ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 149

ਸਲੋਕੁ ਮਃ ੧ ॥ ਖਤਿਅਹੁ ਜੰਮੇ ਖਤੇ ਕਰਨਿ ਤ ਖਤਿਆ ਵਿਚਿ ਪਾਹਿ ॥ ਧੋਤੇ ਮੂਲਿ ਨ ਉਤਰਹਿ ਜੇ ਸਉ ਧੋਵਣ ਪਾਹਿ ॥ ਨਾਨਕ ਬਖਸੇ ਬਖਸੀਅਹਿ ਨਾਹਿ ਤ ਪਾਹੀ ਪਾਹਿ ॥੧॥ {ਪੰਨਾ 149}

ਪਦ ਅਰਥ: ਖਤਿਅਹੁ = ਖ਼ਤਾ ਤੋਂ, ਪਾਪ ਤੋਂ। ਕਰਨਿ = {ਨੋਟ: ਪਦ-ਛੇਦ 'ਕਰ ਨਿਤ' ਗਲਤ ਹੈ, ਲਫ਼ਜ਼ 'ਕਰਨਿ' ਕ੍ਰਿਆ ਹੈ 'ਵਰਤਮਾਨ', ਅੰਨ ਪੁਰਖ, ਬਹੁ-ਵਚਨ} ਕਰਦੇ ਹਨ। ਮੂਲਿ = ਉੱਕਾ ਹੀ। ਪਾਹੀ = (ਸੰ: ਉਪਾਨਹ) ਜੁੱਤਿਆਂ। ਖਤੇ = ਪਾਪ।

ਅਰਥ: ਪਾਪਾਂ ਦੇ ਕਾਰਨ (ਜੋ ਜੀਵ) ਜੰਮਦੇ ਹਨ, (ਇਥੇ ਭੀ) ਪਾਪ ਕਰਦੇ ਹਨ ਤੇ (ਅਗਾਂਹ ਭੀ ਇਹਨਾਂ ਕੀਤੇ ਪਾਪਾਂ ਦੇ ਸੰਸਕਾਰਾਂ ਕਰਕੇ) ਪਾਪਾਂ ਵਿਚ ਹੀ ਪ੍ਰਵਿਰਤ ਹੁੰਦੇ ਹਨ। ਇਹ ਪਾਪ ਧੋਤਿਆਂ ਉੱਕਾ ਹੀ ਨਹੀਂ ਉਤਰਦੇ ਭਾਵੇਂ ਸੌ ਧੋਣ ਧੋਈਏ (ਭਾਵ, ਭਾਵੇਂ ਸੌ ਵਾਰੀ ਧੋਣ ਦਾ ਜਤਨ ਕਰੀਏ) । ਹੇ ਨਾਨਕ! ਜੇ ਪ੍ਰਭੂ ਮਿਹਰ ਕਰੇ (ਤਾਂ ਇਹ ਪਾਪ) ਬਖ਼ਸ਼ੇ ਜਾਂਦੇ ਹਨ, ਨਹੀਂ ਤਾਂ ਜੁੱਤੀਆਂ ਹੀ ਪੈਂਦੀਆਂ ਹਨ।1।

ਮਃ ੧ ॥ ਨਾਨਕ ਬੋਲਣੁ ਝਖਣਾ ਦੁਖ ਛਡਿ ਮੰਗੀਅਹਿ ਸੁਖ ॥ ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ ॥ ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ ॥੨॥ {ਪੰਨਾ 149}

ਪਦ ਅਰਥ: ਝਖਣਾ = ਵਿਅਰਥ ਬੋਲਣਾ, ਸਿਰ-ਖਪਾਈ। ਮੰਗੀਅਹਿ = ਮੰਗੇ ਜਾਂਦੇ ਹਨ। ਦਰਿ = ਪ੍ਰਭੂ ਦੇ ਦਰ ਤੋਂ। ਪਹਿਰਹਿ = ਪਹਿਨਦੇ ਹਨ। ਜਾਇ = ਜਨਮ ਲੈ ਕੇ। ਬੋਲਣਿ = ਬੋਲਣ ਨਾਲ, (ਦੁੱਖਾਂ ਤੋਂ) ਗਿਲਾ ਕਰਨ ਨਾਲ। ਹਾਰੀਐ = ਹਾਰ ਹੀ ਮੰਨਣੀ ਪੈਂਦੀ ਹੈ।

ਅਰਥ: ਹੇ ਨਾਨਕ! (ਇਹ ਜੋ) ਦੁਖ ਛੱਡ ਕੇ ਸੁਖ ਪਏ ਮੰਗਦੇ ਹਨ, ਅਜੇਹਾ ਬੋਲਣਾ ਸਿਰ ਖਪਾਈ ਹੀ ਹੈ, ਸੁਖ ਤੇ ਦੁਖ ਦੋਵੇਂ ਪ੍ਰਭੂ ਦੇ ਦਰ ਤੋਂ ਕੱਪੜੇ ਮਿਲੇ ਹੋਏ ਹਨ ਜੋ, ਮਨੁੱਖ ਜਨਮ ਲੈ ਕੇ ਇਥੇ ਪਹਿਨਦੇ ਹਨ (ਭਾਵ, ਦੁੱਖਾਂ ਦੇ ਸੁਖਾਂ ਤੇ ਚੱਕਰ ਹਰੇਕ ਉੱਤੇ ਆਉਂਦੇ ਹੀ ਰਹਿੰਦੇ ਹਨ) ; ਸੋ ਜਿਸ ਦੇ ਸਾਹਮਣੇ ਇਤਰਾਜ਼ ਗਿਲਾ ਕੀਤਿਆਂ (ਅੰਤ) ਹਾਰ ਹੀ ਮੰਨਣੀ ਪੈਂਦੀ ਹੈ ਓਥੇ ਚੁੱਪ ਰਹਿਣਾ ਹੀ ਚੰਗਾ ਹੈ (ਭਾਵ ਰਜ਼ਾ ਵਿਚ ਤੁਰਨਾ ਸਭ ਤੋਂ ਚੰਗਾ ਹੈ) ।2।

