ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 150

ਅਗੀ ਪਾਲਾ ਕਿ ਕਰੇ ਸੂਰਜ ਕੇਹੀ ਰਾਤਿ ॥ ਚੰਦ ਅਨੇਰਾ ਕਿ ਕਰੇ ਪਉਣ ਪਾਣੀ ਕਿਆ ਜਾਤਿ ॥ ਧਰਤੀ ਚੀਜੀ ਕਿ ਕਰੇ ਜਿਸੁ ਵਿਚਿ ਸਭੁ ਕਿਛੁ ਹੋਇ ॥ ਨਾਨਕ ਤਾ ਪਤਿ ਜਾਣੀਐ ਜਾ ਪਤਿ ਰਖੈ ਸੋਇ ॥੨॥ {ਪੰਨਾ 150}

ਪਦ ਅਰਥ: ਕਿ = ਕੀਹ? ਕਿ ਕਰੇ = ਕੀਹ ਵਿਗਾੜ ਸਕਦਾ ਹੈ? ਸੂਰਜ = ਸੂਰਜ ਨੂੰ (ਸੰਪ੍ਰਦਾਨ ਕਾਰਕ ਹੈ) । ਪਉਣ = ਪਉਣ ਨੂੰ। ਚੀਜੀ = ਚੀਜ਼ਾਂ।

ਅਰਥ: ਅੱਗ ਨੂੰ ਪਾਲਾ ਕੀਹ ਕਰ ਸਕਦਾ ਹੈ? (ਭਾਵ, ਪਾਲਾ ਅੱਗ ਦਾ ਕੋਈ ਵਿਗਾੜ ਨਹੀਂ ਕਰ ਸਕਦਾ,) ਰਾਤ ਸੂਰਜ ਦਾ ਕੋਈ ਵਿਗਾੜ ਨਹੀਂ ਕਰ ਸਕਦੀ, ਹਨੇਰਾ ਚੰਦ੍ਰਮਾ ਦਾ ਕੋਈ ਨੁਕਸਾਨ ਨਹੀਂ ਕਰ ਸਕਦਾ, (ਕੋਈ ਉੱਚੀ ਨੀਵੀਂ) ਜਾਤਿ ਹਵਾ ਤੇ ਪਾਣੀ ਨੂੰ ਵਿਗਾੜ ਨਹੀਂ ਸਕਦੀ (ਭਾਵ, ਕੋਈ ਨੀਵੀਂ ਜਾਤਿ ਇਹਨਾਂ ਤੱਤਾਂ ਨੂੰ ਭਿੱਟ ਨਹੀਂ ਸਕਦੀ) । ਜਿਸ ਧਰਤੀ ਵਿਚ ਹਰੇਕ ਚੀਜ਼ ਪੈਦਾ ਹੁੰਦੀ ਹੈ, ਇਹ ਚੀਜ਼ਾਂ ਇਸ ਧਰਤੀ ਦਾ ਕੋਈ ਵਿਗਾੜ ਨਹੀਂ ਕਰ ਸਕਦੀਆਂ (ਇਹ ਤਾਂ ਪੈਦਾ ਹੀ ਧਰਤੀ ਵਿਚੋਂ ਹੋਈਆਂ ਹਨ।)

(ਇਸੇ ਤਰ੍ਹਾਂ) ਹੇ ਨਾਨਕ! ਉਹੀ ਇੱਜ਼ਤ (ਅਸਲੀ) ਸਮਝੋ (ਭਾਵ, ਸਿਰਫ ਉਸੇ ਇੱਜ਼ਤ ਨੂੰ ਕੋਈ ਵਿਗਾੜ ਨਹੀਂ ਸਕਦਾ) ਜੋ ਇੱਜ਼ਤ ਪ੍ਰਭੂ ਵੱਲੋਂ ਮਿਲੀ ਹੈ (ਪ੍ਰਭੂ-ਦਰ ਤੋਂ ਜੋ ਆਦਰ ਮਿਲੇ ਉਸ ਨੂੰ ਕੋਈ ਜੀਵ ਵਿਗਾੜ ਨਹੀਂ ਸਕਦਾ, ਇਸ ਦਰਗਾਹੀ ਆਦਰ ਲਈ ਉੱਦਮ ਕਰੋ) ।2।

