ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 152

ਗਉੜੀ ਮਹਲਾ ੧ ॥ ਪਉਣੈ ਪਾਣੀ ਅਗਨੀ ਕਾ ਮੇਲੁ ॥ ਚੰਚਲ ਚਪਲ ਬੁਧਿ ਕਾ ਖੇਲੁ ॥ ਨਉ ਦਰਵਾਜੇ ਦਸਵਾ ਦੁਆਰੁ ॥ ਬੁਝੁ ਰੇ ਗਿਆਨੀ ਏਹੁ ਬੀਚਾਰੁ ॥੧॥ ਕਥਤਾ ਬਕਤਾ ਸੁਨਤਾ ਸੋਈ ॥ ਆਪੁ ਬੀਚਾਰੇ ਸੁ ਗਿਆਨੀ ਹੋਈ ॥੧॥ ਰਹਾਉ ॥ ਦੇਹੀ ਮਾਟੀ ਬੋਲੈ ਪਉਣੁ ॥ ਬੁਝੁ ਰੇ ਗਿਆਨੀ ਮੂਆ ਹੈ ਕਉਣੁ ॥ ਮੂਈ ਸੁਰਤਿ ਬਾਦੁ ਅਹੰਕਾਰੁ ॥ ਓਹੁ ਨ ਮੂਆ ਜੋ ਦੇਖਣਹਾਰੁ ॥੨॥ ਜੈ ਕਾਰਣਿ ਤਟਿ ਤੀਰਥ ਜਾਹੀ ॥ ਰਤਨ ਪਦਾਰਥ ਘਟ ਹੀ ਮਾਹੀ ॥ ਪੜਿ ਪੜਿ ਪੰਡਿਤੁ ਬਾਦੁ ਵਖਾਣੈ ॥ ਭੀਤਰਿ ਹੋਦੀ ਵਸਤੁ ਨ ਜਾਣੈ ॥੩॥ ਹਉ ਨ ਮੂਆ ਮੇਰੀ ਮੁਈ ਬਲਾਇ ॥ ਓਹੁ ਨ ਮੂਆ ਜੋ ਰਹਿਆ ਸਮਾਇ ॥ ਕਹੁ ਨਾਨਕ ਗੁਰਿ ਬ੍ਰਹਮੁ ਦਿਖਾਇਆ ॥ ਮਰਤਾ ਜਾਤਾ ਨਦਰਿ ਨ ਆਇਆ ॥੪॥੪॥ {ਪੰਨਾ 152}

ਪਦ ਅਰਥ: ਆਪੁ = ਆਪਣੇ ਆਪ ਨੂੰ, ਆਪਣੇ ਆਤਮਕ ਜੀਵਨ ਨੂੰ, ਆਪਣੇ ਅਸਲੇ ਨੂੰ। ਬੀਚਾਰੇ = ਵਿਚਾਰਦਾ ਹੈ, ਚੇਤੇ ਰੱਖਦਾ ਹੈ, ਪੜਤਾਲਤਾ ਰਹਿੰਦਾ ਹੈ। ਸੁ = ਉਹ ਮਨੁੱਖ। ਗਿਆਨੀ = ਗਿਆਨਵਾਨ, ਆਤਮਕ ਜੀਵਨ ਦੀ ਸੂਝ ਵਾਲਾ। ਸੋਈ = ਉਹ (ਪਰਮਾਤਮਾ) ਹੀ। ਕਥਤਾ ਬਕਤਾ = (ਹਰੇਕ ਜੀਵ ਵਿਚ ਵਿਆਪਕ ਹੋ ਕੇ) ਬੋਲਣ ਵਾਲਾ। ਸੁਨਤਾ = ਸੁਣਨ ਵਾਲਾ।1। ਰਹਾਉ।

ਪਉਣੈ ਕਾ = ਹਵਾ ਦਾ। ਮੇਲੁ = ਇਕੱਠ। ਚਪਲ = ਕਿਸੇ ਇੱਕ ਥਾਂ ਨਾਹ ਟਿਕਣ ਵਾਲੀ। ਖੇਲੁ = ਖੇਡ, ਦੌੜ-ਭੱਜ। ਨਉ ਦਰਵਾਜ਼ੇ = ਅੱਖਾਂ, ਕੰਨ, ਨੱਕ, ਮੂੰਹ ਆਦਿਕ ਨੌ ਗੌਲਕਾਂ। ਦੁਆਰੁ = ਦਰਵਾਜ਼ਾ। ਦਸਵਾ ਦੁਆਰੁ = ਦਸਵਾਂ ਦਰਵਾਜ਼ਾ (ਜਿਸ ਰਾਹੀਂ ਬਾਹਰਲੇ ਜਗਤ ਨਾਲ ਮਨੁੱਖ ਦੇ ਅੰਦਰਲੇ ਦੀ ਜਾਣ-ਪਛਾਣ ਬਣੀ ਰਹਿੰਦੀ ਹੈ) , ਦਿਮਾਗ਼। ਰੇ ਗਿਆਨੀ = ਹੇ ਗਿਆਨਵਾਨ! ਹੇ ਆਤਮਕ ਜੀਵਨ ਦੀ ਸੂਝ ਵਾਲੇ! ਬੁਝੁ = ਸਮਝ ਲੈ।1।

ਦੇਹੀ ਮਾਟੀ = ਮਿੱਟੀ ਆਦਿਕ ਤੱਤਾਂ ਦਾ ਬਣਿਆ ਸਰੀਰ। ਬੋਲੈ ਪਉਣੁ = ਸੁਆਸ ਚੱਲ ਰਿਹਾ ਹੈ। ਮੂਆ ਕਉਣੁ = (ਗੁਰੂ ਨੂੰ ਮਿਲਿਆਂ) ਕੌਣ ਮਰਦਾ ਹੈ? ਸੁਰਤਿ = ਮਾਇਆ ਵਾਲੇ ਪਾਸੇ ਦੀ ਖਿੱਚ। ਬਾਦੁ = (ਮਾਇਆ ਦੀ ਖ਼ਾਤਰ ਮਨ ਦਾ) ਝਗੜਾ। ਓਹੁ = ਉਹ (ਜੀਵਾਤਮਾ) ।2।