ਪਉੜੀ ॥ ਚਾਰੇ ਕੁੰਡਾ ਦੇਖਿ ਅੰਦਰੁ ਭਾਲਿਆ ॥ ਸਚੈ ਪੁਰਖਿ ਅਲਖਿ ਸਿਰਜਿ ਨਿਹਾਲਿਆ ॥ ਉਝੜਿ ਭੁਲੇ ਰਾਹ ਗੁਰਿ ਵੇਖਾਲਿਆ ॥ ਸਤਿਗੁਰ ਸਚੇ ਵਾਹੁ ਸਚੁ ਸਮਾਲਿਆ ॥ ਪਾਇਆ ਰਤਨੁ ਘਰਾਹੁ ਦੀਵਾ ਬਾਲਿਆ ॥ ਸਚੈ ਸਬਦਿ ਸਲਾਹਿ ਸੁਖੀਏ ਸਚ ਵਾਲਿਆ ॥ ਨਿਡਰਿਆ ਡਰੁ ਲਗਿ ਗਰਬਿ ਸਿ ਗਾਲਿਆ ॥ ਨਾਵਹੁ ਭੁਲਾ ਜਗੁ ਫਿਰੈ ਬੇਤਾਲਿਆ ॥੨੪॥ {ਪੰਨਾ 149}

ਪਦ ਅਰਥ: ਅੰਦਰੁ = ਅੰਦਰਲਾ ਮਨ {ਨੋਟ: ਲਫ਼ਜ਼ 'ਅੰਦਰੁ' ਵਿਆਕਰਣ ਅਨੁਸਾਰ 'ਨਾਂਵ' ਹੈ, ਪਰ ਲਫ਼ਜ਼ 'ਅੰਦਰਿ' ਸੰਬੰਧਕ ਹੈ; ਜਿਵੇ 'ਖੁੰਢਾ ਅੰਦਰਿ ਰਖਿ ਕੈ' ॥2॥11॥ ਦੋਹਾਂ ਲਫ਼ਜ਼ਾਂ ਦਾ ਜੋੜ ਧਿਆਨ-ਜੋਗ ਹੈ}। ਅਲਖਿ = ਅੱਲਖ ਨੇ, ਅਦ੍ਰਿਸ਼ਟ ਪ੍ਰਭੂ ਨੇ। ਸਿਰਜਿ = (ਜਗਤ) ਪੈਦਾ ਕਰ ਕੇ। ਉਝੜਿ = ਔਝੜ ਵਿਚ, ਕੁਰਾਹ ਵਿਚ। ਗੁਰਿ = ਗੁਰੂ ਨੇ। ਵਾਹੁ = ਸਾਬਾਸ਼ੇ। ਸਤਿਗੁਰ ਵਾਹੁ = ਗੁਰੂ ਨੂੰ ਸ਼ਾਬਾਸ਼ੇ। ਘਰਾਹੁ = ਘਰੋਂ ਹੀ। ਗਰਬਿ = ਅਹੰਕਾਰ ਵਿਚ।

{ਨੋਟ: ਲਫ਼ਜ਼ 'ਭਾਲਿਆ', 'ਨਿਹਾਲਿਆ' ਆਦਿਕ 'ਭੂਤ-ਕਾਲ' ਵਿਚ ਹਨ, ਇਹਨਾਂ ਦਾ ਅਰਥ 'ਵਰਤਮਾਨ' ਵਿਚ ਕਰਨਾ ਹੈ। }

ਅਰਥ: ਜੋ ਮਨੁੱਖ ਚਾਰੇ ਤਰਫਾਂ ਵੇਖ ਕੇ (ਭਾਵ, ਬਾਹਰ ਚਵੀਂ ਪਾਸੀਂ ਭਟਕਣਾ ਛੱਡ ਕੇ) ਆਪਣਾ ਅੰਦਰ ਭਾਲਦਾ ਹੈ (ਉਸ ਨੂੰ ਦਿੱਸ ਪੈਂਦਾ ਹੈ ਕਿ) ਸੱਚੇ ਅਲੱਖ ਅਕਾਲ ਪੁਰਖ ਨੇ (ਜਗਤ) ਪੈਦਾ ਕਰਕੇ ਆਪ ਹੀ ਉਸ ਦੀ ਸੰਭਾਲ ਕੀਤੀ ਹੈ (ਭਾਵ, ਸੰਭਾਲ ਕਰ ਰਿਹਾ ਹੈ) ।

ਕੁਰਾਹੇ ਭਟਕ ਰਹੇ ਮਨੁੱਖ ਨੂੰ ਗੁਰੂ ਨੇ ਰਸਤਾ ਦਿਖਾਇਆ ਹੈ (ਰਾਹ ਗੁਰੂ ਵਿਖਾਂਦਾ ਹੈ) , ਸੱਚੇ ਸਤਿਗੁਰੂ ਨੂੰ ਸ਼ਾਬਾਸ਼ੇ ਹੈ (ਜਿਸ ਦੀ ਬਰਕਤਿ ਨਾਲ) ਸੱਚੇ ਪ੍ਰਭੂ ਨੂੰ ਸਿਮਰੀਦਾ ਹੈ। (ਜਿਸ ਮਨੁੱਖ ਦੇ ਅੰਦਰ ਸਤਿਗੁਰੂ ਨੇ ਗਿਆਨ ਦਾ) ਦੀਵਾ ਜਗਾ ਦਿੱਤਾ ਹੈ, ਉਸ ਨੂੰ ਆਪਣੇ ਅੰਦਰੋਂ ਹੀ (ਨਾਮ-) ਰਤਨ ਲੱਭ ਪਿਆ ਹੈ। (ਗੁਰੂ ਦੀ ਸ਼ਰਨ ਆ ਕੇ) ਸੱਚੇ ਸ਼ਬਦ ਦੀ ਰਾਹੀਂ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਕੇ (ਮਨੁੱਖ) ਸੁਖੀ ਹੋ ਜਾਂਦੇ ਹਨ, ਖਸਮ ਵਾਲੇ ਹੋ ਜਾਂਦੇ ਹਨ।

(ਪਰ) ਜਿਨ੍ਹਾਂ ਪ੍ਰਭੂ ਦਾ ਡਰ ਨਹੀਂ ਰੱਖਿਆ ਉਹਨਾਂ ਨੂੰ (ਹੋਰ) ਡਰ ਮਾਰਦਾ ਹੈ, ਉਹ ਅਹੰਕਾਰ ਵਿਚ ਪਏ ਗਲਦੇ ਹਨ। ਪ੍ਰਭੂ ਦੇ ਨਾਮ ਤੋਂ ਭੁੱਲਾ ਹੋਇਆ ਜਗਤ ਬੇ-ਤਾਲ (ਬੇ ਥਵ੍ਹਾ) ਫਿਰਦਾ ਹੈ। 24।

