ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ

Page 154

ਗਉੜੀ ਮਹਲਾ ੧ ॥ ਕਿਰਤੁ ਪਇਆ ਨਹ ਮੇਟੈ ਕੋਇ ॥ ਕਿਆ ਜਾਣਾ ਕਿਆ ਆਗੈ ਹੋਇ ॥ ਜੋ ਤਿਸੁ ਭਾਣਾ ਸੋਈ ਹੂਆ ॥ ਅਵਰੁ ਨ ਕਰਣੈ ਵਾਲਾ ਦੂਆ ॥੧॥ ਨਾ ਜਾਣਾ ਕਰਮ ਕੇਵਡ ਤੇਰੀ ਦਾਤਿ ॥ ਕਰਮੁ ਧਰਮੁ ਤੇਰੇ ਨਾਮ ਕੀ ਜਾਤਿ ॥੧॥ ਰਹਾਉ ॥ ਤੂ ਏਵਡੁ ਦਾਤਾ ਦੇਵਣਹਾਰੁ ॥ ਤੋਟਿ ਨਾਹੀ ਤੁਧੁ ਭਗਤਿ ਭੰਡਾਰ ॥ ਕੀਆ ਗਰਬੁ ਨ ਆਵੈ ਰਾਸਿ ॥ ਜੀਉ ਪਿੰਡੁ ਸਭੁ ਤੇਰੈ ਪਾਸਿ ॥੨॥ ਤੂ ਮਾਰਿ ਜੀਵਾਲਹਿ ਬਖਸਿ ਮਿਲਾਇ ॥ ਜਿਉ ਭਾਵੀ ਤਿਉ ਨਾਮੁ ਜਪਾਇ ॥ ਤੂੰ ਦਾਨਾ ਬੀਨਾ ਸਾਚਾ ਸਿਰਿ ਮੇਰੈ ॥ ਗੁਰਮਤਿ ਦੇਇ ਭਰੋਸੈ ਤੇਰੈ ॥੩॥ ਤਨ ਮਹਿ ਮੈਲੁ ਨਾਹੀ ਮਨੁ ਰਾਤਾ ॥ ਗੁਰ ਬਚਨੀ ਸਚੁ ਸਬਦਿ ਪਛਾਤਾ ॥ ਤੇਰਾ ਤਾਣੁ ਨਾਮ ਕੀ ਵਡਿਆਈ ॥ ਨਾਨਕ ਰਹਣਾ ਭਗਤਿ ਸਰਣਾਈ ॥੪॥੧੦॥ {ਪੰਨਾ 154}

ਪਦ ਅਰਥ: ਕਿਰਤੁ = ਕੀਤਾ ਹੋਇਆ ਕੰਮ, ਜਨਮਾਂ ਜਨਮਾਂਤਰਾਂ ਦੇ ਕੀਤੇ ਕੰਮਾਂ ਦੇ ਸੰਸਕਾਰਾਂ ਦਾ ਸਮੂਹ। ਪਇਆ = ਜੋ ਮਨ ਵਿਚ ਇਕੱਠਾ ਹੋਇਆ ਪਿਆ ਹੈ। ਕਿਆ ਜਾਣਾ = ਮੈਂ ਕੀਹ ਸਮਝ ਸਕਦਾ ਹਾਂ? (ਕੋਈ ਨਹੀਂ ਸਮਝ ਸਕਦਾ) । ਆਗੈ = ਆਉਣ ਵਾਲੇ ਜੀਵਨ-ਸਮੇ ਵਿਚ। ਕਿਆ ਹੋਇ = ਕੀਹ ਵਾਪਰੇਗਾ?।1।

ਨਾ ਜਾਣਾ ਕਰਮ = ਮੈਂ ਆਪਣੇ (ਪਿਛਲੇ ਕੀਤੇ) ਕਰਮ ਨਹੀਂ ਸਮਝ ਸਕਦਾ (ਕਰਮਾਂ ਦੀ ਸਹੀ ਕੀਮਤ ਨਹੀਂ ਪਾ ਸਕਦਾ, ਮੈਂ ਕੀਤੇ ਕਰਮਾਂ ਨੂੰ ਬਹੁਤ ਮਹੱਤਤਾ ਦੇ ਰਿਹਾ ਹਾਂ) । ਨਾ ਜਾਣਾ ਕੇਵਡ ਤੇਰੀ ਦਾਤਿ = ਹੇ ਪ੍ਰਭੂ! ਤੇਰੀਆਂ ਕਿਤਨੀਆਂ ਹੀ ਬੇਅੰਤ ਦਾਤਾਂ ਮੈਨੂੰ ਮਿਲ ਰਹੀਆਂ ਹਨ, ਉਹਨਾਂ ਨੂੰ ਮੈਂ ਸਮਝ ਨਹੀਂ ਸਕਦਾ।1। ਰਹਾਉ।

ਏਵਡੁ = ਇਤਨਾ ਵੱਡਾ। ਭੰਡਾਰ = ਖ਼ਜਾਨੇ। ਨ ਆਵੈ ਰਾਸਿ = ਫਬਦਾ ਨਹੀਂ, ਕੁਝ ਸਵਾਰ ਨਹੀਂ ਸਕਦਾ। ਪਿੰਡੁ = ਸਰੀਰ। ਤੇਰੈ ਪਾਸਿ = ਤੇਰੇ ਹਵਾਲੇ, ਤੇਰੇ ਆਸਰੇ।2।

ਮਾਰਿ = ਮੇਰਾ ਆਪਾ-ਭਾਵ ਮਾਰ ਕੇ। ਜੀਵਾਲਹਿ = ਤੂੰ ਆਤਮਕ ਜੀਵਨ ਦੇਂਦਾ ਹੈਂ। ਬਖਸਿ = ਬਖ਼ਸ਼ ਕੇ, ਮਿਹਰ ਕਰ ਕੇ। ਮਿਲਾਇ = (ਆਪਣੇ ਚਰਨਾਂ ਵਿਚ) ਜੋੜ ਕੇ। ਜਿਉ ਭਾਵੀ = ਜਿਵੇਂ ਤੈਨੂੰ ਭਾਉਂਦਾ ਹੈ। ਜਪਾਇ = ਜਪਾ ਕੇ। ਦਾਨਾ = (ਮੇਰੇ ਦਿਲ ਦੀ) ਜਾਣਨ ਵਾਲਾ। ਬੀਨਾ = (ਮੇਰੇ ਕੰਮਾਂ ਨੂੰ) ਵੇਖਣ ਵਾਲਾ। ਸਿਰਿ = ਸਿਰ ਉਤੇ। ਦੇਇ = ਦੇ ਕੇ।3।

