ਸ੍ਰੀ ਗੁਰੂ ਗਰੰਥ ਦਰਪਨ । ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ |
Page 157 ਗਉੜੀ ਬੈਰਾਗਣਿ ਮਹਲਾ ੧ ॥ ਹਰਣੀ ਹੋਵਾ ਬਨਿ ਬਸਾ ਕੰਦ ਮੂਲ ਚੁਣਿ ਖਾਉ ॥ ਗੁਰ ਪਰਸਾਦੀ ਮੇਰਾ ਸਹੁ ਮਿਲੈ ਵਾਰਿ ਵਾਰਿ ਹਉ ਜਾਉ ਜੀਉ ॥੧॥ ਮੈ ਬਨਜਾਰਨਿ ਰਾਮ ਕੀ ॥ ਤੇਰਾ ਨਾਮੁ ਵਖਰੁ ਵਾਪਾਰੁ ਜੀ ॥੧॥ ਰਹਾਉ ॥ ਕੋਕਿਲ ਹੋਵਾ ਅੰਬਿ ਬਸਾ ਸਹਜਿ ਸਬਦ ਬੀਚਾਰੁ ॥ ਸਹਜਿ ਸੁਭਾਇ ਮੇਰਾ ਸਹੁ ਮਿਲੈ ਦਰਸਨਿ ਰੂਪਿ ਅਪਾਰੁ ॥੨॥ ਮਛੁਲੀ ਹੋਵਾ ਜਲਿ ਬਸਾ ਜੀਅ ਜੰਤ ਸਭਿ ਸਾਰਿ ॥ ਉਰਵਾਰਿ ਪਾਰਿ ਮੇਰਾ ਸਹੁ ਵਸੈ ਹਉ ਮਿਲਉਗੀ ਬਾਹ ਪਸਾਰਿ ॥੩॥ ਨਾਗਨਿ ਹੋਵਾ ਧਰ ਵਸਾ ਸਬਦੁ ਵਸੈ ਭਉ ਜਾਇ ॥ ਨਾਨਕ ਸਦਾ ਸੋਹਾਗਣੀ ਜਿਨ ਜੋਤੀ ਜੋਤਿ ਸਮਾਇ ॥੪॥੨॥੧੯॥ {ਪੰਨਾ 157} ਪਦ ਅਰਥ: ਬਨਿ = ਬਨ ਵਿਚ, ਜੰਗਲ ਵਿਚ। ਬਸਾ = ਮੈਂ ਵੱਸਾਂ। ਕੰਦ ਮੂਲ = ਭਾਵ, ਘਾਹ-ਬੂਟ (ਫਲ ਫੁੱਲ) । ਚੁਣਿ = ਚੁਣ ਕੇ। ਖਾਉ = ਮੈਂ ਖਾਵਾਂ। ਗੁਰ ਪਰਸਾਦੀ = ਗੁਰੂ ਦੀ ਕਿਰਪਾ ਨਾਲ। ਵਾਰਿ ਵਾਰਿ = ਸਦਕੇ ਸਦਕੇ। ਹਉ = ਮੈਂ। ਜਾਉ = ਜਾਉਂ।1। ਬਨਜਾਰਨਿ = ਵਣਜ ਕਰਨ ਵਾਲੀ। ਵਖਰੁ = ਸੌਦਾ।1। ਰਹਾਉ। ਅੰਬਿ = ਅੰਬ (ਦੇ ਬੂਟੇ) ਉੱਤੇ। ਸਹਜਿ = ਅਡੋਲ ਅਵਸਥਾ ਵਿਚ (ਟਿਕ ਕੇ,) ਮਸਤ ਹੋ ਕੇ। ਸਬਦ ਬੀਚਾਰੁ = ਸ਼ਬਦ ਦਾ ਵੀਚਾਰ। ਦਰਸਨਿ = ਦਰਸ਼ਨੀ, ਸੋਹਣਾ। ਰੂਪਿ = ਰੂਪ ਵਾਲਾ। ਅਪਾਰੁ = ਬੇਅੰਤ ਪ੍ਰਭੂ।2। ਜਲਿ = ਜਲ ਵਿਚ। ਸਭਿ = ਸਾਰੇ। ਸਾਰਿ = ਸਾਰੇ, ਸੰਭਾਲਦਾ ਹੈ। ਉਰਵਾਰਿ = ਉਰਲੇ ਪਾਸੇ। ਪਾਰਿ = ਪਾਰਲੇ ਪਾਸੇ। ਪਸਾਰਿ = ਪਸਾਰ ਕੇ, ਖਿਲਾਰ ਕੇ।3। ਨਾਗਨਿ = ਸਪਣੀ। ਧਰ = ਧਰਤੀ ਵਿਚ। ਜਿਨ = ਜਿਨ੍ਹਾਂ ਦੀ। ਜੋਤੀ = ਜੋਤਿ-ਸੂਰਪ ਪ੍ਰਭੂ ਵਿਚ।4। ਅਰਥ: (ਹੇ ਪ੍ਰਭੂ! ਜੇ ਤੇਰੀ ਮਿਹਰ ਹੋਵੇ ਤਾਂ) ਮੈਂ ਤੇਰੇ ਨਾਮ ਦੀ ਵਣਜਾਰਨ ਬਣ ਜਾਵਾਂ ਤੇਰਾ ਨਾਮ ਮੇਰਾ ਸੌਦਾ ਬਣੇ, ਤੇਰੇ ਨਾਮ ਨੂੰ ਵਿਹਾਝਾਂ।