ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 155 ਗਉੜੀ ਚੇਤੀ ਮਹਲਾ ੧ ॥ ਅਵਰਿ ਪੰਚ ਹਮ ਏਕ ਜਨਾ ਕਿਉ ਰਾਖਉ ਘਰ ਬਾਰੁ ਮਨਾ ॥ ਮਾਰਹਿ ਲੂਟਹਿ ਨੀਤ ਨੀਤ ਕਿਸੁ ਆਗੈ ਕਰੀ ਪੁਕਾਰ ਜਨਾ ॥੧॥ ਸ੍ਰੀ ਰਾਮ ਨਾਮਾ ਉਚਰੁ ਮਨਾ ॥ ਆਗੈ ਜਮ ਦਲੁ ਬਿਖਮੁ ਘਨਾ ॥੧॥ ਰਹਾਉ ॥ ਉਸਾਰਿ ਮੜੋਲੀ ਰਾਖੈ ਦੁਆਰਾ ਭੀਤਰਿ ਬੈਠੀ ਸਾ ਧਨਾ ॥ ਅੰਮ੍ਰਿਤ ਕੇਲ ਕਰੇ ਨਿਤ ਕਾਮਣਿ ਅਵਰਿ ਲੁਟੇਨਿ ਸੁ ਪੰਚ ਜਨਾ ॥੨॥ ਢਾਹਿ ਮੜੋਲੀ ਲੂਟਿਆ ਦੇਹੁਰਾ ਸਾ ਧਨ ਪਕੜੀ ਏਕ ਜਨਾ ॥ ਜਮ ਡੰਡਾ ਗਲਿ ਸੰਗਲੁ ਪੜਿਆ ਭਾਗਿ ਗਏ ਸੇ ਪੰਚ ਜਨਾ ॥੩॥ ਕਾਮਣਿ ਲੋੜੈ ਸੁਇਨਾ ਰੁਪਾ ਮਿਤ੍ਰ ਲੁੜੇਨਿ ਸੁ ਖਾਧਾਤਾ ॥ ਨਾਨਕ ਪਾਪ ਕਰੇ ਤਿਨ ਕਾਰਣਿ ਜਾਸੀ ਜਮਪੁਰਿ ਬਾਧਾਤਾ ॥੪॥੨॥੧੪॥ {ਪੰਨਾ 155} ਪਦ ਅਰਥ: ਅਵਰਿ = {ਲਫ਼ਜ਼ 'ਅਵਰ' ਤੋਂ ਬਹੁ-ਵਚਨ} ਹੋਰ, ਵਿਰੋਧੀ, ਦੁਸ਼ਮਨ। ਪੰਚ = ਪੰਜ। ਹਮ = ਮੈਂ। ਏਕ ਜਨਾ = ਇਕੱਲਾ। ਕਿਉ ਰਾਖਉ = ਮੈਂ ਕਿਵੇਂ ਬਚਾਵਾਂ? ਘਰ ਬਾਰੁ = ਘਰ ਘਾਟ, ਸਾਰਾ ਘਰ। ਮਨਾ = ਹੇ ਮੇਰੇ ਮਨ! ਨੀਤ ਨੀਤ = ਸਦਾ ਹੀ। ਕਰੀ = ਕਰੀਂ, ਮੈਂ ਕਰਾਂ। ਜਨਾ = ਹੇ ਭਾਈ!।1। ਉਚਰੁ = ਉਚਾਰ, ਬੋਲ। ਆਗੈ = ਸਾਹਮਣੇ। ਜਮ ਦਲੁ = ਜਮ ਦਾ ਦਲ, ਜਮ ਦੀ ਫ਼ੌਜ। ਬਿਖਮੁ = ਔਖਾ (ਕਰਨ ਵਾਲਾ) । ਘਨਾ = ਬਹੁਤ।1। ਰਹਾਉ। ਮੜੋਲੀ = ਸਰੀਰ-ਮਠ। ਉਸਾਰਿ = ਉਸਾਰ ਕੇ। ਦੁਆਰਾ = ਦਰਵਾਜ਼ੇ (ਕੰਨ ਨੱਕ ਆਦਿਕ) । ਭੀਤਰਿ = ਵਿਚ। ਸਾ ਧਨਾ = ਜੀਵ-ਇਸਤ੍ਰੀ। ਅੰਮ੍ਰਿਤ = ਆਪਣੇ ਆਪ ਨੂੰ ਅਮਰ ਜਾਣਨ ਵਾਲੀ। ਕੇਲ = ਚੋਜ-ਤਮਾਸ਼ੇ, ਰੰਗ-ਰਲੀਆਂ। ਕਾਮਣਿ = ਜਿੰਦ-ਇਸਤ੍ਰੀ। ਲੁਟੇਨਿ = ਲੁੱਟਦੇ ਰਹਿੰਦੇ ਹਨ। ਸੁ = ਉਹ। ਪੰਚ ਜਨਾ = ਪੰਜੇ ਜਣੇ, ਕਾਮਾਦਿਕ ਪੰਜੇ।2। ਦੇਹੁਰਾ = ਮੰਦਰ। ਏਕ ਜਨਾ = ਇਕੱਲੀ। ਜਮ ਡੰਡਾ = ਜਮ ਦਾ ਡੰਡਾ। ਗਲਿ = ਗਲ ਵਿਚ।3। ਕਾਮਣਿ = ਵਹੁਟੀ। ਰੁਪਾ = ਚਾਂਦੀ। ਲੁੜੇਨਿ = ਲੋੜਦੇ ਹਨ, ਮੰਗਦੇ ਹਨ। ਖਾਧਾਤਾ = ਖਾਣ ਦੇ ਪਦਾਰਥ। ਤਿਨ ਕਾਰਣਿ = ਇਹਨਾਂ ਇਸਤ੍ਰੀ ਮਿਤ੍ਰਾਂ ਦੀ ਖ਼ਾਤਰ। ਜਾਸੀ = ਜਾਵੇਗਾ। ਜਮਪੁਰਿ = ਜਮ ਦੀ ਨਗਰੀ ਵਿਚ। ਬਾਧਾਤਾ = ਬੱਝਾ ਹੋਇਆ।4। ਨੋਟ: ਅੰਕ "4।2। 14" ਵਿਚੋਂ ਅੰਕ 2 ਦਾ ਭਾਵ ਇਹ ਹੈ ਕਿ 'ਗਉੜੀ ਚੇਤੀ' ਦਾ ਇਹ ਦੂਜਾ ਸ਼ਬਦ ਹੈ। "ਗਉੜੀ" ਦੇ ਕੁੱਲ ਸ਼ਬਦ ਹੁਣ ਤਕ 14 ਹੋ ਗਏ ਹਨ। ਅਰਥ: ਹੇ ਮੇਰੇ ਮਨ! ਮੇਰੇ ਵੈਰੀ (ਕਾਮਾਦਿਕ) ਪੰਜ ਹਨ, ਮੈਂ ਇਕੱਲਾ ਹਾਂ, ਮੈਂ (ਇਹਨਾਂ ਤੋਂ) ਸਾਰਾ ਘਰ (ਭਾਵ, ਭਲੇ ਗੁਣ) ਕਿਵੇਂ ਬਚਾਵਾਂ? ਹੇ ਭਾਈ! ਇਹ ਪੰਜੇ ਮੈਨੂੰ ਨਿੱਤ ਮਾਰਦੇ ਤੇ ਲੁੱਟਦੇ ਰਹਿੰਦੇ ਹਨ, ਮੈਂ ਕਿਸ ਦੇ ਪਾਸ ਸ਼ਿਕਾਇਤ ਕਰਾਂ?।1। ਹੇ ਮਨ! ਪਰਮਾਤਮਾ ਦਾ ਨਾਮ ਸਿਮਰ, ਸਾਹਮਣੇ ਜਮਰਾਜ ਦੀ ਭਾਰੀ ਤਕੜੀ ਫ਼ੌਜ ਦਿੱਸ ਰਹੀ ਹੈ (ਭਾਵ, ਮੌਤ ਆਉਣ ਵਾਲੀ ਹੈ) ।