ਰਾਤਾ = ਰੰਗਿਆ ਹੋਇਆ। ਸਬਦਿ = ਗੁਰੂ ਦੇ ਸ਼ਬਦ ਵਿਚ (ਜੁੜ ਕੇ) । ਤਾਣੁ = ਤਾਕਤ, ਆਸਰਾ।4।

ਅਰਥ: ਮੈਂ ਆਪਣੇ ਕੀਤੇ ਕਰਮਾਂ ਦੀ ਠੀਕ ਕੀਮਤ ਨਹੀਂ ਜਾਣਦਾ (ਮੈਂ ਇਹਨਾਂ ਨੂੰ ਬਹੁਤ ਮਹੱਤਤਾ ਦੇਂਦਾ ਹਾਂ) , (ਦੂਜੇ ਪਾਸੇ, ਹੇ ਪ੍ਰਭੂ!) ਤੇਰੀਆਂ ਬੇਅੰਤ ਦਾਤਾਂ ਮੈਨੂੰ ਮਿਲ ਰਹੀਆਂ ਹਨ ਉਹਨਾਂ ਨੂੰ ਭੀ ਮੈਂ ਨਹੀਂ ਸਮਝ ਸਕਦਾ (ਇਹ ਖ਼ਿਆਲ ਕਰਨਾ ਮੇਰੀ ਭਾਰੀ ਭੁੱਲ ਹੈ ਕਿ ਮੇਰੇ ਕੀਤੇ ਕਰਮਾਂ ਅਨੁਸਾਰ ਮੈਨੂੰ ਮਿਲ ਰਿਹਾ ਹੈ। ਇਹ ਤਾਂ ਤੇਰੀ ਨਿਰੋਲ ਮਿਹਰ ਹੈ ਮਿਹਰ) । ਤੇਰਾ ਨਾਮ ਹੀ ਮੇਰੀ ਜਾਤਿ ਹੈ, ਤੇਰਾ ਨਾਮ ਹੀ ਮੇਰਾ ਕਰਮ-ਧਰਮ ਹੈ (ਮੈਨੂੰ ਤੇਰੇ ਨਾਮ ਦੀ ਹੀ ਓਟ ਹੈ। ਨਾਹ ਮਾਣ ਹੈ ਕਿਸੇ ਕੀਤੇ ਕਰਮ-ਧਰਮ ਦਾ, ਨਾਹ ਕਿਸੇ ਉੱਚੀ ਜਾਤਿ ਦਾ) ।1। ਰਹਾਉ।

ਜਨਮਾਂ ਜਨਮਾਂਤਰਾਂ ਦੇ ਕੀਤੇ ਕੰਮਾਂ ਦੇ ਸੰਸਕਾਰਾਂ ਦਾ ਸਮੂਹ ਜੋ ਮਨ ਵਿਚ ਇਕੱਠਾ ਹੋਇਆ ਪਿਆ ਹੈ (ਕਰਮਾਂ ਦੀ ਰਾਹੀਂ) ਕੋਈ ਮਨੁੱਖ ਮਿਟਾ ਨਹੀਂ ਸਕਦਾ। (ਇਸੇ ਤਰ੍ਹਾਂ ਅਗਾਂਹ ਲਈ ਭੀ ਕਰਮ-ਧਰਮ ਤੋਂ ਚੰਗੇ ਨਤੀਜੇ ਦੀ ਆਸ ਵਿਅਰਥ ਹੈ) ਕੋਈ ਸਮਝ ਨਹੀਂ ਸਕਦਾ ਕਿ ਆਉਣ ਵਾਲੇ ਜੀਵਨ-ਸਮੇ ਵਿਚ ਕੀਹ ਵਾਪਰੇਗਾ। (ਕਰਮਾਂ ਦਾ ਆਸਰਾ ਛੱਡੋ, ਪ੍ਰਭੂ ਦੀ ਰਜ਼ਾ ਵਿਚ ਤੁਰਨਾ ਸਿੱਖੋ) ਜਗਤ ਵਿਚ ਜੋ ਕੁਝ ਹੋ ਰਿਹਾ ਹੈ ਪਰਮਾਤਮਾ ਦੀ ਰਜ਼ਾ ਵਿਚ ਹੋ ਰਿਹਾ ਹੈ, ਪ੍ਰਭੂ ਤੋਂ ਬਿਨਾ ਹੋਰ ਕੋਈ ਕੁਝ ਕਰਨ ਵਾਲਾ ਨਹੀਂ ਹੈ (ਉਸੇ ਦੀ ਭਗਤੀ ਕਰੋ) ।1।

ਹੇ ਪ੍ਰਭੂ! ਤੂੰ ਦਾਤਾਂ ਦੇਣ ਵਾਲਾ ਇਤਨਾ ਵੱਡਾ ਦਾਤਾ ਹੈਂ (ਭਗਤੀ ਦੀ ਦਾਤਿ ਭੀ ਤੂੰ ਆਪ ਹੀ ਦੇਂਦਾ ਹੈਂ) ਤੇਰੇ ਖ਼ਜ਼ਾਨਿਆਂ ਵਿਚ ਭਗਤੀ (ਦੀ ਦਾਤਿ) ਦੀ ਕੋਈ ਘਾਟ ਨਹੀਂ ਹੈ, (ਆਪਣੇ ਕਿਸੇ ਚੰਗੇ ਆਚਰਨ ਬਾਰੇ ਮਨੁੱਖ ਦਾ) ਕੀਤਾ ਹੋਇਆ ਅਹੰਕਾਰ ਕੁਝ ਸਵਾਰ ਨਹੀਂ ਸਕਦਾ, ਮਨੁੱਖ ਦੀ ਜਿੰਦ ਤੇ ਸਰੀਰ ਸਭ ਕੁਝ ਤੇਰੇ ਹੀ ਆਸਰੇ ਹੈ। (ਜਿਵੇਂ ਤੂੰ ਸਰੀਰ ਦੀ ਪਰਵਰਿਸ਼ ਲਈ ਰੋਜ਼ੀ ਦੇਂਦਾ ਹੈਂ, ਤਿਵੇਂ ਜਿੰਦ ਨੂੰ ਭੀ ਭਗਤੀ ਦੀ ਖ਼ੁਰਾਕ ਦੇਣ ਵਾਲਾ ਤੂੰ ਹੀ ਹੈਂ) ।2।

(ਹੇ ਪ੍ਰਭੂ!) ਤੂੰ ਆਪ ਹੀ ਮੈਨੂੰ ਗੁਰੂ ਦੀ ਮਤਿ ਦੇ ਕੇ, ਮੇਰੇ ਉੱਤੇ ਮਿਹਰ ਕਰ ਕੇ ਮੈਨੂੰ ਆਪਣੇ ਚਰਨਾਂ ਵਿਚ ਜੋੜ ਕੇ, ਮੇਰਾ ਆਪਾ-ਭਾਵ ਮਾਰ ਕੇ, ਤੇ ਜਿਵੇਂ ਤੈਨੂੰ ਭਾਉਂਦਾ ਹੈ ਮੈਨੂੰ ਆਪਣਾ ਨਾਮ ਜਪਾ ਕੇ ਮੈਨੂੰ ਆਤਮਕ ਜੀਵਨ ਦੇਂਦਾ ਹੈਂ। ਤੂੰ ਮੇਰੇ ਦਿਲ ਦੀ ਜਾਣਦਾ ਹੈਂ, ਤੂੰ (ਮੇਰੀ ਹਾਲਤ) ਵੇਖਦਾ ਹੈਂ, ਤੂੰ ਮੇਰੇ ਸਿਰ ਉੱਤੇ (ਰਾਖਾ) ਹੈਂ, ਮੈਂ ਸਦਾ ਤੇਰੇ ਹੀ ਆਸਰੇ ਹਾਂ (ਮੈਨੂੰ ਆਪਣੇ ਕਿਸੇ ਕਰਮਾਂ ਦਾ ਆਸਰਾ ਨਹੀਂ ਹੈ) ।3।

(ਹੇ ਪ੍ਰਭੂ!) ਜਿਨ੍ਹਾਂ ਦਾ ਮਨ (ਤੇਰੇ ਪਿਆਰ ਵਿਚ) ਰੰਗਿਆ ਹੋਇਆ ਹੈ, ਉਹਨਾਂ ਦੇ ਸਰੀਰ ਵਿਚ ਵਿਕਾਰਾਂ ਦੀ ਮੈਲ ਨਹੀਂ। ਗੁਰੂ ਦੇ ਬਚਨਾਂ ਉੱਤੇ ਤੁਰ ਕੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹਨਾਂ ਨੇ ਤੈਨੂੰ ਸਦਾ ਕਾਇਮ ਰਹਿਣ ਵਾਲੇ ਨੂੰ ਪਛਾਣ ਲਿਆ ਹੈ (ਤੇਰੇ ਨਾਲ ਸਾਂਝ ਪਾ ਲਈ ਹੈ) , (ਕਰਮਾਂ ਦਾ ਆਸਰਾ ਲੈਣ ਦੇ ਥਾਂ) ਉਹਨਾਂ ਨੂੰ ਤੇਰੇ ਨਾਮ ਦਾ ਹੀ ਆਸਰਾ ਹੈ, ਉਹ ਸਦਾ ਤੇਰੇ ਨਾਮ ਦੀ ਵਡਿਆਈ ਕਰਦੇ ਹਨ।

