ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 148

ਮਃ ੧ ॥ ਮਤਿ ਪੰਖੇਰੂ ਕਿਰਤੁ ਸਾਥਿ ਕਬ ਉਤਮ ਕਬ ਨੀਚ ॥ ਕਬ ਚੰਦਨਿ ਕਬ ਅਕਿ ਡਾਲਿ ਕਬ ਉਚੀ ਪਰੀਤਿ ॥ ਨਾਨਕ ਹੁਕਮਿ ਚਲਾਈਐ ਸਾਹਿਬ ਲਗੀ ਰੀਤਿ ॥੨॥ {ਪੰਨਾ 148}

ਪਦ ਅਰਥ: ਪੰਖੇਰੂ = ਪੰਛੀ। ਕਿਰਤੁ = ਕੀਤਾ ਹੋਇਆ ਕੰਮ, (ਭਾਵ, ਕੀਤੇ ਹੋਏ ਕੰਮਾਂ ਦੇ ਸੰਸਕਾਰਾਂ ਦਾ ਇਕੱਠ, ਪਿਛਲੇ ਕੀਤੇ ਹੋਏ ਕੰਮਾਂ ਦੇ ਕਾਰਨ ਬਣਿਆ ਹੋਇਆ ਸੁਭਾਉ।

ਅਰਥ: (ਮਨੁੱਖ ਦੀ) ਮਤਿ (ਮਾਨੋ, ਇਕ) ਪੰਛੀ ਹੈ, ਉਸ ਦੇ ਪਿਛਲੇ ਕੀਤੇ ਹੋਏ ਕੰਮਾਂ ਦੇ ਕਾਰਨ ਬਣਿਆ ਹੋਇਆ ਸੁਭਾਉ ਉਸ ਦੇ ਨਾਲ (ਸਾਥੀ) ਹੈ, (ਇਸ ਸੁਭਾਉ ਦੇ ਸੰਗ ਕਰ ਕੇ 'ਮਤਿ') ਕਦੇ ਚੰਗੀ ਹੈ ਕਦੇ ਨੀਵੀਂ; ਕਦੇ (ਇਹ ਮਤਿ-ਰੂਪ ਪੰਛੀ) ਚੰਦਨ (ਦੇ ਬੂਟੇ) ਤੇ (ਬੈਠਦਾ ਹੈ) ਕਦੇ ਅੱਕ ਦੀ ਡਾਲੀ ਉੱਤੇ, ਕਦੇ (ਇਸ ਦੇ ਅੰਦਰ) ਉੱਚੀ (ਪ੍ਰਭੂ ਚਰਨਾਂ ਦੀ) ਪ੍ਰੀਤ ਹੈ।

(ਪਰ ਕਿਸੇ ਦੇ ਵੱਸ ਦੀ ਗੱਲ ਨਹੀਂ) ਮਾਲਕ ਦੀ (ਧੁਰੋਂ) ਰੀਤ ਤੁਰੀ ਆਉਂਦੀ ਹੈ, ਕਿ ਉਹ (ਸਭ ਜੀਵਾਂ ਨੂੰ ਆਪਣੇ) ਹੁਕਮ ਵਿਚ ਤੋਰ ਰਿਹਾ ਹੈ (ਭਾਵ, ਉਸ ਦੇ ਹੁਕਮ ਅਨੁਸਾਰ ਹੀ ਕੋਈ ਚੰਗੀ ਤੇ ਕੋਈ ਮੰਦੀ ਮਤਿ ਵਾਲਾ ਹੈ) ।2।

ਪਉੜੀ ॥ ਕੇਤੇ ਕਹਹਿ ਵਖਾਣ ਕਹਿ ਕਹਿ ਜਾਵਣਾ ॥ ਵੇਦ ਕਹਹਿ ਵਖਿਆਣ ਅੰਤੁ ਨ ਪਾਵਣਾ ॥ ਪੜਿਐ ਨਾਹੀ ਭੇਦੁ ਬੁਝਿਐ ਪਾਵਣਾ ॥ ਖਟੁ ਦਰਸਨ ਕੈ ਭੇਖਿ ਕਿਸੈ ਸਚਿ ਸਮਾਵਣਾ ॥ ਸਚਾ ਪੁਰਖੁ ਅਲਖੁ ਸਬਦਿ ਸੁਹਾਵਣਾ ॥ ਮੰਨੇ ਨਾਉ ਬਿਸੰਖ ਦਰਗਹ ਪਾਵਣਾ ॥ ਖਾਲਕ ਕਉ ਆਦੇਸੁ ਢਾਢੀ ਗਾਵਣਾ ॥ ਨਾਨਕ ਜੁਗੁ ਜੁਗੁ ਏਕੁ ਮੰਨਿ ਵਸਾਵਣਾ ॥੨੧॥ {ਪੰਨਾ 148}

