦੇ ਹਨ। ਦਰਿ ਬੀਨਾਈਐ = ਬੀਨਾਈ ਵਾਲੇ ਦੇ ਦਰ ਤੇ, ਸਿਆਣੇ ਪ੍ਰਭੂ ਦੇ ਦਰ ਤੇ।

ਅਰਥ: (ਹੇ ਪ੍ਰਭੂ!) ਮੈਂ ਸੱਚ ਕਹਿੰਦਾ ਹਾਂ ਕਿ ਜਦੋਂ ਤੂੰ (ਮੇਰਾ ਰਾਖਾ) ਹੈਂ ਤਾਂ ਮੈਨੂੰ ਕਿਸੇ ਹੋਰ ਦੀ ਮੁਥਾਜੀ ਨਹੀਂ। ਪਰ ਜਿਸ (ਜੀਵ-ਇਸਤ੍ਰੀ) ਨੂੰ ਜਗਤ ਦੇ ਧੰਧੇ-ਰੂਪ ਚੋਰ ਨੇ ਮੋਹ ਲਿਆ ਹੈ, ਉਸ ਨੂੰ ਤੇਰਾ ਦਰ (ਮਹਲ) ਲੱਭਦਾ ਨਹੀਂ, ਉਸ ਨੇ ਕਠੋਰ ਚਿੱਤ ਦੇ ਕਾਰਨ (ਆਪਣੀ ਸਾਰੀ) ਮਿਹਨਤ ਵਿਅਰਥ ਗਵਾ ਲਈ ਹੈ।

ਜਿਸ ਹਿਰਦੇ ਵਿਚ ਸੱਚ ਨਹੀਂ ਵੱਸਿਆ, ਉਹ ਹਿਰਦਾ ਸਦਾ ਭੱਜਦਾ ਘੜੀਂਦਾ ਰਹਿੰਦਾ ਹੈ (ਭਾਵ, ਉਸ ਦਾ ਜਨਮ ਮਰਨ ਦਾ ਚੱਕਰ ਬਣਿਆ ਰਹਿੰਦਾ ਹੈ) , (ਜਦੋਂ) ਉਸ ਦੇ ਕੀਤੇ ਕਰਮਾਂ ਦਾ ਲੇਖਾ ਹੋਵੇ) ਪੂਰੇ ਵੱਟੇ ਨਾਲ ਤੋਲ ਵਿਚ ਕਿਵੇਂ ਪੂਰਾ ਉਤਰੇ? ਹਾਂ, ਜੇ ਜੀਵ ਦੀ ਹਉਮੈ ਦੂਰ ਹੋ ਜਾਏ, ਤਾਂ ਕੋਈ ਇਸ ਨੂੰ (ਤੋਲੋਂ) ਘੱਟ ਨਹੀਂ ਆਖਦਾ।

ਖਰੇ ਜੀਵ ਸਿਆਣੇ ਪ੍ਰਭੂ ਦੇ ਦਰ ਤੇ ਪਰਖ ਲਏ ਜਾਂਦੇ ਹਨ, (ਇਹ) ਸਉਦਾ (ਜਿਸ ਨਾਲ ਪ੍ਰਭੂ ਦੇ ਦਰ ਤੇ ਕਬੂਲ ਹੋ ਸਕੀਦਾ ਹੈ) ਇੱਕੋ ਹੀ ਹੱਟੀ ਤੋਂ ਪੂਰੇ ਗੁਰੂ ਤੋਂ ਹੀ ਮਿਲਦਾ ਹੈ।17।