ਹੇ ਨਾਨਕ! (ਆਖ–) ਉਹ ਮਨੁੱਖ ਪ੍ਰਭੂ ਦੀ ਭਗਤੀ ਵਿਚ ਰੱਤੇ ਰਹਿੰਦੇ ਹਨ, ਉਹ ਪ੍ਰਭੂ ਦੀ ਸਰਨ ਰਹਿੰਦੇ ਹਨ।4।10।

ਗਉੜੀ ਮਹਲਾ ੧ ॥ ਜਿਨਿ ਅਕਥੁ ਕਹਾਇਆ ਅਪਿਓ ਪੀਆਇਆ ॥ ਅਨ ਭੈ ਵਿਸਰੇ ਨਾਮਿ ਸਮਾਇਆ ॥੧॥ ਕਿਆ ਡਰੀਐ ਡਰੁ ਡਰਹਿ ਸਮਾਨਾ ॥ ਪੂਰੇ ਗੁਰ ਕੈ ਸਬਦਿ ਪਛਾਨਾ ॥੧॥ ਰਹਾਉ ॥ ਜਿਸੁ ਨਰ ਰਾਮੁ ਰਿਦੈ ਹਰਿ ਰਾਸਿ ॥ ਸਹਜਿ ਸੁਭਾਇ ਮਿਲੇ ਸਾਬਾਸਿ ॥੨॥ ਜਾਹਿ ਸਵਾਰੈ ਸਾਝ ਬਿਆਲ ॥ ਇਤ ਉਤ ਮਨਮੁਖ ਬਾਧੇ ਕਾਲ ॥੩॥ ਅਹਿਨਿਸਿ ਰਾਮੁ ਰਿਦੈ ਸੇ ਪੂਰੇ ॥ ਨਾਨਕ ਰਾਮ ਮਿਲੇ ਭ੍ਰਮ ਦੂਰੇ ॥੪॥੧੧॥ {ਪੰਨਾ 154}

ਪਦ ਅਰਥ: ਜਿਨਿ = ਜਿਸ (ਜੀਵ) ਨੇ। ਅਕਥੁ = (ਉਹ ਪ੍ਰਭੂ) ਜਿਸ ਦੇ ਸਾਰੇ ਗੁਣ ਬਿਆਨ ਨ ਹੋ ਸਕਣ। ਕਹਾਇਆ = ਕਹਿਆ ਤੇ ਕਹਾਇਆ, ਆਪ ਸਿਮਰਿਆ ਤੇ ਹੋਰਨਾਂ ਨੂੰ ਸਿਮਰਨ ਦੀ ਪ੍ਰੇਰਨਾ ਕੀਤੀ। ਅਪਿਓ = ਅੰਮ੍ਰਿਤ-ਨਾਮ। ਪੀਆਇਆ = ਪੀਆ ਤੇ ਪੀਆਇਆ, ਆਪ ਪੀਤਾ ਤੇ ਹੋਰਨਾਂ ਨੂੰ ਪਿਲਾਇਆ। ਅਨ ਭੈ = (ਦੁਨੀਆ ਵਾਲੇ) ਹੋਰ ਹੋਰ ਡਰ।1।

ਕਿਆ ਡਰੀਐ = ਡਰਨ ਦੀ ਲੋੜ ਨਹੀਂ ਰਹਿੰਦੀ, ਨਹੀਂ ਡਰਦਾ। ਡਰੁ = (ਦੁਨੀਆ ਵਾਲਾ) ਡਰ। ਡਰਹਿ = ਡਰ ਵਿਚ, ਪਰਮਾਤਮਾ ਦੇ ਡਰ-ਅਦਬ ਵਿਚ। ਪਛਾਨਾ = ਜਿਸ ਨੇ ਪਛਾਣ ਲਿਆ, ਜਿਸ ਨੇ ਪ੍ਰਭੂ ਨਾਲ ਜਾਣ-ਪਛਾਣ ਪਾ ਲਈ।1। ਰਹਾਉ।

ਜਿਸੁ ਨਰ ਰਿਦੈ = ਜਿਸ ਮਨੁੱਖ ਦੇ ਹਿਰਦੇ ਵਿਚ। ਸਹਜਿ = ਸਹਜ ਵਿਚ (ਟਿਕੇ ਰਹਿ ਕੇ) , ਅਡੋਲ ਅਵਸਥਾ ਵਿਚ (ਟਿਕੇ ਰਹਿਣ ਦੇ ਕਾਰਨ) । ਸੁਭਾਇ = ਪ੍ਰਭੂ ਦੇ ਪ੍ਰੇਮ ਵਿਚ (ਜੁੜੇ ਰਹਿਣ ਕਰਕੇ) ।2।

ਜਾਹਿ = ਜਿਨ੍ਹਾਂ ਬੰਦਿਆਂ ਨੂੰ। ਸਵਾਰੈ = ਸਵਾਲੈ, ਮਾਇਆ ਦੀ ਨੀਂਦ ਵਿਚ ਸੁੱਤੇ ਰੱਖਦਾ ਹੈ। ਸਾਝ = ਸ਼ਾਮ। ਬਿਆਲ = ਸਵੇਰੇ। ਸਾਝ ਬਿਆਲ = ਸਵੇਰੇ ਸ਼ਾਮ, ਹਰ ਵੇਲੇ। ਇਤ = ਇਥੇ, ਇਸ ਲੋਕ ਵਿਚ। ਉਤੇ = ਉੱਥੇ, ਪਰਲੋਕ ਵਿਚ। ਬਾਧੇ ਕਾਲ = ਮੌਤ (ਦੇ ਸਹਮ) ਦੇ ਬੱਝੇ ਹੋਏ।3।

ਅਹਿ = ਦਿਨ। ਨਿਸਿ = ਰਾਤ। ਰਿਦੈ = ਹਿਰਦੇ ਵਿਚ। ਪੂਰੇ = ਪੂਰਨ। ਭ੍ਰਮ = ਭਟਕਣਾ।4।

ਅਰਥ: ਜਿਸ ਮਨੁੱਖ ਨੇ ਪੂਰੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਨਾਲ ਜਾਣ-ਪਛਾਣ ਪਾ ਲਈ, ਉਹ (ਦੁਨੀਆ ਦੇ ਝੰਬੇਲਿਆਂ ਵਿਚ) ਸਹਮਦਾ ਨਹੀਂ, ਉਸ ਦਾ (ਦੁਨੀਆ ਵਾਲਾ) ਸਹਮ (ਪਰਮਾਤਮਾ ਵਾਸਤੇ ਉਸ ਦੇ ਹਿਰਦੇ ਵਿਚ ਟਿਕੇ ਹੋਏ) ਡਰ-ਅਦਬ ਵਿਚ ਮੁੱਕ ਜਾਂਦਾ ਹੈ।1। ਰਹਾਉ।