ਪਦ ਅਰਥ: ਕੇਤੇ = ਬੇਅੰਤ ਜੀਵ। ਵਖਾਣ ਕਹਹਿ = ਬਿਆਨ ਕਰਦੇ ਹਨ। ਪੜਿਐ = ਪੜ੍ਹਨ ਨਾਲ। ਬੁਝਿਐ = ਮਤਿ ਉੱਚੀ ਹੋਣ ਨਾਲ। ਖਟੁ ਦਰਸਨ = ਛੇ ਭੇਖ (ਜੋਗੀ, ਜੰਗਮ, ਸੰਨਿਆਸੀ, ਬੋਧੀ, ਸਰੇਵੜੇ, ਬੈਰਾਗੀ) । ਭੇਖਿ = ਬਾਹਰਲੇ ਧਾਰਮਿਕ ਲਿਬਾਸ ਦੀ ਰਾਹੀਂ। ਕਿਸੈ = ਕਿਸੇ ਨੇ? (ਭਾਵ, ਕਿਸੇ ਨੇ ਨਹੀਂ) । ਅਲਖੁ = (ਸੰ: ਅਲਖਯ) , ਅਦ੍ਰਿਸ਼ਟ, ਜਿਸ ਦੇ ਕੋਈ ਖ਼ਾਸ ਨਿਸ਼ਾਨ ਨਾ ਦਿੱਸਣ। ਬਿਸੰਖ = ਅਸੰਖ ਦਾ, ਬੇਅੰਤ ਹਰੀ ਦਾ। ਆਦੇਸੁ = ਨਮਸਕਾਰ। ਜੁਗੁ ਜੁਗੁ = ਹਰੇਕ ਜੁਗ ਵਿਚ ਮੌਜੂਦ।

ਅਰਥ: ਬੇਅੰਤ ਜੀਵ (ਪਰਮਾਤਮਾ ਦੇ ਗੁਣਾਂ ਦਾ) ਬਿਆਨ ਕਰਦੇ ਆਏ ਹਨ ਤੇ ਬਿਆਨ ਕਰ ਕੇ (ਜਗਤ ਤੋਂ) ਚਲੇ ਗਏ ਹਨ, ਵੇਦ (ਆਦਿਕ ਧਰਮ-ਪੁਸਤਕ ਵੀ ਉਸ ਦੇ ਗੁਣ) ਦੱਸਦੇ ਆਏ ਹਨ, (ਪਰ) ਕਿਸੇ ਨੇ ਉਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ। (ਪੁਸਤਕਾਂ) ਪੜ੍ਹਨ ਨਾਲ (ਭੀ ਉਸ ਦਾ) ਭੇਤ ਨਹੀਂ ਪੈਂਦਾ। ਮਤਿ ਉੱਚੀ ਹੋਇਆਂ ਇਹ ਰਾਜ਼ ਸਮਝ ਵਿਚ ਆਉਂਦਾ ਹੈ (ਕਿ ਉਹ ਬੇਅੰਤ ਹੈ) । ਛੇ ਭੇਖਾਂ ਵਾਲੇ ਸਾਧੂਆਂ ਦੇ ਬਾਹਰਲੇ ਲਿਬਾਸ ਰਾਹੀਂ ਭੀ ਕੋਈ ਸੱਚ ਵਿਚ ਨਹੀਂ ਜੁੜ ਸਕਿਆ।

ਉਹ ਸਦਾ-ਥਿਰ ਰਹਿਣ ਵਾਲਾ ਅਕਾਲ ਪੁਰਖ ਹੈ ਤਾਂ ਅਦ੍ਰਿਸ਼ਟ, (ਪਰ ਗੁਰ-) ਸ਼ਬਦ ਦੀ ਰਾਹੀਂ ਸੋਹਣਾ ਲੱਗਦਾ ਹੈ। ਜੋ ਮਨੁੱਖ ਬੇਅੰਤ ਪ੍ਰਭੂ ਦੇ 'ਨਾਮ' ਨੂੰ ਮੰਨਦਾ ਹੈ (ਭਾਵ ਜੋ ਨਾਮ ਵਿਚ ਜੁੜਦਾ ਹੈ) , ਉਹ ਉਸ ਦੀ ਹਜ਼ੂਰੀ ਵਿਚ ਅੱਪੜਦਾ ਹੈ, ਉਹ ਮਾਲਕ-ਪ੍ਰਭੂ ਨੂੰ ਸਿਰ ਨਿਵਾਂਦਾ ਹੈ, ਢਾਢੀ ਬਣ ਕੇ ਉਸ ਦੇ ਗੁਣ ਗਾਉਂਦਾ ਹੈ, ਤੇ, ਹੇ ਨਾਨਕ! ਹਰੇਕ ਜੁਗ ਵਿਚ ਮੌਜੂਦ ਰਹਿਣ ਵਾਲੇ ਇੱਕ ਪ੍ਰਭੂ ਨੂੰ ਆਪਣੇ ਮਨ ਵਿਚ ਵਸਾਂਦਾ ਹੈ। 21।

ਸਲੋਕੁ ਮਹਲਾ ੨ ॥ ਮੰਤ੍ਰੀ ਹੋਇ ਅਠੂਹਿਆ ਨਾਗੀ ਲਗੈ ਜਾਇ ॥ ਆਪਣ ਹਥੀ ਆਪਣੈ ਦੇ ਕੂਚਾ ਆਪੇ ਲਾਇ ॥ ਹੁਕਮੁ ਪਇਆ ਧੁਰਿ ਖਸਮ ਕਾ ਅਤੀ ਹੂ ਧਕਾ ਖਾਇ ॥ ਗੁਰਮੁਖ ਸਿਉ ਮਨਮੁਖੁ ਅੜੈ ਡੁਬੈ ਹਕਿ ਨਿਆਇ ॥ ਦੁਹਾ ਸਿਰਿਆ ਆਪੇ ਖਸਮੁ ਵੇਖੈ ਕਰਿ ਵਿਉਪਾਇ ॥ ਨਾਨਕ ਏਵੈ ਜਾਣੀਐ ਸਭ ਕਿਛੁ ਤਿਸਹਿ ਰਜਾਇ ॥੧॥ {ਪੰਨਾ 148}