ਸਲੋਕ ਮਃ ੨ ॥ ਅਠੀ ਪਹਰੀ ਅਠ ਖੰਡ ਨਾਵਾ ਖੰਡੁ ਸਰੀਰੁ ॥ ਤਿਸੁ ਵਿਚਿ ਨਉ ਨਿਧਿ ਨਾਮੁ ਏਕੁ ਭਾਲਹਿ ਗੁਣੀ ਗਹੀਰੁ ॥ ਕਰਮਵੰਤੀ ਸਾਲਾਹਿਆ ਨਾਨਕ ਕਰਿ ਗੁਰੁ ਪੀਰੁ ॥ ਚਉਥੈ ਪਹਰਿ ਸਬਾਹ ਕੈ ਸੁਰਤਿਆ ਉਪਜੈ ਚਾਉ ॥ ਤਿਨਾ ਦਰੀਆਵਾ ਸਿਉ ਦੋਸਤੀ ਮਨਿ ਮੁਖਿ ਸਚਾ ਨਾਉ ॥ ਓਥੈ ਅੰਮ੍ਰਿਤੁ ਵੰਡੀਐ ਕਰਮੀ ਹੋਇ ਪਸਾਉ ॥ ਕੰਚਨ ਕਾਇਆ ਕਸੀਐ ਵੰਨੀ ਚੜੈ ਚੜਾਉ ॥ ਜੇ ਹੋਵੈ ਨਦਰਿ ਸਰਾਫ ਕੀ ਬਹੁੜਿ ਨ ਪਾਈ ਤਾਉ ॥ ਸਤੀ ਪਹਰੀ ਸਤੁ ਭਲਾ ਬਹੀਐ ਪੜਿਆ ਪਾਸਿ ॥ ਓਥੈ ਪਾਪੁ ਪੁੰਨੁ ਬੀਚਾਰੀਐ ਕੂੜੈ ਘਟੈ ਰਾਸਿ ॥ ਓਥੈ ਖੋਟੇ ਸਟੀਅਹਿ ਖਰੇ ਕੀਚਹਿ ਸਾਬਾਸਿ ॥ ਬੋਲਣੁ ਫਾਦਲੁ ਨਾਨਕਾ ਦੁਖੁ ਸੁਖੁ ਖਸਮੈ ਪਾਸਿ ॥੧॥ {ਪੰਨਾ 146}

ਪਦ ਅਰਥ: ਅਠੀ ਪਹਰੀ = ਦਿਨ ਦੇ ਅੱਠੇ ਪਹਰਾਂ ਵਿਚ। ਅਠ ਖੰਡ = ਧਰਤੀ ਦੇ ਅੱਠ ਹਿੱਸਿਆਂ ਦੇ ਪਦਾਰਥਾਂ ਵਿਚ (ਭਾਵ, ਜੇ ਧਰਤੀ ਨੂੰ 9 ਖੰਡਾਂ ਵਿਚ ਵੰਡਣ ਦੇ ਥਾਂ 1 ਖੰਡ ਮਨੁੱਖਾ-ਸਰੀਰ ਨੂੰ ਮੰਨ ਲਿਆ ਜਾਏ, ਤਾਂ ਬਾਕੀ 8 ਖੰਡ ਧਰਤੀ ਦੇ ਸਾਰੇ ਪਦਾਰਥਾਂ ਵਿਚ) । ਗੁਣੀ ਗਹੀਰੁ = ਗੁਣਾਂ ਕਰਕੇ ਗਹੀਰ ਪ੍ਰਭੂ ਨੂੰ, ਅਥਾਹ ਗੁਣਾਂ ਵਾਲੇ ਪ੍ਰਭੂ ਨੂੰ ਕਰਮਵੰਤੀ = ਭਾਗਾਂ ਵਾਲਿਆਂ ਨੇ। ਕਰਿ = ਕਰ ਕੇ, ਧਾਰ ਕੇ। ਸੁਰਤਿਆ = ਉੱਕੀ ਸੁਰਤਿ ਵਾਲਿਆਂ ਨੂੰ। ਮਨਿ = ਮਨ ਵਿਚ। ਦਰਿਆਵਾ ਸਿਉ = ਦਰਿਆਵਾਂ ਨਾਲਿ, ਉਹਨਾਂ ਗੁਰਮੁਖਾਂ ਨਾਲ ਜਿਨ੍ਹਾਂ ਦੇ ਅੰਦਰ ਨਾਮ ਦਾ ਪ੍ਰਵਾਹ ਚੱਲ ਰਿਹਾ ਹੈ। ਪਸਾਉ = ਬਖਸ਼ਸ਼। ਕੰਚਨ = ਸੋਨਾ। ਕਸੀਐ = ਕੱਸ ਲਾਈ ਜਾਂਦੀ ਹੈ। , ਪਰਖ ਕੀਤੀ ਜਾਂਦੀ ਹੈ, ਵੰਨੀ ਚੜਾਉ ਚੜੈ = ਸੋਹਣਾ ਰੰਗ ਚੜ੍ਹਦਾ ਹੈ। ਸਤੁ = ਉੱਚਾ ਆਚਰਨ। ਫਾਦਲੁ = ਫਜ਼ੂਲ।

