ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 151

ਰਾਗੁ ਗਉੜੀ ਗੁਆਰੇਰੀ ਮਹਲਾ ੧ ਚਉਪਦੇ ਦੁਪਦੇ

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਭਉ ਮੁਚੁ ਭਾਰਾ ਵਡਾ ਤੋਲੁ ॥ ਮਨ ਮਤਿ ਹਉਲੀ ਬੋਲੇ ਬੋਲੁ ॥ ਸਿਰਿ ਧਰਿ ਚਲੀਐ ਸਹੀਐ ਭਾਰੁ ॥ ਨਦਰੀ ਕਰਮੀ ਗੁਰ ਬੀਚਾਰੁ ॥੧॥ ਭੈ ਬਿਨੁ ਕੋਇ ਨ ਲੰਘਸਿ ਪਾਰਿ ॥ ਭੈ ਭਉ ਰਾਖਿਆ ਭਾਇ ਸਵਾਰਿ ॥੧॥ ਰਹਾਉ ॥ ਭੈ ਤਨਿ ਅਗਨਿ ਭਖੈ ਭੈ ਨਾਲਿ ॥ ਭੈ ਭਉ ਘੜੀਐ ਸਬਦਿ ਸਵਾਰਿ ॥ ਭੈ ਬਿਨੁ ਘਾੜਤ ਕਚੁ ਨਿਕਚ ॥ ਅੰਧਾ ਸਚਾ ਅੰਧੀ ਸਟ ॥੨॥ ਬੁਧੀ ਬਾਜੀ ਉਪਜੈ ਚਾਉ ॥ ਸਹਸ ਸਿਆਣਪ ਪਵੈ ਨ ਤਾਉ ॥ ਨਾਨਕ ਮਨਮੁਖਿ ਬੋਲਣੁ ਵਾਉ ॥ ਅੰਧਾ ਅਖਰੁ ਵਾਉ ਦੁਆਉ ॥੩॥੧॥ ਗਉੜੀ ਮਹਲਾ ੧ ॥ ਡਰਿ ਘਰੁ ਘਰਿ ਡਰੁ ਡਰਿ ਡਰੁ ਜਾਇ ॥ ਸੋ ਡਰੁ ਕੇਹਾ ਜਿਤੁ ਡਰਿ ਡਰੁ ਪਾਇ ॥ ਤੁਧੁ ਬਿਨੁ ਦੂਜੀ ਨਾਹੀ ਜਾਇ ॥ ਜੋ ਕਿਛੁ ਵਰਤੈ ਸਭ ਤੇਰੀ ਰਜਾਇ ॥੧॥ ਡਰੀਐ ਜੇ ਡਰੁ ਹੋਵੈ ਹੋਰੁ ॥ {ਪੰਨਾ 151}

ਨੋਟ: ਜੇ ਦੋ ਮਨੁੱਖਾਂ ਦੇ ਜੀਵਨ ਨੂੰ ਤੋਲੀਏ, ਇੱਕ ਦੇ ਅੰਦਰ ਪ੍ਰਭੂ ਦਾ ਡਰ ਤੇ ਦੂਜੇ ਦੇ ਅੰਦਰ ਆਪਣੇ ਮਨ ਦੀ ਮਤਿ ਹੋਵੇ, ਪਹਿਲੇ ਦਾ ਜੀਵਨ ਗੌਰਾ ਗੰਭੀਰ ਹੋਵੇਗਾ ਦੂਜੇ ਦਾ ਹੌਲੇ ਮੇਲ ਦਾ।

ਪਦ ਅਰਥ: ਭਉ = ਪ੍ਰਭੂ ਦਾ ਡਰ, ਇਹ ਯਕੀਨ ਕਿ ਪ੍ਰਭੂ ਮੇਰੇ ਅੰਦਰ ਵੱਸਦਾ ਤੇ ਸਭ ਵਿਚ ਵੱਸਦਾ ਹੈ। ਮੁਚੁ = ਬਹੁਤ। ਮਨ ਮਤਿ = ਮਨ ਦੇ ਪਿੱਛੇ ਤੁਰਨ ਵਾਲੀ ਮਤਿ। ਹਉਲੀ = ਹੋਛੀ। ਬੋਲੁ = ਹੋਛਾ ਬੋਲ। ਸਿਰਿ = ਸਿਰ ਉਤੇ। ਧਰਿ = ਧਰ ਕੇ। ਚਲੀਐ = ਜੀਵਨ ਗੁਜ਼ਾਰੀਏ। ਭਾਰੁ = ਪ੍ਰਭੂ ਦੇ ਡਰ ਦਾ ਭਾਰ। ਨਦਰੀ = ਪ੍ਰਭੂ ਦੀ (ਮੇਹਰ ਦੀ) ਨਜ਼ਰ ਨਾਲ। ਕਰਮੀ = ਪ੍ਰਭੂ ਦੀ ਬਖ਼ਸ਼ਸ਼ ਨਾਲ।1।