ਪਉੜੀ ॥ ਤੁਧੁ ਸਚੇ ਸੁਬਹਾਨੁ ਸਦਾ ਕਲਾਣਿਆ ॥ ਤੂੰ ਸਚਾ ਦੀਬਾਣੁ ਹੋਰਿ ਆਵਣ ਜਾਣਿਆ ॥ ਸਚੁ ਜਿ ਮੰਗਹਿ ਦਾਨੁ ਸਿ ਤੁਧੈ ਜੇਹਿਆ ॥ ਸਚੁ ਤੇਰਾ ਫੁਰਮਾਨੁ ਸਬਦੇ ਸੋਹਿਆ ॥ ਮੰਨਿਐ ਗਿਆਨੁ ਧਿਆਨੁ ਤੁਧੈ ਤੇ ਪਾਇਆ ॥ ਕਰਮਿ ਪਵੈ ਨੀਸਾਨੁ ਨ ਚਲੈ ਚਲਾਇਆ ॥ ਤੂੰ ਸਚਾ ਦਾਤਾਰੁ ਨਿਤ ਦੇਵਹਿ ਚੜਹਿ ਸਵਾਇਆ ॥ ਨਾਨਕੁ ਮੰਗੈ ਦਾਨੁ ਜੋ ਤੁਧੁ ਭਾਇਆ ॥੨੬॥ {ਪੰਨਾ 150}

ਪਦ ਅਰਥ: ਸੁਬਹਾਨੁ = ਅਚਰਜ-ਰੂਪ। ਕਲਾਣਿਆ = ਮੈਂ ਵਡਿਆਈ ਕੀਤੀ ਹੈ। ਦੀਬਾਣੁ = ਹਾਕਮ, ਦੀਵਾਨ। ਹੋਰਿ = ਹੋਰ ਸਾਰੇ ਜੀਵ {ਲਫ਼ਜ਼ 'ਹੋਰ' ਤੋਂ ਬਹੁ-ਵਚਨ ਹੈ}। ਜਿ = ਜੋ ਜੀਵ। ਸੋਹਿਆ = ਸੋਹਣਾ ਲੱਗਾ ਹੈ। ਮੰਨਿਐ = (ਤੇਰਾ ਫ਼ੁਰਮਾਨ) ਮੰਨਣ ਨਾਲ। ਗਿਆਨੁ = ਅਸਲੀਅਤ ਦੀ ਸਮਝ। ਧਿਆਨੁ = ਉੱਚੀ ਟਿਕੀ ਸੁਰਤਿ। ਕਰਮਿ = ਤੇਰੀ ਮਿਹਰ ਨਾਲ। ਨੀਸਾਨੁ = ਮੱਥੇ ਤੇ ਲੇਖ।

ਅਰਥ: ਹੇ ਸੱਚੇ (ਪ੍ਰਭੂ) ! ਮੈਂ ਤੈਨੂੰ ਸਦਾ 'ਸੁਬਹਾਨੁ' (ਆਖ ਆਖ ਕੇ) ਵਡਿਆਉਂਦਾ ਹਾਂ; ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹਾਕਮ ਹੈਂ, ਹੋਰ ਸਾਰੇ ਜੀਵ ਜੰਮਦੇ ਮਰਦੇ ਰਹਿੰਦੇ ਹਨ। (ਹੇ ਪ੍ਰਭੂ!) ਜੋ ਬੰਦੇ ਤੇਰਾ ਸੱਚਾ ਨਾਮ-ਰੂਪ ਦਾਨ ਤੈਥੋਂ ਮੰਗਦੇ ਹਨ ਉਹ ਤੇਰੇ ਵਰਗੇ ਹੋ ਜਾਂਦੇ ਹਨ; ਤੇਰਾ ਅੱਟਲ ਹੁਕਮ (ਗੁਰ-) ਸ਼ਬਦ ਦੀ ਬਰਕਤਿ ਨਾਲ (ਉਹਨਾਂ ਨੂੰ) ਮਿੱਠਾ ਲੱਗਦਾ ਹੈ; ਤੇਰਾ ਹੁਕਮ ਮੰਨਣ ਨਾਲ ਅਸਲੀਅਤ ਦੀ ਸਮਝ ਤੇ ਉੱਚੀ ਟਿਕੀ ਸੁਰਤਿ ਤੇਰੇ ਪਾਸੋਂ ਉਹਨਾਂ ਨੂੰ ਹਾਸਲ ਹੁੰਦੀ ਹੈ। ਤੇਰੀ ਮਿਹਰ ਨਾਲ (ਉਹਨਾਂ ਦੇ ਮੱਥੇ ਤੇ ਇਹ ਸੋਹਣਾ) ਲੇਖ ਲਿਖਿਆ ਜਾਂਦਾ ਹੈ ਜੋ ਕਿਸੇ ਦਾ ਮਿਟਾਇਆ ਮਿਟਦਾ ਨਹੀਂ।