ਜੈ ਕਾਰਣਿ = ਜਿਸ (ਰਤਨ ਪਦਾਰਥ) ਦੀ ਖ਼ਾਤਰ। ਤਟਿ = ਕੰਢੇ ਉੱਤੇ। ਤਟਿ ਤੀਰਥ = ਤੀਰਥਾਂ ਦੇ ਕੰਢੇ ਤੇ। ਜਾਹੀ = ਜਾਹਿ, ਜਾਂਦੇ ਹਨ। ਘਟ ਹੀ ਮਾਹੀ = ਹਿਰਦੇ ਵਿਚ ਹੀ। ਪੜਿ = ਪੜ੍ਹ ਕੇ। ਬਾਦੁ = ਚਰਚਾ, ਬਹਸ। ਵਖਾਣੈ = ਉਚਾਰਦਾ ਹੈ। ਭੀਤਰਿ = ਹਿਰਦੇ ਵਿਚ ਹੀ, ਅੰਦਰ ਹੀ।3।

ਹਉ = ਮੈਂ, ਜੀਵਾਤਮਾ। ਬਲਾਇ = ਮਮਤਾ-ਰੂਪ ਚੁੜੇਲ। ਗੁਰਿ = ਗੁਰੂ ਨੇ। ਜਾਤਾ = ਜੰਮਦਾ।4।

ਅਰਥ: ਹੇ ਭਾਈ! ਜਿਹੜਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ ਉਹ ਮਨੁੱਖ ਆਤਮਕ ਜੀਵਨ ਦੀ ਸੂਝ ਵਾਲਾ ਹੋ ਜਾਂਦਾ ਹੈ (ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ) ਉਹ ਪਰਮਾਤਮਾ ਹੀ (ਹਰੇਕ ਜੀਵ ਵਿਚ ਵਿਆਪਕ ਹੋ ਕੇ) ਬੋਲਣ ਵਾਲਾ ਹੈ ਸੁਣਨ ਵਾਲਾ ਹੈ।1। ਰਹਾਉ।

ਹੇ ਆਤਮਕ ਜੀਵਨ ਦੀ ਸੂਝ ਵਾਲੇ ਮਨੁੱਖ! (ਗੁਰੂ ਦੀ ਸਰਨ ਪੈ ਕੇ) ਇਹ ਗੱਲ ਸਮਝ ਲੈ (ਕਿ ਜਦੋਂ) ਹਵਾ ਪਾਣੀ ਅੱਗ (ਆਦਿਕ ਤੱਤਾਂ ਦਾ) ਮਿਲਾਪ ਹੁੰਦਾ ਹੈ (ਤਦੋਂ ਇਹ ਸਰੀਰ ਬਣਦਾ ਹੈ, ਤੇ ਇਸ ਵਿਚ) ਚੰਚਲ ਅਤੇ ਕਿਤੇ ਇੱਕ ਥਾਂ ਨਾਹ ਟਿਕਣ ਵਾਲੀ ਬੁੱਧੀ ਦੀ ਦੌੜ-ਭੱਜ (ਸ਼ੁਰੂ ਹੋ ਜਾਂਦੀ ਹੈ) । (ਸਰੀਰ ਦੀਆਂ) ਨੌ ਹੀ ਗੋਲਕਾਂ (ਇਸ ਦੌੜ-ਭੱਜ ਵਿਚ ਸ਼ਾਮਿਲ ਰਹਿੰਦੀਆਂ ਹਨ, ਸਿਰਫ਼) ਦਿਮਾਗ਼ (ਹੀ ਹੈ ਜਿਸ ਰਾਹੀਂ ਆਤਮਕ ਜੀਵਨ ਦੀ ਸੂਝ ਪੈ ਸਕਦੀ ਹੈ) ।1।

ਹੇ ਗਿਆਨਵਾਨ ਮਨੁੱਖ! ਇਸ ਗੱਲ ਨੂੰ ਸਮਝ (ਕਿ ਜਦੋਂ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਤਦੋਂ ਮਨੁੱਖ ਦੇ ਅੰਦਰੋਂ ਸਿਰਫ਼ ਆਪਾ-ਭਾਵ ਦੀ ਮੌਤ ਹੁੰਦੀ ਹੈ, ਉਂਞ) ਹੋਰ ਕੁਝ ਨਹੀਂ ਮਰਦਾ, ਮਿੱਟੀ ਆਦਿਕ ਤੱਤਾਂ ਤੋਂ ਬਣੇ ਇਸ ਸਰੀਰ ਵਿਚ ਸੁਆਸ ਚੱਲਦਾ ਹੀ ਰਹਿੰਦਾ ਹੈ। (ਹਾਂ, ਗੁਰੂ ਮਿਲਿਆਂ ਮਨੁੱਖ ਦੇ ਅੰਦਰੋਂ ਮਾਇਆ ਵਾਲੇ ਪਾਸੇ ਦੀ) ਖਿੱਚ ਮਰ ਜਾਂਦੀ ਹੈ, (ਮਾਇਆ ਦੀ ਖ਼ਾਤਰ ਮਨ ਦਾ) ਝਗੜਾ ਮਰ ਜਾਂਦਾ ਹੈ (ਮਨੁੱਖ ਦੇ ਅੰਦਰੋਂ ਮਾਇਆ ਦਾ) ਅਹੰਕਾਰ ਮਰ ਜਾਂਦਾ ਹੈ। ਪਰ ਉਹ (ਆਤਮਾ) ਨਹੀਂ ਮਰਦਾ ਜੋ ਸਭ ਦੀ ਸੰਭਾਲ ਕਰਨ ਵਾਲੇ ਪਰਮਾਤਮਾ ਦੀ ਅੰਸ਼ ਹੈ।2।

ਹੇ ਭਾਈ! ਜਿਸ (ਨਾਮ-ਰਤਨ) ਦੀ ਖ਼ਾਤਰ ਲੋਕ ਤੀਰਥਾਂ ਦੇ ਕੰਢੇ ਤੇ ਜਾਂਦੇ ਹਨ, ਉਹ ਕੀਮਤੀ ਰਤਨ (ਮਨੁੱਖ ਦੇ) ਹਿਰਦੇ ਵਿਚ ਹੀ ਵੱਸਦਾ ਹੈ। (ਵੇਦ ਆਦਿਕ ਪੁਸਤਕਾਂ ਦਾ ਵਿਦਵਾਨ) ਪੰਡਿਤ (ਵੇਦ ਆਦਿਕ ਧਰਮ-ਪੁਸਤਕਾਂ ਨੂੰ) ਪੜ੍ਹ ਪੜ੍ਹ ਕੇ (ਭੀ) ਚਰਚਾ ਕਰਦਾ ਰਹਿੰਦਾ ਹੈ। ਉਹ ਪੰਡਿਤ (ਆਪਣੇ) ਅੰਦਰ ਵੱਸਦੇ ਨਾਮ-ਪਦਾਰਥ ਨਾਲ ਸਾਂਝ ਨਹੀਂ ਪਾਂਦਾ।3।