ਭੈ ਬਿਨੁ = ਪ੍ਰਭੂ ਦਾ ਡਰ (ਹਿਰਦੇ ਵਿਚ ਰੱਖਣ) ਤੋਂ ਬਿਨਾ। ਭੈ = ਪ੍ਰਭੂ ਦੇ ਡਰ ਵਿਚ (ਰਹਿ ਕੇ) । ਭਾਇ = ਪ੍ਰੇਮ ਨਾਲ। ਸਵਾਰਿ = ਸਵਾਰ ਕੇ, ਸਜਾ ਕੇ, ਸੋਹਣਾ ਬਣਾ ਕੇ।1। ਰਹਾਉ।

ਤਨਿ = ਤਨ ਵਿਚ, ਸਰੀਰ ਵਿਚ। ਅਗਨਿ = ਪ੍ਰਭੂ ਨੂੰ ਮਿਲਣ ਦੀ ਅੱਗ, ਤਾਂਘ। ਭਖੈ = ਭਖਦੀ ਹੈ, ਹੋਰ ਤੇਜ਼ ਹੁੰਦੀ ਹੈ। ਭੈ ਨਾਲਿ = ਪ੍ਰਭੂ ਦਾ ਡਰ ਰੱਖਣ ਨਾਲ, ਜਿਉਂ ਜਿਉਂ ਇਸ ਯਕੀਨ ਵਿਚ ਜੀਵੀਏ ਕਿ ਉਹ ਸਾਡੇ ਅੰਦਰ ਤੇ ਸਭ ਦੇ ਅੰਦਰ ਵੱਸਦਾ ਹੈ। ਭਉ ਘੜੀਐ = ਭਉ-ਰੂਪ ਘਾੜਤ ਘੜੀ ਜਾਂਦੀ ਹੈ, ਪ੍ਰਭੂ ਦੇ ਡਰ ਵਿਚ ਰਹਿਣ ਦਾ ਸੁਭਾਉ ਬਣਦਾ ਜਾਂਦਾ ਹੈ। ਸਵਾਰਿ = ਸਵਾਰ ਕੇ। ਘਾੜਤ = ਜੀਵਨ ਦੀ ਘਾੜਤ। ਕਚ = ਹੋਛੀ, ਬੇ-ਰਸੀ। ਨਿਕਚ = ਬਿਲਕੁਲ ਹੋਛੀ। ਸਚਾ = ਸਾਂਚਾ, ਕਲਬੂਤ ਜਿਸ ਵਿਚ ਕੋਈ ਨਵੀਂ ਚੀਜ਼ ਢਾਲੀ ਜਾਂਦੀ ਹੈ। ਸਟ = ਸੱਟ, ਚੋਟ, ਉੱਦਮ। ਅੰਧਾ = ਅੰਨ੍ਹਾ, ਗਿਆਨ-ਹੀਣ, ਹੋਛਾ-ਪਨ ਪੈਦਾ ਕਰਨ ਵਾਲਾ।2।

ਬਾਜੀ = ਸੰਸਾਰ-ਖੇਡ। ਚਾਉ = ਸੰਸਾਰਕ ਚਾਉ। ਸਹਸ = ਹਜ਼ਾਰਾਂ। ਪਵੈ ਨ ਤਾਉ = ਸੇਕ ਨਹੀਂ ਪੈਂਦਾ, ਅਸਰ ਨਹੀਂ ਹੁੰਦਾ, ਮਨ ਢਲਦਾ ਨਹੀਂ। ਵਾਉ = ਹਵਾ ਵਰਗਾ। ਵਾਉ ਦੁਆਉ = ਵਿਅਰਥ, ਫ਼ਜ਼ੂਲ।3।

ਅਰਥ: (ਸੰਸਾਰ ਵਿਕਾਰ-ਭਰਿਆ ਇੱਕ ਐਸਾ ਸਮੁੰਦਰ ਹੈ ਜਿਸ ਵਿਚੋਂ ਪਰਮਾਤਮਾ ਦਾ) ਡਰ ਹਿਰਦੇ ਵਿਚ ਵਸਾਣ ਤੋਂ ਬਿਨਾ ਕੋਈ ਪਾਰ ਨਹੀਂ ਲੰਘ ਸਕਦਾ। (ਸਿਰਫ਼ ਉਹੀ ਪਾਰ ਲੰਘਦਾ ਹੈ ਜਿਸ ਨੇ) ਪ੍ਰਭੂ ਦੇ ਡਰ ਵਿਚ ਰਹਿ ਕੇ ਅਤੇ (ਪ੍ਰਭੂ) -ਪਿਆਰ ਦੀ ਰਾਹੀਂ (ਆਪਣਾ ਜੀਵਨ) ਸੰਵਾਰ ਕੇ ਪ੍ਰਭੂ ਦਾ ਡਰ-ਅਦਬ (ਆਪਣੇ ਹਿਰਦੇ ਵਿਚ) ਟਿਕਾ ਰੱਖਿਆ ਹੈ (ਭਾਵ, ਜਿਸ ਨੇ ਇਹ ਸ਼ਰਧਾ ਬਣਾ ਲਈ ਹੈ ਕਿ ਪ੍ਰਭੂ ਮੇਰੇ ਅੰਦਰ ਅਤੇ ਸਭ ਵਿਚ ਵੱਸਦਾ ਹੈ) ।1। ਰਹਾਉ।