ਸਲੋਕੁ ਮਃ ੩ ॥ ਭੈ ਵਿਚਿ ਜੰਮੈ ਭੈ ਮਰੈ ਭੀ ਭਉ ਮਨ ਮਹਿ ਹੋਇ ॥ ਨਾਨਕ ਭੈ ਵਿਚਿ ਜੇ ਮਰੈ ਸਹਿਲਾ ਆਇਆ ਸੋਇ ॥੧॥ {ਪੰਨਾ 149}

ਪਦ ਅਰਥ: ਭੈ ਵਿਚਿ = ਸਹਮ ਵਿਚ। ਭਉ = ਸਹਮ। ਭੈ ਵਿਚਿ = ਪ੍ਰਭੂ ਦੇ ਡਰ ਵਿਚ। ਸਹਿਲਾ = ਸਫਲਾ। ਮਰੈ = ਅਪਣੱਤ ਗਵਾਂਦਾ ਹੈ।

ਅਰਥ: ਜਗਤ ਸਹਮ ਵਿਚ ਜੰਮਦਾ ਹੈ, ਸਹਮ ਵਿਚ ਹੀ ਮਰਦਾ ਹੈ, ਸਦਾ ਹੀ ਸਹਮ ਇਸ ਦੇ ਮਨ ਵਿਚ ਟਿਕਿਆ ਰਹਿੰਦਾ ਹੈ; (ਪਰ) ਹੇ ਨਾਨਕ! ਜੋ ਮਨੁੱਖ ਪਰਮਾਤਮਾ ਦੇ ਡਰ ਵਿਚ ਆਪਾ-ਭਾਵ ਮਾਰਦਾ ਹੈ ਉਸ ਦਾ ਜੰਮਣਾ ਮੁਬਾਰਕ ਹੈ (ਜਗਤ ਦੀ ਮਮਤਾ ਮਨੁੱਖ ਦੇ ਅੰਦਰ ਸਹਮ ਪੈਦਾ ਕਰਦੀ ਹੈ, ਜਦੋਂ ਇਹ ਅਪਣੱਤ ਤੇ ਮਮਤਾ ਮੁੱਕ ਜਾਏ ਤਦੋਂ ਕਿਸੇ ਚੀਜ਼ ਦੇ ਖੁੱਸਣ ਦਾ ਸਹਮ ਨਹੀਂ ਰਹਿੰਦਾ) ।1।

ਮਃ ੩ ॥ ਭੈ ਵਿਣੁ ਜੀਵੈ ਬਹੁਤੁ ਬਹੁਤੁ ਖੁਸੀਆ ਖੁਸੀ ਕਮਾਇ ॥ ਨਾਨਕ ਭੈ ਵਿਣੁ ਜੇ ਮਰੈ ਮੁਹਿ ਕਾਲੈ ਉਠਿ ਜਾਇ ॥੨॥ {ਪੰਨਾ 149}

ਪਦ ਅਰਥ: ਮੁਹਿ ਕਾਲੈ = ਕਾਲੇ ਮੂੰਹ ਨਾਲ, (ਭਾਵ) , ਬਦਨਾਮੀ ਖੱਟ ਕੇ।

ਅਰਥ: ਪਰਮਾਤਮਾ ਦਾ ਡਰ ਹਿਰਦੇ ਵਿਚ ਵਸਾਣ ਤੋਂ ਬਿਨਾ ਜੋ ਮਨੁੱਖ ਲੰਮੀ ਉਮਰ ਭੀ ਜੀੳਂੂਦਾ ਰਹੇ ਤੇ ਬੜੀਆਂ ਮੌਜਾਂ ਮਾਣਦਾ ਰਹੇ, ਤਾਂ ਭੀ, ਹੇ ਨਾਨਕ! ਜੇ ਪ੍ਰਭੂ ਦਾ ਡਰ ਹਿਰਦੇ ਵਿਚ ਵਸਾਉਣ ਤੋਂ ਬਿਨਾ ਹੀ ਮਰਦਾ ਹੈ ਤਾਂ ਮੁਕਾਲਖ ਖੱਟ ਕੇ ਹੀ ਇਥੋਂ ਜਾਂਦਾ ਹੈ।2।

ਪਉੜੀ ॥ ਸਤਿਗੁਰੁ ਹੋਇ ਦਇਆਲੁ ਤ ਸਰਧਾ ਪੂਰੀਐ ॥ ਸਤਿਗੁਰੁ ਹੋਇ ਦਇਆਲੁ ਨ ਕਬਹੂੰ ਝੂਰੀਐ ॥ ਸਤਿਗੁਰੁ ਹੋਇ ਦਇਆਲੁ ਤਾ ਦੁਖੁ ਨ ਜਾਣੀਐ ॥ ਸਤਿਗੁਰੁ ਹੋਇ ਦਇਆਲੁ ਤਾ ਹਰਿ ਰੰਗੁ ਮਾਣੀਐ ॥ ਸਤਿਗੁਰੁ ਹੋਇ ਦਇਆਲੁ ਤਾ ਜਮ ਕਾ ਡਰੁ ਕੇਹਾ ॥ ਸਤਿਗੁਰੁ ਹੋਇ ਦਇਆਲੁ ਤਾ ਸਦ ਹੀ ਸੁਖੁ ਦੇਹਾ ॥ ਸਤਿਗੁਰੁ ਹੋਇ ਦਇਆਲੁ ਤਾ ਨਵ ਨਿਧਿ ਪਾਈਐ ॥ ਸਤਿਗੁਰੁ ਹੋਇ ਦਇਆਲੁ ਤ ਸਚਿ ਸਮਾਈਐ ॥੨੫॥ {ਪੰਨਾ 149}