ਹੇ ਪ੍ਰਭੂ! ਤੂੰ ਸਦਾ ਬਖ਼ਸ਼ਸ਼ਾਂ ਕਰਨ ਵਾਲਾ ਹੈਂ, ਤੂੰ ਨਿੱਤ ਬਖ਼ਸ਼ਸ਼ਾਂ ਕਰਦਾ ਹੈਂ ਤੇ ਵਧੀਕ ਵਧੀਕ ਬਖ਼ਸ਼ਸ਼ਾਂ ਕਰੀ ਜਾਂਦਾ ਹੈਂ। ਨਾਨਕ (ਤੇਰੇ ਦਰ ਤੋਂ) ਉਹੀ ਦਾਨ ਮੰਗਦਾ ਹੈ ਜੋ ਤੈਨੂੰ ਚੰਗਾ ਲੱਗਦਾ ਹੈ (ਭਾਵ, ਤੇਰੀ ਰਜ਼ਾ ਵਿਚ ਰਾਜ਼ੀ ਰਹਿਣ ਦਾ ਦਾਨ ਮੰਗਦਾ ਹੈ) । 26।

ਸਲੋਕੁ ਮਃ ੨ ॥ ਦੀਖਿਆ ਆਖਿ ਬੁਝਾਇਆ ਸਿਫਤੀ ਸਚਿ ਸਮੇਉ ॥ ਤਿਨ ਕਉ ਕਿਆ ਉਪਦੇਸੀਐ ਜਿਨ ਗੁਰੁ ਨਾਨਕ ਦੇਉ ॥੧॥ {ਪੰਨਾ 150}

ਪਦ ਅਰਥ: ਦੀਖਿਆ = ਸਿੱਖਿਆ। ਆਖਿ = ਆਖ ਕੇ, ਸੁਣਾ ਕੇ। ਬੁਝਾਇਆ = ਗਿਆਨ ਦਿੱਤਾ ਹੈ, ਆਤਮਕ ਜੀਵਨ ਦੀ ਸੂਝ ਦਿੱਤੀ ਹੈ। ਸਿਫਤੀ = ਸਿਫ਼ਤਿ-ਸਾਲਾਹ ਦੀ ਰਾਹੀਂ। ਸਚਿ = ਸੱਚ ਵਿਚ। ਸਮੇਉ = ਸਮਾਈ ਦਿੱਤੀ ਹੈ, ਜੋੜਿਆ ਹੈ। ਕਿਆ = ਹੋਰ ਕੀਹ?

ਅਰਥ: ਹੇ ਨਾਨਕ! ਜਿਨ੍ਹਾਂ ਦਾ ਗੁਰਦੇਵ ਹੈ (ਭਾਵ, ਜਿਨ੍ਹਾਂ ਦੇ ਸਿਰ ਤੇ ਗੁਰਦੇਵ ਹੈ) , ਜਿਨ੍ਹਾਂ ਨੂੰ (ਗੁਰੂ ਨੇ) ਸਿੱਖਿਆ ਦੇ ਕੇ ਗਿਆਨ ਦਿੱਤਾ ਹੈ ਤੇ ਸਿਫ਼ਤਿ-ਸਾਲਾਹ ਦੀ ਰਾਹੀਂ ਸੱਚ ਵਿਚ ਜੋੜਿਆ ਹੈ, ਉਹਨਾਂ ਨੂੰ ਕਿਸੇ ਹੋਰ ਉਪਦੇਸ਼ ਦੀ ਲੋੜ ਨਹੀਂ ਰਹਿੰਦੀ (ਭਾਵ, ਪ੍ਰਭੂ ਦੇ ਨਾਮ ਵਿਚ ਜੁੜਨ ਦੀ ਸਿੱਖਿਆ ਤੋਂ ਉੱਚੀ ਹੋਰ ਕੋਈ ਸਿੱਖਿਆ ਨਹੀਂ ਹੈ) ।1।