{ਨੋਟ: ਅਰਬੀ ਦੇ ਅੱਖਰ 'ਜ਼' ਦਾ ਉਚਾਰਨ 'ਦ' ਭੀ ਹੋ ਸਕਦਾ ਹੈ; ਜਿਵੇਂ 'ਮਗ਼ਜ਼ੂਬ' ਅਤੇ 'ਮਗ਼ਦੂਬ'। ਸਤਿਗੁਰੂ ਜੀ ਨੇ ਭੀ ਇਸ 'ਜ਼' ਨੂੰ ਕਈ ਥਾਈਂ 'ਦ' ਕਰ ਕੇ ਉਚਾਰਿਆ ਹੈ, ਜਿਵੇਂ 'ਕਾਗ਼ਜ਼' ਤੇ 'ਕਾਗ਼ਦ', 'ਕਾਜ਼ੀਆ' ਤੇ 'ਕਾਦੀਆਂ' ਤੇ ਇਸੇ ਤਰ੍ਹਾਂ 'ਫਜ਼ੂਲ' ਤੇ 'ਫਾਦਲ'}।

ਅਰਥ: ਜੇ (ਧਰਤੀ ਦੇ 9 ਖੰਡਾਂ ਵਿਚੋਂ) ਨਾਵਾਂ ਖੰਡ ਮਨੁੱਖ-ਸਰੀਰ ਨੂੰ ਮੰਨ ਲਿਆ ਜਾਏ, ਤਾਂ ਅੱਠੇ ਪਹਰ (ਮਨੁੱਖ ਦੇ ਮਨ ਧਰਤੀ ਦੇ) ਸਾਰੇ ਅੱਠ ਖੰਡੀ ਪਦਾਰਥਾਂ ਵਿਚ ਲੱਗਾ ਰਹਿੰਦਾ ਹੈ। ਹੇ ਨਾਨਕ! (ਕੋਈ ਵਿਰਲੇ) ਭਾਗਾਂ ਵਾਲੇ ਬੰਦੇ ਗੁਰੂ ਪੀਰ ਧਾਰ ਕੇ ਇਸ (ਨਾਵੇਂ ਖੰਡ ਸਰੀਰ) ਵਿਚ ਨਉ ਨਿਧਿ ਨਾਮ ਲੱਭਦੇ ਹਨ, ਅਥਾਹ ਗੁਣਾਂ ਵਾਲੇ ਪ੍ਰਭੂ ਨੂੰ ਭਾਲਦੇ ਹਨ।

ਸਵੇਰ ਦੇ ਚਉਥੇ ਪਹਰ (ਭਾਵ, ਅੰਮ੍ਰਿਤ ਵੇਲੇ) ਉੱਚੀ ਸੁਰਤਿ ਵਾਲੇ ਬੰਦਿਆਂ ਦੇ ਮਨ ਵਿਚ (ਇਸ ਨਉਨਿਧਿ ਨਾਮ ਲਈ) ਚਾਉ ਪੈਦਾ ਹੁੰਦਾ ਹੈ, (ਉਸ ਵੇਲੇ) ਉਹਨਾਂ ਦੀ ਸਾਂਝ ਉਹਨਾਂ ਗੁਰਮੁਖਾਂ ਨਾਲ ਬਣਦੀ ਹੈ (ਜਿਨ੍ਹਾਂ ਦੇ ਅੰਦਰ ਨਾਮ ਦਾ ਪ੍ਰਵਾਹ ਚੱਲ ਰਿਹਾ ਹੈ) ਅਤੇ ਉਹਨਾਂ ਦੇ ਮਨ ਵਿਚ ਤੇ ਮੂੰਹ ਵਿਚ ਸੱਚਾ ਨਾਮ ਵੱਸਦਾ ਹੈ। ਓਥੇ (ਸਤ-ਸੰਗ ਵਿਚ) ਨਾਮ-ਅੰਮ੍ਰਿਤ ਵੰਡਿਆ ਜਾਂਦਾ ਹੈ, ਪ੍ਰਭੂ ਦੀ ਮਿਹਰ ਨਾਲ ਉਹਨਾਂ ਨੂੰ ਨਾਮ ਦੀ ਦਾਤਿ ਮਿਲਦੀ ਹੈ। (ਜਿਵੇਂ ਤਾਉ ਦੇ ਦੇ ਕੇ) ਸੋਨੇ (ਨੂੰ ਕੱਸ ਲਾਈਦੀ ਹੈ, ਤਿਵੇਂ ਅੰਮ੍ਰਿਤ ਵੇਲੇ ਦੀ ਘਾਲ-ਕਮਾਈ ਦੀ ਉਹਨਾਂ ਦੇ) ਸਰੀਰ ਨੂੰ ਕੱਸ ਲਾਈਦੀ ਤੇ (ਭਗਤੀ ਦਾ) ਸੋਹਣਾ ਰੰਗ ਚੜ੍ਹਦਾ ਹੈ। ਜਦੋਂ ਸਰਾਫ਼ (-ਪ੍ਰਭੂ) ਦੀ ਮਿਹਰ ਦੀ ਨਜ਼ਰ ਹੁੰਦੀ ਹੈ, ਤਾਂ ਫੇਰ ਤਪਾਣ (ਭਾਵ ਹੋਰ ਘਾਲਾਂ) ਦੀ ਲੋੜ ਨਹੀਂ ਰਹਿੰਦੀ।