ਪਦ ਅਰਥ: ਸਰਧਾ = ਸਿਧਕ, ਭਰੋਸਾ। ਦਇਆਲੁ = ਮਿਹਰਬਾਨ। ਪੂਰੀਐ = ਪੂਰਾ, ਪੱਕਾ।

ਅਰਥ: ਜਿਸ ਮਨੁੱਖ ਉੱਤੇ ਸਤਿਗੁਰੂ ਕਿਰਪਾ ਕਰੇ (ਉਸ ਦੇ ਅੰਦਰ ਪਰਮਾਤਮਾ ਉੱਤੇ) ਪੱਕਾ ਭਰੋਸਾ ਬੱਝ ਜਾਂਦਾ ਹੈ, ਉਹ (ਕਿਸੇ ਦੁੱਖ-ਕਲੇਸ਼ ਦੇ ਆਉਣ ਤੇ) ਕਦੇ ਗਿਲਾ ਗੁਜ਼ਾਰੀ ਨਹੀਂ ਕਰਦਾ (ਕਿਉਂਕਿ) ਉਹ (ਕਿਸੇ ਆਏ ਦੁੱਖ ਨੂੰ) ਦੁੱਖ ਨਹੀਂ ਸਮਝਦਾ, ਸਦਾ ਪ੍ਰਭੂ ਦੇ ਮੇਲ ਦਾ ਆਨੰਦ ਮਾਣਦਾ ਹੈ। (ਦੁੱਖ ਕਲੇਸ਼ ਤਾਂ ਕਿਤੇ ਰਿਹਾ) ਉਸ ਨੂੰ ਜਮ ਦਾ ਭੀ ਡਰ ਨਹੀਂ ਰਹਿੰਦਾ (ਇਸ ਤਰ੍ਹਾਂ) ਉਸ ਦੇ ਸਰੀਰ ਨੂੰ ਸਦਾ ਸੁਖ ਰਹਿੰਦਾ ਹੈ। ਜਿਸ ਉਤੇ ਗੁਰੂ ਦਇਆਵਾਨ ਹੋ ਜਾਏ ਉਸ ਨੂੰ (ਮਾਨੋ) ਜਗਤ ਦੇ ਨੌਂ ਹੀ ਖ਼ਜ਼ਾਨੇ ਮਿਲ ਪਏ ਹਨ (ਕਿਉਂਕਿ) ਉਹ ਤਾਂ (ਖ਼ਜ਼ਾਨਿਆਂ ਦੇ ਮਾਲਕ) ਸੱਚੇ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ। 24।

ਸਲੋਕੁ ਮਃ ੧ ॥ ਸਿਰੁ ਖੋਹਾਇ ਪੀਅਹਿ ਮਲਵਾਣੀ ਜੂਠਾ ਮੰਗਿ ਮੰਗਿ ਖਾਹੀ ॥ ਫੋਲਿ ਫਦੀਹਤਿ ਮੁਹਿ ਲੈਨਿ ਭੜਾਸਾ ਪਾਣੀ ਦੇਖਿ ਸਗਾਹੀ ॥ ਭੇਡਾ ਵਾਗੀ ਸਿਰੁ ਖੋਹਾਇਨਿ ਭਰੀਅਨਿ ਹਥ ਸੁਆਹੀ ॥ ਮਾਊ ਪੀਊ ਕਿਰਤੁ ਗਵਾਇਨਿ ਟਬਰ ਰੋਵਨਿ ਧਾਹੀ ॥ ਓਨਾ ਪਿੰਡੁ ਨ ਪਤਲਿ ਕਿਰਿਆ ਨ ਦੀਵਾ ਮੁਏ ਕਿਥਾਊ ਪਾਹੀ ॥ ਅਠਸਠਿ ਤੀਰਥ ਦੇਨਿ ਨ ਢੋਈ ਬ੍ਰਹਮਣ ਅੰਨੁ ਨ ਖਾਹੀ ॥ ਸਦਾ ਕੁਚੀਲ ਰਹਹਿ ਦਿਨੁ ਰਾਤੀ ਮਥੈ ਟਿਕੇ ਨਾਹੀ ॥ ਝੁੰਡੀ ਪਾਇ ਬਹਨਿ ਨਿਤਿ ਮਰਣੈ ਦੜਿ ਦੀਬਾਣਿ ਨ ਜਾਹੀ ॥ ਲਕੀ ਕਾਸੇ ਹਥੀ ਫੁੰਮਣ ਅਗੋ ਪਿਛੀ ਜਾਹੀ ॥ ਨਾ ਓਇ ਜੋਗੀ ਨਾ ਓਇ ਜੰਗਮ ਨਾ ਓਇ ਕਾਜੀ ਮੁੰਲਾ ॥ ਦਯਿ ਵਿਗੋਏ ਫਿਰਹਿ ਵਿਗੁਤੇ ਫਿਟਾ ਵਤੈ ਗਲਾ ॥ ਜੀਆ ਮਾਰਿ ਜੀਵਾਲੇ ਸੋਈ ਅਵਰੁ ਨ ਕੋਈ ਰਖੈ ॥ ਦਾਨਹੁ ਤੈ ਇਸਨਾਨਹੁ ਵੰਜੇ ਭਸੁ ਪਈ ਸਿਰਿ ਖੁਥੈ ॥ ਪਾਣੀ ਵਿਚਹੁ ਰਤਨ ਉਪੰਨੇ ਮੇਰੁ ਕੀਆ ਮਾਧਾਣੀ ॥ ਅਠਸਠਿ ਤੀਰਥ ਦੇਵੀ ਥਾਪੇ ਪੁਰਬੀ ਲਗੈ ਬਾਣੀ ॥ ਨਾਇ ਨਿਵਾਜਾ ਨਾਤੈ ਪੂਜਾ ਨਾਵਨਿ ਸਦਾ ਸੁਜਾਣੀ ॥ ਮੁਇਆ ਜੀਵਦਿਆ ਗਤਿ ਹੋਵੈ ਜਾਂ ਸਿਰਿ ਪਾਈਐ ਪਾਣੀ ॥ ਨਾਨਕ ਸਿਰਖੁਥੇ ਸੈਤਾਨੀ ਏਨਾ ਗਲ ਨ ਭਾਣੀ ॥ ਵੁਠੈ ਹੋਇਐ ਹੋਇ ਬਿਲਾਵਲੁ ਜੀਆ ਜੁਗਤਿ ਸਮਾਣੀ ॥ ਵੁਠੈ ਅੰਨੁ ਕਮਾਦੁ ਕਪਾਹਾ ਸਭਸੈ ਪੜਦਾ ਹੋਵੈ ॥ ਵੁਠੈ ਘਾਹੁ ਚਰਹਿ ਨਿਤਿ ਸੁਰਹੀ ਸਾ ਧਨ ਦਹੀ ਵਿਲੋਵੈ ॥ ਤਿਤੁ ਘਿਇ ਹੋਮ ਜਗ ਸਦ ਪੂਜਾ ਪਇਐ ਕਾਰਜੁ ਸੋਹੈ ॥ ਗੁਰੂ ਸਮੁੰਦੁ ਨਦੀ ਸਭਿ ਸਿਖੀ ਨਾਤੈ ਜਿਤੁ ਵਡਿਆਈ ॥ ਨਾਨਕ ਜੇ ਸਿਰਖੁਥੇ ਨਾਵਨਿ ਨਾਹੀ ਤਾ ਸਤ ਚਟੇ ਸਿਰਿ ਛਾਈ ॥੧॥ ਮਃ ੨ ॥ {ਪੰਨਾ 149-150}

