ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 147 ਸਲੋਕੁ ਮਃ ੧ ॥ ਪਹਿਰਾ ਅਗਨਿ ਹਿਵੈ ਘਰੁ ਬਾਧਾ ਭੋਜਨੁ ਸਾਰੁ ਕਰਾਈ ॥ ਸਗਲੇ ਦੂਖ ਪਾਣੀ ਕਰਿ ਪੀਵਾ ਧਰਤੀ ਹਾਕ ਚਲਾਈ ॥ ਧਰਿ ਤਾਰਾਜੀ ਅੰਬਰੁ ਤੋਲੀ ਪਿਛੈ ਟੰਕੁ ਚੜਾਈ ॥ ਏਵਡੁ ਵਧਾ ਮਾਵਾ ਨਾਹੀ ਸਭਸੈ ਨਥਿ ਚਲਾਈ ॥ ਏਤਾ ਤਾਣੁ ਹੋਵੈ ਮਨ ਅੰਦਰਿ ਕਰੀ ਭਿ ਆਖਿ ਕਰਾਈ ॥ ਜੇਵਡੁ ਸਾਹਿਬੁ ਤੇਵਡ ਦਾਤੀ ਦੇ ਦੇ ਕਰੇ ਰਜਾਈ ॥ ਨਾਨਕ ਨਦਰਿ ਕਰੇ ਜਿਸੁ ਉਪਰਿ ਸਚਿ ਨਾਮਿ ਵਡਿਆਈ ॥੧॥ {ਪੰਨਾ 147} ਪਦ ਅਰਥ: ਹਿਵੈ = ਹਿਮ, ਬਰਫ਼ ਵਿਚ। ਬਾਧਾ = ਬਾਧਾਂ, ਬੰਨ੍ਹ ਲਵਾਂ, ਬਣਾ ਲਵਾਂ। ਸਾਰੁ = ਲੋਹਾ। ਪਾਣੀ ਕਰਿ = ਪਾਣੀ ਕਰ ਕੇ, ਪਾਣੀ ਵਾਂਗ, (ਭਾਵ,) ਬੜੇ ਸੌਖ ਨਾਲ। ਹਾਕ = ਆਵਾਜ਼, (ਭਾਵ, ਹੁਕਮ) । {ਲਫ਼ਜ਼ 'ਹਾਕ' ਦਾ ਅਰਥ 'ਹਿੱਕ ਕੇ' ਕਰਨਾ ਗ਼ਲਤ ਹੈ, ਇਸ ਹਾਲਤ ਵਿਚ ਇਸ ਦਾ ਜੋੜ 'ਹਾਕਿ' ਚਾਹੀਦਾ ਹੈ, ਜਿਵੇਂ 'ਕਰਿ' ਕਰ ਕੇ, ਨਥਿ-ਨੱਥ ਕੇ, ਆਖਿ = ਆਖ ਕੇ} ਤਾਰਾਜੀ = ਤਰਾਜੂ। ਅੰਬਰੁ = ਆਕਾਸ਼। ਟੰਕੁ = ਚਾਰ ਮਾਸੇ ਦਾ ਤੋਲ। ਮਾਵਾ = ਮਾਵਾਂ, ਸਮਾ ਸਕਾਂ। ਰਜਾਈ = ਰਜ਼ਾ ਦਾ ਮਾਲਕ ਪ੍ਰਭੂ। ਦੇ ਦੇ ਕਰੇ = ਦਾਤਾਂ ਦੇ ਦੇ ਕੇ ਹੋਰ ਦਾਤਾਂ ਦੇਵੇ। ਅਰਥ: ਜੇ ਮੈਂ ਅੱਗ (ਭੀ) ਪਹਿਨ ਲਵਾਂ, (ਜਾਂ) ਬਰਫ਼ ਵਿਚ ਘਰ ਬਣਾ ਲਵਾਂ (ਭਾਵ, ਜੇ ਮੇਰੇ ਮਨ ਵਿਚ ਇਤਨੀ ਤਾਕਤ ਆ ਜਾਏ ਕਿ ਅੱਗ ਵਿਚ ਤੇ ਬਰਫ਼ ਵਿਚ ਬੈਠ ਸਕਾਂ) ਲੋਹੇ ਨੂੰ ਭੋਜਨ ਬਣਾ ਲਵਾਂ (ਲੋਹਾ ਖਾ ਸਕਾਂ) , ਜੇ ਮੈਂ ਸਾਰੇ ਹੀ ਦੁੱਖ ਬੜੇ ਸੌਖ ਨਾਲ ਸਹਾਰ ਸਕਾਂ, ਸਾਰੀ ਧਰਤੀ ਨੂੰ ਆਪਣੇ ਹੁਕਮ ਵਿਚ ਤੋਰ ਸਕਾਂ, ਜੇ ਮੈਂ ਸਾਰੇ ਅਸਮਾਨ ਨੂੰ ਤੱਕੜੀ ਵਿਚ ਰੱਖ ਕੇ ਤੇ ਪਿਛਲੇ ਛਾਬੇ ਵਿਚ ਚਾਰ ਮਾਸੇ ਦਾ ਵੱਟਾ ਪਾ ਕੇ ਤੋਲ ਸਕਾਂ, ਜੇ ਮੈਂ ਆਪਣੇ ਸਰੀਰ ਨੂੰ ਇਤਨਾ ਵਧਾ ਸਕਾਂ ਕਿ ਕਿਤੇ ਸਮਾ ਹੀ ਨ ਸਕਾਂ, ਸਾਰੇ ਜੀਵਾਂ ਨੂੰ ਨੱਥ ਕੇ ਤੋਰਾਂ (ਭਾਵ, ਆਪਣੇ ਹੁਕਮ ਵਿਚ ਚਲਾਵਾਂ) ਜੇ ਮੇਰੇ ਮਨ ਵਿਚ ਇਤਨਾ ਬਲ ਹੋ ਜਾਏ, ਕਿ ਜੋ ਚਾਹੇ ਕਰਾਂ ਤੇ ਆਖ ਕੇ ਹੋਰਨਾਂ ਪਾਸੋਂ ਕਰਾਵਾਂ (ਤਾਂ ਭੀ ਇਹ ਸਭ ਕੁਝ ਤੁੱਛ ਹੈ) , ਖਸਮ ਪ੍ਰਭੂ ਜੇਡਾ ਵੱਡਾ ਆਪ ਹੈ ਉਤਨੀਆਂ ਹੀ ਉਸ ਦੀਆਂ ਬਖ਼ਸ਼ਸ਼ਾਂ ਹਨ, ਜੇ ਰਜ਼ਾ ਦਾ ਮਾਲਕ ਸਾਈਂ ਹੋਰ ਭੀ ਬੇਅੰਤ (ਤਾਕਤਾਂ ਦੀਆਂ) ਦਾਤਾਂ ਮੈਨੂੰ ਦੇ ਦੇਵੇ, (ਤਾਂ ਭੀ ਇਹ ਤੁੱਛ ਹਨ) । (ਅਸਲ ਗੱਲ) ਹੇ ਨਾਨਕ! (ਇਹ ਹੈ ਕਿ) ਜਿਸ ਬੰਦੇ ਉਤੇ ਮਿਹਰ ਦੀ ਨਜ਼ਰ ਕਰਦਾ ਹੈ, ਉਸ ਨੂੰ (ਆਪਣੇ) ਸੱਚੇ ਨਾਮ ਦੀ ਰਾਹੀਂ ਵਡਿਆਈ ਬਖ਼ਸ਼ਦਾ ਹੈ (ਭਾਵ, ਇਹਨਾਂ ਮਾਨਸਕ ਤਾਕਤਾਂ ਨਾਲੋਂ ਵਧ ਕੇ ਨਾਮ ਦੀ ਬਰਕਤਿ ਹੈ) ।1। ਮਃ ੨ ॥ ਆਖਣੁ ਆਖਿ ਨ ਰਜਿਆ ਸੁਨਣਿ ਨ ਰਜੇ ਕੰਨ ॥ ਅਖੀ ਦੇਖਿ ਨ ਰਜੀਆ ਗੁਣ ਗਾਹਕ ਇਕ ਵੰਨ ॥ ਭੁਖਿਆ ਭੁਖ ਨ ਉਤਰੈ ਗਲੀ ਭੁਖ ਨ ਜਾਇ ॥ ਨਾਨਕ ਭੁਖਾ ਤਾ ਰਜੈ ਜਾ ਗੁਣ ਕਹਿ ਗੁਣੀ ਸਮਾਇ ॥੨॥ {ਪੰਨਾ 147} ਪਦ ਅਰਥ: ਆਖਣੁ = ਮੂੰਹ। ਇਕ ਵੰਨ = ਇਕ ਰੰਗ ਦੇ, ਇਕ ਇਕ ਕਿਸਮ ਦੇ। ਗੁਣੀ = ਗੁਣਾਂ ਦੇ ਮਾਲਕ-ਪ੍ਰਭੂ ਵਿਚ। ਭੁਖਿਆ = ਭੁੱਖ ਦੇ ਅਧੀਨ ਹੋਇਆਂ ਦੀ। ਗਲੀ = ਗੱਲਾਂ ਕੀਤਿਆਂ (ਭਾਵ) ਸਮਝਾਇਆਂ, ਗੱਲੀਂ। ਅਰਥ: ਮੂੰਹ ਬੋਲ ਬੋਲ ਕੇ ਰੱਜਦਾ ਨਹੀਂ (ਭਾਵ, ਗੱਲਾਂ ਕਰਨ ਦਾ ਚਸਕਾ ਮੁੱਕਦਾ ਨਹੀਂ) , ਕੰਨ (ਗੱਲਾਂ) ਸੁਣਨ ਨਾਲ ਨਹੀਂ ਰੱਜਦੇ, ਅੱਖਾਂ (ਰੂਪ ਰੰਗ) ਵੇਖ ਵੇਖ ਕੇ ਨਹੀਂ ਰੱਜਦੀਆਂ, (ਇਹ ਸਾਰੇ ਇੰਦਰੇ) ਇਕ ਇਕ ਕਿਸਮ ਦੇ ਗੁਣਾਂ (ਰਸਾਂ) ਦੇ ਗਾਹਕ ਹਨ (ਆਪੋ ਆਪਣੇ ਰਸਾਂ ਦੀ ਗਾਹਕੀ ਵਿਚ ਰੱਜਦੇ ਨਹੀਂ, ਰਸਾਂ ਦੇ ਅਧੀਨ ਹੋਏ ਇਹਨਾਂ ਇੰਦ੍ਰਿਆਂ ਦਾ ਚਸਕਾ ਹਟਦਾ ਨਹੀਂ) । ਸਮਝਾਇਆਂ ਭੀ ਭੁੱਖ ਮਿਟ ਨਹੀਂ ਸਕਦੀ। ਹੇ ਨਾਨਕ! ਤ੍ਰਿਸ਼ਨਾ ਦਾ ਮਾਰਿਆ ਮਨੁੱਖ ਤਦੋਂ ਹੀ ਤ੍ਰਿਪਤ ਹੋ ਸਕਦਾ ਹੈ, ਜੇ ਗੁਣਾਂ ਦੇ ਮਾਲਕ ਪਰਮਾਤਮਾ ਦੇ ਗੁਣ ਉਚਾਰ ਕੇ ਉਸ ਵਿਚ ਲੀਨ ਹੋ ਜਾਏ।2। ਪਉੜੀ ॥ ਵਿਣੁ ਸਚੇ ਸਭੁ ਕੂੜੁ ਕੂੜੁ ਕਮਾਈਐ ॥ ਵਿਣੁ ਸਚੇ ਕੂੜਿਆਰੁ ਬੰਨਿ ਚਲਾਈਐ ॥ ਵਿਣੁ ਸਚੇ ਤਨੁ ਛਾਰੁ ਛਾਰੁ ਰਲਾਈਐ ॥ ਵਿਣੁ ਸਚੇ ਸਭ ਭੁਖ ਜਿ ਪੈਝੈ ਖਾਈਐ ॥ ਵਿਣੁ ਸਚੇ ਦਰਬਾਰੁ ਕੂੜਿ ਨ ਪਾਈਐ ॥ ਕੂੜੈ ਲਾਲਚਿ ਲਗਿ ਮਹਲੁ ਖੁਆਈਐ ॥ ਸਭੁ ਜਗੁ ਠਗਿਓ ਠਗਿ ਆਈਐ ਜਾਈਐ ॥ ਤਨ ਮਹਿ ਤ੍ਰਿਸਨਾ ਅਗਿ ਸਬਦਿ ਬੁਝਾਈਐ ॥੧੯॥ {ਪੰਨਾ 147} ਪਦ ਅਰਥ: ਵਿਣੁ ਸਚੇ = ਸਦਾ-ਥਿਰ ਰਹਿਣ ਵਾਲੇ ਤੋਂ ਬਿਨਾ, ਜੇ ਪ੍ਰਭੂ ਨੂੰ ਵਿਸਾਰ ਦੇਈਏ, ਪ੍ਰਭੂ ਨੂੰ ਵਿਸਾਰਿਆਂ। ਕੂੜਿਆਰ = ਕੂੜ ਦਾ ਵਪਾਰੀ। ਬੰਨਿ = ਬੰਨ੍ਹ ਕੇ, ਜਕੜ ਕੇ। ਛਾਰੁ = ਮਿੱਟੀ, ਸੁਆਹ। ਛਾਰੁ ਰਲਾਈਐ = ਮਿੱਟੀ ਵਿਚ ਰਲ ਜਾਂਦਾ ਹੈ, {ਲਫ਼ਜ਼ 'ਛਾਰੁ' ਸਦਾ ੁ -ਅੰਤ ਹੁੰਦਾ ਹੈ, ਅਧਿਕਰਣ ਆਦਿਕ ਕਾਰਕਾਂ ਵਿਚ ਭੀ ਇਹੀ ਰੂਪ ਰਹਿੰਦਾ ਹੈ, ਵੇਖੋ 