1। ਰਹਾਉ। (ਹਰਣੀ ਜੰਗਲ ਵਿਚ ਘਾਹ-ਬੂਟ ਚੁਣ ਕੇ ਖਾਂਦੀ ਹੈ ਤੇ ਮੌਜ ਵਿਚ ਚੁੰਗੀਆਂ ਮਾਰਦੀ ਹੈ (ਹੇ ਪ੍ਰਭੂ! ਤੇਰਾ ਨਾਮ ਮੇਰੀ ਜਿੰਦ ਲਈ ਖ਼ੁਰਾਕ ਬਣੇ, ਜਿਵੇਂ ਹਰਣੀ ਲਈ ਕੰਦ-ਮੂਲ ਹੈ। ਮੈਂ ਤੇਰੇ ਨਾਮ-ਰਸ ਨੂੰ ਪ੍ਰੀਤ ਨਾਲ ਖਾਵਾਂ, ਮੈਂ ਸੰਸਾਰ-ਬਨ ਵਿਚ ਬੇ-ਮੁਥਾਜ ਹੋ ਕੇ ਵਿਚਰਾਂ ਜਿਵੇਂ ਹਰਣੀ ਜੰਗਲ ਵਿਚ। ਜੇ ਗੁਰੂ ਦੀ ਕ੍ਰਿਪਾ ਨਾਲ ਮੇਰਾ ਖਸਮ-ਪ੍ਰਭੂ ਮੈਨੂੰ ਮਿਲ ਪਏ, ਤਾਂ ਮੈਂ ਮੁੜ ਮੁੜ ਉਸ ਤੋਂ ਸਦਕੇ ਕੁਰਬਾਨ ਜਾਵਾਂ।1। (ਕੋਇਲ ਦੀ ਅੰਬ ਨਾਲ ਪ੍ਰੀਤਿ ਪ੍ਰਸਿੱਧ ਹੈ। ਅੰਬ ਉਤੇ ਬੈਠ ਕੇ ਕੋਇਲ ਮਿੱਠੀ ਮਸਤ ਸੁਰ ਵਿਚ ਕੂਕਦੀ ਹੈ। ਜੇ ਮੇਰੀ ਪ੍ਰੀਤਿ ਪ੍ਰਭੂ ਨਾਮ ਉਹੋ ਜੇਹੀ ਹੋ ਜਾਏ ਜੈਸੀ ਕੋਇਲ ਦੀ ਅੰਬ ਨਾਲ ਹੈ ਤਾਂ) ਮੈਂ ਕੋਇਲ ਬਣਾਂ, ਅੰਬ ਉਤੇ ਬੈਠਾਂ (ਭਾਵ ਪ੍ਰਭੂ-ਨਾਮ ਨੂੰ ਆਪਣੀ ਜ਼ਿੰਦਗੀ ਦਾ ਸਹਾਰਾ ਬਣਾਵਾਂ) ਤੇ ਮਸਤ ਅਡੋਲ ਹਾਲਤ ਵਿਚ ਟਿਕ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਦੀ ਵਿਚਾਰ ਕਰਾਂ (ਸ਼ਬਦ ਵਿਚ ਚਿੱਤ ਜੋੜਾਂ) । ਮਸਤ ਅਡੋਲ ਅਵਸਥਾ ਵਿਚ ਟਿਕਿਆਂ, ਪ੍ਰੇਮ ਵਿਚ ਜੁੜਿਆਂ ਹੀ ਪਿਆਰਾ ਦਰਸ਼ਨੀ ਸੋਹਣਾ ਬੇਅੰਤ ਪ੍ਰਭੂ-ਪਤੀ ਮਿਲਦਾ ਹੈ।2। (ਮੱਛੀ ਪਾਣੀ ਤੋਂ ਬਿਨਾ ਨਹੀਂ ਜਿਊ ਸਕਦੀ। ਪ੍ਰਭੂ ਨਾਲ ਜੇ ਮੇਰੀ ਪ੍ਰੀਤਿ ਭੀ ਇਹੋ ਜਿਹੀ ਬਣ ਜਾਏ, ਤਾਂ) ਮੈਂ ਮੱਛੀ ਬਣਾਂ, ਸਦਾ ਉਸ ਜਲ-ਪ੍ਰਭੂ ਵਿਚ ਟਿਕੀ ਰਹਾਂ ਜੋ ਸਾਰੇ ਜੀਵ-ਜੰਤਾਂ ਦੀ ਸੰਭਾਲ ਕਰਦਾ ਹੈ। ਪਿਆਰਾ ਪ੍ਰਭੂ-ਪਤੀ (ਇਸ ਸੰਸਾਰ-ਸਮੁੰਦਰ ਦੇ ਅਸਗਾਹ ਜਲ ਦੇ) ਉਰਲੇ ਪਾਰਲੇ ਪਾਸੇ (ਹਰ ਥਾਂ) ਵੱਸਦਾ ਹੈ (ਜਿਵੇਂ ਮੱਛੀ ਆਪਣੇ ਬਾਜ਼ੂ ਖਿਲਾਰ ਕੇ ਪਾਣੀ ਵਿਚ ਤਾਰੀਆਂ ਲਾਂਦੀ ਹੈ) ਮੈਂ (ਭੀ) ਆਪਣੀਆਂ ਬਾਹਾਂ ਖਿਲਾਰ ਕੇ (ਭਾਵ, ਨਿਸੰਗ ਹੋ ਕੇ) ਉਸ ਨੂੰ ਮਿਲਾਂਗੀ।3। (ਸਪਣੀ ਬੀਨ ਉੱਤੇ ਮਸਤ ਹੁੰਦੀ ਹੈ। ਪ੍ਰਭੂ ਨਾਲ ਜੇ ਮੇਰੀ ਪ੍ਰੀਤਿ ਭੀ ਇਹੋ ਜਿਹੀ ਬਣ ਜਾਏ, ਤਾਂ) ਮੈਂ ਸਪਣੀ ਬਣਾਂ, ਧਰਤੀ ਵਿਚ ਵੱਸਾਂ (ਭਾਵ, ਸਭ ਦੀ ਚਰਨ-ਧੂੜ ਹੋਵਾਂ, ਮੇਰੇ ਅੰਦਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲਾ) ਗੁਰ-ਸ਼ਬਦ ਵੱਸੇ (ਜਿਵੇਂ ਬੀਨ ਵਿਚ ਮਸਤ ਹੋ ਕੇ ਸਪਣੀ ਨੂੰ ਵੈਰੀ ਦੀ ਸੁੱਧ-ਬੁੱਧ ਭੁਲ ਜਾਂਦੀ ਹੈ) ਮੇਰਾ ਭੀ (ਦੁਨੀਆ ਵਾਲਾ ਸਾਰਾ) ਡਰ-ਭਉ ਦੂਰ ਹੋ ਜਾਏ। ਹੇ ਨਾਨਕ! ਜਿਨ੍ਹਾਂ ਜੀਵ-ਇਸਤ੍ਰੀਆਂ ਦੀ ਜੋਤਿ (ਸੁਰਤਿ) ਸਦਾ ਜੋਤਿ-ਰੂਪ ਪ੍ਰਭੂ ਵਿਚ ਟਿਕੀ ਰਹਿੰਦੀ ਹੈ, ਉਹ ਬੜੀਆਂ ਭਾਗਾਂ ਵਾਲੀਆਂ ਹਨ।