{ਨੋਟ: ਜੈਨੀਆਂ ਦੇ ਗੁਰੂ 'ਸਰੇਵੜੇ' ਅਹਿੰਸਾ ਦੇ ਪੁਜਾਰੀ ਹਨ। ਤਾਜ਼ਾ ਸਾਫ਼ ਪਾਣੀ ਨਹੀਂ ਪੀਂਦੇ ਕਿ ਜੀਵ-ਹਿੰਸਾ ਨਾ ਹੋ ਜਾਏ, ਸੱਜਰੀ ਰੋਟੀ ਪਕਾਂਦੇ ਖਾਂਦੇ ਨਹੀਂ। ਪਖ਼ਾਨੇ ਨੂੰ ਫੋਲਦੇ ਹਨ ਕਿ ਜੀਵ ਪੈਦਾ ਨਾ ਹੋਣ। ਇਸ਼ਨਾਨ ਨਹੀਂ ਕਰਦੇ; ਗੱਲ ਕੀ ਜੀਵ-ਹਿੰਸਾ ਨੂੰ ਉਹਨਾਂ ਇਤਨਾ ਵਹਿਮ ਬਣਾ ਲਿਆ ਹੈ ਕਿ ਬੜੇ ਗੰਦੇ ਰਹਿੰਦੇ ਹਨ। ਹਰੇਕ ਦੇ ਹੱਥ ਵਿਚ ਇਕ ਚਉਰੀ ਹੁੰਦੀ ਹੈ; ਨੰਗੀ ਪੈਰੀਂ ਇਕਿ ਕਤਾਰ ਵਿਚ ਤੁਰਦੇ ਹਨ ਕਿ ਕਿਤੇ ਕੋਈ ਕੀੜੀ ਪੈਰ ਹੇਠ ਆ ਕੇ ਮਰ ਨਾ ਜਾਏ, ਸਭ ਤੋਂ ਅਗਲਾ ਆਦਮੀ ਉਸ ਚਉਰੀ ਨਾਲ, ਰਾਹ ਵਿਚ ਆਏ ਕੀੜੇ ਨੂੰ ਪਰੇ ਹਟਾ ਦੇਂਦਾ ਹੈ। ਆਪਣੀ ਹੱਥੀ ਕੋਈ ਕੰਮ-ਕਾਰ ਨਹੀਂ ਕਰਦੇ, ਮੰਗ ਕੇ ਖਾ ਛੱਡਦੇ ਹਨ; ਜਿਥੇ ਬੈਠਦੇ ਹਨ ਸਿਰ ਸੁੱਟ ਬੈਠਦੇ ਹਨ, ਨਿੱਤ ਉਦਾਸ, ਅੰਦਰ ਕੋਈ ਚਾਉ ਜਾਂ ਖ਼ੁਸ਼ੀ ਨਹੀਂ; ਜਿਵੇਂ ਫੂਹੜੀ ਪਾਈ ਬੈਠੇ। ਸੋ, ਦੁਨੀਆ ਗਵਾਈ ਇਹਨਾਂ ਇਸ ਤਰ੍ਹਾਂ। ਪਰ, ਦੀਨ ਭੀ ਨਹੀਂ ਸਵਾਰਦੇ; ਇਕੋ ਜੀਵ-ਹਿੰਸਾ ਦਾ ਵਹਿਮ ਲਾਈ ਰੱਖਦੇ ਹਨ; ਨਾ ਕੋਈ ਹਿੰਦੁ ਮਤ ਦੀ ਮਰਯਾਦਾ ਨਾ ਕੋਈ ਮੁਸਲਮਾਨੀ ਜੀਵਨ ਜੁਗਤਿ, ਨਾਹ ਦਾਨ ਨਾਹ ਪੁੰਨ, ਨਾਹ ਕੋਈ ਪੂਜਾ-ਪਾਠ ਨਾਹ ਬੰਦਗੀ, ਰੱਬ ਵਲੋਂ ਭੀ ਗਏ-ਗਵਾਤੇ।