ਮਃ ੧ ॥ ਆਪਿ ਬੁਝਾਏ ਸੋਈ ਬੂਝੈ ॥ ਜਿਸੁ ਆਪਿ ਸੁਝਾਏ ਤਿਸੁ ਸਭੁ ਕਿਛੁ ਸੂਝੈ ॥ ਕਹਿ ਕਹਿ ਕਥਨਾ ਮਾਇਆ ਲੂਝੈ ॥ ਹੁਕਮੀ ਸਗਲ ਕਰੇ ਆਕਾਰ ॥ ਆਪੇ ਜਾਣੈ ਸਰਬ ਵੀਚਾਰ ॥ ਅਖਰ ਨਾਨਕ ਅਖਿਓ ਆਪਿ ॥ ਲਹੈ ਭਰਾਤਿ ਹੋਵੈ ਜਿਸੁ ਦਾਤਿ ॥੨॥

ਪਦ ਅਰਥ: ਲੂਝੈ = ਸੜਦਾ ਹੈ, ਦੁਖੀ ਰਹਿੰਦਾ ਹੈ। ਆਕਾਰ = ਸਰੂਪ, ਜੀਅ ਜੰਤ। ਸਰਬ ਵੀਚਾਰ = ਸਭ ਜੀਵਾਂ ਬਾਰੇ ਵਿਚਾਰਾਂ। ਅਖਰ = (ਸੰ: A™r) ਨਾ ਨਾਸ ਹੋਣ ਵਾਲਾ। ਅਖਿਓ = 'ਅਖਿਉ' ਤੋਂ {ਜੋ ਫ਼ਰਕ (ੁ) ਤੇ (ੋ) ਵਿਚ ਹੈ, ਉਹੀ ਫ਼ਰਕ (ਉ) ਅਤੇ (ਓ) ਵਿਚ ਹੈ}। {ਲਫ਼ਜ਼ 'ਲਖਿਉ' ਲਫ਼ਜ਼ 'ਅਖ੍ਯਯ' ਦਾ ਪ੍ਰਾਕ੍ਰਿਤ ਰੂਪ ਹੈ। 'ਖ੍ਯਯ' ਦਾ ਅਰਥ ਹੈ 'ਨਾਸ'। ਪੰਜਾਬੀ ਰੂਪ ਹੈ 'ਖਉ'। 'ਅਖਿਉ' ਦਾ ਅਰਥ ਹੈ 'ਜਿਸ ਦਾ ਖੈ ਨਾ ਹੋ ਸਕੇ'। ਲਫ਼ਜ਼ 'ਅਖਿਓ' ਦਾ ਅਰਥ ਕਰਨਾ 'ਆਖਿਆ' = ਇਹ ਗ਼ਲਤ ਹੈ; ਗੁਰਬਾਣੀ ਵਿਚ ਕਿਸੇ ਹੋਰ ਥਾਂ ਤੋਂ ਇਹ ਸਹਾਇਤਾ ਨਹੀਂ ਮਿਲਦੀ। 'ਪਾਇਆ' ਤੋਂ 'ਪਾਇਓ' ਹੋ ਸਕਦਾ ਹੈ, 'ਪਇਓ' ਨਹੀਂ ਹੋ ਸਕਦਾ, ਤਿਵੇਂ ਹੀ 'ਆਖਿਆ' ਤੋਂ 'ਅਖਿਓ' ਹੋ ਸਕਦਾ ਹੈ 'ਆਖਿਓ' ਨਹੀਂ}। ਲਹੈ– ਲਹਿ ਜਾਂਦੀ ਹੈ। ਭਰਾਤਿ = ਮਨ ਦੀ ਭਟਕਣਾ।

ਅਰਥ: ਜਿਸ ਮਨੁੱਖ ਨੂੰ ਪ੍ਰਭੂ ਆਪ ਮਤਿ ਦੇਂਦਾ ਹੈ, ਉਸ ਨੂੰ ਹੀ ਮਤਿ ਆਉਂਦੀ ਹੈ; ਜਿਸ ਮਨੁੱਖ ਨੂੰ ਆਪ ਸੂਝ ਬਖ਼ਸ਼ਦਾ ਹੈ, ਉਸ ਨੂੰ (ਜੀਵਨ-ਸਫ਼ਰ ਦੀ) ਹਰੇਕ ਗੱਲ ਦੀ ਸੂਝ ਆ ਜਾਂਦੀ ਹੈ। (ਜੇ ਇਹ ਮਤਿ ਤੇ ਸੂਝ ਨਹੀਂ, ਤਾਂ ਇਸ ਦੀ ਪ੍ਰਾਪਤੀ ਬਾਰੇ) ਆਖੀ ਜਾਣਾ ਆਖੀ ਜਾਣਾ (ਕੋਈ ਲਾਭ ਨਹੀਂ ਦੇਂਦਾ) (ਮਨੁੱਖ ਅਮਲੀ ਜੀਵਨ ਵਿਚ) ਮਾਇਆ ਵਿਚ ਹੀ ਸੜਦਾ ਰਹਿੰਦਾ ਹੈ।