4।2।19। ਗਉੜੀ ਪੂਰਬੀ ਦੀਪਕੀ ਮਹਲਾ ੧ ੴ ਸਤਿਗੁਰ ਪ੍ਰਸਾਦਿ ॥ ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ ॥ ਤਿਤੁ ਘਰਿ ਗਾਵਹੁ ਸੋਹਿਲਾ ਸਿਵਰਹੁ ਸਿਰਜਣਹਾਰੋ ॥੧॥ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ॥ ਹਉ ਵਾਰੀ ਜਾਉ ਜਿਤੁ ਸੋਹਿਲੈ ਸਦਾ ਸੁਖੁ ਹੋਇ ॥੧॥ ਰਹਾਉ ॥ ਨਿਤ ਨਿਤ ਜੀਅੜੇ ਸਮਾਲੀਅਨਿ ਦੇਖੈਗਾ ਦੇਵਣਹਾਰੁ ॥ ਤੇਰੇ ਦਾਨੈ ਕੀਮਤਿ ਨਾ ਪਵੈ ਤਿਸੁ ਦਾਤੇ ਕਵਣੁ ਸੁਮਾਰੁ ॥੨॥ ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ ॥ ਦੇਹੁ ਸਜਣ ਆਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ ॥੩॥ ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ ॥ ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ ॥੪॥੧॥੨੦॥ {ਪੰਨਾ 157} ਨੋਟ: ਇਸ ਸ਼ਬਦ ਦੇ ਅਖ਼ੀਰਲੇ ਅੰਕ ਪੜ੍ਹੋ। ਅੰਕ 4 ਸ਼ਬਦ ਦੇ ਬੰਦਾਂ ਦੀ ਗਿਣਤੀ ਹੈ। ਅੰਕ 20 ਦੱਸਦਾ ਹੈ ਕਿ "ਗਉੜੀ" ਵਿਚ ਗੁਰੂ ਨਾਨਕ ਦੇਵ ਜੀ ਦਾ ਇਹ 20-ਵਾਂ ਸ਼ਬਦ ਹੈ। ਪਿਛਲੇ ਸ਼ਬਦ ਦੇ ਅਖ਼ੀਰਲੇ ਅੰਕ।4।2।19। ਦੱਸਦੇ ਸਨ ਕਿ "ਗਉੜੀ ਬੈਰਾਗਣਿ" ਵਿਚ ਗੁਰੂ ਨਾਨਕ ਦੇਵ ਜੀ ਦੇ 2 ਸ਼ਬਦ ਹਨ। ਹੁਣ 'ਰਾਗਣੀ' ਫਿਰ ਬਦਲ ਗਈ ਹੈ, ਤੇ ਇਸ ਰਾਗਣੀ "ਗਉੜੀ ਪੂਰਬੀ ਦੀਪਕੀ" ਵਿਚ ਗੁਰੂ ਨਾਨਕ ਦੇਵ ਜੀ ਦਾ 1 ਸ਼ਬਦ ਹੈ। ਇਸ ਸ਼ਬਦ ਦੇ ਸ਼ੁਰੂ ਵਿਚ ਲਿਖਿਆ ਮੂਲ-ਮੰਤ੍ਰ ਭੀ ਇਹੀ ਦੱਸਦਾ ਹੈ ਕਿ ਰਾਗਣੀ ਬਦਲ ਗਈ ਹੈ। ਨੋਟ: ਇਸ ਸ਼ਬਦ ਅਤੇ ਸੋਹਲੇ ਵਿਚ ਆਏ ਇਸ ਸ਼ਬਦ ਵਿਚ ਰਤਾ ਕੁ ਫ਼ਰਕ ਹੈ। ਪਾਠਕ ਧਿਆਨ ਨਾਲ ਵੇਖ ਲੈਣ। ਪਦ ਅਰਥ: ਜੈ ਘਰਿ = ਜਿਸ ਘਰ ਵਿਚ, ਜਿਸ ਸਤਸੰਗ-ਘਰ ਵਿਚ। ਕੀਰਤਿ = ਸੋਭਾ, ਸਿਫ਼ਤਿ-ਸਾਲਾਹ। ਤਿਤੁ ਘਰਿ = ਉਸ ਸਤਸੰਗ-ਘਰ ਵਿਚ। ਸੋਹਿਲਾ = ਸੁਹਾਗ ਦਾ ਗੀਤ {ਨੋਟ: ਲੜਕੀ ਦੇ ਵਿਆਹ ਤੇ ਜੋ ਗੀਤ ਰਾਤ ਨੂੰ ਜ਼ਨਾਨੀਆਂ ਰਲ ਕੇ ਗਾਉਂਦੀਆਂ ਹਨ, ਉਹਨਾਂ ਨੂੰ ਸੋਹਿਲਾ ਜਾਂ ਸੁਹਾਗ ਆਖੀਦਾ ਹੈ। ਇਹਨਾਂ ਗੀਤਾਂ ਵਿਚ ਕੁਝ ਤਾਂ ਵਿਛੋੜੇ ਦਾ ਜਜ਼ਬਾ ਹੁੰਦਾ ਹੈ ਜੋ ਲੜਕੀ ਦੇ ਵਿਆਹੇ ਜਾਣ ਤੇ ਮਾਪਿਆਂ ਤੇ ਸਹੇਲੀਆਂ ਨਾਲੋਂ ਪੈਣਾ ਹੁੰਦਾ ਹੈ, ਤੇ ਕੁਝ ਅਸੀਸਾਂ ਹਨ ਕਿ ਪਤੀ ਦੇ ਘਰ ਜਾ ਕੇ ਸੁਖੀ ਵੱਸੇ}, ਜਸ, ਸਿਫ਼ਤਿ-ਸਾਲਾਹ, ਪ੍ਰਭੂ-ਪਤੀ ਨਾਲ ਮਿਲਣ ਦੀ ਤਾਂਘ ਦੇ ਸ਼ਬਦ।1। ਹਉ = ਮੈਂ। ਵਾਰੀ = ਕੁਰਬਾਨ। ਜਿਤੁ ਸੋਹਿਲੈ = ਜਿਸ ਸੋਹਿਲੇ ਦੀ ਰਾਹੀਂ।1। ਰਹਾਉ। ਸਮਾਲੀਅਨਿ = ਸਮ੍ਹਾਲੀਦੇ ਹਨ। ਦੇਖੈਗਾ = ਸੰਭਾਲ ਕਰੇਗਾ, ਸੰਭਾਲ ਕਰਦਾ ਹੈ। ਤੇਰੇ = ਤੇਰੇ ਪਾਸੋਂ (ਹੇ ਜਿੰਦੇ!) । ਦਾਨੈ ਕੀਮਤਿ = ਦਾਨ ਦਾ ਮੁੱਲ, ਬਖ਼ਸ਼ਸ਼ਾਂ ਦਾ ਮੁੱਲ। ਸੁਮਾਰੁ = ਅੰਦਾਜ਼ਾ, ਅੰਤ।2। ਸੰਬਤਿ = ਸਾਲ, ਵਰ੍ਹਾ। ਸਾਹਾ = ਵਿਆਹੇ ਜਾਣ ਦਾ ਦਿਨ। ਲਿਖਿਆ = ਮਿਥਿਆ ਹੋਇਆ। ਮਿਲਿ ਕਰਿ = ਰਲ ਕੇ। ਪਾਵਹੁ ਤੇਲ = ਤੇਲ ਪਾਓ {ਨੋਟ: ਵਿਆਹ ਤੋਂ ਕੁਝ ਦਿਨ ਪਹਿਲਾਂ ਵਿਆਹ ਵਾਲੀ ਕੁੜੀ ਨੂੰ ਮਾਂਈਏਂ ਪਾਈਦਾ ਹੈ। ਚਾਚੀਆਂ, ਤਾਈਆਂ, ਭਰਜਾਈਆਂ, ਸਹੇਲੀਆਂ ਰਲ ਕੇ ਉਸ ਦੇ ਸਿਰ ਵਿਚ ਤੇਲ ਪਾਂਦੀਆਂ ਹਨ, ਤੇ ਅਸੀਸਾਂ ਦੇ ਗੀਤ ਗਾਂਦੀਆਂ ਹਨ ਕਿ ਪਤੀ ਦੇ ਘਰ ਜਾ ਕੇ ਸੁਖੀ ਵੱਸੇ}।3। ਘਰਿ ਘਰਿ = ਹਰੇਕ ਘਰ ਵਿਚ। ਪਾਹੁਚਾ = ਪਹੋਚਾ, ਸੱਦਾ {ਨੋਟ: ਵਿਆਹ ਦਾ ਸਾਹਾ ਤੇ ਲਗਨ ਮੁਕਰਰ ਹੋਣ ਤੇ ਮੁੰਡੇ ਵਾਲਿਆਂ ਦਾ ਨਾਈ ਜੰਞ ਦੀ ਗਿਣਤੀ ਤੇ ਹੋਰ ਜ਼ਰੂਰੀ ਸੁਨੇਹੇ ਲੈ ਕੇ ਲੜਕੀ ਵਾਲਿਆਂ ਦੇ ਘਰ ਜਾਂਦਾ ਹੈ। ਉਸ ਨੂੰ ਪਹੋਚੇ ਵਾਲਾ ਨਾਈ ਆਖਦੇ ਹਨ}। ਪਵੰਨਿ = ਪੈਂਦੇ ਹਨ। ਦਿਹ = ਦਿਨ। ਆਵੰਨਿ = ਆਉਂਦੇ ਹਨ।