ਪਦ ਅਰਥ: ਮੰਤ੍ਰੀ = ਮਾਂਦਰੀ। ਕੂਚਾ = ਲੰਬੂ, ਮੁਆਤਾ। ਧੁਰਿ = ਧੁਰੋਂ। ਅਤੀ ਹੂ = ਅੱਤ ਚੁਕਣ ਦੇ ਕਾਰਨ। ਅੜੈ = ਖਹਿਬੜਦਾ ਹੈ। ਹਕਿ ਨਿਆਇ = ਸੱਚੇ ਨਿਆਂ ਦੇ ਕਾਰਨ। ਵਿਉਪਾਇ = ਨਿਰਨਾ।

ਅਰਥ: ਅਠੂਹਿਆਂ ਦਾ ਮਾਂਦਰੀ ਹੋ ਕੇ (ਜੋ ਮਨੁੱਖ) ਸੱਪਾਂ ਨੂੰ ਜਾ ਹੱਥ ਪਾਂਦਾ ਹੈ, ਉਹ ਆਪਣੇ ਆਪ ਨੂੰ ਆਪਣੇ ਹੀ ਹੱਥਾਂ ਨਾਲ (ਮਾਨੋ,) ਚੁਆਤੀ ਲਾਂਦਾ ਹੈ। ਧੁਰੋਂ ਮਾਲਕ ਦਾ ਹੁਕਮ ਹੀ ਇਉਂ ਹੁੰਦਾ ਹੈ ਕਿ ਇਸ ਅੱਤ ਦੇ ਕਾਰਨ (ਭਾਵ, ਇਸ ਅੱਤ ਦੇ ਮੂਰਖਪੁਣੇ ਕਰ ਕੇ) ਉਸ ਨੂੰ ਧੱਕਾ ਵੱਜਦਾ ਹੈ। ਮਨਮੁਖ ਮਨੁੱਖ ਗੁਰਮੁਖ ਨਾਲ ਖਹਿਬੜਦਾ ਹੈ (ਕਰਤਾਰ ਦੇ) ਸੱਚੇ ਨਿਆਂ ਅਨੁਸਾਰ ਉਹ (ਸੰਸਾਰ-ਸਮੁੰਦਰ ਵਿਚ) ਡੁੱਬਦਾ ਹੈ (ਭਾਵ, ਵਿਕਾਰਾਂ ਦੀਆਂ ਲਹਰਾਂ ਵਿਚ ਉਸ ਦੀ ਜ਼ਿੰਦਗੀ ਦੀ ਬੇੜੀ ਗ਼ਰਕ ਹੋ ਜਾਂਦੀ ਹੈ) ।

ਪਰ (ਕਿਸੇ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ, ਕੀਹ ਗੁਰਮੁਖ ਤੇ ਕੀਹ ਮਨਮੁਖ) ਦੋਹੀਂ ਪਾਸੀਂ ਖਸਮ-ਪ੍ਰਭੂ ਆਪ (ਸਿਰ ਤੇ ਖਲੋਤਾ ਹੋਇਆ) ਹੈ, ਆਪ ਹੀ ਨਿਰਨਾ ਕਰ ਕੇ ਵੇਖ ਰਿਹਾ ਹੈ। ਹੇ ਨਾਨਕ! (ਅਸਲ ਗੱਲ) ਇਉਂ ਹੀ ਸਮਝਣੀ ਚਾਹੀਦੀ ਹੈ ਕਿ ਹਰੇਕ ਕੰਮ ਉਸ ਦੀ ਰਜ਼ਾ ਵਿਚ ਹੋ ਰਿਹਾ ਹੈ।

ਮਹਲਾ ੨ ॥ ਨਾਨਕ ਪਰਖੇ ਆਪ ਕਉ ਤਾ ਪਾਰਖੁ ਜਾਣੁ ॥ ਰੋਗੁ ਦਾਰੂ ਦੋਵੈ ਬੁਝੈ ਤਾ ਵੈਦੁ ਸੁਜਾਣੁ ॥ ਵਾਟ ਨ ਕਰਈ ਮਾਮਲਾ ਜਾਣੈ ਮਿਹਮਾਣੁ ॥ ਮੂਲੁ ਜਾਣਿ ਗਲਾ ਕਰੇ ਹਾਣਿ ਲਾਏ ਹਾਣੁ ॥ ਲਬਿ ਨ ਚਲਈ ਸਚਿ ਰਹੈ ਸੋ ਵਿਸਟੁ ਪਰਵਾਣੁ ॥ ਸਰੁ ਸੰਧੇ ਆਗਾਸ ਕਉ ਕਿਉ ਪਹੁਚੈ ਬਾਣੁ ॥ ਅਗੈ ਓਹੁ ਅਗੰਮੁ ਹੈ ਵਾਹੇਦੜੁ ਜਾਣੁ ॥੨॥ {ਪੰਨਾ 148}