ਪ੍ਰਭੂ ਦਾ ਡਰ ਬਹੁਤ ਭਾਰਾ ਹੈ ਇਸ ਦਾ ਤੋਲ ਵੱਡਾ ਹੈ (ਭਾਵ, ਜਿਸ ਮਨੁੱਖ ਦੇ ਅੰਦਰ ਪ੍ਰਭੂ ਦਾ ਡਰ-ਅਦਬ ਵੱਸਦਾ ਹੈ ਉਸਦਾ ਜੀਵਨ ਗੌਰਾ ਤੇ ਗੰਭੀਰ ਬਣ ਜਾਂਦਾ ਹੈ) । ਜਿਸ ਦੀ ਮਤਿ ਉਸ ਦੇ ਮਨ ਦੇ ਪਿੱਛੇ ਤੁਰਦੀ ਹੈ ਉਹ ਹੋਛੀ ਰਹਿੰਦੀ ਹੈ, ਉਹ ਹੋਛਾ ਹੀ ਬਚਨ ਬੋਲਦਾ ਹੈ। ਜੇ ਪ੍ਰਭੂ ਦਾ ਡਰ ਸਿਰ ਉੱਤੇ ਧਰ ਕੇ (ਭਾਵ, ਕਬੂਲ ਕਰ ਕੇ) ਜੀਵਨ ਗੁਜ਼ਾਰੀਏ, ਅਤੇ ਉਸ ਡਰ ਦਾ ਭਾਰ ਸਹਾਰ ਸਕੀਏ (ਭਾਵ, ਪ੍ਰਭੂ ਦਾ ਡਰ-ਅਦਬ ਸੁਖਾਵਾਂ ਲੱਗਣ ਲੱਗ ਪਏ) ਤਾਂ ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਪ੍ਰਭੂ ਦੀ ਬਖ਼ਸ਼ਸ਼ ਨਾਲ (ਮਨੁੱਖਤਾ ਬਾਰੇ) ਗੁਰੂ ਦੀ (ਦੱਸੀ ਹੋਈ) ਵਿਚਾਰ (ਜੀਵਨ ਦਾ ਹਿੱਸਾ ਬਣ ਜਾਂਦੀ ਹੈ) ।1।

ਪ੍ਰਭੂ ਦੇ ਡਰ-ਅਦਬ ਵਿਚ ਰਿਹਾਂ ਮਨੁੱਖ ਦੇ ਅੰਦਰ ਪ੍ਰਭੂ ਨੂੰ ਮਿਲਣ ਦੀ ਤਾਂਘ ਟਿਕੀ ਰਹਿੰਦੀ ਹੈ। ਗੁਰੂ ਦੇ ਸ਼ਬਦ ਦੀ ਰਾਹੀਂ (ਆਤਮਕ ਜੀਵਨ ਨੂੰ) ਸੋਹਣਾ ਬਣਾ ਕੇ ਜਿਉਂ ਜਿਉਂ ਇਸ ਯਕੀਨ ਵਿਚ ਜੀਵੀਏ ਕਿ ਪ੍ਰਭੂ ਸਾਡੇ ਅੰਦਰ ਹੈ ਤੇ ਸਭ ਦੇ ਅੰਦਰ ਮੌਜੂਦ ਹੈ ਇਹ ਤਾਂਘ ਵਧੀਕ ਤੇਜ਼ ਹੁੰਦੀ ਜਾਂਦੀ ਹੈ। ਪ੍ਰਭੂ ਦਾ ਡਰ-ਅਦਬ ਰੱਖਣ ਤੋਂ ਬਿਨਾ (ਸਾਡੀ ਜੀਵਨ-ਉਸਾਰੀ) ਸਾਡੇ ਮਨ ਦੀ ਘਾੜਤ ਹੋਛੀ ਹੋ ਜਾਂਦੀ ਹੈ, ਬਿਲਕੁਲ ਹੋਛੀ ਬਣਦੀ ਜਾਂਦੀ ਹੈ (ਕਿਉਂਕਿ) ਜਿਸ ਸੱਚੇ ਵਿਚ ਜੀਵਨ ਢਲਦਾ ਹੈ ਉਹ ਹੋਛਾ-ਪਨ ਪੈਦਾ ਕਰਨ ਵਾਲਾ ਹੁੰਦਾ ਹੈ, ਸਾਡੇ ਜਤਨ ਭੀ ਅਗਿਆਨਤਾ ਵਾਲੇ ਹੀ ਹੁੰਦੇ ਹਨ।2।