ਹੇ ਨਾਨਕ! ਆਖ– (ਜਿਸ ਮਨੁੱਖ ਨੂੰ) ਗੁਰੂ ਨੇ ਪਰਮਾਤਮਾ ਦਾ ਦਰਸ਼ਨ ਕਰਾ ਦਿੱਤਾ, ਉਸ ਨੂੰ ਇਹ ਦਿੱਸ ਪੈਂਦਾ ਹੈ ਕਿ ਪ੍ਰਭੂ ਜੰਮਦਾ ਮਰਦਾ ਨਹੀਂ। (ਉਸ ਨੂੰ) ਇਹ ਦਿੱਸ ਪੈਂਦਾ ਹੈ ਕਿ ਜੀਵਾਤਮਾ ਨਹੀਂ ਮਰਦਾ, (ਮਨੁੱਖ ਦੇ ਅੰਦਰੋਂ) ਮਾਇਆ ਦੀ ਮਮਤਾ-ਰੂਪ ਚੁੜੇਲ ਹੀ ਮਰਦੀ ਹੈ। ਸਭ ਜੀਵਾਂ ਵਿਚ ਵਿਆਪਕ ਪਰਮਾਤਮਾ ਕਦੇ ਨਹੀਂ ਮਰਦਾ।4। 4।

ਗਉੜੀ ਮਹਲਾ ੧ ਦਖਣੀ ॥ ਸੁਣਿ ਸੁਣਿ ਬੂਝੈ ਮਾਨੈ ਨਾਉ ॥ ਤਾ ਕੈ ਸਦ ਬਲਿਹਾਰੈ ਜਾਉ ॥ ਆਪਿ ਭੁਲਾਏ ਠਉਰ ਨ ਠਾਉ ॥ ਤੂੰ ਸਮਝਾਵਹਿ ਮੇਲਿ ਮਿਲਾਉ ॥੧॥ ਨਾਮੁ ਮਿਲੈ ਚਲੈ ਮੈ ਨਾਲਿ ॥ ਬਿਨੁ ਨਾਵੈ ਬਾਧੀ ਸਭ ਕਾਲਿ ॥੧॥ ਰਹਾਉ ॥ ਖੇਤੀ ਵਣਜੁ ਨਾਵੈ ਕੀ ਓਟ ॥ ਪਾਪੁ ਪੁੰਨੁ ਬੀਜ ਕੀ ਪੋਟ ॥ ਕਾਮੁ ਕ੍ਰੋਧੁ ਜੀਅ ਮਹਿ ਚੋਟ ॥ ਨਾਮੁ ਵਿਸਾਰਿ ਚਲੇ ਮਨਿ ਖੋਟ ॥੨॥ ਸਾਚੇ ਗੁਰ ਕੀ ਸਾਚੀ ਸੀਖ ॥ ਤਨੁ ਮਨੁ ਸੀਤਲੁ ਸਾਚੁ ਪਰੀਖ ॥ ਜਲ ਪੁਰਾਇਨਿ ਰਸ ਕਮਲ ਪਰੀਖ ॥ ਸਬਦਿ ਰਤੇ ਮੀਠੇ ਰਸ ਈਖ ॥੩॥ ਹੁਕਮਿ ਸੰਜੋਗੀ ਗੜਿ ਦਸ ਦੁਆਰ ॥ ਪੰਚ ਵਸਹਿ ਮਿਲਿ ਜੋਤਿ ਅਪਾਰ ॥ ਆਪਿ ਤੁਲੈ ਆਪੇ ਵਣਜਾਰ ॥ ਨਾਨਕ ਨਾਮਿ ਸਵਾਰਣਹਾਰ ॥੪॥੫॥ {ਪੰਨਾ 152}

ਪਦ ਅਰਥ: ਸੁਣਿ ਸੁਣਿ = ("ਸਾਚੇ ਗੁਰ ਦੀ ਸਾਚੀ ਸੀਖ") ਸੁਣ ਸੁਣ ਕੇ। ਬੂਝੈ = (ਜੋ ਮਨੁੱਖ ਉਸ "ਸੀਖ" ਨੂੰ) ਸਮਝਦਾ ਹੈ। ਮਾਨੈ = ਮੰਨ ਲੈਂਦਾ ਹੈ, ਯਕੀਨ ਕਰ ਲੈਂਦਾ ਹੈ (ਕਿ 'ਨਾਉ' ਹੀ ਸੱਚਾ ਵਣਜ ਹੈ) । ਮੇਲਿ = ("ਸਾਚੇ ਗੁਰ ਕੀ ਸਾਚੀ ਸੀਖ" ਵਿਚ) ਜੋੜ ਕੇ। ਮਿਲਾਉ = ਮਿਲਾਪ।1।

ਮੈ ਨਾਲਿ = (ਜਗਤ ਤੋਂ ਤੁਰਨ ਵੇਲੇ) ਮੇਰੇ ਨਾਲ (ਜਦੋਂ ਹੋਰ ਸਭ ਕੁਝ ਇਥੇ ਹੀ ਰਹਿ ਜਾਏਗਾ) । ਕਾਲਿ = ਕਾਲ ਵਿਚ, ਮੌਤ ਦੇ ਡਰ ਵਿਚ। ਬਾਧੀ = ਬੱਝੀ ਹੋਈ, ਜਕੜੀ ਹੋਈ।1। ਰਹਾਉ।