4। ਨੋਟ: ਵਿਆਹ ਦੇ ਸਮੇ ਪਹਿਲਾਂ ਮਾਂਈਏਂ ਪੈਣ ਦੀ ਰਸਮ ਕੀਤੀ ਜਾਂਦੀ ਹੈ। ਚਾਚੀਆਂ ਤਾਈਆਂ ਭਰਜਾਈਆਂ ਸਹੇਲੀਆਂ ਰਲ ਕੇ ਵਿਆਹ ਵਾਲੀ ਲੜਕੀ ਦੇ ਸਿਰ ਵਿਚ ਤੇਲ ਪਾਂਦੀਆਂ ਹਨ, ਉਸ ਨੂੰ ਇਸ਼ਨਾਨ ਕਰਾਂਦੀਆਂ ਹਨ, ਤੇ, ਨਾਲ ਨਾਲ ਸੁਹਾਗ ਦੇ ਗੀਤ ਗਾਂਦੀਆਂ ਹਨ, ਪਤੀ ਦੇ ਘਰ ਜਾ ਕੇ ਸੁਖੀ ਵੱਸਣ ਲਈ ਅਸੀਸਾਂ ਦੇਂਦੀਆਂ ਹਨ। ਉਹਨੀਂ ਦਿਨੀਂ ਰਾਤ ਨੂੰ ਗਾਵਣ ਬੈਠੀਆਂ ਜ਼ਨਾਨੀਆਂ ਭੀ ਸੋਹਿਲੜੇ ਜਾਂ ਸੁਹਾਗ ਦੇ ਗੀਤ ਗਾਂਦੀਆਂ ਹਨ। ਇਹਨਾਂ ਵਿਚ ਅਸੀਸਾਂ ਦੇ ਗੀਤ ਭੀ ਹੁੰਦੇ ਹਨ ਤੇ ਵੈਰਾਗ ਦੇ ਭੀ, ਕਿਉਂਕਿ ਇਕ ਪਾਸੇ ਤਾਂ ਲੜਕੀ ਨੇ ਵਿਆਹੀ ਜਾ ਕੇ ਆਪਣੇ ਪਤੀ ਦੇ ਘਰ ਜਾਣਾ ਹੈ, ਦੂਜੇ ਪਾਸੇ, ਉਸ ਲੜਕੀ ਦਾ ਮਾਪਿਆਂ ਭੈਣ ਭਰਾਵਾਂ ਸਹੇਲੀਆਂ ਚਾਚੀਆਂ ਤਾਈਆਂ ਭਰਜਾਈਆਂ ਆਦਿਕ ਨਾਲੋਂ ਵਿਛੋੜਾ ਭੀ ਹੋਣਾ ਹੁੰਦਾ ਹੈ। ਇਹਨਾਂ ਗੀਤਾਂ ਵਿਚ ਇਹ ਦੋਵੇਂ ਮਿਲਵੇਂ ਭਾਵ ਹੁੰਦੇ ਹਨ। ਜਿਵੇਂ ਵਿਆਹ ਲਈ ਸਮਾ ਮੁਹੂਰਤ ਮਿਥਿਆ ਜਾਂਦਾ ਹੈ, ਤੇ ਉਸ ਮਿੱਥੇ ਸਮੇ ਤੇ ਹੀ ਹਥਲੇਵੇਂ ਲਾਵਾਂ ਆਦਿਕ ਕਰਨ ਦਾ ਪੂਰਾ ਜਤਨ ਕੀਤਾ ਜਾਂਦਾ ਹੈ, ਇਸੇ ਤਰ੍ਹਾਂ ਹਰੇਕ ਜੀਵ-ਕੁੜੀ ਦਾ ਉਹ ਸਮਾਂ ਭੀ ਪਹਿਲਾਂ ਹੀ ਮਿਥਿਆ ਜਾ ਚੁਕਿਆ ਹੈ ਜਦੋਂ ਮੌਤ-ਪਹੋਚਾ ਆਉਣਾ ਹੈ, ਤੇ ਇਸ ਨੇ ਸਾਕਾਂ ਸਨਬੰਧੀਆਂ ਤੋਂ ਵਿੱਛੁੜ ਕੇ ਇਸ ਜਗਤ-ਪੇਕੇਘਰ ਨੂੰ ਛੱਡ ਕੇ ਪਰਲੋਕ ਵਿਚ ਜਾਣਾ ਹੈ। ਇਸ ਸ਼ਬਦ ਵਿਚ ਜਿੰਦ-ਕੁੜੀ ਨੂੰ ਸਮਝਾਇਆ ਹੈ ਕਿ ਸਤਸੰਗ ਵਿਚ ਸੁਹਾਗ ਦੇ ਗੀਤ ਗਾ ਤੇ ਸੁਣ। ਸਤਸੰਗ, ਮਾਨੋ, ਮਾਂਈਏਂ ਪੈਣ ਦਾ ਥਾਂ ਹੈ। ਸਤਸੰਗੀ ਸਹੇਲੀਆਂ ਇਥੇ ਇਕ ਦੂਜੀ ਸਹੇਲੀ ਨੂੰ ਅਸੀਸਾਂ ਦੇਂਦੀਆਂ ਹਨ, ਅਰਦਾਸ ਕਰਦੀਆਂ ਹਨ ਕਿ ਪਰਲੋਕ ਤੁਰਨ ਵਾਲੀ ਸਹੇਲੀ ਨੂੰ ਪਤੀ-ਪ੍ਰਭੂ ਦਾ ਮੇਲ ਹੋਵੇ। ਅਰਥ: ਜਿਸ (ਸਾਧ-ਸੰਗਤਿ-) ਘਰ ਵਿਚ (ਪਰਮਾਤਮਾ ਦੀ) ਸਿਫ਼ਤਿ-ਸਾਲਾਹ ਆਖੀਦੀ ਹੈ ਤੇ ਕਰਤਾਰ ਦੇ ਗੁਣਾਂ ਦੀ ਵਿਚਾਰ ਹੁੰਦੀ ਹੈ (ਹੇ ਜਿੰਦ-ਕੁੜੀਏ!) ਉਸ ਸਤਸੰਗ-ਘਰ ਵਿਚ (ਜਾ ਕੇ ਤੂੰ ਭੀ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ (ਸੁਹਾਗ ਮਿਲਾਪ ਦੀ ਤਾਂਘ ਦੇ ਸ਼ਬਦ) ਗਾ, ਤੇ ਆਪਣੇ ਪੈਦਾ ਕਰਨ ਵਾਲੇ ਪ੍ਰਭੂ ਨੂੰ ਯਾਦ ਕਰ।