(ਅਠਵਾਂ ਪਹਰ ਅੰਮ੍ਰਿਤ ਵੇਲਾ ਪ੍ਰਭੂ-ਚਰਨਾਂ ਵਿਚ ਵਰਤ ਕੇ ਬਾਕੀ ਦੇ) ਸੱਤ ਪਹਰ ਭੀ ਭਲਾ ਆਚਰਨ (ਬਨਾਣ ਦੀ ਲੋੜ ਹੈ) ਗੁਰਮੁਖਾਂ ਪਾਸ ਬੈਠਣਾ ਚਾਹੀਦਾ ਹੈ, ਉਹਨਾਂ ਦੀ ਸੰਗਤਿ ਵਿਚ (ਬੈਠਿਆਂ) ਚੰਗੇ ਮੰਦੇ ਕੰਮ ਦੀ ਵਿਚਾਰ ਹੁੰਦੀ ਹੈ, ਝੂਠ ਦੀ ਪੂੰਜੀ ਘਟਦੀ ਹੈ, ਕਿਉਂਕਿ ਉਸ ਸੰਗਤਿ ਵਿਚ ਖੋਟੇ ਕੰਮਾਂ ਨੂੰ ਸੁੱਟ ਦੇਈਦਾ ਹੈ ਤੇ ਖਰੇ ਕੰਮਾਂ ਦੀ ਸ਼ਲਾਘਾ ਕੀਤੀ ਜਾਂਦੀ ਹੈ। ਅਤੇ, ਹੇ ਨਾਨਕ! ਓਥੇ ਇਹ ਭੀ ਸਮਝ ਪੈ ਜਾਂਦੀ ਹੈ ਕਿ ਕਿਸੇ ਵਾਪਰੇ ਦੁੱਖ ਦਾ ਗਿਲਾ ਕਰਨਾ ਵਿਅਰਥ ਹੈ, ਦੁੱਖ ਸੁਖ ਉਹ ਖਸਮ ਪ੍ਰਭੂ ਆਪ ਹੀ ਦੇਂਦਾ ਹੈ।1।

ਮਃ ੨ ॥ ਪਉਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ ਦਿਨਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥ ਚੰਗਿਆਈਆ ਬੁਰਿਆਈਆ ਵਾਚੇ ਧਰਮੁ ਹਦੂਰਿ ॥ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥ ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥ ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁਟੀ ਨਾਲਿ ॥੨॥ {ਪੰਨਾ 146}