ਬੀਜ ਕੀ ਪੋਟ = ਬੀਜ ਦੀ ਪੋਟਲੀ {ਨੋਟ: ਜਿਹੜਾ ਭੀ ਚੰਗਾ ਮੰਦਾ ਕਰਮ ਮਨੁੱਖ ਕਰਦਾ ਹੈ, ਉਸ ਦਾ ਸੰਸਕਾਰ ਮਨ ਵਿਚ ਟਿਕ ਜਾਂਦਾ ਹੈ। ਉਹ ਸੰਸਕਾਰ ਅਗਾਂਹ ਨੂੰ ਉਹੋ ਜਿਹੇ ਹੋਰ ਕਰਮ ਕਰਨ ਲਈ ਪ੍ਰੇਰਨਾ ਕਰਦਾ ਹੈ। ਸੋ, ਉਹ ਕੀਤਾ ਹੋਇਆ ਚੰਗਾ ਮੰਦਾ ਕਰਮ ਬੀਜ ਦਾ ਕੰਮ ਦੇਂਦਾ ਹੈ। ਜਿਹੋ ਜਿਹਾ ਬੀਜ ਬੀਜੀਏ, ਉਹੋ ਜਿਹਾ ਫਲ ਤਿਆਰ ਹੋ ਜਾਂਦਾ ਹੈ}। ਜੀਅ ਮਹਿ = (ਜਿਨ੍ਹਾਂ ਮਨੁੱਖਾਂ ਦੇ) ਹਿਰਦੇ ਵਿਚ। ਚਲੇ = (ਜਗਤ ਵਿਚੋਂ) ਜਾਂਦੇ ਹਨ। ਮਨਿ = ਮਨ ਵਿਚ (ਖੋਟ ਵਿਕਾਰ) ।2।

ਪਰੀਖ = ਪਰਖ, ਪਛਾਣ। ਪੁਰਾਇਨਿ = ਚੌਪੱਤੀ। ਰਸ ਕਮਲ = ਜਲ ਦਾ ਕੌਲ ਫੁੱਲ। ਰਸ ਈਖ = ਈਖ ਰਸ, ਗੰਨੇ ਦਾ ਰਸ, ਗੰਨੇ ਦੀ ਰਹੁ।3।

ਹੁਕਮਿ = ਪ੍ਰਭੂ ਦੇ ਹੁਕਮ ਵਿਚ। ਸੰਜੋਗੀ = ਸੰਜੋਗਾਂ ਅਨੁਸਾਰ, ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ। ਗੜਿ = ਗੜ ਵਿਚ, ਸਰੀਰ-ਕਿਲ੍ਹੇ ਵਿਚ। ਦਸ ਦੁਆਰ ਗੜਿ = ਦਸਾਂ ਦਰਾਂ ਵਾਲੇ ਸਰੀਰ-ਗੜ੍ਹ ਵਿਚ। ਪੰਚ = ਸੰਤ ਜਨ। ਮਿਲਿ = ਮਿਲ ਕੇ। ਤੁਲੈ = ਤੁਲਦਾ ਹੈ, ਵਣਜੀਦਾ ਹੈ। ਆਪੇ = ਆਪ ਹੀ। ਵਣਜਾਰ = ਵਣਜ ਕਰਨ ਵਾਲਾ। ਨਾਮਿ = ਨਾਮ ਵਿਚ (ਜੋੜ ਕੇ) ।4।

ਅਰਥ: ਜੋ ਮਨੁੱਖ ("ਸਾਚੇ ਗੁਰ ਕੀ ਸਾਚੀ ਸੀਖ") ਸੁਣ ਸੁਣ ਕੇ ਉਸ ਨੂੰ ਵਿਚਾਰਦਾ-ਸਮਝਦਾ ਹੈ ਤੇ ਇਹ ਯਕੀਨ ਬਣਾ ਲੈਂਦਾ ਹੈ ਕਿ ਪਰਮਾਤਮਾ ਦਾ ਨਾਮ ਹੀ ਅਸਲ ਵਣਜ-ਵਪਾਰ ਹੈ, ਮੈਂ ਉਸ ਤੋਂ ਸਦਾ ਸਦਕੇ ਜਾਂਦਾ ਹਾਂ। ਜਿਸ ਮਨੁੱਖ ਨੂੰ ਪ੍ਰਭੂ (ਇਸ ਪਾਸੇ ਵਲੋਂ) ਖੁੰਝਾ ਦੇਂਦਾ ਹੈ, ਉਸ ਨੂੰ ਕੋਈ ਹੋਰ (ਆਤਮਕ) ਸਹਾਰਾ ਨਹੀਂ ਮਿਲ ਸਕਦਾ।

ਹੇ ਪ੍ਰਭੂ! ਜਿਸ ਨੂੰ ਤੂੰ ਆਪ ਬਖ਼ਸ਼ੇਂ, ਉਸ ਨੂੰ ਤੂੰ (ਗੁਰੂ ਦੀ ਸਿੱਖਿਆ ਵਿਚ) ਮੇਲ ਕੇ (ਆਪਣੇ ਚਰਨਾਂ ਦਾ) ਮਿਲਾਪ (ਬਖ਼ਸ਼ਦਾ ਹੈਂ) ।1।

ਹੇ ਪ੍ਰਭੂ! ਮੇਰੀ ਇਹੀ ਅਰਦਾਸ ਹੈ ਕਿ ਮੈਨੂੰ ਤੇਰਾ) ਨਾਮ ਮਿਲ ਜਾਏ, (ਤੇਰਾ ਨਾਮ ਹੀ ਜਗਤ ਤੋਂ ਤੁਰਨ ਵੇਲੇ) ਮੇਰੇ ਨਾਲ ਜਾ ਸਕਦਾ ਹੈ। ਤੇਰਾ ਨਾਮ ਸਿਮਰਨ ਤੋਂ ਬਿਨਾ ਸਾਰੀ ਲੁਕਾਈ ਮੌਤ ਦੇ ਸਹਮ ਵਿਚ ਜਕੜੀ ਪਈ ਹੈ।1। ਰਹਾਉ।