ਪਦ ਅਰਥ: ਸੁਜਾਣੁ = ਸਿਆਣਾ। ਮਾਮਲਾ = ਝੰਬੇਲਾ, ਝੇੜਾ। ਵਾਟ = ਰਾਹ ਵਿਚ। ਮੂਲੁ = ਅਸਲਾ। ਲਬਿ = ਲੱਬ ਨਾਲ, ਲੱਬ ਦੇ ਆਸਰੇ। ਵਿਸਟੁ = ਵਿਚੋਲਾ। ਪਰਵਾਣੁ = ਮੰਨਿਆ ਪ੍ਰਮੰਨਿਆ। ਸਰੁ = ਤੀਰੁ। ਸੰਧੈ = ਚਲਾਏ। ਬਾਣੁ = ਤੀਰ। ਅੰਗਮੁ = ਜਿਸ ਤਕ ਪਹੁੰਚਿਆ ਨਾਹ ਜਾ ਸਕੇ। ਵਾਹੇਦੜੁ = ਤੀਰ ਵਾਹਣ ਵਾਲਾ। ਹਾਣੁ = ਉਮਰ, ਜ਼ਿੰਦਗੀ ਦਾ ਸਮਾ। ਹਾਣਿ = ਹਾਣੀ, ਹਮ-ਉਮਰ, ਆਪਣੇ ਸੁਭਾਉ ਵਾਲੇ, ਸਤ-ਸੰਗੀ।

ਅਰਥ: ਹੇ ਨਾਨਕ! (ਦੂਜਿਆਂ ਦੀ ਪੜਚੋਲ ਕਰਨ ਦੇ ਥਾਂ) ਜੇ ਮਨੁੱਖ ਆਪਣੇ ਆਪ ਨੂੰ ਪਰਖੇ, ਤਾਂ ਉਸ ਨੂੰ (ਅਸਲ) ਪਾਰਖੂ ਸਮਝੋ, (ਦੂਜਿਆਂ ਦੇ ਵਿਕਾਰ-ਰੂਪ ਰੋਗ ਲੱਭਣ ਦੇ ਥਾਂ) ਜੇ ਮਨੁੱਖ ਆਪਣਾ (ਆਤਮਕ) ਰੋਗ ਤੇ ਰੋਗ ਦਾ ਇਲਾਜ ਦੋਵੇਂ ਸਮਝ ਲਏ ਤਾਂ ਉਸ ਨੂੰ ਸਿਆਣਾ ਹਕੀਮ ਜਾਣ ਲਵੋ। (ਇਹੋ ਜਿਹਾ 'ਸੁਜਾਣ ਵੈਦ') (ਜ਼ਿੰਦਗੀ ਦੇ) ਰਾਹ ਵਿਚ (ਹੋਰਨਾਂ ਨਾਲ) ਝੇੜੇ ਨਹੀਂ ਪਾ ਬੈਠਦਾ, ਉਹ (ਆਪਣੇ ਆਪ ਨੂੰ ਜਗਤ ਵਿਚ) ਮੁਸਾਫ਼ਿਰ ਜਾਣਦਾ ਹੈ, (ਆਪਣੇ) ਅਸਲੇ (ਪ੍ਰਭੂ) ਨਾਲ ਡੂੰਘੀ ਸਾਂਝ ਪਾ ਕੇ, ਜੋ ਭੀ ਗੱਲ ਕਰਦਾ ਹੈ ਆਪਣਾ ਸਮਾ ਸਤ-ਸੰਗੀਆਂ ਨਾਲ (ਮਿਲ ਕੇ) ਗੁਜ਼ਾਰਦਾ ਹੈ। ਉਹ ਮਨੁੱਖ ਲੱਬ ਦੇ ਆਸਰੇ ਨਹੀਂ ਤੁਰਦਾ, ਸੱਚ ਵਿਚ ਟਿਕਿਆ ਰਹਿੰਦਾ ਹੈ (ਐਸਾ ਮਨੁੱਖ ਆਪ ਤਾਂ ਤੁਰਦਾ ਹੀ ਹੈ, ਹੋਰਨਾਂ ਲਈ ਭੀ) ਪਰਮਾਣੀਕ ਵਿਚੋਲਾ ਬਣ ਜਾਂਦਾ ਹੈ।

(ਪਰ ਜੇ ਆਪ ਹੋਵੇ ਮਨਮੁਖ ਤੇ ਅੜੇ ਗੁਰਮੁਖਾਂ ਨਾਲ, ਉਹ ਇਉਂ ਹੀ ਹੈ ਜਿਵੇਂ ਆਕਾਸ਼ ਨੂੰ ਤੀਰ ਮਾਰਦਾ ਹੈ) ਜੋ ਮਨੁੱਖ ਆਕਾਸ਼ ਵਲ ਤੀਰ ਚਲਾਂਦਾ ਹੈ, (ਉਸ ਦਾ) ਤੀਰ ਕਿਵੇਂ (ਨਿਸ਼ਾਨੇ ਤੇ) ਅੱਪੜੇ? ਉਹ ਆਕਾਸ਼ ਤਾਂ ਅੱਗੋਂ ਅਪਹੁੰਚ ਹੈ, ਸੋ, (ਯਕੀਨ) ਜਾਣੋ ਕਿ ਤੀਰ ਚਲਾਣ ਵਾਲਾ ਹੀ (ਵਿੰਨ੍ਹਿਆ ਜਾਂਦਾ ਹੈ) ।2।