ਹੇ ਨਾਨਕ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ ਬੁੱਧੀ ਜਗਤ-ਖੇਡ ਵਿਚ ਲੱਗੀ ਰਹਿੰਦੀ ਹੈ, (ਜਗਤ-ਤਮਾਸ਼ਿਆਂ ਦਾ ਹੀ) ਚਾਉ ਉਸ ਦੇ ਅੰਦਰ ਪੈਦਾ ਹੁੰਦਾ ਰਹਿੰਦਾ ਹੈ। ਮਨਮੁਖ ਭਾਵੇਂ ਹਜ਼ਾਰਾਂ ਸਿਆਣਪਾਂ ਭੀ ਕਰੇ, ਉਸ ਦਾ ਜੀਵਨ ਠੀਕ ਸੱਚੇ ਵਿਚ ਨਹੀਂ ਢਲਦਾ, ਮਨਮੁਖ ਦਾ ਬੇ-ਥਵਾ ਬੋਲ ਹੁੰਦਾ ਹੈ, ਉਹ ਅੰਨ੍ਹਾ ਊਲ-ਜਲੂਲ ਗੱਲਾਂ ਹੀ ਕਰਦਾ ਹੈ।3।1।

ਡਰਿ ਡਰਿ ਡਰਣਾ ਮਨ ਕਾ ਸੋਰੁ ॥੧॥ ਰਹਾਉ ॥ ਨਾ ਜੀਉ ਮਰੈ ਨ ਡੂਬੈ ਤਰੈ ॥ ਜਿਨਿ ਕਿਛੁ ਕੀਆ ਸੋ ਕਿਛੁ ਕਰੈ ॥ ਹੁਕਮੇ ਆਵੈ ਹੁਕਮੇ ਜਾਇ ॥ ਆਗੈ ਪਾਛੈ ਹੁਕਮਿ ਸਮਾਇ ॥੨॥ ਹੰਸੁ ਹੇਤੁ ਆਸਾ ਅਸਮਾਨੁ ॥ ਤਿਸੁ ਵਿਚਿ ਭੂਖ ਬਹੁਤੁ ਨੈ ਸਾਨੁ ॥ ਭਉ ਖਾਣਾ ਪੀਣਾ ਆਧਾਰੁ ॥ ਵਿਣੁ ਖਾਧੇ ਮਰਿ ਹੋਹਿ ਗਵਾਰ ॥੩॥ ਜਿਸ ਕਾ ਕੋਇ ਕੋਈ ਕੋਇ ਕੋਇ ॥ ਸਭੁ ਕੋ ਤੇਰਾ ਤੂੰ ਸਭਨਾ ਕਾ ਸੋਇ ॥ ਜਾ ਕੇ ਜੀਅ ਜੰਤ ਧਨੁ ਮਾਲੁ ॥ ਨਾਨਕ ਆਖਣੁ ਬਿਖਮੁ ਬੀਚਾਰੁ ॥੪॥੨॥ {ਪੰਨਾ 151}

ਪਦ ਅਰਥ: ਡਰਿ = ਡਰ ਨਾਲ, ਪ੍ਰਭੂ ਦੇ ਡਰ-ਅਦਬ ਵਿਚ ਰਿਹਾਂ। ਘਰੁ = ਪ੍ਰਭੂ ਦਾ ਡਰ, ਉਹ ਆਤਮਕ ਅਵਸਥਾ ਜਿਥੇ ਮਨ ਪ੍ਰਭੂ-ਚਰਨਾਂ ਵਿਚ ਜੁੜਿਆ ਰਹਿੰਦਾ ਹੈ। ਘਰਿ = ਘਰ ਵਿਚ, ਹਿਰਦੇ ਵਿਚ। ਡਰੁ = ਪ੍ਰਭੂ ਦਾ ਡਰ, ਇਹ ਯਕੀਨ ਕਿ ਪ੍ਰਭੂ ਮੇਰੇ ਅੰਦਰ ਵੱਸਦਾ ਹੈ ਤੇ ਸਭ ਵਿਚ ਵੱਸਦਾ ਹੈ। ਡਰੁ ਜਾਇ = (ਦੁਨੀਆ ਦਾ ਹਰੇਕ ਕਿਸਮ ਦਾ) ਸਹਮ ਦੂਰ ਹੋ ਜਾਂਦਾ ਹੈ। ਸੋ ਡਰੁ ਕੇਹਾ = ਪ੍ਰਭੂ ਦਾ ਡਰ ਐਸਾ ਨਹੀਂ ਹੁੰਦਾ ਕਿ। ਜਿਤੁ ਡਰਿ = ਕਿ ਉਸ ਡਰ ਵਿਚ ਰਿਹਾਂ। ਡਰੁ ਪਾਇ = ਦੁਨੀਆ ਵਾਲਾ ਸਹਮ ਟਿਕਿਆ ਰਹੇ। ਜਾਇ = ਥਾਂ। ਰਜਾਇ = ਹੁਕਮ, ਮਰਜ਼ੀ।1।