ਇਹ ਸ਼ਬਦ ਇਹਨਾਂ 'ਸਰੇਵੜਿਆਂ' ਬਾਰੇ ਹੈ। }

ਪਦ ਅਰਥ: ਮਲਵਾਣੀ = ਮੈਲਾ ਪਾਣੀ, ਧੋਣ-ਧਾਣ। ਫਦੀਹਤਿ = {ਅਰਬੀ, ਫਜ਼ੀਅਤਿ ਦੇ 'ਜ਼' ਨੂੰ 'ਦ' ਭੀ ਪੜ੍ਹਿਆ ਜਾਂਦਾ ਹੈ; ਫ਼ਜੂਲ = ਫਾਦਲ; ਕਾਜ਼ੀ = ਕਾਦੀ} ਪਖਾਨਾ। ਭੜਾਸਾ = ਹਵਾੜ। ਸਗਾਹੀ = ਸੰਗਦੇ ਹਨ। ਭਰਿਅਨਿ = ਭਰੇ ਜਾਂਦੇ ਹਨ। ਮਾਉ ਪੀਉ ਕਿਰਤੁ = ਮਾਪਿਆਂ ਵਾਲਾ ਕੰਮ-ਕਾਰ, ਰੋਜ਼ੀ ਕਮਾਣ ਦਾ ਕੰਮ। ਧਾਹੀ = ਢਾਹਾਂ ਮਾਰ ਕੇ। ਕਿਥਾਉ = ਪਤਾ ਨਹੀਂ ਕਿਥੇ। ਕੁਚੀਲ = ਗੰਦੇ। ਟਿਕੇ = ਟਿੱਕੇ, ਤਿਲਕ। ਝੁੰਡੀ ਪਾਇ = ਉਂਧੀ ਪਾ ਕੇ, ਧੌਣ ਸੁਟ ਕੇ। ਦੜਿ ਦੀਬਾਣਿ = ਕਿਸੇ ਦੜੇ-ਦੀਵਾਨ ਵਿਚ, ਕਿਸੇ ਸਭਾ-ਦੀਵਾਨ ਵਿਚ। ਕਾਸੇ = ਪਿਆਲੇ। ਅਗੋ ਪਿਛੀ = ਇੱਕ ਕਤਾਰ ਵਿਚ। ਜੰਗਮ = ਸ਼ਿਵ ਉਪਾਸ਼ਕ ਜੋ ਟੱਲੀਆਂ ਖੜਕਾ ਕੇ ਮੰਗਦੇ ਫਿਰਦੇ ਹਨ। ਦਯਿ = ਰੱਬ ਵਲੋਂ {ਦਯੁ = ਪਿਆਰ ਕਰਨ ਵਾਲਾ ਪਰਮਾਤਮਾ}। ਵਿਗੋਏ = ਖੁੰਝੇ ਹੋਏ। ਵਿਗੁਤੇ = ਖ਼ੁਆਰ। ਫਿਟਾ = ਫਿਟਕਾਰਿਆ ਹੋਇਆ, ਊਤਿਆ ਹੋਇਆ। ਗਲਾ = ਗੱਲਾਂ, ਕੋੜਮਾ, ਸਾਰਾ ਹੀ ਟੋਲਾ। ਵੰਜੇ = ਵਾਂਜੇ ਹੋਏ, ਖੁੰਝੇ ਹੋਏ। ਭਸੁ = ਸੁਆਹ। ਮੇਰੁ = ਸੁਮੇਰ ਪਰਬਤ। ਦੇਵੀ = ਦੇਵਤਿਆਂ। ਪੁਰਬੀ = ਧਾਰਮਿਕ ਮੇਲੇ। ਬਾਣੀ = ਕਥਾ-ਵਾਰਤਾ। ਨਾਇ = ਨ੍ਹਾ ਕੇ। ਸੁਜਾਣੀ = ਸੁਚੱਜੇ। ਮੁਇਆ ਜੀਵਦਿਆ = ਮਰਨ ਜੀਵਨ ਪ੍ਰਯੰਤ, ਸਾਰੀ ਉਮਰ, ਜੰਮਣ ਤੋਂ ਮਰਨ ਤਕ। ਗਤਿ = ਸੁਥਰੀ ਹਾਲਤ। ਵੁਠੇ = ਮੀਂਹ ਪਿਆਂ। ਸੁਰਹੀ = ਗਾਈਆਂ। ਬਿਲਾਵਲੁ = ਖ਼ੁਸ਼ੀ, ਚਾਉ। ਸਾਧਨ = ਇਸਤ੍ਰੀ। ਵਿਲੋਵੈ = ਰਿੜਕਦੀ ਹੈ। ਤਿਤੁ ਘਿਇ = ਉਸ ਘਿਉ ਨਾਲ। ਪਈਐ = (ਘਿਉ) ਪਿਆਂ, ਘਿਉ ਵਰਤਿਆਂ। ਨਦੀ ਸਭਿ = ਸਾਰੇ ਦਰੀਆ। ਸਿਖੀ = (ਗੁਰੂ ਦੀ) ਸਿੱਖਿਆ। ਜਿਤੁ = ਜਿਸ ਵਿਚ। ਚਟੇ = ਚੱਟੇ, ਮੁੱਠਾਂ। ਛਾਈ = ਸੁਆਹ।

ਅਰਥ: (ਇਹ ਸਰੇਵੜੇ ਜੀਵ-ਹਿੰਸਾ ਦੇ ਵਹਿਮ ਵਿਚ) ਸਿਰ (ਦੇ ਵਾਲ) ਪੁਟਾ ਕੇ (ਕਿ ਕਿਤੇ ਜੂਆਂ ਨਾ ਪੈ ਜਾਣ) ਮੈਲਾ ਪਾਣੀ ਪੀਂਦੇ ਹਨ ਤੇ ਜੂਠੀ ਰੋਟੀ ਮੰਗ ਮੰਗ ਕੇ ਖਾਂਦੇ ਹਨ; (ਆਪਣੇ) ਪਖ਼ਾਨੇ ਨੂੰ ਫੋਲ ਕੇ ਮੂੰਹ ਵਿਚ (ਗੰਦੀ) ਹਵਾੜ ਲੈਂਦੇ ਹਨ ਤੇ ਪਾਣੀ ਵੇਖ ਕੇ (ਇਸ ਤੋਂ) ਸੰਗਦੇ ਹਨ (ਭਾਵ, ਪਾਣੀ ਨਹੀਂ ਵਰਤਦੇ) । ਭੇਡਾਂ ਵਾਂਗ ਸਿਰ (ਦੇ ਵਾਲ) ਪੁਟਾਂਦੇ ਹਨ, (ਵਾਲ ਪੁੱਟਣ ਵਾਲਿਆਂ ਦੇ) ਹੱਥ ਸੁਆਹ ਨਾਲ ਭਰੇ ਜਾਂਦੇ ਹਨ। ਮਾਪਿਆਂ ਵਾਲਾ ਕੀਤਾ ਕੰਮ (ਭਾਵ, ਹੱਥੀਂ ਕਮਾਈ ਕਰ ਕੇ ਟੱਬਰ ਪਾਲਣ ਦਾ ਕੰਮ) ਛੱਡ ਬੈਠਦੇ ਹਨ (ਇਸ ਲਈ) ਇਹਨਾਂ ਦੇ ਟੱਬਰ ਢਾਹਾਂ ਮਾਰ ਮਾਰ ਰੋਂਦੇ ਹਨ।

(ਇਹ ਲੋਕ ਤਾਂ ਇਉਂ ਗਵਾਇਆ, ਅੱਗੇ ਇਹਨਾਂ ਦੇ ਪਰਲੋਕ ਦਾ ਹਾਲ ਸੁਣੋ) ਨਾ ਤਾਂ ਹਿੰਦੂ-ਮਤ ਅਨੁਸਾਰ (ਮਰਨ ਪਿੱਛੋਂ) ਪਿੰਡ ਪੱਤਲ ਕਿਰਿਆ ਦੀਵਾ ਆਦਿਕ ਦੀ ਰਸਮ ਕਰਦੇ ਹਨ, ਮਰੇ ਹੋਏ ਪਤਾ ਨਹੀਂ ਕਿਥੇ ਜਾ ਪੈਂਦੇ ਹਨ (ਭਾਵ ਪਰਲੋਕ ਸਵਾਰਨ ਦਾ ਕੋਈ ਆਹਰ ਨਹੀਂ ਹੈ) (ਹਿੰਦੂਆਂ ਦੇ) ਅਠਾਹਠ ਤੀਰਥ ਇਹਨਾਂ ਨੂੰ ਢੋਈ ਨਹੀਂ ਦੇਂਦੇ (ਭਾਵ ਹਿੰਦੂਆਂ ਵਾਂਗ ਤੀਰਥਾਂ ਤੇ ਭੀ ਨਹੀਂ ਜਾਂਦੇ) , ਬ੍ਰਾਹਮਣ (ਇਹਨਾਂ ਦਾ) ਅੰਨ ਨਹੀਂ ਖਾਂਦੇ (ਭਾਵ ਬ੍ਰਾਹਮਣਾਂ ਦੀ ਭੀ ਸੇਵਾ ਨਹੀਂ ਕਰਦੇ) । ਸਦਾ ਦਿਨ ਰਾਤ ਬੜੇ ਗੰਦੇ ਰਹਿੰਦੇ ਹਨ ਮੱਥੇ ਉਤੇ ਤਿਲਕ ਨਹੀਂ ਲਾਉਂਦੇ (ਭਾਵ, ਨ੍ਹਾ ਧੋ ਕੇ ਸਰੀਰ ਨੂੰ ਸਾਫ਼-ਸੁਥਰਾ ਭੀ ਨਹੀਂ ਕਰਦੇ) ਸਦਾ ਧੌਣ ਸੁੱਟ ਕੇ ਬੈਠਦੇ ਹਨ ਜਿਵੇਂ ਕਿਸੇ ਦੇ ਮਰਨ ਦਾ ਸੋਗ ਕਰ ਰਹੇ ਹਨ (ਭਾਵ, ਇਹਨਾਂ ਦੇ ਅੰਦਰ ਕੋਈ ਆਤਮਕ ਹੁਲਾਰਾ ਭੀ ਨਹੀਂ ਹੈ) , ਕਿਸੇ ਸਤਸੰਗ ਆਦਿਕ ਵਿਚ ਭੀ ਕਦੇ ਨਹੀਂ ਜਾਂਦੇ, ਲੱਕਾਂ ਨਾਲ ਪਿਆਲੇ ਬੱਧੇ ਹੋਏ ਹਨ, ਹੱਥਾਂ ਵਿਚ ਚਉਰੀਆਂ ਫੜੀਆਂ ਹੋਈਆਂ ਹਨ ਤੇ (ਜੀਵ-ਹਿੰਸਾ ਦੇ ਡਰ ਤੋਂ) ਇੱਕ ਕਤਾਰ ਵਿਚ ਤੁਰਦੇ ਹਨ। ਨਾ ਇਹਨਾਂ ਦੀ ਜੋਗੀਆਂ ਵਾਲੀ ਰਹੁਰੀਤ, ਨਾ ਜੰਗਮਾਂ ਵਾਲੀ ਤੇ ਨਾ ਕਾਜ਼ੀ ਮੌਲਵੀਆਂ ਵਾਲੀ। ਰੱਬ ਵੱਲੋਂ (ਭੀ) ਖੁੰਝੇ ਹੋਏ ਭਟਕਦੇ ਹਨ (ਭਾਵ, ਪਰਮਾਤਮਾ ਦੀ ਬੰਦਗੀ ਵਿਚ ਭੀ ਇਹਨਾਂ ਦੀ ਕੋਈ ਸ਼ਰਧਾ ਨਹੀਂ) ਇਹ ਸਾਰਾ ਆਵਾ ਹੀ ਊਤਿਆ ਹੋਇਆ ਹੈ।