'ਗੁਰਬਾਣੀ ਵਿਆਕਰਣ'}। ਮਹਲੁ = ਪ੍ਰਭੂ ਦੇ ਰਹਿਣ ਦੀ ਥਾਂ। ਖੁਆਈਐ = ਖੁੰਝਾ ਲਈਦਾ ਹੈ, ਗਵਾ ਲਈਦਾ ਹੈ। ਠਗਿ = ਠੱਗ ਨੇ, ਕੂੜ-ਰੂਪ ਠੱਗ ਨੇ। ਅਗਿ = ਅੱਗ {ਇਸ ਲਫ਼ਜ਼ ਦਾ ਜੋੜ ਸਦਾ ਿ-ਅੰਤ ਹੈ}। ਅਰਥ: ਜੇ ਪ੍ਰਭੂ ਦਾ ਨਾਮ ਵਿਸਾਰ ਦੇਈਏ, ਤਾਂ ਬਾਕੀ ਸਭ ਕੁਝ ਕੂੜ ਹੀ ਕਮਾਈਦਾ ਹੈ, (ਇਸ ਕੂੜ ਵਿਚ ਮਨ ਇਤਨਾ ਗੱਡਿਆ ਜਾਂਦਾ ਹੈ ਕਿ) ਨਾਮ ਤੋਂ ਖੁੰਝੇ ਹੋਏ ਕੂੜ ਦੇ ਵਪਾਰੀ ਨੂੰ ਮਾਇਆ ਦੇ ਬੰਧਨ ਜਕੜ ਕੇ ਭਟਕਾਉਂਦੇ ਫਿਰਦੇ ਹਨ। (ਇਸ ਦਾ) ਇਹ ਨਕਾਰਾ ਸਰੀਰ ਮਿੱਟੀ ਵਿਚ ਹੀ ਰੁਲ ਜਾਂਦਾ ਹੈ (ਭਾਵ, ਐਵੇਂ ਅਜ਼ਾਈਂ ਚਲਾ ਜਾਂਦਾ ਹੈ) , ਜੋ ਕੁਝ ਖਾਂਦਾ ਪਹਿਨਦਾ ਹੈ ਉਹ ਸਗੋਂ ਹੋਰ ਤ੍ਰਿਸ਼ਨਾ ਵਧਾਂਦਾ ਹੈ। ਪ੍ਰਭੂ ਦਾ ਨਾਮ ਵਿਸਾਰ ਕੇ ਝੂਠ ਵਿਚ ਲੱਗਿਆਂ ਪ੍ਰਭੂ ਦਾ ਦਰਬਾਰ ਪ੍ਰਾਪਤ ਨਹੀਂ ਹੁੰਦਾ। ਕੂੜੇ ਲਾਲਚ ਵਿਚ ਫਸ ਕੇ ਪ੍ਰਭੂ ਦਾ ਦਰ ਗਵਾ ਲਈਦਾ ਹੈ (ਤੇ ਇਸ ਕਰ ਕੇ ਇਹ ਜਗਤ) ਜਨਮ ਮਰਨ ਦੇ ਗੇੜ ਵਿਚ ਪਿਆ ਹੋਇਆ ਹੈ। (ਮਨੁੱਖਾ) ਸਰੀਰ ਵਿਚ ਇਹ (ਜੋ) ਤ੍ਰਿਸ਼ਨਾ ਦੀ ਅੱਗ ਹੈ, ਇਹ ਕੇਵਲ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਬੁੱਝ ਸਕਦੀ ਹੈ।19। ਸਲੋਕ ਮਃ ੧ ॥ ਨਾਨਕ ਗੁਰੁ ਸੰਤੋਖੁ ਰੁਖੁ ਧਰਮੁ ਫੁਲੁ ਫਲ ਗਿਆਨੁ ॥ ਰਸਿ ਰਸਿਆ ਹਰਿਆ ਸਦਾ ਪਕੈ ਕਰਮਿ ਧਿਆਨਿ ॥ ਪਤਿ ਕੇ ਸਾਦ ਖਾਦਾ ਲਹੈ ਦਾਨਾ ਕੈ ਸਿਰਿ ਦਾਨੁ ॥੧॥ {ਪੰਨਾ 147} ਪਦ ਅਰਥ: ਗੁਰੁ ਸੰਤੋਖੁ = ਸੰਤੋਖ-ਸਰੂਪ ਗੁਰੂ। ਰਸਿ = (ਪ੍ਰੇਮ-ਰੂਪ) ਰਸ ਨਾਲ। ਰਸਿਆ = ਪੂਰਨ ਤੌਰ ਤੇ ਭਰਿਆ ਹੋਇਆ। ਪਕੈ = ਪੱਕਦਾ ਹੈ, (ਗਿਆਨ-ਫਲ) ਪੱਕਦਾ ਹੈ। ਕਰਮਿ = (ਪ੍ਰਭੂ ਦੀ) ਬਖ਼ਸ਼ਸ਼ ਨਾਲ। ਧਿਆਨਿ = ਧਿਆਨ ਦੀ ਰਾਹੀਂ, ਧਿਆਨ ਜੋੜਿਆਂ। ਖਾਦਾ = ਖਾਣ ਵਾਲਾ, ਗਿਆਨ-ਫਲ ਨੂੰ ਖਾਣ ਵਾਲਾ। ਪਤਿ ਕੇ ਸਾਦ ਲਹੈ– (ਪ੍ਰਭੂ) ਪਤੀ ਦੇ (ਮੇਲ ਦੇ) ਆਨੰਦ ਮਾਣਦਾ ਹੈ। ਲਹੈ– ਲੈਂਦਾ ਹੈ, ਮਾਣਦਾ ਹੈ,। ਦਾਨਾ ਕੈ ਸਿਰਿ = ਦਾਨੁ ਸਭ ਤੋਂ ਸ੍ਰੇਸ਼ਟ ਬਖ਼ਸ਼ਸ਼। ਅਰਥ: ਹੇ ਨਾਨਕ! (ਪੂਰਨ) ਸੰਤੋਖ (-ਸਰੂਪ) ਗੁਰੂ (ਮਾਨੋ, ਇਕ) ਰੁੱਖ ਹੈ (ਜਿਸ ਨੂੰ) ਧਰਮ (-ਰੂਪ) ਫੁੱਲ (ਲੱਗਦਾ) ਹੈ ਤੇ ਗਿਆਨ (-ਰੂਪ) ਫਲ (ਲੱਗਦੇ) ਹਨ, ਪ੍ਰੇਮ-ਜਲ ਨਾਲ ਰਸਿਆ ਹੋਇਆ (ਇਹ ਰੁੱਖ) ਸਦਾ ਹਰਾ ਰਹਿੰਦਾ ਹੈ। (ਪਰਮਾਤਮਾ ਦੀ) ਬਖ਼ਸ਼ਸ਼ ਨਾਲ (ਪ੍ਰਭੂ-ਚਰਨਾਂ ਵਿਚ) ਧਿਆਨ ਜੋੜਿਆਂ ਇਹ (ਗਿਆਨ-ਫਲ) ਪੱਕਦਾ ਹੈ (ਭਾਵ, ਜੋ ਮਨੁੱਖ ਪ੍ਰਭੂ ਦੀ ਮਿਹਰ ਨਾਲ ਪ੍ਰਭੂ-ਚਰਨਾਂ ਵਿਚ ਸੁਰਤਿ ਜੋੜਦਾ ਹੈ ਉਸ ਨੂੰ ਪੂਰਨ ਗਿਆਨ ਪ੍ਰਾਪਤ ਹੁੰਦਾ ਹੈ) । (ਇਸ ਗਿਆਨ-ਫਲ ਨੂੰ) ਖਾਣ ਵਾਲਾ ਮਨੁੱਖ ਪ੍ਰਭੂ-ਮੇਲ ਦੇ ਆਨੰਦ ਮਾਣਦਾ ਹੈ, (ਮਨੁੱਖ ਲਈ ਪ੍ਰਭੂ-ਦਰ ਤੋਂ) ਇਹ ਸਭ ਤੋਂ ਵੱਡੀ ਬਖ਼ਸ਼ਸ਼ ਹੈ।1। ਮਃ ੧ ॥ ਸੁਇਨੇ ਕਾ ਬਿਰਖੁ ਪਤ ਪਰਵਾਲਾ ਫੁਲ ਜਵੇਹਰ ਲਾਲ ॥ ਤਿਤੁ ਫਲ ਰਤਨ ਲਗਹਿ ਮੁਖਿ ਭਾਖਿਤ ਹਿਰਦੈ ਰਿਦੈ ਨਿਹਾਲੁ ॥ ਨਾਨਕ ਕਰਮੁ ਹੋਵੈ ਮੁਖਿ ਮਸਤਕਿ ਲਿਖਿਆ ਹੋਵੈ ਲੇਖੁ ॥ ਅਠਿਸਠਿ ਤੀਰਥ ਗੁਰ ਕੀ ਚਰਣੀ ਪੂਜੈ ਸਦਾ ਵਿਸੇਖੁ ॥ ਹੰਸੁ ਹੇਤੁ ਲੋਭੁ ਕੋਪੁ ਚਾਰੇ ਨਦੀਆ ਅਗਿ ॥ ਪਵਹਿ ਦਝਹਿ ਨਾਨਕਾ ਤਰੀਐ ਕਰਮੀ ਲਗਿ ॥੨॥ {ਪੰਨਾ 147} ਪਦ ਅਰਥ: ਬਿਰਖੁ = ਰੁੱਖ। ਪਤ = ਪੱਤਰ। ਪਰਵਾਲਾ = ਮੂੰਗਾ (ਗੁਰੂ ਦੇ ਬਚਨ) । ਤਿਤੁ = ਉਸ (ਗੁਰੂ-ਰੂਪ) ਰੁੱਖ ਨੂੰ। ਮੁਖਿ ਭਾਖਿਤ = ਮੂੰਹੋਂ ਉਚਾਰੇ ਹੋਏ ਬਚਨ। ਨਿਹਾਲੁ = ਪ੍ਰਸੰਨ। ਕਰਮੁ = ਬਖ਼ਸ਼ਸ਼। ਮੁਖਿ = ਮੂੰਹ ਤੇ। ਮਸਤਕਿ = ਮੱਥੇ ਤੇ। ਅਠਸਠਿ = ਅਠਾਹਠ। ਵਿਸੇਖੁ = ਵਿਸ਼ੇਸ਼, ਵਧੀਆ। ਹੰਸੁ = ਨਿਰਦਇਤਾ। ਹੇਤੁ = ਮੋਹੁ। ਕੋਪੁ = ਗੁੱਸਾ। ਦਝਹਿ = ਸੜਦੇ ਹਨ। ਕਰਮੀ = ਬਖ਼ਸ਼ਸ਼ ਦੁਆਰਾ। ਲਗਿ = (ਚਰਨੀਂ) ਲੱਗ ਕੇ। ਅਰਥ: (ਗੁਰੂ, ਮਾਨੋ,) ਸੋਨੇ ਦਾ ਰੁੱਖ ਹੈ; ਮੋਂਗਾ (ਸ੍ਰੇਸ਼ਟ ਬਚਨ) ਉਸ ਦੇ ਪੱਤਰ ਹਨ, ਲਾਲ ਜਵਾਹਰ (ਗੁਰੂ-ਵਾਕ) ਉਸ ਦੇ ਫੁੱਲ ਹਨ, ਉਸ (ਗੁਰੂ) ਰੁੱਖ ਨੂੰ ਮੂੰਹੋਂ ਉਚਾਰੇ ਹੋਏ (ਸ੍ਰੇਸ਼ਟ ਬਚਨ-ਰੂਪ) ਫਲ ਲੱਗਦੇ ਹਨ, (ਗੁਰੂ) ਆਪਣੇ ਹਿਰਦੇ ਵਿਚ ਸਦਾ ਖਿੜਿਆ ਰਹਿੰਦਾ ਹੈ। ਹੇ ਨਾਨਕ! ਜਿਸ ਮਨੁੱਖ ਉੱਤੇ ਪ੍ਰਭੂ ਦੀ ਮਿਹਰ ਹੋਵੇ, ਜਿਸ ਦੇ ਮੂੰਹ ਮੱਥੇ ਤੇ ਭਾਗ ਹੋਵੇ, ਉਹ ਗੁਰੂ ਦੀ ਚਰਨੀਂ ਲੱਗ ਕੇ (ਗੁਰੂ ਦੇ ਚਰਨਾਂ ਨੂੰ) ਅਠਾਹਠ ਤੀਰਥਾਂ ਨਾਲੋਂ ਵਿਸ਼ੇਸ਼ ਜਾਣ ਕੇ (ਗੁਰੂ-ਚਰਨਾਂ ਨੂੰ) ਪੂਜਦਾ ਹੈ। ਨਿਰਦਇਤਾ, ਮੋਹ, ਲੋਭ ਤੇ ਕ੍ਰੋਧ = ਇਹ ਚਾਰੇ ਅੱਗ ਦੀਆਂ ਨਦੀਆਂ (ਜਗਤ ਵਿਚ ਚੱਲ ਰਹੀਆਂ) ਹਨ, ਜੋ ਜੋ ਮਨੁੱਖ ਇਹਨਾਂ ਨਦੀਆਂ ਵਿਚ ਵੜਦੇ ਹਨ ਸੜ ਜਾਂਦੇ ਹਨ, ਹੇ ਨਾਨਕ! ਪ੍ਰਭੂ ਦੀ ਮਿਹਰ ਨਾਲ (ਗੁਰੂ ਦੇ ਚਰਨੀਂ) ਲੱਗ ਕੇ (ਇਹਨਾਂ ਨਦੀਆਂ ਤੋਂ) ਪਾਰ ਲੰਘੀਦਾ ਹੈ।2। ਪਉੜੀ ॥ ਜੀਵਦਿਆ ਮਰੁ ਮਾਰਿ ਨ ਪਛੋਤਾਈਐ ॥ ਝੂਠਾ ਇਹੁ ਸੰਸਾਰੁ ਕਿਨਿ ਸਮਝਾਈਐ ॥ ਸਚਿ ਨ ਧਰੇ ਪਿਆਰੁ ਧੰਧੈ ਧਾਈਐ ॥ ਕਾਲੁ ਬੁਰਾ ਖੈ ਕਾਲੁ ਸਿਰਿ ਦੁਨੀਆਈਐ ॥ ਹੁਕਮੀ ਸਿਰਿ ਜੰਦਾਰੁ ਮਾਰੇ ਦਾਈਐ ॥ ਆਪੇ ਦੇਇ ਪਿਆਰੁ ਮੰਨਿ ਵਸਾਈਐ ॥ ਮੁਹਤੁ ਨ ਚਸਾ ਵਿਲੰਮੁ ਭਰੀਐ ਪਾਈਐ ॥ ਗੁਰ ਪਰਸਾਦੀ ਬੁਝਿ ਸਚਿ ਸਮਾਈਐ ॥੨੦॥ {ਪੰਨਾ 147} ਪਦ ਅਰਥ: ਮਾਰਿ = ਮਾਰ ਕੇ, (ਤ੍ਰਿਸ਼ਨਾ ਨੂੰ) ਮਾਰ ਕੇ {ਨੋਟ: ਇਸੇ ਤ੍ਰਿਸ਼ਨਾ ਦਾ ਜ਼ਿਕਰ ਪਉੜੀ ਨੰ: 18 ਤੇ 19 ਵਿਚ ਹੈ}। ਕਿਨਿ = ਕਿਸ ਨੇ? ਕਿਸੇ ਵਿਰਲੇ ਨੇ। ਧਾਈਐ = ਧਾਉਂਦਾ ਹੈ, ਭਟਕਦਾ ਹੈ। ਬੁਰਾ = ਭੈੜਾ। ਖੈ = ਨਾਸ ਕਰਨ ਵਾਲਾ। ਜੰਦਾਰੁ-{ਫ਼ਾਰਸੀ = ਜੰਦਾਲ, ਗਵਾਰ, ਅਵੈੜਾ। ਇਹ ਲਫ਼ਜ਼ ਆਮ ਤੌਰ ਤੇ ਲਫ਼ਜ਼ 'ਜਮ' ਦੇ ਨਾਲ ਵਰਤਿਆ ਜਾਣ ਕਰ ਕੇ ਇਕੱਲਾ ਭੀ 'ਜਮ' ਦੇ ਅਰਥ ਵਿਚ ਵਰਤਿਆ ਜਾਂਦਾ ਹੈ} ਜਮ। ਦਾਈਐ = ਦਾਉ ਲਾ ਕੇ। ਮੰਨਿ = ਮਨ ਵਿਚ। ਮੁਹਤੁ = ਮੁਹੂਰਤ, ਪਲ-ਮਾਤ੍ਰ। ਚਸਾ = ਨਿਮਖ-ਮਾਤ੍ਰ। ਵਿਲੰਮੁ = ਢਿੱਲ। ਭਰੀਐ ਪਾਈਐ = ਜਦੋਂ ਪਾਈ ਭਰ ਜਾਂਦੀ ਹੈ। ਪਾਈ = ਚਾਰ ਟੋਪੇ ਦਾ ਮਾਪ; (ਭਾਵ,) ਜੀਵ ਨੂੰ ਮਿਲੇ ਹੋਏ ਸਾਰੇ ਸੁਆਸਾਂ ਦਾ ਅੰਦਾਜ਼ਾ। ਅਰਥ: (ਹੇ ਬੰਦੇ!) (ਇਸ ਤ੍ਰਿਸ਼ਨਾ ਨੂੰ) ਮਾਰ ਕੇ ਜੀਊਂਦਿਆਂ ਹੀ ਮਰ (ਤਾਕਿ ਅੰਤ ਨੂੰ) ਪਛੁਤਾਣਾ ਨਾ ਪਏ। ਕਿਸੇ ਵਿਰਲੇ ਨੂੰ ਸਮਝ ਆਈ ਹੈ, ਕਿ ਇਹ ਸੰਸਾਰ ਝੂਠਾ ਹੈ, (ਆਮ ਤੌਰ ਤੇ ਜੀਵ ਤ੍ਰਿਸ਼ਨਾ ਅਧੀਨ ਹੋ ਕੇ) ਜਗਤ ਦੇ ਧੰਧੇ ਵਿਚ ਭਟਕਦਾ ਫਿਰਦਾ ਹੈ ਤੇ ਸੱਚ ਵਿਚ ਪਿਆਰ ਨਹੀਂ ਪਾਂਦਾ, (ਇਹ ਗੱਲ ਚੇਤੇ ਨਹੀਂ ਰੱਖਦਾ ਕਿ) ਭੈੜਾ ਕਾਲ, ਨਾਸ ਕਰਨ ਵਾਲਾ ਕਾਲ ਦੁਨੀਆ ਦੇ ਸਿਰ ਤੇ (ਹਰ ਵੇਲੇ ਖੜਾ) ਹੈ, ਇਹ ਜਮ ਪ੍ਰਭੂ ਦੇ ਹੁਕਮ ਵਿਚ (ਹਰੇਕ ਦੇ) ਸਿਰ ਤੇ (ਮੌਜੂਦ) ਹੈ ਤੇ ਦਾਉ ਲਾ ਕੇ ਮਾਰਦਾ ਹੈ। (ਜੀਵ ਦੇ ਕੀਹ ਵੱਸ?) ਪ੍ਰਭੂ ਆਪ ਹੀ ਆਪਣਾ ਪਿਆਰ ਬਖ਼ਸ਼ਦਾ ਹੈ (ਤੇ ਜੀਵ ਦੇ) ਮਨ ਵਿਚ (ਆਪਣਾ ਆਪ) ਵਸਾਂਦਾ ਹੈ। ਜਦੋਂ ਸੁਆਸ ਪੂਰੇ ਹੋ ਜਾਂਦੇ ਹਨ, ਪਲਕ-ਮਾਤ੍ਰ (ਇਥੇ) ਢਿੱਲ ਨਹੀਂ ਲਾਈ ਜਾ ਸਕਦੀ, (ਇਹ ਗੱਲ) ਸਤਿਗੁਰੂ ਦੀ ਮਿਹਰ ਨਾਲ (ਕੋਈ ਵਿਰਲਾ ਬੰਦਾ) ਸਮਝ ਕੇ ਸੱਚ ਵਿਚ ਜੁੜਦਾ ਹੈ। 20। ਸਲੋਕੁ ਮਃ ੧ ॥ ਤੁਮੀ ਤੁਮਾ ਵਿਸੁ ਅਕੁ ਧਤੂਰਾ ਨਿਮੁ ਫਲੁ ॥ ਮਨਿ ਮੁਖਿ ਵਸਹਿ ਤਿਸੁ ਜਿਸੁ ਤੂੰ ਚਿਤਿ ਨ ਆਵਹੀ ॥ ਨਾਨਕ ਕਹੀਐ ਕਿਸੁ ਹੰਢਨਿ ਕਰਮਾ ਬਾਹਰੇ ॥੧॥ {ਪੰਨਾ 147} ਪਦ ਅਰਥ: ਤਿਸੁ = ਉਸ ਮਨੁੱਖ ਦੇ। ਚਿਤਿ = ਚਿੱਤ ਵਿਚ। ਹੰਢਨਿ = ਭਟਕਦੇ ਹਨ। ਕਰਮਾ ਬਾਹਰੇ = ਕਰਮ-ਹੀਨ। ਅਰਥ: (ਹੇ ਪ੍ਰਭੂ!) ਜਿਸ ਮਨੁੱਖ ਦੇ ਚਿੱਤ ਵਿਚ ਤੂੰ ਨਹੀਂ ਵੱਸਦਾ, ਉਸ ਦੇ ਮਨ ਵਿਚ ਤੇ ਮੂੰਹ ਵਿਚ ਤੁੰਮੀ ਤੁੰਮਾ, ਜ਼ਹਿਰ, ਅੱਕ ਧਤੂਰਾ ਤੇ ਨਿੰਮਰੂਪ ਫਲ ਵੱਸ ਰਹੇ ਹਨ (ਭਾਵ, ਉਸ ਦੇ ਮਨ ਵਿਚ ਭੀ ਕੁੜੱਤਣ ਹੈ ਤੇ ਮੂੰਹੋਂ ਭੀ ਕੌੜੇ ਬਚਨ ਬੋਲਦਾ ਹੈ) । ਹੇ ਨਾਨਕ! ਐਸੇ ਬਦਨਸੀਬ ਬੰਦੇ ਭਟਕਦੇ ਫਿਰਦੇ ਹਨ, (ਪ੍ਰਭੂ ਤੋਂ ਬਿਨਾ ਹੋਰ) ਕਿਸ ਦੇ ਅੱਗੇ (ਇਹਨਾਂ ਦੀ ਵਿਥਿਆ) ਦੱਸੀਏ? (ਭਾਵ, ਪ੍ਰਭੂ ਆਪ ਹੀ ਇਹਨਾਂ ਦਾ ਇਹ ਰੋਗ ਦੂਰ ਕਰਨ ਵਾਲਾ ਹੈ) ।1। |
Sri Guru Granth Darpan, by Professor Sahib Singh |