1। (ਹੇ ਜਿੰਦੇ!) ਤੂੰ (ਸਤਸੰਗੀਆਂ ਨਾਲ ਮਿਲ ਕੇ) ਪਿਆਰੇ ਨਿਰਭਉ (ਖਸਮ) ਦੀ ਸਿਫ਼ਤਿ-ਸਾਲਾਹ ਦੇ ਗੀਤ ਗਾ (ਤੇ ਆਖ–) ਮੈਂ ਸਦਕੇ ਹਾਂ ਉਸ ਸਿਫ਼ਤਿ ਦੇ ਗੀਤ ਤੋਂ ਜਿਸ ਦੀ ਬਰਕਤ ਨਾਲ ਸਦਾ ਦਾ ਸੁਖ ਮਿਲਦਾ ਹੈ।1। ਰਹਾਉ। (ਹੇ ਜਿੰਦੇ! ਜਿਸ ਖਸਮ ਦੀ ਹਜ਼ੂਰੀ ਵਿਚ) ਸਦਾ ਹੀ ਜੀਵਾਂ ਦੀ ਸੰਭਾਲ ਹੋ ਰਹੀ ਹੈ, ਜੋ ਦਾਤਾਂ ਦੇਣ ਵਾਲਾ ਮਾਲਕ (ਹਰੇਕ ਜੀਵ ਦੀ) ਸੰਭਾਲ ਕਰਦਾ ਹੈ (ਜਿਸ ਦਾਤਾਰ ਦੀਆਂ) ਦਾਤਾਂ ਦਾ ਮੁੱਲ (ਹੇ ਜਿੰਦੇ!) ਤੇਰੇ ਪਾਸੋਂ ਨਹੀਂ ਪੈ ਸਕਦਾ, ਉਸ ਦਾਤਾਰ ਦਾ ਕੀਹ ਅੰਦਾਜ਼ਾ (ਤੂੰ ਲਾ ਸਕਦੀ ਹੈਂ) ? (ਭਾਵ, ਉਹ ਦਾਤਾਰ-ਪ੍ਰਭੂ ਬਹੁਤ ਬੇਅੰਤ ਹੈ) ।2। (ਸਤਸੰਗ ਵਿਚ ਜਾ ਕੇ, ਹੇ ਜਿੰਦੇ! ਅਰਜ਼ੋਈ ਕਰਿਆ ਕਰ =) ਉਹ ਸੰਮਤ ਉਹ ਦਿਹਾੜਾ (ਪਹਿਲਾਂ ਹੀ) ਮਿਥਿਆ ਹੋਇਆ ਹੈ (ਜਦੋਂ ਪਤੀ ਦੇ ਦੇਸ ਜਾਣ ਲਈ ਮੇਰੇ ਵਾਸਤੇ ਮੌਤ-ਪਹੋਚਾ ਆਉਣਾ ਹੈ। ਹੇ ਸਤਸੰਗੀ ਸਹੇਲੀਓ!) ਰਲ ਕੇ ਮੈਨੂੰ ਮਾਂਈਏਂ ਪਾਓ, ਤੇ, ਹੇ ਸੱਜਣ (ਸਹੇਲੀਓ!) ਮੈਨੂੰ ਸੋਹਣੀਆਂ ਅਸੀਸਾਂ ਭੀ ਦਿਉ (ਭਾਵ, ਮੇਰੇ ਲਈ ਅਰਦਾਸ ਭੀ ਕਰੋ) ਜਿਵੇਂ ਪਤੀ-ਪ੍ਰਭੂ ਨਾਲ ਮੇਰਾ ਮੇਲ ਹੋ ਜਾਏ।3। (ਪਰਲੋਕ ਵਿਚ ਜਾਣ ਲਈ ਮੌਤ-ਰੂਪ) ਇਹ ਪਹੋਚਾ ਹਰੇਕ ਘਰ ਵਿਚ ਆ ਰਿਹਾ ਹੈ, ਇਹ ਸੱਦੇ ਨਿੱਤ ਪੈ ਰਹੇ ਹਨ; (ਹੇ ਸਤਸੰਗੀਓ!) ਉਸ ਸੱਦਾ ਭੇਜਣ ਵਾਲੇ ਪਤੀ-ਪ੍ਰਭੂ ਨੂੰ ਯਾਦ ਕਰਨਾ ਚਾਹੀਦਾ ਹੈ, (ਕਿਉਂਕਿ) ਹੇ ਨਾਨਕ! (ਸਾਡੇ ਭੀ) ਉਹ ਦਿਨ (ਨੇੜੇ) ਆ ਰਹੇ ਹਨ।4।1। 20। ਰਾਗੁ ਗਉੜੀ ਗੁਆਰੇਰੀ ॥ ਮਹਲਾ ੩ ਚਉਪਦੇ ॥ ੴ ਸਤਿਗੁਰ ਪ੍ਰਸਾਦਿ ॥ ਗੁਰਿ ਮਿਲਿਐ ਹਰਿ ਮੇਲਾ ਹੋਈ ॥ ਆਪੇ ਮੇਲਿ ਮਿਲਾਵੈ ਸੋਈ ॥ ਮੇਰਾ ਪ੍ਰਭੁ ਸਭ ਬਿਧਿ ਆਪੇ ਜਾਣੈ ॥ ਹੁਕਮੇ ਮੇਲੇ ਸਬਦਿ ਪਛਾਣੈ ॥੧॥ ਸਤਿਗੁਰ ਕੈ ਭਇ ਭ੍ਰਮੁ ਭਉ ਜਾਇ ॥ ਭੈ ਰਾਚੈ ਸਚ ਰੰਗਿ ਸਮਾਇ ॥੧॥ ਰਹਾਉ ॥ ਗੁਰਿ ਮਿਲਿਐ ਹਰਿ ਮਨਿ ਵਸੈ ਸੁਭਾਇ ॥ ਮੇਰਾ ਪ੍ਰਭੁ ਭਾਰਾ ਕੀਮਤਿ ਨਹੀ ਪਾਇ ॥ ਸਬਦਿ ਸਾਲਾਹੈ ਅੰਤੁ ਨ ਪਾਰਾਵਾਰੁ ॥ ਮੇਰਾ ਪ੍ਰਭੁ ਬਖਸੇ ਬਖਸਣਹਾਰੁ ॥੨॥ ਗੁਰਿ ਮਿਲਿਐ ਸਭ ਮਤਿ ਬੁਧਿ ਹੋਇ ॥ ਮਨਿ ਨਿਰਮਲਿ ਵਸੈ ਸਚੁ ਸੋਇ ॥ ਸਾਚਿ ਵਸਿਐ ਸਾਚੀ ਸਭ ਕਾਰ ॥ ਊਤਮ ਕਰਣੀ ਸਬਦ ਬੀਚਾਰ ॥੩॥ ਗੁਰ ਤੇ ਸਾਚੀ ਸੇਵਾ ਹੋਇ ॥ ਗੁਰਮੁਖਿ ਨਾਮੁ ਪਛਾਣੈ ਕੋਇ ॥ ਜੀਵੈ ਦਾਤਾ ਦੇਵਣਹਾਰੁ ॥ ਨਾਨਕ ਹਰਿ ਨਾਮੇ ਲਗੈ ਪਿਆਰੁ ॥੪॥੧॥੨੧॥ {ਪੰਨਾ 157-158} ਪਦ ਅਰਥ: ਚਉਪਦੇ = ਚਾਰ ਬੰਦਾਂ ਵਾਲੇ ਸ਼ਬਦ {ਚਉ = ਚਾਰ। ਪਦ = ਬੰਦ}। ਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਮੇਲਾ = ਮਿਲਾਪ। ਆਪੇ = (ਪ੍ਰਭੂ) ਆਪ ਹੀ। ਬਿਧਿ = (ਮਿਲਣ ਦੇ) ਢੰਗ। ਸਬਦਿ = ਸ਼ਬਦ ਦੀ ਰਾਹੀਂ।1। ਭਇ = ਭਉ ਵਿਚ, ਡਰ-ਅਦਬ ਵਿਚ। ਭ੍ਰਮੁ = ਭਟਕਣਾ। ਜਾਇ = ਦੂਰ ਹੋ ਜਾਂਦਾ ਹੈ।1। ਰਹਾਉ। ਸਭਾਇ = {ÔvBwvyn} ਆਪਣੀ ਪਿਆਰ-ਰੁਚੀ ਦੇ ਕਾਰਨ। ਭਾਰਾ = ਬਹੁਤ ਗੁਣਾਂ ਦਾ ਮਾਲਕ।2। ਮਨਿ = ਮਨ ਵਿਚ। ਨਿਰਮਲਿ = ਨਿਰਮਲ ਵਿਚ। ਮਨਿ ਨਿਰਮਲਿ = ਨਿਰਮਲ ਮਨ ਵਿਚ। ਸਚੁ = ਸਦਾ-ਥਿਰ ਰਹਿਣ ਵਾਲਾ ਪਰਮਾਤਮਾ। ਸਾਚਿ ਵਸਿਐ = ("ਗੁਰਿ ਮਿਲਿਐ" ਵਾਂਗ) ਜੇ ਸਦਾ-ਥਿਰ ਪ੍ਰਭੂ ਹਿਰਦੇ ਵਿਚ ਵੱਸ ਪਏ। ਸਾਚੀ ਕਾਰ = ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਕਾਰ। ਕਰਣੀ = ਆਚਰਨ।3। ਤੇ = ਤੋਂ, ਪਾਸੋਂ। ਸਾਚੀ ਸੇਵਾ = ਸਦਾ-ਥਿਰ ਪ੍ਰਭੂ ਦੀ ਸੇਵਾ-ਭਗਤੀ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ।4। ਅਰਥ: ਗੁਰੂ ਦੇ ਡਰ-ਅਦਬ ਵਿਚ ਰਿਹਾਂ (ਦੁਨੀਆ ਵਾਲੀ) ਭਟਕਣਾ ਤੇ ਡਰ ਦੂਰ ਹੋ ਜਾਂਦਾ ਹੈ। ਜੇਹੜਾ ਮਨੁੱਖ (ਗੁਰੂ ਦੇ) ਡਰ-ਅਦਬ ਵਿਚ ਮਗਨ ਰਹਿੰਦਾ ਹੈ ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ (ਪ੍ਰੇਮ) ਰੰਗ ਵਿਚ ਸਮਾਇਆ ਰਹਿੰਦਾ ਹੈ।1। ਰਹਾਉ। ਜੇ ਗੁਰੂ ਮਿਲ ਪਏ ਤਾਂ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ, ਉਹ ਪਰਮਾਤਮਾ ਆਪ ਹੀ (ਜੀਵ ਨੂੰ ਗੁਰੂ ਨਾਲ) ਮਿਲਾ ਕੇ (ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ। ਪਿਆਰਾ ਪ੍ਰਭੂ ਆਪ ਹੀ (ਜੀਵਾਂ ਨੂੰ ਆਪਣੇ ਚਰਨਾਂ ਵਿਚ ਮਿਲਣ ਦੇ) ਸਾਰੇ ਤਰੀਕੇ ਜਾਣਦਾ ਹੈ। (ਜਿਸ ਮਨੁੱਖ ਨੂੰ ਪਰਮਾਤਮਾ ਆਪਣੇ) ਹੁਕਮ ਅਨੁਸਾਰ (ਗੁਰੂ ਨਾਲ) ਮਿਲਾਂਦਾ ਹੈ, ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਨਾਲ ਸਾਂਝ ਪਾ ਲੈਂਦਾ ਹੈ।