ਸਾਰੇ ਜੀਅ-ਜੰਤ ਪ੍ਰਭੂ ਆਪ ਹੀ ਆਪਣੇ ਹੁਕਮ-ਅਨੁਸਾਰ ਪੈਦਾ ਕਰਦਾ ਹੈ, ਸਾਰੇ ਜੀਵਾਂ ਬਾਰੇ ਵਿਚਾਰਾਂ (ਉਹਨਾਂ ਨੂੰ ਕੀਹ ਕੁਝ ਦੇਣਾ ਹੈ) ਪ੍ਰਭੂ ਆਪ ਹੀ ਜਾਣਦਾ ਹੈ। ਹੇ ਨਾਨਕ! ਜਿਸ ਮਨੁੱਖ ਨੂੰ ਉਸ ਅਵਿਨਾਸ਼ੀ ਤੇ ਅਖੈ ਪ੍ਰਭੂ ਪਾਸੋਂ ('ਸੂਝ ਬੂਝ' ਦੀ) ਦਾਤਿ ਮਿਲਦੀ ਹੈ, ਉਸ ਦੀ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ।2।

ਪਉੜੀ ॥ ਹਉ ਢਾਢੀ ਵੇਕਾਰੁ ਕਾਰੈ ਲਾਇਆ ॥ ਰਾਤਿ ਦਿਹੈ ਕੈ ਵਾਰ ਧੁਰਹੁ ਫੁਰਮਾਇਆ ॥ ਢਾਢੀ ਸਚੈ ਮਹਲਿ ਖਸਮਿ ਬੁਲਾਇਆ ॥ ਸਚੀ ਸਿਫਤਿ ਸਾਲਾਹ ਕਪੜਾ ਪਾਇਆ ॥ ਸਚਾ ਅੰਮ੍ਰਿਤ ਨਾਮੁ ਭੋਜਨੁ ਆਇਆ ॥ ਗੁਰਮਤੀ ਖਾਧਾ ਰਜਿ ਤਿਨਿ ਸੁਖੁ ਪਾਇਆ ॥ ਢਾਢੀ ਕਰੇ ਪਸਾਉ ਸਬਦੁ ਵਜਾਇਆ ॥ ਨਾਨਕ ਸਚੁ ਸਾਲਾਹਿ ਪੂਰਾ ਪਾਇਆ ॥੨੭॥ ਸੁਧੁ {ਪੰਨਾ 150}

ਪਦ ਅਰਥ: ਵੇਕਾਰੁ = ਬੇਕਾਰ, ਵੇਹਲਾ {ਨਿਰੇ ਦੁਨੀਆ ਵਾਲੇ ਕੰਮ ਅੰਤ ਨੂੰ ਕੰਮ ਨਹੀਂ ਆਉਂਦੇ ਹਨ, ਨਿਰਾ ਇਹਨਾਂ ਵਿਚ ਰੁੱਝੇ ਰਹਿਣਾ ਜੀਵਨ-ਸਫ਼ਰ ਵਿਚ ਵੇਹਲੇ ਰਹਿਣ ਦੇ ਬਰਾਬਰ ਹੈ}। ਢਾਢੀ = 'ਵਾਰ' ਗਾਵਣ ਵਾਲਾ। ਕੈ = ਭਾਵੈਂ। ਵਾਰ = ਜਸ ਦੀ ਬਾਣੀ। ਕਪੜਾ = ਸਿਰੋਪਾਉ। ਪਸਾਉ = {ਸੰ: ਪ੍ਰਸਾਦੁ} ਖਾਣ ਵਾਲੀ ਉਹ ਚੀਜ਼ ਜੋ ਆਪਣੇ ਇਸ਼ਟ ਦੇ ਦਰ ਤੇ ਪਹਿਲਾਂ ਭੇਟ ਕੀਤੀ ਜਾਏ ਤੇ ਫਿਰ ਓਥੋਂ ਦਰ ਤੇ ਗਏ ਬੰਦਿਆਂ ਨੂੰ ਮਿਲੇ, ਜਿਵੇਂ ਕੜਾਹ ਪ੍ਰਸ਼ਾਦ, ਗੁਰੂ-ਦਰ ਤੋਂ ਮਿਲਿਆ ਪਦਾਰਥ, ਪ੍ਰਭੂ-ਦਰ ਤੋਂ ਮਿਲੀ ਦਾਤਿ। ਪਸਾਉ ਕਰੇ = ਪ੍ਰਭੂ-ਦਰ ਤੋਂ ਮਿਲਿਆ ਭੋਜਨ ਪਾਂਦਾ ਹੈ ਛਕਦਾ ਹੈ। ਵਜਾਇਆ-ਗਾਂਵਿਆ।