(ਗੁਰੂ ਦੇ ਸ਼ਬਦ ਵਿਚ ਜੁੜ ਕੇ) ਜਿਸ ਮਨੁੱਖ ਨੇ ਅਕੱਥ ਪ੍ਰਭੂ ਨੂੰ (ਆਪ ਸਿਮਰਿਆ ਹੈ ਤੇ) ਹੋਰਨਾਂ ਨੂੰ ਸਿਮਰਨ ਲਈ ਪ੍ਰੇਰਿਆ ਹੈ ਉਸ ਨੇ ਆਪ ਨਾਮ-ਅੰਮ੍ਰਿਤ ਪੀਤਾ ਹੈ ਤੇ ਹੋਰਨਾਂ ਨੂੰ ਪਿਲਾਇਆ ਹੈ। ਉਸ ਨੂੰ (ਦੁਨੀਆ ਵਾਲੇ) ਹੋਰ ਸਾਰੇ ਸਹਮ ਭੁੱਲ ਜਾਂਦੇ ਹਨ ਕਿਉਂਕਿ ਉਹ (ਸਦਾ ਪ੍ਰਭੂ ਦੇ) ਨਾਮ ਵਿਚ ਲੀਨ ਰਹਿੰਦਾ ਹੈ।1।

ਜਿਸ ਮਨੁੱਖ ਦੇ ਹਿਰਦੇ ਵਿਚ ਹਰੀ ਪਰਮਾਤਮਾ ਦਾ ਨਾਮ ਰਾਸ-ਪੂੰਜੀ ਹੈ, ਉਹ (ਮਾਇਆ ਦੀ ਖ਼ਾਤਰ ਨਹੀਂ ਡੋਲਦਾ, ਉਹ) ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ, ਉਹ ਪ੍ਰਭੂ ਦੇ ਪਿਆਰ ਵਿਚ ਜੁੜਿਆ ਰਹਿੰਦਾ ਹੈ, ਉਸ ਨੂੰ (ਪ੍ਰਭੂ ਦੇ ਦਰ ਤੋਂ) ਆਦਰ ਮਿਲਦਾ ਹੈ।2।

(ਪਰ) ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਹਰ ਵੇਲੇ (ਸਵੇਰ ਸ਼ਾਮ) ਮਾਇਆ ਦੀ ਨੀਂਦ ਵਿਚ ਹੀ ਸੁੱਤੇ ਰੱਖਦਾ ਹੈ, ਉਹ ਸਦਾ ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਲੋਕ ਪਰਲੋਕ ਵਿਚ ਹੀ ਮੌਤ ਦੇ ਸਹਮ ਨਾਲ ਬੱਝੇ ਰਹਿੰਦੇ ਹਨ (ਜਿਤਨਾ ਚਿਰ ਇਥੇ ਹਨ ਮੌਤ ਦਾ ਸਹਮ ਉਹਨਾਂ ਦੇ ਸਿਰ ਉਤੇ ਸਵਾਰ ਰਹਿੰਦਾ ਹੈ, ਇਸ ਤੋਂ ਪਿਛੋਂ ਭੀ ਜਨਮ ਮਰਨ ਦੇ ਗੇੜ ਵਿਚ ਧੱਕੇ ਖਾਂਦੇ ਹਨ) ।3।

ਹੇ ਨਾਨਕ! ਜਿਨ੍ਹਾਂ ਦੇ ਹਿਰਦੇ ਵਿਚ ਦਿਨ ਰਾਤ (ਹਰ ਵੇਲੇ) ਪਰਮਾਤਮਾ ਵੱਸਦਾ ਹੈ, ਉਹ ਪੂਰਨ ਮਨੁੱਖ ਹਨ (ਉਹ ਡੋਲਦੇ ਨਹੀਂ) । ਜਿਨ੍ਹਾਂ ਨੂੰ ਪਰਮਾਤਮਾ ਮਿਲ ਪਿਆ ਉਹਨਾਂ ਦੀਆਂ ਸਭ ਭਟਕਣਾਂ ਮੁੱਕ ਜਾਂਦੀਆਂ ਹਨ।4।11।

ਗਉੜੀ ਮਹਲਾ ੧ ॥ ਜਨਮਿ ਮਰੈ ਤ੍ਰੈ ਗੁਣ ਹਿਤਕਾਰੁ ॥ ਚਾਰੇ ਬੇਦ ਕਥਹਿ ਆਕਾਰੁ ॥ ਤੀਨਿ ਅਵਸਥਾ ਕਹਹਿ ਵਖਿਆਨੁ ॥ ਤੁਰੀਆਵਸਥਾ ਸਤਿਗੁਰ ਤੇ ਹਰਿ ਜਾਨੁ ॥੧॥ ਰਾਮ ਭਗਤਿ ਗੁਰ ਸੇਵਾ ਤਰਣਾ ॥ ਬਾਹੁੜਿ ਜਨਮੁ ਨ ਹੋਇ ਹੈ ਮਰਣਾ ॥੧॥ ਰਹਾਉ ॥ ਚਾਰਿ ਪਦਾਰਥ ਕਹੈ ਸਭੁ ਕੋਈ ॥ ਸਿੰਮ੍ਰਿਤਿ ਸਾਸਤ ਪੰਡਿਤ ਮੁਖਿ ਸੋਈ ॥ ਬਿਨੁ ਗੁਰ ਅਰਥੁ ਬੀਚਾਰੁ ਨ ਪਾਇਆ ॥ ਮੁਕਤਿ ਪਦਾਰਥੁ ਭਗਤਿ ਹਰਿ ਪਾਇਆ ॥੨॥ ਜਾ ਕੈ ਹਿਰਦੈ ਵਸਿਆ ਹਰਿ ਸੋਈ ॥ ਗੁਰਮੁਖਿ ਭਗਤਿ ਪਰਾਪਤਿ ਹੋਈ ॥ ਹਰਿ ਕੀ ਭਗਤਿ ਮੁਕਤਿ ਆਨੰਦੁ ॥ ਗੁਰਮਤਿ ਪਾਏ ਪਰਮਾਨੰਦੁ ॥੩॥ ਜਿਨਿ ਪਾਇਆ ਗੁਰਿ ਦੇਖਿ ਦਿਖਾਇਆ ॥ ਆਸਾ ਮਾਹਿ ਨਿਰਾਸੁ ਬੁਝਾਇਆ ॥ ਦੀਨਾ ਨਾਥੁ ਸਰਬ ਸੁਖਦਾਤਾ ॥ ਨਾਨਕ ਹਰਿ ਚਰਣੀ ਮਨੁ ਰਾਤਾ ॥੪॥੧੨॥ {ਪੰਨਾ 154}

ਪਦ ਅਰਥ: ਤ੍ਰੈ ਗੁਣ ਹਿਤਕਾਰੁ = ਤ੍ਰੈਗੁਣੀ ਸੰਸਾਰ ਨਾਲ ਹਿਤ ਕਰਨ ਵਾਲਾ। ਜਨਮਿ ਮਰੈ = ਜੰਮ ਕੇ ਮਰਦਾ ਹੈ, ਜੰਮਦਾ ਮਰਦਾ ਰਹਿੰਦਾ ਹੈ। ਕਥਹਿ = ਜ਼ਿਕਰ ਕਰਦੇ ਹਨ। ਆਕਾਰੁ = ਤ੍ਰੈਗੁਣੀ ਦਿੱਸਦਾ ਸੰਸਾਰ। ਕਹਹਿ ਵਖਿਆਨੁ = ਵਖਿਆਨ ਕਹਿੰਦੇ ਹਨ, ਜ਼ਿਕਰ ਕਰਦੇ ਹਨ। ਤੀਨਿ ਅਵਸਥਾ = (ਮਨ ਦੀਆਂ) ਤਿੰਨ ਹਾਲਤਾਂ। ਤੁਰੀਆਵਸਥਾ = ਤੁਰੀਯ ਅਵਸਥਾ, ਉਹ ਹਾਲਤ ਜਦੋਂ ਜੀਵਾਤਮਾ ਤੇ ਪਰਮਾਤਮਾ ਇੱਕ-ਰੂਪ ਹੋ ਜਾਂਦੇ ਹਨ, ਜਦੋਂ ਜਿੰਦ ਪ੍ਰਭੂ ਵਿਚ ਲੀਨ ਹੋ ਜਾਂਦੀ ਹੈ। ਤੇ = ਤੋਂ। ਸਤਿਗੁਰੂ ਤੇ = ਗੁਰੂ ਤੋਂ, ਗੁਰੂ ਦੀ ਸਰਨ ਪੈ ਕੇ। ਜਾਨੁ = ਪਛਾਣ, ਡੂੰਘੀ ਸਾਂਝ ਪਾ ਲਵੋ।1।