ਡਰੀਐ = ਸਹਮੇ ਰਹੀਏ। ਹੋਰੁ = ਓਪਰਾ, ਕਿਸੇ ਓਪਰੇ ਦਾ। ਡਰਿ ਡਰਿ ਡਰਣਾ = ਸਦਾ ਡਰਦੇ ਰਹਿਣਾ। ਸੋਰੁ = ਰੌਲਾ, ਘਬਰਾਹਟ, ਡੋਲਣ ਦੀ ਨਿਸ਼ਾਨੀ।1। ਰਹਾਉ।

ਜੀਉ = ਜੀਵਾਤਮਾ। ਜਿਨਿ = ਜਿਸ ਪ੍ਰਭੂ ਨੇ। ਕਿਛੁ = ਇਹ ਜਗਤ-ਰਚਨਾ। ਸੋ = ਉਹੀ ਪ੍ਰਭੂ। ਕਿਛੁ = ਸਭ ਕੁਝ। ਆਵੈ = ਜੰਮਦਾ ਹੈ। ਜਾਇ = ਮਰਦਾ ਹੈ। ਆਗੈ ਪਾਛੈ = ਲੋਕ ਪਰਲੋਕ ਵਿਚ। ਸਮਾਇ = ਟਿਕਿਆ ਰਹਿੰਦਾ ਹੈ, ਟਿਕਿਆ ਰਹਿਣਾ ਪੈਂਦਾ ਹੈ।2।

ਹੰਸੁ = ਹਿੰਸਾ, ਨਿਰਦਇਤਾ। ਹੇਤੁ = ਮੋਹ। ਅਸਮਾਨੁ = ਸ੍ਵਮਾਨ (ਜਿਵੇਂ ਸ੍ਵਰੂਪ ਤੋਂ ਅਸਰੂਪ) ਅਹੰਕਾਰ। ਭੂਖ = ਤ੍ਰਿਸ਼ਨਾ। ਨੈ = ਨਦੀ। ਸਾਨੁ = ਵਾਂਗ। ਆਧਾਰੁ = (ਆਤਮਕ ਜੀਵਨ ਦਾ) ਆਸਰਾ। ਮਰਿ = ਮਰ ਕੇ, ਡਰ ਵਿਚ ਖਪ ਕੇ, ਡਰ ਡਰ ਕੇ। ਗਵਾਰ ਹੋਹਿ = ਝੱਲੇ ਹੁੰਦੇ ਜਾ ਰਹੇ ਹਨ।3।

ਜਿਸ ਕਾ = ਜਿਸ ਕਿਸੇ ਦਾ। ਜਿਸ ਕਾ ਕੋਇ = ਜਿਸ ਕਿਸੇ ਦਾ ਕੋਈ (ਸਹਾਰਾ) ਬਣਦਾ ਹੈ। ਕੋਈ ਕੋਇ ਕੋਇ = ਕੋਈ ਵਿਰਲਾ ਹੀ ਬਣਦਾ ਹੈ। ਸਭੁ ਕੋ = ਹਰੇਕ ਜੀਵ। ਸੋਇ = ਸਾਰ ਲੈਣ ਵਾਲਾ।4।

ਅਰਥ: (ਹੇ ਪ੍ਰਭੂ!) ਤੇਰੇ ਡਰ-ਅਦਬ ਵਿਚ ਰਿਹਾਂ ਉਹ ਆਤਮਕ ਅਵਸਥਾ ਮਿਲ ਜਾਂਦੀ ਹੈ ਜਿਥੇ ਮਨ ਤੇਰੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ, ਹਿਰਦੇ ਵਿਚ ਇਹ ਯਕੀਨ ਬਣ ਜਾਂਦਾ ਹੈ ਕਿ ਤੂੰ ਮੇਰੇ ਅੰਦਰ ਵੱਸਦਾ ਹੈਂ ਤੇ ਸਭ ਵਿਚ ਵੱਸਦਾ ਹੈਂ। ਤੇਰੇ ਡਰ ਵਿਚ ਰਿਹਾਂ (ਦੁਨੀਆ ਦਾ ਹਰੇਕ ਕਿਸਮ ਦਾ) ਸਹਮ ਦੂਰ ਹੋ ਜਾਂਦਾ ਹੈ। ਤੇਰਾ ਡਰ ਐਸਾ ਨਹੀਂ ਹੁੰਦਾ ਕਿ ਉਸ ਡਰ ਵਿਚ ਰਿਹਾਂ ਕੋਈ ਹੋਰ ਸਹਮ ਟਿਕਿਆ ਰਹੇ।