ਪਉੜੀ ॥ ਨਾਰੀ ਪੁਰਖ ਪਿਆਰੁ ਪ੍ਰੇਮਿ ਸੀਗਾਰੀਆ ॥ ਕਰਨਿ ਭਗਤਿ ਦਿਨੁ ਰਾਤਿ ਨ ਰਹਨੀ ਵਾਰੀਆ ॥ ਮਹਲਾ ਮੰਝਿ ਨਿਵਾਸੁ ਸਬਦਿ ਸਵਾਰੀਆ ॥ ਸਚੁ ਕਹਨਿ ਅਰਦਾਸਿ ਸੇ ਵੇਚਾਰੀਆ ॥ ਸੋਹਨਿ ਖਸਮੈ ਪਾਸਿ ਹੁਕਮਿ ਸਿਧਾਰੀਆ ॥ ਸਖੀ ਕਹਨਿ ਅਰਦਾਸਿ ਮਨਹੁ ਪਿਆਰੀਆ ॥ ਬਿਨੁ ਨਾਵੈ ਧ੍ਰਿਗੁ ਵਾਸੁ ਫਿਟੁ ਸੁ ਜੀਵਿਆ ॥ ਸਬਦਿ ਸਵਾਰੀਆਸੁ ਅੰਮ੍ਰਿਤੁ ਪੀਵਿਆ ॥੨੨॥ {ਪੰਨਾ 148}

ਪਦ ਅਰਥ: ਨਾਰੀ = ਜੀਵ-ਇਸਤ੍ਰੀ। ਪ੍ਰੇਮ = (ਪ੍ਰਭੂ) ਪਿਆਰ (-ਰੂਪ ਗਹਣੇ) ਨਾਲ। ਸੀਗਾਰੀਆ = ਸਜੀਆਂ ਹੋਇਆਂ। ਵਾਰੀਆ = ਵਰਜੀਆਂ। ਸਿਧਾਰੀਆ = ਅੱਪੜੀਆਂ ਹੋਈਆਂ। ਸਖੀ = ਸਖੀਆਂ, ਗੋਲੀਆਂ, ਸੇਵਕਾ। ਮਨਹੁ = ਦਿਲੋਂ, ਸੱਚੇ ਦਿਲੋਂ। ਧ੍ਰਿਗੁ = ਫਿਟੁ, ਫਿਟਕਾਰ-ਜੋਗ। ਸਵਾਰੀ ਆਸੁ = ਜੋ ਉਸ ਨੇ ਸੁਧਾਰੀ ਹੈ।

ਅਰਥ: ਜਿਨ੍ਹਾਂ ਜੀਵ-ਇਸਤ੍ਰੀਆਂ ਦਾ ਪ੍ਰਭੂ-ਪਤੀ ਨਾਲ ਪਿਆਰ ਹੈ, ਉਹ ਇਸ ਪਿਆਰ (-ਰੂਪ ਗਹਣੇ ਨਾਲ) ਸਜੀਆਂ ਹੋਈਆਂ ਹਨ, ਉਹ ਦਿਨ ਰਾਤ (ਪ੍ਰਭੂ-ਪਤੀ ਦੀ) ਭਗਤੀ ਕਰਦੀਆਂ ਹਨ, ਵਰਜੀਆਂ (ਭੀ ਭਗਤੀ ਤੋਂ) ਹਟਦੀਆਂ ਨਹੀਂ ਹਨ, ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਸੁਧਰੀਆਂ ਹੋਈਆਂ ਉਹ (ਮਾਨੋ) ਮਹਲਾਂ ਵਿਚ ਵੱਸਦੀਆਂ ਹਨ, ਉਹ ਵਿਚਾਰਵਾਨ (ਹੋ ਜਾਣ ਦੇ ਕਾਰਨ) ਸਦਾ-ਥਿਰ ਰਹਿਣ ਵਾਲੀ ਅਰਦਾਸ ਕਰਦੀਆਂ ਹਨ (ਭਾਵ, ਦੁਨੀਆ ਦੇ ਨਾਸਵੰਤ ਪਦਾਰਥ ਨਹੀਂ ਮੰਗਦੀਆਂ, ਸਦਾ-ਕਾਇਮ ਰਹਿਣ ਵਾਲਾ 'ਪਿਆਰ' ਹੀ ਮੰਗਦੀਆਂ ਹਨ) , (ਪਤੀ-ਪ੍ਰਭੂ ਦੇ) ਹੁਕਮ ਅਨੁਸਾਰ (ਪਤੀ-ਪ੍ਰਭੂ ਤਕ) ਅੱਪੜੀਆਂ ਹੋਈਆਂ ਉਹ ਖਸਮ-ਪ੍ਰਭੂ ਦੇ ਕੋਲ (ਬੈਠੀਆਂ) ਸੋਭਦੀਆਂ ਹਨ, ਪ੍ਰਭੂ ਨੂੰ ਦਿਲੋਂ ਪਿਆਰ ਕਰਦੀਆਂ ਹਨ ਤੇ ਸਖੀ-ਭਾਵਨਾਂ ਨਾਲ ਉਸ ਅੱਗੇ ਅਰਦਾਸ ਕਰਦੀਆਂ ਹਨ।