(ਹੇ ਭਾਈ!) ਪਰਮਾਤਮਾ ਦੇ ਨਾਮ ਦਾ ਆਸਰਾ (ਇਸ ਤਰ੍ਹਾਂ ਲਵੋ ਜਿਸ ਤਰ੍ਹਾਂ) ਖੇਤੀ ਨੂੰ, ਵਣਜ ਨੂੰ ਆਪਣੇ ਸਰੀਰਕ ਨਿਰਬਾਹ ਦਾ ਸਹਾਰਾ ਬਣਾਂਦੇ ਹੋ। (ਕੋਈ ਭੀ ਕੀਤਾ ਹੋਇਆ) ਪਾਪ ਜਾਂ ਪੁੰਨ (ਹਰੇਕ ਜੀਵ ਲਈ ਅਗਾਂਹ ਵਾਸਤੇ) ਬੀਜ ਦੀ ਪੋਟਲੀ ਬਣ ਜਾਂਦਾ ਹੈ। (ਉਹ ਚੰਗਾ ਮੰਦਾ ਕੀਤਾ ਕਰਮ ਮਨ ਦੇ ਅੰਦਰ ਸੰਸਕਾਰ-ਰੂਪ ਵਿਚ ਟਿਕ ਕੇ ਉਹੋ ਜਿਹੇ ਕਰਮ ਕਰਨ ਲਈ ਪ੍ਰੇਰਨਾ ਕਰਦਾ ਰਹਿੰਦਾ ਹੈ) । ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ (ਪ੍ਰਭੂ ਦੇ ਨਾਮ ਦੇ ਥਾਂ) ਕਾਮ ਕ੍ਰੋਧ (ਆਦਿਕ ਵਿਕਾਰ) ਚੋਟ ਲਾਂਦਾ ਰਹਿੰਦਾ ਹੈ (ਪ੍ਰੇਰਨਾ ਕਰਦਾ ਰਹਿੰਦਾ ਹੈ) ਉਹ ਬੰਦੇ ਪ੍ਰਭੂ ਦਾ ਨਾਮ ਵਿਸਾਰ ਕੇ (ਇਥੋਂ) ਮਨ ਵਿਚ (ਵਿਕਾਰਾਂ ਦੀ) ਖੋਟ ਲੈ ਕੇ ਹੀ ਤੁਰ ਪੈਂਦੇ ਹਨ।2।

ਜਿਨ੍ਹਾਂ ਮਨੁੱਖਾਂ ਨੂੰ ਸੱਚੇ ਸਤਿਗੁਰੂ ਦੀ ਸੱਚੀ ਸਿੱਖਿਆ ਪ੍ਰਾਪਤ ਹੁੰਦੀ ਹੈ, ਉਹਨਾਂ ਦਾ ਮਨ ਸ਼ਾਂਤ ਰਹਿੰਦਾ ਹੈ ਉਹਨਾਂ ਦਾ ਸਰੀਰ ਸ਼ਾਂਤ ਰਹਿੰਦਾ ਹੈ (ਭਾਵ, ਉਹਨਾਂ ਦੇ ਗਿਆਨ-ਇੰਦ੍ਰੇ ਵਿਕਾਰਾਂ ਵਲੋਂ ਹਟੇ ਰਹਿੰਦੇ ਹਨ) ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਪਛਾਣ ਲੈਂਦੇ ਹਨ (ਸਾਂਝ ਪਾ ਲੈਂਦੇ ਹਨ) । ਜਿਵੇਂ ਪਾਣੀ ਦੀ ਚੌਪੱਤੀ, ਜਿਵੇਂ ਪਾਣੀ ਦਾ ਕੌਲ ਫੁਲ (ਪਾਣੀ ਤੋਂ ਬਿਨਾ ਜੀਊਂਦੇ ਨਹੀਂ ਰਹਿ ਸਕਦੇ, ਤਿਵੇਂ ਉਹਨਾਂ ਦੀ ਜਿੰਦ ਪ੍ਰਭੂ-ਨਾਮ ਦਾ ਵਿਛੋੜਾ ਸਹਾਰ ਨਹੀਂ ਸਕਦੀ) । ਉਹ ਗੁਰੂ ਦੇ ਸ਼ਬਦ ਵਿਚ ਰੰਗੇ ਰਹਿੰਦੇ ਹਨ, ਉਹ ਮਿੱਠੇ ਸੁਭਾਵ ਵਾਲੇ ਹੁੰਦੇ ਹਨ, ਜਿਵੇਂ ਗੰਨੇ ਦੀ ਰਹੁ ਮਿੱਠੀ ਹੈ।3।

ਪ੍ਰਭੂ ਦੇ ਹੁਕਮ ਵਿਚ ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਸੰਤ ਜਨ ਅਪਾਰ ਪ੍ਰਭੂ ਦੇ ਜੋਤਿ ਨਾਲ ਮਿਲ ਕੇ ਇਸ ਦਸ-ਦੁਆਰੀ ਸਰੀਰ-ਕਿਲ੍ਹੇ ਵਿਚ ਵੱਸਦੇ ਹਨ (ਕਾਮ ਕ੍ਰੋਧ ਆਦਿਕ ਕੋਈ ਵਿਕਾਰ ਇਸ ਕਿਲ੍ਹੇ ਵਿਚ ਉਹਨਾਂ ਉੱਤੇ ਚੋਟ ਨਹੀਂ ਕਰਦਾ ਉਹਨਾਂ ਦੇ ਅੰਦਰ) ਪ੍ਰਭੂ ਆਪ (ਨਾਮ-ਵੱਖਰ ਬਣ ਕੇ) ਵਣਜਿਆ ਜਾ ਰਿਹਾ ਹੈ, ਤੇ, ਹੇ ਨਾਨਕ! (ਉਹਨਾਂ ਸੰਤ ਜਨਾਂ ਨੂੰ) ਆਪਣੇ ਨਾਮ ਵਿਚ ਜੋੜ ਕੇ (ਆਪ ਹੀ) ਉਹਨਾਂ ਦਾ ਜੀਵਨ ਸੁਚੱਜਾ ਬਣਾਂਦਾ ਹੈ।4।5।

ਨੋਟ: ਇਸ ਸ਼ਬਦ ਦੇ ਸਿਰਲੇਖ ਨੂੰ ਧਿਆਨ ਨਾਲ ਪੜ੍ਹਨ ਦੀ ਲੋੜ ਹੈ। ਲਫ਼ਜ਼ "ਦਖਣੀ" ਨੂੰ 'ਗਉੜੀ' ਦੇ ਨਾਲ ਵਰਤਣਾ ਹੈ। ਰਾਗਣੀ 'ਗਉੜੀ' ਦੀ "ਦਖਣੀ" ਕਿਸਮ ਹੈ। ਇਸੇ ਤਰ੍ਹਾਂ ਪੰਨਾ 929 ਉੱਤੇ ਸਿਰਲੇਖ ਹੈ "ਰਾਮਕਲੀ ਮਹਲਾ 1 ਦਖਣੀ ਓਅੰਕਾਰੁ"। ਇਥੇ ਭੀ ਲਫ਼ਜ਼ "ਦਖਣੀ" ਨੂੰ ਲਫ਼ਜ਼ "ਰਾਮਕਲੀ" ਦੇ ਨਾਲ ਵਰਤਣਾ ਹੈ। ਬਾਣੀ ਦਾ ਨਾਮ ਹੈ "ਓਅੰਕਾਰੁ"। "ਦਖਣੀ ਓਅੰਕਾਰੁ" ਆਖਣਾ ਗ਼ਲਤ ਹੈ।