1। ਰਹਾਉ। ਪਰਮਾਤਮਾ ਨੇ ਇਹ ਸਰੀਰ ਬਣਾ ਕੇ (ਇਸ ਦੇ ਕੰਨ ਨੱਕ ਆਦਿਕ) ਦਸ ਦਰਵਾਜ਼ੇ ਬਣਾ ਦਿੱਤੇ। (ਉਸ ਦੇ ਹੁਕਮ ਅਨੁਸਾਰ) ਇਸ ਸਰੀਰ ਵਿਚ ਜਿੰਦ-ਇਸਤ੍ਰੀ ਆ ਟਿਕੀ। ਪਰ ਇਹ ਜੀਵ-ਇਸਤ੍ਰੀ ਆਪਣੇ ਆਪ ਨੂੰ ਅਮਰ ਜਾਣ ਕੇ ਸਦਾ (ਦੁਨੀਆ ਵਾਲੇ) ਚੋਜ-ਤਮਾਸ਼ੇ ਕਰਦੀ ਰਹਿੰਦੀ ਹੈ, ਤੇ ਉਹ ਵੈਰੀ ਕਾਮਾਦਿਕ ਪੰਜੇ ਜਣੇ (ਅੰਦਰੋਂ ਭਲੇ ਗੁਣ) ਲੁੱਟਦੇ ਰਹਿੰਦੇ ਹਨ।2। (ਜਮ ਦੀ ਫ਼ੌਜ ਨੇ ਆਖ਼ਰ) ਸਰੀਰ-ਮਠ ਢਾਹ ਕੇ ਮੰਦਰ ਲੁੱਟ ਲਿਆ, ਜੀਵ-ਇਸਤ੍ਰੀ ਇਕੱਲੀ ਹੀ ਫੜੀ ਗਈ। ਜਮ ਦਾ ਡੰਡਾ ਸਿਰ ਉਤੇ ਵੱਜਾ, ਜਮ ਦਾ ਸੰਗਲ ਗਲ ਵਿਚ ਪਿਆ, ਉਹ (ਲੁੱਟਣ ਵਾਲੇ) ਪੰਜੇ ਜਣੇ ਭੱਜ ਗਏ (ਸਾਥ ਛੱਡ ਗਏ) ।3। (ਸਾਰੀ ਉਮਰ ਜਦ ਤਕ ਜੀਵ ਜੀਊਂਦਾ ਰਿਹਾ) ਵਹੁਟੀ ਸੋਨਾ ਚਾਂਦੀ (ਦੇ ਗਹਿਣੇ) ਮੰਗਦੀ ਰਹਿੰਦੀ ਹੈ, ਸਨਬੰਧੀ ਮਿਤ੍ਰ ਖਾਣ ਪੀਣ ਦੇ ਪਦਾਰਥ ਮੰਗਦੇ ਰਹਿੰਦੇ ਹਨ, ਹੇ ਨਾਨਕ! ਇਹਨਾਂ ਦੀ ਹੀ ਖ਼ਾਤਰ ਜੀਵ ਪਾਪ ਕਰਦਾ ਰਹਿੰਦਾ ਹੈ, ਆਖ਼ਰ (ਪਾਪਾਂ ਦੇ ਕਾਰਨ) ਬੱਝਾ ਹੋਇਆ ਜਮ ਦੀ ਨਗਰੀ ਵਿਚ ਧੱਕਿਆ ਜਾਂਦਾ ਹੈ।4।2।14। ਗਉੜੀ ਚੇਤੀ ਮਹਲਾ ੧ ॥ ਮੁੰਦ੍ਰਾ ਤੇ ਘਟ ਭੀਤਰਿ ਮੁੰਦ੍ਰਾ ਕਾਂਇਆ ਕੀਜੈ ਖਿੰਥਾਤਾ ॥ ਪੰਚ ਚੇਲੇ ਵਸਿ ਕੀਜਹਿ ਰਾਵਲ ਇਹੁ ਮਨੁ ਕੀਜੈ ਡੰਡਾਤਾ ॥੧॥ ਜੋਗ ਜੁਗਤਿ ਇਵ ਪਾਵਸਿਤਾ ॥ ਏਕੁ ਸਬਦੁ ਦੂਜਾ ਹੋਰੁ ਨਾਸਤਿ ਕੰਦ ਮੂਲਿ ਮਨੁ ਲਾਵਸਿਤਾ ॥