ਤਰਣਾ = ਤਰ ਸਕੀਦਾ ਹੈ (ਜਨਮ-ਮਰਨ ਦੇ ਗੇੜ-ਰੂਪ ਸਮੁੰਦਰ ਵਿਚੋਂ) ।1। ਰਹਾਉ।

ਚਾਰਿ ਪਦਾਰਥ = ਧਰਮ, ਅਰਥ, ਕਾਮ, ਮੋਖ। ਸਭੁ ਕੋਈ = ਹਰੇਕ (ਵਿਚਾਰਵਾਨ) ਮਨੁੱਖ। ਮੁਖਿ = ਮੂੰਹ ਵਿਚ। ਅਰਥੁ ਬੀਚਾਰੁ = ਅਨੁਭਵੀ ਗਿਆਨ, (ਮੁਕਤਿ ਪਦਾਰਥ ਦਾ) ਅਰਥ ਤੇ ਵਿਚਾਰ। ਮੁਕਤਿ = ਖ਼ਲਾਸੀ, ਮਨ ਦੀਆਂ ਤਿੰਨਾਂ ਹੀ ਹਾਲਤਾਂ ਤੋਂ ਸੁਤੰਤਰਤਾ।2।

ਮੁਕਤਿ ਆਨੰਦੁ = ਆਤਮਕ ਸੁਤੰਤ੍ਰ ਅਵਸਥਾ ਦਾ ਆਨੰਦ।3।

ਜਿਨਿ = ਜਿਸ (ਮਨੁੱਖ) ਨੇ। ਗੁਰਿ ਦਿਖਾਇਆ = ਜਿਸ ਨੂੰ ਗੁਰੂ ਨੇ ਵਿਖਾ ਦਿੱਤਾ। ਨਿਰਾਸੁ = ਆਸਾਂ ਤੋਂ ਸੁਤੰਤ੍ਰ ਰਹਿਣਾ।4।

ਅਰਥ: (ਜਨਮ ਮਰਨ ਦਾ ਗੇੜ, ਮਾਨੋ, ਇਕ ਘੁੰਮਣਘੇਰੀ ਹੈ, ਇਸ ਵਿਚੋਂ) ਪਰਮਾਤਮਾ ਦੀ ਭਗਤੀ ਅਤੇ ਗੁਰੂ ਦੀ ਦੱਸੀ ਹੋਈ ਕਾਰ ਕਰ ਕੇ ਪਾਰ ਲੰਘ ਜਾਈਦਾ ਹੈ, (ਜੇਹੜਾ ਲੰਘ ਜਾਂਦਾ ਹੈ ਉਸ ਨੂੰ) ਮੁੜ ਨਾਹ ਜਨਮ ਹੁੰਦਾ ਹੈ ਨਾਹ ਮੌਤ। (ਉਸ ਅਵਸਥਾ ਨੂੰ ਤੁਰੀਆ ਅਵਸਥਾ ਕਹਿ ਲਵੋ) ।1। ਰਹਾਉ।

ਚਾਰੇ ਵੇਦ ਜਿਸ ਤ੍ਰੈਗੁਣੀ ਸੰਸਾਰ ਦਾ ਜ਼ਿਕਰ ਕਰਦੇ ਹਨ (ਜੋ ਮਨੁੱਖ ਪ੍ਰਭੂ-ਭਗਤੀ ਤੋਂ ਸੱਖਣਾ ਹੈ ਤੇ) ਉਸੇ ਤ੍ਰੈਗੁਣੀ ਸੰਸਾਰ ਨਾਲ ਹੀ ਹਿਤ ਕਰਦਾ ਹੈ ਉਹ ਜੰਮਦਾ ਮਰਦਾ ਰਹਿੰਦਾ ਹੈ (ਉਹ ਜਨਮ ਮਰਨ ਦੀ ਘੁੰਮਣਘੇਰੀ ਵਿਚ ਪਿਆ ਰਹਿੰਦਾ ਹੈ) । (ਅਜਿਹੇ ਮਨੁੱਖ) ਜੋ ਭੀ ਵਿਆਖਿਆ ਕਰਦੇ ਹਨ ਮਨ ਦੀਆਂ ਤਿੰਨਾਂ ਅਵਸਥਾ ਦਾ ਹੀ ਜ਼ਿਕਰ ਕਰਦੇ ਹਨ। (ਜਿਸ ਅਵਸਥਾ ਵਿਚ ਜੀਵਾਤਮਾ ਪਰਮਾਤਮਾ ਨਾਲ ਇੱਕ-ਰੂਪ ਹੋ ਜਾਂਦਾ ਹੈ ਉਹ ਬਿਆਨ ਨਹੀਂ ਕੀਤੀ ਜਾ ਸਕਦੀ) । ਗੁਰੂ ਦੀ ਸਰਨ ਪੈ ਕੇ ਪਰਮਾਤਮਾ ਨਾਲ ਡੂੰਘੀ ਜਾਣ-ਪਛਾਣ ਪਾ ਲਵੋ = ਇਹ ਹੈ ਤੁਰੀਆ ਅਵਸਥਾ।1।

ਹਰੇਕ ਜੀਵ ਧਰਮ ਅਰਥ ਕਾਮ ਮੋਖ (=ਮੁਕਤੀ) ਇਹਨਾਂ ਚਾਰ ਪਦਾਰਥਾਂ ਦਾ ਜ਼ਿਕਰ ਤਾਂ ਕਰਦਾ ਹੈ, ਸਿੰਮ੍ਰਿਤੀਆਂ ਸ਼ਾਸਤ੍ਰਾਂ ਦੇ ਪੰਡਿਤਾਂ ਦੇ ਮੂੰਹੋਂ ਭੀ ਇਹੀ ਸੁਣੀਦਾ ਹੈ, ਪਰ ਮੁਕਤਿ ਪਦਾਰਥ ਕੀਹ ਹੈ (ਉਹ ਅਵਸਥਾ ਕਿਹੋ ਜੇਹੀ ਹੈ ਜਿਥੇ ਜੀਵ ਤਿੰਨਾਂ ਗੁਣਾਂ ਦੇ ਪ੍ਰਭਾਵ ਤੋਂ ਨਿਰਲੇਪ ਹੋ ਜਾਂਦਾ ਹੈ) ਗੁਰੂ ਦੀ ਸਰਨ ਪੈਣ ਤੋਂ ਬਿਨਾ ਇਸ ਦਾ ਅਨੁਭਵ ਨਹੀਂ ਹੋ ਸਕਦਾ, ਇਹ ਪਦਾਰਥ ਪਰਮਾਤਮਾ ਦੀ ਭਗਤੀ ਕੀਤਿਆਂ ਮਿਲਦਾ ਹੈ।2।

ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਉਸ ਨੂੰ ਭਗਤੀ ਦੀ ਪ੍ਰਾਪਤੀ ਹੋ ਗਈ, ਤੇ ਇਹ ਭਗਤੀ ਗੁਰੂ ਦੀ ਰਾਹੀਂ ਹੀ ਮਿਲਦੀ ਹੈ। ਪਰਮਾਤਮਾ ਦੀ ਭਗਤੀ ਦੀ ਰਾਹੀਂ ਹੀ ਮੁਕਤੀ ਪਦਾਰਥ ਦਾ ਆਨੰਦ ਮਾਣੀਦਾ ਹੈ, ਇਹ ਉੱਚੇ ਤੋਂ ਉੱਚਾ ਆਨੰਦ ਗੁਰੂ ਦੀ ਸਿੱਖਿਆ ਤੇ ਤੁਰਿਆਂ ਮਿਲਦਾ ਹੈ।3।