ਅਰਥ: ਮੈਂ ਵੇਹਲਾ ਸਾਂ, ਮੈਨੂੰ ਢਾਢੀ ਬਣਾ ਕੇ ਪ੍ਰਭੂ ਨੇ (ਅਸਲ) ਕੰਮ ਵਿਚ ਲਾ ਦਿੱਤਾ, ਪ੍ਰਭੂ ਨੇ ਧੁਰੋਂ ਹੁਕਮ ਦਿੱਤਾ ਕਿ ਭਾਵੇਂ ਰਾਤ ਹੋਵੇ ਭਾਵੇਂ ਦਿਨ ਜਸ ਕਰੋ।

ਮੈਨੂੰ ਢਾਢੀ ਨੂੰ (ਭਾਵ, ਜਦੋਂ ਮੈਂ ਉਸ ਦੀ ਸਿਫ਼ਤਿ-ਸਾਲਾਹ ਸਾਲਾਹ ਵਿਚ ਲੱਗਾ ਤਾਂ) ਖਸਮ ਨੇ ਆਪਣੇ ਸੱਚੇ ਮਹਲ ਵਿਚ (ਆਪਣੀ ਹਜ਼ੂਰੀ ਵਿਚ) ਸੱਦਿਆ। (ਉਸ ਨੇ) ਸੱਚੀ ਸਿਫ਼ਤਿ-ਸਾਲਾਹ-ਰੂਪ ਮੈਨੂੰ ਸਿਰੋਪਾਉ ਦਿੱਤਾ। ਸਦਾ ਕਾਇਮ ਰਹਿਣ ਵਾਲਾ ਆਤਮਕ ਜੀਵਨ ਦੇਣ ਵਾਲਾ ਨਾਮ (ਮੇਰੇ ਆਤਮਾ ਦੇ ਆਧਾਰ ਲਈ ਮੈਨੂੰ) ਭੋਜਨ (ਉਸ ਪਾਸੋਂ) ਮਿਲਿਆ। ਜਿਸ ਜਿਸ ਮਨੁੱਖ ਨੇ ਗੁਰੂ ਦੀ ਸਿੱਖਿਆ ਤੇ ਤੁਰ ਕੇ (ਇਹ 'ਅੰਮ੍ਰਿਤ ਨਾਮੁ ਭੋਜਨ') ਰੱਜ ਕੇ ਖਾਧਾ ਹੈ ਉਸ ਨੇ ਸੁਖ ਪਾਇਆ ਹੈ। ਮੈਂ ਢਾਢੀ (ਭੀ ਜਿਉਂ ਜਿਉਂ) ਸਿਫ਼ਤਿ-ਸਾਲਾਹ ਦਾ ਗੀਤ ਗਾਉਂਦਾ ਹਾਂ, ਪ੍ਰਭੂ-ਦਰ ਤੋਂ ਮਿਲੇ ਇਸ ਨਾਮ-ਪ੍ਰਸ਼ਾਦ ਨੂੰ ਛਕਦਾ ਹਾਂ (ਭਾਵ, ਨਾਮ ਦਾ ਆਨੰਦ ਮਾਣਦਾ ਹਾਂ) ।

ਹੇ ਨਾਨਕ! ਸੱਚੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਕੇ ਉਸ ਪੂਰਨ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। 27। ਸੁਧੁ।

TOP OF PAGE

Sri Guru Granth Darpan, by Professor Sahib Singh