੧॥ ਰਹਾਉ ॥ ਮੂੰਡਿ ਮੁੰਡਾਇਐ ਜੇ ਗੁਰੁ ਪਾਈਐ ਹਮ ਗੁਰੁ ਕੀਨੀ ਗੰਗਾਤਾ ॥ ਤ੍ਰਿਭਵਣ ਤਾਰਣਹਾਰੁ ਸੁਆਮੀ ਏਕੁ ਨ ਚੇਤਸਿ ਅੰਧਾਤਾ ॥੨॥ ਕਰਿ ਪਟੰਬੁ ਗਲੀ ਮਨੁ ਲਾਵਸਿ ਸੰਸਾ ਮੂਲਿ ਨ ਜਾਵਸਿਤਾ ॥ ਏਕਸੁ ਚਰਣੀ ਜੇ ਚਿਤੁ ਲਾਵਹਿ ਲਬਿ ਲੋਭਿ ਕੀ ਧਾਵਸਿਤਾ ॥੩॥ ਜਪਸਿ ਨਿਰੰਜਨੁ ਰਚਸਿ ਮਨਾ ॥ ਕਾਹੇ ਬੋਲਹਿ ਜੋਗੀ ਕਪਟੁ ਘਨਾ ॥੧॥ ਰਹਾਉ ॥ ਕਾਇਆ ਕਮਲੀ ਹੰਸੁ ਇਆਣਾ ਮੇਰੀ ਮੇਰੀ ਕਰਤ ਬਿਹਾਣੀਤਾ ॥ ਪ੍ਰਣਵਤਿ ਨਾਨਕੁ ਨਾਗੀ ਦਾਝੈ ਫਿਰਿ ਪਾਛੈ ਪਛੁਤਾਣੀਤਾ ॥੪॥੩॥੧੫॥ {ਪੰਨਾ 155-156} ਪਦ ਅਰਥ: ਘਟ ਭੀਤਰਿ = ਹਿਰਦੇ ਵਿਚ। ਮੁੰਦ੍ਰਾ = (ਮੰਦੀਆਂ ਵਾਸਨਾਂ ਨੂੰ ਰੋਕਣਾ = ਇਹ) ਮੁੰਦ੍ਰਾਂ। ਕਾਂਇਆ = ਸਰੀਰ ਨੂੰ (ਨਾਸਵੰਤ ਜਾਨਣਾ) । ਖਿੰਥਾਤਾ = ਖਿੰਥਾ, ਗੋਦੜੀ। ਤੇ = ਉਹੀ। ਪੰਚ ਚੇਲੇ = ਪੰਜ ਗਿਆਨ-ਇੰਦ੍ਰੇ ਰੂਪ ਚੇਲੇ। ਕੀਜਹਿ = ਕਰਨੇ ਚਾਹੀਦੇ ਹਨ। ਰਾਵਲ = ਹੇ ਰਾਵਲ! ਹੇ ਜੋਗੀ! ਜੋਗ ਜੁਗਤਿ = ਜੋਗ ਸਾਧਨ ਦੀ ਜੁਗਤੀ। ਇਵ = ਇਸ ਤਰ੍ਹਾਂ। ਪਾਵਸਿਤਾ = ਪਾਵਸਿ, ਤੂੰ ਪਾ ਲਏਂਗਾ। ਨਾਸਤਿ = ਨਹੀਂ ਹੈ। ਲਾਵਸਿਤਾ = ਲਾਵਸਿ, ਜੇ ਤੂੰ ਲਾ ਲਏਂ।1। ਰਹਾਉ। ਮੂੰਡਿ ਮੁੰਡਾਇਐ = ਸਿਰ ਮੁਨਾਇਆਂ। ਮੂੰਡਿ = ਸਿਰ।2। ਪਟੰਬੁ = ਠੱਗੀ, ਵਿਖਾਵਾ। ਗਲੀ = ਗੱਲੀਂ, ਗੱਲਾਂ ਨਾਲ। ਮਨੁ = ਲੋਕਾਂ ਦਾ ਮਨ। ਲਾਵਸਿ = ਤੂੰ ਲਾਂਦਾ ਹੈਂ। ਮੂਲਿ ਨ = ਬਿਲਕੁਲ ਨਹੀਂ। ਕੀ ਧਾਵਸਿਤਾ = ਕਿਉਂ ਦੌੜੇਂਗਾ? ਨਹੀਂ ਭਟਕੇਂਗਾ।