{ਨੋਟ: ਇਹ ਸਲੋਕ 'ਜਪੁ ਜੀ' ਦੇ ਅਖ਼ੀਰ ਵਿਚ ਆ ਚੁਕਿਆ ਹੈ}।

ਪਦ ਅਰਥ: ਹਦੂਰਿ = ਆਪਣੇ ਸਾਹਮਣੇ, (ਭਾਵ, ਬੜੇ ਗਹੁ ਨਾਲ) ।

ਅਰਥ: ਹਵਾ (ਜੀਵਾਂ ਦਾ, ਮਾਨੋ) ਗੁਰੂ ਹੈ (ਭਾਵ, ਹਵਾ ਸਰੀਰਾਂ ਲਈ ਇਉਂ ਹੈ, ਜਿਵੇਂ ਗੁਰੂ ਜੀਵਾਂ ਦੇ ਆਤਮਾ ਲਈ ਹੈ) , ਪਾਣੀ (ਸਭ ਜੀਵਾਂ ਦਾ) ਪਿਉ ਹੈ, ਅਤੇ ਧਰਤੀ (ਸਭ ਦੀ) ਵੱਡੀ ਮਾਂ ਹੈ। ਦਿਨ ਅਤੇ ਰਾਤ ਖਿਡਾਵਾ ਤੇ ਖਿਡਾਵੀ ਹਨ, (ਇਹਨਾਂ ਨਾਲ) ਸਾਰਾ ਸੰਸਾਰ ਖੇਡ ਰਿਹਾ ਹੈ (ਭਾਵ, ਸੰਸਾਰ ਦੇ ਸਾਰੇ ਜੀਵ ਰਾਤ ਨੂੰ ਸਉਣ ਵਿਚ ਤੇ ਦਿਨੇ ਕਾਰ-ਵਿਹਾਰ ਵਿਚ ਪਰਚੇ ਪਏ ਹਨ) ।

ਧਰਮਰਾਜ ਬੜੇ ਗਹੁ ਨਾਲ (ਇਹਨਾਂ ਦੇ) ਕੀਤੇ ਹੋਏ ਚੰਗੇ ਤੇ ਮੰਦੇ ਕੰਮ (ਨਿੱਤ) ਵਿਚਾਰਦਾ ਹੈ। ਤੇ, ਆਪੋ ਆਪਣੇ (ਇਹਨਾਂ ਕੀਤੇ ਹੋਏ) ਕਰਮਾਂ ਦੇ ਅਨੁਸਾਰ ਕਈ ਜੀਵ ਅਕਾਲ ਪੁਰਖ ਦੇ ਨੇੜੇ ਹੁੰਦੇ ਜਾ ਰਹੇ ਹਨ, ਤੇ ਕਈ ਉਸ ਤੋਂ ਦੂਰ ਹੁੰਦੇ ਜਾ ਰਹੇ ਹਨ।

ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ ਅਕਾਲ ਪੁਰਖ ਦਾ ਨਾਮ ਸਿਮਰਿਆ ਹੈ, ਉਹ ਆਪਣੀ ਮਿਹਨਤ ਸਫਲੀ ਕਰ ਗਏ ਹਨ, (ਪ੍ਰਭੂ ਦੇ ਦਰ ਤੇ) ਉਹ ਸੁਰਖ਼ਰੂ ਹਨ, ਹੋਰ ਬਥੇਰੀ ਲੁਕਾਈ ਭੀ ਉਹਨਾਂ ਦੀ ਸੰਗਤਿ ਵਿਚ ਰਹਿ ਕੇ ਮੁਕਤ ਹੋ ਜਾਂਦੀ ਹੈ।2।

ਪਉੜੀ ॥ ਸਚਾ ਭੋਜਨੁ ਭਾਉ ਸਤਿਗੁਰਿ ਦਸਿਆ ॥ ਸਚੇ ਹੀ ਪਤੀਆਇ ਸਚਿ ਵਿਗਸਿਆ ॥ ਸਚੈ ਕੋਟਿ ਗਿਰਾਂਇ ਨਿਜ ਘਰਿ ਵਸਿਆ ॥ ਸਤਿਗੁਰਿ ਤੁਠੈ ਨਾਉ ਪ੍ਰੇਮਿ ਰਹਸਿਆ ॥ ਸਚੈ ਦੈ ਦੀਬਾਣਿ ਕੂੜਿ ਨ ਜਾਈਐ ॥ ਝੂਠੋ ਝੂਠੁ ਵਖਾਣਿ ਸੁ ਮਹਲੁ ਖੁਆਈਐ ॥ ਸਚੈ ਸਬਦਿ ਨੀਸਾਣਿ ਠਾਕ ਨ ਪਾਈਐ ॥ ਸਚੁ ਸੁਣਿ ਬੁਝਿ ਵਖਾਣਿ ਮਹਲਿ ਬੁਲਾਈਐ ॥੧੮॥ {ਪੰਨਾ 146}

ਪਦ ਅਰਥ: ਸਤਿਗੁਰਿ = ਸਤਿਗੁਰੂ ਨੇ। ਪਾਤਿਆਇ = ਪਤੀਜ ਕੇ, ਪਰਚ ਕੇ। ਵਿਗਸਿਆ = ਖਿੜਿਆ, ਪ੍ਰਸੰਨ ਹੋਇਆ। ਕੋਟਿ = ਕੋਟ ਵਿਚ, ਕਿਲ੍ਹੇ ਵਿਚ। ਗਿਰਾਂਇ = ਗਿਰਾਂ ਵਿਚ, ਪਿੰਡ ਵਿਚ। ਰਹਸਿਆ = ਖਿੜ ਪਿਆ, ਖ਼ੁਸ਼ ਹੋਇਆ। ਦੀਬਾਣਿ = ਦਰਬਾਰ ਵਿਚ। ਕੂੜਿ = ਕੂੜ ਦੀ ਰਾਹੀਂ। ਖੁਆਇਐ = ਖੁੰਝਾ ਲਈਦਾ ਹੈ, ਗਵਾ ਲਈਦਾ ਹੈ। ਠਾਕ = ਰੋਕ। ਭਾਉ = ਪ੍ਰੇਮ।

ਅਰਥ: (ਜਿਸ ਭਾਗਾਂ ਵਾਲੇ ਨੂੰ) ਸਤਿਗੁਰੂ ਨੇ (ਆਤਮਾ ਲਈ) ਪ੍ਰਭੂ-ਪ੍ਰੇਮ-ਰੂਪ ਸੱਚਾ ਭੋਜਨ ਦੱਸਿਆ ਹੈ, ਉਹ ਮਨੁੱਖ ਸੱਚੇ ਪ੍ਰਭੂ ਵਿਚ ਹੀ ਪਰਚ ਜਾਂਦਾ ਹੈ, ਸੱਚੇ ਪ੍ਰਭੂ ਵਿਚ (ਟਿਕ ਕੇ) ਪ੍ਰਸੰਨ ਰਹਿੰਦਾ ਹੈ, ਉਹ (ਪ੍ਰਭੂ ਦੇ ਚਰਨਾਂ-ਰੂਪ) ਸ੍ਵੈ-ਸਰੂਪ ਵਿਚ ਵੱਸਦਾ ਹੈ (ਮਾਨੋ) ਸਦਾ-ਥਿਰ ਰਹਿਣ ਵਾਲੇ ਕਿਲ੍ਹੇ ਵਿਚ ਪਿੰਡ ਵਿਚ ਵੱਸਦਾ ਹੈ। ਗੁਰੂ ਦੇ ਤਰੁੱਠਿਆਂ ਹੀ ਪ੍ਰਭੂ ਦਾ ਨਾਮ ਮਿਲਦਾ ਹੈ, ਤੇ ਪ੍ਰਭੂ ਦੇ ਪ੍ਰੇਮ ਵਿਚ ਰਹਿ ਕੇ ਖਿੜੇ ਰਹਿ ਸਕੀਦਾ ਹੈ।

ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰਬਾਰ ਵਿਚ ਕੂੜ ਦੇ (ਸਉਦੇ) ਦੀ ਰਾਹੀਂ ਨਹੀਂ ਅੱਪੜ ਸਕੀਦਾ, ਝੂਠ ਬੋਲ ਬੋਲ ਕੇ ਪ੍ਰਭੂ ਦਾ ਨਿਵਾਸ-ਥਾਂ ਗਵਾ ਬੈਠੀਦਾ ਹੈ।

ਸੱਚੇ ਸ਼ਬਦ-ਰੂਪ ਰਾਹਦਾਰੀ ਦੀ ਰਾਹੀਂ (ਪ੍ਰਭੂ ਨੂੰ ਮਿਲਣ ਦੇ ਰਾਹ ਵਿਚ) ਕੋਈ ਹੋਰ ਰੋਕ ਨਹੀਂ ਪੈਂਦੀ। ਪ੍ਰਭੂ ਦਾ ਨਾਮ ਸੁਣ ਕੇ ਸਮਝ ਕੇ ਤੇ ਸਿਮਰ ਕੇ ਪ੍ਰਭੂ ਦੇ ਮਹਲ ਵਿਚ ਸੱਦਾ ਪੈਂਦਾ ਹੈ।18।

TOP OF PAGE

Sri Guru Granth Darpan, by Professor Sahib Singh