ਜਿਸ ਮਨੁੱਖ ਨੇ ਮੁਕਤੀ ਦਾ ਆਨੰਦ ਹਾਸਲ ਕਰ ਲਿਆ, ਗੁਰੂ ਨੇ ਸਰਬ-ਸੁਖ-ਦਾਤਾ ਦੀਨਾਨਾਥ ਪ੍ਰਭੂ ਆਪ ਵੇਖ ਕੇ ਜਿਸ ਮਨੁੱਖ ਨੂੰ ਵਿਖਾ ਦਿੱਤਾ, ਉਸ ਨੂੰ ਦੁਨੀਆ ਦੀਆਂ ਆਸਾਂ ਦੇ ਅੰਦਰ ਰਹਿੰਦੀਆਂ ਹੀ ਆਸਾਂ ਤੋਂ ਉਪਰਾਮ ਰਹਿਣ ਦੀ ਜਾਚ ਗੁਰੂ ਸਿਖਾ ਦੇਂਦਾ ਹੈ। ਹੇ ਨਾਨਕ! ਉਸ ਮਨੁੱਖ ਦਾ ਮਨ ਪ੍ਰਭੂ-ਚਰਨਾਂ (ਦੇ ਪਿਆਰ) ਵਿਚ ਰੰਗਿਆ ਰਹਿੰਦਾ ਹੈ।4।12।

ਗਉੜੀ ਚੇਤੀ ਮਹਲਾ ੧ ॥ ਅੰਮ੍ਰਿਤ ਕਾਇਆ ਰਹੈ ਸੁਖਾਲੀ ਬਾਜੀ ਇਹੁ ਸੰਸਾਰੋ ॥ ਲਬੁ ਲੋਭੁ ਮੁਚੁ ਕੂੜੁ ਕਮਾਵਹਿ ਬਹੁਤੁ ਉਠਾਵਹਿ ਭਾਰੋ ॥ ਤੂੰ ਕਾਇਆ ਮੈ ਰੁਲਦੀ ਦੇਖੀ ਜਿਉ ਧਰ ਉਪਰਿ ਛਾਰੋ ॥੧॥ ਸੁਣਿ ਸੁਣਿ ਸਿਖ ਹਮਾਰੀ ॥ ਸੁਕ੍ਰਿਤੁ ਕੀਤਾ ਰਹਸੀ ਮੇਰੇ ਜੀਅੜੇ ਬਹੁੜਿ ਨ ਆਵੈ ਵਾਰੀ ॥੧॥ ਰਹਾਉ ॥ ਹਉ ਤੁਧੁ ਆਖਾ ਮੇਰੀ ਕਾਇਆ ਤੂੰ ਸੁਣਿ ਸਿਖ ਹਮਾਰੀ ॥ ਨਿੰਦਾ ਚਿੰਦਾ ਕਰਹਿ ਪਰਾਈ ਝੂਠੀ ਲਾਇਤਬਾਰੀ ॥ ਵੇਲਿ ਪਰਾਈ ਜੋਹਹਿ ਜੀਅੜੇ ਕਰਹਿ ਚੋਰੀ ਬੁਰਿਆਰੀ ॥ ਹੰਸੁ ਚਲਿਆ ਤੂੰ ਪਿਛੈ ਰਹੀਏਹਿ ਛੁਟੜਿ ਹੋਈਅਹਿ ਨਾਰੀ ॥੨॥ ਤੂੰ ਕਾਇਆ ਰਹੀਅਹਿ ਸੁਪਨੰਤਰਿ ਤੁਧੁ ਕਿਆ ਕਰਮ ਕਮਾਇਆ ॥ ਕਰਿ ਚੋਰੀ ਮੈ ਜਾ ਕਿਛੁ ਲੀਆ ਤਾ ਮਨਿ ਭਲਾ ਭਾਇਆ ॥ ਹਲਤਿ ਨ ਸੋਭਾ ਪਲਤਿ ਨ ਢੋਈ ਅਹਿਲਾ ਜਨਮੁ ਗਵਾਇਆ ॥੩॥ ਹਉ ਖਰੀ ਦੁਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨ ਪੁਛੈ ਕੋਈ ॥੧॥ ਰਹਾਉ ॥ ਤਾਜੀ ਤੁਰਕੀ ਸੁਇਨਾ ਰੁਪਾ ਕਪੜ ਕੇਰੇ ਭਾਰਾ ॥ ਕਿਸ ਹੀ ਨਾਲਿ ਨ ਚਲੇ ਨਾਨਕ ਝੜਿ ਝੜਿ ਪਏ ਗਵਾਰਾ ॥ ਕੂਜਾ ਮੇਵਾ ਮੈ ਸਭ ਕਿਛੁ ਚਾਖਿਆ ਇਕੁ ਅੰਮ੍ਰਿਤੁ ਨਾਮੁ ਤੁਮਾਰਾ ॥੪॥ ਦੇ ਦੇ ਨੀਵ ਦਿਵਾਲ ਉਸਾਰੀ ਭਸਮੰਦਰ ਕੀ ਢੇਰੀ ॥ ਸੰਚੇ ਸੰਚਿ ਨ ਦੇਈ ਕਿਸ ਹੀ ਅੰਧੁ ਜਾਣੈ ਸਭ ਮੇਰੀ ॥ ਸੋਇਨ ਲੰਕਾ ਸੋਇਨ ਮਾੜੀ ਸੰਪੈ ਕਿਸੈ ਨ ਕੇਰੀ ॥੫॥ ਸੁਣਿ ਮੂਰਖ ਮੰਨ ਅਜਾਣਾ ॥ ਹੋਗੁ ਤਿਸੈ ਕਾ ਭਾਣਾ ॥੧॥ ਰਹਾਉ ॥ ਸਾਹੁ ਹਮਾਰਾ ਠਾਕੁਰੁ ਭਾਰਾ ਹਮ ਤਿਸ ਕੇ ਵਣਜਾਰੇ ॥ ਜੀਉ ਪਿੰਡੁ ਸਭ ਰਾਸਿ ਤਿਸੈ ਕੀ ਮਾਰਿ ਆਪੇ ਜੀਵਾਲੇ ॥੬॥੧॥੧੩॥ {ਪੰਨਾ 154-155}

ਨੋਟ: ਇਸ ਸ਼ਬਦ ਦੇ ਅਖ਼ਰੀਲੇ ਅੰਕ ਵੇਖੋ! ਅੰਕ 6 ਦੱਸਦਾ ਹੈ ਕਿ ਸ਼ਬਦ ਦੇ 6 ਬੰਦ ਹਨ। ਅੰਕ 13 ਦੱਸਦਾ ਹੈ ਕਿ ਗਉੜੀ ਰਾਗ ਵਿਚ ਗੁਰੂ ਨਾਨਕ ਦੇਵ ਜੀ ਦਾ ਇਹ 13ਵਾਂ ਸ਼ਬਦ ਹੈ। ਅੰਕ 1 ਨਵਾਂ ਆਇਆ ਹੈ। ਇਹ ਦੱਸਦਾ ਹੈ ਕਿ ਕੋਈ ਨਵੀਂ ਤਬਦੀਲੀ ਆਈ ਹੈ। ਹੁਣ ਤਕ ਦੇ ਸ਼ਬਦ "ਗਉੜੀ" ਦੇ ਸਨ। ਪਰ ਸ਼ਬਦ ਨੰ: 13 "ਗਉੜੀ ਚੇਤੀ" ਦਾ ਹੈ। "ਗਉੜੀ ਚੇਤੀ" ਦਾ ਇਹ ਪਹਿਲਾ ਹੀ ਸ਼ਬਦ ਹੈ। 12 ਸ਼ਬਦ "ਗਉੜੀ" ਦੇ; 1 ਸ਼ਬਦ "ਗਉੜੀ ਚੇਤੀ" ਦਾ; ਜੋੜ 13। "ਗਉੜੀ ਚੇਤੀ" ਦੇ ਕੁਲ 5 ਸ਼ਬਦ ਹੈ। ਉਥੇ ਅਖ਼ੀਰਲਾ ਜੋੜ ਹੈ।5।17। , ਭਾਵ, 12 ਸ਼ਬਦ 'ਗਉੜੀ' ਦੇ ਅਤੇ 5 ਸ਼ਬਦ "ਗਉੜੀ ਚੇਤੀ" ਦੇ, ਜੋੜ 17।