(ਪਰ) ਉਹ ਜੀਊਣ ਫਿਟਕਾਰ-ਜੋਗ ਹੈ, ਉਸ ਵਸੇਬੇ ਨੂੰ ਲਾਹਨਤ ਹੈ ਜੋ ਨਾਮ ਤੋਂ ਸੱਖਣਾ ਹੈ। ਜਿਸ ਜੀਵ-ਇਸਤ੍ਰੀ ਨੂੰ (ਅਕਾਲ ਪੁਰਖ) ਨੇ ਗੁਰ-ਸ਼ਬਦ ਦੀ ਰਾਹੀਂ ਸੁਧਾਰਿਆ ਹੈ ਉਸ ਨੇ (ਨਾਮ-) ਅੰਮ੍ਰਿਤ ਪੀਤਾ ਹੈ। 22।

ਸਲੋਕੁ ਮਃ ੧ ॥ ਮਾਰੂ ਮੀਹਿ ਨ ਤ੍ਰਿਪਤਿਆ ਅਗੀ ਲਹੈ ਨ ਭੁਖ ॥ ਰਾਜਾ ਰਾਜਿ ਨ ਤ੍ਰਿਪਤਿਆ ਸਾਇਰ ਭਰੇ ਕਿਸੁਕ ॥ ਨਾਨਕ ਸਚੇ ਨਾਮ ਕੀ ਕੇਤੀ ਪੁਛਾ ਪੁਛ ॥੧॥ {ਪੰਨਾ 148}

ਪਦ ਅਰਥ: ਮੀਹਿ = ਮੀਂਹ ਨਾਲ। ਮਾਰੂ = ਰੇਤ-ਥਲਾ। ਰਾਜਿ = ਰਾਜ ਨਾਲ। ਸਾਇਰ ਭਰੇ = ਭਰੇ ਹੋਏ ਸਮੁੰਦਰ ਨੂੰ। ਕਿ = ਕੀਹ? ਸੁਕ = ਪਾਣੀ ਦਾ ਸੁੱਕਣਾ। ਕੇਤੀ ਪੁਛਾ ਪੁਛ = ਅੰਤ ਪਾਇਆ ਨਹੀਂ ਜਾ ਸਕਦਾ, ਕਿਤਨੀ ਕੁ ਤਾਂਘ ਹੁੰਦੀ ਹੈ– ਇਹ ਗੱਲ ਦੱਸੀ ਨਹੀਂ ਜਾ ਸਕਦੀ।

(ਨੋਟ: ਰੇਤ-ਥਲੇ ਦਾ ਸੁੱਕਾ ਰਹਿਣ ਦਾ ਸੁਭਾਉ ਮੀਂਹ ਨਾਲ ਨਹੀਂ ਹਟਦਾ, ਲੱਕੜਾਂ ਅੱਗ ਸਾੜਨ ਦੇ ਸੁਭਾਉ ਨੂੰ ਮਿਟਾ ਨਹੀਂ ਸਕਦੀਆਂ; ਭਰੇ ਸਮੁੰਦਰ ਦੀ ਅਗਾਧਤਾ ਨੂੰ ਸੁੱਕ ਨਹੀਂ ਮੁਕਾ ਸਕਦੀ, ਇਸੇ ਤਰ੍ਹਾਂ ਨਾਮ-ਰਸ ਵਾਲਿਆਂ ਦੀ ਨਾਮ ਭੁੱਖ ਦਾ ਕਦੇ ਖ਼ਾਤਮਾ ਨਹੀਂ ਹੁੰਦਾ) ।

ਅਰਥ: ਰੇਤ-ਥਲਾ ਮੀਂਹ ਨਾਲ (ਕਦੇ) ਰੱਜਦਾ ਨਹੀਂ, ਅੱਗ ਦੀ (ਸਾੜਨ ਦੀ) ਭੁੱਖ (ਕਦੇ ਬਾਲਣ ਨਾਲ) ਨਹੀਂ ਮਿਟਦੀ, (ਕੋਈ) ਰਾਜਾ ਕਦੇ ਰਾਜ (ਕਰਨ) ਨਾਲ ਨਹੀਂ ਰੱਜਿਆ, ਭਰੇ ਸਮੁੰਦਰ ਨੂੰ ਸੁੱਕ ਕੀਹ ਆਖ ਸਕਦੀ ਹੈ? (ਭਾਵ, ਕਿਤਨੀ ਤਪਸ਼ ਪਈ ਪਵੇ, ਭਰੇ ਸਮੁੰਦਰਾਂ ਦੇ ਡੂੰਘੇ ਪਾਣੀਆਂ ਨੂੰ ਸੁੱਕ ਨਹੀਂ ਮੁਕਾ ਸਕਦੀ) , (ਤਿਵੇਂ) ਹੇ ਨਾਨਕ! (ਨਾਮ ਜਪਣ ਵਾਲਿਆਂ ਦੇ ਅੰਦਰ) ਸੱਚੇ ਨਾਮ ਦੀ ਕਿਤਨੀ ਕੁ ਤਾਂਘ ਹੁੰਦੀ ਹੈ– ਇਹ ਗੱਲ ਦੱਸੀ ਨਹੀਂ ਜਾ ਸਕਦੀ।1।