(ਹੇ ਪ੍ਰਭੂ!) ਤੈਥੋਂ ਬਿਨਾਂ ਜੀਵ ਦਾ ਕੋਈ ਹੋਰ ਥਾਂ-ਆਸਰਾ ਨਹੀਂ ਹੈ। ਜਗਤ ਵਿਚ ਜੋ ਕੁਝ ਹੋ ਰਿਹਾ ਹੈ ਸਭ ਤੇਰੀ ਮਰਜ਼ੀ ਨਾਲ ਹੋ ਰਿਹਾ ਹੈ।1।

(ਹੇ ਪ੍ਰਭੂ!) ਤੇਰਾ ਡਰ-ਅਦਬ ਟਿਕਣ ਦੇ ਥਾਂ) ਜੇ ਜੀਵ ਦੇ ਹਿਰਦੇ ਵਿਚ ਕੋਈ ਹੋਰ ਡਰ ਟਿਕਿਆ ਰਹੇ, ਤਾਂ ਜੀਵ ਸਦਾ ਸਹਮਿਆ ਰਹਿੰਦਾ ਹੈ, ਮਨ ਦੀ ਘਬਰਾਹਟ ਮਨ ਦਾ ਸਹਮ ਹਰ ਵੇਲੇ ਬਣਿਆ ਰਹਿੰਦਾ ਹੈ।1। ਰਹਾਉ।

(ਪ੍ਰਭੂ ਦੇ ਡਰ-ਅਦਬ ਵਿਚ ਰਿਹਾਂ ਹੀ ਇਹ ਯਕੀਨ ਬਣ ਸਕਦਾ ਹੈ ਕਿ) ਜੀਵ ਨਾਹ ਮਰਦਾ ਹੈ ਨਾਹ ਕਿਤੇ ਡੁੱਬ ਸਕਦਾ ਹੈ ਨਾਹ ਕਿਤੋਂ ਤਰਦਾ ਹੈ (ਭਾਵ, ਜੇਹੜਾ ਕਿਤੇ ਡੁਬਦਾ ਹੀ ਨਹੀਂ ਉਸ ਦੇ ਤਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ) । (ਇਹ ਯਕੀਨ ਬਣਿਆ ਰਹਿੰਦਾ ਹੈ ਕਿ) ਜਿਸ ਪਰਮਾਤਮਾ ਨੇ ਇਹ ਜਗਤ ਬਣਾਇਆ ਹੈ ਉਹੀ ਸਭ ਕੁਝ ਕਰ ਰਿਹਾ ਹੈ, ਉਸ ਦੇ ਹੁਕਮ ਵਿਚ ਹੀ ਜੀਵ ਜੰਮਦਾ ਹੈ ਤੇ ਹੁਕਮ ਵਿਚ ਹੀ ਮਰਦਾ ਹੈ, ਲੋਕ ਪਰਲੋਕ ਵਿਚ ਜੀਵ ਨੂੰ ਉਸ ਦੇ ਹੁਕਮ ਵਿਚ ਟਿਕੇ ਰਹਿਣਾ ਪੈਂਦਾ ਹੈ।2।

(ਜਿਸ ਹਿਰਦੇ ਵਿਚ ਪ੍ਰਭੂ ਦਾ ਡਰ-ਅਦਬ ਨਹੀਂ ਹੈ, ਮੋਹ ਹੈ, ਅਹੰਕਾਰ ਹੈ, ਉਸ ਹਿਰਦੇ ਵਿਚ ਤ੍ਰਿਸ਼ਨਾ ਦੀ ਕਾਂਗ ਨਦੀ ਵਾਂਗ (ਠਾਠਾਂ ਮਾਰ ਰਹੀ) ਹੈ। ਪ੍ਰਭੂ ਦਾ ਡਰ-ਅਦਬ ਹੀ ਆਤਮਕ ਜੀਵਨ ਦੀ ਖ਼ੁਰਾਕ ਹੈ, ਆਤਮਾ ਦਾ ਆਸਰਾ ਹੈ; ਜੋ ਇਹ ਖ਼ੁਰਾਕ ਨਹੀਂ ਖਾਂਦੇ ਉਹ (ਦੁਨੀਆ ਦੇ) ਸਹਮ ਵਿਚ ਰਹਿ ਕੇ ਕਮਲੇ ਹੋਏ ਰਹਿੰਦੇ ਹਨ।3।

(ਹੇ ਪ੍ਰਭੂ! ਤੇਰੇ ਡਰ-ਅਦਬ ਵਿਚ ਰਿਹਾਂ ਹੀ ਇਹ ਯਕੀਨ ਬਣਦਾ ਹੈ ਕਿ) ਜਿਸ ਕਿਸੇ ਦਾ ਕੋਈ ਸਹਾਈ ਬਣਦਾ ਹੈ ਕੋਈ ਵਿਰਲਾ ਹੀ ਬਣਦਾ ਹੈ (ਭਾਵ, ਕਿਸੇ ਦਾ ਕੋਈ ਸਦਾ ਲਈ ਸਾਥੀ ਸਹਾਇਕ ਨਹੀਂ ਬਣ ਸਕਦਾ) , ਪਰ ਹਰੇਕ ਜੀਵ ਤੇਰਾ (ਪੈਦਾ ਕੀਤਾ ਹੋਇਆ) ਹੈ, ਤੂੰ ਸਭ ਦੀ ਸਾਰ ਰੱਖਣ ਵਾਲਾ ਹੈਂ।