ਇਸ ਸ਼ਬਦ ਵਿਚ ਕਦੇ ਕਾਇਆਂ ਨੂੰ ਸੰਬੋਧਨ ਕੀਤਾ ਹੈ ਕਦੇ ਜੀਵਾਤਮਾ ਨੂੰ।

ਪਦ ਅਰਥ: ਅੰਮ੍ਰਿਤ = (ਆਪਣੇ ਆਪ ਨੂੰ) ਅਮਰ ਸਮਝਣ ਵਾਲੀ। ਕਾਇਆ = ਦੇਹ, ਸਰੀਰ। ਸੁਖਾਲੀ = ਸੁਖ-ਆਲਯ, ਸੁਖਾਂ ਦਾ ਘਰ, ਸੁਖ ਮਾਣਨ ਵਾਲੀ। ਬਾਜੀ = ਖੇਡ। ਮੁਚੁ = ਬਹੁਤ। ਕਮਾਵਹਿ = (ਹੇ ਕਾਇਆਂ!) ਤੂੰ ਕਮਾਂਦੀ ਹੈਂ। ਤੂੰ = ਤੈਨੂੰ। ਕਾਇਆ = ਹੇ ਕਾਇਆਂ! ਧਰ = ਧਰਤੀ। ਛਾਰੋ = ਛਾਰ, ਸੁਆਹ।1।

ਸਿਖ = ਸਿੱਖਿਆ। ਸੁਕ੍ਰਿਤੁ = ਨੇਕ ਕਮਾਈ। ਰਹਸੀ = ਨਾਲ ਨਿਭੇਗੀ। ਬਹੁੜਿ = ਮੁੜ।1। ਰਹਾਉ।

ਹਉ = ਮੈਂ। ਨਿੰਦਾ ਚਿੰਦਾ = ਨਿੰਦਾ ਦਾ ਚਿੰਤਨ। ਲਾਇਤਬਾਰੀ = ਇਤਬਾਰ ਦੂਰ ਕਰਨ ਵਾਲਾ ਉੱਦਮ, ਚੁਗ਼ਲੀ। ਵੇਲਿ = ਇਸਤ੍ਰੀ। ਜੋਹਹਿ = ਤੂੰ ਤੱਕਦਾ ਹੈਂ। ਬੁਰਿਆਰੀ = ਬੁਰਾਈ, ਭੈੜ। ਹੰਸੁ = ਜੀਵਾਤਮਾ।2।

ਸੁਪਨੰਤਰਿ = ਸੁਪਨ ਅੰਤਰਿ, ਸੁਪਨੇ ਵਿਚ, ਨੀਂਦ ਵਿਚ, ਸੁੱਤੀ ਹੋਈ। ਮਨਿ = ਮਨ ਵਿਚ। ਭਲਾ ਭਾਇਆ = ਚੰਗਾ ਲੱਗਾ। ਹਲਤਿ = ਹਲਤ ਵਿਚ, ਇਸ ਲੋਕ ਵਿਚ। ਪਲਤਿ = ਪਲਤ ਵਿਚ, ਪਰਲੋਕ ਵਿਚ। ਅਹਿਲਾ = ਉੱਤਮ।3।

ਖਰੀ ਦੁਹੇਲੀ = ਬਹੁਤ ਦੁਖੀ। ਬਾਬਾ = ਹੇ ਬਾਬਾ! ਬਾਤ = ਵਾਤ।1। ਰਹਾਉ।

ਤਾਜੀ = ਘੋੜੇ। ਕੇਰੇ = ਦੇ। ਗਵਾਰਾ = ਹੇ ਗਵਾਰ! ਹੇ ਮੂਰਖ! ਕੂਜਾ = ਮਿਸਰੀ।4।

ਨੀਵ = ਨੀਂਹ। ਦਿਵਾਲ = ਦੀਵਾਰ, ਕੰਧ। ਭਸ = ਸੁਆਹ। ਸੰਚੇ = ਖ਼ਜਾਨੇ। ਮਾੜੀ = ਮਹਲ। ਸੰਪੈ = ਧਨ। ਕੇਰੀ ਦੀ।5।

ਹੋਗੁ = ਹੋਵੇਗਾ। ਭਾਣਾ = ਰਜ਼ਾ।1। ਰਹਾਉ।

ਵਣਜਾਰੇ = ਵਣਜ ਕਰਨ ਵਾਲੇ ਜੀਵ। ਜੀਉ = ਜਿੰਦ। ਪਿੰਡੁ = ਸਰੀਰ। ਮਾਰਿ = ਮਾਰ ਕੇ।6।

ਅਰਥ: ਇਹ ਸਰੀਰ ਆਪਣੇ ਆਪ ਨੂੰ ਅਮਰ ਜਾਣ ਕੇ ਸੁਖ ਮਾਣਨ ਵਿਚ ਹੀ ਲੱਗਾ ਰਹਿੰਦਾ ਹੈ, (ਇਹ ਨਹੀਂ ਸਮਝਦਾ ਕਿ) ਇਹ ਜਗਤ (ਇਕ) ਖੇਡ (ਹੀ) ਹੈ। ਹੇ ਮੇਰੇ ਸਰੀਰ! ਤੂੰ ਲੱਬ ਲੋਭ ਕਰ ਰਿਹਾ ਹੈਂ ਤੂੰ ਬਹੁਤ ਕੂੜ ਕਮਾ ਰਿਹਾ ਹੈਂ (ਵਿਅਰਥ ਦੌੜ-ਭੱਜ ਹੀ ਕਰ ਰਿਹਾ ਹੈਂ) , ਤੂੰ (ਆਪਣੇ ਉੱਤੇ ਲੱਬ ਲੋਭ ਕੂੜ ਆਦਿਕ ਦੇ ਅਸਰ ਹੇਠ ਕੀਤੇ ਮਾੜੇ ਕੰਮਾਂ ਦਾ) ਭਾਰ ਚੁਕਦਾ ਜਾ ਰਿਹਾ ਹੈਂ। ਹੇ ਮੇਰੇ ਸਰੀਰ! ਮੈਂ ਤੇਰੇ ਵਰਗੇ ਇਉਂ ਰੁਲਦੇ ਵੇਖੇ ਹਨ ਜਿਵੇਂ ਧਰਤੀ ਉਤੇ ਸੁਆਹ।1।

ਹੇ ਮੇਰੀ ਜਿੰਦੇ! ਮੇਰੀ ਸਿੱਖਿਆ ਧਿਆਨ ਨਾਲ ਸੁਣ। ਕੀਤੀ ਹੋਈ ਨੇਕ ਕਮਾਈ ਹੀ ਤੇਰੇ ਨਾਲ ਨਿਭੇਗੀ। (ਜੇ ਇਹ ਮਨੁੱਖਾ ਜਨਮ ਗਵਾ ਲਿਆ) , ਤਾਂ ਮੁੜ (ਛੇਤੀ) ਵਾਰੀ ਨਹੀਂ ਮਿਲੇਗੀ।1। ਰਹਾਉ।