ਮਹਲਾ ੨ ॥ ਨਿਹਫਲੰ ਤਸਿ ਜਨਮਸਿ ਜਾਵਤੁ ਬ੍ਰਹਮ ਨ ਬਿੰਦਤੇ ॥ ਸਾਗਰੰ ਸੰਸਾਰਸਿ ਗੁਰ ਪਰਸਾਦੀ ਤਰਹਿ ਕੇ ॥ ਕਰਣ ਕਾਰਣ ਸਮਰਥੁ ਹੈ ਕਹੁ ਨਾਨਕ ਬੀਚਾਰਿ ॥ ਕਾਰਣੁ ਕਰਤੇ ਵਸਿ ਹੈ ਜਿਨਿ ਕਲ ਰਖੀ ਧਾਰਿ ॥੨॥ {ਪੰਨਾ 148}

ਪਦ ਅਰਥ: ਤਸਿ = (ਸੰ: ਤਸਯ) ਉਸ (ਮਨੁੱਖ) ਦਾ। ਜਨਮਸਿ = (ਸੰ: ਜਨਮ+ਅਸਤਿ। ਅਸਤਿ = ਹੈ) ਜਨਮ ਹੈ। ਜਾਵਤੁ = (ਸੰ: ਯਾਵਤ) ਜਦ ਤਕ। ਬਿੰਦਤੇ = ਜਾਣਦਾ ਹੈ। ਸੰਸਾਰਸਿ = (ਸੰ: ਸੰਸਾਰਸਯ) ਸੰਸਾਰ ਦਾ। ਤਰਹਿ = ਤਰਦੇ ਹਨ। ਕੇ = ਕਈ ਜੀਵ।

{ਨੋਟ: ਲਫ਼ਜ਼ 'ਕੇ' ਦਾ ਅਰਥ "ਕੋਈ ਵਿਰਲਾ" ਕਰਨਾ ਗ਼ਲਤ ਹੈ, ਕਿਉਂਕਿ ਇਸ ਦੇ ਨਾਲ ਦੀ 'ਕ੍ਰਿਆ' "ਤਰਹਿ" ਬਹੁ-ਵਚਨ ਹੈ। 'ਜਪੁਜੀ' ਦੇ ਆਖ਼ੀਰ ਵਿਚ "ਕੇ ਨੇੜੇ ਕੇ ਦੂਰਿ" = ਇਥੇ ਲਫ਼ਜ਼ 'ਕੇ' ਦਾ ਅਰਥ ਹੈ 'ਕਈ'}। ਕਰਣ = ਜਗਤ। ਕਲ = ਕਲਾ, ਸੱਤਿਆ।

ਅਰਥ: ਜਦ ਤਕ (ਮਨੁੱਖ) ਅਕਾਲ ਪੁਰਖ ਨੂੰ ਨਹੀਂ ਪਛਾਣਦਾ ਤਦ ਤਕ ਉਸ ਦਾ ਜਨਮ ਵਿਅਰਥ ਹੈ, ਪਰ ਗੁਰੂ ਦੀ ਕਿਰਪਾ ਨਾਲ ਜੋ ਬੰਦੇ (ਨਾਮ ਵਿਚ ਜੁੜਦੇ ਹਨ ਉਹ) ਸੰਸਾਰ ਦੇ ਸਮੁੰਦਰ ਤੋਂ ਤਰ ਜਾਂਦੇ ਹਨ।

ਹੇ ਨਾਨਕ! ਜੋ ਪ੍ਰਭੂ ਜਗਤ ਦਾ ਮੂਲ ਸਭ ਕੁਝ ਕਰਨ-ਜੋਗ ਹੈ, ਜਿਸ ਕਰਤਾਰ ਦੇ ਵੱਸ ਜਗਤ ਦਾ ਬਨਾਣਾ ਹੈ, ਜਿਸ ਨੇ (ਸਾਰੇ ਜਗਤ ਵਿਚ) ਆਪਣੀ ਸੱਤਿਆ ਟਿਕਾਈ ਹੋਈ ਹੈ, ਉਸ ਦਾ ਧਿਆਨ ਧਰ।2।

ਪਉੜੀ ॥ ਖਸਮੈ ਕੈ ਦਰਬਾਰਿ ਢਾਢੀ ਵਸਿਆ ॥ ਸਚਾ ਖਸਮੁ ਕਲਾਣਿ ਕਮਲੁ ਵਿਗਸਿਆ ॥ ਖਸਮਹੁ ਪੂਰਾ ਪਾਇ ਮਨਹੁ ਰਹਸਿਆ ॥ ਦੁਸਮਨ ਕਢੇ ਮਾਰਿ ਸਜਣ ਸਰਸਿਆ ॥ ਸਚਾ ਸਤਿਗੁਰੁ ਸੇਵਨਿ ਸਚਾ ਮਾਰਗੁ ਦਸਿਆ ॥ ਸਚਾ ਸਬਦੁ ਬੀਚਾਰਿ ਕਾਲੁ ਵਿਧਉਸਿਆ ॥ ਢਾਢੀ ਕਥੇ ਅਕਥੁ ਸਬਦਿ ਸਵਾਰਿਆ ॥ ਨਾਨਕ ਗੁਣ ਗਹਿ ਰਾਸਿ ਹਰਿ ਜੀਉ ਮਿਲੇ ਪਿਆਰਿਆ ॥੨੩॥ {ਪੰਨਾ 148}