ਹੇ ਨਾਨਕ! ਜਿਸ ਪਰਮਾਤਮਾ ਦੇ ਇਹ ਸਾਰੇ ਜੀਵ ਜੰਤ ਪੈਦਾ ਕੀਤੇ ਹੋਏ ਹਨ (ਜੀਵਾਂ ਵਾਸਤੇ) ਉਸੇ ਦਾ ਹੀ ਇਹ ਧਨ-ਮਾਲ (ਬਣਾਇਆ ਹੋਇਆ) ਹੈ। (ਇਸ ਤੋਂ ਵਧ ਇਹ) ਵਿਚਾਰਨਾ ਤੇ ਆਖਣਾ (ਕਿ ਉਹ ਪ੍ਰਭੂ ਆਪਣੇ ਪੈਦਾ ਕੀਤੇ ਜੀਵਾਂ ਦੀ ਕਿਵੇਂ ਸੰਭਾਲ ਕਰਦਾ ਹੈ) ਔਖਾ ਕੰਮ ਹੈ।।4।2।

ਗਉੜੀ ਮਹਲਾ ੧ ॥ ਮਾਤਾ ਮਤਿ ਪਿਤਾ ਸੰਤੋਖੁ ॥ ਸਤੁ ਭਾਈ ਕਰਿ ਏਹੁ ਵਿਸੇਖੁ ॥੧॥ ਕਹਣਾ ਹੈ ਕਿਛੁ ਕਹਣੁ ਨ ਜਾਇ ॥ ਤਉ ਕੁਦਰਤਿ ਕੀਮਤਿ ਨਹੀ ਪਾਇ ॥੧॥ ਰਹਾਉ ॥ ਸਰਮ ਸੁਰਤਿ ਦੁਇ ਸਸੁਰ ਭਏ ॥ ਕਰਣੀ ਕਾਮਣਿ ਕਰਿ ਮਨ ਲਏ ॥੨॥ ਸਾਹਾ ਸੰਜੋਗੁ ਵੀਆਹੁ ਵਿਜੋਗੁ ॥ ਸਚੁ ਸੰਤਤਿ ਕਹੁ ਨਾਨਕ ਜੋਗੁ ॥੩॥੩॥ {ਪੰਨਾ 151-152}

ਨੋਟ: ਇਸ ਸ਼ਬਦ ਵਿਚ ਜੀਵ-ਇਸਤ੍ਰੀ ਤੇ ਪ੍ਰਭੂ-ਪਤੀ ਦੇ ਜੋਗ (ਮਿਲਾਪ) ਦਾ ਜ਼ਿਕਰ ਹੈ।

ਪਦ ਅਰਥ: ਮਤਿ = ਉੱਚੀ ਮਤਿ। ਸਤੁ = ਦਾਨ, ਖ਼ਲਕਤ ਦੀ ਸੇਵਾ। ਵਿਸੇਖੁ = ਉਚੇਚਾ। ਏਹੁ ਸਤੁ ਵਿਸੇਖੁ ਭਾਈ = ਇਸ ਦਾਨ (ਖਲਕ-ਸੇਵਾ) ਨੂੰ ਉਚੇਚਾ ਭਰਾ। ਕਰਿ = ਕਰੇ, ਬਣਾਏ।1।

ਕਹਣਾ ਹੈ– (ਰਤਾ-ਮਾਤ੍ਰ) ਬਿਆਨ ਹੈ। ਤਉ = ਤੇਰੀ।1। ਰਹਾਉ।

ਸਰਮ = ਮਿਹਨਤ, ਉੱਦਮ। ਦੁਇ = ਦੋਵੇਂ (ਉੱਦਮ ਅਤੇ ਉੱਚੀ ਸੁਰਤਿ) । ਸਸੁਰ = ਸਹੁਰਾ ਅਤੇ ਸੱਸ। ਕਰਣੀ = ਸੁਚੱਜੀ ਜ਼ਿੰਦਗੀ। ਕਾਮਣਿ = ਇਸਤ੍ਰੀ। ਮਨ = ਹੇ ਮਨ! ਕਰਿ ਲਏ = (ਜੀਵ) ਬਣਾ ਲਏ।2।