ਹੇ ਮੇਰੇ ਸਰੀਰ! ਮੈਂ ਤੈਨੂੰ ਸਮਝਾਂਦਾ ਹਾਂ, ਮੇਰੀ ਨਸੀਹਤ ਸੁਣ। ਤੂੰ ਪਰਾਈ ਨਿੰਦਿਆ ਦਾ ਧਿਆਨ ਰੱਖਦਾ ਹੈਂ, ਤੂੰ (ਹੋਰਨਾਂ ਦੀ) ਝੂਠੀ ਚੁਗ਼ਲੀ ਕਰਦਾ ਰਹਿੰਦਾ ਹੈਂ। ਹੇ ਜੀਵ! ਤੂੰ ਪਰਾਈ ਇਸਤ੍ਰੀ ਨੂੰ (ਭੈੜੀ ਨਿਗਾਹ ਨਾਲ) ਤੱਕਦਾ ਹੈਂ, ਤੂੰ ਚੋਰੀਆਂ ਕਰਦਾ ਹੈਂ, ਹੋਰ ਬੁਰਾਈਆਂ ਕਰਦਾ ਹੈਂ।

ਹੇ ਮੇਰੀ ਕਾਇਆਂ! ਜਦੋਂ ਜੀਵਾਤਮਾ ਤੁਰ ਜਾਇਗਾ, ਤੂੰ ਇਥੇ ਹੀ ਰਹਿ ਜਾਇਂਗੀ, ਤੂੰ (ਤਦੋਂ) ਛੁੱਟੜ ਇਸਤ੍ਰੀ ਵਾਂਗ ਹੋ ਜਾਇਂਗੀ।

ਹੇ ਮੇਰੇ ਸਰੀਰ! ਤੂੰ (ਮਾਇਆ ਦੀ) ਨੀਂਦ ਵਿਚ ਹੀ ਸੁੱਤਾ ਰਿਹਾ (ਤੈਨੂੰ ਸਮਝ ਹੀ ਨ ਆਈ ਕਿ) ਤੂੰ ਕੀਹ ਕਰਤੂਤਾਂ ਕਰਦਾ ਰਿਹਾ। ਚੋਰੀ ਆਦਿਕ ਕਰ ਕੇ ਜੋ ਮਾਲ-ਧਨ ਮੈਂ ਲਿਆਉਂਦਾ ਰਿਹਾ, ਤੈਨੂੰ ਉਹ ਮਨ ਵਿਚ ਪਸੰਦ ਆਉਂਦਾ ਰਿਹਾ। (ਇਸ ਤਰ੍ਹਾਂ) ਨਾਹ ਇਸ ਲੋਕ ਵਿਚ ਸੋਭਾ ਖੱਟੀ, ਨਾਹ ਪਰਲੋਕ ਵਿਚ ਆਸਰਾ (ਮਿਲਣ ਦਾ ਪ੍ਰਬੰਧ) ਹੋਇਆ। ਕੀਮਤੀ ਮਨੁੱਖਾ ਜਨਮ ਜ਼ਾਇਆ ਕਰ ਲਿਆ।3।

ਹੇ ਭਾਈ! (ਜੀਵਾਤਮਾ ਦੇ ਤੁਰ ਜਾਣ ਤੇ ਹੁਣ) ਮੈਂ ਕਾਂਇਆਂ ਬਹੁਤ ਦੁਖੀ ਹੋਈ ਹਾਂ। ਹੇ ਨਾਨਕ! ਮੇਰੀ ਹੁਣ ਕੋਈ ਵਾਤ ਨਹੀਂ ਪੁੱਛਦਾ।1। ਰਹਾਉ।

ਹੇ ਨਾਨਕ! (ਆਖ–) ਹੇ ਮੂਰਖ! ਵਧੀਆ ਘੋੜੇ, ਸੋਨਾ ਚਾਂਦੀ, ਕੱਪੜਿਆਂ ਦੇ ਲੱਦ = ਕੋਈ ਭੀ ਸ਼ੈ (ਮੌਤ ਵੇਲੇ) ਕਿਸੇ ਦੇ ਨਾਲ ਨਹੀਂ ਜਾਂਦੀ। ਸਭ ਇਥੇ ਹੀ ਰਹਿ ਜਾਂਦੇ ਹਨ। ਮਿਸਰੀ ਮੇਵੇ ਆਦਿਕ ਭੀ ਮੈਂ ਸਭ ਕੁਝ ਚੱਖ ਕੇ ਵੇਖ ਲਿਆ ਹੈ। (ਇਹਨਾਂ ਵਿਚ ਭੀ ਇਤਨਾ ਸਵਾਦ ਨਹੀਂ ਜਿਤਨਾ ਹੇ ਪ੍ਰਭੂ!) ਤੇਰਾ ਨਾਮ ਮਿੱਠਾ ਹੈ।4।

ਨੀਹਾਂ ਰੱਖ ਰੱਖ ਕੇ ਮਕਾਨਾਂ ਦੀਆਂ ਕੰਧਾਂ ਉਸਾਰੀਆਂ, ਪਰ (ਮੌਤ ਆਇਆਂ) ਇਹ ਸੁਆਹ ਦੇ ਮੰਦਰਾਂ ਦੀ ਢੇਰੀ ਵਾਂਗ ਹੀ ਹੋ ਗਏ। (ਮਾਇਆ ਦੇ) ਖ਼ਜ਼ਾਨੇ ਇਕੱਠੇ ਕੀਤੇ ਕਿਸੇ ਨੂੰ (ਹਥੋਂ) ਨਹੀਂ ਦੇਂਦਾ, ਮੂਰਖ ਸਮਝਦਾ ਹੈ ਕਿ ਇਹ ਸਭ ਕੁਝ ਮੇਰਾ ਹੈ (ਪਰ ਇਹ ਨਹੀਂ ਜਾਣਦਾ ਕਿ) ਸੋਨੇ ਦੀ ਲੰਕਾ ਸੋਨੇ ਦੇ ਮਹਲ (ਰਾਵਣ ਦੇ ਭੀ ਨਾਹ ਰਹੇ, ਤੂੰ ਕਿਸ ਦਾ ਵਿਚਾਰਾ ਹੈਂ) ਇਹ ਧਨ ਕਿਸੇ ਦਾ ਭੀ ਨਹੀਂ ਬਣਿਆ ਰਹਿੰਦਾ।5।

ਹੇ ਮੂਰਖ ਅੰਞਾਣ ਮਨ! ਸੁਣ। ਉਸ ਪਰਮਾਤਮਾ ਦੀ ਰਜ਼ਾ ਹੀ ਵਰਤੇਗੀ (ਲੋਬ ਲੋਭ ਆਦਿਕ ਛੱਡ ਕੇ ਉਸ ਦੀ ਰਜ਼ਾ ਵਿਚ ਤੁਰਨਾ ਸਿੱਖ) ।1। ਰਹਾਉ।

ਸਾਡਾ ਮਾਲਕ-ਪ੍ਰਭੂ ਵੱਡਾ ਸਾਹੂਕਾਰ ਹੈ, ਅਸੀਂ ਸਾਰੇ ਜੀਵ ਉਸ ਦੇ ਭੇਜੇ ਹੋਏ ਵਣਜਾਰੇ-ਵਪਾਰੀ ਹਾਂ (ਇਥੇ ਨਾਮ-ਵਪਾਰ ਕਰਨ ਆਏ ਹੋਏ ਹਾਂ) । ਇਹ ਜਿੰਦ ਇਹ ਸਰੀਰ ਉਸੇ ਸ਼ਾਹ ਦੀ ਦਿੱਤੀ ਹੋਈ ਰਾਸ-ਪੂੰਜੀ ਹੈ। ਉਹ ਆਪ ਹੀ ਮਾਰਦਾ ਤੇ ਆਪ ਹੀ ਜਿੰਦ ਦੇਂਦਾ ਹੈ।6।1।13।

TOP OF PAGE

Sri Guru Granth Darpan, by Professor Sahib Singh