ਗਉੜੀ ਮਹਲਾ ੧ ॥ ਜਾਤੋ ਜਾਇ ਕਹਾ ਤੇ ਆਵੈ ॥ ਕਹ ਉਪਜੈ ਕਹ ਜਾਇ ਸਮਾਵੈ ॥ ਕਿਉ ਬਾਧਿਓ ਕਿਉ ਮੁਕਤੀ ਪਾਵੈ ॥ ਕਿਉ ਅਬਿਨਾਸੀ ਸਹਜਿ ਸਮਾਵੈ ॥੧॥ ਨਾਮੁ ਰਿਦੈ ਅੰਮ੍ਰਿਤੁ ਮੁਖਿ ਨਾਮੁ ॥ ਨਰਹਰ ਨਾਮੁ ਨਰਹਰ ਨਿਹਕਾਮੁ ॥੧॥ ਰਹਾਉ ॥ ਸਹਜੇ ਆਵੈ ਸਹਜੇ ਜਾਇ ॥ ਮਨ ਤੇ ਉਪਜੈ ਮਨ ਮਾਹਿ ਸਮਾਇ ॥ ਗੁਰਮੁਖਿ ਮੁਕਤੋ ਬੰਧੁ ਨ ਪਾਇ ॥ ਸਬਦੁ ਬੀਚਾਰਿ ਛੁਟੈ ਹਰਿ ਨਾਇ ॥੨॥ ਤਰਵਰ ਪੰਖੀ ਬਹੁ ਨਿਸਿ ਬਾਸੁ ॥ ਸੁਖ ਦੁਖੀਆ ਮਨਿ ਮੋਹ ਵਿਣਾਸੁ ॥ ਸਾਝ ਬਿਹਾਗ ਤਕਹਿ ਆਗਾਸੁ ॥ ਦਹ ਦਿਸਿ ਧਾਵਹਿ ਕਰਮਿ ਲਿਖਿਆਸੁ ॥੩॥ ਨਾਮ ਸੰਜੋਗੀ ਗੋਇਲਿ ਥਾਟੁ ॥ ਕਾਮ ਕ੍ਰੋਧ ਫੂਟੈ ਬਿਖੁ ਮਾਟੁ ॥ ਬਿਨੁ ਵਖਰ ਸੂਨੋ ਘਰੁ ਹਾਟੁ ॥ ਗੁਰ ਮਿਲਿ ਖੋਲੇ ਬਜਰ ਕਪਾਟ ॥੪॥ ਸਾਧੁ ਮਿਲੈ ਪੂਰਬ ਸੰਜੋਗ ॥ ਸਚਿ ਰਹਸੇ ਪੂਰੇ ਹਰਿ ਲੋਗ ॥ ਮਨੁ ਤਨੁ ਦੇ ਲੈ ਸਹਜਿ ਸੁਭਾਇ ॥ ਨਾਨਕ ਤਿਨ ਕੈ ਲਾਗਉ ਪਾਇ ॥੫॥੬॥ {ਪੰਨਾ 152-153}

ਪਦ ਅਰਥ: ਜਾਤੋ ਜਾਇ = (ਕਿਵੇਂ) ਜਾਤੋ ਜਾਇ, ਕਿਵੇਂ ਸਮਝਿਆ ਜਾਏ? {"ਤੇਰਾ ਕੀਤਾ ਜਾਤੋ ਨਾਹੀ"}। ਕਹ ਉਪਜੈ = ਕਿਥੋਂ ਪੈਦਾ ਹੁੰਦੀ ਹੈ (ਕਾਮਨਾ) ? ਕਿਉ ਬਾਧਿਓ = ਕਿਵੇਂ (ਕਾਮਨਾ ਵਿਚ) ਬੱਝ ਜਾਂਦਾ ਹੈ? ਮੁਕਤੀ = ਖ਼ਲਾਸੀ, ਆਜ਼ਾਦੀ। ਅਬਿਨਾਸੀ ਸਹਜਿ = ਅਟੱਲ ਸਹਜ ਵਿਚ, ਸਦਾ-ਥਿਰ ਰਹਿਣ ਵਾਲੀ ਅਡੋਲ ਅਵਸਥਾ ਵਿਚ।1।

ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ। ਨਰਹਰ ਨਾਮੁ = ਪਰਮਾਤਮਾ ਦਾ ਨਾਮ। ਨਿਹਕਾਮੁ = ਕਾਮਨਾ-ਰਹਿਤ, ਵਾਸਨਾ-ਰਹਿਤ।1। ਰਹਾਉ।

ਸਹਜੇ = ਕੁਦਰਤੀ ਨਿਯਮ ਅਨੁਸਾਰ। ਆਵੈ = (ਵਾਸਨਾ) ਪੈਦਾ ਹੁੰਦੀ ਹੈ। ਮਨ ਤੇ = ਮਨ ਤੋਂ। ਗੁਰਮੁਖਿ = ਜੋ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ। ਮੁਕਤੋ = ਵਾਸਨਾ ਤੋਂ ਮੁਕਤ। ਬੰਧੁ = ਵਾਸਨਾ ਦੀ ਕੈਦ। ਬੀਚਾਰਿ = ਵਿਚਾਰ ਕੇ। ਨਾਇ = ਨਾਮ ਦੀ ਰਾਹੀਂ।2।