(ਇਹ ਵਿਚਾਰੇ ਨਹੀਂ ਸਮਝਦੇ ਕਿ) ਜੀਵਾਂ ਨੂੰ ਮਾਰਨ ਜੀਵਾਲਣ ਵਾਲਾ ਪ੍ਰਭੂ ਆਪ ਹੀ ਹੈ, ਪ੍ਰਭੂ ਤੋਂ ਬਿਨਾ ਕੋਈ ਹੋਰ ਇਹਨਾਂ ਨੂੰ (ਜੀਊਂਦਾ) ਰੱਖ ਨਹੀਂ ਸਕਦਾ (ਜੀਵ-ਹਿੰਸਾ ਦੇ ਵਹਿਣ ਵਿਚ ਪੈ ਕੇ, ਕਿਰਤ ਕਮਾਈ ਛੱਡ ਕੇ) ਇਹ ਦਾਨ ਅਤੇ ਇਸ਼ਨਾਨ ਤੋਂ ਵਾਂਜੇ ਹੋਏ ਹਨ, ਸੁਆਹ ਪਈ ਅਜਿਹੇ ਖੁੱਥੇ ਹੋਏ ਸਿਰ ਉੱਤੇ। (ਇਹ ਲੋਕ ਸਾਫ਼ ਪਾਣੀ ਨਹੀਂ ਪੀਂਦੇ ਤੇ ਪਾਣੀ ਵਿਚ ਨ੍ਹਾਉਂਦੇ ਭੀ ਨਹੀਂ ਹਨ, ਇਹ ਗੱਲ ਨਹੀਂ ਸਮਝਦੇ ਕਿ ਜਦੋਂ ਦੇਵਤਿਆਂ ਨੇ) ਸੁਮੇਰ ਪਰਬਤ ਨੂੰ ਮਧਾਣੀ ਬਣਾ ਕੇ (ਸਮੁੰਦਰ ਰਿੜਕਿਆ ਦੀ) ਤਦੋਂ (ਪਾਣੀ ਵਿਚੋਂ) ਹੀ ਰਤਨ ਨਿਕਲੇ ਸਨ (ਭਾਵ, ਇਸ ਗੱਲ ਨੂੰ ਤਾਂ ਲੋਕ ਪੁਰਾਣੇ ਸਮਿਆਂ ਤੋਂ ਹੀ ਜਾਣਦੇ ਹਨ, ਕਿ ਪਾਣੀ ਵਿਚੋਂ ਬੇਅੰਤ ਕੀਮਤੀ ਪਦਾਰਥ ਨਿਕਲਦੇ ਹਨ ਜੋ ਮਨੁੱਖ ਦੇ ਕੰਮ ਆਉਂਦੇ ਹਨ, ਆਖ਼ਰ ਉਹ ਪਾਣੀ ਵਿਚ ਵੜਿਆਂ ਹੀ ਨਿਕਲਣਗੇ) । (ਪਾਣੀ ਦੀ ਬਰਕਤਿ ਨਾਲ ਹੀ) ਦੇਵਤਿਆ ਲਈ ਅਠਾਰਹ ਤੀਰਥ ਬਣਾਏ ਗਏ ਜਿੱਥੇ ਪੁਰਬ ਲੱਗਦੇ ਹਨ, ਕਥਾ-ਵਾਰਤਾ ਹੁੰਦੀ ਹੈ। ਨ੍ਹਾ ਕੇ ਹੀ ਨਮਾਜ਼ ਪੜ੍ਹੀਦੀ ਹੈ। ਨ੍ਹਾ ਕੇ ਹੀ ਪੂਜਾ ਹੁੰਦੀ ਹੈ। ਸੁਚੱਜੇ ਬੰਦੇ ਨਿੱਤ ਇਸ਼ਨਾਨ ਕਰਦੇ ਹਨ ਸਾਰੀ ਉਮਰ ਹੀ ਮਨੁੱਖ ਦੀ ਸੁਅੱਛ ਹਾਲਤ ਤਾਂ ਹੀ ਰਹਿ ਸਕਦੀ ਹੈ, ਜੇ ਇਸ਼ਨਾਨ ਕਰੇ ਪਰ ਹੇ ਨਾਨਕ! ਇਹ ਸਿਰ-ਖੁੱਥੇ ਅਜਿਹੇ ਉਲਟੇ ਰਾਹ ਪਏ ਹਨ (ਅਜਿਹੇ ਸ਼ੈਤਾਨ ਹਨ) ਕਿ ਇਹਨਾਂ ਨੂੰ ਇਸ਼ਨਾਨ ਵਾਲੀ ਗੱਲ ਚੰਗੀ ਨਹੀਂ ਲੱਗੀ

(ਪਾਣੀ ਦੀਆਂ ਹੋਰ ਬਰਕਤਾਂ ਤੱਕੋ) ਮੀਂਹ ਪਿਆਂ (ਸਭ ਜੀਵਾਂ ਦੇ ਅੰਦਰ) ਖ਼ੁਸ਼ੀ ਪੈਦਾ ਹੁੰਦੀ ਹੈ। ਜੀਵਾਂ ਦੀ ਜੀਵਨ ਜੁਗਤਿ ਹੀ (ਪਾਣੀ ਵਿਚ) ਟਿਕੀ ਹੋਈ ਹੈ। ਮੀਂਹ ਪਿਆਂ ਅੰਨ ਪੈਦਾ ਹੁੰਦਾ ਹੈ, ਕਮਾਦ ਉੱਗਦਾ ਹੈ, ਕਪਾਹ ਹੁੰਦੀ ਹੈ, ਜੋ ਸਭਨਾਂ ਦਾ ਪੜਦਾ ਬਣਦੀ ਹੈ। ਮੀਂਹ ਪਿਆਂ (ਉੱਗਿਆ) ਘਾਹ ਗਾਈਆਂ ਚੁਗਦੀਆਂ ਹਨ (ਤੇ ਦੁੱਧ ਦੇਂਦੀਆਂ ਹਨ, ਉਸ ਦੁੱਧ ਤੋਂ ਬਣਿਆ) ਦਹੀਂ ਘਰ ਦੀ ਜ਼ਨਾਨੀ ਰਿੜਕਦੀ ਹੈ (ਤੇ ਘਿਉ ਬਣਾਂਦੀ ਹੈ) , ਉਸ ਘਿਉ ਨਾਲ ਹੀ ਸਦਾ ਹੋਮ-ਜੱਗ ਪੂਜਾ ਆਦਿਕ ਹੁੰਦੇ ਹਨ, ਇਹ ਘਿਉ ਪਿਆਂ ਹੀ ਹਰੇਕ ਕਾਰਜ ਸੋਭਦਾ ਹੈ।

(ਇਕ ਹੋਰ ਇਸ਼ਨਾਨ ਭੀ ਹੈ) ਸਤਿਗੁਰੂ (ਮਾਨੋ) ਸਮੁੰਦਰ ਹੈ ਉਸ ਦੀ ਸਿੱਖਿਆ (ਮਾਨੋ) ਸਾਰੀਆਂ ਨਦੀਆਂ ਹਨ, (ਇਸ ਗੁਰ-ਸਿੱਖਿਆ) ਵਿਚ ਨ੍ਹਾਉਣ ਨਾਲ (ਭਾਵ, ਸੁਰਤਿ ਜੋੜਨ ਨਾਲ) ਵਡਿਆਈ ਮਿਲਦੀ ਹੈ। ਹੇ ਨਾਨਕ! ਜੇ ਇਹ ਸਿਰ-ਖੁੱਥੇ (ਇਸ 'ਨਾਮ'-ਜਲ ਵਿਚ) ਇਸ਼ਨਾਨ ਨਹੀਂ ਕਰਦੇ, ਤਾਂ ਨਿਰੀ ਮੁਕਾਲਖ ਹੀ ਖੱਟਦੇ ਹਨ।1।

TOP OF PAGE

Sri Guru Granth Darpan, by Professor Sahib Singh