3। ਰਚਸਿ ਮਨਾ = ਮਨ ਰਚਾ ਕੇ, ਮਨ ਜੋੜ ਕੇ। ਕਪਟੁ = ਠੱਗੀ, ਝੂਠ-ਫ਼ਰੇਬ।1। ਰਹਾਉ। ਕਮਲੀ = ਝੱਲੀ। ਹੰਸੁ = ਜੀਵਾਤਮਾ। ਬਿਹਾਣੀਤਾ = (ਉਮਰ) ਗੁਜ਼ਰ ਰਹੀ ਹੈ। ਨਾਗੀ = ਨੰਗੀ ਕਾਂਇਆਂ। ਦਾਝੈ = ਸੜਦੀ ਹੈ। ਪਾਛੈ = ਸਮਾ ਵਿਹਾ ਜਾਣ ਪਿੱਛੋਂ। ਅਰਥ: ਹੇ ਰਾਵਲ! ਆਪਣੇ ਸਰੀਰ ਦੇ ਅੰਦਰ ਹੀ ਮੰਦੀਆਂ ਵਾਸਨਾਂ ਨੂੰ ਰੋਕ = ਇਹ ਹਨ (ਅਸਲ) ਮੁੰਦ੍ਰਾਂ। ਸਰੀਰ ਨੂੰ ਨਾਸਵੰਤ ਸਮਝ = ਇਸ ਯਕੀਨ ਨੂੰ ਗੋਦੜੀ ਬਣਾ। ਹੇ ਰਾਵਲ! (ਤੁਸੀ ਹੋਰਨਾਂ ਨੂੰ ਚੇਲੇ ਬਣਾਂਦੇ ਫਿਰਦੇ ਹੋ) ਆਪਣੇ ਪੰਜੇ, ਗਿਆਨ-ਇੰਦ੍ਰਿਆਂ ਨੂੰ ਵੱਸ ਵਿਚ ਕਰੋ, ਚੇਲੇ ਬਣਾਓ, ਆਪਣੇ ਮਨ ਨੂੰ ਡੰਡਾ ਬਣਾਓ (ਤੇ ਹੱਥ ਵਿਚ ਫੜੋ। ਭਾਵ, ਕਾਬੂ ਕਰੋ) ।1। (ਹੇ ਰਾਵਲ!) ਤੂੰ ਗਾਜਰ ਮੂਲੀ ਆਦਿਕ ਖਾਣ ਵਿਚ ਮਨ ਜੋੜਦਾ ਫਿਰਦਾ ਹੈਂ, ਪਰ ਜੇ ਤੂੰ ਉਸ ਗੁਰ-ਸ਼ਬਦ ਵਿਚ ਮਨ ਜੋੜੇਂ (ਜਿਸ ਤੋਂ ਬਿਨਾ) ਕੋਈ ਹੋਰ (ਜੀਵਨ-ਰਾਹ ਵਿਖਾਣ ਦੇ ਸਮਰੱਥ) ਨਹੀਂ ਹੈ, ਤਾਂ ਤੂੰ ਇਸ ਤਰ੍ਹਾਂ ਜੋਗ (ਪ੍ਰਭੂ-ਚਰਨਾਂ ਵਿਚ ਜੁੜਨ) ਦਾ ਤਰੀਕਾ ਲੱਭ ਲਏਂਗਾ।1। ਰਹਾਉ। ਜੇ (ਗੰਗਾ ਦੇ ਕੰਢੇ) ਸਿਰ ਮੁਨਾਇਆਂ ਗੁਰੂ ਮਿਲਦਾ ਹੈ (ਭਾਵ, ਤੁਸੀ ਤਾਂ ਗੰਗਾ ਦੇ ਕੰਢੇ ਸਿਰ ਮੁਨਾ ਕੇ ਗੁਰੂ ਧਾਰਦੇ ਹੋ) ਤਾਂ ਅਸਾਂ ਤਾਂ ਗੁਰੂ ਨੂੰ ਹੀ ਗੰਗਾ ਬਣਾ ਲਿਆ ਹੈ, (ਭਾਵ, ਸਾਡੇ ਵਾਸਤੇ ਗੁਰੂ ਹੀ ਮਹਾਂ ਪਵਿਤ੍ਰ ਤੀਰਥ ਹੈ) । ਅੰਨ੍ਹਾ (ਰਾਵਲ) ਉਸ ਇਕੋ ਮਾਲਕ ਨੂੰ ਨਹੀਂ ਸਿਮਰਦਾ ਜੋ ਤਿੰਨਾਂ ਭਵਣਾਂ (ਦੇ ਜੀਵਾਂ) ਨੂੰ ਤਾਰਨ ਦੇ ਸਮਰਥ ਹੈ।2। ਹੇ ਜੋਗੀ! ਤੂੰ (ਜੋਗ ਦਾ) ਵਿਖਾਵਾ ਕਰ ਕੇ ਨਿਰੀਆਂ ਗੱਲਾਂ ਵਿਚ ਹੀ ਲੋਕਾਂ ਦਾ ਮਨ ਪਰਚਾਂਦਾ ਹੈਂ, ਪਰ ਤੇਰਾ ਆਪਣਾ ਸੰਸਾ ਉੱਕਾ ਹੀ ਦੂਰ ਨਹੀਂ ਹੁੰਦਾ। ਜੇ ਤੂੰ ਇੱਕ ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜੇਂ, ਤਾਂ ਲੱਬ ਤੇ ਲੋਭ ਦੇ ਕਾਰਨ ਬਣੀ ਹੋਈ ਤੇਰੀ ਭਟਕਣਾ ਦੂਰ ਹੋ ਜਾਏ।3। ਹੇ ਜੋਗੀ! ਬਹੁਤਾ ਠੱਗੀ-ਫਰੇਬ ਦਾ ਬੋਲ ਕਿਉਂ ਬੋਲਦਾ ਹੈਂ? ਆਪਣਾ ਮਨ ਜੋੜ ਕੇ ਮਾਇਆ-ਰਹਿਤ ਪ੍ਰਭੂ ਦਾ ਨਾਮ ਸਿਮਰ।1। ਰਹਾਉ। ਜਿਸ ਮਨੁੱਖ ਦਾ ਸਰੀਰ ਝੱਲਾ ਹੋਇਆ ਪਿਆ ਹੋਵੇ (ਜਿਸ ਦੇ ਗਿਆਨ-ਇੰਦ੍ਰੇ ਵਿਕਾਰਾਂ ਵਿਚ ਝੱਲੇ ਹੋਏ ਪਏ ਹੋਣ) ਜਿਸ ਦਾ ਜੀਵਾਤਮਾ ਅੰਞਾਣਾ ਹੋਵੇ (ਜ਼ਿੰਦਗੀ ਦਾ ਸਹੀ ਰਸਤਾ ਨਾਹ ਸਮਝਦਾ ਹੋਵੇ) ਉਸ ਦੀ ਸਾਰੀ ਉਮਰ ਮਾਇਆ ਦੀ ਮਮਤਾ ਵਿਚ ਲੰਘ ਜਾਂਦੀ ਹੈ। (ਤੇ) ਨਾਨਕ ਬੇਨਤੀ ਕਰਦਾ ਹੈ ਕਿ ਜਦੋਂ (ਮਮਤਾ ਦੇ ਸਾਰੇ ਪਦਾਰਥ ਜਗਤ ਵਿਚ ਹੀ ਛੱਡ ਕੇ) ਸਰੀਰ ਇਕੱਲਾ ਹੀ (ਮਸਾਣਾਂ ਵਿਚ) ਸੜਦਾ ਹੈ, ਸਮਾ ਵਿਹਾ ਜਾਣ ਤੇ ਜੀਵ ਪਛੁਤਾਉਂਦਾ ਹੈ।4।3।15। |
Sri Guru Granth Darpan, by Professor Sahib Singh |