ਤਰਵਰ ਪੰਖੀ ਬਹੁ = ਰੁੱਖਾਂ ਉੱਤੇ ਅਨੇਕਾਂ ਪੰਛੀ। ਨਿਸਿ = ਰਾਤ ਵੇਲੇ। ਵਿਣਾਸੁ = ਆਤਮਕ ਮੌਤ। ਸਾਝ = ਸ਼ਾਮ। ਬਿਹਾਗ = ਸਵੇਰ। ਤਕਹਿ = ਤੱਕਦੇ ਹਨ। ਦਹਦਿਸਿ = ਦਸੀਂ ਪਾਸੀਂ। ਕਰਮਿ = ਕੀਤੇ ਕਰਮ ਅਨੁਸਾਰ। ਕਰਮਿ ਲਿਖਿਆਸੁ = ਕੀਤੇ ਕਰਮ ਅਨੁਸਾਰ ਜੋ ਸੰਸਕਾਰ ਮਨ ਵਿਚ ਉੱਕਰਿਆ ਹੁੰਦਾ ਹੈ।3।

ਨਾਮ ਸੰਜੋਗੀ = ਨਾਮ ਦੀ ਸਾਂਝ ਬਣਾਣ ਵਾਲੇ। ਗੋਇਲਿ = ਗੋਇਲ ਵਿਚ। ਥਾਟੁ = ਥਾਂ। ਗੋਇਲ = ਔੜ ਸਮੇ ਲੋਕ ਦਰਿਆਵਾਂ ਕੰਢੇ ਆਪਣਾ ਮਾਲ-ਡੰਗਰ ਹਰਾ ਘਾਹ ਚਾਰਨ ਲਈ ਲੈ ਆਉਂਦੇ ਹਨ; ਉਸ ਹਰਿਆਵਲ ਵਾਲੇ ਥਾਂ ਨੂੰ ਗੋਇਲ ਕਹਿੰਦੇ ਹਨ; ਇਹ ਪ੍ਰਬੰਧ ਆਰਜ਼ੀ ਹੀ ਹੁੰਦਾ ਹੈ; ਜਦੋਂ ਮੀਂਹ ਪੈਂਦਾ ਹੈ ਲੋਕ ਆਪੋ ਆਪਣੇ ਵਤਨ ਵਾਪਸ ਚਲੇ ਜਾਂਦੇ ਹਨ। ਬਿਖੁ ਮਾਟੁ = ਵਿਹੁਲਾ ਮਟਕਾ। ਫੂਟੈ = ਫੁਟ ਜਾਂਦਾ ਹੈ। ਸੂਨੋ = ਸੁੰਞਾ। ਹਾਟੁ = ਹੱਟ, ਹਿਰਦਾ। ਗੁਰ ਮਿਲਿ = ਗੁਰੂ ਨੂੰ ਮਿਲ ਕੇ। ਬਜਰ = ਕਰੜੇ। ਕਪਾਟ = ਕਵਾੜ, ਭਿੱਤ।4।

ਸਾਧੁ = ਗੁਰੂ। ਪੂਰਬ ਸੰਜੋਗ = ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰ ਉੱਘੜਨ ਨਾਲ। ਸਚਿ = ਸੱਚ ਵਿਚ, ਸਦਾ-ਥਿਰ ਪ੍ਰਭੂ ਵਿਚ। ਰਹਸੇ = ਖਿੜੇ ਹੋਏ, ਪ੍ਰਸੰਨ। ਦੇ = ਦੇ ਕੇ, ਅਰਪਨ ਕਰ ਕੇ। ਲੈ = (ਜੋ) ਲੈਂਦੇ ਹਨ (ਨਾਮ) । ਸਹਜਿ = ਸਹਿਜ ਵਿਚ, ਅਡੋਲਤਾ ਵਿਚ (ਟਿਕ ਕੇ) । ਸੁਭਾਇ = ਪ੍ਰੇਮ ਵਿਚ (ਟਿਕ ਕੇ) । ਲਾਗਉ = ਲਾਗਉਂ, ਮੈਂ ਲੱਗਦਾ ਹਾਂ। ਪਾਇ = ਪੈਰੀਂ।5।

ਅਰਥ: ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ-ਅੰਮ੍ਰਿਤ ਵੱਸਦਾ ਹੈ, ਜੋ ਮਨੁੱਖ ਮੂੰਹੋਂ ਪ੍ਰਭੂ ਦਾ ਨਾਮ ਉਚਾਰਦਾ ਹੈ, ਉਹ ਪ੍ਰਭੂ ਦਾ ਨਾਮ ਲੈ ਕੇ ਪ੍ਰਭੂ ਵਾਂਗ ਕਾਮਨਾ-ਰਹਿਤ (ਵਾਸਨਾ-ਰਹਿਤ) ਹੋ ਜਾਂਦਾ ਹੈ।1। ਰਹਾਉ।

(ਪਰ) ਇਹ ਕਿਵੇਂ ਸਮਝ ਆਵੇ ਕਿ (ਇਹ ਵਾਸਨਾ) ਕਿਥੋਂ ਆਉਂਦੀ ਹੈ, (ਵਾਸਨਾ) ਕਿਥੋਂ ਪੈਦਾ ਹੁੰਦੀ ਹੈ, ਕਿਥੇ ਜਾ ਕੇ ਮੁੱਕ ਜਾਂਦੀ ਹੈ? ਮਨੁੱਖ ਕਿਵੇਂ ਇਸ ਵਾਸਨਾ ਵਿਚ ਬੱਝ ਜਾਂਦਾ ਹੈ? ਕਿਵੇਂ ਇਸ ਤੋਂ ਖ਼ਲਾਸੀ ਹਾਸਲ ਕਰਦਾ ਹੈ? (ਖ਼ਲਾਸੀ ਪਾ ਕੇ) ਕਿਵੇਂ ਅਟੱਲ ਅਡੋਲ ਅਵਸਥਾ ਵਿਚ ਟਿਕ ਜਾਂਦਾ ਹੈ?।1।