1। ਜੇ ਗੁਰੂ ਮਿਲ ਪਏ ਤਾਂ ਪਰਮਾਤਮਾ (ਭੀ ਆਪਣੀ) ਪਿਆਰ-ਰੁਚੀ ਦੇ ਕਾਰਨ (ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ। ਪਿਆਰਾ ਪ੍ਰਭੂ ਬੇਅੰਤ ਗੁਣਾਂ ਦਾ ਮਾਲਕ ਹੈ, ਕੋਈ ਜੀਵ ਉਸ ਦਾ ਮੁੱਲ ਨਹੀਂ ਪਾ ਸਕਦਾ (ਭਾਵ, ਇਹ ਨਹੀਂ ਦੱਸ ਸਕਦਾ ਕਿ ਦੁਨੀਆ ਦੇ ਕਿਸੇ ਪਦਾਰਥ ਦੇ ਵੱਟੇ ਪਰਮਾਤਮਾ ਮਿਲ ਸਕਦਾ ਹੈ) । ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ ਜਿਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਜਿਸ ਦੀ ਹਸਤੀ ਦਾ ਉਰਲਾ ਤੇ ਪਾਰਲਾ ਬੰਨਾ ਨਹੀਂ ਲੱਭ ਸਕਦਾ, ਬਖ਼ਸ਼ਣਹਾਰ ਪ੍ਰਭੂ (ਉਸ ਦੇ ਸਾਰੇ ਗੁਨਾਹ) ਬਖ਼ਸ਼ ਲੈਂਦਾ ਹੈ।2। ਜੇ ਗੁਰੂ ਮਿਲ ਪਏ (ਤਾਂ ਮਨੁੱਖ ਦੇ ਅੰਦਰ) ਉੱਚੀ ਬੁੱਧੀ ਪੈਦਾ ਹੋ ਜਾਂਦੀ ਹੈ, (ਮਨੁੱਖ ਦੇ) ਪਵਿਤ੍ਰ (ਹੋਏ) ਮਨ ਵਿਚ ਉਹ ਸਦਾ-ਥਿਰ ਪ੍ਰਭੂ ਪਰਗਟ ਹੋ ਜਾਂਦਾ ਹੈ। ਜੇ ਸਦਾ-ਥਿਰ ਪ੍ਰਭੂ (ਜੀਵ ਦੇ ਮਨ ਵਿਚ) ਆ ਵਸੇ, ਤਾਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਉਸ ਦੀ ਨਿੱਤ ਦੀ ਕਾਰ ਹੋ ਜਾਂਦੀ ਹੈ, ਉਸ ਦੀ ਕਰਨੀ ਸ੍ਰੇਸ਼ਟ ਹੋ ਜਾਂਦੀ ਹੈ, ਗੁਰੂ ਦੇ ਸ਼ਬਦ ਦੀ ਵਿਚਾਰ ਉਸ ਦੇ ਮਨ ਵਿਚ ਟਿਕੀ ਰਹਿੰਦੀ ਹੈ।3। ਸਦਾ-ਥਿਰ ਪ੍ਰਭੂ ਦੀ ਸੇਵਾ-ਭਗਤੀ ਗੁਰੂ ਪਾਸੋਂ ਹੀ ਮਿਲਦੀ ਹੈ, ਗੁਰੂ ਦੇ ਸਨਮੁਖ ਰਹਿ ਕੇ ਹੀ ਕੋਈ ਮਨੁੱਖ ਪ੍ਰਭੂ ਦੇ ਨਾਮ ਨਾਲ ਡੂੰਘੀ ਸਾਂਝ ਪਾਂਦਾ ਹੈ। ਹੇ ਨਾਨਕ! ਜਿਸ ਮਨੁੱਖ ਦਾ ਪਿਆਰ ਹਰੀ ਦੇ ਨਾਮ ਵਿਚ ਬਣ ਜਾਂਦਾ ਹੈ (ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ ਸਭ ਦਾਤਾਂ) ਦੇਣ ਦੇ ਸਮਰੱਥ ਦਾਤਾਰ-ਪ੍ਰਭੂ (ਸਦਾ ਉਸ ਦੇ ਸਿਰ ਉੱਤੇ) ਜੀਊਂਦਾ-ਜਾਗਦਾ ਕਾਇਮ ਹੈ।4।1। 21। ਨੋਟ: |
Sri Guru Granth Darpan, by Professor Sahib Singh |