ਪਦ ਅਰਥ: ਢਾਢੀ = ਸਿਫ਼ਤਿ ਕਰਨ ਵਾਲਾ। ਕਲਾਣਿ = ਕਲਾਣ ਕੇ, ਸਿਫ਼ਤਿ-ਸਾਲਾਹ ਕਰਕੇ। ਵਿਗਸਿਆ = ਖਿੜ ਪਿਆ। ਪੂਰਾ = ਪੂਰਾ ਮਰਤਬਾ। ਰਹਸਿਆ = ਖਿੜ ਆਇਆ। ਦੁਸਮਨ = ਕਾਮਾਦਿਕ ਵਿਕਾਰ, ਵੈਰੀ। ਸਜਣ = ਨਾਮ ਵਿਚ ਲੱਗੇ ਗਿਆਨ-ਇੰਦ੍ਰੇ। ਸੇਵਨਿ = ਸੇਂਵਦੇ ਹਨ, ਹੁਕਮ ਵਿਚ ਤੁਰਦੇ ਹਨ, ਮਾਰਗੁ = ਰਸਤਾ। ਵਿਧਉਸਿਆ = ਨਾਸ ਕੀਤਾ। ਗੁਣਾਂ ਰਾਸਿ = ਗੁਣ ਦੀ ਪੂੰਜੀ। ਗਹਿ = ਗ੍ਰਹਿਣ ਕਰ ਕੇ, ਲੈ ਕੇ।

ਅਰਥ: ਜੋ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ ਉਹ (ਸਦਾ) ਮਾਲਕ ਦੀ ਹਜ਼ੂਰੀ ਵਿਚ ਵੱਸਦਾ ਹੈ। ਸਦਾ ਕਾਇਮ ਰਹਿਣ ਵਾਲੇ ਖਸਮ ਨੂੰ ਸਾਲਾਹ ਕੇ ਉਸ ਦਾ ਹਿਰਦਾ-ਕਉਲ ਖਿੜਿਆ ਰਹਿੰਦਾ ਹੈ। ਮਾਲਕ ਤੋਂ ਪੂਰਾ ਮਰਤਬਾ (ਭਾਵ, ਪੂਰਨ ਅਵਸਥਾ) ਹਾਸਲ ਕਰ ਕੇ ਉਹ ਅੰਦਰੋਂ ਹੁਲਾਸ ਵਿਚ ਆਉਂਦਾ ਹੈ, (ਕਿਉਂਕਿ ਕਾਮਾਦਿਕ ਵਿਕਾਰ) ਵੈਰੀਆਂ ਨੂੰ ਉਹ (ਅੰਦਰੋਂ) ਮਾਰ ਕੇ ਕੱਢ ਦੇਂਦਾ ਹੈ (ਤਾਂ ਫਿਰ ਨਾਮ ਵਿਚ ਲੱਗੇ ਉਸ ਦੇ ਗਿਆਨ-ਇੰਦ੍ਰੇ-ਰੂਪ) ਮਿਤ੍ਰ ਟਹਿਕ ਪੈਂਦੇ ਹਨ, ਇਹ ਗਿਆਨ-ਇੰਦ੍ਰੇ) ਗੁਰੂ ਦੀ ਰਜ਼ਾ ਵਿਚ ਤੁਰਨ ਲੱਗ ਜਾਂਦੇ ਹਨ, ਸਤਿਗੁਰੂ ਇਹਨਾਂ ਨੂੰ (ਹੁਣ ਜੀਵਨ ਦਾ) ਸੱਚਾ ਰਾਹ ਵਿਖਾਲਦਾ ਹੈ।

ਸਿਫ਼ਤਿ-ਸਾਲਾਹ ਕਰਨ ਵਾਲਾ ਮਨੁੱਖ ਸੱਚਾ ਗੁਰ-ਸ਼ਬਦ ਵੀਚਾਰ ਕੇ (ਆਤਮਕ) ਮੌਤ (ਦਾ ਡਰ) ਦੂਰ ਲੈਂਦਾ ਹੈ, ਗੁਰੂ ਸ਼ਬਦ ਦੀ ਬਰਕਤਿ ਨਾਲ ਸੁਧਰਿਆ ਹੋਇਆ ਢਾਢੀ ਅਕੱਥ ਪ੍ਰਭੂ ਦੇ ਗੁਣ ਗਾਉਂਦਾ ਹੈ, (ਇਸ ਤਰ੍ਹਾਂ) , ਹੇ ਨਾਨਕ! ਪ੍ਰਭੂ ਦੇ ਗੁਣਾਂ ਦੀ ਪੂੰਜੀ ਇਕੱਠੀ ਕਰ ਕੇ ਪਿਆਰੇ ਪ੍ਰਭੂ ਨਾਲ ਮਿਲ ਜਾਂਦਾ ਹੈ। 23।

TOP OF PAGE

Sri Guru Granth Darpan, by Professor Sahib Singh