ਸਾਹਾ = ਵਿਆਹ ਵਾਸਤੇ ਸੋਧਿਆ ਹੋਇਆ ਮੁਹੂਰਤ। ਸੰਜੋਗੁ = ਮਿਲਾਪ, ਸਤ-ਸੰਗ। ਵਿਜੋਗੁ = ਦੁਨੀਆ ਵਲੋਂ ਵਿਛੋੜਾ, ਨਿਰਮੋਹਤਾ। ਸੰਤਤਿ = ਸੰਤਾਨ। ਜੋਗੁ = ਮਿਲਾਪ, ਪ੍ਰਭੂ-ਮਿਲਾਪ।3।

ਅਰਥ: ਹੇ ਪ੍ਰਭੂ! ਤੇਰੇ ਨਾਲ ਮਿਲਾਪ-ਅਵਸਥਾ ਬਿਆਨ ਨਹੀਂ ਹੋ ਸਕਦੀ, ਰਤਾ-ਮਾਤ੍ਰ ਦੱਸੀ ਹੈ, (ਕਿਉਂਕਿ) ਹੇ ਪ੍ਰਭੂ! ਤੇਰੀ ਕੁਦਰਤਿ ਦਾ ਪੂਰਾ ਮੁੱਲ ਨਹੀਂ ਪੈ ਸਕਦਾ (ਭਾਵ, ਕੁਦਰਤਿ ਕਿਹੋ ਜਿਹੀ ਹੈ– ਇਹ ਦੱਸਿਆ ਨਹੀਂ ਜਾ ਸਕਦਾ) ।1। ਰਹਾਉ।

ਜੇ ਕੋਈ ਜੀਵ-ਇਸਤ੍ਰੀ ਉੱਚੀ ਮਤਿ ਨੂੰ ਆਪਣੀ ਮਾਂ ਬਣਾ ਲਏ (ਉੱਚੀ ਮਤਿ ਦੀ ਗੋਦੀ ਵਿਚ ਪਲੇ) ਸੰਤੋਖ ਨੂੰ ਆਪਣਾ ਪਿਉ ਬਣਾਏ (ਸੰਤੋਖ-ਪਿਤਾ ਦੀ ਨਿਗਰਾਨੀ ਵਿਚ ਰਹੇ) , ਖ਼ਲਕਤ ਦੀ ਸੇਵਾ ਨੂੰ ਉਚੇਚਾ ਭਰਾ ਬਣਾਏ (ਖ਼ਲਕਤ ਦੀ ਸੇਵਾ-ਰੂਪ ਭਰਾ ਦਾ ਜੀਵਨ ਉੱਤੇ ਵਿਸ਼ੇਸ਼ ਅਸਰ ਪਏ) ।1। ; ਉੱਦਮ ਅਤੇ ਉੱਚੀ ਸੁਰਤਿ ਇਹ ਦੋਵੇਂ ਉਸ ਜੀਵ-ਇਸਤ੍ਰੀ ਦੇ ਸੱਸ ਸੁਹਰਾ ਬਣਨ; ਤੇ ਹੇ ਮਨ! ਜੇ ਜੀਵ ਸੁਚੱਜੀ ਜ਼ਿੰਦਗੀ ਨੂੰ ਇਸਤ੍ਰੀ ਬਣਾ ਲਏ।2। ;

ਜੇ ਸਤ ਸੰਗ (ਵਿਚ ਜਾਣਾ) ਪ੍ਰਭੂ ਨਾਲ ਵਿਆਹ ਦਾ ਸਾਹਾ ਸੋਧਿਆ ਜਾਏ (ਭਾਵ, ਜਿਵੇਂ ਵਿਆਹ ਵਾਸਤੇ ਸੋਧਿਆ ਹੋਇਆ ਸਾਹਾ ਟਾਲਿਆ ਨਹੀਂ ਜਾ ਸਕਦਾ, ਤਿਵੇਂ ਸਤ ਸੰਗ ਵਿਚੋਂ ਕਦੇ ਨ ਖੁੰਝੇ) , ਜੇ (ਸਤ ਸੰਗ ਵਿਚ ਰਹਿ ਕੇ ਦੁਨੀਆ ਨਾਲੋਂ) ਨਿਰਮੋਹਤਾ-ਰੂਪ (ਪ੍ਰਭੂ ਨਾਲ) ਵਿਆਹ ਹੋ ਜਾਏ; ਤਾਂ (ਇਸ ਵਿਆਹ ਵਿਚੋਂ) ਸੱਚ (ਭਾਵ, ਪ੍ਰਭੂ ਦਾ ਸਦਾ ਹਿਰਦੇ ਵਿਚ ਟਿਕੇ ਰਹਿਣਾ, ਉਸ ਜੀਵ-ਇਸਤ੍ਰੀ ਦੀ) ਸੰਤਾਨ ਹੈ।

ਹੇ ਨਾਨਕ! ਆਖ– ਇਹ ਹੈ (ਸੱਚਾ) ਪ੍ਰਭੂ-ਮਿਲਾਪ।3। 3।

TOP OF PAGE

Sri Guru Granth Darpan, by Professor Sahib Singh