(ਗੁਰੂ ਦੇ ਸਨਮੁਖ ਹੋਇਆਂ ਇਹ ਸਮਝ ਆਉਂਦੀ ਹੈ ਕਿ) ਵਾਸਨਾ ਕੁਦਰਤੀ ਨਿਯਮ ਅਨੁਸਾਰ ਪੈਦਾ ਹੋ ਜਾਂਦੀ ਹੈ। ਕੁਦਰਤੀ ਨਿਯਮ ਅਨੁਸਾਰ ਹੀ ਮੁੱਕ ਜਾਂਦੀ ਹੈ (ਮਨਮੁਖਤਾ ਦੀ ਹਾਲਤ ਵਿਚ) ਮਨ ਤੋਂ ਪੈਦਾ ਹੁੰਦੀ ਹੈ (ਗੁਰੂ ਦੇ ਸਨਮੁਖ ਹੋਇਆਂ) ਮਨ ਵਿਚ ਹੀ ਖ਼ਤਮ ਹੋ ਜਾਂਦੀ ਹੈ। ਜੋ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਵਾਸਨਾ ਤੋਂ ਬਚਿਆ ਰਹਿੰਦਾ ਹੈ, ਵਾਸਨਾ (ਉਸ ਦੇ ਰਾਹ ਵਿਚ) ਬੰਨ੍ਹ ਨਹੀਂ ਮਾਰ ਸਕਦੀ। ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਉਹ ਮਨੁੱਖ ਪ੍ਰਭੂ ਦੇ ਨਾਮ ਦੀ ਰਾਹੀਂ ਵਾਸਨਾ (ਦੇ ਜਾਲ) ਵਿਚੋਂ ਬਚ ਜਾਂਦਾ ਹੈ।2।

(ਜਿਵੇਂ) ਰਾਤ ਵੇਲੇ ਅਨੇਕਾਂ ਪੰਛੀ ਰੁੱਖਾਂ ਉੱਤੇ ਵਸੇਰਾ ਕਰ ਲੈਂਦੇ ਹਨ (ਤਿਵੇਂ ਜੀਵ ਜਗਤ ਵਿਚ ਰੈਣ-ਬਸੇਰੇ ਲਈ ਆਉਂਦੇ ਹਨ) , ਕੋਈ ਸੁਖੀ ਹਨ ਕੋਈ ਦੁਖੀ ਹਨ, ਕਈਆਂ ਦੇ ਮਨ ਵਿਚ ਮਾਇਆ ਦਾ ਮੋਹ ਬਣ ਜਾਂਦਾ ਹੈ, ਤੇ ਉਹ ਆਤਮਕ ਮੌਤ ਸਹੇੜ ਲੈਂਦੇ ਹਨ। ਪੰਛੀ ਸ਼ਾਮ ਵੇਲੇ ਰੁੱਖਾਂ ਤੇ ਆ ਟਿਕਦੇ ਹਨ, ਸਵੇਰੇ ਅਕਾਸ਼ ਨੂੰ ਤੱਕਦੇ ਹਨ (ਚਾਨਣ ਵੇਖ ਕੇ) ਦਸੀਂ ਪਾਸੀਂ ਉੱਡ ਜਾਂਦੇ ਹਨ, ਤਿਵੇਂ ਜੀਵ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਦਸੀਂ ਪਾਸੀਂ ਭਟਕਦੇ ਫਿਰਦੇ ਹਨ।3।

ਜਿਵੇਂ ਔੜ ਲੱਗਣ ਤੇ ਲੋਕ ਦਰਿਆਵਾਂ ਕੰਢੇ ਹਰਿਆਵਲੇ ਥਾਂ ਵਿਚ ਚਾਰ ਦਿਨਾਂ ਦਾ ਟਿਕਾਣਾ ਬਣਾ ਲੈਂਦੇ ਹਨ, ਤਿਵੇਂ ਪ੍ਰਭੂ ਦੇ ਨਾਮ ਨਾਲ ਸਾਂਝ ਪਾਣ ਵਾਲੇ ਬੰਦੇ ਜਗਤ ਵਿਚ ਚੰਦ-ਰੋਜ਼ਾ ਟਿਕਾਣਾ ਸਮਝਦੇ ਹਨ। ਉਹਨਾਂ ਦੇ ਅੰਦਰੋਂ ਕਾਮ ਕ੍ਰੋਧ ਆਦਿਕ ਦਾ ਵਿਹੁਲਾ ਮਟਕਾ ਭੱਜ ਜਾਂਦਾ ਹੈ (ਭਾਵ, ਉਹਨਾਂ ਦੇ ਅੰਦਰ ਕਾਮਾਦਿਕ ਵਿਕਾਰ ਜ਼ੋਰ ਨਹੀਂ ਪਾਂਦੇ) । ਜੋ ਮਨੁੱਖ ਨਾਮ-ਵੱਖਰ ਤੋਂ ਵਾਂਜੇ ਰਹਿੰਦੇ ਹਨ ਉਹਨਾਂ ਦਾ ਹਿਰਦਾ-ਹੱਟ ਸੱਖਣਾ ਹੁੰਦਾ ਹੈ (ਉਹਨਾਂ ਦੇ ਸੁੰਞੇ ਹਿਰਦੇ-ਘਰ ਨੂੰ, ਮਾਨੋ, ਜੰਦਰੇ ਵੱਜੇ ਰਹਿੰਦੇ ਹਨ) । ਗੁਰੂ ਨੂੰ ਮਿਲ ਕੇ ਉਹ ਕਰੜੇ ਕਵਾੜ ਖੁਲ੍ਹ ਜਾਂਦੇ ਹਨ।4।

ਜਿਨ੍ਹਾਂ ਮਨੁੱਖਾਂ ਨੂੰ ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰ ਉੱਘੜਨ ਤੇ ਗੁਰੂ ਮਿਲਦਾ ਹੈ, ਉਹ ਪੂਰੇ ਪੁਰਸ਼ ਸਦਾ-ਥਿਰ ਪ੍ਰਭੂ ਵਿਚ ਜੁੜ ਕੇ ਖਿੜੇ ਰਹਿੰਦੇ ਹਨ।

ਹੇ ਨਾਨਕ! (ਆਖ–) ਜੋ ਮਨੁੱਖ ਮਨ ਗੁਰੂ ਦੇ ਹਵਾਲੇ ਕਰ ਕੇ ਸਰੀਰ ਗੁਰੂ ਦੇ ਹਵਾਲੇ ਕਰ ਕੇ ਅਡੋਲਤਾ ਵਿਚ ਟਿਕ ਕੇ ਪ੍ਰੇਮ ਵਿਚ ਜੁੜ ਕੇ (ਨਾਮ ਦੀ ਦਾਤਿ ਗੁਰੂ ਤੋਂ) ਲੈਂਦੇ ਹਨ, ਮੈਂ ਉਹਨਾਂ ਦੀ ਚਰਨੀਂ ਲੱਗਦਾ ਹਾਂ।5।6।

TOP OF PAGE

Sri Guru Granth Darpan, by Professor Sahib Singh